ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਦੋ ਅੰਕਾਂ ਵਿਚ ਡਾ. ਭੰਡਾਲ ਨੇ ਮਾਪਿਆਂ ਦੇ ਤੁਰ ਜਾਣ ਦਾ ਦਰਦ ਬਿਆਨਦਿਆਂ ਕਿਹਾ ਸੀ, “ਇਹ ਹੂਕ ਮੇਰੀ ਹੀ ਨਹੀਂ, ਅਸਾਂ ਸਭ ਪਰਦੇਸੀਆਂ ਦੀ ਹੈ, ਜੋ ਆਪਣੇ ਪਿਆਰਿਆਂ ਨੂੰ ਆਖਰੀ ਵਕਤ ਮਿਲਣ ਲਈ ਵਤਨ ਪਰਤਦੇ ਨੇ ਅਤੇ ਉਨ੍ਹਾਂ ਦੀ ਰਾਖ ਨੂੰ ਵਗਦੇ ਪਾਣੀਆਂ ਦੇ ਨਾਮ ਕਰ, ਖਾਲੀ ਹੱਥ ਪਰਦੇਸੀਂ ਆਲ੍ਹਣਿਆਂ ਨੂੰ ਉਡਾਰੀ ਭਰਦੇ ਨੇ।” ਹਥਲੇ ਲੇਖ ਵਿਚ ਉਨ੍ਹਾਂ ਅਣਗਹਿਲੀ ਕਾਰਨ ਵਾਪਰਦੇ ਹਾਦਸਿਆਂ ਅਤੇ ਅਣਹੋਣੀਆਂ ਦਾ ਬਿਆਨ ਕੀਤਾ ਹੈ।
ਉਹ ਕਹਿੰਦੇ ਹਨ, “ਅਣਗਹਿਲੀ ਕਈ ਵਾਰ ਸ਼ੇਖੀ ਹੁੰਦੀ। ਕੁਝ ਲੋਕ ਹੁੱਬ ਕੇ ਅਣਗਹਿਲੀ ਦੀਆਂ ਗੱਲਾਂ ਦੱਸਦੇ, ਪਰ ਪਤਾ ਉਸ ਵਕਤ ਲੱਗਦਾ, ਜਦ ਅਣਗਹਿਲੀ ਹੀ ਮਰਸੀਆ ਪੜ੍ਹਨ ਬਹਿ ਜਾਂਦੀ।” ਡਾ. ਭੰਡਾਲ ਕਹਿੰਦੇ ਹਨ, “ਅਣਗਹਿਲੀ, ਮਨ ਦੀ ਭਟਕਣਾ, ਅਸਥਿਰਤਾ, ਹਾਬੜਿਆਪਣ, ਜੀਵਨ-ਮੁੱਲਾਂ ਦੀ ਘਾਟ ਅਤੇ ਸੋਚ-ਸਮਝ ਦਾ ਖਾਲੀਪਣ।” ਪਰ ਸਾਵਧਾਨੀ ਹਮੇਸ਼ਾ ਹੀ ਸੁਪਨਿਆਂ, ਸਫਲਤਾਵਾਂ, ਸੰਵੇਦਨਾ, ਸੰਤੁਲਨ ਅਤੇ ਸੰਪੂਰਨਤਾ ਵੰਨੀਂ ਜਾਂਦੇ ਮਾਰਗ ਦੀ ਨਿਸ਼ਾਨਦੇਹੀ। -ਸੰਪਾਦਕ
ਡਾ. ਗੁਰਬਖਸ਼ ਸਿੰਘ ਭੰਡਾਲ
ਅਣਗਹਿਲੀ, ਅਲਾਮਤਾਂ ਨੂੰ ਸੱਦਾ, ਮਰਨ-ਮਿੱਟੀ ਨੂੰ ਹਾਕ, ਭਾਵਨਾਵਾਂ ਨੂੰ ਸੂਲੀ ‘ਤੇ ਚਾੜ੍ਹਨ ਦਾ ਸ਼ੌਕ, ਆਪੇ ਹੀ ਅੱਗ ‘ਚ ਕੁੱਦਣ ਦੀ ਤਿਆਰੀ ਅਤੇ ਮੌਤ-ਖੂਹ ਦੀ ਅਸਵਾਰੀ।
ਅਣਗਹਿਲੀ, ਆਦਤ, ਜਾਣ ਬੁੱਝ ਕੇ ਸੋਚ-ਸਰਵਰ ਨੂੰ ਗੰਧਲਾ ਕਰਨ ਦੀ ਪ੍ਰਕ੍ਰਿਆ ਅਤੇ ਜੀਵਨ-ਸ਼ੈਲੀ ਵਿਚਲੀ ਅੱਥਰੀ ਅਵੱਗਿਆ।
ਅਣਗਹਿਲੀ, ਜਾਣ-ਬੁਝ ਕੇ ਵੀ ਤੇ ਅਣਜਾਣੇ ‘ਚ ਵੀ। ਅਕਸਰ ਹੀ ਕੁਤਾਹੀ। ਇਹ ਕਿਸੇ ਵੀ ਸਮੇਂ, ਕੋਈ ਵੀ ਕੰਮ ਕਰਦਿਆਂ, ਕਿਸੇ ਵੀ ਸੋਚ-ਧਰਾਤਲ ‘ਤੇ ਘੁੰਮਦਿਆਂ ਜਾਂ ਕਿਸੇ ਵੀ ਸਥਿਤੀ ਵਿਚ ਵਾਪਰਨ ਦਾ ਸੁਭਾਵਕ ਡਰ।
ਅਣਗਹਿਲੀ, ਆਫਤਾਂ ਨੂੰ ਆਗਿਆ, ਮਾਰੂ-ਝੱਖੜ ਨੂੰ ਉਕਸਾਉਣਾ ਅਤੇ ਜਿੰਦ-ਬਰੂਹਾਂ ‘ਤੇ ਮਿੱਟੀ ਦਾ ਤੇਲ ਚੋਣਾ।
ਅਣਗਹਿਲੀ ਕਈ ਵਾਰ ਸ਼ੇਖੀ ਹੁੰਦੀ। ਕੁਝ ਲੋਕ ਹੁੱਬ ਕੇ ਅਣਗਹਿਲੀ ਦੀਆਂ ਗੱਲਾਂ ਦੱਸਦੇ, ਪਰ ਪਤਾ ਉਸ ਵਕਤ ਲੱਗਦਾ, ਜਦ ਅਣਗਹਿਲੀ ਹੀ ਮਰਸੀਆ ਪੜ੍ਹਨ ਬਹਿ ਜਾਂਦੀ।
ਅਣਗਹਿਲੀ ਖਾਣ-ਪੀਣ, ਚੱਲਣ-ਫਿਰਨ, ਘੁੰਮਣ ਜਾਂ ਕਿਸੇ ਵੀ ਨਿੱਤ ਦੇ ਕਾਰ-ਵਿਹਾਰ ਵਿਚ ਹੁੰਦੀ, ਜਦ ਅਸੀਂ ਇਸ ਨਾਲ ਹੋਣ ਵਾਲੇ ਨੁਕਸਾਨ ਜਾਂ ਬਹੁ-ਪਰਤੀ ਅਸਰ ਨੂੰ ਕਿਆਸਣ ਤੋਂ ਹੀ ਟਾਲਾ ਵੱਟਦੇ।
ਅਣਗਹਿਲੀ ਨੂੰ ਕਰੋਪੀ ਦਾ ਲਿਬਾਸ ਪਾ ਕੇ ਖੁਦ ਦੀ ਜਿੰਮੇਵਾਰੀ ਤੋਂ ਸੁਰਖਰੂ ਹੋਣਾ, ਸਭ ਤੋਂ ਵੱਡੀ ਨਲਾਇਕੀ। ਇਸ ਨੂੰ ਕੁਦਰਤ ਦਾ ਭਾਣਾ ਮੰਨਣ ਵੰਨੀਂ ਤੁਰਨਾ, ਮਨੁੱਖੀ ਮਾਨਸਿਕਤਾ ਦਾ ਖੁਦ ਨੂੰ ਬਚਾਉਣਾ।
ਅਣਗਹਿਲੀ ਕਾਰਨ ਕਦੇ ਵੀ, ਕੁਝ ਵੀ ਅਤੇ ਕਿਸੇ ਨਾਲ ਵੀ, ਕੁਝ ਵੀ ਵਾਪਰ ਸਕਦਾ, ਕਿਉਂਕਿ ਅਣਗਹਿਲੀ ਸਾਡੀ ਨਾ-ਸਮਝੀ ਦੀ ਪ੍ਰਤੀਕ। ਅਸਾਵੀਂ ਜੀਵਨ-ਜਾਚ ਦਾ ਨਮੂਨਾ ਅਤੇ ਮਨੁੱਖੀ ਸ਼ਖਸੀਅਤ ਵਿਚਲਾ ਵਿਗਾੜ।
ਅਣਗਹਿਲੀ ਦੀ ਆਦਤ ਪੱਕ ਜਾਂਦੀ, ਜਦ ਬਚਪਨ ਦੀਆਂ ਆਦਤਾਂ ਵਿਚਲੇ ਵਿਗਾੜ ਨੂੰ ਕੋਈ ਨਾ ਸੁਧਾਰਦਾ ਜਾਂ ਅਸੀਂ ਸੁਧਰਨ ਦੀ ਥਾਂ ਇਸ ਦੀ ਅਵੱਗਿਆ ਵਿਚੋਂ ਹੀ ਮਸਨੂਈ ਖੁਸ਼ੀ ਮਾਣਨ ਦੇ ਰਾਹ ਤੁਰਦੇ। ਵਿਗੜੀਆਂ ਆਦਤਾਂ ਹੀ ਅਣਗਹਿਲੀ ਬਣਦੀਆਂ।
ਅਣਗਹਿਲੀ ਸਾਨੂੰ ਰੋਜ਼ਮੱਰਾ ਜੀਵਨ ਵਿਚ ਫਰਜ਼ਾਂ ਤੋਂ ਕੋਤਾਹੀ ਸਿਖਾਉਂਦੀ। ਨੇਮਾਂ ਦੀ ਉਲੰਘਣਾ, ਸਾਡਾ ਸੁਭਾਅ ਬਣਦਾ। ਕਾਇਦੇ-ਕਾਨੂੰਨ ਨੂੰ ਤੁੱਛ ਸਮਝਣਾ, ਸਾਡੀ ਫਿਤਰਤ ਹੁੰਦੀ। ਇਸ ਮਾਨਸਿਕ ਵਿਗਾੜ ਵਿਚੋਂ ਹੀ ਖਲਾਅ ਪੈਦਾ ਹੁੰਦਾ, ਜੋ ਅਣਹੋਣੀ ਵਾਪਰਨ ਪਿਛੋਂ ਕਦੇ ਨਾ ਭਰਿਆ ਜਾ ਸਕਦਾ।
ਅਣਗਹਿਲੀ, ਸਾਡੇ ਆਲੇ-ਦੁਆਲੇ ਪਸਰੀ, ਨਿੱਜ, ਪਰਿਵਾਰ, ਸਮਾਜ, ਕੌਮ, ਦੇਸ਼ ਜਾਂ ਸੰਸਾਰ ਵਿਚ ਆਪਣੀ ਹੋਂਦ ਨਾਲ ਕਹਿਰ ਵੀ ਵਰਤਾਉਂਦੀ, ਪਰ ਫਿਰ ਵੀ ਮਨੁੱਖ ਨੂੰ ਸਮਝ ਨਾ ਆਉਂਦੀ ਅਤੇ ਮਨੁੱਖੀ ਵਿਗਾੜ ਨੂੰ ਹੋਰ ਚਮਕਾਉਂਦੀ।
ਅਣਗਹਿਲੀ, ਜੀਵਨ ਦੇ ਹਰ ਮੋੜ ‘ਤੇ ਦਸਤਕ ਦੇਣ ਲਈ ਕਾਹਲੀ। ਇਹ ਤਾਂ ਖੁਦ ਦੇਖਣਾ ਹੁੰਦਾ ਕਿ ਅਣਗਹਿਲੀ ਕਿੰਨੀ ਕੁ ਮਹਿੰਗੀ ਪਵੇਗੀ? ਕਿਧਰੇ ਇਹ ਸਾਡਾ ਖੁਰਾ-ਖੋਜ ਮਿਟਾਉਣ ਦਾ ਸਬੱਬ ਤਾਂ ਨਹੀਂ? ਕੀ ਸਾਡੇ ਸੁਪਨਿਆਂ ਨੂੰ ਸੁਆਹ ਤਾਂ ਨਹੀਂ ਕਰਨਾ ਚਾਹੁੰਦੀ? ਕੀ ਇਹ ਸਾਡੀਆਂ ਨਸਲਾਂ ਨੂੰ ਅਣਮਨੁੱਖੀ ਹਾਲਤਾਂ ਦਾ ਨਿਉਂਦਾ ਦੇਣ ਲਈ ਤਾਂ ਕਾਹਲੀ ਨਹੀਂ? ਇਹ ਸਮਝ ਤਾਂ ਮਨੁੱਖ ਨੂੰ ਆਉਣੀ ਚਾਹੀਦੀ ਹੈ, ਜਿਸ ਨੇ ਕੰਮ ਆਉਣਾ। ਇਹ ਸੋਚਣਾ ਚਾਹੀਦਾ ਕਿ ਇਸ ਤੋਂ ਕਿਵੇਂ ਬਚਣਾ? ਅਣਗਹਿਲੀ ਤੋਂ ਸਾਵਧਾਨੀ ਤੀਕ ਦਾ ਪੈਂਡਾ ਕਿੰਜ ਤੈਅ ਕਰਨਾ ਅਤੇ ਜੀਵਨ ਨੂੰ ਸੁਖਦ-ਅਹਿਸਾਸ ਨਾਲ ਕੀਕਣ ਭਰਨਾ?
ਅਣਗਹਿਲੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਰੋਜ਼ ਅਖਬਾਰਾਂ ਦੇ ਕਾਲੇ ਪੰਨੇ ਬਣਦੀਆਂ, ਪਰ ਅਸੀਂ ਇਸ ਤੋਂ ਕੁਝ ਸਿੱਖਣ ਲਈ ਤਿਆਰ ਹੀ ਨਹੀਂ। ਸਾਡੀ ਮਾਨਸਿਕਤਾ ਹੈ ਬਿਮਾਰ, ਜਿਸ ਨੇ ਵਿਗਾੜ ਦਿਤਾ ਏ ਸਾਡਾ ਕਿਰਦਾਰ, ਵਿਹਾਰ ਤੇ ਅਚਾਰ ਅਤੇ ਇਸ ਦੁਰਕਾਰਤਾ ਵਿਚੋਂ ਹੀ ਪੈ ਰਹੀ ਏ ਸਮਿਆਂ ਦੀ ਮਾਰ।
ਬਹੁਤ ਸੀਨੀਅਰ ਅਫਸਰ ਸੀ। ਇਕ ਦਿਨ ਗਾੜ੍ਹੀ ਧੁੰਦ ਵਿਚ ਕਾਰ ਆਪ ਚਲਾਉਣ ਲੱਗਾ ਪਿਆ ਤੇ ਡਰਾਈਵਰ ਨੂੰ ਪਿਛਲੀ ਸੀਟ ‘ਤੇ ਬੈਠਾ ਦਿਤਾ। ਸ਼ਾਨ ਸਮਝਦਿਆਂ ਅਫਸਰ ਨੇ ਸੀਟ ਬੈਲਟ ਨਾ ਲਾਈ। ਧੁੰਦ ਇੰਨੀ ਕਿ ਕੁਝ ਨਜ਼ਰ ਨਹੀਂ ਸੀ ਆਉਂਦਾ। ਪੁਲ ‘ਤੇ ਇੰਨਾ ਭਿਆਨਕ ਹਾਦਸਾ ਹੋਇਆ ਕਿ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ ਅਤੇ ਸਾਰੇ ਕਾਰ ਸਵਾਰ ਸਦਾ ਦੀ ਨੀਂਦ ਸੌਂ ਗਏ। ਨਿੱਕੀ ਜਿਹੀ ਅਣਗਹਿਲੀ ਕਈ ਘਰਾਂ ਵਿਚ ਸੱਥਰ ਵਿਛਾ ਗਈ ਅਤੇ ਪਰਿਵਾਰਾਂ ‘ਤੇ ਟੁੱਟ ਪਿਆ ਕਹਿਰ। ਕਿਸ ਨੂੰ ਕਸੂਰਵਾਰ ਕਹੋਗੇ? ਰੱਬ ਦਾ ਭਾਣਾ ਤਾਂ ਬਿਲਕੁਲ ਹੀ ਨਹੀਂ।
ਰਾਤ ਦਾ ਇਕ ਵਜਿਆ ਹੈ। ਸ਼ਰਾਬ ਨਾਲ ਰੱਜਿਆ ਕਾਰ ਡਰਾਈਵਰ। 180 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ‘ਤੇ ਜਾ ਰਿਹਾ। ਨਸ਼ੇ ਦੀ ਲੋਰ ‘ਚ ਕਾਰ ਬੇਕਾਬੂ ਹੋ ਕੇ ਦੂਸਰੀ ਲੇਨ ਵਿਚ ਜਾਂਦੀਆਂ ਕਾਰਾਂ ਨੂੰ ਆਪਣੀ ਲਪੇਟ ਵਿਚ ਲੈ ਲੈਂਦੀ ਏ ਅਤੇ ਕਈ ਜਾਨਾਂ ਭੰਗ ਦੇ ਭਾੜੇ ਗਵਾਚ ਜਾਂਦੀਆਂ ਨੇ। ਅਜਿਹਾ ਕਿਉਂ? ਆਪ ਤਾਂ ਮਰਨਾ ਸੀ, ਪਰ ਦੂਜਿਆਂ ਦਾ ਕੀ ਕਸੂਰ ਸੀ? ਕਿਹੜੀ ਮਾਨਸਿਕਤਾ ਏ, ਜੋ ਮਨੁੱਖ ਨੂੰ ਅਣਗਹਿਲੀ ਕਰਨ ਲਈ ਉਕਸਾਉਂਦੀ? ਮਨੁੱਖ ਜੀਵਨ ਨੂੰ ਤੁੱਛ ਸਮਝਦਾ, ਮੌਤ ਨੂੰ ਗਲਵਕੜੀ ਪਾਉਣ ਲਈ ਕਾਹਲਾ ਹੋ ਜਾਂਦਾ।
ਬੱਚੇ ਦਾ ਬੋਰ ਵੈਲ ਵਿਚ ਡਿਗਣਾ, ਪਾਣੀ ਦੇ ਚੁਬੱਚੇ ਵਿਚ ਡੁੱਬ ਜਾਣਾ, ਦਰਿਆ ਵਿਚ ਨਹਾਉਂਦਿਆਂ, ਪਾਣੀ ਦੀਆਂ ਲਹਿਰਾਂ ਵਿਚ ਗਵਾਚਣਾ, ਸੈਲਫੀ ਲੈਣ ਦੀ ਚਾਹਨਾ ‘ਚ ਜਾਨ ਗਵਾ ਬਹਿਣਾ ਆਦਿ ਘਟਨਾਵਾਂ, ਸਾਵਧਾਨੀਆਂ ਨੂੰ ਵਿਸਾਰ ਕੇ, ਮਰਨ ਲਈ ਕਾਹਲਾਪਣ ਹੀ ਹੋ ਸਕਦਾ। ਛੋਟੇ ਬੱਚੇ ਦੀ ਅਣਗਹਿਲੀ ਲਈ ਤਾਂ ਵਡੇਰੇ ਕਸੂਰਵਾਰ, ਪਰ ਵੱਡਿਆਂ ਦੀ ਅਣਗਹਿਲੀ ਨੇ ਨੰਨ੍ਹੀ ਜਾਨ ਅਜਾਈਂ ਗਵਾਈ। ਅਜਿਹੀਆਂ ਘਟਨਾਵਾਂ ਨਿੱਤ ਦਾ ਵਰਤਾਰਾ, ਪਰ ਅਸੀਂ ਇਹ ਸਮਝਣ ਲਈ ਤਿਆਰ ਹੀ ਨਹੀਂ ਕਿ ਅਜਿਹੀ ਘਟਨਾ ਕਿਸੇ ਨਾਲ ਵੀ ਵਾਪਰ ਸਕਦੀ। ਫਿਰ ਵੀ ਵਾਰ ਵਾਰ ਅਣਗਹਿਲੀ ਵਰਤਦਿਆਂ ਕਈ ਜਾਨਾਂ ਨੂੰ ਜੋਖਮ ਵਿਚ ਪਾਉਣ ਲਈ ਤਿਆਰ।
ਦਰਅਸਲ ਅਣਗਹਿਲੀ ਸਾਡੀ ਮਾਨਸਿਕਤਾ ਦਾ ਹਿੱਸਾ। ਸੋਚ ਵਿਚਲਾ ਵਿਗਾੜ ਅਤੇ ਇਸ ਨੂੰ ਸੁਧਾਰਨ ਲਈ ਨਹੀਂ ਹਾਂ ਅਸੀਂ ਤਿਆਰ। ਬਿਜਲੀ ਦੀਆਂ ਲਮਕਦੀਆਂ ਤਾਰਾਂ, ਕਾਰ/ਟਰੱਕ ਚਲਾਉਂਦੇ ਸਮੇਂ ਫੋਨ ਵਰਤਣਾ ਵੱਡੀ ਤ੍ਰਾਸਦੀ ਦਾ ਕਾਰਨ। ਮੋਟਰ ਗੱਡੀ ਚਲਾਉਂਦੇ ਸਮੇਂ ਫੋਨ ਕਰਨਾ, ਟੈਕਸਟ ਕਰਨਾ ਜਾਂ ਸੋਸ਼ਲ ਅਪਡੇਟ ਕਰਨਾ ਤਰਜ਼ੀਹੀ ਮੌਤ ਹੀ ਤਾਂ ਬਣੇਗਾ। ਇਸ ਲਈ ਤੁਸੀਂ ਖੁਦ ਕਸੂਰਵਾਰ। ਕਿਸੇ ਨੂੰ ਕਾਹਦਾ ਦੋਸ਼?
