ਕੌਣ ਸਨ 1968 ਦੇ ਵਿਦਿਆਰਥੀ ਉਭਾਰ ਨੂੰ ਪ੍ਰੇਰਨ ਵਾਲੇ?

ਪੀæਐਸ਼ਯੂæ ਅਤੇ ਪੰਜਾਬ ਦੀ ਨਕਸਲੀ ਲਹਿਰ-4
1968 ਵਾਲਾ ਸਾਲ ਸੰਸਾਰ ਭਰ ਵਿਚ ਬੜਾ ਘਟਨਾਵਾਂ ਭਰਪੂਰ ਸਾਲ ਸੀ। ਥਾਂ-ਥਾਂ ਘੋਲ ਚੱਲ ਰਹੇ ਸਨ। ਜੁਝਾਰੂ ਪੰਜਾਬ ਵਿਚ ਵੀ ਸੰਸਾਰ ਦੇ ਐਨ ਮੇਚ ਮੁਤਾਬਕ ਘੋਲ ਲੜੇ ਜਾ ਰਹੇ ਸਨ। ‘ਪੀæਐਸ਼ਯੂæ ਅਤੇ ਪੰਜਾਬ ਦੀ ਨਕਸਲੀ ਲਹਿਰ’ ਦੀ ਇਸ ਚੌਥੀ ਕਿਸ਼ਤ ਵਿਚ ਗੁਰਦਿਆਲ ਸਿੰਘ ਬਲ ਨੇ ਉਦੋਂ ਪਿੜ ਵਿਚ ਨਾਇਕਾਂ ਦਾ ਰੋਲ ਨਿਭਾ ਰਹੇ ਨੌਜਵਾਨਾਂ ਦੇ ਪ੍ਰੇਰਨਾ ਸੋਮਿਆਂ ਬਾਰੇ ਚਰਚਾ ਛੇੜੀ ਹੈ। ਹੋਰ ਨਾਇਕਾਂ ਦੇ ਨਾਲ-ਨਾਲ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲੇ ਪ੍ਰੋæ ਭੁਪਿੰਦਰ ਸਿੰਘ ਬਾਰੇ ਉਚੇਚਾ ਜ਼ਿਕਰ ਕੀਤਾ ਹੈ ਜਿਨ੍ਹਾਂ ਨੇ ‘ਰਾਜ ਕਰੇਗਾ ਖਾਲਸਾ’ ਨਾਂ ਦੇ ਆਪਣੇ ਚਰਚਿਤ ਲੇਖ ਵਿਚ ਸਿੱਖ ਅਤੇ ਸਿੱਖੀ ਦੇ ਧਾਰਮਿਕ ਅਤੇ ਸਿਆਸੀ ਮੁਹਾਵਰੇ ਬਾਰੇ ਪੂਰੀ ਨੀਝ ਨਾਲ ਲਿਖਿਆ। ਇਸ ਕਿਸ਼ਤ ਵਿਚ ਇਨ੍ਹਾਂ ਨਾਇਕਾਂ ਦੇ ਅਕੀਦਿਆਂ ‘ਤੇ ਧਿਆਨ ਕੇਂਦਰਤ ਕੀਤਾ ਗਿਆ ਹੈ। -ਸੰਪਾਦਕ

ਗੁਰਦਿਆਲ ਸਿੰਘ ਬੱਲ
ਫੋਨ: 91-98150-85277

ਪੰਜਾਬ ਵਿਚ 1967-68 ਦੇ ਵਿਦਿਆਰਥੀ ਉਭਾਰ ਬਾਰੇ ਪਿਛਲੀਆਂ ਕਿਸ਼ਤਾਂ ਵਿਚ ਮੋਟੇ ਜਿਹੇ ਵੇਰਵੇ ਪੇਸ਼ ਕੀਤੇ ਸਨ। ਉਸ ਦੌਰ ਵਿਚ ਪ੍ਰੋæ ਹਰਭਜਨ, ਮਾਸਟਰ ਮੇਘ, ਹਾਕਮ ਸਿੰਘ ਸਮਾਓਂ, ਸ਼ਮਸ਼ੇਰ ਸਿੰਘ ਸ਼ੇਰੀ, ਜਗਜੀਤ ਸਿੰਘ ਸੋਹਲ, ਦਰਸ਼ਨ ਬਾਗੀ, ਪ੍ਰੋæ ਭੁਪਿੰਦਰ ਜਾਂ ਸੁਰਿੰਦਰ ਚਾਹਿਲ ਦਾ ਰੋਲ ਬੜਾ ਅਹਿਮ ਰਿਹਾ। ਇਹ ਕੌਣ ਲੋਕ ਸਨ ਜਿਹੜੇ ਸਿਸਟਮ ਨੂੰ ਨੰਗੇ ਧੜ ਲਲਕਾਰ ਰਹੇ ਸਨ? ਇਹ ਆਖਰਕਾਰ, ਵਿਦਿਆਰਥੀਆਂ ਨੂੰ ਖਾੜਕੂ ਅੰਦੋਲਨ ਦੇ ਰਾਹ ਪਾ ਕੇ ਭਲਾ ਭਾਲ ਕੀ ਰਹੇ ਸਨ? ਉਨ੍ਹਾਂ ਦੇ ਅਸਲ ਉਦੇਸ਼ ਕੀ ਸਨ? ਫਿਰ ਸਾਲ 1968 ਤੋਂ ਬਾਅਦ ਉਹ ਕਿਉਂ ਤੇ ਕਿੱਧਰ ਗਏ? ਬਜ਼ੁਰਗ ਗਦਰੀ ਬਾਬਾ ਬੂਝਾ ਸਿੰਘ ਉਮਰ ਦੇ ਆਖਰੀ ਪੜਾਅ ‘ਤੇ ਆ ਕੇ 1968 ਦੇ ਉਸ ਵਿਆਪਕ ਵਿਦਰੋਹ ਦਾ ਹਿੱਸਾ ਭਲਾ ਕਿਉਂ ਬਣਿਆ?
