ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਅਹਿਮ ਖੁਲਾਸੇ

ਗਾਇਬ ਹੋਏ ਦਸਤਾਵੇਜ਼ਾਂ ਬਾਰੇ ਖੁਲਾਸਿਆਂ ਨੇ ਸ਼੍ਰੋਮਣੀ ਕਮੇਟੀ ਬੁਰੀ ਫਸਾਈ
ਚੰਡੀਗੜ੍ਹ: ਜੂਨ 1984 ਨੂੰ ਸਾਕਾ ਨੀਲਾ ਤਾਰਾ (ਅਪਰੇਸ਼ਨ ਬਲੂ ਸਟਾਰ) ਦੌਰਾਨ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਸਿੱਖ ਰੈਫਰੈਂਸ ਲਾਇਬਰੇਰੀ ਵਿਚੋਂ ਗਾਇਬ ਹੋਏ ਸਿੱਖ ਇਤਿਹਾਸ ਦੇ ਅਨਮੋਲ ਦਸਤਾਵੇਜ਼ਾਂ ਨੂੰ ਲੈ ਕੇ ਹੁਣ ਤੱਕ ਇਹੀ ਮੰਨਿਆ ਗਿਆ ਕਿ ਇਹ ਕੀਮਤੀ ਖਜ਼ਾਨਾ ਫੌਜ ਕੋਲ ਹੈ। ਸਿੱਖ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਵਾਰ-ਵਾਰ ਕੇਂਦਰ ਸਰਕਾਰ ਤੋਂ ਸਿੱਖਾਂ ਦਾ ਇਹ ਖਜ਼ਾਨਾ ਵਾਪਸ ਮੰਗਦੀਆਂ ਰਹੀਆਂ ਪਰ ਹੁਣ ਇਸ ਮਾਮਲੇ ਵਿਚ ਵੱਡਾ ਖੁਲਾਸਾ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਖੁਦ ਸਵਾਲਾਂ ਦੇ ਘੇਰੇ ਵਿਚ ਹੈ।

ਇਕ ਅਜਿਹਾ ਦਸਤਾਵੇਜ਼ ਸਾਹਮਣੇ ਆਇਆ ਹੈ ਜਿਸ ਰਾਹੀਂ ਫੌਜ ਇਹ ਦਾਅਵਾ ਕਰ ਰਹੀ ਹੈ ਕਿ ਅਪਰੇਸ਼ਨ ਬਲੂ ਸਟਾਰ ਦੌਰਾਨ ਫੌਜ ਨੇ ਸਿੱਖਾਂ ਦਾ ਜੋ ਅਨਮੋਲ ਖਜ਼ਾਨਾ ਜ਼ਬਤ ਕੀਤਾ ਸੀ, ਉਹ ਤਾਂ ਕਦੋਂ ਦਾ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਚੁੱਕੀ ਹੈ। ਫੌਜ ਵਲੋਂ ਇਹ ਅਣਮੁੱਲੇ ਦਸਤਾਵੇਜ਼ ਸ਼੍ਰੋਮਣੀ ਕਮੇਟੀ ਨੂੰ ਸਪੁਰਦ ਕਰਨ ਵੇਲੇ ਰਸੀਦ ਵੀ ਲਈ ਗਈ ਸੀ ਜਿਸ ਉਤੇ ਬਕਾਇਦਾ ਤਤਕਾਲੀ ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਦੇ ਦਸਤਖਤ ਵੀ ਹਨ ਜਿਨ੍ਹਾਂ ਵਿਚ ਤਤਕਾਲੀ ਸਕੱਤਰ ਭਾਨ ਸਿੰਘ, ਸਾਬਕਾ ਲਾਇਬਰੇਰੀਅਨ ਬਲਬੀਰ ਸਿੰਘ ਤੇ ਸਹਾਇਕ ਸਕੱਤਰ ਕੁਲਵੰਤ ਸਿੰਘ ਨੇ ਦਸਤਖਤ ਕੀਤੇ ਸਨ। ਕੁਲਵੰਤ ਸਿੰਘ ਨੇ ਖੁਦ ਪੱਤਰ ਉਤੇ ਦਸਤਖਤ ਕਰਨ ਦੀ ਪੁਸ਼ਟੀ ਕੀਤੀ ਹੈ: ਹਾਲਾਂਕਿ ਕੁਲਵੰਤ ਸਿੰਘ ਦਾ ਦਾਅਵਾ ਹੈ ਕਿ ਇਸ ਦਸਤਾਵੇਜ਼ ਉਪਰ ਅੰਗਰੇਜ਼ੀ ਵਿਚ ਇਕ ਵਾਧੂ ਲਾਈਨ ਸ਼ਾਮਲ ਕੀਤੀ ਹੋਈ ਹੈ ਜੋ ਉਸ ਵੇਲੇ ਨਹੀਂ ਸੀ। ਇਸ ਲਾਈਨ ਵਿਚ ਦਰਜ ਹੈ ਕਿ ਸ਼੍ਰੋਮਣੀ ਕਮੇਟੀ ਨੇ ਸਾਰਾ ਸਾਮਾਨ ਵਸੂਲ ਲਿਆ ਹੈ।
ਇਹ ਦੋਸ਼ ਵੀ ਲੱਗ ਰਹੇ ਹਨ ਕਿ ਫੌਜ ਵਲੋਂ ਵਾਪਸ ਕੀਤੇ ਦਸਤਾਵੇਜ਼ ਵੇਚ ਦਿੱਤੇ ਗਏ ਹਨ। ਇਹ ਸਭ ਗੁਪਤ ਤਰੀਕੇ ਨਾਲ ਕੀਤਾ ਹੈ ਪਰ ਹੁਣ ਫੌਜ ਦੇ ਦਾਅਵੇ ਨੇ ਕਮੇਟੀ ਨੂੰ ਕਸੂਤਾ ਫਸਾ ਦਿੱਤਾ ਹੈ। ਹੁਣ ਸਵਾਲ ਇਹ ਉਠ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਤਾਂ ਹੁਣ ਤੱਕ ਇਹੀ ਰੌਲਾ ਪਾ ਰਹੀ ਸੀ ਕਿ ਫੌਜ ਤੇ ਕੇਂਦਰ ਸਰਕਾਰ ਦਸਤਾਵੇਜ਼ਾਂ ਦੀ ਵਾਪਸੀ ਸਬੰਧੀ ਕੋਈ ਰਾਹ ਨਹੀਂ ਦੇ ਰਹੀ। ਇਸ ਸਬੰਧੀ ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਸ਼੍ਰੋਮਣੀ ਕਮੇਟੀ ਕੇਂਦਰ ਸਰਕਾਰ ਨਾਲ ਚਿੱਠੀ ਪੱਤਰ ਵੀ ਕਰਦੀ ਰਹੀ। ਉਸ ਨੇ ਦਰਬਾਰ ਸਾਹਿਬ ‘ਤੇ ਹਮਲੇ ਦੇ ਨੁਕਸਾਨ ਦੀ ਪੂਰਤੀ ਲਈ 1000 ਕਰੋੜ ਰੁਪਏ ਦਾ ਮੁਕੱਦਮਾ ਵੀ ਦਾਇਰ ਕੀਤਾ ਹੋਇਆ ਹੈ ਪਰ ਹੁਣ ਸਾਰਾ ਖੁਲਾਸਾ ਹੋਣ ਤੋਂ ਬਾਅਦ ਖੁਦ ਹੀ ਮੰਨ ਰਹੀ ਹੈ ਕਿ ਫੌਜ ਨੇ ਸੱਤ ਵਾਰ ਦਸਤਾਵੇਜ਼ ਵਾਪਸ ਕੀਤੇ ਹਨ।