ਅਣਗਹਿਲੀ, ਆਹਾਂ ਦੀ ਹੂਕ, ਸਾਹ ਵਿਚ ਸਿਸਕੀਆਂ, ਚਾਅ ਵਿਚ ਚੀਖ, ਭਾਵਨਾਵਾਂ ਵਿਚ ਭੈਅ ਅਤੇ ਦਰਿਆ-ਦਿਲੀ ਵਿਚ ਦੁੱਖਾਂ ਦਾ ਦਰਿਆ।
ਅਣਗਹਿਲੀ, ਆਸਾਂ ‘ਤੇ ਤੇਜਾਬੀ ਬਾਰਸ਼, ਘਰ ਦੀ ਛੱਤ ‘ਤੇ ਬਿਜਲੀ ਦਾ ਪੈਣਾ, ਉਮੀਦ-ਫਸਲ ‘ਤੇ ਗੜ੍ਹੇਮਾਰ ਅਤੇ ਅਰਥੀ ਬਣਨ ਦੀ ਤਿਆਰੀ।
ਅਣਗਹਿਲੀ, ਨਾ-ਸਮਝੀ ਕਾਰਨ ਵੀ ਅਤੇ ਜਾਣ-ਬੁਝ ਕੇ ਵੀ; ਅਣਭੋਲਪੁਣੇ ਵਿਚ ਵੀ ਤੇ ਸ਼ੇਖੀ ਵਿਚ ਵੀ; ਕਿਸੇ ਨੂੰ ਭਰਮਾਉਣ ਲਈ ਵੀ ਅਤੇ ਦਾਅ ‘ਤੇ ਜਿੰਦ ਲਾਉਣ ਲਈ ਵੀ; ਹੀਣਤਾ ਵੀ ਤੇ ਹੇਠੀ ਵੀ; ਵਡੱਪਣ ਦਿਖਾਉਣ ਲਈ ਤੇ ਹੀਣ-ਭਾਵਨਾ ਨੂੰ ਲੁਕਾਉਣ ਲਈ ਵੀ। ਅਣਗਹਿਲੀ ਗੱਲਬਾਤ ਵਿਚ ਵੀ ਤੇ ਲਿਖਤ ਵਿਚ ਵੀ; ਕੰਮ ਵਿਚ ਵੀ ਤੇ ਦਫਤਰੀ ਕਾਰਜ ਵਿਚ ਵੀ ਅਤੇ ਆਪਣੇ ਲਈ ਤੇ ਬਿਗਾਨਿਆਂ ਲਈ ਵੀ।
ਅਣਗਹਿਲੀ, ਮਨ ਦੀ ਭਟਕਣਾ, ਅਸਥਿਰਤਾ, ਹਾਬੜਿਆਪਣ, ਜੀਵਨ-ਮੁੱਲਾਂ ਦੀ ਘਾਟ ਅਤੇ ਸੋਚ-ਸਮਝ ਦਾ ਖਾਲੀਪਣ।
ਅਣਗਹਿਲੀ, ਜੀਵਨ ਦੇ ਹਰ ਪਲ ‘ਚ ਅਵੇਸਲੇਪਣ ਨੂੰ ਜਾਹਰ ਕਰਦੀ। ਅਵੱਗਿਆ, ਅਣਜਾਣਪੁਣਾ, ਅਗਿਆਨ ਅਤੇ ਅਲਗਰਜ਼ੀ ਹੀ ਅਣਗਹਿਲੀ ਨੂੰ ਪੈਦਾ ਕਰਦੇ। ਇਸ ਤੋਂ ਕਿਵੇਂ ਬਚਣਾ, ਇਹ ਹੀ ਸਭ ਤੋਂ ਵੱਡੀ ਤਰਜ਼ੀਹ ਹੋਵੇ ਤਾਂ ਜੀਵਨੀ-ਸੁਹੰਢਣਾ, ਸੁਹੱਪਣ ਅਤੇ ਸਦੀਵਤਾ ਨੂੰ ਚਿੱਤਵਿਆ ਜਾ ਸਕਦਾ।
ਅਣਗਹਿਲੀ, ਘਾਟਾ ਹੀ ਘਾਟਾ। ਭਾਵੇਂ ਇਹ ਕਿਸੇ ਇਮਤਿਹਾਨ ਵਿਚ ਆਪਣੀ ਡਿਊਟੀ ਨਿਭਾਉਂਦਿਆਂ, ਪਰਿਵਾਰਕ ਫਰਜ਼ਾਂ ਦੀ ਪੂਰਤੀ ਜਾਂ ਸਮਾਜਕ ਜਿੰਮੇਵਾਰੀਆਂ ਨਿਭਾਉਣ ਸਮੇਂ ਹੋਵੇ। ਜਿੰਮੇਵਾਰ ਵਿਅਕਤੀ ਕਦੇ ਅਣਗਹਿਲੀ ਨਹੀਂ ਕਰਦਾ। ਹਰ ਕਦਮ ਸਾਵਧਾਨੀ ਤੇ ਸੋਚ ਕੇ ਧਰਦਾ ਅਤੇ ਜੀਵਨ-ਪੈਂਡੇ ਨੂੰ ਮਾਣਮੱਤੇ ਢੰਗ ਨਾਲ ਪੂਰਾ ਕਰਦਾ, ਪਰ ਅਣਗਹਿਲੀ ਦਾ ਆਲਮ ਕਿ ਸਾਵਧਾਨੀ ਹਟਦਿਆਂ ਹੀ ਅਣਗਹਿਲੀ ਹੋ ਜਾਂਦੀ।
ਅਣਗਹਿਲੀ, ਆਮ ਵਿਅਕਤੀ ਹੀ ਨਹੀਂ ਕਰਦੇ। ਸਭ ਕਰਦੇ ਨੇ, ਕੁਝ ਛੋਟੀ, ਪਰ ਕੁਝ ਵੱਡੀ। ਕਿਸੇ ਦੀ ਅਣਗਹਿਲੀ ਜਾਹਰ ਨਹੀਂ ਹੁੰਦੀ, ਪਰ ਕਈ ਅਣਗਹਿਲੀ ਦਾ ਹੀ ਨਾਮਕਰਨ ਹੋ ਜਾਂਦੇ।
ਅਣਗਹਿਲੀ ਕਈ ਵਾਰ ਵੱਡੇ-ਵੱਡੇ ਹਾਦਸਿਆਂ, ਮਾਰੂ ਘਟਨਾਵਾਂ ਅਤੇ ਸਰਬ-ਪ੍ਰਭਾਵਿਤ ਕ੍ਰਿਆਵਾਂ ਦਾ ਅਜਿਹਾ ਕਾਰਨ ਬਣਦੀ ਕਿ ਇਨਸਾਨ ਵਿਚਲੀ ਹੈਵਾਨੀਅਤ ਨੂੰ ਵੀ ਸ਼ਰਮਸ਼ਾਰ ਹੋਣਾ ਪੈਂਦਾ।
ਅਣਗਹਿਲੀ ਬੱਚੇ ਅਕਸਰ ਕਰਦੇ। ਮਾਪੇ ਸਮਝਾਉਂਦੇ ਤਾਂ ਫਿਰ ਉਹ ਕੋਈ ਅਵੱਗਿਆ ਜਾਂ ਅਣਗਹਿਲੀ ਨਹੀਂ ਕਰਦੇ। ਜਦ ਪੜ੍ਹੇ-ਲਿਖੇ ਤੇ ਬਾਲਗ ਹੀ ਅਣਗਹਿਲੀ ਕਰਨ ਲੱਗ ਪੈਣ ਤਾਂ ਕੌਣ ਸਮਝਾਵੇ? ਕਿਹੜੀ ਸੁਮੱਤ ਉਨ੍ਹਾਂ ਦੇ ਪੱਲੇ ਪਾਵੇ ਕਿ ਗਲਤੀਆਂ ਦਾ ਗੁਨਾਹ ਇਨ੍ਹਾਂ ਤੋਂ ਪਿੱਛਾ ਛੁਡਾਵੇ?
ਅਣਗਹਿਲੀ ਜਦ ਮਨੁੱਖ ਵਿਚ ਆਉਂਦੀ ਤਾਂ ਕੋਈ ਵੀ ਕਿੱਤਾ ਇਸ ਤੋਂ ਬੇਲਾਗ ਨਾ ਰਹਿੰਦਾ। ਡਾਕਟਰ ਦੀ ਅਣਗਹਿਲੀ ਪੇਟ ਵਿਚ ਕੈਂਚੀ ਤੇ ਪੱਟੀਆਂ ਸਿਉਂ ਦਿੰਦੀ, ਸੱਜੇ ਗੋਡੇ ਦੀ ਥਾਂ ਖੱਬੇ ਦਾ ਓਪਰੇਸ਼ਨ ਕਰ ਦਿੰਦੀ, ਕੁੜੀ ਦੱਸ ਕੇ ਮੁੰਡੇ ਦਾ ਗਰਭਪਾਤ ਕਰ ਦਿੰਦੀ। ਰੋਗ ਕੋਈ ਹੋਰ ਤੇ ਦਵਾਈ ਹੋਰ। ਇਕ ਦੀਆਂ ਮੈਡੀਕਲ ਰਿਪੋਰਟਾਂ ਨੂੰ ਦੂਸਰੇ ਨਾਲ ਰੱਲਗੱਡ ਕਰਕੇ ਜਾਨੀ ਨੁਕਸਾਨ ਕਰਨਾ, ਨਵ-ਜਨਮੇ ਬੱਚਿਆਂ ਦਾ ਵੱਟ ਜਾਣਾ ਤਾਂ ਵੱਡੇ ਵੱਡੇ ਹਸਪਤਾਲਾਂ ਵਿਚ ਆਮ ਵਰਤਾਰਾ ਏ। ਅਜਿਹੀ ਅਣਗਹਿਲੀ ਦੀ ਕੋਈ ਨਹੀਂ ਜਿੰਮੇਵਾਰੀ ਲੈਣ ਲਈ ਤਿਆਰ।
ਅਣਗਹਿਲੀ ਕਹਿਰ ਬਣ ਜਾਂਦੀ, ਜਦ ਇਹ ਬਹੁਤ ਸਾਰੀਆਂ ਜਾਨਾਂ ਦਾ ਸਵਾਲ ਹੋਵੇ। ਬਿਨਾ ਤੇਲ ਭਰਿਆਂ ਹਵਾਈ ਜਹਾਜ ਦੀ ਉਡਾਣ ਭਰਨੀ ਅਤੇ ਤੇਲ ਦੀ ਘਾਟ ਦੇਖ ਕੇ ਅੱਧਵਾਟੇ ਹੀ ਉਤਾਰ ਲੈਣਾ। ਜਰਾ ਪੁੱਛੇ ਜਹਾਜ ਚਾਲਕਾਂ ਨੂੰ ਕਿ ਕੀ ਜਹਾਜ ਦਾ ਤੇਲ ਹਰੇਕ ਪੈਟਰੋਲ ਪੰਪ ‘ਤੇ ਮਿਲਦਾ ਏ ਅਤੇ ਇਸ ਨੂੰ ਜਿਥੇ ਮਰਜ਼ੀ ਉਤਾਰਿਆ ਜਾ ਸਕਦਾ ਏ? ਕਿੰਨੀਆਂ ਕੀਮਤੀ ਜਾਨਾਂ ਹੁੰਦੀਆਂ ਨੇ ਜਹਾਜ ਵਿਚ? ਪਰ ਨਹੀਂ ਕਿਸੇ ਨੂੰ ਪ੍ਰਵਾਹ!
