ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਰਾਜ ਵਿਚੋਂ ਨਸ਼ੇ ਦੇ ਖਾਤਮੇ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਬਾਵਜੂਦ ਸਰਹੱਦ ਨਾਲ ਲੱਗਦੀ ਮਾਝੇ ਦੀ ਧਰਤੀ ਨਸ਼ਿਆਂ ਦੀ ਲਪੇਟ ਵਿਚ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਤਾ ਵਿਚ ਆਉਣ ‘ਤੇ ਚਾਰ ਹਫਤਿਆਂ ਵਿਚ ਨਸ਼ਾ ਖਤਮ ਕਰਨ ਸਬੰਧੀ ਖਾਧੀ ਸਹੁੰ ਦਾ ਲੋਕਾਂ ਤੇ ਸਿਆਸੀ ਧਿਰਾਂ ਵਲੋਂ ਮਜ਼ਾਕ ਉਡਾਇਆ ਜਾ ਰਿਹਾ ਹੈ।
ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਸਪਲਾਈ ਤੋੜਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਕਈ ਨੌਜਵਾਨ ਵਧੇਰੇ ਨਸ਼ਾ ਲੈਣ ਕਾਰਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਹਾਲ ਹੀ ਵਿਚ ਪਿੰਡ ਕਾਦਰਾਬਾਦ ਦੇ 23 ਸਾਲਾ ਨੌਜਵਾਨ ਦੀ ਵਧੇਰੇ ਨਸ਼ੇ ਕਾਰਨ ਮੌਤ ਹੋ ਗਈ ਸੀ ਅਤੇ ਇਸ ਤੋਂ ਕੁਝ ਦਿਨ ਪਹਿਲਾਂ ਹੀ ਨੇੜਲੇ ਪਿੰਡ ਕੋਟਲੀ ਮੱਲੀਆਂ ਦੇ ਇਕ ਨੌਜਵਾਨ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਮਾਝੇ ਅੰਦਰ ਪਿਛਲੇ ਕੁਝ ਸਮੇਂ ਵਿਚ ਹੀ ਦਰਜਨ ਦੇ ਕਰੀਬ ਨੌਜਵਾਨ ਸਿਵਿਆਂ ਦੇ ਰਾਹ ਪੈ ਚੁੱਕੇ ਹਨ। ਨਸ਼ਿਆਂ ਵਿਰੁੱਧ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਵਿਚ ਪੁਲਿਸ ਦੀ ਕਾਰਗੁਜ਼ਾਰੀ ਵੀ ਸ਼ੱਕ ਦੇ ਘੇਰੇ ਵਿਚ ਹੈ। ਹਾਲ ਹੀ ਵਿਚ ਮਜੀਠਾ ਹਲਕੇ ਅੰਦਰ ਇੱਕ ਨੌਜਵਾਨ ਨੂੰ ਅਗਵਾ ਕਰਕੇ ਉਸ ਉਪਰ ਨਸ਼ਾ ਤਸਕਰੀ ਦੇ ਇਲਜ਼ਾਮ ਲਾਉਣ ਦੇ ਮਾਮਲੇ ਵਿਚ ਥਾਣੇਦਾਰ ਸਮੇਤ ਪੰਜ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਆਰਥਿਕ ਪੱਖੋਂ ਟੁੱਟ ਚੁੱਕੇ ਨੌਜਵਾਨਾਂ ਵਲੋਂ ਨਸ਼ੇ ਦੀ ਪੂਰਤੀ ਲਈ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਹਨ। ਆਰਥਿਕ ਕਮਜ਼ੋਰ ਹੋ ਜਾਣ ਕਰਕੇ ਨਸ਼ੇੜੀਆਂ ਵਲੋਂ ਸਸਤੇ ਤੇ ਘਟੀਆ ਨਸ਼ਿਆਂ ਦਾ ਸੇਵਨ ਕੀਤਾ ਜਾ ਰਿਹਾ ਹੈ। ਪਿਛਲੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬ ਵਿਚ ਫੈਲੇ ਨਸ਼ਿਆਂ ਦੇ ਜਾਲ ਨੇ ਜਵਾਨੀ ਤਬਾਹ ਕਰਕੇ ਰੱਖ ਦਿੱਤੀ ਹੈ। ਸਿਆਸੀ ਪਾਰਟੀਆਂ ਵਲੋਂ ਚੋਣਾਂ ਸਮੇਂ ਇਸ ਨੂੰ ਮੁੱਦਾ ਜ਼ਰੂਰ ਬਣਾਇਆ ਜਾਂਦਾ ਹੈ ਪਰ ਇਸ ਮਾਮਲੇ ਪ੍ਰਤੀ ਕੋਈ ਵੀ ਗੰਭੀਰ ਨਜ਼ਰ ਨਹੀਂ ਆ ਰਿਹਾ। ਸਮੈਕ ਤੇ ਹੈਰੋਇਨ ਦੇ ਕੀਮਤੀ ਨਸ਼ਿਆਂ ਤੋਂ ਇਲਾਵਾ ਹੁਣ ਗੋਲੀਆਂ ਤੇ ਸਿੰਥੈਟਿਕ ਡਰੱਗ ਦਾ ਇਸਤੇਮਾਲ ਜ਼ਿਆਦਾ ਕੀਤਾ ਜਾ ਰਿਹਾ ਹੈ ਜੋ ਬਹੁਤ ਘਾਤਕ ਹੈ।
ਨਸ਼ਾ ਛੁਡਾਉਣ ਦੀ ਆੜ ਵਿਚ ਸੈਂਕੜੇ ਨਾਜਾਇਜ਼ ਨਸ਼ਾ ਛੁਡਾਊ ਕੇਂਦਰ ਪੰਜਾਬ ਵਿਚ ਖੁੱਲ੍ਹੇ ਹੋਏ ਹਨ। ਇਨ੍ਹਾਂ ਕੇਂਦਰਾਂ ਵਿਚ ਨਸ਼ਾ ਛੁਡਾਉਣ ਦੇ ਨਾਂ ‘ਤੇ ਬੱਚਿਆਂ ਦਾ ਸਰੀਰਕ ਤੇ ਮਾਪਿਆਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਹਾਲ ਹੀ ਵਿਚ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਵੀ ਇਕ ਅਜਿਹੇ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਹੋਇਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਕਾਰੀ ਅੰਕੜਿਆਂ ਅਨੁਸਾਰ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਹੀ 15,324 ਨਸ਼ੇ ਤੋਂ ਗ੍ਰਸਤ ਰੋਗੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਪ੍ਰਾਈਵੇਟ ਕੇਂਦਰਾਂ ਵਿਚ ਵੱਖਰੇ ਨਸ਼ੇੜੀ ਦਾਖਲ ਹਨ। ਅੰਮ੍ਰਿਤਸਰ ਤੋਂ ਇਲਾਵਾ ਤਰਨ ਤਾਰਨ ਤੇ ਗੁਰਦਾਸਪੁਰ ਜ਼ਿਲ੍ਹਿਆਂ ਅੰਦਰ ਵੀ ਹਜ਼ਾਰਾਂ ਨੌਜਵਾਨ ਆਪਣਾ ਇਲਾਜ ਕਰਵਾ ਰਹੇ ਹਨ। ਸਰਕਾਰਾਂ ਵੱਲੋਂ ਸਮੇਂ ਸਮੇਂ ‘ਤੇ ਨਸ਼ਾ ਵਿਰੋਧੀ ਹਫਤੇ ਤੇ ਪੰਦਰਵਾੜੇ ਮਨਾਏ ਜਾਂਦੇ ਹਨ ਪਰ ਇਸ ਵਿਰੁੱਧ ਲੰਬੀ ਲੜਾਈ ਲੜਨ ਦੀ ਜ਼ਰੂਰਤ ਹੈ।
