ਪੰਜਾਬ ਸਰਕਾਰ ਵੱਲੋਂ ਸਨਅਤ ਮਾਲਕਾਂ ਨੂੰ ਬਿਜਲੀ ਸਬਸਿਡੀ ਦੇ ਖੁੱਲ੍ਹੇ ਗੱਫੇ

ਬਠਿੰਡਾ: ਪੰਜਾਬ ਸਰਕਾਰ ਵੱਲੋਂ ਸਨਅਤ ਮਾਲਕਾਂ ਨੂੰ ਖੁੱਲ੍ਹੇ ਹੱਥ ਨਾਲ ਬਿਜਲੀ ਸਬਸਿਡੀ ਦੇ ਗੱਫੇ ਵਰਤਾਏ ਜਾ ਰਹੇ ਹਨ ਜਦਕਿ ਚਾਰੇ ਪਾਸੇ ਕਿਸਾਨੀ ਨੂੰ ਮੁਫਤ ਬਿਜਲੀ ਦੇਣ ਦੇ ਢੋਲ ਵਜਾਏ ਜਾ ਰਹੇ ਹਨ। ਵੱਡੇ ਸਨਅਤਕਾਰ ਚੁੱਪ ਚੁਪੀਤੇ ਬਿਜਲੀ ਸਬਸਿਡੀ ਦੀ ਸਹੂਲਤ ਮਾਣ ਰਹੇ ਹਨ।

ਪੰਜਾਬ ਸਰਕਾਰ ਮੌਜੂਦਾ ਸਮੇਂ ਵੱਡੇ ਸਨਅਤਕਾਰਾਂ ਨੂੰ ਪ੍ਰਤੀ ਕੁਨੈਕਸ਼ਨ ਔਸਤਨ 19.05 ਲੱਖ ਰੁਪਏ ਸਾਲਾਨਾ ਬਿਜਲੀ ਸਬਸਿਡੀ ਦੇ ਰਹੀ ਹੈ, ਜਦੋਂ ਕਿ ਕਿਸਾਨਾਂ ਨੂੰ ਪ੍ਰਤੀ ਕੁਨੈਕਸ਼ਨ ਔਸਤਨ ਸਿਰਫ 44 ਹਜ਼ਾਰ ਰੁਪਏ ਦੀ ਹੀ ਸਬਸਿਡੀ ਮਿਲਦੀ ਹੈ। ਸਰਕਾਰ ਨੇ ਲੰਘੇ ਮਾਲੀ ਵਰ੍ਹੇ ਦੌਰਾਨ ਪੰਜਾਬ ਦੇ ਦਰਜਨ ਵੱਡੇ ਸਨਅਤਕਾਰਾਂ ਨੂੰ ਕਰੀਬ 95.10 ਕਰੋੜ ਦੀ ਬਿਜਲੀ ਸਬਸਿਡੀ ਦਿੱਤੀ ਹੈ। ਪੰਜਾਬ ਵਿਚ ਇਸ ਵੇਲੇ ਹਰ ਵਰਗ ਦੇ 94.78 ਲੱਖ ਬਿਜਲੀ ਕੁਨੈਕਸ਼ਨ ਹਨ। ਇਨ੍ਹਾਂ ‘ਚੋਂ 1.27 ਲੱਖ ਸਨਅਤੀ ਕੁਨੈਕਸ਼ਨ ਹਨ, ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸਾਲਾਨਾ ਕਰੀਬ 1990.38 ਕਰੋੜ ਦੀ ਬਿਜਲੀ ਸਬਸਿਡੀ ਦਿੱਤੀ ਜਾ ਰਹੀ ਹੈ। ਸਮਾਲ ਪਾਵਰ ਦੇ 87,802 ਬਿਜਲੀ ਕੁਨੈਕਸ਼ਨਾਂ ਨੂੰ ਸਿਰਫ 176.60 ਕਰੋੜ ਦੀ ਸਾਲਾਨਾ ਸਬਸਿਡੀ ਮਿਲਦੀ ਹੈ। ਮੱਧ ਆਕਾਰੀ ਸਨਅਤਾਂ ਦੇ ਕੁਨੈਕਸ਼ਨਾਂ ਦੀ ਗਿਣਤੀ 