ਅਣਗਹਿਲੀ ਵਾਰ-ਵਾਰ ਇਸ ਕਰਕੇ ਵਾਪਰਦੀ ਕਿ ਹਰੇਕ ਇਸ ਦੀ ਜਿੰਮੇਵਾਰੀ ਲੈਣ ਤੋਂ ਨਾਬਰ। ਨਾ ਹੀ ਕਿਸੇ ‘ਤੇ ਜਿੰਮੇਵਾਰੀ ਨਿਰਧਾਰਤ ਹੁੰਦੀ। ਕੋਈ ਨਹੀਂ ਹੁੰਦਾ ਜੁਰਮਾਨਾ ਅਤੇ ਨਾ ਹੀ ਸਜ਼ਾ। ਇਸ ਕਰਕੇ ਅਣਗਹਿਲੀ ਭਰਪੂਰ ਵਰਤਾਰਾ ਬਿਨਾ ਰੋਕ-ਟੋਕ ਨਿਰੰਤਰ ਜਾਰੀ। ਇਹ ਭਾਵੇਂ ਪਰਿਵਾਰਕ ਇਕਾਈ ਹੋਵੇ, ਸੂਬਾ ਸਰਕਾਰ ਹੋਵੇ, ਦੇਸ਼ ਦੀ ਹਕੂਮਤ ਹੋਵੇ ਜਾਂ ਕੋਈ ਹੋਰ ਅਦਾਰਾ ਹੋਵੇ? ਫਿਰ ਸੁਧਾਰ ਦੀ ਆਸ ਕਿੰਜ ਕਰੋਗੇ? ਵਾਰ ਵਾਰ ਕੁਤਾਹੀਆਂ ਵਿਚੋਂ ਹੀ ਜੀਵਨ ਦੀ ਡਗਮਗਾਉਂਦੀ ਲਾਟ ਨੂੰ ਜਗਦੀ ਰੱਖਣ ਦਾ ਉਦਮ ਕਰੋਗੇ। ਸਾਹ-ਸੰਤਾਪ ਨੂੰ ਜਰੋਗੇ ਅਤੇ ਲਿੱਲਕੜੀਆਂ ਦੀ ਲਾਲਸਾ ਵਿਚ ਹੀ ਤੁਫਾਨਾਂ ਨਾਲ ਲੜੋਗੇ।
ਅਣਗਹਿਲੀ ਕਾਰਨ ਜੰਗਲ ਵਿਚ ਲੱਗੀ ਅੱਗ, ਸ਼ਾਰਟ ਸਰਕਟ ਕਾਰਨ ਤਬਾਹ ਹੋਈਆਂ ਬਿਲਡਿੰਗਾਂ ਤੋਂ ਬਿਨਾ ਜਾਨੀ ਨੁਕਸਾਨ ਅਤੇ ਆਰਥਕ ਨੁਕਸਾਨ ਵੀ ਹੁੰਦਾ। ਸਾਵਧਾਨੀਆਂ ਵਰਤ ਕੇ ਇਨ੍ਹਾਂ ਤੋਂ ਬਚਿਆ ਜਾ ਸਕਦਾ, ਪਰ ਅਸੀਂ ਸਾਵਧਾਨ ਹੋਣ ਦੀ ਥਾਂ ਕੁਝ ਵਾਪਰਨ ਪਿਛੋਂ ਰੌਲਾ ਪਾਉਣ ਜੋਗੇ ਹੀ ਹਾਂ।
ਅਣਗਹਿਲੀ, ਆਦਮੀਅਤ ‘ਤੇ ਧੱਬਾ, ਮਾਸੂਮੀਅਤ ‘ਤੇ ਕੋਝਾਪਣ, ਚੰਚਲਤਾ ‘ਤੇ ਚੀਕ, ਚਾਵਾਂ ‘ਤੇ ਝਪੱਟਾ ਅਤੇ ਹਰਫ-ਦਰਗਾਹ ‘ਚ ਅਰਥਾਂ ਦੀ ਕੁਰਲਾਹਟ।
ਅਣਗਹਿਲੀ ਤੇ ਲਾਪ੍ਰਵਾਹੀ, ਬੇਸਮਝੀ ਤੇ ਬੇਅਕਲੀ, ਅਗਿਆਨ ਤੇ ਅਨਪੜ੍ਹਤਾ ਅਤੇ ਅੱਥਰਾਪਣ ਤੇ ਬੇਹੂਦਗੀ; ਜੀਵਨ ਸਲੇਟ ‘ਤੇ ਪਈਆਂ ਅਜਿਹੀਆਂ ਝਰੀਟਾਂ, ਜੋ ਜਿੰ.ਦਗੀ ਦੀ ਸੂਖਮ-ਕਲਾਕਾਰੀ ਅਤੇ ਚਿੱਤਕਬਰੀ ਰੰਗਤ ਵਿਚ ਕਾਲਖ ਭਰਨ ਲਈ ਕਾਹਲੀਆਂ। ਇਨ੍ਹਾਂ ਤੋਂ ਬਚਣਾ ਹੀ ਜੀਵਨ-ਦਿਸਹੱਦਿਆਂ ਦੀ ਹਾਥ।
ਅਣਗਹਿਲੀ ਆਪਣੇ ਤੇ ਬਿਗਾਨਿਆਂ ਦਾ ਫਰਕ, ਅਣਦੇਖੀ ਨੇੜਤਾ ਅਤੇ ਦੂਰੀ ਦੀ ਨਿਸ਼ਾਨੀ ਦਾ ਅੰਤਰ, ਅਣਗੌਲਾਪਣ, ਕਿਸੇ ਪ੍ਰਤੀ ਲਾਪ੍ਰਵਾਹੀ ਤੇ ਬੇਪ੍ਰਵਾਹੀ ਜੋ ਬਣ ਜਾਂਦੀ ਜ਼ਿੰਦ-ਫਾਹੀ।
ਅਣਗਹਿਲੀ ਕਰਨ ਵਾਲੇ, ਦੋਚਿੱਤੀ ਵਿਚ ਰਹਿਣ ਵਾਲੇ ਅਤੇ ਸੁਸਤ ਰਹਿਣ ਵਾਲੇ ਕਿਵੇਂ ਮੰਜ਼ਿਲਾਂ ਦੇ ਦਿਸਹੱਦੇ ਮਿੱਥਣਗੇ? ਕਿਵੇਂ ਸੁਪਨ-ਪੂਰਤੀ ਨੂੰ ਹਾਸਲ ਬਣਾਉਣਗੇ? ਅਜਿਹੇ ਲੋਕ ਰਾਹਾਂ ਦੀਆਂ ਖਾਈਆਂ, ਸੰਸਾਰ-ਸਾਹਾਂ ਵਿਚ ਸੰਤਾਪ ਤੇ ਹਰਫ-ਹਾਕ ਵਿਚ ਹਉਕੇ ਹੀ ਧਰਨਗੇ ਅਤੇ ਕੋਰੇ ਕਾਗਜ਼ ਨੂੰ ਕਾਲੇ ਹਾਸ਼ੀਏ ਨਾਲ ਭਰਨਗੇ।
ਅਣਗਹਿਲੀ ਸਭ ਮੁਸੀਬਤਾਂ ਦੀ ਜੜ੍ਹ, ਮੁਸ਼ਕਿਲਾਂ ਦਾ ਮੀਨਾਰ, ਮੌਤ ਦਾ ਮਰਸੀਆ ਅਤੇ ਮਾਨਤਾਵਾਂ ਨੂੰ ਮਰਨ-ਰੁੱਤ।