ਇਸਾਈ ਮੱਤ ਦੀ ਸ਼ੁਰੂਆਤ ਮਾਨਵ ਜਾਤੀ ਦੇ ਮਹਾਨ ਹਿੱਤੂ ਯਸੂ ਮਸੀਹ ਵੱਲੋਂ ਰੋਮਨ ਸਾਮਰਾਜ ਦੇ ਜ਼ੁਲਮਾਂ ਵਿਰੁਧ ਆਵਾਜ਼ ਬੁਲੰਦ ਕਰਨ ਦੇ ‘ਗੁਨਾਹ’ ਬਦਲੇ ਸੂਲੀ ‘ਤੇ ਲਟਕ ਜਾਣ ਨਾਲ ਹੋਈ ਸੀ। ਭਗਵਾਨ ਈਸਾ ਤੋਂ ਵੀ 70 ਸਾਲ ਪਹਿਲਾਂ ਸਪਾਰਟਕਸ ਨਾਂ ਦੇ ਇਕ ਗੁਲਾਮ ਨੇ ਇਨਸਾਨੀ ਹਸਤੀ ਦੀ ਸ਼ਾਨ ਅਤੇ ਸਵੀਕ੍ਰਿਤੀ ਦੇ ਆਦਰਸ਼ ਖਾਤਰ, ਇਨ੍ਹਾਂ ਰੋਮਨਾਂ ਵਿਰੁਧ ਹੀ ਜ਼ਬਰਦਸਤ ਬਗਾਵਤ ਕੀਤੀ ਸੀ। ਦਿਨਾਂ ਵਿਚ ਹੀ ਉਸ ਦੇ ਝੰਡੇ ਹੇਠ ਇਕ ਲੱਖ ਤੋਂ ਵੀ ਵੱਧ ਬਾਗੀ ਗੁਲਾਮ ਇਕੱਠੇ ਹੋ ਗਏ ਸਨ ਅਤੇ ਸਾਲ ਭਰ ਦੇ ਲਹੂ ਵੀਟਵੇਂ ਸੰਘਰਸ਼ ਦੌਰਾਨ ਉਨ੍ਹਾਂ ਨੇ ਮਹਾਨ ਰੋਮਨ ਸਲਤਨਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਹਜ਼ਾਰ ਕਾਰਨ ਹੋਣਗੇ ਜਿਨ੍ਹਾਂ ਕਾਰਨ ਉਹ ਇਤਿਹਾਸਕ ਬਗਾਵਤ ਸਫਲ ਨਾ ਹੋ ਸਕੀ, ਪਰ ਬਗਾਵਤ ਦਾ ਜਲੌਅ ਅੱਜ ਵੀ ਉਤਨਾ ਹੀ ਤਾਜ਼ਾ ਹੈ ਅਤੇ ਬਾਗੀਆਂ ਦੇ ਦਿਲਾਂ ਵਿਚ ਬਗਾਵਤ ਦਾ ਦੀਵਾ ਬਲਦਾ ਰੱਖਦਾ ਹੈ।
ਚੰਗਾ ਹੋਇਆ ਸਪਾਰਟਕਸ ਦੇ ਨਾਂ ‘ਤੇ ਕੋਈ ਧਰਮ ਨਹੀਂ ਚੱਲਿਆ, ਪਰ ਉਸ ਵੱਲੋਂ ਸਿਰਜਿਆ ਸੁਪਨਾ ਅੱਜ ਤੱਕ ਵੀ ਨਹੀਂ ਮੋਇਆ; ਬਲਕਿ ਉਹੋ ਸੁਪਨਾ ਇਨਕਲਾਬੀਆਂ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਨਿਰੰਤਰ ਪ੍ਰੇਰਿਤ ਕਰ ਰਿਹਾ ਹੈ। ਸਪਾਰਟਕਸ ਦੇ ਵਿਦਰੋਹ ਦਾ ਜ਼ਿਕਰ ਮੈਂ ਇਸ ਲਈ ਵੀ ਕੀਤਾ ਹੈ ਕਿ 1966 ਦੇ ਉਸ ਸਮੇਂ ਦੌਰਾਨ ਨੈਸ਼ਨਲ ਕਾਲਜ ਸਠਿਆਲਾ ਵਿਚ ਅਗਲੇ ਵਰ੍ਹੇ ਪੀæਐਸ਼ਯੂæ ਪੰਜਾਬ ਦਾ ਬਣਨ ਵਾਲਾ ਪ੍ਰਧਾਨ ਸੁਰਿੰਦਰ ਸਿੰਘ ਚਾਹਿਲ ਸਾਡਾ ਯੂਨਿਟ ਬਣਾਉਣ ਲਈ ਜਦੋਂ ਸਾਨੂੰ ਮਿਲਣ ਲਈ ਪਹਿਲੀ ਵਾਰ ਆਇਆ ਸੀ ਤਾਂ ਇਤਫਾਕਵੱਸ ਉਸ ਦੇ ਹੱਥਾਂ ਵਿਚ ਸਪਾਰਟਕਸ ਦੀ ਬਗਾਵਤ ‘ਤੇ ਆਧਾਰਤ ਹਾਵਰਡ ਫਾਸਟ ਦੇ ਜਗਤ ਪ੍ਰਸਿਧ ਨਾਵਲ ‘ਸਪਾਰਟਕਸ’ ਦੇ ਹਿੰਦੀ ਅਨੁਵਾਦ ‘ਆਦਿ ਵਿਦਰੋਹੀ’ ਦੀ ਕਾਪੀ ਸੀ। ਨਾਵਲ ਦਾ ਹਿੰਦੀ ਅਨੁਵਾਦ ਮੁਨਸ਼ੀ ਪ੍ਰੇਮ ਚੰਦ ਦੇ ਲੜਕੇ ਅੰਮ੍ਰਿਤ ਰਾਏ ਨੇ ਕੀਤਾ ਸੀ। ਸੁਰਿੰਦਰ ਨੇ ਸਾਨੂੰ ਸਭ ਤੋਂ ਪਹਿਲਾਂ ਇਹੀ ਨਾਵਲ ਪੜ੍ਹਨ ਲਈ ਦਿੱਤਾ ਸੀ। ਇਹੋ ਮਹਾਨ ਨਾਵਲ ਸ਼ੇਰੀ ਨੇ ਵੀ ਪਿੱਛੋਂ ਆ ਕੇ ਪੜ੍ਹਿਆ ਸੀ ਅਤੇ ਉਹ ਉਸ ਤੋਂ ਬੇਹੱਦ ਪ੍ਰਭਾਵਤ ਸੀ। ਇਸ ਨਾਵਲ ਵਿਚ ਪਿਛਲੇ 2000 ਵਰ੍ਹਿਆਂ ਦੇ ਇਤਿਹਾਸ ਦੌਰਾਨ ਮਨੁੱਖੀ ਸੁਤੰਤਰਤਾ ਲਈ ਲੜੇ ਹਰ ਸੰਘਰਸ਼ ਪਿੱਛੇ ਸਪਾਰਟਕਸ ਦੀ ਸਪਿਰਟ ਕਾਰਜਸ਼ੀਲ ਹੁੰਦੀ ਸਹਿਜੇ ਹੀ ਵੇਖੀ ਜਾ ਸਕਦੀ ਹੈ।
19ਵੀਂ ਸਦੀ ਦੇ ਰੂਸ ਵਿਚ ਇਸੇ ਆਦਰਸ਼ ਦੀ ਪੂਰਤੀ ਲਈ ਲੜਾਈ ਦਾ ਮੁੱਢ 1825 ਦੇ ਦਸੰਬਰੀਆਂ ਦੀ ਬਗਾਵਤ ਨੇ ਬੰਨ੍ਹਿਆ ਸੀ ਅਤੇ ਬਾਅਦ ਵਿਚ ਪੂਰੀ 19ਵੀਂ ਸਦੀ ਦੌਰਾਨ ਇਕ ਪਾਸੇ ਪਦਾਰਥਵਾਦੀ ਦ੍ਰਿਸ਼ਟੀਕੋਣ ਤੋਂ ਬੈਲਿੰਸਕੀ, ਚਰਨੀਸ਼ੇਵਸਕੀ, ਪਿਸਾਰੇਵ, ਮਾਈਕਲ ਬਾਕੂਨਿਨ, ਪਲੈਖਾਨੋਵ, ਮਾਰਤੋਵ, ਲੈਨਿਨ ਅਤੇ ਲਿਓਨ ਟਰਾਟਸਕੀ ਅਤੇ ਦੂਜੇ ਪਾਸੇ ਆਦਰਸ਼ਵਾਦੀ ਸਲਾਵੋਫਾਈਲ ਨਜ਼ਰੀਏ ਤੋਂ ਅਲੈਕਸੀ ਖੋਮੀਆਕੋਵ, ਇਵਾਨ ਕਿਰੀਵਸਕੀ, ਪੀਟਰ ਕਿਰੀਵਸਕੀ, ਕੋਸਤਾਨਤਿਨ ਐਕਸਾਕੋਵ, ਇਵਾਨ ਐਕਸਾਕੋਵ ਅਤੇ ਮਾਨਵ ਭਲੇ ਦੀ ਤਮੰਨਾ ਰੱਖਣ ਵਾਲੇ ਅਜਿਹੇ ਅਨੇਕਾਂ ਚਿੰਤਕਾਂ ਦੇ ਪੈਰੋਕਾਰ ਜੂਝਦੇ ਰਹੇ ਸਨ। ਆਖਰ ਅਕਤੂਬਰ 1917 ਦੇ ਇਨਕਲਾਬ ਦੌਰਾਨ ਸੈਕੂਲਰ/ਪਦਾਰਥਵਾਦੀ ਨਜ਼ਰੀਏ ਵਾਲੇ ਚਿੰਤਕਾਂ ਦੇ ਪੈਰੋਕਾਰਾਂ ਦੀ ਧਿਰ ਦੀ ਜਿੱਤ ਹੋਈ। ਸਪਾਰਟਕਸ ਵਾਲੇ ਸੁਪਨੇ ਦਾ ਹਸ਼ਰ ਕੀ ਹੋਇਆ, ਉਹ ਅਗਾਂਹ ਲੰਮੀ ਬਹਿਸ ਦਾ ਵਿਸ਼ਾ ਹੈ, ਪਰ ਇਸੇ ਪੈਟਰਨ ‘ਤੇ ਇਹ ਕਿਹਾ ਜਾ ਸਕਦਾ ਹੈ ਕਿ 20ਵੀਂ ਸਦੀ ਦੇ ਪੰਜਾਬ ਵਿਚ ਉਸੇ ਆਦਿ ਜੁਗਾਦੀ ਸਪਾਰਟਕਸੀਅਨ ਖੁਆਬ ਦੀ ਪੂਰਤੀ ਲਈ ਸੰਗਰਾਮ ਦਾ ਮੁੱਢ 1914-15 ਦੇ ਗਦਰੀ ਬਾਬਿਆਂ ਦੀ ਬਗਾਵਤ ਨੇ ਬੰਨ੍ਹਿਆ ਅਤੇ ਉਸ ਤੋਂ ਬਾਅਦ ਸ਼ ਭਗਤ ਸਿੰਘ, ਸ਼ ਊਧਮ ਸਿੰਘ, ਬਾਬਾ ਸੋਹਣ ਸਿੰਘ ਭਕਨਾ, ਕਾਮਰੇਡ ਤੇਜਾ ਸਿੰਘ ਸੁਤੰਤਰ, ਦਰਸ਼ਨ ਸਿੰਘ ਕਨੇਡੀਅਨ, ਕਾਮਰੇਡ ਅਮਰ ਸਿੰਘ, ਪ੍ਰੋæ ਹਰਭਜਨ ਸੋਹੀ, ਰਾਮਪੁਰਾ ਫੂਲ ਵਾਲਾ ਮਾਸਟਰ ਮੇਘ, ਸ਼ਮਸ਼ੇਰ ਸਿੰਘ ਸ਼ੇਰੀ, ਸ਼ੇਰਪੁਰ ਵਾਲਾ ਗੁਰਦਿਆਲ ਸਿੰਘ ਸੀਤਲ ਅਤੇ ਅਨੇਕਾਂ ਹੀ ਉਨ੍ਹਾਂ ਦੇ ਹੋਰ ਸਾਥੀ ਆਪੋ-ਆਪਣੀ ਅਕਲ ਅਤੇ ਸਮਰਥਾ ਅਨੁਸਾਰ ਇਨਸਾਨੀਅਤ ਦੇ ਇਸ ਸੁਪਨੇ ਨੂੰ ਹਕੀਕਤ ਵਿਚ ਉਤਾਰਨ ਲਈ ਜੂਝਦੇ ਨਜ਼ਰ ਆਉਂਦੇ ਹਨ। ਪ੍ਰੋæ ਭੁਪਿੰਦਰ ਸਿੰਘ, ਦਰਸ਼ਨ ਬਾਗੀ ਤੇ ਪ੍ਰੋæ ਪ੍ਰੇਮ ਪਾਲੀ, ਡਾæ ਪਿਆਰੇ ਮੋਹਣ ਜਾਂ ਕਾਮਰੇਡ ਵੇਦ ਬਠਿੰਡੇ ਵਾਲਾ ਅਤੇ ਉਨ੍ਹਾਂ ਸਮਿਆਂ ਦੇ ਅਨੇਕਾਂ ਹੋਰ ਸੱਜਣ ਜੋ ਕਿਸੇ ਇਕ ਜਾਂ ਦੂਜੇ ਕਾਰਨ ਸਰਗਰਮ ਸੰਗਰਾਮ ਦੇ ਰਾਹ ਤੁਰ ਨਾ ਵੀ ਸਕੇ, ਉਨ੍ਹਾਂ ਦੀ ਚਿੰਤਨ ਪ੍ਰਕਿਰਿਆ ਵੀ ਨਿਰੰਤਰ ਅਜਿਹੀ ਸੋਚ ਦੇ ਧੁਰੇ ਦੁਆਲੇ ਹੀ ਘੁੰਮਦੀ ਦਿਖਾਈ ਦਿੰਦੀ ਹੈ।
ਗੁਰਮੀਤ ਸਿੰਘ ਦਿੱਤੂਪਰ ਜੋ ਕਿਲਾ ਹਕੀਮਾਂ ਵਾਲੇ ਜਨਰਲ ਬਲਵੰਤ ਸਿੰਘ ਦੀ ਹੱਤਿਆ ਦੇ ਕੇਸ ਵਿਚ 8-10 ਵਰ੍ਹੇ ਕੈਦ ਕੱਟ ਕੇ ਬਾਹਰ ਆਉਣ ਅਤੇ ਕਾਮਰੇਡ ਸੋਹਲ ਦੇ ਇਕੱਲਾ ਰਹਿ ਜਾਣ ‘ਤੇ ਉਸ ਦੀ ਧਿਰ ਬਣਿਆ, ਤੇ ਜਿਸ ਨੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਝੰਡੇ ਹੇਠ ਵਰ੍ਹਿਆਂ ਬੱਧੀ ਸਿਰ-ਤੋੜ ਮਿਹਨਤ ਕੀਤੀ, ਦਾ ਕੇਸ ਵੀ ਜ਼ਿਆਦਾ ਅਲੱਗ ਨਹੀਂ ਹੈ। ਪੰਜਾਬ ਵਿਚ ਨਕਸਲੀ ਵਿਚਾਰਧਾਰਾ ਦੇ ਰੂਹੇ-ਰਵਾਂ ਬਜ਼ੁਰਗ ਆਗੂ ਬਾਬਾ ਬੂਝਾ ਸਿੰਘ ਦੀ ਅਜਮੇਰ ਸਿੱਧੂ ਵੱਲੋਂ ਲਿਖੀ ਜੀਵਨੀ ‘ਬਾਬਾ ਬੂਝਾ ਸਿੰਘ-ਗਦਰ ਤੋਂ ਨਕਸਲਬਾੜੀ ਤੱਕ’ ਦੇ ਮੁੱਢਲੇ ਪੰਨਿਆਂ ‘ਤੇ ਸਰਸਰੀ ਜਿਹੀ ਝਾਤ ਮਾਰਿਆਂ ਹੀ ਪਤਾ ਲੱਗ ਜਾਂਦਾ ਹੈ ਕਿ ਸਪਾਰਟਕਸ ਦੀ ਸਪਿਰਟ ਨਾਲ ਬਾਬਾ ਜੀ ਦਾ ਕੀ ਰਿਸ਼ਤਾ ਸੀ! ਅਜਮੇਰ ਸਿੱਧੂ ਦੇ ਦੱਸਣ ਅਨੁਸਾਰ ਬਾਬਾ ਜੀ ਦੀ ਮੁੱਢਲੀ ਪ੍ਰੇਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਇਹੋ ਹਾਲਤ ਕਾਮਰੇਡ ਸਮਾਓਂ ਅਤੇ ਕਾਮਰੇਡ ਸੋਹਲ ਦੀ ਹੈ। 15-20 ਵਰ੍ਹੇ ਪਹਿਲਾਂ ਕਾਮਰੇਡ ਸੋਹਲ ਨਾਲ ਕਿਧਰੇ ਮੁਲਾਕਾਤ ਦਾ ਸਬੱਬ ਬਣ ਜਾਣ ‘ਤੇ ਮੈਂ ਉਨ੍ਹਾਂ ਦੀ ਮੁੱਢਲੀ ਰਾਜਨੀਤਕ ਪ੍ਰੇਰਨਾ ਬਾਰੇ ਜਦੋਂ ਪੁੱਛਿਆ ਤਾਂ ਉਨ੍ਹਾਂ ਦਾ ਤੁਰੰਤ ਜਵਾਬ ਸਿੱਖ ਧਰਮ ਤੇ ਧਾਰਮਿਕ ਵਿਰਾਸਤ ਹੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿਤਾ ਸ਼ ਭਗਵਾਨ ਸਿੰਘ ਅੰਮ੍ਰਿਤਧਾਰੀ ਸਿੱਖ ਸਨ ਅਤੇ ਸਿੱਖ ਧਰਮ ਦੇ ਅਸੂਲਾਂ ਵਿਚ ਉਨ੍ਹਾਂ ਦੀ ਪੂਰਨ ਆਸਥਾ ਸੀ। ਇਹੋ ਹਾਲ ਦਰਸ਼ਨ ਬਾਗੀ ਦਾ ਸੀ। ਪਿਛਲੇ ਸਾਲ ਪੰਜਾਬ ਦੀ ਆਪਣੀ ਫੇਰੀ ਦੌਰਾਨ ਜਦੋਂ ਉਹ ਮੈਨੂੰ ਅਤੇ ਆਪਣੇ ਪੁਰਾਣੇ ਮਿੱਤਰ ਡਾæ ਬਲਕਾਰ ਸਿੰਘ ਨੂੰ ਮਿਲਣ ਆਏ ਤਾਂ ਉਹ ਦੱਸ ਰਹੇ ਸਨ ਕਿ ਬਚਪਨ ਵਿਚ ਉਹ ਧਾਰਮਿਕ ਤਾਂ ਸਨ ਹੀ, ਉਨ੍ਹਾਂ ਨੇ ਖੁਦ ਦੋ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਮੁਕੰਮਲ ਪਾਠ ਵੀ ਕੀਤਾ ਹੋਇਆ ਸੀ। ਇਕ ਵਾਰ 7 ਦਿਨਾਂ ਵਿਚ ਅਤੇ ਦੂਜੀ ਵਾਰ ਵਧੇਰੇ ਇਕਾਗਰਤਾ ਨਾਲ ਬਾਣੀ ਦੇ ਅਰਥਾਂ ਨੂੰ ਸਮਝਦਿਆਂ ਉਨ੍ਹਾਂ ਨੇ ਤਿੰਨ ਹਫਤੇ ਲਗਾਏ ਸਨ। ਕਈ ਮੁੱਖ ਬਾਣੀਆਂ ਉਨ੍ਹਾਂ ਨੂੰ ਉਦੋਂ ਜ਼ੁਬਾਨੀ ਕੰਠ ਸਨ।
ਤਰਲੋਚਨ ਗਰੇਵਾਲ ਅਨੁਸਾਰ ਇਨਸਾਨ ਦੇ ਭਲੇ ਦੀ ਸੋਚਣ ਦਾ ਸੰਸਕਾਰ ਜਾਂ ਸਰੋਕਾਰ ਉਨ੍ਹਾਂ ਅੰਦਰ ਆਪਣੀ ਮਾਤਾ ਕੋਲੋਂ ਆਇਆ ਸੀ ਜੋ ਬਹੁਤ ਧਾਰਮਿਕ ਸ਼ਰਧਾਵਾਨ ਸੀ। ਸ਼ਮਸ਼ੇਰ ਸਿੰਘ ਸ਼ੇਰੀ ਦਾ ਭਲੇ ਹੀ ਅਜਿਹੇ ਸਿੱਧੇ ਧਾਰਮਿਕ ਪਿਛੋਕੜ ਦਾ ਤਾਂ ਕੋਈ ਦਾਅਵਾ ਨਹੀਂ ਸੀ, ਪਰ ਉਸ ਦੇ ਕਹਿਣ ਅਨੁਸਾਰ ਉਸ ਦੇ ਪਿੰਡ ਵਿਚ ਮਾਰਕਸੀ ਪਾਰਟੀ ਦੀ ਬਰਾਂਚ ਇਕਾਈ ਦਾ ਮੁਖੀ ਖੇਮ ਚੰਦ ਬੇਹੱਦ ਸੱਚਾ ਸੁੱਚਾ ਆਦਰਸ਼ ਇਨਸਾਨ ਸੀ ਅਤੇ ਉਹੋ ਹੀ ਉਸ ਦੀ ਮੁਢਲੀ ਪ੍ਰੇਰਨਾ ਦਾ ਸੋਮਾ ਸੀ। ਸ਼ੇਰੀ ਦਾ ਦਾਅਵਾ ਸੀ ਕਿ ਉਹ ਆਦਮੀ ਕਮਿਊਨਿਸਟ ਬਣਾਉਣ ਵਾਲੀ ਸਵੈ-ਚਾਲਕ ਮਸ਼ੀਨ ਹੀ ਸੀ। ਜੇ ਕੋਈ ਆਦਮੀ ਵੀ ਉਸ ਦਾ ਪ੍ਰਵਚਨ ਕੇਰਾਂ ਸਰਵਣ ਕਰ ਲੈਂਦਾ ਸੀ, ਉਹ ਸਮੁੱਚੀ ਮਾਨਵਤਾ ਦੇ ਭਲੇ ਦਾ ਆਦਰਸ਼ ਉਸ ਦੀ ਆਤਮਾ ਦੇ ਅੰਦਰ ਹੀ ਉਤਾਰ ਦਿੰਦਾ ਹੁੰਦਾ ਸੀ। ਇਹੋ ਹਾਲ ਪ੍ਰੋæ ਹਰਭਜਨ ਸੋਹੀ ਦੇ ਕਰੀਬੀ ਸਾਥੀ ਰਾਮਪੁਰਾ ਫੂਲ ਵਾਲੇ ਕਾਮਰੇਡ ਮੇਘ ਦਾ ਸੀ। ਉਹ ਸਾਦਗੀ ਅਤੇ ਇਮਾਨਦਾਰੀ ਦਾ ਮੁਜੱਸਮਾ ਹੈ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ 20 ਕੁ ਵਰ੍ਹੇ ਪਹਿਲਾਂ ਜਦੋਂ ਮੈਂ ਉਸ ਨੂੰ ਮਿਲਿਆ ਅਤੇ ਨਕਸਲੀ ਲਹਿਰ ਵਿਚ ਆਉਣ ਦੀ ਉਸ ਦੀ ਪ੍ਰੇਰਨਾ ਦੇ ਸੋਮੇ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਲਈ ਅਜਿਹਾ ਸੋਮਾ ਉਸ ਦੇ ਘਰ ਦਾ ਪਿਛਲੀ ਸਦੀ ਦੇ ਸ਼ੁਰੂ ਵਿਚ ਸਵਾਮੀ ਵਿਵੇਕਾਨੰਦ ਵੱਲੋਂ ਪ੍ਰਚਾਰੀਆਂ-ਪਾਸਾਰੀਆਂ ਸ਼ੁੱਧ ਰੂਹਾਨੀ ਕਦਰਾਂ ਕੀਮਤਾਂ ‘ਤੇ ਆਧਾਰਤ ਪਿਛੋਕੜ ਸੀ। ਉਹ ਆਪਣੇ ਪਿਤਾ ਦੀ ਦੰਤਕਥਾਈ ਕਿਸਮ ਦੀ ਇਮਾਨਦਾਰੀ ਬਾਰੇ ਜਦੋਂ ਗੱਲਾਂ ਕਰ ਰਿਹਾ ਸੀ ਤਾਂ ਮੈਨੂੰ ਅੱਜ ਵੀ ਯਾਦ ਹੈ ਕਿ ਪਹਿਲੀ ਨਜ਼ਰੇ ਸਾਧਾਰਨ ਜਿਹੀ ਦਿੱਖ ‘ਚ ਨਜ਼ਰ ਆਉਂਦੇ ਇਸ ਵਿਅਕਤੀ ਦਾ ਚਿਹਰਾ ਕਿਸੇ ਰੂਹਾਨੀ ਕਿਸਮ ਦੇ ਆਭਾ ਮੰਡਲ ਵਿਚ ਘਿਰਿਆ ਪ੍ਰਤੀਤ ਹੋ ਰਿਹਾ ਸੀ।
ਇਸੇ ਸਿਲਸਿਲੇ ਵਿਚ ਦਰਸ਼ਨ ਬਾਗੀ ਨਾਲ ਉਨ੍ਹਾਂ ਦਿਨਾਂ ਦੇ ਉਸ ਦੇ ਨੇੜਲੇ ਸਾਥੀ ਭੁਪਿੰਦਰ ਸਿੰਘ ਦਾ ਤਾਂ ਕਹਿਣਾ ਹੀ ਕੀ ਸੀ! 1968 ਦੀ ਹੜਤਾਲ ਤੋਂ ਅਗਲੇ ਵਰ੍ਹੇ ਉਭਰਨ ਵਾਲੀ ਨਕਸਲੀ ਕਤਾਰਬੰਦੀ ਅਤੇ ਪਾਰਟੀ ਉਸਾਰੀ ਦੇ ਮਾਮਲੇ ‘ਚ ਚੱਲੀ ਹਲਕੀ ਕਿਸਮ ਦੀ ਖਿੱਚ-ਧੂਹ ਉਨ੍ਹਾਂ ਦੀ ਤਬੀਅਤ ਦੇ ਅਨਕੂਲ ਨਹੀਂ ਸੀ। ਆਪਣੇ ਸਾਥੀਆਂ ਦੀ ਕਿਸੇ ਵੀ ਕਿਸਮ ਦੀ ਨੁਕਤਾਚੀਨੀ ਕਰੇ ਬਗੈਰ ਉਨ੍ਹਾਂ ਨੇ ਸ਼ੁਰੂ ਵਿਚ ਹੀ ਆਪਣੇ ਆਪ ਨੂੰ ਲਹਿਰ ਤੋਂ ਅਲੱਗ ਕਰ ਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੋਸ਼ਿਆਲੋਜੀ ਵਿਭਾਗ ਵਿਚ ਅਧਿਆਪਨ ਦਾ ਕੰਮ ਸ਼ੁਰੂ ਕਰ ਲਿਆ ਪਰ ਸਹੀ ਅਰਥਾਂ ਵਿਚ ਸਮਾਜਕ ਨਿਆਂ ਤੇ ਬਰਾਬਰੀ ਦੇ ਆਧਾਰ ‘ਤੇ ਸਮਾਜ ਕਿੰਜ ਉਸਰੇ, ਇਹ ਕੇਂਦਰੀ ਸਰੋਕਾਰ ਅੱਜ ਤੱਕ ਇਕ ਪਲ ਲਈ ਵੀ ਉਨ੍ਹਾਂ ਦੇ ਮਨੋ ਕਦੀ ਵਿਸਰਿਆ ਨਹੀਂ ਹੈ। ਸਿੱਖ ਧਰਮ, ਗਾਂਧੀਵਾਦ ਅਤੇ ਮਾਰਕਸੀ ਦਰਸ਼ਨ ਬਾਰੇ ਜਿਸ ਕਿਸਮ ਦੀ ‘ਪ੍ਰਮਾਣਿਕਤਾ’ ਨਾਲ ਉਨ੍ਹਾਂ ਨੇ ਸਾਲਾਂ ਬੱਧੀ ਸੋਚਿਆ ਹੈ ਅਤੇ ਸਦਾ ਹੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਿਛਲੇ 40 ਵਰ੍ਹਿਆਂ ਦੌਰਾਨ ਸਾਡੇ ਇਸ ਪੂਰੇ ਖਿੱਤੇ ਵਿਚ ਮੈਨੂੰ ਅੱਜ ਤੱਕ ਹੋਰ ਕੋਈ ਇਨਸਾਨ ਉਨ੍ਹਾਂ ਦੇ ਨੇੜੇ-ਤੇੜੇ ਆਉਂਦਾ ਵੀ ਲੱਗਾ ਨਹੀਂ ਦਿਸਦਾ। 30 ਕੁ ਸਾਲ ਪਹਿਲਾਂ ਉਨ੍ਹਾਂ ਨੇ ‘ਕਾਰਲ ਮਾਰਕਸ, ਗੇਟੇ ਅਤੇ ਮਹਾਤਮਾ ਗਾਂਧੀ: ਆਧੁਨਿਕਤਾ ਵੱਲ ਤਿੰਨ ਪਹੁੰਚਾਂ’ ਸਿਰਲੇਖ ਹੇਠ ਜੋ ਲੇਖ ਲਿਖਿਆ ਸੀ, ਉਹ ਅੱਜ ਵੀ ਆਪਣੀ ਕਿਸਮ ਦਾ ਅਨੂਠਾ ਸ਼ਾਹਕਾਰ ਹੈ। ਮੈਂ ਆਪਣੇ ਅਜ਼ੀਜ਼ਾਂ ‘ਚੋਂ ਹਰ ਇਕ ਨੂੰ ਉਹ ਲੇਖ ਪੜ੍ਹਾਇਆ ਹੈ ਅਤੇ ਮੇਰਾ ਵਿਸ਼ਵਾਸ ਹੈ ਕਿ ਦੋ-ਦੋ, ਚਾਰ-ਚਾਰ ਪੈਰਿਆਂ ਵਿਚ ਦੁਨੀਆਂ ਦੇ ਤਿੰਨਾਂ ਮਹਾਨ ਚਿੰਤਕਾਂ ਦੀ ਵਿਸ਼ਾਲ ਘਾਲ-ਕਮਾਈ ਨੂੰ ਜਿਸ ਤਰ੍ਹਾਂ ਪ੍ਰੋæ ਭੁਪਿੰਦਰ ਨੇ ਕਸੀਦ ਕੀਤਾ ਹੈ, ਇਸ ਤੋਂ ਬਿਹਤਰ ਰੂਪ ਵਿਚ ਇਹ ਕੰਮ ਕਿਸੇ ਮਾਈ ਦੇ ਲਾਲ ਕੋਲੋਂ ਸ਼ਾਇਦ ਹੀ ਕੀਤਾ ਜਾ ਸਕੇ। ਮੈਂ ਉਹ ਲੇਖ ਜਿਤਨੀ ਵਾਰ ਵੀ ਪੜ੍ਹਿਆ ਹੈ, ਹਰ ਵਾਰ ਨਵੀਂ ਰੂਹਾਨੀ ਤਸੱਲੀ ਮਹਿਸੂਸ ਕੀਤੀ ਹੈ।
ਪ੍ਰੋæ ਭੁਪਿੰਦਰ ਸਿੰਘ ਨੇ ਨਕਸਲੀ ਲਹਿਰ ਦੀ ਚੜ੍ਹਤ ਤੇ ਲਹਿਤ, ਅਤੇ ਨਾਲ ਹੀ ਮਾਓ ਚਿੰਤਨ ਦੀਆਂ ਸੰਭਾਵਨਾਵਾਂ ਤੇ ਸੀਮਾਵਾਂ ਨੂੰ ਬੜੀ ਨੀਝ ਨਾਲ ਘੋਖਿਆ ਹੈ ਅਤੇ ਇਨਸਾਨੀ ਜੀਵਨ ਵਿਚ ਸਮਾਜਕ, ਸਭਿਆਚਾਰਕ, ਰੂਹਾਨੀ ਤਾਜ਼ਗੀ ਲਿਆਉਣ ਲਈ ਕਿਸੇ ਬਦਲਵੇਂ ਸੰਸਾਰ ਦ੍ਰਿਸ਼ਟੀਕੋਣ ਦੀ ਭਾਲ ਵਿਚ ਗਾਂਧੀਵਾਦੀ ਚਿੰਤਨ ਨੂੰ ਜੜ੍ਹਾਂ ਤੱਕ ਘੋਖਣ ਦਾ ਕਾਰਜ ਬੜੇ ਜ਼ੋਰ-ਸ਼ੋਰ ਨਾਲ ਅਰੰਭਿਆ। ਹਾਲਾਤ ਦੀ ਸਿਤਮਜ਼ਰੀਫੀ ਹੀ ਜਾਣੋ ਕਿ ਸਾਲ 1982 ‘ਚ ਜਦੋਂ ਉਨ੍ਹਾਂ ਗਾਂਧੀ ਅਤੇ ਗੇਟੇ ਵਾਲਾ ਲੇਖ ਲਿਖਿਆ ਹੀ ਸੀ ਤਾਂ ਪੰਜਾਬ ਦਾ ਇਤਿਹਾਸ ਮੂਲੋਂ ਹੀ ਨਵਾਂ ਮੋੜ ਕੱਟ ਗਿਆ। 1984 ਦੇ ਬਲਿਊ ਸਟਾਰ ਦੇ ਦੁਖਾਂਤ ਦਾ ਉਨ੍ਹਾਂ ਦੇ ਸੰਵੇਦਨਸ਼ੀਲ ਮਨ ‘ਤੇ ਬਹੁਤ ਗਹਿਰਾ ਅਸਰ ਪਿਆ। ਉਨ੍ਹਾਂ ਦਾ ਗਾਂਧੀਵਾਦੀ ਵਿਚਾਰਧਾਰਾ ਦੀ ਸਾਰਥਿਕਤਾ ਦੀਆਂ ਸੰਭਾਵਨਾਵਾਂ ਦੀ ਖੋਜ ਵਾਲਾ ਪ੍ਰੋਜੈਕਟ ਵਿਚਾਲੇ ਹੀ ਰਹਿ ਗਿਆ। ਉਹ ਆਪਣੇ ਵਿਰਸੇ ਅਤੇ ਜੜ੍ਹਾਂ ਨੂੰ ਸਮਝਣ ਲਈ ਸਿੱਖ ਧਰਮ ਦੇ ਅਧਿਐਨ ਵੱਲ ਪਰਤੇ ਅਤੇ ਵਰ੍ਹਿਆਂ ਬੱਧੀ ਚਿੰਤਨ ਤੋਂ ਬਾਅਦ ‘ਰਾਜ ਕਰੇਗਾ ਖਾਲਸਾ’ ਸਿਰਲੇਖ ਹੇਠ ਸਾਲ 1992 ਵਿਚ ਜੋ ਅਹਿਮ ਲੇਖ ਉਨ੍ਹਾਂ ਨੇ ਲਿਖਿਆ, ਉਸ ਦੀ ਇਕ-ਇਕ ਸਤਰ ਮੁੱਲਵਾਨ ਹੈ। ਉਧਰ 1968 ਦੀ ਹੜਤਾਲ ਤੋਂ ਬਾਅਦ ਉਨ੍ਹਾਂ ਨੇ ਨਕਸਲੀ ਲਹਿਰ ਵਿਚ ਸਰਗਰਮ ਹਿੱਸਾ ਭਲੇ ਹੀ ਨਾ ਲਿਆ, ਪਰ ਸ਼ੇਰੀ ਨਾਲ ਸੰਪਰਕ ਅਤੇ ਅੰਦੋਲਨ ਦੀ ਦਸ਼ਾ ਤੇ ਦਿਸ਼ਾ ਵਿਚ ਵੀ ਉਨ੍ਹਾਂ ਦੀ ਦਿਲਚਸਪੀ ਸਦਾ ਹੀ ਬਣੀ ਰਹੀ। ਅਜੇ ਕੁਝ ਦਿਨ ਪਹਿਲਾਂ ਹੀ ਸਵੇਰੇ-ਸਵੇਰੇ ਅਚਾਨਕ ਮੈਂ ਉਨ੍ਹਾਂ ਨੂੰ ਮਿਲਣ ਗਿਆ ਤਾਂ ਗੱਲਾਂ ਸ਼ੇਰੀ ਅਤੇ ਸੁਰਿੰਦਰ ਚਾਹਿਲ ਦੀਆਂ ਚੱਲ ਪਈਆਂ। ਮੇਰੇ ਵਾਂਗ ਹੀ ਪ੍ਰੋæ ਭੁਪਿੰਦਰ ਸਿੰਘ ਪੀæਐਸ਼ਯੂæ ਦੇ ਪਹਿਲੇ ਪ੍ਰਧਾਨ ਸੁਰਿੰਦਰ ਚਾਹਿਲ ਦੀ ਬੌਧਿਕ ਪ੍ਰਤਿਭਾ ਦੇ ਅੱਜ ਤੱਕ ਵੀ ਕਾਇਲ ਹਨ। ਉਨ੍ਹਾਂ ਨੇ ਯਾਦ ਕਰਵਾਇਆ ਕਿ 1990 ਦੇ ਆਸ-ਪਾਸ ਸੁਰਿੰਦਰ ਦੇ ਬੇਵਕਤ ਮਰਨ ਤੋਂ ਛੇ ਕੁ ਮਹੀਨੇ ਪਹਿਲਾਂ ਮੇਰੇ ਨਾਲ ਹੀ ਜਦੋਂ ਆਖਰੀ ਵਾਰੀ ਉਨ੍ਹਾਂ ਨੂੰ ਮਿਲਣ ਗਿਆ ਸੀ ਤਾਂ ਮਾਰਕਸੀ ਚਿੰਤਨ ਦੀਆਂ ਅਥਾਹ ਸਿਰਜਣਾਤਮਕ ਸੰਭਾਵਨਾਵਾਂ ਬਾਰੇ ਜਿਸ ਕਿਸਮ ਦੀ ਤਾਜ਼ਗੀ ਨਾਲ ਪ੍ਰਸ਼ਨ ਉਸ ਨੇ ਉਠਾਏ ਸਨ, ਉਵੇਂ ਉਸ ਵਰਗਾ ਕੋਈ ਤੀਖਣ ਬੁੱਧ ਆਦਮੀ ਹੀ ਕਰ ਸਕਦਾ ਸੀ। ਪ੍ਰੋæ ਭੁਪਿੰਦਰ ਸਿੰਘ ਨੂੰ ਸੁਰਿੰਦਰ ਦੇ ਨਕਸਲੀ ਲਹਿਰ ਦੀ ਫੇਟ ‘ਚ ਆ ਕੇ ਸ਼ਖਸੀ ਤਵਾਜ਼ਨ ਗਵਾਚ ਜਾਣ ‘ਤੇ ਬੇਹੱਦ ਅਫਸੋਸ ਸੀ।
ਪ੍ਰੋæ ਭੁਪਿੰਦਰ ਸਿੰਘ ਦੇ ਮਨ ਅੰਦਰ ਸਾਲ 1968 ਦੇ ਮਾਹੌਲ ਬਾਰੇ ਹੇਰਵਾ ਹੈ ਕਿ ਉਸ ਦੌਰ ਦੇ ਨੌਜਵਾਨਾਂ ਵਿਚ ਮਾਰਕਸ, ਗੁਵੇਰਾ ਤਾਂ ਛੱਡੋ, ਯਾਂ ਪਾਲ ਸਾਰਤਰ ਅਤੇ ਅਲਬੇਅਰ ਕਾਮੂੰ ਵਰਗੇ ਇਨਸਾਨ ਦੀ ਅਸਤਿਤਵੀ ਸੁਤੰਤਰਤਾ ਦੇ ਚਿੰਤਕਾਂ ਲਈ ਜਿਸ ਕਿਸਮ ਦੀ ਸ਼ਿੱਦਤਮਈ ਖਿੱਚ ਸੀ, ਉਹ ਬਾਅਦ ਦੇ ਵਰ੍ਹਿਆਂ ਵਿਚ ਬਰਕਰਾਰ ਕਿਉਂ ਨਾ ਰਹੀ, ਇਹ ਸੋਚਣ ਵਾਲਾ ਮਸਲਾ ਹੈ।
ਪਿਛਲੀ ਮੁਲਾਕਾਤ ਦੌਰਾਨ ਅਜਿਹੇ ਹੀ ਸਰੋਕਾਰ ਸਾਂਝੇ ਕਰਦਿਆਂ ਗੱਲਾਂ ਪ੍ਰੋæ ਹਰਜੀਤ ਗਿੱਲ ਦੇ ‘ਪੂਰਨ ਭਗਤ ਦੀ ਮਿੱਥ ਵਿਚ ਮਾਨਵੀ ਸਥਿਤੀ’ ਵਾਲੇ ਉਨ੍ਹੀਂ ਕੁ ਦਿਨੀਂ ਲਿਖੇ ਲੇਖ ਬਾਰੇ ਚੱਲ ਪਈਆਂ। ਪ੍ਰੋæ ਭੁਪਿੰਦਰ ਸਿੰਘ ਨੇ ਪ੍ਰੋæ ਗਿੱਲ ਦੀ ਘਾਲ-ਕਮਾਈ ਦੀ ਪ੍ਰਸੰਗਿਕਤਾ ਬਾਰੇ ਕਿਸੇ ਵੀ ਕਿਸਮ ਦੀ ਨਾਕਾਰਾਤਮਿਕ ਟਿਪਣੀ ਤੋਂ ਗੁਰੇਜ ਕਰਦਿਆਂ ਮੇਜ਼ ‘ਤੇ ਸਾਮ੍ਹਣੇ ਪਈ ਫਰਾਂਸੀਸੀ ਮਾਨਵ ਸ਼ਾਸਤਰੀ ਅਤੇ ਸੰਰਚਨਾਵਾਦੀ ਚਿੰਤਕ ਕਲਾਦ ਲੈਵੀ ਸਤਰਾਸ ਦੀ ‘ਟੋਟੇਮਿਜ਼ਮ’ ਨਾਂ ਦੀ 100 ਕੁ ਪੰਨਿਆਂ ਦੀ ਕਿਤਾਬ ਉਠਾ ਲਈ। ਉਨ੍ਹਾਂ ਦੇ ਦੱਸਣ ਅਨੁਸਾਰ ਕਿਤਾਬ ਦੇ ਪਹਿਲੇ 80 ਪੰਨਿਆਂ ਵਿਚ ਲੇਖਕ ਟੋਟਮ (ਕੁਟੰਭ ਚਿੰਨ੍ਹ) ਬਾਰੇ ਆਪਣਾ ਕੋਈ ਵਿਚਾਰ ਨਹੀਂ ਦੱਸਦਾ, ਬਲਕਿ ਆਪਣੇ ਤੋਂ ਪਹਿਲੇ ਚਿੰਤਕਾਂ ਦੇ ਸਿਧਾਂਤਾਂ ਦਾ ਸੰਖੇਪ ਸਾਰ ਹੀ ਪੇਸ਼ ਕਰੀ ਜਾਂਦਾ ਹੈ, ਪਰ ਮਗਰਲੇ ਕੇਵਲ 20 ਕੁ ਪੰਨਿਆਂ ਵਿਚ ਜਦੋਂ ਉਹ ਬਹੁਤ ਹੀ ਸੰਜਮੀ ਭਾਸ਼ਾ ਵਿਚ ਟੋਟਮਿਜ਼ਮ ਬਾਰੇ ਖੁਦ ਆਪਣਾ ਸਿਧਾਂਤ ਪੇਸ਼ ਕਰਦਾ ਹੈ ਤਾਂ ਉਸ ਨੂੰ ਪੜ੍ਹਦਿਆਂ ਆਦਮੀ ਧੰਨ ਹੋ ਜਾਂਦਾ ਹੈ। ਪ੍ਰੋæ ਭੁਪਿੰਦਰ ਸਿੰਘ ਨੂੰ ਅਫਸੋਸ ਸੀ ਕਿ ਸਾਡੇ ਦੇਸ਼ ਪੰਜਾਬ ਵਿਚ ਕੋਈ ਇਕ ਜਣਾ ਵੀ ਕਿਸੇ ਇਕ ਵੀ ਵਿਸ਼ੇ ਉਪਰ ਇਸ ਤਰ੍ਹਾਂ ਦੀ ਪ੍ਰਮਾਣਿਕ ਪੜ੍ਹਤ ਕਿਉਂ ਨਹੀਂ ਸਿਰਜਦਾ?