ਇਨ੍ਹਾਂ ਦਸਤਾਵੇਜ਼ਾਂ ਵਿਚ 205 ਹੱਥ ਲਿਖਤ ਸਰੂਪ, 807 ਪੁਸਤਕਾਂ, ਇਕ ਹੁਕਮਨਾਮੇ ਸਮੇਤ ਕੁਝ ਅਖਬਾਰਾਂ ਸ਼ਾਮਲ ਹਨ। ਬਾਕੀ ਸਾਮਾਨ ਵਿਚ ਸ਼ਾਮਲ 307 ਹੱਥ ਲਿਖਤ ਸਰੂਪ ਅਤੇ 11107 ਪੁਸਤਕਾਂ ਹੁਣ ਤੱਕ ਸ਼੍ਰੋਮਣੀ ਕਮੇਟੀ ਨੂੰ ਨਹੀਂ ਮਿਲੀਆਂ ਹਨ। ਸ਼੍ਰੋਮਣੀ ਕਮੇਟੀ ਕੋਲ ਭਾਵੇਂ ਕਿਸੇ ਵੀ ਸਵਾਲ ਦਾ ਢੁਕਵਾਂ ਜਵਾਬ ਨਹੀਂ ਹੈ ਪਰ ਮਸਲਾ ਭਖਦਾ ਵੇਖ ਪੰਜ ਮੈਂਬਰੀ ਉਚ ਪੱਧਰੀ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਇਨ੍ਹਾਂ ਗੰਭੀਰ ਦੋਸ਼ਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਸਮੁੱਚੀ ਸਥਿਤੀ ਦਾ ਪਤਾ ਲਾਉਣ ਲਈ 1984 ਤੋਂ ਬਾਅਦ ਦੇ ਅਧਿਕਾਰੀਆਂ ਤੇ ਮੌਜੂਦਾ ਸਬੰਧਤ ਅਧਿਕਾਰੀਆਂ ਦੀ ਮੀਟਿੰਗ ਸੱਦੀ ਗਈ ਜਿਸ ਵਿਚ ਖੁਲਾਸਾ ਹੋਇਆ ਕਿ ਫੌਜ ਵਲੋਂ ਹੁਣ ਤੱਕ 7 ਵਾਰ ਸਾਮਾਨ ਵਾਪਸ ਕੀਤਾ ਗਿਆ ਹੈ ਪਰ ਉਸ ਵਿਚ ਸਿੱਖ ਰੈਫਰੈਂਸ ਲਾਇਬਰੇਰੀ ਨਾਲ ਸਬੰਧਤ ਸਾਮਾਨ ਸਿਰਫ ਦੋ ਵਾਰ ਹੀ ਵਾਪਸ ਕੀਤਾ ਗਿਆ ਹੈ, ਜਿਸ ਵਿਚ 205 ਹੱਥ ਲਿਖਤ ਸਰੂਪ ਅਤੇ ਕੁਝ ਪੁਸਤਕਾਂ ਸ਼ਾਮਲ ਹਨ।
ਇਹ ਪੰਜ ਮੈਂਬਰੀ ਕਮੇਟੀ ਫੌਜ ਵੱਲੋਂ ਵਾਪਸ ਕੀਤੇ ਗਏ ਸਾਮਾਨ ਅਤੇ ਰੈਫਰੈਂਸ ਲਾਇਬਰੇਰੀ ਵਿਚ ਪੁੱਜੇ ਸਮਾਨ ਦੀ ਜਾਂਚ ਕਰੇਗੀ ਤੇ 1984 ਤੋਂ ਲੈ ਕੇ ਹੁਣ ਤੱਕ ਦੇ ਸਮੁੱਚੇ ਰਿਕਾਰਡ ਨੂੰ ਵਾਚੇਗੀ। ਇਸੇ ਤਰ੍ਹਾਂ ਪਾਵਨ ਸਰੂਪ ਵੇਚੇ ਜਾਣ ਦੀ ਵੀ ਜਾਂਚ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਸਾਕਾ ਨੀਲਾ ਤਾਰਾ ਫੌਜੀ ਹਮਲੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਸਿੱਖ ਲਾਇਬਰੇਰੀ ਦਾ ਅਮੁੱਲਾ ਖਜ਼ਾਨਾ ਫੌਜ ਚੁੱਕ ਕੇ ਲੈ ਗਈ ਸੀ, ਜਿਸ ਵਿਚ 500 ਤੋਂ ਵੱਧ ਹੱਥ ਲਿਖਤ ਸਰੂਪ ਅਤੇ 12 ਹਜ਼ਾਰ ਤੋਂ ਵੱਧ ਦੁਰਲੱਭ ਪੁਸਤਕਾਂ ਤੇ ਹੋਰ ਸਮਾਨ ਸ਼ਾਮਲ ਸੀ।