ਨਵੀਂ ਦਿੱਲੀ: ਦਿੱਲੀ ਦੇ ਮੁਖਰਜੀ ਨਗਰ ਇਲਾਕੇ ‘ਚ ਮਾਮੂਲੀ ਵਿਵਾਦ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਸਿੱਖ ਡਰਾਈਵਰ ਤੇ ਉਸ ਦੇ ਪੁੱਤਰ ਨਾਲ ਸੜਕ ਉਤੇ ਬਹੁਤ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।
ਮੁਖਰਜੀ ਨਗਰ ਇਲਾਕੇ ‘ਚ ਸਵਾਰੀਆਂ ਲੈ ਕੇ ਜਾਣ ਵਾਲੀ ‘ਗ੍ਰਾਮੀਣ ਸੇਵਾ’ ਦਾ ਵਾਹਨ ਚਲਾਉਣ ਵਾਲੇ ਦੋਵੇਂ ਗੁਰਸਿੱਖ ਪਿਉ-ਪੁੱਤਰ ਦੀ ਤਕਰੀਬਨ ਇਕ ਦਰਜਨ ਪੁਲਿਸ ਮੁਲਾਜ਼ਮਾਂ ਵੱਲੋਂ ਡੰਡਿਆਂ, ਲੱਤਾਂ ਤੇ ਮੁੱਕਿਆਂ ਨਾਲ ਕੁੱਟਮਾਰ ਅਤੇ ਬੇਰਹਿਮੀ ਨਾਲ ਸੜਕਾਂ ‘ਤੇ ਘੜੀਸਣ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਣ ਤੋਂ ਬਾਅਦ ਵੱਡੀ ਗਿਣਤੀ ‘ਚ ਸਿੱਖ ਭਾਈਚਾਰੇ ਦੇ ਲੋਕ ਤੇ ਆਗੂ ਮੁਖਰਜੀ ਨਗਰ ਪੁਲਿਸ ਥਾਣੇ ਦੇ ਬਾਹਰ ਪੁੱਜਣੇ ਸ਼ੁਰੂ ਹੋ ਗਏ
ਅਤੇ ਦੋਸ਼ੀ ਪੁਲਿਸ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਜਾਰੀ ਰੱਖਿਆ। ਹਾਲਾਂਕਿ ਸਿੱਖਾਂ ਦੇ ਰੋਹ ਨੂੰ ਵੇਖਦੇ ਹੋਏ ਤਿੰਨ ਪੁਲਿਸ ਕਰਮਚਾਰੀਆਂ ਏ.ਐਸ਼ਆਈ. ਸੰਜੇ ਮਲਿਕ, ਏ.ਐਸ਼ਆਈ. ਦਵਿੰਦਰ ਤੇ ਕਾਂਸਟੇਬਲ ਪੁਸ਼ਪਿੰਦਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਵੀ ਦੇ ਦਿੱਤੇ ਹਨ ਪਰ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਡਰਾਈਵਰ ਸਰਬਜੀਤ ਸਿੰਘ ਵੱਲੋਂ ਪਹਿਲਾਂ ਪੁਲਿਸ ਮੁਲਾਜ਼ਮਾਂ ‘ਤੇ ਤਲਵਾਰ ਨਾਲ ਹਮਲਾ ਕੀਤਾ ਗਿਆ, ਜਿਸ ‘ਚ 2 ਪੁਲਿਸ ਕਰਮੀ ਬੁਰੀ ਤਰ੍ਹਾਂ ਜਖਮੀ ਹੋ ਗਏ।
ਘਟਨਾ ਨਾਲ ਪੁਲਿਸ ਦੇ ਰਵੱਈਏ ‘ਤੇ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਜਾਣਕਾਰੀ ਮੁਤਾਬਕ ਜਿਸ ਮਾਮੂਲੀ ਵਿਵਾਦ ਨੂੰ ਪੇਸ਼ੇਵਰ ਤਰੀਕੇ ਹੀ ਸੌਖੇ ਤੇ ਸ਼ਾਂਤੀਪੂਰਨ ਢੰਗ ਨਾਲ ਕੁਝ ਸਮੇਂ ‘ਚ ਹੀ ਨਿਪਟਾਇਆ ਜਾ ਸਕਦਾ ਸੀ, ਉਸ ਦੇ ਲਈ ਪੁਲਿਸ ਕਰਮੀਆਂ ਨੇ ਬੇਹੱਦ ਗੈਰ ਪੇਸ਼ੇਵਰ ਤਰੀਕਾ ਅਪਣਾਉਂਦੇ ਹੋਏ ਸਿੱਖ ਪਿਉ-ਪੁੱਤ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਨਾਲ ਹੀ ਸਿੱਖਾਂ ਪ੍ਰਤੀ ਨਫਰਤ ਭਰੇ ਹੋਣ ਦਾ ਅਹਿਸਾਸ ਵੀ ਕਰਵਾਇਆ। ਵਾਇਰਲ ਵੀਡੀਓ ‘ਚ ਪੁਲਿਸ ਮੁਲਾਜ਼ਮ ਤੇ ਸਰਬਜੀਤ ਸਿੰਘ ਦੀ ਬਹਿਸਬਾਜ਼ੀ ਹੁੰਦੀ ਨਜ਼ਰ ਆ ਰਹੀ ਹੈ ਅਤੇ ਉਸ ਤੋਂ ਬਾਅਦ ਜਦ ਸਰਬਜੀਤ ਨੂੰ ਉਸ ਦਾ ਪੁੱਤਰ ਉਥੋਂ ਹਟਾ ਕੇ ਇਕ ਪਾਸੇ ਲੈ ਜਾਂਦਾ ਹੈ ਤਾਂ ਦਰਜਨ ਦੇ ਕਰੀਬ ਪੁਲਿਸ ਮੁਲਾਜ਼ਮ ਪਿਸਟਲ ਤੇ ਡੰਡਿਆਂ ਸਮੇਤ ਉਨ੍ਹਾਂ ਨੂੰ ਇਸ ਤਰ੍ਹਾਂ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਨ ਜਿਵੇਂ ਪਿਉ-ਪੁੱਤ ਕੋਲ ਬਹੁਤ ਵੱਡੇ ਹਥਿਆਰ ਹੋਣ। ਇਕ ਹੋਰ ਵੱਡਾ ਸਵਾਲ ਇਹ ਹੈ ਕਿ ਜਦ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਹੀ ਲਿਆ ਸੀ ਤਾਂ ਉਸ ਦੇ ਬਾਅਦ ਵੀ ਸੜਕਾਂ ‘ਤੇ ਬੁਰੀ ਤਰ੍ਹਾਂ ਘੜੀਸਿਆ ਤੇ ਕੁੱਟਮਾਰ ਕਿਉਂ ਕੀਤੀ ਗਈ?
_________________________
ਦਿੱਲੀ ਪੁਲਿਸ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ: ਜਥੇਦਾਰ
ਸ੍ਰੀ ਆਨੰਦਪੁਰ ਸਾਹਿਬ: ਦਿੱਲੀ ਦੀ ਪੁਲਿਸ ਦੇ ਕੁਝ ਮੁਲਾਜ਼ਮਾਂ ਵੱਲੋਂ ਦੋ ਸਿੱਖਾਂ ਨਾਲ ਕੀਤਾ ਗਿਆ ਗੁੰਡਾਗਰਦੀ ਦਾ ਨੰਗਾ ਨਾਚ ਕਿਸੇ ਵੀ ਸੂਰਤ ‘ਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਤੁਰਤ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ। ਇਹ ਪ੍ਰਗਟਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਰਦੇ ਹੋਏ ਕਿਹਾ ਕਿ ਜਿਸ ਵਰਦੀਧਾਰੀ ਪੁਲਿਸ ਨੇ ਆਮ ਜਨਤਾ ਨੂੰ ਜ਼ੁਲਮ ਤੇ ਤਸ਼ੱਦਦ ਤੋਂ ਬਚਾਉਣਾ ਹੈ, ਉਹੀ ਪੁਲਿਸ ਦੇ ਅੱਧੀ ਦਰਜਨ ਮੁਲਾਜ਼ਮ ਪਿਸਤੌਲ ਦੀ ਨੋਕ ‘ਤੇ ਇੱਕ ਬਜ਼ੁਰਗ ਸਿੱਖ ਤੇ ਉਸ ਦਾ ਬੱਚਾ ਬੁਰੀ ਤਰ੍ਹਾਂ ਨਾਲ ਕੁੱਟਿਆ ਹੀ ਨਹੀਂ ਬਲਕਿ ਉਸ ਦੀ ਦਸਤਾਰ ਦੀ ਵੀ ਬੇਅਦਬੀ ਕੀਤੀ ਗਈ ਹੈ।
_________________________
ਦਿੱਲੀ ਪੁਲਿਸ ਵੱਲੋਂ ਦੋਹਾਂ ਧਿਰਾਂ ਖਿਲਾਫ ਕੇਸ ਦਰਜ
