ਬੂਟਾ ਸਿੰਘ
ਫੋਨ: +91-94634-74342
ਨਰਿੰਦਰ ਮੋਦੀ-ਅਮਿਤ ਸ਼ਾਹ ਦੀ ਕਮਾਨ ਹੇਠ ਸੰਘ ਬ੍ਰਿਗੇਡ ਦੀ ਸਰਕਾਰ ਦੁਬਾਰਾ ਬਣ ਜਾਣ ਤੋਂ ਬਾਅਦ ਪੱਤਰਕਾਰਾਂ ਅਤੇ ਆਲੋਚਕਾਂ ਦੀਆਂ ਧੜਾਧੜ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ ਹਨ। ਯੂ.ਪੀ. ਦੇ ਮੁੱਖ ਮੰਤਰੀ ਮਹੰਤ ਅਦਿਤਿਆਨਾਥ ਬਾਰੇ ਕਥਿਤ ਅਪਮਾਨਜਨਕ ਸਮੱਗਰੀ ਸ਼ੇਅਰ ਕਰਨ ਦੇ ਇਲਜ਼ਾਮ ਤਹਿਤ ਦਿੱਲੀ ਤੋਂ ਫਰੀਲਾਂਸ ਪੱਤਰਕਾਰ ਪ੍ਰਸ਼ਾਂਤ ਕਨੌਜੀਆ, ਨੋਇਡਾ ਤੋਂ ਨੇਸ਼ਨ ਲਾਈਵ ਨਿਊਜ਼ ਚੈਨਲ ਦੀ ਮੁਖੀ ਇਸ਼ੀਕਾ ਸਿੰਘ ਅਤੇ ਸੰਪਾਦਕ ਅਨੁਜ ਸ਼ੁਕਲਾ (ਜੋ ਮੋਦੀ ਦੇ ਹੱਕ ਵਿਚ ‘ਮੈਂ ਵੀ ਚੌਕੀਦਾਰ’ ਮੁਹਿੰਮ ਦਾ ਵੱਡਾ ਚੈਂਪੀਅਨ ਰਹਿ ਚੁੱਕਾ ਹੈ) ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਸ ਚੈਨਲ ਨੇ ਇਕ ਔਰਤ ਦੀ ਵੀਡੀਓ ਫੁਟੇਜ ਦਿਖਾ ਕੇ ਇਸ ਮਾਮਲੇ ਉਪਰ ਲਾਈਵ ਚਰਚਾ ਕੀਤੀ ਸੀ। ਔਰਤ ਨੇ ਦਾਅਵਾ ਕੀਤਾ ਸੀ ਕਿ ਉਸ ਦਾ ਮਹੰਤ ਅਦਿਤਿਆਨਾਥ ਨਾਲ ਵੱਟਸਐਪ ਜ਼ਰੀਏ ਇਸ਼ਕ ਚੱਲ ਰਿਹਾ ਹੈ ਅਤੇ ਉਹ ਉਸ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਇਸੇ ਹਫਤੇ ਮਹੰਤ ਬਾਰੇ ਸੋਸ਼ਲ ਮੀਡੀਆ ਉਪਰ ਟਿੱਪਣੀਆਂ ਕਰਨ ਦੇ ਇਲਜ਼ਾਮ ਵਿਚ 7 ਹੋਰ ਵਿਅਕਤੀਆਂ ਨੂੰ ਵੀ ਯੂ.ਪੀ. ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪ੍ਰਸ਼ਾਂਤ ਕਨੌਜੀਆ ਦੀ ਪਤਨੀ ਵਲੋਂ ਸੁਪਰੀਮ ਕੋਰਟ ਵਿਚ ਰਿੱਟ ਪਾਉਣ ‘ਤੇ ਭਾਵੇਂ ਸੁਪਰੀਮ ਕੋਰਟ ਵਲੋਂ ਉਸ ਨੂੰ ਤੁਰੰਤ ਰਿਹਾਅ ਕਰਨ ਦੇ ਆਦੇਸ਼ ਦੇਣ ਨਾਲ ਉਸ ਦੀ ਰਿਹਾਈ ਸੰਭਵ ਹੋ ਗਈ ਲੇਕਿਨ ਬਾਕੀ ਪੱਤਰਕਾਰ ਅਤੇ ਟਿੱਪਣੀਕਾਰ ਸੀਖਾਂ ਪਿੱਛੇ ਡੱਕੇ ਹੋਏ ਹਨ। ਪਤਾ ਨਹੀਂ ਉਨ੍ਹਾਂ ਨੂੰ ਕਿੰਨਾ ਵਕਤ ਜੇਲ੍ਹਾਂ ਵਿਚ ਸੜਨਾ ਪਵੇ।
ਯਾਦ ਰਹੇ ਕਿ ਗ੍ਰਿਫਤਾਰੀਆਂ ਦਾ ਘੇਰਾ ਅਦਿਤਿਆਨਾਥ ਦੇ ਮਾਮਲੇ ਤਕ ਮਹਿਦੂਦ ਨਹੀਂ। ਝਾਰਖੰਡ ਤੋਂ ਪੱਤਰਕਾਰ ਤੇ ਲੇਖਕ ਰੂਪੇਸ਼ ਕੁਮਾਰ ਸਿੰਘ ਅਤੇ ਉਸ ਦੇ ਦੋ ਸਾਥੀਆਂ ਨੂੰ ‘ਖਤਰਨਾਕ ਮਾਓਵਾਦੀ’ ਦਾ ਇਲਜ਼ਾਮ ਲਗਾ ਕੇ ਗ੍ਰਿਫਤਾਰ ਕੀਤਾ ਗਿਆ ਹੈ। ਮੁੰਬਈ ਦੀ ਔਰਤ ਪੱਤਰਕਾਰ ਨਿਕਿਤਾ ਰਾਵ ਵਲੋਂ ਸਰਕਾਰ ਨੂੰ ਤਿੱਖੇ ਸਵਾਲ ਪੁੱਛਣ ‘ਤੇ ਸੱਤਾਧਾਰੀ ਬੁਰਛਾਗਰਦਾਂ ਨੇ ਉਸ ਉਪਰ ਜਾਨਲੇਵਾ ਹਮਲਾ ਕਰ ਕੇ ਉਸ ਨੂੰ ਲਹੂ-ਲੁਹਾਣ ਕਰ ਦਿੱਤਾ ਗਿਆ। ਤਾਮਿਲਨਾਡੂ ਵਿਚ ਹਿੰਦੂ ਮੱਕਾਲ ਕਾਚੀ ਦੇ ਆਗੂ ਦੀ ਸ਼ਿਕਾਇਤ ‘ਤੇ ਫਿਲਮ ਨਿਰਦੇਸ਼ਕ ਤੇ ਦਲਿਤ ਕਾਰਕੁਨ ਪਾ ਰਣਜੀਤ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਉਸ ਨੇ ਪਿਛਲੇ ਦਿਨੀਂ ਟਿੱਪਣੀ ਕੀਤੀ ਸੀ ਕਿ ਚੋਲ ਸੁਲਤਾਨ ਰਾਜਾ ਰਾਜਾ-1 ਦਾ ਰਾਜ (985-1014) ਇਤਿਹਾਸ ਦਾ ਕਾਲਾ ਤਾਨਾਸ਼ਾਹ ਦੌਰ ਸੀ। ਸ਼ਾਮਲੀ (ਯੂ.ਪੀ.) ਵਿਚ ਰੇਲਵੇ ਅੰਦਰ ਭ੍ਰਿਸ਼ਟਾਚਾਰ ਦੀ ਰਿਪੋਰਟ ਕਰਨ ਗਏ ਸਟਿੰਗਰ (ਸਥਾਨਕ ਰਿਪੋਰਟਰ) ਉਪਰ ਰੇਲਵੇ ਪੁਲਿਸ ਦੇ ਗੈਂਗ ਨੇ ਹਮਲਾ ਕਰਕੇ ਅਤੇ ਉਸ ਨੂੰ ਨੰਗਾ ਕਰਕੇ ਉਸ ਦੀ ਬੇਤਹਾਸ਼ਾ ਕੁੱਟਮਾਰ ਕਰਨ ਅਤੇ ਦਰੋਗੇ ਵਲੋਂ ਪੱਤਰਕਾਰ ਦੇ ਮੂੰਹ ਵਿਚ ਪੇਸ਼ਾਬ ਕਰਨ ਦੀ ਵੀ ਖਬਰ ਹੈ।
ਐਡੀਟਰਜ਼ ਗਿਲਡ ਅਤੇ ਹੋਰ ਕਈ ਮੀਡੀਆ ਸੰਸਥਾਵਾਂ ਨੇ ਪ੍ਰਸ਼ਾਂਤ ਕਨੌਜੀਆ ਅਤੇ ਨਿਊਜ਼ ਚੈਨਲ ਦੀ ਮੁਖੀ ਅਤੇ ਸੰਪਾਦਕ ਦੀ ਗ੍ਰਿਫਤਾਰੀ ਵਿਰੁਧ ਤਾਂ ਸਟੈਂਡ ਲਿਆ ਹੈ ਅਤੇ ਦਿੱਲੀ ਵਿਚ ਸੈਂਕੜੇ ਪੱਤਰਕਾਰਾਂ ਵਲੋਂ ਰੋਸ ਮੁਜ਼ਾਹਰਾ ਵੀ ਕੀਤਾ ਗਿਆ ਲੇਕਿਨ ਰੂਪੇਸ਼ ਕੁਮਾਰ ਸਿੰਘ ਦੀ ਗ੍ਰਿਫਤਾਰੀ ਬਾਰੇ ਚੁੱਪ ਵੱਟ ਲਈ ਗਈ। ਉਸ ਦੇ ਬਾਰੇ ਸਿਰਫ ਸੰਵੇਦਨਸ਼ੀਲ ਪੱਤਰਕਾਰਾਂ ਨੇ ਹੀ ਇਕੱਠੇ ਹੋ ਕੇ ਆਵਾਜ਼ ਉਠਾਈ ਹੈ। ਰੂਪੇਸ਼ ਕੁਮਾਰ ਸਿੰਘ ਧੜੱਲੇਦਾਰ ਪੱਤਰਕਾਰ ਅਤੇ ਜੁਝਾਰੂ ਲੇਖਕ ਹਨ ਜਿਸ ਦੇ ਲੇਖ ਕਈ ਚਰਚਿਤ ਰਸਾਲਿਆਂ ਦੇ ਨਾਲ ਨਾਲ ‘ਦਕਸ਼ਿਨ ਕੋਸਲ’ ਵਿਚ ਅਕਸਰ ਛਪਦੇ ਰਹਿੰਦੇ ਹਨ; ਖਾਸ ਕਰਕੇ ਆਦਿਵਾਸੀ ਸੰਘਰਸ਼ਾਂ ਬਾਰੇ ਉਸ ਦੀਆਂ ਰਿਪੋਰਟਾਂ ਚਰਚਾ ਦਾ ਵਿਸ਼ਾ ਬਣੀਆਂ ਹਨ।
ਰੂਪੇਸ਼ ਕੁਮਾਰ ਸਿੰਘ ਨੇ ਸਰਕਾਰ ਦੀਆਂ ਨੀਤੀਆਂ ਅਤੇ ਜਬਰ ਵਿਰੁਧ ਬੇਬਾਕੀ ਨਾਲ ਲਿਖਿਆ ਹੈ। ਇਸੇ ਲਈ ਉਸ ਨੂੰ ਫਰਜ਼ੀ ਕੇਸ ਵਿਚ ਫਸਾ ਕੇ ਜੇਲ੍ਹ ਵਿਚ ਡੱਕਿਆ ਗਿਆ ਹੈ। ਗ੍ਰਿਫਤਾਰੀ ਸਮੇਂ ਉਸ ਕੋਲੋਂ ਜੋ ‘ਮਾਓਵਾਦੀ ਸਾਹਿਤ’ ਬਰਾਮਦ ਦਿਖਾਇਆ ਹੈ, ਉਹ ਦਰਅਸਲ ‘ਲਾਲ ਮਾਟੀ’ ਰਸਾਲਾ ਹੈ ਜਿਸ ਦਾ ਉਹ ਸੰਪਾਦਕ ਹੈ। ਜਦੋਂ ਥੋੜ੍ਹੇ ਸਾਲ ਪਹਿਲਾਂ ਛੱਤੀਸਗੜ੍ਹ ਵਿਚ ਦੋ ਪੱਤਰਕਾਰਾਂ ਸੋਮਾਰੂ ਨਾਗ ਅਤੇ ਸੰਤੋਸ਼ ਯਾਦਵ ਨੂੰ ਮਾਓਵਾਦੀ ਹਮਾਇਤੀ ਦੱਸ ਕੇ ਗ੍ਰਿਫਤਾਰ ਕੀਤਾ ਗਿਆ ਸੀ, ਉਦੋਂ ਸੰਬੰਧਤ ਅਖਬਾਰ ਅਤੇ ਟੀਵੀ ਚੈਨਲ ਉਨ੍ਹਾਂ ਨੂੰ ਆਪਣੇ ਪੱਤਰਕਾਰ ਮੰਨਣ ਤੋਂ ਹੀ ਮੁੱਕਰ ਗਏ ਸਨ।
ਦਰਅਸਲ, ਇਹ ਅਜਿਹੇ ਹਨ ਜੋ ਆਪਣੀਆਂ ਜਾਨਾਂ ਜੋਖਮ ਵਿਚ ਪਾ ਕੇ ਕਾਰਪੋਰੇਟ ਮਾਫੀਆ, ਹੁਕਮਰਾਨਾਂ ਅਤੇ ਰਾਜ ਮਸ਼ੀਨਰੀ ਦੇ ਲੋਕ ਦੁਸ਼ਮਣ ਗੱਠਜੋੜ ਦੀ ਅਸਲੀਅਤ ਸਾਹਮਣੇ ਲਿਆਉਂਦੇ ਹਨ ਅਤੇ ਦੱਬੇਕੁਚਲੇ ਅਵਾਮ ਦੇ ਅਸਲ ਮੁੱਦਿਆਂ ਉਪਰ ਬੇਖੌਫ ਹੋ ਕੇ ਜ਼ਮੀਨੀ ਰਿਪੋਰਟਿੰਗ ਕਰ ਰਹੇ ਹਨ। ਇਨ੍ਹਾਂ ਨੂੰ ਨਾ ਤਾਂ ਮਹਾਂਨਗਰਾਂ ਵਿਚ ਬੈਠੇ ਮੋਟੀਆਂ ਤਨਖਾਹਾਂ ਲੈਣ ਵਾਲੇ ਵੱਡੇ ਪੱਤਰਕਾਰਾਂ ਵਾਂਗ ਮਾਨਤਾ ਮਿਲਦੀ ਹੈ ਅਤੇ ਨਾ ਹੀ ਇਨ੍ਹਾਂ ਨੂੰ ਨਿਸ਼ਾਨਾ ਬਣਾਏ ਜਾਣ ‘ਤੇ ਮੀਡੀਆ ਸੰਸਥਾਵਾਂ ਇਨ੍ਹਾਂ ਦੇ ਹੱਕ ਵਿਚ ਖੜ੍ਹਦੀਆਂ ਹਨ।
ਸਚਾਈ ਇਹ ਹੈ ਕਿ ਮੀਡੀਆ ਅੰਦਰ ਜਮਾਤੀ ਵੰਡ ਬੜੀ ਸਪਸ਼ਟ ਹੈ। ‘ਮੁੱਖਧਾਰਾ’ ਮੀਡੀਆ, ਖਾਸ ਕਰਕੇ ਇਲੈਕਟ੍ਰਾਨਿਕ ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦੀ ਅਜਾਰੇਦਾਰੀ ਹੈ। ਪੱਤਰਕਾਰਾਂ ਲਈ ਇਹ ਇਮਤਿਹਾਨ ਦੀ ਘੜੀ ਹੈ। ਪੱਤਰਕਾਰਾਂ ਅੱਗੇ ਅੱਜ ਮੁੱਖ ਚੁਣੌਤੀ ਇਹੀ ਹੈ – ਸਰਕਾਰੀ ਪ੍ਰੈੱਸ ਕਾਨਫਰੰਸਾਂ ਦੇ ਪ੍ਰੈੱਸ ਨੋਟ ਛਾਪਣੇ ਹਨ ਜਾਂ ਪੱਤਰਕਾਰੀ ਦਾ ਸੱਚਾ ਫਰਜ਼ ਨਿਭਾਉਂਦੇ ਹੋਏ ਸਮਾਜ ਦੇ ਮੁੱਦਿਆਂ ਅਤੇ ਸਰੋਕਾਰਾਂ ਨੂੰ ਮੁੱਖ ਰੱਖਦੇ ਹੋਏ ਸੱਚੀ ਰਿਪੋਰਟਿੰਗ ਕਰਨੀ ਹੈ। ਕਥਿਤ ਮੁੱਖਧਾਰਾ ਮੀਡੀਆ ਦਾ ਵੱਡਾ ਹਿੱਸਾ ਦਰਬਾਰੀ ਪੱਤਰਕਾਰਾਂ ਦਾ ਹੈ ਜੋ ਸੱਤਾ ਦੀ ਚਾਪਲੂਸੀ ਕਰਕੇ ਆਪਣਾ ਭਵਿਖ ਚਮਕਾਉਣ ਵਿਚ ਜੁਟੇ ਹੋਏ ਹਨ। ਉਨ੍ਹਾਂ ਲਈ ਪ੍ਰੈੱਸ/ਮੀਡੀਆ ਦੀ ਆਜ਼ਾਦੀ ਕੋਈ ਮਾਇਨੇ ਨਹੀਂ ਰੱਖਦੀ, ਉਹ ਨਿਰੋਲ ਸੱਤਾ ਅਤੇ ਕਾਰਪੋਰੇਟ ਸਮੂਹਾਂ ਦੇ ਦਲਾਲ ਹਨ। ਪੁਲਿਸ ਅਤੇ ਹੋਰ ਸਰਕਾਰੀ ਤੰਤਰ ਵਲੋਂ ਬੇਬਾਕ ਪੱਤਰਕਾਰ ਜਾਂ ਲੇਖਕ ਨੂੰ ਅਲੱਗ-ਥਲੱਗ ਕਰਨ ਲਈ ਉਸ ਉਪਰ ਮਾਓਵਾਦੀ ਹਮਾਇਤੀ ਹੋਣ ਦਾ ਠੱਪਾ ਲਗਾਉਣਾ ਸੋਚੀ-ਸਮਝੀ ਸਕੀਮ ਹੁੰਦੀ ਹੈ ਲੇਕਿਨ ਦਰਬਾਰੀ ਖਸਲਤ ਵਾਲਿਆਂ ਨੂੰ ਇਨ੍ਹਾਂ ਤੋਂ ਵਿੱਥ ਬਣਾ ਲੈਣ ਲਈ ਬਹਾਨਾ ਮਿਲ ਜਾਂਦਾ ਹੈ।
ਹੁਣ ਤਾਂ ਹਾਲਤ ਇਹ ਬਣ ਚੁੱਕੀ ਹੈ ਕਿ ਪ੍ਰੈੱਸ ਕਲੱਬ ਆਫ ਇੰਡੀਆ ਦੇ ਕੁਝ ਅਹੁਦੇਦਾਰਾਂ ਨੇ ਅਦਿਤਿਆਨਾਥ ਬਾਬਤ ਸਮੱਗਰੀ ਨੂੰ ‘ਪੱਤਰਕਾਰੀ ਦੀ ਆੜ ਵਿਚ ਕਿਰਦਾਰਕੁਸ਼ੀ ਅਤੇ ਬਲੈਕਮੇਲਿੰਗ ਕਰਨ ‘ਤੇ ਉਤਾਰੂ ਏਜੰਡੇ ਵਾਲੇ ਪੱਤਰਕਾਰ’ ਕਰਾਰ ਦੇ ਕੇ ਨਾ ਸਿਰਫ ਇਸ ਦੀ ਖੁੱਲ੍ਹੇਆਮ ਨਿਖੇਧੀ ਕੀਤੀ ਹੈ ਸਗੋਂ ਮੀਡੀਆ ਸੰਸਥਾਵਾਂ ਵਲੋਂ ਲਏ ਸਟੈਂਡ ਅਤੇ ਰੋਸ ਮੁਜ਼ਾਹਰੇ ਦਾ ਵਿਰੋਧ ਕਰਦਿਆਂ ਹੋਰ ਪੱਤਰਕਾਰਾਂ ਨੂੰ ਐਸੇ ਪੱਤਰਕਾਰਾਂ ਨਾਲ ਕੋਈ ਹਮਦਰਦੀ ਨਾ ਰੱਖਣ ਅਤੇ ਉਨ੍ਹਾਂ ਦਾ ਪਰਦਾਫਾਸ਼ ਕਰਨ ਦੀਆਂ ਅਪੀਲਾਂ ਤਕ ਕੀਤੀਆਂ ਗਈਆਂ ਹਨ!
ਰੂਪੇਸ਼ ਕੁਮਾਰ ਸਿੰਘ ਦੇ ਹੱਕ ਵਿਚ ਵੀ ਜਮਹੂਰੀ ਲੋਕ-ਪੱਖੀ ਤਾਕਤਾਂ ਅਤੇ ਕੁਝ ਘੱਟ ਚਰਚਿਤ ਪੱਤਰਕਾਰਾਂ ਨੇ ਹੀ ਡਟ ਕੇ ਸਟੈਂਡ ਲਿਆ ਹੈ। ਦਰਬਾਰੀ ਮੀਡੀਆ ਆਪਣੇ ਜਮਾਤੀ ਖਾਸੇ ਅਨੁਸਾਰ ਪੂਰੀ ਤਰ੍ਹਾਂ ਖਾਮੋਸ਼ ਹੈ। ਲੋਕ-ਪੱਖੀ ਤਾਕਤਾਂ ਨੂੰ ਰੂਪੇਸ਼ ਕੁਮਾਰ ਸਿੰਘ ਵਰਗੀਆਂ ਕਲਮਾਂ ਦੀ ਰਾਖੀ ਲਈ ਅਤੇ ਕੇਸ ਦਰਜ ਹੋਣ ਦੀ ਸੂਰਤ ਵਿਚ ਉਨ੍ਹਾਂ ਦੇ ਮਾਮਲਿਆਂ ਦੀ ਕਾਨੂੰਨੀ ਪੈਰਵਾਈ ਵੱਲ ਵਿਸ਼ੇਸ਼ ਧਿਆਨ ਦੇ ਕੇ ਕੰਮ ਕਰਨਾ ਚਾਹੀਦਾ ਹੈ।
ਰੂਪੇਸ਼ ਕੁਮਾਰ ਸਿੰਘ ਨੂੰ ਗ੍ਰਿਫਤਾਰ ਕਰਕੇ ਅਧਿਕਾਰੀਆਂ ਵਲੋਂ ਜੋ ਨਸੀਹਤਾਂ ਦਿੱਤੀਆਂ ਗਈਆਂ, ਉਨ੍ਹਾਂ ਤੋਂ ਗ੍ਰਿਫਤਾਰੀ ਦਾ ਮਨੋਰਥ ਸਾਫ ਪਤਾ ਲਗਦਾ ਹੈ। ਉਸ ਦੀ ਜੀਵਨ ਸਾਥਣ ਇਪਸਾ ਸ਼ਤਾਕਸ਼ੀ ਨੇ ਆਪਣੇ ਪਤੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਉਪਰ ਹਾਲਤ ਇਸ ਤਰ੍ਹਾਂ ਬਿਆਨ ਕੀਤੀ ਹੈ: ‘4 ਜੂਨ ਨੂੰ ਸਵੇਰੇ 8 ਵਜੇ ਰੂਪੇਸ਼ ਆਪਣੇ ਦੋ ਸਾਥੀਆਂ ਮਿਥਲੇਸ਼ ਕੁਮਾਰ ਅਤੇ ਮੁਹੰਮਦ ਕਲਾਮ ਨਾਲ ਘਰੋਂ ਔਰੰਗਾਬਾਦ ਲਈ ਚੱਲੇ। ਦੋ ਘੰਟੇ ਬਾਅਦ ਤਿੰਨਾਂ ਦਾ ਮੋਬਾਈਲ ‘ਬੰਦ’ ਆਉਣਾ ਸ਼ੁਰੂ ਹੋ ਗਿਆ। ਪਰਿਵਾਰ ਵਾਲਿਆਂ ਨੂੰ ਫਿਕਰ ਪੈ ਗਿਆ। 