ਕੋਟਕਪੂਰਾ ਗੋਲੀ ਕਾਂਡ: ਮਨਤਾਰ ਤੇ ਹੋਰਾਂ ਨੂੰ ਪੇਸ਼ ਹੋਣ ਲਈ ਨੋਟਿਸ

ਫਰੀਦਕੋਟ: ਕੋਟਕਪੂਰਾ ਗੋਲੀ ਕਾਂਡ ਵਿਚ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਨਤਾਰ ਸਿੰਘ ਬਰਾੜ, ਲੁਧਿਆਣਾ ਦੇ ਸਾਬਕਾ ਏ.ਸੀ.ਪੀ. ਪਰਮਜੀਤ ਸਿੰਘ ਪੰਨੂ, ਫਰੀਦਕੋਟ ਦੇ ਸਾਬਕਾ ਐਸ਼ਪੀ. ਬਲਜੀਤ ਸਿੰਘ ਸਿੱਧੂ ਅਤੇ ਸਿਟੀ ਕੋਟਕਪੂਰਾ ਦੇ ਸਾਬਕਾ ਐਸ਼ਐਚ. ਓ ਗੁਰਦੀਪ ਸਿੰਘ ਪੰਧੇਰ ਨੂੰ ਨੋਟਿਸ ਜਾਰੀ ਕਰਕੇ ਹਦਾਇਤ ਕੀਤੀ ਹੈ ਕਿ ਉਹ ਮੁਕੱਦਮੇ ਦੀ ਸੁਣਵਾਈ ਦਾ ਸਾਹਮਣਾ ਕਰਨ ਲਈ 12 ਜੁਲਾਈ ਨੂੰ ਨਿੱਜੀ ਤੌਰ ‘ਤੇ ਅਦਾਲਤ ਸਾਹਮਣੇ ਪੇਸ਼ ਹੋਣ।

ਮਾਮਲੇ ਦੀ ਸੁਣਵਾਈ ਦੌਰਾਨ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਚਲਾਨ ਪੇਸ਼ ਹੋਣ ਤੋਂ ਬਾਅਦ ਪਹਿਲੀ ਵਾਰ ਅਦਾਲਤ ਸਾਹਮਣੇ ਪੇਸ਼ ਹੋਏ। ਅਦਾਲਤ ਨੇ ਆਈ.ਜੀ. ਉਮਰਾਨੰਗਲ ਨੂੰ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਵਿਚ ਪੇਸ਼ ਹੋਏ ਚਲਾਨ ਦੀਆਂ ਨਕਲਾਂ ਸੌਂਪ ਦਿੱਤੀਆਂ ਜਦੋਂ ਕਿ ਸਾਬਕਾ ਐਸ਼ਐਸ਼ਪੀ ਚਰਨਜੀਤ ਸਿੰਘ ਸ਼ਰਮਾ ਦੀ ਸਿਹਤ ਖਰਾਬ ਹੋਣ ਕਾਰਨ ਅਦਾਲਤ ਨੇ ਉਸ ਨੂੰ ਨਿੱਜੀ ਪੇਸ਼ੀ ਤੋਂ ਛੋਟ ਦੇ ਦਿੱਤੀ। ਅਦਾਲਤ ਨੇ ਆਪਣੇ ਹੁਕਮ ਵਿਚ ਕਿਹਾ ਹੈ ਕਿ ਮਨਤਾਰ ਸਿੰਘ ਬਰਾੜ ਅਤੇ ਬਾਕੀ ਪੁਲਿਸ ਅਧਿਕਾਰੀਆਂ ਨੂੰ ਨੋਟਿਸ ਵਿਸ਼ੇਸ਼ ਜਾਂਚ ਟੀਮ ਰਾਹੀਂ ਭੇਜਿਆ ਜਾਵੇ।
ਵਿਸ਼ੇਸ਼ ਜਾਂਚ ਟੀਮ ਨੇ 27 ਮਈ ਨੂੰ ਅਦਾਲਤ ਵਿਚ 2000 ਸਫਿਆਂ ਦਾ ਚਲਾਨ ਪੇਸ਼ ਕੀਤਾ ਸੀ, ਜਿਸ ਵਿਚ ਦਾਅਵਾ ਕੀਤਾ ਹੈ ਕਿ ਉਮਰਾਨੰਗਲ ਨੂੰ 13 ਅਕਤੂਬਰ 2015 ਦੀ ਰਾਤ ਨੂੰ ਕਿਸੇ ਵੀ ਪੁਲਿਸ ਅਧਿਕਾਰੀ ਨੇ ਕੋਟਕਪੂਰੇ ਨਹੀਂ ਬੁਲਾਇਆ ਸੀ ਬਲਕਿ ਉਹ ਬਿਨਾਂ ਬੁਲਾਏ ਕੋਟਕਪੂਰੇ ਆਏ ਅਤੇ ਸ਼ਾਂਤਮਈ ਲੋਕਾਂ ਉੱਪਰ ਗੋਲੀਆਂ ਚਲਾ ਦਿੱਤੀਆਂ। ਉਮਰਾਨੰਗਲ ਇਕਲੌਤੇ ਅਜਿਹੇ ਪੁਲਿਸ ਅਧਿਕਾਰੀ ਹਨ ਜਿਹੜੇ ਕੋਟਕਪੂਰਾ ਗੋਲੀ ਕਾਂਡ ਵਿਚ ਜੇਲ੍ਹ ਦੀ ਹਵਾ ਖਾ ਚੁੱਕੇ ਹਨ। ਦੱਸਣਯੋਗ ਹੈ ਕਿ ਐਸ਼ਪੀ. ਬਲਜੀਤ ਸਿੰਘ ਸਿੱਧੂ ਅਤੇ ਕੋਟਕਪੂਰਾ ਦੇ ਸਾਬਕਾ ਐਸ਼ਐਚ.ਓ ਗੁਰਦੀਪ ਸਿੰਘ ਪੰਧੇਰ ਜ਼ਮਾਨਤ ਨਾ ਮਿਲਣ ਕਾਰਨ ਅਦਾਲਤ ਸਾਹਮਣੇ ਪੇਸ਼ ਨਹੀਂ ਹੋਏ ਜਦੋਂ ਕਿ ਮਨਤਾਰ ਸਿੰਘ ਬਰਾੜ ਨੂੰ ਹਾਈਕੋਰਟ ਵਿੱਚੋਂ ਆਰਜ਼ੀ ਤੌਰ ‘ਤੇ ਪੇਸ਼ਗੀ ਜ਼ਮਾਨਤ ਮਿਲੀ ਹੋਈ ਹੈ ਅਤੇ ਉਹ ਅਜੇ ਤੱਕ ਅਦਾਲਤ ਸਾਹਮਣੇ ਪੇਸ਼ ਨਹੀਂ ਹੋਏ।
_____________________________
ਐਸ਼ਪੀ. ਬਲਜੀਤ ਸਿੱਧੂ ਦੀ ਜ਼ਮਾਨਤ ਅਰਜ਼ੀ ਰੱਦ
ਫਰੀਦਕੋਟ: ਕੋਟਕਪੂਰਾ ਗੋਲੀ ਕਾਂਡ ਵਿਚ ਮੁਲਜ਼ਮ ਵਜੋਂ ਨਾਮਜ਼ਦ ਐਸ਼ਪੀ. ਬਲਜੀਤ ਸਿੰਘ ਦੀ ਅਗਾਊਂ ਜ਼ਮਾਨਤ ਅਰਜ਼ੀ ਸਥਾਨਕ ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਨੇ ਰੱਦ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਕੋਟਕਪੂਰਾ ਗੋਲੀ ਕਾਂਡ ਵਿਚ ਵਿਸ਼ੇਸ਼ ਜਾਂਚ ਟੀਮ ਨੇ 27 ਮਈ ਨੂੰ ਚਲਾਨ ਅਦਾਲਤ ਵਿਚ ਪੇਸ਼ ਕੀਤਾ ਸੀ ਅਤੇ ਇਸ ਚਲਾਨ ਵਿਚ 5 ਪੁਲਿਸ ਅਧਿਕਾਰੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ ਜਿਨ੍ਹਾਂ ਵਿਚ ਐਸ਼ਪੀ. ਬਲਜੀਤ ਸਿੰਘ ਸਿੱਧੂ ਦਾ ਨਾਮ ਵੀ ਸ਼ਾਮਲ ਹੈ। ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਅਕਤੂਬਰ 2015 ‘ਚ ਜਦੋਂ ਕੋਟਕਪੂਰਾ ਗੋਲੀ ਕਾਂਡ ਵਾਪਰਿਆ ਉਦੋਂ ਬਲਜੀਤ ਸਿੰਘ ਸਿੱਧੂ ਕੋਟਕਪੂਰਾ ਦੇ ਡੀ.ਐਸ਼ਪੀ. ਵਜੋਂ ਤਾਇਨਾਤ ਸਨ ਅਤੇ ਗੋਲੀ ਕਾਂਡ ਵਿਚ ਇਸ ਪੁਲਿਸ ਅਧਿਕਾਰੀ ਦੀ ਵੀ ਸ਼ਮੂਲੀਅਤ ਸੀ। ਇਸ ਤੋਂ ਪਹਿਲਾਂ ਅਦਾਲਤ ਵੱਲੋਂ ਥਾਣਾ ਸਿਟੀ ਕੋਟਕਪੂਰਾ ਦੇ ਸਾਬਕਾ ਐਸ਼ਐਚ.ਓ. ਗੁਰਦੀਪ ਸਿੰਘ ਪੰਧੇਰ ਦੀ ਵੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਸੀ।