ਕੀ ਅਸੀਂ ਗੁਰੂ ਦੇ ਪੁੱਤਰ ਹਾਂ, ਸਪੁੱਤਰ ਹਾਂ ਜਾਂ ਕਪੁੱਤਰ ਹਾਂ?

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਪਿਛਲੇ ਕੁਝ ਦਿਨਾਂ ਤੋਂ ਨਿਰੰਤਰ ਸੋਚ ਰਹੀ ਹਾਂ, ਅਸੀਂ ਲੋਕ ਕਿੰਨੇ ਬਦਲ ਗਏ ਹਾਂ! ਸਾਡੀ ਰਹਿਣੀ, ਬਹਿਣੀ, ਸਹਿਣੀ ਅਤੇ ਕਹਿਣੀ ਕਿੰਨੀ ਬਦਲ ਚੁਕੀ ਹੈ, ਕਦੀ ਸਾਨੂੰ ਕਥਨੀ ਅਤੇ ਕਰਨੀ ਦੇ ਪੂਰੇ ਆਖ ਕੇ ਸਤਿਕਾਰ ਦਿਤਾ ਜਾਂਦਾ ਸੀ, ਹੁਣ ਅਸੀਂ ਕੁਝ ਹੋਰ ਦੇ ਹੋਰ ਬਣ ਗਏ ਹਾਂ। ਕਿਉਂ? ਕਿਨ੍ਹਾਂ ਮਜਬੂਰੀਆਂ ਕਰਕੇ ਅਸੀਂ ਪੂਰੇ ਤੋਂ ਅਧੂਰੇ ਬਣ ਗਏ ਹਾਂ?

ਘਰਾਂ ਪਰਿਵਾਰਾਂ ਵਿਚ, ਧਰਮ ਵਿਚ ਅਤੇ ਸਮਾਜ ਵਿਚ-ਹਰ ਥਾਂ ਸਾਡੇ ਦੋਗਲੇ, ਬਹਿਰੂਪੀਏ ਚਿਹਰੇ ਸ਼ੱਰੇਆਮ ਨਜ਼ਰ ਆ ਰਹੇ ਹਨ। ਸਾਡੇ ਪਹਿਰਾਵੇ ਹੋਰ ਹਨ ਅਤੇ ਕਰਮ ਹੋਰ ਹਨ, ਅੱਜ ਬਾਣਾ ਮੈਦਾਨ ਵਿਚ ਹੈ ਅਤੇ ਬਾਣੀ ਬਹੁਤ ਪਿਛੇ ਰਹਿ ਗਈ ਹੈ,
ਕਰੈ ਦੁਹਕਰਮ ਦਿਖਾਵੈ ਹੋਰ॥
ਰਾਮ ਕੀ ਦਰਗਹ ਬਾਧਾ ਚੋਰ॥
ਅੱਜ ਝੂਠ, ਬੇਈਮਾਨੀ ਅਤੇ ਧੋਖਾਧੜੀ ਦਾ ਹਰ ਥਾਂ ਬੋਲ ਬਾਲਾ ਹੈ, ਅੱਜ ਸੱਚ ਨੂੰ ਹਰ ਥਾਂ ਮਾਰ ਪੈ ਰਹੀ ਹੈ, ਝੂਠ ਅਤੇ ਕੁਫਰ ਦੇ ਰਾਜ ਵਿਚ ਸੱਚ ਸਫਾਈਆਂ ਤੇ ਗਵਾਹੀਆਂ ਦਿੰਦਾ ਹੀ ਮਰਨ ਕਿਨਾਰੇ ਪਹੁੰਚ ਜਾਂਦਾ ਹੈ ਅਤੇ ਝੂਠ ਉਸ ਨੂੰ ਦਮ ਤੋੜਦਾ ਦੇਖ ਕਹਿਕਹੇ ਲਾਉਂਦਾ ਹੈ। ਮਾਇਆ, ਚੌਧਰ ਅਤੇ ਕੁਰਸੀ ਦੀ ਲਾਲਸਾ ਨੇ ਬੰਦੇ ਨੂੰ ਸ਼ੈਤਾਨ ਹੀ ਨਹੀਂ, ਹੈਵਾਨ ਵੀ ਬਣਾ ਦਿਤਾ ਹੈ।
ਪਿਛਲੇ ਕੁਝ ਸਮੇਂ ਵਿਚ ਜਿੰਨਾ ਰੌਲਾ ਧਰਮ ਦੇ ਨਾਂ ‘ਤੇ ਪਿਆ ਹੈ, ਸ਼ਾਇਦ ਇੰਨਾ ਕਦੀ ਵੀ ਨਹੀਂ ਪਿਆ। ਹਾਂ, ਪਹਿਲਾ ਰੌਲਾ ਸੱਚਾ ਸੀ, ਉਸ ਵਿਚ ਭਰਪੂਰ ਸੱਚਾਈ ਵੀ ਸ਼ਾਮਲ ਸੀ, ਉਹ ਸੱਚਾਈ ਸੀ ਗੁਰੂ ਗ੍ਰੰਥ ਸਾਹਿਬ ਦੀ ਵਾਰ ਵਾਰ ਹੋਈ ਬੇਅਦਬੀ ਦੀ, ਪਰ ਸਿੱਟਾ ਕੀ ਨਿਕਲਿਆ? ਗੁਨਾਹਗਾਰ ਲੋਕ ਤਖਤਾਂ ‘ਤੇ ਜਾ ਬੈਠੇ ਅਤੇ ਜਨਤਾ ਭਾਵ ਕੌਮ, ਕੁਝ ਕੁ ਗਿਣਤੀ ਦੇ ਲੋਕਾਂ ਨੂੰ ਛੱਡ ਕੇ ਅਰਾਮ ਨਾਲ ਘਰੀਂ ਬੈਠ ਗਈ ਹੈ। ਇਨ੍ਹਾਂ ਗੁਨਾਹਗਾਰਾਂ ਦੇ ਮਾਲਕ ਯਾਨਿ ਇਸ ਗੈਂਗ ਦੇ ਸਰਗਣੇ ਸ਼ੱਰੇਆਮ ਡਾਕਾ ਮਾਰ ਕੇ ਸਾਰੇ ਮੁਲਕ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਅਗਲੇ ਪੰਜ ਸਾਲਾਂ ਲਈ ਪੂਰੇ ਭਾਰਤ ਦੇ ਮਾਈ ਬਾਪ ਬਣ ਬੈਠੇ ਹਨ। ਹੁਣ ਇਨਸਾਫ ਕਿੱਥੇ! ਨਾ ਹੀ ਕਦੀ ਹੋਣ ਦੀ ਆਸ ਹੈ। ਪੰਜਾਬ ਅਤੇ ਇਸ ਦੀ ਵਾਰਿਸ ਸਿੱਖ ਕੌਮ ਦਾ ਤਾਂ ਸਭ ਕੁਝ ਸਮਝ ਤੋਂ ਬਾਹਰ ਹੋ ਚੁਕਾ ਹੈ, ਸਾਡੇ ਵਡੇਰਿਆਂ ਨੇ ਸਾਨੂੰ ਕੁਝ ਗੱਲਾਂ ਸਮਝਾਈਆਂ ਸਨ ਕਿ ਜੋ ਇਨਸਾਨ ਆਪਣੇ ਬਾਪ ਦੀ ਇੱਜਤ ਅਤੇ ਘਰ ਬਾਰ ਨੂੰ ਸੰਭਾਲ ਕੇ ਰੱਖਦਾ ਹੈ, ਉਹ ਪੁੱਤਰ ਹੁੰਦਾ ਹੈ; ਜੋ ਇਨਸਾਨ ਆਪਣੇ ਬਾਪ ਦੀ ਇੱਜਤ ਅਤੇ ਕੀਤੀ ਹੋਈ ਕਮਾਈ ਵਿਚ ਆਪਣੀ ਮਿਹਨਤ ਸਦਕਾ ਹੋਰ ਵਾਧਾ ਕਰਦਾ ਹੈ ਤੇ ਪਿਤਾ ਦੀ ਇੱਜਤ ਨੂੰ ਚਾਰ ਚੰਨ ਲਾਉਂਦਾ ਹੈ, ਉਹ ਸਪੁੱਤਰ ਹੁੰਦਾ ਹੈ, ਪਰ ਜੋ ਇਨਸਾਨ ਆਪਣੇ ਪਿਤਾ ਦੀ ਇੱਜਤ ਅਤੇ ਉਸ ਦੀ ਕੀਤੀ ਕਮਾਈ ਨੂੰ ਸੰਭਾਲਣ ਜਾਂ ਇਸ ਵਿਚ ਵਾਧਾ ਕਰਨ ਦੀ ਥਾਂ ਬਰਬਾਦ ਕਰ ਦਿੰਦਾ ਹੈ, ਉਹ ਨਾ ਪੁੱਤਰ ਹੈ, ਨਾ ਸਪੁੱਤਰ, ਉਹ ਕਪੁੱਤਰ ਅਖਵਾਉਂਦਾ ਹੈ।