ਜੀਨ ਦੇ ਅਨੇਕ ਸਵਾਲਾਂ ਤੇ ਨਜ਼ਰੀਏ ਦੇ ਮੂਲ ਵਖਰੇਵਿਆਂ ਅਤੇ ਬਹੁਤ ਘੱਟ ਲਿਖਣ ਦੇ ਬਾਵਜੂਦ ਪ੍ਰੋæ ਭੁਪਿੰਦਰ ਸਿੰਘ ਮੈਨੂੰ ਹਮੇਸ਼ਾਂ ਆਪਣੇ ਆਪ ਵਿਚ ਹੀ ਕੋਈ ਸੰਸਥਾ ਜਿਹੇ ਲੱਗਦੇ ਰਹੇ ਹਨ। ਧਰਮ ਬਾਰੇ ਗੱਲ ਹੋਵੇ; ਜਾਂ ਨਾਸਤਿਕਤਾ ਬਾਰੇ, ਮਾਰਕਸਵਾਦ ਦਾ ਜ਼ਿਕਰ ਹੋਵੇ ਜਾਂ ਅਸਤਿਤਵਵਾਦ ਦੀ, ਗੇਟੇ ਦੀ ਸਾਇੰਸ ਦੀ ਗੱਲ ਹੋਵੇ ਜਾਂ ਡੁਰਖੀਮ ਦੇ ਸਮਾਜ ਸ਼ਾਸਤਰ ਦੀ; ਉਹ ਅਜਿਹੀ ਪ੍ਰਮਾਣਿਕਤਾ ਨਾਲ ਗੱਲ ਕਰਦੇ ਹਨ ਕਿ ਸੁਣਨ ਵਾਲਾ ਸੱਜਣ ਭਰਪੂਰ ਹੋ ਜਾਂਦਾ ਹੈ; ਰੂਹ ਨੂੰ ਰੱਜ ਆ ਜਾਂਦਾ ਹੈ। ਦਾਸਤੋਵਸਕੀ ਦੇ ਮਹਾਨ ਨਾਵਲ ‘ਬਰਦਰਜ਼ ਕਾਰਾਮਾਜੋਫ’ ਦੀ ਤੀਜੀ ਪੜ੍ਹਤ ਉਨ੍ਹਾਂ ਅਜੇ ਪਿੱਛੇ ਜਿਹੇ ਹੀ ਖਤਮ ਕੀਤੀ ਹੈ। ਐਤਕਾਂ ਦੀ ਮੇਰੀ ਮੁਲਾਕਾਤ ਦੌਰਾਨ ਉਹ ਇਸ ਮਹਾਨ ਲੇਖਕ ਦੇ ‘ਡੈਵਲਜ਼’ ਨਾਂ ਦੇ ਦੂਜੇ ਅਹਿਮ ਨਾਵਲ ਦੀ ਦੂਜੀ ਪੜ੍ਹਤ ਸ਼ੁਰੂ ਕਰਨ ਦੀ ਆਪਣੀ ਯੋਜਨਾ ਬਾਰੇ ਦੱਸ ਰਹੇ ਸਨ।
ਪੜ੍ਹਾਈ ਦੇ ਵਿਸ਼ਿਆਂ ਦੀ ਅਜਿਹੀ ਵੰਨ-ਸਵੰਨਤਾ ਦੇ ਬਾਵਜੂਦ ਪ੍ਰੋæ ਸਾਹਿਬ ਅੱਜ ਵੀ 1968 ਦੇ ਦੌਰ ਦੀ ਸਪਿਰਟ ਨਾਲ ਬਹੁਤ ਹੀ ਸਜੀਵ ਰੂਪ ਵਿਚ ਜੁੜੇ ਹੋਏ ਹਨ। ਉਹ ਅਕਸਰ ਹੀ ਕਹਿੰਦੇ ਹਨ ਕਿ ਪੰਜਾਬ ਦੇ ਮੁੰਡਿਆਂ ਨੂੰ ਨਾ ਅਸਤਿਤਵਵਾਦ ਦਾ ਪਤਾ ਲੱਗਿਆ, ਨਾ ਹੀ ਸੰਰਚਨਾਵਾਦ ਦਾ; ਉਤਰ ਸੰਰਚਨਾਵਾਦ ਦਾ ਪਤਾ ਤਾਂ ਲੱਗਣਾ ਹੀ ਕੀ ਸੀ! ਮਾਰਕਸਵਾਦ ਗੁਜ਼ਾਰੇ ਜੋਗਾ ਇਨ੍ਹਾਂ ਨੂੰ ਸਮਝ ਆਉਂਦਾ ਸੀ ਅਤੇ ਉਹ ਕਾਫੀ ਵੀ ਸੀ। ਹੁਣ ਮਾਰਕਸਵਾਦ ਦਾ ਭੋਗ ਵੀ ਇਹ ਪਾਈ ਬੈਠੇ ਹਨ। ਉਨ੍ਹਾਂ ਨੂੰ ਚਿੰਤਾ ਹੈ ਕਿ ਇਨ੍ਹਾਂ ਦਾ ਬਣੇਗਾ ਕੀ?
