ਬਹੁਗਿਣਤੀਵਾਦ, ਘੱਟਗਿਣਤੀਆਂ ਅਤੇ ਅੱਜ ਦੇ ਹਾਲਾਤ

ਭਾਰਤ ਵਿਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠ ਲਗਾਤਾਰ ਦੂਜੀ ਵਾਰ ਕੇਂਦਰੀ ਸਰਕਾਰ ਕਾਇਮ ਹੋ ਗਈ ਹੈ। ਪਿਛਲੇ ਪੰਜ ਸਾਲਾਂ ਦੌਰਾਨ ਇਸ ਪਾਰਟੀ ਦੀ ਸਰਕਾਰ ਨੇ ਘੱਟਗਿਣਤੀਆਂ ਬਾਰੇ ਜਿਹੜਾ ਪੈਂਤੜਾ ਮੱਲਿਆ ਸੀ, ਉਸ ਨੂੰ ਹੁਣ ਵੀ ਜਿਉਂ ਦਾ ਤਿਉਂ ਅੱਗੇ ਵਧਾਇਆ ਜਾ ਰਿਹਾ ਹੈ। ਤਕਰੀਬਨ ਹਰ ਖੇਤਰ ਵਿਚ ਇਸ ਪਾਰਟੀ ਦੀ ਪੈਂਠ ਬਣਨ ਕਾਰਨ ਕੁਝ ਖਦਸ਼ੇ ਲਗਾਤਾਰ ਖੜ੍ਹੇ ਹੋ ਰਹੇ ਹਨ। ਉਘੇ ਲੇਖਕ ਸਵਰਾਜਬੀਰ ਨੇ ਇਨ੍ਹਾਂ ਹਾਲਾਤ ਬਾਰੇ ਛਾਣ-ਬੀਣ ਆਪਣੇ ਇਸ ਲੇਖ ਵਿਚ ਕੀਤੀ ਹੈ।

