ਜਤਿੰਦਰ ਪਨੂੰ
ਅੱਜ ਦੀ ਤਰੀਕ ਵਿਚ ਸ਼ਾਇਦ ਹੀ ਕਿਸੇ ਨੂੰ ਚੇਤਾ ਹੋਵੇ ਕਿ 1998 ਦੀਆਂ ਪਾਰਲੀਮੈਂਟ ਚੋਣਾਂ ਵੇਲੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਮੁੱਖ ਮੰਤਰੀ ਸਨ ਤੇ ਚੋਣਾਂ ਮੁੱਕਦੇ ਸਾਰ ਉਹ ਬਿਮਾਰ ਹੋ ਗਏ ਸਨ। ਬਿਮਾਰੀ ਏਨੀ ਵਧਦੀ ਗਈ ਕਿ ਉਨ੍ਹਾਂ ਨੂੰ ਇਲਾਜ ਕਰਵਾਉਣ ਲਈ ਅਮਰੀਕਾ ਜਾਣਾ ਪਿਆ ਸੀ। ਹਰ ਕੋਈ ਇਹ ਜਾਣਨ ਲਈ ਉਦੋਂ ਉਤਾਵਲਾ ਸੀ ਕਿ ਬਾਦਲ ਸਾਹਿਬ ਦੀ ਸਿਹਤ ਇੱਕਦਮ ਵਿਗੜਨ ਦਾ ਕਾਰਨ ਕੀ ਹੋ ਸਕਦਾ ਹੈ? ਲੋਕ ਇਸ ਬਾਰੇ ਕਿੰਨਾ ਕੁਝ ਸੋਚਦੇ ਸਨ, ਉਸ ਬਾਰੇ ਬਾਅਦ ਵਿਚ ਸ਼ ਬਾਦਲ ਨੇ ਵਿਧਾਨ ਸਭਾ ਅੰਦਰ ਆਪਣੇ ਅਕਾਲੀ ਦਲ ਵਿਚਲੇ ਵਿਰੋਧੀ ਧੜੇ ਵੱਲ ਇਸ਼ਾਰਾ ਕਰ ਕੇ ਇਹ ਵੀ ਕਹਿ ਦਿੱਤਾ ਸੀ ਕਿ ਇਹ ਆਖਦੇ ਫਿਰਦੇ ਸਨ ਕਿ ਹੁਣ ਮੈਂ ਅਮਰੀਕਾ ਤੋਂ ਜਿਉਂਦਾ ਨਹੀਂ ਮੁੜਾਂਗਾ। ਰਾਜਸੀ ਵਿਰੋਧਾਂ ਦੇ ਬਾਵਜੂਦ ਜੇ ਕੋਈ ਇਹੋ ਜਿਹੀ ਗੱਲ ਸਚਮੁੱਚ ਕਹਿੰਦਾ ਰਿਹਾ ਸੀ ਤਾਂ ਉਸ ਨੇ ਇਖਲਾਕੀ ਤੌਰ ਉਤੇ ਬਹੁਤ ਜ਼ਿਆਦਤੀ ਕੀਤੀ ਸੀ, ਪਰ ਰਾਜ ਦੇ ਲੋਕਾਂ ਵਿਚ ਆਪਣੇ ਆਗੂ ਬਾਰੇ ਚਿੰਤਾ ਹੋਣਾ ਗਲਤ ਨਹੀਂ ਸੀ।
ਉਨ੍ਹਾਂ ਦਿਨਾਂ ਵਿਚ ਇੱਕ ਅਫਸਰ ਨੇ ਗੱਲਬਾਤ ਦੌਰਾਨ ਜੋ ਦੱਸਿਆ, ਉਹ ਇਹ ਸੀ ਕਿ ਮੁੱਖ ਮੰਤਰੀ ਬਾਦਲ ਦੀ ਸਿਹਤ ਪ੍ਰਦੂਸ਼ਿਤ ਪਾਣੀ ਦੀ ਲਾਗ ਦੇ ਕਾਰਨ ਵਿਗੜੀ ਹੈ। ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਉਦੋਂ ਜਲੰਧਰ ਤੋਂ ਅਕਾਲੀਆਂ ਦੀ ਮਦਦ ਨਾਲ ਚੋਣ ਲੜ ਰਹੇ ਸਨ ਅਤੇ ਸ਼ ਬਾਦਲ ਦਾ ਆਪਣਾ ਪੁੱਤਰ ਸੁਖਬੀਰ ਸਿੰਘ ਸਤਲੁਜ ਦਰਿਆ ਤੋਂ ਪਾਰਲੇ ਪਾਸੇ ਫਰੀਦਕੋਟ ਹਲਕੇ ਤੋਂ ਚੋਣ ਲੜ ਰਿਹਾ ਸੀ। ਇਸ ਕਰ ਕੇ ਉਨ੍ਹਾਂ ਦਾ ਅੱਧਾ-ਅੱਧਾ ਦਿਨ ਰੋਜ਼ ਦਰਿਆ ਦੇ ਦੋਵੇਂ ਪਾਸੇ ਦੇ ਉਨ੍ਹਾਂ ਇਲਾਕਿਆਂ ਵਿਚ ਗੁਜ਼ਰਦਾ ਸੀ, ਜਿੱਥੋਂ ਦੇ ਨਲਕਿਆਂ ਵਿਚੋਂ ਗੰਦਾ ਪਾਣੀ ਆਉਂਦਾ ਸੀ। ‘ਲੋਕਾਂ ਦਾ ਲੀਡਰ’ ਹੋਣ ਕਰ ਕੇ ਬਾਦਲ ਦੀ ਇਹ ਖਾਸੀਅਤ ਹੈ ਕਿ ਉਹ ਲੋਕਾਂ ਵਿਚ ਲੋਕ ਬਣ ਕੇ ਰਹਿੰਦੇ ਸਨ ਤੇ ਲੋਕਾਂ ਦੇ ਸਾਹਮਣੇ ਕਦੀ ਬੋਤਲ ਦਾ ਪਾਣੀ ਨਹੀਂ ਸੀ ਪੀਂਦੇ, ਉਨ੍ਹਾਂ ਵਾਲਾ ਹੀ ਪੀਂਦੇ ਸਨ।
ਬਿਮਾਰੀ ਦਾ ਕਾਰਨ ਇਹੋ ਸੀ ਕਿ ਕੁਝ ਹੋਰ, ਇਹ ਅੱਜ ਤੱਕ ਸਾਫ ਨਹੀਂ ਹੋ ਸਕਿਆ, ਪਰ ਇਸ ਖੇਤਰ ਵਿਚ ਉਸ ਤੋਂ ਪਿੱਛੋਂ ਹੈਪੇਟਾਈਟਸ ਦੇ ਕਈ ਰੰਗਾਂ ਦੀ ਚਰਚਾ ਜ਼ੋਰ ਫੜ ਗਈ ਸੀ। ਇਸ ਦਾ ਡਾਕਟਰਾਂ ਤੇ ਕੈਮਿਸਟਾਂ ਨੂੰ ਵੀ ਕਾਫੀ ਲਾਭ ਹੋਇਆ ਸੀ। ਫਿਰ ਵੀ ਇਹ ਕਹਿਣਾ ਗਲਤ ਹੋਵੇਗਾ ਕਿ ਉਹ ਸਿਰਫ ਚਰਚਾ ਸੀ। ਹਕੀਕਤ ਇਹ ਹੈ ਕਿ ਉਸ ਇਲਾਕੇ ਵਿਚ ਪ੍ਰਦੂਸ਼ਿਤ ਪਾਣੀ ਨਾਲ ਬਿਮਾਰੀਆਂ ਫੈਲਣ ਦੀ ਗਵਾਹੀ ਪਿੰਡਾਂ ਦੇ ਆਮ ਲੋਕ ਵੀ ਭਰਦੇ ਸਨ।
ਪੰਜਾਬ ਦੀਆਂ ਦੋਵੇਂ ਮੁੱਖ ਰਾਜਸੀ ਧਿਰਾਂ ਅਕਾਲੀ ਦਲ ਤੇ ਕਾਂਗਰਸ ਦਾ ਇਹ ਦਾਅਵਾ ਲਗਾਤਾਰ ਹੈ ਕਿ ਰਾਜ ਦੇ ਵਿਕਾਸ ਵਿਚ ਉਨ੍ਹਾਂ ਨੇ ਕੋਈ ਕਸਰ ਨਹੀਂ ਰਹਿਣ ਦਿੱਤੀ। ਤਰੱਕੀ ਪੰਜਾਬ ਵਿਚ ਹੋਣ ਤੋਂ ਇਨਕਾਰ ਕਰ ਸਕਣਾ ਔਖਾ ਹੈ, ਪਰ ਇਹ ਤਰੱਕੀ ਇੱਕ ਖਾਸ ਹੱਦ ਤੱਕ ਸੀਮਤ ਹੋ ਕੇ ਰਹਿ ਗਈ ਹੈ। ਵਿਕਸਿਤ ਇਲਾਕਿਆਂ ਤੇ ਸਮਾਜ ਦੇ ਵਿਕਸਿਤ ਵਰਗਾਂ ਦੇ ਲੋਕਾਂ ਦਾ ਵਿਕਾਸ ਹੋਰ ਹੁੰਦਾ ਗਿਆ ਤੇ ਅੜੇ-ਥੁੜੇ ਲੋਕਾਂ ਦੇ ਹੋਰ ਵੀ ਨੀਵਾਣਾਂ ਵਿਚ ਡਿੱਗ ਪੈਣ ਨੂੰ ਦੋਵਾਂ ਪਾਰਟੀਆਂ ਨੇ ਅੱਖੋਂ ਪਰੋਖੇ ਕਰੀ ਛੱਡਿਆ। ਇਸੇ ਦਾ ਨਤੀਜਾ ਹੈ ਕਿ ਪੰਜਾਬ ਦੇ ਇੱਕ ਵੱਡੇ ਹਿੱਸੇ ਵਿਚ ਪਾਣੀ ਦਾ ਉਹ ਪ੍ਰਦੂਸ਼ਣ ਫੈਲ ਚੁੱਕਾ ਹੈ, ਜਿਸ ਨਾਲ ਉਦੋਂ ਕੁਝ ਲੋਕ ਬਾਦਲ ਸਾਹਿਬ ਦੀ ਬਿਮਾਰੀ ਨੂੰ ਜੋੜ ਕੇ ਵੇਖਦੇ ਸਨ।