ਇਸ ਦੇ ਬਾਵਜੂਦ ਪ੍ਰੋæ ਭੁਪਿੰਦਰ ਸਿੰਘ ਨਿਰਾਸ਼ ਨਹੀਂ ਹਨ ਅਤੇ ਪੂਰੀ ਉਮੀਦ ਨਾਲ ਉਹ ਸਦਾ ਹੀ ਕਹਿੰਦੇ ਹਨ ਕਿ “ਅੱਛਾ ਭਾਊ, ਰੱਬ ਭਲਾ ਹੀ ਕਰੂਗਾ। ਸਾਡੇ ਲੜਕੇ ਡੂੰਘੇ ਚਿੰਤਨ ਵੱਲ ਕਦੀ ਨਾ ਕਦੀ ਮੋੜਾ ਜ਼ਰੂਰ ਕੱਟਣਗੇ।”
ਸਾਲ 1968 ਦੇ ਉਭਾਰ ਨਾਲ ਸਬੰਧਤ ਪ੍ਰੇਰਨਾ ਸਰੋਤ ਬਣੇ ਵਿਅਕਤੀਆਂ ਦੀ ਕਹਾਣੀ ਅਧੂਰੀ ਰਹੇਗੀ, ਜੇਕਰ ਨਾਲ ਲੱਗਦੇ ਲਾਲੀ ਬਾਬੇ ਅਤੇ ਪ੍ਰੋæ ਸੁਰਜੀਤ ਲੀ ਦਾ ਵੀ ਜ਼ਿਕਰ ਨਾ ਕੀਤਾ ਜਾਵੇ। ਪੰਜਾਬੀ ਯੂਨੀਵਰਸਿਟੀ ਦੇ ਉਨ੍ਹਾਂ ਦਿਨਾਂ ਦੇ ਮਾਹੌਲ ਨੂੰ ਸਮਝਣ ਲਈ ਮੈਂ ਜਦੋਂ ਪ੍ਰੋæ ਲੀ ਨਾਲ ਗੱਲ ਕੀਤੀ ਤਾਂ ਪਲਾਂ ਵਿਚ ਹੀ ਉਹ ਆਪਣੇ ਰੰਗ ਵਿਚ ਆ ਗਏ। ਬਹੁਤ ਮੋਹ ਭਰੇ ਆਪਣੇ ਹੀ ਅੰਦਾਜ਼ ਵਿਚ ਉਹ ਆਖ ਰਹੇ ਸਨ ਕਿ ਯਾਰ! ਉਨ੍ਹਾਂ ਸਮਿਆਂ ਦੀਆਂ ਤਾਂ ਗੱਲਾਂ ਹੀ ਹੋਰ ਸਨ। ਸਾਲ 1969 ‘ਚ ਯੂਨੀਵਰਸਿਟੀ ਕੈਂਪਸ ਵਿਚ ਉਸ ਸਮੇਂ ਦੇ ਕੇਂਦਰੀ ਵਜ਼ੀਰ ਵਾਈæਬੀæ ਚਵਾਨ ਵਿਰੁਧ ਹੋਏ ਪ੍ਰਦਰਸ਼ਨ ਬਾਰੇ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਚਵਾਨ ਦਾ ਵਿਰੋਧ ਉਸ ਪ੍ਰਦਰਸ਼ਨ ਦਾ ਮੂਲ ਮੁੱਦਾ ਨਹੀਂ ਸੀ। ਵਿਦਿਆਰਥੀਆਂ ਦੇ ਮੁੱਖ ਮੁੱਦੇ ਤਾਂ ਇਹ ਸਨ ਕਿ ਪੜ੍ਹਾਈ ਦੇ ਕੋਰਸ ਕਿਸ ਤਰ੍ਹਾਂ ਉਲੀਕੇ ਜਾਣ; ਵਿਦਿਆਰਥੀਆਂ ਤੇ ਅਧਿਆਪਕਾਂ ਦਾ ਰਿਸ਼ਤਾ ਕੀ ਹੋਵੇ; ਨੌਜਵਾਨਾਂ ਅੰਦਰ ਸਮਾਜਕ ਜ਼ਿੰਮੇਵਾਰੀ ਤੇ ਸੋਝੀ ਦਾ ਸੰਚਾਰ ਕਿਵੇਂ ਕੀਤਾ ਜਾਵੇ; ਇਮਤਿਹਾਨ ਕਿਵੇਂ ਲਏ ਜਾਣ ਅਤੇ ਵਿਦਿਆਰਥੀ ਸੰਗਠਨਾਂ ਵਿਚ ਵਿਦਿਆਰਥੀਆਂ ਦੇ ਨਾਲ-ਨਾਲ ਵਿਦਿਆਰਥਣਾਂ ਦੀ ਅਸਰਦਾਇਕ ਸ਼ਮੂਲੀਅਤ ਕਿੰਝ ਯਕੀਨੀ ਬਣਾਈ ਜਾਵੇ?
ਪ੍ਰੋæ ਲੀ ਨੇ ਦੱਸਿਆ ਕਿ 1968 ਦੇ ਸਮਿਆਂ ਦੀ ਗੱਲ ਕਰਦਿਆਂ ਬਹੁਤੇ ਲੋਕ ਚੀਨ ਦੇ ਸਭਿਆਚਾਰਕ ਇਨਕਲਾਬ ਜਾਂ 1968 ਦੇ ਫਰਾਂਸ ਦੇ ਇਨਕਲਾਬ ਦੀ ਗੱਲ ਕਰ ਕੇ ਹੀ ਕਹਾਣੀ ਮੁਕਾ ਦਿੰਦੇ ਹਨ। ਜਪਾਨ ਦੀ ਵੀ ਗੱਲ ਛੱਡੋ, ਉਨ੍ਹੀਂ ਦਿਨੀਂ ਖੱਬੇ ਪੱਖੀ ਵਿਦਿਆਰਥੀਆਂ ਦੇ ਉਭਾਰ ਦਾ ਸਭ ਤੋਂ ਵੱਡਾ ਗੜ੍ਹ ਤਾਂ ਲਾਤੀਨੀ ਅਮਰੀਕਾ ਵਿਚ ਚੀ ਗੁਵੇਰਾ ਜਾਂ ਬੋਲੀਵੀਆ ਨਹੀਂ, ਬਲਕਿ ਬਰਾਜ਼ੀਲ ਸੀ। ਬਰਾਜ਼ੀਲ ਵਿਚ ਸਾਲ 1964 ਵਿਚ ਬੜੀ ਹੀ ਜ਼ਾਲਮ ਕਿਸਮ ਦੀ ਫੌਜੀ ਤਾਨਾਸ਼ਾਹੀ ਸਥਾਪਤ ਹੋ ਗਈ ਸੀ ਅਤੇ ਖੱਬੇ ਪੱਖੀ ਲਹਿਰ ਦੇ ਅਨੇਕਾਂ ਧੜਿਆਂ ਵਿਚ ਖਿੰਡੀ ਹੋਣ ਦੇ ਬਾਵਜੂਦ ਵਿਦਿਆਰਥੀਆਂ ਨੇ ਦੇਸ਼ ਦੇ ਸਭ ਤੋਂ ਵੱਡੇ ਪ੍ਰਾਂਤ ਸਾਓ ਪਾਅਲੋ ਵਿਚ ਪੂਰੇ 5 ਸਾਲ ਖੁਦ-ਬਖੁਧ ਹੀ ਫੌਜੀ ਤਾਨਾਸ਼ਾਹੀ ਵਿਰੁਧ ਖੰਡਾ ਖੜ੍ਹਾ ਕਰੀ ਰੱਖਿਆ ਸੀ। ਸਾਓ ਪਾਅਲੋ ਯੂਨੀਵਰਸਿਟੀ ਅੰਦਰ ਫਿਲਾਸਫੀ ਦੀ ਫੈਕਲਟੀ ਇਨਕਲਾਬੀ ਵਿਦਿਆਰਥੀਆਂ ਦਾ ਗੜ੍ਹ ਸੀ। ਉਥੇ ਦਿਨ ਰਾਤ ਮਾਰਕਸ ਦੀ ‘ਪੂੰਜੀ’; ਰੈਗਿਸ ਡੈਬਰੇ ਦੀ ‘ਇਨਕਲਾਬ ਅੰਦਰ ਇਨਕਲਾਬ’ ਅਤੇ ਹੋਰ ਅਨੇਕਾਂ ਹੀ ਵਰਜਿਤ ਪੁਸਤਕਾਂ ਅਤੇ ਵਿਚਾਰਾਂ ਤੇ ਬਹਿਸਾਂ ਅਤੇ ਗੋਸ਼ਟੀਆਂ ਹੁੰਦੀਆਂ ਰਹੀਆਂ ਸਨ। 1968 ਦਾ ਪੂਰਾ ਸਾਲ ਫੌਜੀ ਹਾਕਮਾਂ ਦੀ ਫੈਕਲਟੀ ਵਿਚ ਪੈਰ ਪਾਉਣ ਦੀ ਹਿੰਮਤ ਨਹੀਂ ਪਈ ਸੀ।
ਪ੍ਰੋæ ਲੀ ਦੱਸਦੇ ਹਨ ਕਿ ਉਨ੍ਹਾਂ ਦੀ, ਲਾਲੀ ਬਾਬੇ ਦੀ ਅਤੇ ਇੰਦਰਜੀਤ ਬਿੱਟੂ ਸਮੇਤ ਉਨ੍ਹਾਂ ਦੇ ਉਨ੍ਹਾਂ ਸਮਿਆਂ ਦੇ ਸਾਰੇ ਮੁੱਖ ਸਾਥੀ ਪੈਰਿਸ ਦੀਆਂ ਘਟਨਾਵਾਂ ਦੇ ਨਾਲ ਨਾਲ ਹੀ ਬਰਾਜ਼ੀਲ ਦੀ ਉਸ ਫਿਲਾਸਫੀ ਦੀ ਫੈਕਲਟੀ ਦੀਆਂ ਗਤੀਵਿਧੀਆਂ ਤੋਂ ਵੀ ਪੂਰੀ ਤਰ੍ਹਾਂ ਬਾਖਬਰ ਸਨ ਅਤੇ ਬਿੱਟੂ ਅਤੇ ਉਸ ਦੇ ਸਾਥੀਆਂ ਨੇ ਯੂਨੀਵਰਸਿਟੀ ਕੈਂਪਸ ਵਿਚ ਉਸ ਕਿਸਮ ਦਾ ਮਾਹੌਲ ਸਿਰਜਣ ਲਈ ਆਪਣੀ ਸਮਰੱਥਾ ਅਨੁਸਾਰ ਕੋਸ਼ਿਸ਼ਾਂ ਵੀ ਪੂਰੀਆਂ ਕੀਤੀਆਂ ਸਨ।

Be the first to comment

Leave a Reply

Your email address will not be published.