5 ਜੂਨ ਨੂੰ ਰਾਮਗੜ੍ਹ ਥਾਣੇ ਵਿਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ ਗਈ। ਰਾਮਗੜ੍ਹ ਪੁਲਿਸ ਰੂਪੇਸ਼ ਦਾ ਮੋਬਾਈਲ ਇਹ ਕਹਿ ਕੇ ਲੈ ਗਈ ਕਿ ਜਾਂਚ ਲਈ ਜ਼ਰੂਰਤ ਹੈ ਅਤੇ ਦੋ ਘੰਟੇ ਵਿਚ ਮੋੜ ਦਿੱਤਾ ਜਾਵੇਗਾ। ਉਹ ਮੋਬਾਈਲ ਹੁਣ ਤਕ ਵਾਪਸ ਨਹੀਂ ਕੀਤਾ ਗਿਆ। ਅਗਲੇ ਦਿਨ 6 ਜੂਨ ਨੂੰ ਮਿਥਲੇਸ਼ ਦਾ ਫੋਨ ਆਇਆ ਕਿ ਉਹ ਠੀਕ ਹਨ ਅਤੇ ਘਰ ਆ ਰਹੇ ਹਨ; ਲੇਕਿਨ ਤਿੰਨੇ ਹੀ ਘਰ ਨਹੀਂ ਪਹੁੰਚੇ। ਅਗਲੇ ਦਿਨ 7 ਜੂਨ ਨੂੰ ਅਖਬਾਰ ਵਿਚ ਖਬਰ ਛਪੀ – ‘ਵਿਸਫੋਟਕ ਸਮੇਤ ਤਿੰਨ ਖਤਰਨਾਕ ਨਕਸਲੀ ਰੂਪੇਸ਼ ਕੁਮਾਰ ਸਿੰਘ, ਮਿਥਲੇਸ਼ ਕੁਮਾਰ ਸਿੰਘ ਅਤੇ ਮੁਹੰਮਦ ਕਲਾਮ ਸ਼ੇਰਘਾਟੀ-ਡੋਭੀ ਪੁਲਿਸ ਦੁਆਰਾ ਗ੍ਰਿਫਤਾਰ ਕਰ ਲਏ ਗਏ।’
ਦਰਅਸਲ, ਰੂਪੇਸ਼ ਦੀ ਗ੍ਰਿਫਤਾਰੀ 4 ਜੂਨ ਨੂੰ ਸਵੇਰੇ ਸਾਢੇ ਨੌਂ ਵਜੇ ਹੋ ਗਈ ਸੀ, ਨਾ ਕਿ 6 ਜੂਨ ਨੂੰ ਹੋਈ ਜਿਵੇਂ ਪੁਲਿਸ ਕਹਿ ਰਹੀ ਹੈ। ਹਜ਼ਾਰੀਬਾਗ ਤੋਂ ਥੋੜ੍ਹਾ ਅੱਗੇ ਜਦੋਂ ਉਨ੍ਹਾਂ ਨੇ ਜੰਗਲ-ਪਾਣੀ ਜਾਣ ਲਈ ਗੱਡੀ ਰੋਕੀ ਤਾਂ ਉਨ੍ਹਾਂ ਨੂੰ ਆਈ.ਬੀ. ਵਾਲਿਆਂ ਨੇ ਪਿੱਛੋਂ ਹਮਲਾ ਕਰਕੇ ਦਬੋਚ ਲਿਆ। ਵਾਲਾਂ ਤੋਂ ਫੜ ਕੇ ਅੱਖਾਂ ਉਪਰ ਕੱਪੜਾ ਬੰਨ੍ਹ ਦਿੱਤਾ ਗਿਆ ਅਤੇ ਹੱਥਾਂ ਨੂੰ ਪਿੱਠ ਪਿੱਛੇ ਕਰਕੇ ਹੱਥਕੜੀ ਲਗਾ ਦਿੱਤੀ ਗਈ। ਵਿਰੋਧ ਕਰਨ ‘ਤੇ ਹੱਥਕੜੀ ਖੋਲ੍ਹ ਦਿੱਤੀ ਅਤੇ ਅੱਖਾਂ ਤੋਂ ਪੱਟੀ ਵੀ ਹਟਾ ਦਿੱਤੀ। ਫਿਰ ਉਨ੍ਹਾਂ ਨੂੰ ਬਾਰਾਚੱਟੀ ਦੇ ਕੋਬਰਾ ਬਟਾਲੀਅਨ (ਸੀ.ਆਰ.ਪੀ.ਐਫ਼) ਕੈਂਪ ਵਿਚ ਲਿਜਾਇਆ ਗਿਆ। ਰੂਪੇਸ਼ ਨੂੰ ਬਿਲਕੁਲ ਸੌਣ ਨਹੀਂ ਦਿੱਤਾ ਗਿਆ ਅਤੇ ਪੂਰੀ ਰਾਤ ਮਾਨਸਿਕ ਤਸ਼ੱਦਦ ਕੀਤਾ ਗਿਆ। ਉਸ ਨੂੰ ਧਮਕਾਇਆ ਗਿਆ ਕਿ ਪ੍ਰਬੰਧ ਜਾਂ ਸਰਕਾਰ ਦੇ ਖਿਲਾਫ ਲਿਖਣਾ ਬੰਦ ਕਰੇ।