ਸੋ ਜ਼ਰਾ ਕੁ ਸੋਚੀਏ ਕਿ ਅਸੀਂ ਕਿਸ ਸ਼੍ਰੇਣੀ ਵਿਚ ਖੜ੍ਹੇ ਹਾਂ ਜਾਂ ਪਹੁੰਚ ਚੁਕੇ ਹਾਂ? ਕੀ ਸਿੱਖ ਕੌਮ ਕਦੀ ਇਹ ਸੋਚਣ ਲਈ ਆਪਣੇ ਅੰਦਰ ਝਾਤੀ ਪਾਵੇਗੀ? ਕੀ ਸਿੱਖ ਕੌਮ ਕਦੀ ਇਹ ਸੋਚਣ ਲਈ ਇਕ ਥਾਂ ਜੁੜ ਬੈਠੇਗੀ ਕਿ ਜਿਸ ਗੁਰੂ ਦੀ ਅਸੀਂ ਔਲਾਦ ਸਦਾਉਂਦੇ ਹਾਂ ਅਤੇ ਜਿਸ ਦਾ ਅਸੀਂ ਬਾਣਾ ਪਾ ਕੇ ਵਿਚਰ ਰਹੇ ਹਾਂ, ਉਸ ਨੇ ਸਾਡੇ ਲਈ ਆਪਣਾ ਸਭ ਕੁਝ ਕਿਉਂ ਵਾਰ ਦਿਤਾ ਸੀ? ਕੀ ਅਸਲ ਵਿਚ ਅਸੀਂ ਸੱਚ ਮੁੱਚ ਉਹੀ ਕਰ ਰਹੇ ਹਾਂ, ਜੋ ਉਸ ਗੁਰੂ ਪਿਤਾ ਨੇ ਸਾਨੂੰ ਕਰਨ ਲਈ ਕਿਹਾ ਸੀ? ਤਾਂ ਸਾਡੀ ਅੰਤਰ ਆਤਮਾ ਕੁਰਲਾ ਉਠੇਗੀ ਅਤੇ ਦੁਹੱਥੜੀਂ ਪਿੱਟ ਪਿੱਟ ਕੇ ਆਖੇਗੀ, ਅਸੀਂ ਕਪੁੱਤਰ ਬਣ ਚੁਕੇ ਹਾਂ, ਅਸੀਂ ਉਸ ਸਰਬੰਸਦਾਨੀ ਗੁਰੂ ਪਿਤਾ ਤੋਂ ਬੇਮੁਖ ਹੋ ਚੁਕੇ ਹਾਂ, ਪਰਮਾਤਮਾ ਤੋਂ ਬੇਮੁਖ ਹੋ ਚੁਕੇ ਹਾਂ,
ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗੁ॥
ਭਾਵ ਜਦੋਂ ਜੀਵ ਪਰਮੇਸ਼ਰ ਨੂੰ ਭੁਲ ਜਾਣਗੇ ਤਾਂ ਇਹੋ ਹਸ਼ਰ ਹੋਵੇਗਾ, ਜੋ ਸਾਡਾ ਹੋ ਰਿਹਾ ਹੈ। ਅੱਜ ਅਕਾਲ ਤਖਤ ਸਾਹਿਬ ਤੋਂ ਲੈ ਕੇ ਸਾਡਾ ਹਰ ਧਾਰਮਕ ਅਸਥਾਨ ਰਾਜਨੀਤੀ ਅਤੇ ਸਿਆਸਤ ਦਾ ਅਖਾੜਾ ਬਣ ਚੁਕਾ ਹੈ, ਅਸੀਂ ਆਪਣੇ ਸ਼ਬਦ ਗੁਰੂ ਅਤੇ ਪਰਮਾਤਮਾ-ਦੋਹਾਂ ਤੋਂ ਆਕੀ ਹੋ ਚੁਕੇ ਹਾਂ। ਸਾਨੂੰ ਚੌਧਰਾਂ ਦੀ ਲਤ ਲੱਗ ਚੁਕੀ ਹੈ, ਅਸੀਂ ਮਾਇਆ ਦੇ ਪਿਛੇ ਅੰਨੇ ਹੋ ਕੇ ਸਰਪੱਟ ਦੌੜ ਰਹੇ ਹਾਂ, ਕੁਰਸੀਆਂ ਦੀ ਲਾਲਸਾ ਵਿਚ ਪਾਗਲ ਹੋ ਚੁਕੇ ਹਾਂ, ਗੁਰਮੁਖ ਮਨਮੁਖ, ਗੁਰੂ ਵਲ ਸਾਡਾ ਮੂੰਹ ਨਹੀਂ, ਸਾਡੀ ਕੰਡ ਹੈ। ਅਸੀਂ ਮਨਮੁਖ ਬਣ ਚੁਕੇ ਹਾਂ, ਫਿਰ ਕਿਹੜਾ ਗੁਰੂ ਅਤੇ ਕਿਸ ਦਾ ਅਪਮਾਨ? ‘ਸਾਨੂੰ ਕੀ?’ ਵਾਲੀ ਨੌਬਤ ਬਣ ਚੁਕੀ ਹੈ। ਸਾਂਝੇ ਬਾਬੇ ਨੂੰ ਕੌਣ ਰੋਵੇ ਵਾਲੇ ਹਾਲਾਤ ਬਣ ਗਏ ਹਨ, ਪਰ ਕੌਮ ਅਜੇ ਵੀ ਜੈਕਾਰੇ ਛੱਡ ਰਹੀ ਹੈ, ਜਸ਼ਨ ਮਨਾ ਰਹੀ ਹੈ-ਜਿੱਤਾਂ ਦੇ ਜਸ਼ਨ, ਚੌਧਰਾਂ ਅਤੇ ਕੁਰਸੀਆਂ ਦੇ ਜਸ਼ਨ।
ਨਾ ਹੀ ਆਪਣੇ ਕੀਤੇ ਮਾੜੇ ਕਰਮਾਂ ‘ਤੇ ਕਿਸੇ ਨੂੰ ਕੋਈ ਪਛਤਾਵਾ ਹੈ, ਨਾ ਹੀ ਸ਼ਰਮ ਹੈ, ਲੋਕ ਅਜੇ ਵੀ ਉਨ੍ਹਾਂ ਨੂੰ ਪੰਥ ਪੰਥ ਆਖ ਉਨ੍ਹਾਂ ਦੇ ਪੈਰਾਂ ‘ਤੇ ਮੱਥੇ ਟੇਕ ਰਹੇ ਹਨ ਅਤੇ ਜੈ ਜੈ ਕਾਰ ਕਰ ਰਹੇ ਹਨ। ਨੱਬੇ ਸਾਲਾਂ ਤੋਂ ਉਪਰ ਦਾ ਬਜੁਰਗ ਨਾ ਗੁਰੂ ਤੋਂ ਡਰਦਾ ਹੈ, ਨਾ ਮੌਤ ਤੋਂ। ਚਾਰ ਬੰਦੇ ਸਹਾਰਾ ਦੇ ਕੇ ਖਿਚੀ ਫਿਰਦੇ ਹਨ, ਪਰ ਵੋਟਾਂ ਮੰਗਣੋਂ ਜ਼ਰਾ ਨਹੀਂ ਸੰਗਦਾ। ਜਦ ਆਪਣੇ ਪਰਿਵਾਰ ਲਈ ਖੈਰਾਤ ਮੰਗਣ ਜਾਂਦਾ ਹੈ ਤਾਂ ਸਹਾਰੇ ਤੋਂ ਬਿਨਾ ਵੀ ਤੁਰ ਲੈਂਦਾ ਹੈ, ਦੂਜੇ ਪਾਸੇ ਕੌਮ ਉਸੇ ਹੀ ਪਰਿਵਾਰ ਨੂੰ ਗੁਰੂ ਪਿਆਰੇ, ਗੁਰੂ ਦੁਲਾਰੇ, ਗੁਰੂ ਸਵਾਰੇ, ਫਖਰ-ਏ-ਕੌਮ, ਪੰਥ ਰਤਨ ਅਤੇ ਹੋਰ ਸਾਰਾ ਕੁਝ ਸਮਝੀ ਬੈਠੀ ਹੈ। ਸਤਿਗੁਰੂ ਤਾਂ ਆਖਦੇ ਹਨ,
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥
ਜੋ ਰਤੁ ਪੀਵਹਿ ਮਾਣਸਾ ਤਿਨ ਕਿਉਂ ਨਿਰਮਲੁ ਚੀਤੁ॥