31,235 ਹੈ। ਵੱਡਾ ਲਾਹਾ ਸਿਰਫ ਵੱਡੇ ਸਨਅਤੀ ਘਰਾਣਿਆਂ ਨੂੰ ਹੀ ਮਿਲਦਾ ਹੈ। ਜਿਨ੍ਹਾਂ ਦੀ ਗਿਣਤੀ ਸਿਰਫ 8223 ਬਣਦੀ ਹੈ। ਦੂਜੇ ਪਾਸੇ ਖੇਤੀ ਸੈਕਟਰ ਵਿਚ ਬਿਜਲੀ ਸਬਸਿਡੀ ਲੈਣ ਵਾਲੇ ਕੁਨੈਕਸ਼ਨਾਂ ਦੀ ਗਿਣਤੀ 13.80 ਲੱਖ ਹੈ। ਜਿਨ੍ਹਾਂ ਨੂੰ ਪ੍ਰਤੀ ਕੁਨੈਕਸ਼ਨ ਔਸਤਨ ਸਿਰਫ 44 ਹਜ਼ਾਰ ਰੁਪਏ ਸਾਲਾਨਾ ਸਬਸਿਡੀ ਮਿਲਦੀ ਹੈ। ਖੇਤੀ ਟਿਊਬਵੈੱਲ ਕੁਨੈਕਸ਼ਨਾਂ ਦੇ ਅੰਕੜੇ ਹੋਰ ਹੈਰਾਨ ਕਰਨ ਵਾਲੇ ਹਨ। ਇਥੇ ਵੀ ਵੱਡੇ ਤੇ ਪੈਸੇ ਵਾਲੇ ਕਿਸਾਨ ਸਬਸਿਡੀ ਦਾ ਲਾਭ ਲੈ ਰਹੇ ਹਨ।
ਵੇਰਵਿਆਂ ਅਨੁਸਾਰ ਪੰਜਾਬ ‘ਚ 1.83 ਲੱਖ ਅਜਿਹੇ ਕਿਸਾਨ ਹਨ ਜਿਨ੍ਹਾਂ ਕੋਲ ਇਕ ਤੋਂ ਜਿਆਦਾ ਟਿਊਬਵੈੱਲ ਕੁਨੈਕਸ਼ਨ ਹਨ। ਪੰਜਾਬ ਵਿਚ ਅਜਿਹੇ 10,128 ਕਿਸਾਨਾਂ ਦਾ ਪਤਾ ਲੱਗਾ ਹੈ ਜਿਨ੍ਹਾਂ ਦੇ ਨਾਮ ‘ਤੇ ਚਾਰ ਜਾਂ ਚਾਰ ਤੋਂ ਜਿਆਦਾ ਮੋਟਰਾਂ ਹਨ। ਤਿੰਨ-ਤਿੰਨ ਖੇਤੀ ਮੋਟਰਾਂ ਵਾਲੇ ਕਿਸਾਨਾਂ ਦੀ ਗਿਣਤੀ 29,322 ਹੈ। ਦੋ-ਦੋ ਖੇਤੀ ਮੋਟਰਾਂ ਵਾਲੇ ਕਿਸਾਨਾਂ ਦੀ ਗਿਣਤੀ 1.42 ਲੱਖ ਦੇ ਕਰੀਬ ਹੈ। ਪੰਜਾਬ ਸਰਕਾਰ ਵੱਲੋਂ ਸਾਲ 2019-20 ਦੌਰਾਨ ਕਰੀਬ 9674 ਕਰੋੜ ਦੀ ਅਨੁਮਾਨਿਤ ਸਬਸਿਡੀ ਹਰ ਵਰਗ ਨੂੰ ਦਿੱਤੀ ਜਾਣੀ ਹੈ। ਪਾਵਰਕੌਮ ਨੂੰ ਮਾਲੀ ਵਰ੍ਹੇ ਦੌਰਾਨ 31,762 ਕਰੋੜ ਰੁਪਏ ਦੀ ਆਮਦਨ ਹੋਣੀ ਹੈ। ਪੰਜਾਬ ਸਰਕਾਰ ਤੋਂ ਮਿਲਦੀ ਸਬਸਿਡੀ ਦੀ ਰਕਮ ਪਾਵਰਕੌਮ ਦੀ ਕੁੱਲ ਆਮਦਨ ਦਾ 30 ਫੀਸਦੀ ਹੈ। ਕਾਂਗਰਸ ਸਰਕਾਰ ਵੱਲੋਂ ਸਨਅਤਾਂ ਨੂੰ ਪੰਜ ਵਰ੍ਹਿਆਂ ਲਈ ਪ੍ਰਤੀ ਯੂਨਿਟ ਪੰਜ ਰੁਪਏ ਦੇ ਹਿਸਾਬ ਨਾਲ ਬਿਜਲੀ ਦਿੱਤੀ ਜਾ ਰਹੀ ਹੈ। ਨਵੇਂ ਨਿਵੇਸ਼ ਲਈ ਮੀਡੀਅਮ ਤੇ ਲਾਰਜ ਸਕੇਲ ਸਨਅਤਾਂ ਨੂੰ ਸੱਤ ਵਰ੍ਹਿਆਂ ਲਈ ਬਿਜਲੀ ਕਰ ਤੋਂ ਸੌ ਫੀਸਦੀ ਛੋਟ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਖਾਸ ਸਨਅਤੀ ਖੇਤਰ ਨੂੰ ਇਹ ਛੋਟ 10 ਸਾਲਾਂ ਲਈ ਦਿੱਤੀ ਜਾਣੀ ਹੈ। ਪੀ.ਐਸ਼ਈ.ਬੀ ਜੁਆਇੰਟ ਐਂਪਲਾਈਜ ਫੋਰਮ ਦੇ ਜਨਰਲ ਸਕੱਤਰ ਕਰਮ ਚੰਦ ਭਾਰਦਵਾਜ ਨੇ ਕਿਹਾ ਕਿ ਵੱਡੇ ਲੋਕਾਂ ਦੀ ਸਬਸਿਡੀ ਬੰਦ ਕਰਨ ਨਾਲ ਸਰਕਾਰ ‘ਤੇ ਬੋਝ ਘਟੇਗਾ ਤੇ ਬਿਜਲੀ ਸਸਤੀ ਹੋਣ ਦੀ ਸੰਭਾਵਨਾ ਬਣੇਗੀ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਨਾਲ ਹੋਏ ਬਿਜਲੀ ਖਰੀਦ ਸਮਝੌਤੇ ਰੀਵਿਊ ਹੋਣੇ ਚਾਹੀਦੇ ਹਨ।
____________________________________
ਆਮ ਬਿਜਲੀ ਖਪਤਕਾਰਾਂ ਦਾ ਲੱਕ ਤੋੜਨ ਉਤੇ ਤੁਲੀ ਸਰਕਾਰ
ਚੰਡੀਗੜ੍ਹ: ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਬਿਜਲੀ ਨਾਲ ਆਮ ਲੋਕਾਂ ਦਾ ਲੱਕ ਟੁੱਟ ਰਿਹਾ ਹੈ। ਚਾਹੇ ਸਨਅਤੀ ਇਕਾਈਆਂ, ਵਪਾਰਕ ਵਰਗ ਮਹਿੰਗੀ ਬਿਜਲੀ ਹੋਣ ਦਾ ਪਹਿਲਾਂ ਹੀ ਵਿਰੋਧ ਕਰਦਾ ਰਿਹਾ ਹੈ ਪਰ ਘਰੇਲੂ ਵਰਗ ‘ਤੇ ਮਹਿੰਗੀ ਬਿਜਲੀ ਦਾ ਜ਼ਿਆਦਾ ਅਸਰ ਪੈਣ ਕਰਕੇ ਸਿਆਸੀ ਆਗੂ ਵੀ ਇਸ ਨੂੰ ਮੁੱਦਾ ਬਣਾ ਰਹੇ ਹਨ। ਆਉਂਦੇ ਸਮੇਂ ‘ਚ ਘਰੇਲੂ ਵਰਗ ਦੀ ਬਿਜਲੀ ਦੀ ਸਬਸਿਡੀ ਲਈ ਵੀ ਵਿਚਾਰਾਂ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਪਰ ਕੁਝ ਸਮਾਂ ਪਹਿਲਾਂ ਮਹਿੰਗੀ ਹੋਈ ਬਿਜਲੀ ਦੇ ਬਿੱਲ ਕਈ ਖਪਤਕਾਰਾਂ ਨੂੰ ਜੁਲਾਈ ਦੇ ਪਹਿਲੇ ਹਫਤੇ ਤੋਂ ਆਉਣੇ ਸ਼ੁਰੂ ਹੋ ਜਾਣਗੇ।
ਪੰਜਾਬ ਦੇ ਮੁਕਾਬਲੇ ਭਾਵਂੇ ਦਿੱਲੀ ‘ਚ ਵਪਾਰਕ, ਸਨਅਤੀ ਇਕਾਈਆਂ ਦੀ ਬਿਜਲੀ ਕਾਫੀ ਮਹਿੰਗੀ ਹੈ ਪਰ ਘਰੇਲੂ ਵਰਗ ਲਈ ਬਿਜਲੀ ਸਬਸਿਡੀ ‘ਚ ਸਰਕਾਰ ਵਲੋਂ ਰਾਹਤ ਦਿੱਤੀ ਜਾਂਦੀ ਹੈ। ਪਾਵਰਕਾਮ ਵੱਲੋਂ ਚਾਹੇ ਇਸ ਮਾਮਲੇ ‘ਚ ਅਜੇ ਤੱਕ ਸਫਾਈ ਨਹੀਂ ਦਿੱਤੀ ਗਈ ਹੈ, ਸਰਕਾਰੀ ਹਲਕਿਆਂ ‘ਚ ਇਸ ਗੱਲ ਨੂੰ ਕਈ ਆਗੂ ਮਹਿਸੂਸ ਕਰ ਰਹੇ ਹਨ ਕਿ ਪਿਛਲੇ ਕੁਝ ਸਾਲਾਂ ‘ਚ ਘਰੇਲੂ ਵਰਗ ‘ਤੇ ਬਿਜਲੀ ਦਾ ਜ਼ਿਆਦਾ ਭਾਰ ਪਿਆ ਹੈ। ਆਮ ਲੋਕਾਂ ਦੇ ਜ਼ਿਆਦਾ ਬਿਜਲੀ ਦੇ ਬਿੱਲ ਆਉਣ ਕਰਕੇ ਲੋਕਾਂ ‘ਚ ਇਸ ਦੀ ਚਰਚਾ ਹੈ। ਘਰੇਲੂ ਵਰਗ ਦੇ ਖਪਤਕਾਰਾਂ ਲਈ ਬਿਜਲੀ ਦੀਆਂ ਕੀਮਤਾਂ ਵੱਲ ਦੇਖੀਏ ਤਾਂ ਕੁਝ ਰਾਜਾਂ ਜਿਨ੍ਹਾਂ ‘ਚ ਮਹਾਰਾਸ਼ਟਰ ‘ਚ ਸਭ ਤੋਂ ਜ਼ਿਆਦਾ ਬਿਜਲੀ ਮਹਿੰਗੀ ਹੈ, ਉਥੇ 10.44 ਰੁਪਏ ਪ੍ਰਤੀ ਯੂਨਿਟ ਬਿਜਲੀ ਮਹਿੰਗੀ ਹੈ। ਪੰਜਾਬ ‘ਚ 6.53 ਰੁਪਏ, ਬਾਕੀ ਰਾਜਾਂ ‘ਚ ਹਰਿਆਣਾ ‘ਚ 6.42 ਰੁਪਏ, ਦਿੱਲੀ 7.24, ਤਾਮਿਲਨਾਡੂ 4.41, ਆਂਧਰਾ ਪ੍ਰਦੇਸ਼ 6.78, ਕਰਨਾਟਕਾ 6.73, ਗੁਜਰਾਤ 6.02, ਮੱਧ ਪ੍ਰਦੇਸ਼ 6.66, ਰਾਜਸਥਾਨ 6.97, ਉੱਤਰ ਪ੍ਰਦੇਸ਼ ‘ਚ 6.89, ਹਿਮਾਚਲ 5.07 ਰੁਪਏ ਅਤੇ ਚੰਡੀਗੜ੍ਹ ‘ਚ 4.36 ਰੁਪਏ ਪ੍ਰਤੀ ਯੂਨਿਟ ਹੈ।