ਉਸ ਨੂੰ ਕਿਹਾ ਗਿਆ – ਪੜ੍ਹਿਆ-ਲਿਖਿਆ ਏਂ, ਮੌਜ ਨਾਲ ਕਮਾ ਤੇ ਖਾ। ਆਦਿਵਾਸੀਆਂ ਲਈ ਐਨਾ ਪ੍ਰੇਸ਼ਾਨ ਕਿਉਂ ਰਹਿੰਦਾ ਏਂ; ਕਦੇ ਕਵਿਤਾ, ਕਦੇ ਲੇਖ ਲਿਖਦਾ ਏਂ। ਇਸ ਨਾਲ ਆਦਿਵਾਸੀਆਂ ਦਾ ਮਨੋਬਲ ਵਧਦਾ ਹੈ। ਕੀ ਮਿਲੇਗਾ ਇਸ ਨਾਲ। ਜੰਗਲ, ਜ਼ਮੀਨ ਬਾਰੇ ਬਹੁਤ ਫਿਕਰਮੰਦ ਰਹਿੰਦਾ ਏਂ, ਇਸ ਤੋਂ ਕੁਝ ਵੀ ਨਹੀਂ ਮਿਲਣਾ। ਵਿਆਹਿਆ ਹੋਇਆ ਏਂ, ਪਰਿਵਾਰ ਬਾਰੇ ਸੋਚ। ਸਰਕਾਰ ਨੇ ਕਿੰਨੀਆਂ ਵਧੀਆ ਵਧੀਆ ਯੋਜਨਾਵਾਂ ਲਿਆਂਦੀਆਂ ਹਨ, ਉਨ੍ਹਾਂ ਬਾਰੇ ਲਿਖ। ਤੇਰੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਛੱਡ ਦਿਆਂਗੇ। 5 ਜੂਨ ਨੂੰ ਮਿਥਲੇਸ਼ ਕੁਮਾਰ ਤੋਂ ਦੁਪਹਿਰ ਇਕ ਵਜੇ ਕਾਲ ਵੀ ਕਰਵਾਈ ਗਈ ਕਿ ਤਿੰਨੇ ਸੁਰੱਖਿਅਤ ਹਨ। ਘਰ ਆ ਰਹੇ ਹਨ।… 5 ਜੂਨ ਨੂੰ ਰੂਪੇਸ਼ ਨੂੰ ਚਾਰ ਘੰਟੇ ਸੌਣ ਦੀ ਇਜਾਜ਼ਤ ਦਿੱਤੀ ਗਈ। ਫਿਰ 5 ਜੂਨ ਦੀ ਸ਼ਾਮ ਨੂੰ ਕੋਬਰਾ ਬਟਾਲੀਅਨ ਦੇ ਕੈਂਪ ਵਿਚ ਇਨ੍ਹਾਂ ਦੇ ਸਾਹਮਣੇ ਹੀ ਇਨ੍ਹਾਂ ਦੀ ਗੱਡੀ ਵਿਚ ਵਿਸਫੋਟਕ (ਜਿਲੇਟਿਨ ਸਟਿੱਕ ਅਤੇ ਡੈਟੋਨੇਟਰ) ਰੱਖਿਆ ਗਿਆ। ਵਿਰੋਧ ਕਰਨ ‘ਤੇ ਸ਼ੇਰਘਾਟੀ ਦੇ ਪੁਲਿਸ ਮੁਖੀ ਰਵੀਸ਼ ਕੁਮਾਰ ਨੇ ਕਿਹਾ ਕਿ ‘ਅਰੇ ਫੜੇ ਹੋ ਤਾਂ ਐਵੇਂ ਕਿਵੇਂ ਛੱਡ ਦਿਆਂਗੇ। ਆਪਣੇ ਵਲੋਂ ਕੇਸ ਪੂਰੀ ਮਜ਼ਬੂਤੀ ਨਾਲ ਪੇਸ਼ ਕਰਾਂਗੇ ਰੂਪੇਸ਼ ਜੀ।’ ਫਿਰ ਇਸੇ ਵਿਸਫੋਟਕ ਸਮੱਗਰੀ ਨੂੰ ਦਿਖਾ ਕੇ ਡੋਭੀ ਥਾਣੇ ਵਿਚ ਪ੍ਰੈੱਸ ਕਾਨਫਰੰਸ ਕੀਤੀ ਗਈ।
ਇਨ੍ਹਾਂ ਨੂੰ ਇਹ ਕਹਿ ਕੇ ਡੋਭੀ ਥਾਣੇ ਦੇ ਹਵਾਲੇ ਕਰ ਦਿੱਤਾ ਗਿਆ ਕਿ ਇਹ ਇਸ ਤਰ੍ਹਾਂ ਗੱਲ ਸੁਣਨ ਵਾਲੇ ਨਹੀਂ, ਇਨ੍ਹਾਂ ਨੂੰ ਅੰਦਰ ਕਰੋ। 6 ਜੂਨ ਸ਼ਾਮ ਨੂੰ ਇਨ੍ਹਾਂ ਨੂੰ ਡੋਭੀ ਥਾਣੇ ਤੋਂ ਸ਼ੇਰਘਾਟੀ ਜੇਲ੍ਹ ਭੇਜ ਦਿੱਤਾ ਗਿਆ।
ਪੁਲਿਸ 7 ਜੂਨ ਨੂੰ ਉਨ੍ਹਾਂ ਦੇ ਘਰੋਂ ਮਾਰਕਸ, ਲੈਨਿਨ ਦੀਆਂ ਲਿਖਤਾਂ ਅਤੇ ਹੋਰ ਕਿਤਾਬਾਂ ਚੁੱਕ ਕੇ ਲੈ ਗਈ। ਉਨ੍ਹਾਂ ਦਾ ਲੈਪਟਾਪ ਅਤੇ ਮੋਬਾਈਲ ਪੁਲਿਸ ਦੇ ਕਬਜ਼ੇ ਵਿਚ ਹੈ ਜਿਸ ਨਾਲ ਉਹ ਕੋਈ ਵੀ ਛੇੜਛਾੜ ਕਰਕੇ ਮਨਮਰਜ਼ੀ ਦਾ ਕੇਸ ਬਣਾ ਸਕਦੇ ਹਨ। ਇਸ ਦੇ ਨਾਲ ਹੀ ਪੁਲਿਸ 7 ਜੂਨ ਨੂੰ ਸਵੇਰੇ ਹੀ ਇਹ ਕਹਿ ਕੇ ਉਸ ਦੇ ਵੱਡੇ ਭਰਾ ਕੁਮਾਰ ਅੰਸ਼ੂ ਅਤੇ ਉਨ੍ਹਾਂ ਦੇ ਸਹੁਰੇ ਵਿਸ਼ਦ ਕੁਮਾਰ ਨੂੰ ਆਪਣੇ ਨਾਲ ਲੈ ਗਈ ਕਿ ਆਪਣਾ ਬੋਕਾਰੋ ਵਾਲਾ ਘਰ ਦਿਖਾਉਣ ਲਈ ਸਾਡੇ ਨਾਲ ਚੱਲੋ, ਉਥੋਂ ਛੱਡ ਦਿਆਂਗੇ। ਕੁਝ ਘੰਟੇ ਬਾਅਦ ਹੀ ਉਸ ਦੇ ਭਰਾ ਦਾ ਮੋਬਾਈਲ ‘ਬੰਦ’ ਆਉਣਾ ਸ਼ੁਰੂ ਹੋ ਗਿਆ ਅਤੇ ਸਹੁਰੇ ਦੀ ਕਾਲ ਰਿਸੀਵਿੰਗ ਵੀ ਬੰਦ ਹੋ ਗਈ।
ਇਸ ਸਮੁੱਚੇ ਘਟਨਾਕ੍ਰਮ ਬਾਰੇ ਪੱਤਰਕਾਰ ਉਤਮ ਕੁਮਾਰ ਲਿਖਦੇ ਹਨ: ‘ਸਪਸ਼ਟ ਹੈ ਕਿ ਭਾਰਤ ਦੋ ਭਾਗਾਂ ਵਿਚ ਵੰਡਿਆ ਜਾ ਚੁੱਕਾ ਹੈ। ਇਕ ਇਥੋਂ ਦੇ ਹੁਕਮਰਾਨ, ਜਾਤੀਵਾਦੀ ਪੂੰਜੀਪਤੀ, ਜਾਤਵਾਦੀ, ਬ੍ਰਾਹਮਣਵਾਦੀ ਤੇ ਵਿਦੇਸ਼ੀ ਹੁਕਮਰਾਨ, ਉਨ੍ਹਾਂ ਦੀ ਸੁਰੱਖਿਆ ਵਿਚ ਇਥੋਂ ਦੀ ਪੁਲਿਸ ਅਤੇ ਸੁਰੱਖਿਆ ਬਲ ਹਨ। ਦੂਸਰੇ ਪਾਸੇ ਹਾਸ਼ੀਏ ਉਪਰਲੇ ਲੋਕ ਦਲਿਤ, ਆਦਿਵਾਸੀ ਅਤੇ ਘੱਟ ਗਿਣਤੀਆਂ ਜੋ ਮੁਲਕ ਦੇ ਜਲ, ਜੰਗਲ ਅਤੇ ਜ਼ਮੀਨ ਨੂੰ ਬਚਾਉਣ ਦੀ ਲੜਾਈ ਵਿਚ ਅਗਵਾਈ ਕਰ ਰਹੇ ਹਨ ਜੋ ਉਨ੍ਹਾਂ ਦੇ ਹਿਤ ਵਿਚ ਆਵਾਜ਼ ਉਠਾਏਗਾ ਜਾਂ ਪੱਤਰਕਾਰੀ ਕਰੇਗਾ, ਉਸ ਨੂੰ ਜਾਂ ਤਾਂ ਮੁਕਾਬਲੇ ਵਿਚ ਮਾਰ ਦਿੱਤਾ ਜਾਵੇਗਾ ਜਾਂ ਫਿਰ ਜੇਲ੍ਹ ਦੀਆਂ ਸੀਖਾਂ ਪਿੱਛੇ ਡੱਕ ਦਿੱਤਾ ਜਾਵੇਗਾ।
ਇਸ ਯੁੱਧ ਖੇਤਰ ਵਿਚ ਡੂੰਘੇ ਵੰਡੇ ਭਾਰਤ ਨੂੰ ਅਸੀਂ ਇਸ ਤਰ੍ਹਾਂ ਡੂੰਘੀ ਹੁੰਦੀ ਖਾਈ ਅਤੇ ਚੌੜੀ ਹੁੰਦੀ ਜਾ ਰਹੀ ਦਰਾੜ ਦੇ ਰੂਪ ਵਿਚ ਦੇਖ ਸਕਦੇ ਹਾਂ। ਹੱਕ, ਬਰਾਬਰੀ, ਸੁਤੰਤਰਤਾ, ਭਾਈਚਾਰਾ ਅਤੇ ਨਿਆਂਪ੍ਰੇਮੀ ਲੋਕਾਂ ਦੇ ਖਿਲਾਫ ਸੱਤਾ ਦੁਆਰਾ ਲਗਾਤਾਰ ਹਮਲੇ ਤਿੱਖੇ ਹੁੰਦੇ ਜਾ ਰਹੇ ਹਨ। ਲੋਕ ਆਪਣੀ ਆਜ਼ਾਦੀ ਅਤੇ ਹੱਕ ਦੇ ਲਈ ਤੇਜ਼ੀ ਨਾਲ ਉਠ ਰਹੇ ਹਨ। ਆਉਣ ਵਾਲਾ ਵਕਤ ਘੁੱਪ ਹਨੇਰਾ ਜ਼ਰੂਰ ਹੋਵੇਗਾ, ਲੇਕਿਨ ਬਰਾਬਰੀ ਦਾ ਚਾਨਣ ਕਾਲੀਆਂ ਹਨੇਰੀਆਂ ਪਰਤਾਂ ਨੂੰ ਚੀਰ ਦੇਵੇਗਾ। ਲੱਖ ਕੋਸ਼ਿਸ਼ ਕਰ ਲੈਣ, ਸੱਚ ਨੂੰ ਡਰਾਇਆ ਨਹੀਂ ਜਾ ਸਕਦਾ। ਬੁੱਧੀਜੀਵੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਸੱਚ ਬੋਲਣ ਅਤੇ ਕੂੜ ਨੂੰ ਨੰਗਾ ਕਰਨ।’