ਜੇ ਕੋਈ ਸੱਚ ਬੋਲਣ ਦੀ ਜੁਰਅਤ ਕਰਦਾ ਹੈ ਤਾਂ ਉਸ ਨੂੰ ਆਰ. ਐਸ਼ ਐਸ਼ ਦਾ ਪਿੱਠੂ ਗਰਦਾਨ ਕੇ ਜਾਂ ਤਾਂ ਉਸ ਦਾ ਮੂੰਹ ਬੰਦ ਕਰਵਾ ਦਿਤਾ ਜਾਂਦਾ ਹੈ, ਜਾਂ ਕੌਮ ਵਿਚੋਂ ਛੇਕ ਦਿਤਾ ਜਾਂਦਾ ਹੈ; ਪਰ ਜੋ ਮਾਣਸਾਂ ਦੀ ਰਤੁ ਪੀ ਕੇ ਦਿਨ ਦਿਹਾੜੇ ਦਹਾੜਦੇ ਫਿਰਦੇ ਹਨ, ਉਨ੍ਹਾਂ ਦਾ ਕੀ ਕਰੀਏ? ਹੁਣ ਤਾਂ ਇਕ ਸਿਸਟਮ ਜਿਹਾ ਬਣ ਗਿਆ ਹੈ ਕਿ ਕੁਝ ਕੁ ਡਾਂਗਾਂ ਵਾਲੇ ਬੰਦੇ ਮਿਲ ਕੇ ਆਪਸ ਵਿਚ ਇਹ ਮਤਾ ਪਕਾ ਲੈਂਦੇ ਹਨ ਕਿ ਆਹ ਦੋ ਸਾਲ ਮੇਰੀ ਚੌਧਰ, ਅਗਲੇ ਦੋ ਸਾਲ ਤੇਰੀ ਤੇ ਫਿਰ ਤੀਜੇ ਦੀ ਤੇ ਚੌਥੇ ਦੀ। ਇਵੇਂ ਹੀ ਸਰਕਾਰਾਂ ਦੀ ਕਾਰਗੁਜਾਰੀ ਹੈ, ਇਹੋ ਹੀ ਧਾਰਮਿਕ ਸੰਸਥਾਵਾਂ ਦੀ ਅਤੇ ਇਹੋ ਕੁਝ ਹੀ ਸਮਾਜਕ ਅਦਾਰਿਆਂ ਵਿਚ ਮਿਲੀਭੁਗਤ ਚੱਲ ਰਹੀ ਹੈ। ਜਿਸ ਦੀ ਡਾਂਗ ਚੱਲਦੀ ਹੈ, ਮੱਝ ਵੀ ਉਸੇ ਦੀ ਹੈ। ਕਾਨੂੰਨ! ਭਲਾ ਉਹ ਕਿਸ ਚੀਜ਼ ਦਾ ਨਾਂ ਹੈ ਜੀ? ਭਾਰਤ ਜਾਂ ਪੰਜਾਬ ਵਿਚ ਤਾਂ ਕਦੀ ਕਿਤੇ ਵੇਖਿਆ ਨਹੀਂ, ਹਾਂ ਕਿਤੇ ਅਚਾਨਕ ਕਿਸੇ ਨੂੰ ਰੱਬ ਦੀ ਮਾਰ ਪੈ ਜਾਵੇ ਤਾਂ ਉਹ ਗੱਲ ਵੱਖਰੀ ਹੈ, ਪਰ ਕਾਨੂੰਨ ਦਾ ਜੋ ਹਾਸੋ ਹੀਣਾ ਤਮਾਸ਼ਾ ਭਾਰਤ ਜਾਂ ਪੰਜਾਬ ਵਿਚ ਵੇਖਣ ਨੂੰ ਮਿਲਦਾ ਹੈ, ਉਸ ਦੀ ਤਾਂ ਕਿਤੇ ਮਿਸਾਲ ਹੀ ਨਹੀਂ ਮਿਲਦੀ।
ਸ਼ਬਦ ਗੁਰੂ ਦੀ ਬੇਅਦਬੀ ਨੂੰ ਲੈ ਕੇ ਜੋ ‘ਸਿਟ’ ਬਣੀ ਸੀ, ਉਹ ਵੀ ਖੇਰੂੰ ਖੇਰੂੰ ਹੋਣ ਨੂੰ ਪਈ ਫਿਰਦੀ ਹੈ। ਜਿਨ੍ਹਾਂ ਕੋਲ ਪੈਸਾ ਹੈ, ਚੌਧਰ ਹੈ, ਹਕੂਮਤ ਹੈ-ਉਹ ਤਾਂ ਲੋਕਾਂ ਦੀਆਂ ਵੋਟਾਂ ਦੇ ਸਿਰ ‘ਤੇ ਰੱਬ ਨੂੰ ਜੇਬ ਵਿਚ ਪਾਈ ਫਿਰਦੇ ਹਨ; ਵਿਚਾਰੀ ‘ਸਿਟ’ ਕਿਸ ਖੇਤ ਦੀ ਮੂਲੀ ਹੈ। ਸਾਡੀ ਜਨਤਾ ਤਾਂ ਹੋਰ ਵੀ ਮਹਾਨ ਹੈ, ਪਹਿਲਾਂ ਸ਼ਰਾਬ ਪੀ ਕੇ ਪੈਸੇ ਲੈ ਕੇ ਵੋਟਾਂ ਪਾ ਆਉਂਦੀ ਹੈ, ਫਿਰ ਪੂਰੇ ਪੰਜ ਸਾਲ ਕੀਰਨੇ ਪਾਉਂਦੀ ਹੈ। ਇਹ ਇਕੋ ਪਰਿਵਾਰ ਹੀ ਪੰਥ ਹੈ ਅਤੇ ਗੁਰੂ ਵੀ ਇਸੇ ਪਰਿਵਾਰ ਕੋਲ ਵੱਸਦਾ ਹੈ। ਜਦ ਤਕ ਇਹ ਭਰਮ ਭੁਲੇਖਾ ਲੋਕਾਂ ਦੇ ਅੰਦਰੋਂ ਦੂਰ ਨਹੀਂ ਹੋਣਾ, ਉਦੋਂ ਤਕ ਨਾ ਧਰਮ ਦਾ ਕੁਝ ਬਣਨਾ ਹੈ, ਨਾ ਹੀ ਸਮਾਜ ਦਾ; ਅਤੇ ਨਾ ਹੀ ਪੰਜਾਬ ਦਾ।
ਜਿਸ ਮੁਲਕ ਦਾ ਪ੍ਰਧਾਨ ਮੰਤਰੀ ਕੇਦਾਰ ਨਾਥ ਦੀ ਗੁਫਾ ਵਿਚ ਇਕ ਰਾਤ ਕੱਟ ਕੇ ਚੋਣਾਂ ਜਿੱਤ ਜਾਂਦਾ ਹੋਵੇ, ਜਿਸ ਮੁਲਕ ਵਿਚ ਹਾਰੇ ਹੋਏ ਉਮੀਦਵਾਰ ਮੰਤਰੀ ਬਣਾਏ ਜਾਂਦੇ ਹੋਣ, ਜਿਸ ਮੁਲਕ ਵਿਚ ਧਰਮ ਦੇ ਨਾਂ ‘ਤੇ ਪਰਜਾ ਦਾ ਖੂਨ ਪੀਤਾ ਜਾਂਦਾ ਹੋਵੇ, ਜਿਸ ਕੌਮ ਵਿਚ ਸਹਿਜਧਾਰੀ ਸਿੱਖਾਂ ਦਾ ਚੜ੍ਹਾਵਾ ਤਾਂ ਝੋਲੀਆਂ ਅੱਡ ਕੇ ਲੈ ਲਿਆ ਜਾਂਦਾ ਹੋਵੇ, ਪਰ ਵੋਟਾਂ ਵੇਲੇ ਉਨ੍ਹਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਤਾ ਜਾਂਦਾ ਹੋਵੇ, ਉਸ ਮੁਲਕ ਦੇ ਲੋਕਾਂ ਦਾ ਕੀ ਹਸ਼ਰ ਹੋਣ ਵਾਲਾ ਹੈ? ਹਰ ਕੋਈ ਜਾਣਦਾ ਹੈ, ਅੰਜਾਮ ਸਾਹਮਣੇ ਹੈ। ਕਿਸੇ ਹੋਰ ਧਰਮ ਦਾ ਕੋਈ ਬੰਦਾ ਸਿੰਘ ਸੱਜ ਜਾਵੇ ਤਾਂ ਸਾਰੀ ਕੌਮ ਜੈ ਜੈ ਕਾਰ ਕਰ ਉਠਦੀ ਹੈ, ਪਰ ਸਿੱਖ ਕੌਮ ਦੇ ਆਪਣੇ ਸਾਰੇ ਨੌਜਵਾਨ ਪਤਿਤ ਹੋ ਜਾਣ ਤਾਂ ਕਿਸੇ ਨੂੰ ਕੋਈ ਪ੍ਰਵਾਹ ਨਹੀਂ, ਸਾਡੀ ਕੌਮ ਦੇ ਧਾਰਮਿਕ ਆਗੂ, ਜਿਨ੍ਹਾਂ ਦੇ ਹੁਕਮ ‘ਤੇ ਕਦੀ ਤਖਤ ਹਿਲ ਜਾਂਦੇ ਸਨ, ਉਹ ਵਿਚਾਰੇ ਆਪਣੀਆਂ ਕੁਰਸੀਆਂ ਬਚਾਉਣ ਲਈ ਗੁਰੂ ਨੂੰ ਭੁਲ ਕੇ ਭਿਜੀਆਂ ਬਿੱਲੀਆਂ ਵਾਂਗ ਆਪਣੇ ਮਾਲਕਾਂ ਵਲ ਵੇਖਦੇ ਰਹਿੰਦੇ ਨੇ ਕਿ ਸਾਨੂੰ ਦੱਸੋ ਕੀਹਦੇ ਲਈ ਫਤਵਾ ਜਾਰੀ ਕਰਨਾ ਹੈ? ਗੂੰਗੇ ਜਿਹੇ ਬਣ ਕੇ ਤੁਰੇ ਫਿਰਦੇ ਨੇ, ਪਰ ਜਦ ਬੋਲਦੇ ਨੇ, ਆਕਾ ਦੇ ਹੁਕਮ ਵਿਚ ਹੀ ਬੋਲਦੇ ਨੇ। ਮਜਾਲ ਐ, ਕਿਤੇ ਕੋਈ ਗਲਤੀ ਹੋ ਜਾਵੇ!
ਹਰ ਸਾਲ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਿਸ਼ਾਹ ਦਾ ਸ਼ਹੀਦੀ ਦਿਹਾੜਾ ਅਤੇ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਹਫਤਾ ਅਕਾਲ ਤਖਤ ਸਾਹਿਬ ਦੇ ਵਿਹੜੇ ਵਿਚ ਮਨਾਇਆ ਜਾਂਦਾ ਹੈ ਤੇ ਹਰ ਸਾਲ ਉਹੋ ਹੀ ਪੁਰਾਣੇ ਗੋਲਕ ਚੋਰ ਅਤੇ ਚੌਧਰਾਂ ਦੇ ਭੁਖੇ ਆਪੋ ਵਿਚੀਂ ਤਲਵਾਰਾਂ ਲਹਿਰਾ ਕੇ ਆਪਣੀ ਹਉਮੈ ਦਾ ਜਲੂਸ ਸਾਰੇ ਜਗਤ ਨੂੰ ਦਿਖਾ ਜਾਂਦੇ ਹਨ। ਮਜਾਲ ਐ, ਕੋਈ ਇਕ ਧੜਾ ਵੀ ਗੁਰੂ ਨੂੰ ਸਮਰਪਿਤ ਹੋ ਜਾਵੇ! ਅਸੀਂ ਪੁੱਤਰਾਂ ਜਾਂ ਸਪੁੱਤਰਾਂ ਵਾਲਾ ਫਸਤਾ ਹੀ ਛੱਡ ਛੱਡਿਆ ਹੈ। ਗੁਰੂ ਨੇ ਜੋ ਸਿਖਿਆ ਦਿਤੀ ਸੀ, ਅਸੀਂ ਉਹ ਫੱਟੀ ਹੀ ਪੋਚ ਦਿਤੀ ਹੈ, ਆਪਣੇ ਹੰਕਾਰ ਅਤੇ ਹਉਮੈ ਨੂੰ ਇੰਨਾ ਉਚਾ ਲੈ ਗਏ ਹਾਂ ਕਿ ਸਾਡਾ ਹਾਲ ਕੁਝ ਇਸ ਤਰ੍ਹਾਂ ਦਾ ਹੋ ਚੁਕਾ ਹੈ,
ਕਬੀਰ ਬਾਂਸੁ ਬਡਾਈ ਬੂਡਿਆ ਇਉਂ ਮਤ ਡੂਬਹੁ ਕੋਇ॥
ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਨ ਹੋਇ॥