ਪਾਣੀ ਦੇ ਪ੍ਰਦੂਸ਼ਣ ਦਾ ਪਹਿਲਾ ਝਲਕਾਰਾ ਉਦੋਂ ਮਿਲਿਆ ਸੀ, ਜਦੋਂ ਲਾਂਬੜੇ ਦੀ ‘ਪੰਜਾਬੀ ਸੱਥ’ ਨਾਲ ਜੁੜੇ ਹੋਏੇ ਲੋਕਾਂ ਦੇ ਇੱਕ ਗਰੁਪ ਨੇ ਇਹ ਗੱਲ ਸਬੂਤਾਂ ਸਮੇਤ ਬਾਹਰ ਲਿਆਂਦੀ ਕਿ ਦੋਆਬੇ ਦੇ ਸ਼ਹਿਰਾਂ ਦੇ ਗੰਦੇ ਨਾਲਿਆਂ ਤੇ ਫੈਕਟਰੀਆਂ ਦਾ ਗੰਦਾ ਪਾਣੀ ਏਥੇ ਜ਼ਹਿਰ ਫੈਲਾ ਰਿਹਾ ਹੈ। ਕਿਸੇ ਵੀ ਥਾਂ ਕੋਈ ਟਰੀਟਮੈਂਟ ਪਲਾਂਟ ਨਾ ਹੋਣ ਕਾਰਨ ਹਰ ਥਾਂ ਦਾ ਗੰਦ ਪਹਿਲਾਂ ਚਿੱਟੀ ਤੇ ਕਾਲੀ ਵੇਈਂ ਵਿਚ ਪੈਂਦਾ ਹੈ ਤੇ ਫਿਰ ਅੱਗੋਂ ਸਤਲੁਜ ਜਾਂ ਬਿਆਸ ਵਿਚ ਡਿੱਗਣ ਦੇ ਬਾਅਦ ਹਰੀਕੇ ਝੀਲ ਵਿਚ ਇਕੱਠਾ ਹੁੰਦਾ ਹੈ। ਉਥੋਂ ਇਹ ਪਾਣੀ ਮਾਲਵੇ ਅਤੇ ਰਾਜਸਥਾਨ ਦੇ ਇੱਕ ਵੱਡੇ ਹਿੱਸੇ ਵਿਚ ਸਿਰਫ ਖੇਤਾਂ ਲਈ ਨਹੀਂ, ਲੋਕਾਂ ਦੇ ਪੀਣ ਲਈ ਵੀ ਸਪਲਾਈ ਹੁੰਦਾ ਹੈ ਤੇ ਜਿਹੜਾ ਜ਼ਹਿਰ ਜਲੰਧਰ ਜਾਂ ਲੁਧਿਆਣੇ ਸਮੇਤ ਹਰ ਛੋਟੇ-ਵੱਡੇ ਸ਼ਹਿਰ ਦੇ ਲੋਕ ਇਥੇ ਪਾਉਂਦੇ ਹਨ, ਉਹ ਉਥੋਂ ਤੱਕ ਪਹੁੰਚ ਕੇ ਆਪਣਾ ਅਸਰ ਦਿਖਾ ਰਿਹਾ ਹੈ। ਦੋਆਬੇ ਦੇ ਇੱਕ ਨੇਕ ਸੁਭਾਅ ਦੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਗੰਦ ਨੂੰ ਸਾਫ ਕਰਨ ਦੀ ਪਹਿਲ ਕਾਲੀ ਵੇਈਂ ਤੋਂ ਸ਼ੁਰੂ ਕੀਤੀ ਤਾਂ ਵੱਡੇ ਕਾਰਖਾਨੇਦਾਰਾਂ ਨੇ ਹੀ ਨਹੀਂ, ਸਰਕਾਰ ਦੇ ਕਈ ਅਫਸਰਾਂ ਨੇ ਵੀ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਸਾਹਿਬ, ਦੋਵਾਂ ਦੇ ਰਾਜ ਵਿਚ ਉਸ ਦੇ ਅੱਗੇ ਅੜਿੱਕੇ ਡਾਹੇ, ਹਾਲਾਂਕਿ ਉਨ੍ਹਾਂ ਨੂੰ ਮਦਦ ਦੇਣੀ ਚਾਹੀਦੀ ਸੀ। ਲੁਧਿਆਣੇ ਵਿਚ ਪ੍ਰਦੂਸ਼ਣ ਕੰਟਰੋਲ ਬੋਰਡ ਵਾਲਿਆਂ ਨੂੰ ਲੋਕਾਂ ਦੇ ਦਬਾਅ ਹੇਠ ਜਦੋਂ ਕੁਝ ਕਾਰਵਾਈ ਕਰਨੀ ਪਈ ਤਾਂ ਵਿਧਾਨ ਸਭਾ ਦੇ ਉਦੋਂ ਦੇ ਡਿਪਟੀ ਸਪੀਕਰ ਦੇ ਪੁੱਤਰ ਨੇ ਅੱਗੋਂ ਡਾਂਗ ਚੁੱਕ ਲਈ ਤੇ ਮੁੱਖ ਮੰਤਰੀ ਬਾਦਲ ਚੁੱਪ ਕੀਤੇ ਰਹੇ ਸਨ।
ਨਤੀਜਾ ਕੀ ਨਿਕਲਿਆ ਹੈ ਇਸ ਚੁੱਪ ਵੱਟਣ ਦਾ? ਲੁਧਿਆਣਾ ਸ਼ਹਿਰ ਦੇ ਕਾਰਖਾਨਿਆਂ ਦਾ ਗੰਦ, ਜਿਸ ਵਿਚ ਕੈਮੀਕਲ ਵੀ ਸ਼ਾਮਲ ਹੁੰਦੇ ਹਨ, ਜਦੋਂ ਬੁੱਢੇ ਨਾਲੇ ਵਿਚ ਪੈ ਕੇ ਅੱਗੇ ਤੁਰਦਾ ਹੈ ਤਾਂ ਨੇੜਲੇ ਪਿੰਡਾਂ ਵਿਚ ਚਮੜੀ ਦੇ ਰੋਗ ਫੈਲਾਉਂਦਾ ਹੰਭੜਾਂ ਤੇ ਸਿੱਧਵਾਂ ਬੇਟ ਤੋਂ ਹੁੰਦਾ ਹਰੀਕੇ ਪੱਤਣ ਤੱਕ ਵਗਦਾ ਜਾਂਦਾ ਹੈ। ਕਿਸੇ ਥਾਂ ਵੀ ਉਸ ਨੂੰ ਸਾਫ ਕਰਨ ਦਾ ਕੋਈ ਪ੍ਰਬੰਧ ਨਹੀਂ। ਵੋਟ ਦੀ ਕੀਮਤ ਤਾਂ ਉਨ੍ਹਾਂ ਪਿੰਡਾਂ ਵਾਲਿਆਂ ਦੀ ਵੀ ਲੁਧਿਆਣੇ ਦੇ ਕਾਰਖਾਨੇਦਾਰਾਂ ਦੀ ਵੋਟ ਜਿੰਨੀ ਹੋਵੇਗੀ, ਪਰ ਜਿਹੜੇ ਨੋਟਾਂ ਦੇ ਗੱਫੇ ਲੁਧਿਆਣੇ ਦੇ ਕਾਰਖਾਨੇਦਾਰ ਦੋਵਾਂ ਪਾਰਟੀਆਂ ਦੀ ਲੀਡਰਸ਼ਿਪ ਨੂੰ ਦੇ ਸਕਦੇ ਹਨ, ਉਹ ਇਸ ਗੰਦ ਨਾਲ ਚਮੜੀ ਦੇ ਰੋਗ ਲਵਾ ਕੇ ਗਲ਼ੇ ਹੋਏ ਹੱਥ ਲਈ ਫਿਰਦੇ ਆਮ ਲੋਕ ਨਹੀਂ ਦੇ ਸਕਦੇ। ਇਸ ਕਰ ਕੇ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ।
ਪੰਜਾਬ ਦੇ ਜਿਹੜੇ ਲੋਕ ਵੈਸ਼ਨੋ ਨਹੀਂ ਹਨ, ਉਹ ਪਿਛਲੇ ਸਾਲਾਂ ਵਿਚ ਆਮ ਕਰ ਕੇ ਕਹਿੰਦੇ ਹੁੰਦੇ ਸਨ ਕਿ ਜੇ ਮੱਛੀ ਹੀ ਖਾਣੀ ਹੈ ਤਾਂ ਦਰਿਆ ਦੀ ਖਾਣੀ ਚਾਹੀਦੀ ਹੈ, ਉਹ ਵੱਧ ਤੰਦਰੁਸਤ ਹੁੰਦੀ ਹੈ। ਹੁਣ ਉਹ ਇਹ ਆਖਦੇ ਸੁਣੇ ਜਾਂਦੇ ਹਨ ਕਿ ਪੰਜਾਬ ਦੇ ਦਰਿਆਵਾਂ ਦੀ ਮੱਛੀ ਨਿਰਾ ਜ਼ਹਿਰ ਬਣ ਚੁੱਕੀ ਹੈ, ਜੇ ਖਾਣ ਦਾ ਇਰਾਦਾ ਹੋਵੇ ਤਾਂ ਸਮੁੰਦਰ ਦੀ ਡੱਬਾ-ਬੰਦ ਖਾ ਲੈਣੀ ਚਾਹੀਦੀ ਹੈ, ਬੇਹੀ ਹੁੰਦੀ ਹੋਈ ਵੀ ਜ਼ਹਿਰੀਲੇ ਮਾਦੇ ਤੋਂ ਬਚੀ ਹੋਈ ਹੋਵੇਗੀ।