ਅਣਗਹਿਲੀ ਦੀ ਨਹੀਂ ਕੋਈ ਮੁਆਫੀ। ਦੇਣਾ ਪੈਣਾ ਏ ਹਿਸਾਬ-ਕਿਤਾਬ। ਕਰਨੀ ਪੈਣੀ ਏ ਕਰਨੀਆਂ ਦੀ ਭਰਪਾਈ। ਗੈਰ-ਜਿੰਮੇਵਾਰਾਨਾ ਹਰਕਤਾਂ ਦੀ ਜਵਾਬਦੇਹੀ, ਗੈਰ-ਰਵਾਇਤੀ ਵਤੀਰੇ ਦੀ ਸੁਧਾਈ ਅਤੇ ਖੁਦ ਵਿਚੋਂ ਨੇਕ-ਬਖਤੀ ਦੀ ਸਥਾਈ।
ਅਣਗਹਿਲੀ ਜਦ ਮਿਲੇ ਹੋਏ ਮੌਕੇ, ਸੰਦਲੀ ਸੰਭਾਵਨਾਵਾਂ, ਚੰਗੇਰੀਆਂ ਮੱਤਾਂ, ਬਜੁਰਗੀ ਸਿਆਣਪਾਂ ਜਾਂ ਵਡੇਰਿਆਂ ਦੇ ਹੱਥੀਂ ਹੰਢਾਏ ਵਰਤਾਰਿਆਂ ਦੀ ਕਰਨੀ ਸ਼ੁਰੂ ਕਰਦੇ ਤਾਂ ਜੀਵਨ ਦੇ ਨਾਂ ਧੁੰਧਲਕਾ ਪੈਦਾ ਕਰਦੇ।
ਅਣਗਹਿਲੀ, ਅਜੋਕਾ ਜੀਵਨ-ਵਰਤਾਰਾ ਅਤੇ ਜੀਵਨ-ਸ਼ੈਲੀ। ਅਣਗਹਿਲੀ ਹੀ ‘ਸਾਨੂੰ ਕੀ’, ‘ਕੁਝ ਨਹੀਂ ਹੁੰਦਾ’, ਦੂਜੇ ਪ੍ਰਤੀ ਬੇਗਾਨਗੀ ਅਤੇ ਖੁਦਗਰਜ਼ੀ ਦਾ ਪ੍ਰਗਟਾਵਾ।
ਅਣਗਹਿਲੀ, ਭੁੱਲਣਾ, ਕਮਜ਼ੋਰ ਮਾਨਸਿਕਤਾ, ਕੋਤਾਹੀ ਕਰਨ ਦੀ ਆਦਤ ਅਤੇ ਆਪਣੀ ਜਾਨ-ਪ੍ਰਤੀ ਲਾਪ੍ਰਵਾਹੀ ‘ਚੋਂ ਉਪਜਦੀ। ਇਹ ਕਿਸੇ ਦੇ ਨਾਲ-ਨਾਲ, ਖੁਦ ਦਾ ਵੀ ਨੁਕਸਾਨ ਕਰਦੀ ਜਿਸ ਦੀ ਕਦੇ ਨਹੀਂ ਹੁੰਦੀ ਪੂਰਤੀ।
ਅਣਗਹਿਲੀ ਜਦ ਹਵਾ, ਪਾਣੀ, ਧਰਤੀ ਅਤੇ ਦਰਿਆਵਾਂ ਦੀ ਸ਼ੁਧਤਾ ਵਲੋਂ ਕੀਤੀ ਤਾਂ ਮਨੁੱਖ ਦੇ ਨਾਮ ਹੋਈ ਸਾੜ-ਸਤੀ। ਗਲੋਬਲ ਵਾਰਮਿੰਗ ਦੀ ਕੀਤੀ ਜਾ ਰਹੀ ਅਣਦੇਖੀ ਨੇ ਆਉਣ ਵਾਲੇ ਸਮੇਂ ਵਿਚ ਕਿਵੇਂ ਵਧਾਉਣਾ ਏ ਤਾਪਮਾਨ, ਕਿਵੇਂ ਹੋਣਾ ਏ ਮੌਸਮੀ ਵਿਗਾੜ, ਕਿਵੇਂ ਅਨਿਸ਼ਚਿਤ ਹੋ ਜਾਣੀਆਂ ਨੇ ਰੁੱਤਾਂ, ਕਿਵੇਂ ਮਨੁੱਖ ਪਾਣੀ ਤੇ ਖੁਰਾਕ ਨੂੰ ਤਰਸੇਗਾ, ਕਿਵੇਂ ਕੁਦਰਤ ਵਿਚ ਪੈਦਾ ਹੋਇਆ ਵਿਗਾੜ ਮਨੁੱਖ ਨੂੰ ਆਪਣੀ ਲਪੇਟ ਵਿਚ ਲਵੇਗਾ, ਹੁਣ ਤੋਂ ਹੀ ਨਜ਼ਰ ਆਉਣਾ ਸ਼ੁਰੂ ਹੋ ਗਿਆ। ਲੋੜ ਹੈ, ਗਲੋਬਲ ਵਾਰਮਿੰਗ ਪ੍ਰਤੀ ਹੋਰ ਸੁਚੇਤ ਤੇ ਸਾਵਧਾਨ ਹੋਣ ਦੀ, ਤਾਂ ਕਿ ਇਸ ਨੂੰ ਘਟਾਉਣ ਲਈ ਸਾਰਥਕ ਕਦਮ ਉਠਾਏ ਜਾਣ ਅਤੇ ਧਰਤ ‘ਤੇ ਵਾਪਰਨ ਵਾਲੇ ਕਹਿਰ ਤੋਂ ਬਚਿਆ ਜਾ ਸਕੇ। ਜੇ ਅਸੀਂ ਕੁਝ ਨਾ ਕੀਤਾ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਮੁਆਫ ਨਹੀਂ ਕਰਨਗੀਆਂ।
ਅਣਗਹਿਲੀ ਜਦ ਪੰਜਾਬ ਵਿਚ ਪਾਣੀਆਂ ਦੀ ਵਰਤੋਂ ਪ੍ਰਤੀ ਹੋਵੇ ਜਾਂ ਪਾਣੀ ਸਰੋਤਾਂ ਦਾ ਸੁੱਕਣਾ ਹੋਵੇ ਤਾਂ ਪੰਜਾਬ ਨੂੰ ਮਾਰੂਥਲ ਹੋਣ ਤੋਂ ਕੌਣ ਬਚਾਵੇਗਾ? ਲੋਕ-ਕਟਹਿਰੇ ਵਿਚ ਬੱਚਿਆਂ ਸਾਹਵੇਂ ਕਿੰਜ ਹੋਣਗੇ ਉਹ ਲੋਕ ਜਵਾਬ-ਦੇਹ ਜਿਨ੍ਹਾਂ ਨੇ ਬੱਚਿਆਂ ਦੇ ਮੱਥੇ ‘ਤੇ ਹੀ ਮੌਤ ਚਿਪਕਾ ਦਿਤੀ ਹੋਵੇ?
