‘ਆਪ’ ਦੇ ਦਲਬਦਲੂ ਵਿਧਾਇਕਾਂ ਦੇ ਸਿਰ ਉਤੇ ਕੈਪਟਨ ਸਰਕਾਰ ਦਾ ਹੱਥ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜ ਅਸਤੀਫਾ ਦੇਣ ਵਾਲੇ ਅਤੇ ਦਲਬਦਲੀਆਂ ਕਰ ਚੁੱਕੇ ਵਿਧਾਇਕਾਂ ਦੇ ਦੋਵੀਂ ਹੱਥੀਂ ਲੱਡੂ ਹਨ। ਇਨ੍ਹਾਂ ਦੀ ਵਿਧਾਇਕੀ ਜਿਥੇ ਅੱਜ ਵੀ ਬਰਕਰਾਰ ਹੈ, ਉਥੇ ਉਨ੍ਹਾਂ ਨੂੰ ਵਿਧਾਨ ਸਭਾ ਦੀਆਂ ਕਮੇਟੀਆਂ ਵਿਚ ਵੀ ਨਾਮਜ਼ਦ ਕੀਤਾ ਗਿਆ ਹੈ।

ਇਨ੍ਹਾਂ ਪੰਜਾਂ ਤੋਂ ਇਲਾਵਾ ‘ਆਪ’ ਦੇ ਚਾਰ ਬਾਗੀ ਵਿਧਾਇਕਾਂ ਨੂੰ ਵੀ ਪੰਜਾਬ ਵਿਧਾਨ ਸਭਾ ਵੱਲੋਂ ਗਠਿਤ ਕੀਤੀਆਂ 13 ਵੱਖ-ਵੱਖ ਕਮੇਟੀਆਂ ਵਿਚ ਥਾਂ ਮਿਲੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵੱਲੋਂ ਗਠਿਤ ਕੀਤੀਆਂ ਕਮੇਟੀਆਂ ਵਿਚ ਲੋਕ ਸਭਾ ਚੋਣਾਂ ਦੌਰਾਨ ਦਲਬਦਲੀ ਕਰਕੇ ਕਾਂਗਰਸ ਵਿਚ ਸ਼ਾਮਲ ਹੋਏ ‘ਆਪ’ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਵਿਸ਼ੇਸ਼ ਅਧਿਕਾਰ ਕਮੇਟੀ ਅਤੇ ਪਟੀਸ਼ਨ ਕਮੇਟੀ ਦੋਵਾਂ ਵਿਚ ਨਾਮਜ਼ਦ ਹਨ। ਇਸੇ ਤਰ੍ਹਾਂ ਲੋਕ ਸਭਾ ਚੋਣਾਂ ਦੌਰਾਨ ‘ਆਪ’ ਤੇ ਖਾਸ ਕਰਕੇ ਆਪਣੇ ਬਾਗੀ ਸਾਥੀ ਸੁਖਪਾਲ ਸਿੰਘ ਖਹਿਰਾ ਨੂੰ ਝਟਕਾ ਦੇ ਕੇ ਕਾਂਗਰਸ ‘ਚ ਸ਼ਾਮਲ ਹੋਏ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਵੀ ਲਾਇਬ੍ਰੇਰੀ ਕਮੇਟੀ ਵਿਚ ਨਾਮਜ਼ਦ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਸ਼ ਸੰਦੋਆ ਅਤੇ ਸ਼ ਮਾਨਸ਼ਾਹੀਆ ਉਪਰ ਦਲਬਦਲੀ ਕਾਰਨ ਉਨ੍ਹਾਂ ਉਪਰ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਹੋਣ ਦੀ ਤਲਵਾਰ ਲਟਕੀ ਪਈ ਹੈ ਅਤੇ ਇਹ ਦੋਵੇਂ ਵਿਧਾਇਕ ਦੇ ਅਹੁਦਿਆਂ ਤੋਂ ਅਸਤੀਫੇ ਵੀ ਦੇ ਚੁੱਕੇ ਹਨ। ਸ਼ ਮਾਨਸ਼ਾਹੀਆ ਨੂੰ ਸਪੀਕਰ ਵੱਲੋਂ ਅਸਤੀਫੇ ਦੇ ਮਾਮਲੇ ਵਿਚ ਸੁਣਵਾਈ ਕਰਨ ਲਈ 30 ਜੁਲਾਈ ਨੂੰ ਸੱਦਿਆ ਵੀ ਗਿਆ ਹੈ। ਇਨ੍ਹਾਂ ਤੋਂ ਇਲਾਵਾ ‘ਆਪ’ ਦੇ ਮੁੱਖ ਬਾਗੀ ਅਤੇ ਪਾਰਟੀ ਤੇ ਵਿਧਾਇਕ ਦੇ ਅਹੁਦਿਆਂ ਤੋਂ ਵੀ ਅਸਤੀਫਾ ਦੇ ਚੁੱਕੇ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਖਹਿਰਾ ਨੂੰ ਵੀ ਮੇਜ ‘ਤੇ ਰੱਖੇ ਜਾਣ ਵਾਲੇ ਕਾਗਜ-ਪੱਤਰਾਂ ਸਬੰਧੀ ਕਮੇਟੀ ਵਿਚ ਨਾਮਜ਼ਦ ਕੀਤਾ ਹੈ। ਸ਼ ਖਹਿਰਾ ਦਾ ਅਸਤੀਫਾ ਪ੍ਰਵਾਨ ਕਰਨ ਦਾ ਮਾਮਲਾ ਵਿਧਾਨ ਸਭਾ ਦੇ ਸਪੀਕਰ ਦੇ ਵਿਚਾਰ ਅਧੀਨ ਹੈ ਅਤੇ ਉਨ੍ਹਾਂ ਨੂੰ ਇਸ ਸਬੰਧ ਵਿਚ 30 ਜੁਲਾਈ ਨੂੰ ਸੱਦਿਆ ਹੈ। ‘ਆਪ’ ਤੋਂ ਅਸਤੀਫਾ ਦੇ ਕੇ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਵੀ ਸਰਕਾਰੀ ਆਸ਼ਵਾਸਨਾ ਕਮੇਟੀ ਵਿਚ ਨਾਮਜ਼ਦ ਕੀਤਾ ਹੈ।
ਦੱਸਣਯੋਗ ਹੈ ਕਿ ਭਾਵੇਂ ਬਲਦੇਵ ਸਿੰਘ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਪਰ ਉਨ੍ਹਾਂ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਖਾਰਜ ਕਰਨ ਦੀ ਪਟੀਸ਼ਨ ਪੈ ਚੁੱਕੀ ਹੈ ਅਤੇ ਉਨ੍ਹਾਂ ਨੂੰ ਵੀ ਸਪੀਕਰ ਨੇ ਇਸ ਮਾਮਲੇ ਸਬੰਧੀ 20 ਅਗਸਤ ਨੂੰ ਸੱਦਿਆ ਹੈ।
ਇਸੇ ਤਰ੍ਹਾਂ ‘ਆਪ’ ਦੇ ਦਾਖਾ ਤੋਂ ਵਿਧਾਇਕ ਐਚ.ਐਸ਼ ਫੂਲਕਾ ਵੀ ਕਈ ਮਹੀਨੇ ਪਹਿਲਾਂ ‘ਆਪ’ ਤੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਅਧੀਨ ਵਿਧਾਨ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਹੈ। ਸਪੀਕਰ ਵੱਲੋਂ ‘ਆਪ’ ਦੇ 4 ਹੋਰ ਬਾਗੀ ਵਿਧਾਇਕਾਂ ਕੰਵਰ ਸੰਧੂ, ਜਗਤਾਰ ਸਿੰਘ ਜੱਗਾ, ਪਿਰਮਲ ਸਿੰਘ ਖਾਲਸਾ ਅਤੇ ਜਗਦੇਵ ਸਿੰਘ ਕਮਾਲੂ ਨੂੰ ਕਮੇਟੀਆਂ ਵਿਚ ਨਾਮਜ਼ਦ ਕੀਤਾ ਹੈ। ‘ਆਪ’ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਲੋਕ ਲੇਖਾ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਨਿਵਾਜਿਆ ਗਿਆ ਹੈ। ਸਪੀਕਰ ਵੱਲੋਂ ਕੁੱਲ 13 ਕਮੇਟੀਆਂ ‘ਚੋਂ ਕੇਵਲ ਦੋ ਕਮੇਟੀਆਂ ਦੇ ਚੇਅਰਮੈਨ ਹੀ ਵਿਰੋਧੀ ਧਿਰ ਦੇ ਵਿਧਾਇਕਾਂ ਵਿਚੋਂ ਲਾਏ ਹਨ, ਜਿਨ੍ਹਾਂ ‘ਚੋਂ ਇਕ ਸ਼ ਸੰਧਵਾਂ ਹਨ।