ਨਵੀਂ ਦਿੱਲੀ: ਮੁਖਰਜੀ ਨਗਰ ਵਿਚ ਗ੍ਰਾਮੀਣ ਆਟੋ ਚਾਲਕ ਸਰਬਜੀਤ ਸਿੰਘ ਵੱਲੋਂ ਕੀਤੀ ਸ਼ਿਕਾਇਤ ‘ਤੇ ਦਿੱਲੀ ਪੁਲਿਸ ਨੇ ਆਟੋ ਚਾਲਕ ਤੇ ਦਿੱਲੀ ਪੁਲਿਸ ਮੁਲਾਜ਼ਮਾਂ ਖਿਲਾਫ ਸਮਾਨਾਤਰ ਮਾਮਲੇ ਦਰਜ ਕੀਤੇ ਹਨ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਅਪਰਾਧ ਸ਼ਾਖਾ ਨੂੰ ਸੌਂਪ ਦਿੱਤੀ ਹੈ। ਇਸੇ ਦੌਰਾਨ ਦੇਰ ਰਾਤ ਦਿੱਲੀ ਦੇ ਸੈਂਕੜੇ ਸਿੱਖਾਂ ਨੇ ਮੁਖਰਜੀ ਨਗਰ ਥਾਣੇ ਦਾ ਘਿਰਾਉ ਕਰ ਦਿੱਤਾ। ਬਲਜੀਤ ਸਿੰਘ ਦਾਦੂਵਾਲ ਸਮੇਤ ਹੋਰ ਸ਼ਖ਼ਸੀਅਤਾਂ ਵੀ ਮੌਕੇ ‘ਤੇ ਪੁੱਜ ਗਈਆਂ ਤੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ। ਦਿਨ ਵੇਲੇ ਹੀ ਇਲਾਕੇ ਵਿਚ ਨੀਮ ਫੌਜੀ ਬਲ ਤਾਇਨਾਤ ਕਰ ਦਿੱਤੇ ਗਏ ਸਨ।
_________________________
ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਹੋਵੇ: ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਟੋ ਚਾਲਕ ਸਰਬਜੀਤ ਸਿੰਘ ਨਾਲ ਉਸ ਦੇ ਘਰ ਗਾਂਧੀ ਨਗਰ ਵਿਚ ਮੁਲਾਕਾਤ ਕੀਤੀ ਤੇ ਕਥਿਤ ਦੋਸ਼ੀ ਪੁਲਿਸ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਿਵੇਂ ਸਰਬਜੀਤ ਨੂੰ ਕੁੱਟਿਆ ਗਿਆ ਇਹ ਜ਼ਾਲਮਾਨਾ ਤੇ ਵਹਿਸ਼ੀਆਨਾ ਸੀ। ਉਨ੍ਹਾਂ ਉਪਰਾਜਪਾਲ, ਡੀ.ਸੀ.ਪੀ. ਤੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਮਾਮਲੇ ਦੀ ਨਿਰਪੱਖ ਜਾਂਚ ਦੀ ਅਪੀਲ ਕੀਤੀ। ਉਧਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਵਫਦ ਪੁਲਿਸ ਕਮਿਸ਼ਨਰ ਅਮੁੱਲਿਆ ਪਾਟਨਾਇਕ ਨੂੰ ਮਿਲਿਆ। ਦਿੱਲੀ ਗੁਡਸ ਟਰਾਂਸਪੋਰਟ ਐਸੋਸੀਏਸ਼ਨ ਦੇ ਪਰਮੀਤ ਸਿੰਘ ਗੋਲਡੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਪੁਲਿਸ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਘਟਨਾ ਨੂੰ ਪੁਲਿਸ ਦੀ ਗੈਰ-ਪੇਸ਼ੇਵਾਰਾਨਾ ਕਾਰਵਾਈ ਦੱਸਿਆ।