ਜਿਹੜੀ ਕਸਰ ਇਸ ਪਾਸੇ ਤੋਂ ਰਹਿ ਗਈ ਸੀ, ਉਹ ਪੰਜਾਬ ਦੇ ਹਾਕਮਾਂ ਨੇ ਲੋਕਾਂ ਨੂੰ ਘਰਾਂ ਵਿਚ ਟਾਇਲੇਟ ਦੀ ਸਹੂਲਤ ਦੇਣ ਦੇ ਨਾਂ ਉਤੇ ਕੱਢ ਦਿੱਤੀ ਹੈ। ਇਸ ਮਕਸਦ ਲਈ ਸਬਸਿਡੀ ਦਿੱਤੀ ਜਾਂਦੀ ਹੈ, ਜਿਹੜੀ ਇਹ ਵੇਖ ਕੇ ਦੇਣ ਦਾ ਰਿਵਾਜ ਹੈ ਕਿ ਜਿਹੜਾ ਪਿੰਡ ਜਾਂ ਪਿੰਡ ਦਾ ਜਿਹੜਾ ਪਾਸਾ ਸਬਸਿਡੀ ਦੇਣ ਵਾਲਿਆਂ ਦੇ ਪੱਖ ਵਿਚ ਭੁਗਤ ਰਿਹਾ ਹੈ, ਉਸ ਨੂੰ ਪਹਿਲਾਂ ਵੀ ਦੇ ਦਿਓ ਤੇ ਵੱਧ ਵੀ ਦਿਓ, ਤੇ ਦੂਸਰੇ ਨੂੰ ਲਾਰਿਆਂ ਦਾ ਲਾਲੀਪਾਪ ਫੜਾ ਛੱਡੋ। ਜਿਹੜੇ ਲੋਕ ਟਾਇਲੇਟ ਸਕੀਮ ਦੀ ਇਸ ਸਬਸਿਡੀ ਦਾ ਲਾਭ ਲੈ ਕੇ ਬੜੇ ਖੁਸ਼ ਹੁੰਦੇ ਸਨ, ਇਸ ਸਕੀਮ ਦਾ ਲਾਭ ਲੈਣ ਤੋਂ ਕੁਝ ਸਾਲ ਬਾਅਦ ਜਿਹੜਾ ਨਰਕ ਉਹ ਭੋਗਣ ਲੱਗ ਪਏ, ਉਸ ਦੀ ਬਹੁਤੀ ਚਰਚਾ ਸਰਕਾਰੇ-ਦਰਬਾਰੇ ਨਹੀਂ ਕੀਤੀ ਜਾਂਦੀ। ਵਿਧਾਨ ਸਭਾ ਉਂਜ ਹੀ ਸਿਆਸੀ ਕਬੱਡੀ ਦਾ ਅਖਾੜਾ ਬਣਦੀ ਜਾ ਰਹੀ ਹੈ, ਇਸ ਕਰ ਕੇ ਉਥੇ ਵੀ ਇਸ ਦੀ ਵਿਚਾਰ ਕਰਨ ਵਾਸਤੇ ਕਿਸੇ ਕੋਲ ਵਕਤ ਨਹੀਂ, ਪਰ ਅਖਬਾਰਾਂ ਵਿਚ ਛਪਦੀਆਂ ਰਿਪੋਰਟਾਂ ਬੜਾ ਕੁਝ ਕਹਿ ਰਹੀਆਂ ਹਨ।
ਘਰਾਂ ਦੇ ਅੰਦਰ ਟਾਇਲੇਟ ਦੀ ਇਸ ਸਹੂਲਤ ਦੇ ਦੋ ਮਾਡਲ ਹਨ। ਇੱਕ ਤਰੀਕਾ ਇਹ ਹੈ ਕਿ ਇੱਕ ਥਾਂ ਤਿੰਨ ਪੱਕੇ ਟੋਏ ਹੋਣ, ਜਿਨ੍ਹਾਂ ਵਿਚ ਗੰਦ ਇਕੱਠਾ ਹੋਣ ਤੋਂ ਬਾਅਦ ਹੌਲੀ-ਹੌਲੀ ਪਾਣੀ ਨਿੱਤਰ ਕੇ ਬਾਹਰ ਗਲੀ ਦੀ ਨਾਲੀ ਜਾਂ ਸੀਵਰੇਜ ਵਿਚ ਚਲਾ ਜਾਵੇ ਤਾਂ ਮੁਸ਼ਕ ਨਹੀਂ ਮਾਰਦਾ। ਇਹ ਢੰਗ ਕੁਝ ਚੰਗਾ, ਪਰ ਮਹਿੰਗਾ ਪੈਂਦਾ ਹੈ। ਦੂਸਰਾ ਤਰੀਕਾ ਇਹ ਹੈ ਕਿ ਘਰਾਂ ਵਿਚ ‘ਗਰਕੀ’ ਬਣਾ ਲਈ ਜਾਂਦੀ ਹੈ। ਗਰਕੀ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਵੀਹ ਕੁ ਫੁੱਟ ਡੂੰਘਾ ਟੋਆ ਪੁੱਟ ਕੇ ਉਸ ਦੇ ਉਪਰ ਸੀਟ ਲਾ ਦਿੱਤੀ ਜਾਵੇ। ਸਸਤਾ ਪੈਣ ਵਾਲਾ ਇਹ ਢੰਗ ਮਨੁੱਖੀ ਸਿਹਤ ਲਈ ਨੁਕਸਾਨ ਦਾ ਸਭ ਤੋਂ ਵੱਡਾ ਸਰੋਤ ਹੈ। ਹੇਠੋਂ ਟੋਆ ਪੱਕਾ ਨਾ ਹੋਣ ਕਾਰਨ ਇਸ ਵਿਚਲਾ ਗੰਦ ਹੌਲੀ-ਹੌਲੀ ਹੇਠਾਂ ਰਿਸਦਾ ਰਹਿੰਦਾ ਤੇ ਆਖਰ ਨੂੰ ਜ਼ਮੀਨ ਦੇ ਹੇਠਾਂ ਉਸ ਪੱਤਣ ਤੱਕ ਚਲਾ ਜਾਂਦਾ ਹੈ, ਜਿੱਥੋਂ ਦਾ ਪਾਣੀ ਲੋਕਾਂ ਦੇ ਨਲਕਿਆਂ ਨੇ ਖਿੱਚਣਾ ਹੁੰਦਾ ਹੈ। ਆਮ ਲੋਕਾਂ ਦੇ ਘਰ ਲੀਡਰਾਂ ਦੀਆਂ ਕੋਠੀਆਂ ਜਿੰਨੇ ਲੰਮੇ-ਚੌੜੇ ਨਹੀਂ ਹੋ ਸਕਦੇ। ਜਿਹੜਾ ਘਰ ਕੁੱਲ ਤੀਹ ਫੁੱਟ ਚੌੜਾ ਵੀ ਹੈ, ਉਸ ਦੇ ਹੇਠਾਂ ਜਾ ਕੇ ਗਰਕੀ ਦਾ ਪਾਣੀ ਏਨੀ ਕੁ ਚੌੜਾਈ ਵਿਚ ਫੈਲਣ ਦੇ ਬਾਅਦ ਉਸ ਦੇ ਆਪਣੇ ਘਰ ਦੇ ਨਲਕੇ ਵਿਚ ਨਿਕਲਣਾ ਹੀ ਹੁੰਦਾ ਹੈ। ਜੇ ਉਹ ਤੀਹ ਦੀ ਥਾਂ ਸੱਠ ਫੁੱਟ ਚੌੜਾ ਘਰ ਵੀ ਹੋਵੇ ਤੇ ਉਸ ਘਰ ਵਿਚ ਇੱਕ ਕੋਨੇ ਵਿਚ ਨਲਕਾ ਤੇ ਦੂਸਰੇ ਕੋਨੇ ਵਿਚ ਗਰਕੀ ਬਣਾ ਲਈ ਜਾਵੇ ਤਾਂ ਗਵਾਂਢੀ ਦਾ ਘਰ ਪੁੱਟ ਕੇ ਪਾਸੇ ਨਹੀਂ ਕੀਤਾ ਜਾ ਸਕਦਾ। ਸਾਡੇ ਨਲਕੇ ਦੀ ਜੜ੍ਹ ਗਵਾਂਢੀ ਦੀ ਗਰਕੀ ਦੇ ਕੋਲ ਤੇ ਗਵਾਂਢੀ ਦੇ ਨਲਕੇ ਦਾ ਫਿਲਟਰ ਸਾਡੀ ਗਰਕੀ ਦੇ ਕੋਲ ਆ ਪੈਂਦਾ ਹੈ। ਉਹ ਸਾਡੀ ਗਰਕੀ ਦਾ ਗੰਦ ਪਾਣੀ ਦੇ ਵਿਚ ਘੁਲਿਆ ਪੀ ਲੈਣ ਜਾਂ ਅਸੀਂ ਆਪਣੇ ਪਾਣੀ ਵਿਚ ਉਨ੍ਹਾਂ ਦੀ ਗਰਕੀ ਦਾ ਗੰਦ ਪੀ ਲਈਏ, ਆਪੋ ਆਪਣਾ ਗੰਦ ਹੀ ਨਲਕਿਆਂ ਦਾ ਗੇੜਾ ਮਾਰ ਕੇ ਨਿਕਲਦਾ ਸਮਝਣਾ ਚਾਹੀਦਾ ਹੈ।