__________________________
ਵਿਚਾਰਾਂ ਦੀ ਆਜ਼ਾਦੀ ਅਤੇ ਪਾਰਲਮੈਂਟਰੀ ਖੱਬੇ
ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜੇਅਨ ਨੇ 12 ਜੂਨ 2019 ਨੂੰ ਵਿਧਾਨ ਸਭਾ ਵਿਚ ਦੱਸਿਆ ਕਿ ਸੱਤਾ ਸੰਭਾਲਣ ਤੋਂ ਬਾਅਦ ਸੀ.ਪੀ.ਐਮ. ਦੇ ਮੌਜੂਦਾ ਰਾਜ ਵਿਚ ਕੁਲ 119 ਲੋਕਾਂ ਉਪਰ ਕੇਸ ਦਰਜ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਨੇ ਸੋਸ਼ਲ ਮੀਡੀਆ ਉਪਰ ਮੁੱਖ ਮੰਤਰੀ ਬਾਰੇ ਟਿੱਪਣੀਆਂ ਕੀਤੀਆਂ। ਮੁੱਖ ਮੰਤਰੀ ਨੇ ਇਹ ਜਾਣਕਾਰੀ ਵਿਰੋਧੀ ਧਿਰ ਦੇ ਆਗੂ ਵਲੋਂ ਦਿੱਤੇ 149 ਕੇਸਾਂ ਦੇ ਅੰਕੜੇ ਨੂੰ ਦਰੁਸਤ ਕਰਨ ਲਈ ਦਿੱਤੀ। ਵਿਜੇਅਨ ਨੇ ਮਈ 2016 ਵਿਚ ਸੱਤਾ ਸੰਭਾਲੀ ਸੀ। ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਬੀਤੇ ਤਿੰਨ ਸਾਲ ਵਿਚ ਆਪਣੇ ਸ਼ਾਸਨ ਕਾਲ ਵਿਚ ਸੀ.ਪੀ.ਐਮ. ਦੇ ਇਸ ਆਗੂ ਨੇ ਆਲੋਚਨਾ ਕਰਨ ਦੇ ‘ਜੁਰਮ’ ਵਿਚ ਹਰ ਸਾਲ ਔਸਤ ਚਾਲੀ ਵਿਅਕਤੀਆਂ ਉਪਰ ਕੇਸ ਦਰਜ ਕੀਤੇ ਹਨ। ਇਹ ਦੇਖ ਕੇ ਲੱਗਦਾ ਹੈ ਕਿ ਸੀ.ਪੀ.ਐਮ. ਦਾ ਮੁੱਖ ਮੰਤਰੀ ਭਗਵੇਂ ਮਹੰਤ ਅਦਿਤਿਆਨਾਥ ਤੋਂ ਵੀ ਇਸ ਮਾਮਲੇ ਵਿਚ ਅੱਗੇ ਨਿਕਲਣਾ ਚਾਹੁੰਦਾ ਹੈ।
__________________________
ਨਕਸਲੀ ਸਾਹਿਤ
ਇਕ ਵਾਰ ਮੈਂ ਦਾਂਤੇਵਾੜਾ ਦੇ ਐਸ਼ਪੀ.ਨੂੰ ਮਿਲਣ ਗਿਆ। ਉਸ ਨੇ ਕਿਹਾ ਕਿ ਅੱਜ ਉਨ੍ਹਾਂ ਨਕਸਲੀ ਸਾਹਿਤ ਬਰਾਮਦ ਕੀਤਾ ਹੈ। ਮੈਨੂੰ ਉਤਸੁਕਤਾ ਹੋਈ। ਮੈਂ ਕਿਹਾ – ਕਿਹੋ ਜਿਹਾ ਹੁੰਦਾ ਹੈ ਨਕਸਲੀ ਸਾਹਿਤ? ਉਨ੍ਹਾਂ ਮੈਨੂੰ ਜੋ ਕਿਤਾਬਾਂ ਦਿਖਾਈਆਂ ਜਿਨ੍ਹਾਂ ਵਿਚ ਡੰਕਲ ਖਰੜੇ ਅਤੇ ਸੰਸਾਰੀਕਰਨ ਵਿਰੁਧ ਲੇਖ ਸਨ। ਮੈਂ ਕਿਹਾ ਕਿ ਇਹ ਸਭ ਤਾਂ ਅਸੀਂ ਵੀ ਪੜ੍ਹਦੇ ਹਾਂ। ਉਹ ਕੁਝ ਨਹੀਂ ਬੋਲੇ, ਸਰਕਾਰ ਦਾ ਹੁਕਮ ਜੋ ਵਜਾ ਰਹੇ ਸਨ। ਹੇਠਲੀਆਂ ਅਦਾਲਤਾਂ ਵਿਚ ਪੁਲਿਸ ਵਾਲੇ ਕੋਈ ਵੀ ਕਿਤਾਬ ਪੈਕ ਕਰਕੇ ਜੱਜ ਸਾਹਮਣੇ ਰੱਖ ਦਿੰਦੇ ਹਨ। ਕਿਸੇ ਵੀ ਮਾਮਲੇ ਵਿਚ ਜੱਜ ਕਿਤਾਬਾਂ ਨੂੰ ਪੜ੍ਹ ਕੇ ਨਹੀਂ ਦੇਖਦੇ ਅਤੇ ਸਜ਼ਾ ਸੁਣਾ ਦਿੰਦੇ ਹਨ।
-ਗਾਂਧੀਵਾਦੀ ਕਾਰਕੁਨ ਹਿਮਾਂਸ਼ੂ ਕੁਮਾਰ