ਅਸੀਂ ਤਮਾਸ਼ਾਈ ਬਣ ਕੇ ਰਹਿ ਗਏ ਹਾਂ ਅਤੇ ਦੁਨੀਆਂ ਨੂੰ ਤਮਾਸ਼ਾ ਦਿਖਾ ਰਹੇ ਹਾਂ, ਜਿਸ ਕੌਮ ਕੋਲ ਦੱਸ ਗੁਰੂ ਸਾਹਿਬਾਨ ਹੋਣ, ਜਿਸ ਕੌਮ ਕੋਲ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੈਸਾ ਧੁਰ ਕੀ ਬਾਣੀ ਦਾ ਅਨਮੋਲ ਖਜਾਨਾ ਹੋਵੇ, ਉਸ ਕੌਮ ਦੇ ਆਗੂ ਅਤੇ ਲੀਡਰ ਇੰਨੇ ਬੇਈਮਾਨ ਤੇ ਕਪਟੀ ਹੋਣ ਤਾਂ ਪੁੱਤਰ ਜਾਂ ਸਪੁੱਤਰ ਕਿਥੋਂ ਲੱਭ ਕੇ ਲਿਆਈਏ? ਹਰ ਪਾਸੇ ਕਪੁੱਤਰ ਹੀ ਕਪੁੱਤਰ ਦਿਸਦੇ ਹਨ, ਅੱਜ ਕੌਮ ਵੀ ਹਨੇਰੇ ਵਿਚ ਭਟਕਦੀ ਆਪਮੁਹਾਰੀ ਫਿਰ ਰਹੀ ਹੈ, ਪਰ ਰਾਹ ਦੱਸੇਰਾ ਕੋਈ ਵੀ ਨਹੀਂ ਹੈ। ਸ਼ਬਦ ਗੁਰੂ ਦੀ ਬੇਅਦਬੀ ਨੂੰ ਲੈ ਕੇ ਜਿੰਨੀ ਸਿਆਸਤ ਕੀਤੀ ਗਈ ਹੈ, ਉਸ ‘ਤੇ ਬਹੁਤ ਵਾਰੀ ਰੋਣਾ ਆਇਆ ਹੈ, ਹੋਰ ਵੀ ਬਥੇਰੇ ਗੁਰੂ ਪਿਆਰੇ ਹਨ, ਜੋ ਧਾਹੀਂ ਰੋਂਦੇ ਹਨ, ਪਰ ਜੋ ਲੋਕ ਗੁਰੂ ਦੇ ਨਾਂ ‘ਤੇ ਸਿਆਸਤਾਂ ਕਰ ਰਹੇ ਹਨ, ਉਹ ਤਾਂ ਦਿੱਲੀ ਦਰਬਾਰ ਵਿਚ ਉਚੇ ਰੁਤਬੇ ਮਰਾਤਬੇ ਪਾ ਕੇ ਬੈਠ ਗਏ ਹਨ।
ਕਈ ਵੀਰ-ਭੈਣਾਂ ਸਵਾਲ ਵੀ ਕਰਦੇ ਹਨ ਕਿ ਇਨ੍ਹਾਂ ਬੇਈਮਾਨ ਲੀਡਰਾਂ ਨੂੰ ਰੱਬ ਦੀ ਮਾਰ ਕਿਉਂ ਨਹੀਂ ਪੈਂਦੀ, ਤਾਂ ਗੁਰੂ ਆਖਦੇ ਹਨ,
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥
ਇਕ ਨਾ ਇਕ ਦਿਨ ਸਜ਼ਾਵਾਂ ਮਿਲਣਗੀਆਂ ਜ਼ਰੂਰ, ਰੱਬ ਦੇ ਘਰ ਦੇਰ ਤਾਂ ਹੈ ਪਰ ਹਨੇਰ ਨਹੀਂ,
ਗੁਰ ਗੋਵਿੰਦੁ ਗੋਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ॥
ਕਪੁੱਤਰ ਬਣ ਕੇ ਗੁਰੂ ਨੂੰ ਵੰਗਾਰ ਰਹੇ ਬੰਦਿਓ! ਗੁਰੂ ਹੀ ਰੱਬ ਹੈ ਅਤੇ ਰੱਬ ਹੀ ਗੁਰੂ ਹੈ, ਉਸ ਦੇ ਘਰੋਂ ਤੁਸੀਂ ਕਦੀ ਵੀ ਬਖਸ਼ੇ ਨਹੀਂ ਜਾਉਗੇ। ਰੱਬ ਦਾ ਵਾਸਤਾ ਜੇ, ਆਓ! ਜੇ ਸਪੁੱਤਰ ਨਹੀਂ ਤਾਂ ਪੁੱਤਰ ਹੀ ਬਣੀਏ।