ਅਣਗਹਿਲੀ ਸਭ ਤੋਂ ਵੱਡਾ ਪਾਪ। ਜਦ ਨਿੱਕੀ ਜਿਹੀ ਅਣਗਹਿਲੀ ਕਈ ਜ਼ਿੰਦਗੀਆਂ ਹਜ਼ਮ ਕਰ ਜਾਵੇ, ਅਣਭੋਲਪੁਣੇ ਦੀ ਝੋਲੀ ਪੀੜ-ਪਰਾਗਾ ਧਰੇ, ਇਸ ਦੀ ਰੁੱਤੇ ਚਾਅ ਮਰੇ ਅਤੇ ਜੀਵਨ ਦਾ ਹੱਜ ਸੂਲੀ ਚੜ੍ਹੇ।
ਅਣਗਹਿਲੀ ਕੀਤਿਆਂ ਤੁਹਾਡੇ ਪਿਆਰੇ ਹੀ ਤੁਹਾਥੋਂ ਦੂਰ ਹੋ ਜਾਂਦੇ ਕਿਉਂਕਿ ਪਿਆਰੇ, ਪਿਆਰੇ ਹੀ ਇਸ ਲਈ ਹੁੰਦੇ ਕਿ ਤੁਸੀਂ ਉਨ੍ਹਾਂ ਲਈ ਫਿਕਰਮੰਦੀ ਅਤੇ ਚੰਗੇਰੀ ਚਾਹਤ ਦੀ ਰੰਗਤ ਹੋ।
ਅਣਗਹਿਲੀ, ਅਧੂਰੀ ਨਹੀਂ। ਜਾਂ ਤਾਂ ਅਣਗਹਿਲੀ ਕਰਦੇ ਹਾਂ ਜਾਂ ਸਾਵਧਾਨੀ ਵਰਤਦੇ ਹਾਂ। ਵਿਚ-ਵਿਚਾਲੇ ਹੋਰ ਕੁਝ ਵੀ ਸੰਭਵ ਨਹੀਂ ਹੁੰਦਾ। ਜੇ ਅਣਗਹਿਲੀ ਤੋਂ ਸਾਵਧਾਨੀ ਵੰਨੀਂ ਕਦਮ ਰੱਖਾਂਗੇ ਤਾਂ ਰਾਹਾਂ ਨੂੰ ਪੈੜਾਂ ਨਸੀਬ ਹੋਣਗੀਆਂ ਤੇ ਮੰਜ਼ਿਲਾਂ ਨੂੰ ਸਿਰਨਾਂਵਾਂ ਮਿਲੇਗਾ। ਸਾਵਧਾਨੀ ਹਮੇਸ਼ਾ ਹੀ ਸੁਪਨਿਆਂ, ਸਫਲਤਾਵਾਂ, ਸੰਵੇਦਨਾ, ਸੰਤੁਲਨ ਅਤੇ ਸੰਪੂਰਨਤਾ ਵੰਨੀਂ ਜਾਂਦੇ ਮਾਰਗ ਦੀ ਨਿਸ਼ਾਨਦੇਹੀ। ਇਹ ਨਿਸ਼ਾਨਦੇਹੀ ਜਿੰਨੀ ਜਲਦੀ ਕਰਾਂਗੇ, ਜੀਵਨ-ਸਫਰ ਉਨਾ ਹੀ ਅਸਾਨ ਹੋਵੇਗਾ। ਇਸ ਵੰਨੀਂ ਕਦਮ ਜਰੂਰ ਉਠਾਉਣਾ, ਕਿਉਂਕਿ ਅਣਗਹਿਲੀਆਂ ਵਿਚੋਂ ਤਾਂ ਕੁਝ ਨਹੀਂ ਮਿਲਦਾ, ਸਿਰਫ ਗਵਾਚਦਾ ਹੀ ਹੈ। ਸਾਵਧਾਨੀਆਂ ਜਰੂਰ ਝੋਲੀ ਵਿਚ ਬਰਕਤਾਂ ਅਤੇ ਬਖਸ਼ਿਸ਼ਾਂ ਪਾਉਣਗੀਆਂ। ਸਾਵਧਾਨੀ ਵਿਚੋਂ ਹੀ ਸਫਰ, ਸਾਧਨਾ, ਸੰਜੋਗ, ਸਕੂਨ ਅਤੇ ਸਦਾਕਤ ਉਪਜਦੀ।
ਅਣਗੌਲਿਆਂ ਕਰੋ ਉਨ੍ਹਾਂ ਨੂੰ, ਜੋ ਤੁਹਾਡੇ ਬਾਰੇ ਘਟੀਆ ਸੋਚਦੇ ਨੇ ਅਤੇ ਤਹੁਮਤਾਂ ਲਾਉਂਦੇ ਨੇ। ਨਿਡਰ ਬਣੋ, ਜਦ ਇਹ ਜ਼ਿੰਦਗੀ ਦਾ ਸਵਾਲ ਹੋਵੇ। ਆਪਣੀਆਂ ਤਰਜ਼ੀਹਾਂ ਖੁਦ ਨਿਰਧਾਰਤ ਕਰੋ।
ਅਣਗਹਿਲੀ ਨੂੰ ਆਸਵੰਦੀ ਵਿਚ ਬਦਲੋ, ਯੁੱਗ ਜਿਉਣ ਦੀ ਅਰਦਾਸ ਬਣਾਓ, ਜੀਵਨੀ-ਸੁਚਮ ਦੀ ਅਰਾਧਨਾ ਦਾ ਲਕਬ ਦਿਓ। ਅਣਗਹਿਲੀ ਨੂੰ ਅੰਤਰੀਵੀ ਸਫਰ ਰਾਹੀਂ ਜੀਵਨੀ-ਸੁਹਪਣ ਦਾ ਨਾਮ ਦੇਵੋਗੇ ਤਾਂ ਜਿੰ.ਦਗੀ ਨੂੰ ਅਣਗਹਿਲੀ ਭਰਪੂਰ ਵਰਤਾਰਿਆਂ ਦੇ ਰਹਿਮੋ-ਕਰਮ ‘ਤੇ ਜੀਣ ਦਾ ਹੌਕਾ ਨਹੀਂ ਭਰਨਾ ਪਵੇਗਾ। ਸਗੋਂ ਜੀਵਨ ਬਣੇਗਾ ਜਿਉਣ ਦਾ ਨਾਮ। ਸਾਵਧਾਨੀ ਭਰਪੂਰ ਵਰਤਾਰਿਆਂ ਦੀ ਜੋਤ ਬਣ ਕੇ ਸਮੁੱਚ ਨੂੰ ਰੁਸ਼ਨਾਉਂਦੀ, ਚੌਗਿਰਦੇ ਦੀ ਆਭਾ ਨੂੰ ਹੋਰ ਨਿਖਾਰੇਗੀ।