__________________________
ਪਾਵਰਕਾਮ ਨੇ ਗਰੀਬ ਪਰਿਵਾਰ ਨੂੰ ਭੇਜਿਆ 94 ਲੱਖ ਦਾ ਬਿੱਲ
ਭਿੱਖੀਵਿੰਡ: ਪੱਟੀ ਸਬ ਡਿਵੀਜ਼ਨ ਵਿਚ ਪਾਵਰਕੌਮ ਵੱਲੋਂ ਇਕ ਮਿਹਨਤ-ਮਜ਼ਦੂਰੀ ਕਰਨ ਵਾਲੇ ਪਰਿਵਾਰ ਨੂੰ ਵੱਡਾ ਝਟਕਾ ਦਿੰਦੇ ਹੋਏ 94 ਲੱਖ 39 ਹਜ਼ਾਰ 40 ਰੁਪਏ ਦਾ ਬਿੱਲ ਭੇਜ ਦਿੱਤਾ ਹੈ। ਇਸ ਬਾਰੇ ਸੁਖਵਿੰਦਰ ਸਿੰਘ ਦੀ ਪਤਨੀ ਰੁਪਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਕੇਬਲ ਨੈੱਟਵਰਕ ਵਾਲਿਆਂ ਨਾਲ ਕੰਮ ਕਰਦਾ ਹੈ ਅਤੇ ਉਹ ਮਿਹਨਤ ਮਜ਼ਦੂਰੀ ਨਾਲ ਪਰਿਵਾਰ ਪਾਲ ਰਹੇ ਹਨ। ਪਰਿਵਾਰ ਵਿਚ ਉਹ ਚਾਰ ਜੀਅ ਹਨ। ਘਰ ਵਿਚ ਕੋਈ ਏਸੀ ਜਾਂ ਵਾਸ਼ਿੰਗ ਮਸ਼ੀਨ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਘਰ ਪੁਰਾਣਾ ਮੀਟਰ ਉਸ ਦੇ ਸਹੁਰੇ ਸੁਰਜਨ ਸਿੰਘ ਦੇ ਨਾਂ ਹੈ ਅਤੇ ਉਨ੍ਹਾਂ ਇਸ ਮੀਟਰ ਦੀ ਬਦਲੀ ਲਈ ਦੋ ਸਾਲ ਪਹਿਲਾਂ ਅਪਲਾਈ ਕੀਤਾ ਸੀ, ਜਿਸ ਲਈ ਉਨ੍ਹਾਂ ਦਾ ਖਪਤਕਾਰ ਖਾਤਾ ਵੀ ਬਿਜਲੀ ਬੋਰਡ ਨੇ ਕਲੀਅਰ ਕਰਕੇ ਬੰਦ ਕਰ ਦਿੱਤਾ ਸੀ। ਉਨ੍ਹਾਂ ਦੇ ਵਾਰ-ਵਾਰ ਕਹਿਣ ‘ਤੇ ਵੀ ਉਨ੍ਹਾਂ ਨੂੰ ਐਵਰੇਜ ਬਿੱਲ ਨਹੀਂ ਭੇਜਿਆ ਗਿਆ ਅਤੇ ਹੁਣ ਉਨ੍ਹਾਂ ਨੂੰ ਦੋ ਸਾਲ ਬਾਅਦ ਇਕੱਠਾ 94 ਲੱਖ 69 ਹਜ਼ਾਰ 40 ਰੁਪਏ ਦਾ ਬਿੱਲ ਭੇਜ ਦਿੱਤਾ।