ਕੋਈ ਚਾਰ ਕੁ ਸਾਲ ਪਹਿਲਾਂ ਅਸੀਂ ਇਸ ਕੁਚੱਜ ਤੇ ਇਸ ਦੇ ਨਤੀਜੇ ਵਜੋਂ ਮਾਝੇ ਵਿਚ ਕਾਲਾ ਪੀਲੀਆ ਫੈਲਣ ਬਾਰੇ ਲਿਖਿਆ ਸੀ। ਅਸੀਂ ਕਿਹਾ ਸੀ ਕਿ ‘ਮੈਂ ਮਾਝੇ ਦੀ ਜੱਟੀ ਤੇ ਰੰਗ ਮੇਰਾ ਸਿਓ ਵਰਗਾ, ਪਾਣੀ ਪੀਤਾ ਮਾਝੇ ਦੇ ਖੂਹਾਂ ਦਾ ਮੈਂ ਘਿਓ ਵਰਗਾ’ ਵਾਲੀ ਧਾਰਨਾ ਹੁਣ ਝੂਠੀ ਸਾਬਤ ਹੋ ਰਹੀ ਹੈ, ਮਾਝੇ ਵਿਚ ਖੂਹਾਂ ਦੀ ਥਾਂ ਬਿਜਲੀ ਵਾਲੇ ਖੂਹਾਂ, ਟਿਊਬਵੈਲਾਂ, ਦਾ ਪਾਣੀ ਹੁਣ ਘਿਓ ਵਰਗਾ ਨਹੀਂ ਰਿਹਾ, ਜ਼ਹਿਰ ਬਣ ਚੁੱਕਾ ਹੈ। ਇੱਕ ਵਿਦਵਾਨ ਲੇਖਕ ਨੇ ਸਾਡੇ ਇਸ ਲੇਖ ਦੀ ਕਾਟ ਕਰਦਿਆਂ ਚੰਡੀਗੜ੍ਹੋਂ ਛਪਦੇ ਇੱਕ ਅਖਬਾਰ ਵਿਚ ਇਹ ਲਿਖਿਆ ਸੀ ਕਿ ਕੁਝ ਲੋਕ ਐਵੇਂ ਆਮ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਅਖਬਾਰ ਨੇ ਉਦੋਂ ਸਾਡੀ ਲਿਖਤ ਦੀ ਕਾਟ ਵਾਲਾ ਲੇਖ ਛਾਪਿਆ ਸੀ, ਹੁਣ ਉਸੇ ਅਖਬਾਰ ਨੇ ਆਪ ਕਈ ਰਿਪੋਰਟਾਂ ਛਾਪੀਆਂ ਹਨ ਕਿ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਇਸ ਲਈ ਨਰਕ ਬਣ ਰਹੀ ਹੈ ਕਿ ਉਨ੍ਹਾਂ ਨੂੰ ਘਰਾਂ ਵਿਚ ਟਾਇਲੇਟ ਦੀ ਸੌਖ ਦੇਣ ਦੇ ਬਹਾਨੇ ਆਪਣਾ ਗੰਦ ਆਪ ਪੀਣ ਦੇ ਰਾਹੇ ਪਾ ਦਿੱਤਾ ਗਿਆ ਹੈ। ਤਾਜ਼ਾ ਰਿਪੋਰਟਾਂ ਇਹ ਦੱਸਦੀਆਂ ਹਨ ਕਿ ਹੁਣ ਇਹ ਦੁੱਖ ਮਾਝੇ ਦੇ ਪਿੱਛੋਂ ਮਾਲਵੇ ਦੇ ਉਸ ਖਿੱਤੇ ਵਿਚ ਵੀ ਚਲਾ ਗਿਆ ਹੈ, ਜਿੱਥੋਂ ਦੇ ਲੋਕ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਉਤੇ ਹਰ ਵਾਰ ਭਰੋਸਾ ਪ੍ਰਗਟ ਕਰਦੇ ਹਨ। ਮੁਕਤਸਰ ਜ਼ਿਲੇ ਦਾ ਲੰਬੀ ਖੇਤਰ ਵੀ ਇਸ ਦੀ ਲਪੇਟ ਵਿਚ ਆਈ ਜਾਂਦਾ ਹੈ ਤੇ ਪਹਿਲਾਂ ਕੈਂਸਰ ਦੀ ਬਿਮਾਰੀ ਦੇ ਮਾਰੇ ਹੋਏ ਮਾਲਵੇ ਦੇ ਲੋਕ ਇਸ ਨਵੀਂ ਮੁਸੀਬਤ ਵਿਚ ਫਸਦੇ ਜਾ ਰਹੇ ਹਨ।
ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਪੰਜਾਬ ਵਿਚ ਇਹ ਮੁਸੀਬਤ ਸਿਰਫ ਪਿੰਡਾਂ ਦੇ ਲੋਕਾਂ ਦੀ ਹੈ ਤੇ ਸ਼ਹਿਰਾਂ ਵਾਲਿਆਂ ਦਾ ਇਸ ਤੋਂ ਬਚਾਅ ਰਹੇਗਾ। ਜਿਹੜੀ ਸਬਜ਼ੀ ਸ਼ਹਿਰੀ ਮੰਡੀਆਂ ਵਿਚ ਪਹੁੰਚਦੀ ਹੈ, ਉਹ ਵੀ ਤੇ ਦੁੱਧ ਆਦਿ ਵੀ, ਇਨ੍ਹਾਂ ਹੀ ਪਿੰਡਾਂ ਤੋਂ ਆਉਣਾ ਹੁੰਦਾ ਹੈ। ਜਦੋਂ ਉਹ ਸ਼ਹਿਰਾਂ ਤੱਕ ਆਉਂਦਾ ਹੈ ਤਾਂ ਇਸ ਮਰਜ਼ ਦੀ ਕੁਝ ਨਾ ਕੁਝ ਹਿੱਸਾ-ਪੱਤੀ ਸ਼ਹਿਰੀ ਲੋਕਾਂ ਦੇ ਪੇਟ ਤੱਕ ਵੀ ਪਹੁੰਚਣੀ ਹੁੰਦੀ ਹੈ। ਉਹ ਇਸ ਤੋਂ ਬਚੇ ਨਹੀਂ ਰਹਿ ਸਕਦੇ। ਹੈਰਾਨੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਨੂੰ ਲੋਕਾਂ ਨੇ ਇਸ ਲਈ ਚੁਣ ਕੇ ਭੇਜਿਆ ਹੈ ਕਿ ਉਹ ਰਾਜਧਾਨੀ ਵਿਚ ਪਹੁੰਚ ਕੇ ਉਨ੍ਹਾਂ ਲਈ ਹਾਅ ਦਾ ਨਾਹਰਾ ਮਾਰਨਗੇ, ਉਨ੍ਹਾਂ ਦੇ ਦੁੱਖਾਂ ਦੀ ਬਾਤ ਪਾਉਣਗੇ, ਉਨ੍ਹਾਂ ਵਿਚੋਂ ਕਿਸੇ ਇੱਕ ਨੇ ਵੀ ਕਦੀ ਇਸ ਸਬੰਧ ਵਿਚ ਗੱਲ ਕਰਨ ਦੀ ਲੋੜ ਤੱਕ ਨਹੀਂ ਸਮਝੀ। ਵੋਟਾਂ ਲੈਣ ਵੇਲੇ ਹਰ ਵਾਰੀ ਲੋਕਾਂ ਦੇ ਬਨੇਰਿਆਂ ਦੁਆਲੇ ਉਡਣ ਵਾਲੀ ਫਸਲੀ ਬਟੇਰਿਆਂ ਦੀ ਡਾਰ ਇਹ ਨਹੀਂ ਸਮਝਦੀ ਕਿ ਜੇ ਲੋਕ ਕਿਸੇ ਬਿਮਾਰੀ ਦਾ ਸ਼ਿਕਾਰ ਹੁੰਦੇ ਹਨ ਤਾਂ ਬਹੁਤਾ ਚਿਰ ਉਹ ਆਪ ਵੀ ਬਚੇ ਨਹੀਂ ਰਹਿਣੇ। ‘ਡੂਬੇਗੀ ਕਿਸ਼ਤੀ ਤੋ ਡੂਬੇਂਗੇ ਸਾਰੇ, ਨਾ ਤੁਮ ਹੀ ਬਚੋਗੇ, ਨਾ ਸਾਥੀ ਤੁਮਾਰੇ’ ਵਾਲੀ ਗੱਲ ਜਿਸ ਦਿਨ ਵਾਪਰਨੀ ਸ਼ੁਰੂ ਹੋ ਗਈ, ਉਦੋਂ ਉਨ੍ਹਾਂ ਆਗੂਆਂ ਦੇ ਕਰਨ ਲਈ ਬਾਕੀ ਕੁਝ ਰਹਿ ਹੀ ਨਹੀਂ ਜਾਣਾ।
Leave a Reply