ਚੰਡੀਗੜ੍ਹ: ਅਕਾਲ ਤਖਤ ਵਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਦਾ ਮਾਮਲਾ ਇਕ ਵਾਰ ਮੁੜ ਭਖ ਗਿਆ ਹੈ। ਹੁਣ ਇਸ ਮਾਮਲੇ ਵਿਚ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੀ ਇਕ ਚਿੱਠੀ ਸਾਹਮਣੇ ਆਈ ਹੈ ਜਿਸ ਵਿਚ ਅਜਿਹੇ ਖੁਲਾਸੇ ਕੀਤੇ ਗਏ ਹਨ ਜਿਹੜੇ ਅਕਾਲੀ ਦਲ ਖਾਸ ਕਰ ਬਾਦਲ ਪਿਉ ਪੁੱਤ ਦੀਆਂ ਮੁਸ਼ਕਿਲਾਂ ਵਧਾ ਸਕਦੇ ਹਨ।
ਗਿਆਨੀ ਇਕਬਾਲ ਸਿੰਘ ਨੇ ਸਾਫ ਲਿਖਿਆ ਹੈ ਕਿ ਬਾਦਲ ਪਿਉ ਪੁੱਤ
ਰਾਮ ਰਹੀਮ ਨੂੰ ਮੁਆਫੀ ਦਿਵਾਉਣਾ ਚਾਹੁੰਦੇ ਸਨ। ਇਹ ਚਿੱਠੀ ਇਕਬਾਲ ਸਿੰਘ ਨੇ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਕਰ ਰਹੇ ਸਿੱਟ ਮੈਂਬਰ ਕੁੰਵਰ ਵਿਜੈ ਪ੍ਰਤਾਪ ਨੂੰ ਲਿਖੀ ਸੀ ਜਿਹੜੀ ਹੁਣ ਸਾਹਮਣੇ ਆਈ ਹੈ। ਇਸ ਚਿੱਠੀ ‘ਚ 24 ਸਤੰਬਰ 2015 ਨੂੰ ਰਾਮ ਰਹੀਮ ਨੂੰ ਮੁਆਫੀ ਦੇਣ ਦਾ ਪੂਰਾ ਘਟਨਾਕ੍ਰਮ ਬਿਆਨ ਹੈ। ਇਕਬਾਲ ਸਿੰਘ ਦਾ ਦਾਅਵਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬਾਦਲਾਂ ਦੇ ਕਹਿਣ ਉਤੇ ਡੇਰਾ ਮੁਖੀ ਨੂੰ ਮੁਆਫੀ ਲਈ ਮੀਟਿੰਗ ਬੁਲਾਈ ਸੀ। ਉਨ੍ਹਾਂ ਨੂੰ ਵੀ ਮੀਟਿੰਗ ਵਿਚ ਸੱਦਿਆ ਗਿਆ ਸੀ। ਜਦੋਂ ਉਨ੍ਹਾਂ (ਇਕਬਾਲ ਸਿੰਘ) ਨਾਲ ਰਾਮ ਰਹੀਮ ਨੂੰ ਮੁਆਫੀ ਦੇਣ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਵਿਰੋਧ ਕੀਤਾ ਪਰ ਉਸ ਵੇਲੇ ਦਾ ਮਾਹੌਲ ਦੇਖ ਕੇ ਲੱਗ ਰਿਹਾ ਸੀ ਕਿ ਮੁਆਫੀ ਦਾ ਫੈਸਲਾ ਪਹਿਲਾਂ ਹੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਕਰ ਚੁੱਕੇ ਸਨ। ਇਕਬਾਲ ਸਿੰਘ ਨੇ ਹੈਰਾਨੀਜਨਕ ਖੁਲਾਸਾ ਕਰਦਿਆਂ ਲਿਖਿਆ ਕਿ ਜਿਹੜੀ ਚਿੱਠੀ ਰਾਮ ਰਹੀਮ ਨੇ ਭੇਜੀ ਸੀ, ਉਸ ਵਿਚ ‘ਖਿਮਾ ਯਾਚਨਾ’ ਸ਼ਬਦ ਦਾ ਇਸਤੇਮਾਲ ਹੀ ਨਹੀਂ ਕੀਤਾ ਗਿਆ ਸੀ। ਜਥੇਦਾਰਾਂ ਦੀ ਇਸ ਮੀਟਿੰਗ ਦੌਰਾਨ ਵਾਰ-ਵਾਰ ਗਿਆਨੀ ਗੁਰਬਚਨ ਸਿੰਘ ਨੂੰ ਸੁਖਬੀਰ ਸਿੰਘ ਬਾਦਲ ਦਾ ਫੋਨ ਆ ਰਿਹਾ ਸੀ। ਜਦੋਂ ਵਾਰ-ਵਾਰ ਮਨਾਉਣ ‘ਤੇ ਵੀ ਉਹ (ਇਕਬਾਲ ਸਿੰਘ) ਨਹੀਂ ਮੰਨੇ ਤਾਂ ਉਨ੍ਹਾਂ ਨੂੰ ਪਰਿਵਾਰ ਬਰਬਾਦ ਕਰਨ ਦੀ ਧਮਕੀ ਦਿੱਤੀ ਗਈ ਅਤੇ ਦਸਤਖਤ ਲਈ ਮਜਬੂਰ ਕੀਤਾ ਗਿਆ। ਇਹ ਸਾਰੀ ਪਲਾਨਿੰਗ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਦਲਜੀਤ ਸਿੰਘ ਚੀਮਾ ਦੀ ਸੀ।
ਗਿਆਨੀ ਇਕਬਾਲ ਸਿੰਘ ਨੇ ਇਹ ਚਿੱਠੀ ਲਿਖਦਿਆਂ ਕਿਹਾ ਹੈ ਕਿ ਉਹ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਇਹ ਸਾਰੇ ਬਿਆਨ ਸਿੱਟ ਦੇ ਆਈæਜੀæ ਕੁੰਵਰ ਵਿਜੈ ਪ੍ਰਤਾਪ ਅੱਗੇ ਰੱਖ ਰਹੇ ਹਨ ਤਾਂ ਪੰਥ ਦੇ ਦੋਖੀ ਸੰਗਤ ਦੇ ਸਾਹਮਣੇ ਆ ਸਕਣ। ਦੱਸ ਦਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਡੇਰਾ ਮੁਖੀ ਨੂੰ ਮੁਆਫੀ ਦਿਵਾਉਣ ਲਈ ਸੁਖਬੀਰ ਉਤੇ ਉਂਗਲ ਉਠੀ ਹੋਵੇ ਪਰ ਗਿਆਨੀ ਇਕਬਾਲ ਸਿੰਘ ਉਸ ਮੀਟਿੰਗ ਵਿਚ ਸ਼ਾਮਲ ਸਨ ਜਿਸ ਵਿਚ ਜਥੇਦਾਰਾਂ ਨੇ ‘ਮੁਆਫੀਨਾਮੇ’ ਉਤੇ ਮੋਹਰ ਲਾਈ ਸੀ। ਇਸ ਲਈ ਬਾਦਲਾਂ ਲਈ ਇਹ ਚਿੱਠੀ ਵੱਡੀ ਮੁਸੀਬਤ ਖੜ੍ਹੀ ਕਰ ਸਕਦੀ ਹੈ। ਬੇਅਦਬੀ ਤੇ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਇਸ ਗੱਲ ਨੂੰ ਵੀ ਧਿਆਨ ਵਿਚ ਰੱਖ ਰਹੀ ਹੈ ਕਿ ਸਾਰਾ ਵਿਵਾਦ ਡੇਰਾ ਮੁਖੀ ਨੂੰ ਮੁਆਫੀ ਨਾਲ ਸ਼ੁਰੂ ਹੋਇਆ ਸੀ। ਜਾਂਚ ਟੀਮ ਨੇ ਜੇਲ੍ਹ ਵਿਚ ਬੰਦ ਰਾਮ ਰਹੀਮ ਕੋਲੋਂ ਪੁੱਛਗਿੱਛ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਸਫਲ ਨਾ ਹੋ ਸਕੀ। ਹੁਣ ਇਕਬਾਲ ਸਿੰਘ ਦੀ ਚਿੱਠੀ ਜਾਂਚ ਨੂੰ ਨਵਾਂ ਮੋੜ ਦੇ ਸਕਦੀ ਹੈ।