ਚੰਡੀਗੜ੍ਹ: ਹੁਣ ਤੱਕ ਭਾੜੇ ‘ਤੇ ਹੈਲੀਕਾਪਟਰ ਲੈ ਕੇ ਬੁੱਤ ਸਾਰ ਰਹੀ ਪੰਜਾਬ ਸਰਕਾਰ ਕੋਲ ਹੁਣ ਘਰ ਦੀ ਸਵਾਰੀ ਹੋਵੇਗੀ। ਡਾਇਰੈਕਟਰ ਜਨਰਲ ਸਿਵਲ ਏਵੀਏਸ਼ਨ (ਡੀæਜੀæਸੀæਏ) ਨੇ ਹੈਲੀਕਾਪਟਰ ਉਡਾਉਣ ਦਾ ਪਰਮਿਟ ਸੂਬਾ ਸਰਕਾਰ ਨੂੰ ਜਾਰੀ ਕਰ ਦਿੱਤਾ ਹੈ। ਸਰਕਾਰ ਵੱਲੋਂ 37 ਕਰੋੜ ਰੁਪਏ ਨਾਲ ਅਮਰੀਕਨ ਕੰਪਨੀ ਤੋਂ ‘ਬੈਲ-429’ ਖਰੀਦਿਆ ਹੈ। ਇਹ ਹੈਲੀਕਾਪਟਰ ਜਨਵਰੀ ਮਹੀਨੇ ਨਵੀਂ ਦਿੱਲੀ ਆ ਗਿਆ ਸੀ, ਪਰ ਸ਼ਹਿਰੀ ਹਵਾਬਾਜ਼ੀ ਵਿਭਾਗ ਦੀਆਂ ਸ਼ਰਤਾਂ ਕਾਰਨ ਉਹ ਹੈਲੀਕਾਪਟਰ 4 ਮਹੀਨੇ ਤੱਕ ਉਡਾਣ ਨਹੀਂ ਭਰ ਸਕਿਆ। ਪੰਜਾਬ ਸਰਕਾਰ ਵੱਲੋਂ ਆਪਣੀ ਮਾਲਕੀ ਵਾਲਾ ਹੈਲੀਕਾਪਟਰ ਪਹਿਲੀ ਵਾਰੀ ਖਰੀਦਿਆ ਗਿਆ ਹੈ ਹਾਲਾਂਕਿ ਵਿੱਤੀ ਸੰਕਟ ਕਾਰਨ ਸਰਕਾਰ ਦੀ ਤਿੱਖੀ ਨੁਕਤਾਚੀਨੀ ਵੀ ਹੋਈ। ਰਾਜ ਸਰਕਾਰ ਕੋਲ ਇਸ ਤੋਂ ਪਹਿਲਾਂ ਦੋ ਛੋਟੇ ਜਹਾਜ਼ ਜ਼ਰੂਰ ਸਨ। ਦੋਵੇਂ ਹਾਦਸਾਗ੍ਰਸਤ ਹੋ ਗਏ ਸਨ। ਇਕ ਹਾਦਸੇ ਵਿਚ ਤਾਂ ਤੱਤਕਾਲੀ ਰਾਜਪਾਲ ਸੁਰਿੰਦਰ ਨਾਥ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ ਸੀ, ਦੂਜਾ ਜਹਾਜ਼ ਚਾਰ ਸਾਲ ਪਹਿਲਾਂ ਲੁਧਿਆਣਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਡੀæਜੀæਸੀæਏ ਵੱਲੋਂ ਰਜਿਸਟਰੇਸ਼ਨ ਕਰਨ ਤੇ ਲੋੜੀਂਦਾ ਪਰਮਿਟ ਜਾਰੀ ਕਰਨ ਤੋਂ ਬਾਅਦ ਇਹ ਹੈਲੀਕਾਪਟਰ ਹੁਣ ਉੱਡਣ ਦੇ ਸਮਰੱਥ ਹੋ ਗਿਆ ਹੈ। ਪੰਜਾਬ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਤਿੰਨ ਪਾਇਲਟਾਂ ਤੇ ਹੋਰ ਲੋੜੀਂਦੇ ਅਮਲੇ ਦੀ ਭਰਤੀ ਕਰ ਲਈ ਹੈ। ਸੂਤਰਾਂ ਮੁਤਾਬਕ ਹੈਲੀਕਾਪਟਰ ਨੂੰ ਉਡਾਉਣ ਦਾ ਖਰਚਾ ਪ੍ਰਤੀ ਮਹੀਨਾ 50 ਤੋਂ 60 ਲੱਖ ਰੁਪਏ ਤੱਕ ਆਉਣ ਦਾ ਅਨੁਮਾਨ ਹੈ। ਇਸ ਸਮੇਂ ਰਾਜ ਸਰਕਾਰ ਵੱਲੋਂ ਨਿੱਜੀ ਖੇਤਰ ਦੀ ਕੰਪਨੀ ਗਲੋਬਲ ਵਿਕਟਰਾ ਦਾ ਹੈਲੀਕਾਪਟਰ ਭਾੜੇ ‘ਤੇ ਲਿਆ ਹੋਇਆ ਹੈ। ਹਵਾਈ ਸਫ਼ਰ ‘ਤੇ ਇਸ ਸਮੇਂ ਸਰਕਾਰ ਦਾ ਪ੍ਰਤੀ ਮਹੀਨਾ ਤਕਰੀਬਨ 1 ਕਰੋੜ ਦੇ ਖਰਚ ਹੋ ਰਿਹਾ ਹੈ। ਸ਼ਹਿਰੀ ਹਵਾਬਾਜ਼ੀ ਵਿਭਾਗ ਦਾ ਦਾਅਵਾ ਹੈ ਕਿ ਨਵਾਂ ਹੈਲੀਕਾਪਟਰ ਨਵੀਂ ਤਕਨੀਕ ਨਾਲ ਲੈਸ ਹੋਵੇਗਾ। ਇਹ ਰਾਤ ਸਮੇਂ ਵੀ ਉਡਾਣ ਭਰ ਸਕੇਗਾ। ਇਸ ਹੈਲੀਕਾਪਟਰ ਵਿਚ ਆਮ ਤੌਰ ‘ਤੇ ਸੂਬੇ ਦੇ ਰਾਜਪਾਲ ਸ਼ਿਵਰਾਜ ਵੀæ ਪਾਟਿਲ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮੁੱਖ ਮੰਤਰੀ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਹੀ ਸਫ਼ਰ ਕਰਦੇ ਹਨ। ਹੋਰ ਕਿਸੇ ਮੰਤਰੀ ਨੂੰ ਤਾਂ ਹੈਲੀਕਾਪਟਰ ਦਾ ਝੂਟਾ ਕਦੇ ਹੀ ਨਸੀਬ ਹੁੰਦਾ ਹੈ। ਪੰਜਾਬ ਸਰਕਾਰ ਨੇ ਢਾਈ ਦਹਾਕੇ ਤੋਂ ਵੱਧ ਸਮਾਂ ਜਨਤਕ ਖੇਤਰ ਦੀ ਕੰਪਨੀ ਪਵਨ ਹੰਸ ਦਾ ਜਹਾਜ਼ ਭਾੜੇ ‘ਤੇ ਰੱਖਿਆ, ਪਰ ਇਸ ਕੰਪਨੀ ਦਾ ਹੈਲੀਕਾਪਟਰ ਚੰਡੀਗੜ੍ਹ ਹਵਾਈ ਅੱਡੇ ‘ਤੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਸਰਕਾਰ ਨੇ ਗਲੋਬਲ ਵਿਕਟਰਾ ਦਾ ਹੈਲੀਕਾਪਟਰ ਲੈ ਲਿਆ ਸੀ।
Leave a Reply