______________________
ਪੁਲਿਸ ਅਫਸਰ ਨੇ ਹੀ ਪੰਜਾਬ ‘ਚ ਨਸ਼ਿਆਂ ਦੇ ਕਾਰੋਬਾਰ ਦੀ ਖੋਲੀ ਪੋਲ
ਫਿਰੋਜ਼ਪੁਰ: ਐਸ਼ਐਸ਼ਪੀ. ਫਿਰੋਜ਼ਪੁਰ ਸੰਦੀਪ ਗੋਇਲ ਦੀ ਵਾਇਰਲ ਹੋ ਰਹੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ਼ ਇਥੇ ਨਸ਼ਿਆਂ ਵਿਚ ਗਲਤਾਨ ਹੋ ਰਹੀ ਜਵਾਨੀ ਨੂੰ ਸੁਧਾਰਨ ਲਈ ਸੈਮੀਨਾਰ ਕਰਾਇਆ ਗਿਆ ਸੀ। ਇਸ ਵਿਚ ਐਸ਼ਐਸ਼ਪੀ. ਗੋਇਲ ਨੇ ਆਪਣੇ ਹੀ ਵਿਭਾਗ ਨੂੰ ਖਰੀਆਂ-ਖਰੀਆਂ ਸੁਣਾਈਆਂ। ਉਨ੍ਹਾਂ ਨਸ਼ਾ ਖਤਮ ਨਾ ਹੋਣ ਪਿੱਛੇ ਪੁਲਿਸ ਦੀ ਨਾਕਾਮੀ ਨੂੰ ਵੱਡਾ ਕਾਰਨ ਦੱਸਿਆ। ਗੋਇਲ ਨੇ ਨਸ਼ਿਆਂ ਤੋਂ ਬਚਣ ਦੀ ਨਸੀਹਤ ਦਿੰਦਿਆਂ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਮਿਲਦੀ ਲੱਖਾਂ ਮੂੰਹੀਂ ਤਨਖਾਹ ਦਾ ਵਾਸਤਾ ਦਿੱਤਾ ਤੇ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਉਣ ਦੀ ਅਪੀਲ ਕੀਤੀ। ਨਸ਼ਾ ਵਿਰੋਧੀ ਸੈਮੀਨਾਰ ਵਿਚ ਐਸ਼ਐਸ਼ਪੀ. ਗੋਇਲ ਜ਼ਰਾ ਭਾਵੁਕ ਹੋ ਗਏ। ਉਨ੍ਹਾਂ ਦੀ ਪੁਲਿਸ ਪ੍ਰਸ਼ਾਸਨ ਵਿਰੁੱਧ ਬੁਲੰਦ ਕੀਤੀ ਆਵਾਜ਼ ਦਰਸਾਉਂਦੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਸਿਆਸੀ ਪ੍ਰਭਾਵ ਹੇਠ ਨਹੀਂ ਹਨ।
ਉਨ੍ਹਾਂ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਮਿਲਦੀਆਂ ਤਨਖਾਹਾਂ ਦਾ ਹਵਾਲਾ ਦਿੰਦਿਆਂ ਹਰ ਮੁਲਾਜ਼ਮ ਨੂੰ ਇਮਾਨਦਾਰੀ ਨਾਲ ਨੌਕਰੀ ਕਰਨ ਤੇ ਕਿਸੇ ਤਰ੍ਹਾਂ ਦੀ ਕਾਲੀ ਕਮਾਈ ਨਾ ਕਰਨ ਦੀ ਅਪੀਲ ਕੀਤੀ। ਵਾਇਰਲ ਹੋ ਰਹੀ ਵੀਡੀਓ ਵਿਚ ਐਸ਼ਐਸ਼ਪੀ. ਦੇ ਸ਼ਬਦ ਜਿਥੇ ਪੁਲਿਸ ਪ੍ਰਸ਼ਾਸਨ ਵਿਚ ਲੁਕੀਆਂ ਕਾਲੀਆਂ ਭੇਡਾਂ ਨੂੰ ਪਛਾਣਨ ਦੀ ਵਕਾਲਤ ਕਰ ਰਹੇ ਸਨ, ਉਥੇ ਸਿਆਸਤਦਾਨਾਂ ਦੇ ਖੌਫ ਤੋਂ ਵੀ ਆਜ਼ਾਦ ਦਿਖਾਈ ਦੇ ਰਹੇ ਹਨ।