-ਸੰਪਾਦਕ

ਸਵਰਾਜਬੀਰ

ਅੰਗਰੇਜ਼ੀ ਸ਼ਬਦ ੰਅਜੋਰਟੇ ਲਈ ਪੰਜਾਬੀ ਵਿਚ ਬਹੁਤ ਸ਼ਬਦ ਹਨ: ਬਹੁਮਤ, ਬਹੁਸੰਮਤੀ, ਬਹੁਗਿਣਤੀ, ਬਹੁਸੰਖਿਆ ਆਦਿ; ਪਰ ੰਅਜੋਰਟਿਅਰਅਿਨਸਿਮ ਵਾਸਤੇ ਪੰਜਾਬੀ ਦੇ ਸ਼ਬਦ-ਕੋਸ਼ਾਂ ਵਿਚ ਕੋਈ ਸ਼ਬਦ ਨਹੀਂ। ਇਹ ਗੈਰ ਹਾਜ਼ਰੀ ਇਸ ਤੱਥ ਦੀ ਗਵਾਹੀ ਭਰਦੀ ਹੈ ਕਿ ਪੰਜਾਬ ਵਿਚ ਇਸ ਧਾਰਨਾ/ਵਿਚਾਰ ਬਾਰੇ ਜ਼ਿਆਦਾ ਚਿੰਤਨ ਨਹੀਂ ਹੋਇਆ। ਹਾਲ ਦੀ ਘੜੀ ੰਅਜੋਰਟਿਅਰਅਿਨਸਿਮ ਲਈ ਸ਼ਬਦ ਬਹੁਗਿਣਤੀਵਾਦ ਵਰਤਿਆ ਜਾ ਰਿਹਾ ਹੈ।
ਲੋਕਰਾਜ ਵਿਚ ਰਾਜ ਕਰਨ ਵਾਲੀ ਪਾਰਟੀ ਨੂੰ ਦੇਸ਼ ਦੀ ਲੋਕ ਸਭਾ ਵਿਚ ਬਹੁਸੰਮਤੀ ਚਾਹੀਦੀ ਹੈ ਜਾਂ ਰਾਸ਼ਟਰਪਤੀ ਤਰਜ਼ ਦੀਆਂ ਜਮਹੂਰੀਅਤਾਂ ਵਿਚ ਉਹ ਰਾਸ਼ਟਰਪਤੀ ਬਣਦਾ ਹੈ ਜਿਸ ਨੂੰ ਜ਼ਿਆਦਾ ਵੋਟ ਮਿਲਣ। ਹਰ ਦੇਸ਼ ਵਿਚ ਕੋਈ ਧਾਰਮਿਕ ਫਿਰਕਾ ਬਹੁਗਿਣਤੀ ਵਿਚ ਹੁੰਦਾ ਹੈ ਤੇ ਬਾਕੀ ਦੇ ਫਿਰਕੇ ਘੱਟਗਿਣਤੀ ਵਿਚ। ਇਸ ਲਈ ਚੋਣਾਂ ਵਿਚ ਉਸ ਪਾਰਟੀ ਨੂੰ ਬਹੁਸੰਮਤੀ ਮਿਲਦੀ ਹੈ ਜਿਸ ਦੇ ਹੱਕ ਵਿਚ ਬਹੁਗਿਣਤੀ ਵਾਲਾ ਫਿਰਕਾ ਵੱਡੀ ਗਿਣਤੀ ਵਿਚ ਵੋਟ ਪਾਏ। ਜ਼ਰੂਰੀ ਨਹੀਂ ਕਿ ਕਿਸੇ ਪਾਰਟੀ ਨੂੰ ਮਿਲੀ ਬਹੁਸੰਮਤੀ ਬਹੁਗਿਣਤੀ ਵਾਲੇ ਫਿਰਕੇ ਦੀਆਂ ਵੋਟਾਂ ‘ਤੇ ਹੀ ਨਿਰਭਰ ਹੋਵੇ। ਬਹੁਤ ਵਾਰ ਕਿਸੇ ਪਾਰਟੀ ਨੂੰ ਬਹੁਸੰਮਤੀ ਦਿਵਾਉਣ ਵਿਚ ਬਹੁਗਿਣਤੀ ਫਿਰਕੇ ਦੇ ਲੋਕਾਂ ਦੇ ਨਾਲ-ਨਾਲ ਘੱਟਗਿਣਤੀ ਫਿਰਕੇ ਦੇ ਲੋਕਾਂ ਦੀ ਭੂਮਿਕਾ ਵੀ ਹੁੰਦੀ ਹੈ। ਇਸ ਲਈ ਲੋਕਰਾਜ ਵਿਚ ਕਿਸੇ ਪਾਰਟੀ ਦੀ ਬਹੁਸੰਮਤੀ ਹੋਣ ਤੇ ਦੇਸ਼ ਵਿਚ ਬਹੁਗਿਣਤੀਵਾਦ (ੰਅਜੋਰਟਿਅਰਅਿਨਸਿਮ) ਦੀ ਵਿਚਾਰਧਾਰਾ ਦਾ ਗਲਬਾ ਹੋਣ ਵਿਚਕਾਰ ਬਹੁਤ ਫਰਕ ਹੈ।
ਬਹੁਗਿਣਤੀਵਾਦ ਮੂਲਵਾਦੀ ਤਰਜ਼ ਦੀ ਵਿਚਾਰਧਾਰਾ ਹੈ ਜਿਸ ਅਨੁਸਾਰ ਕਿਸੇ ਦੇਸ਼ ਜਾਂ ਸਮਾਜ ਵਿਚ ਬਹੁਗਿਣਤੀ ਫਿਰਕੇ ਦੀਆਂ ਭਾਵਨਾਵਾਂ, ਵਿਚਾਰਾਂ, ਰਵਾਇਤਾਂ, ਧਰਮ, ਭਾਸ਼ਾ, ਇਤਿਹਾਸ ਤੇ ਮਿਥਿਹਾਸ ਨੂੰ ਪਹਿਲ ਮਿਲਣੀ ਚਾਹੀਦੀ ਹੈ ਅਤੇ ਘੱਟਗਿਣਤੀਆਂ ਦੇ ਇਤਿਹਾਸ, ਮਿਥਿਹਾਸ ਤੇ ਰਵਾਇਤਾਂ ਨੂੰ ਦੋਇਮ ਸਥਾਨ। ਬਹੁਗਿਣਤੀਵਾਦ ਦੀ ਵਿਚਾਰਧਾਰਾ ਨੂੰ ਵੱਡੇ ਪਾਸਾਰ ਉਦੋਂ ਮਿਲਦੇ ਹਨ ਜਦੋਂ ਕੋਈ ਪਾਰਟੀ ਇਸ ਵਿਚਾਰਧਾਰਾ ਦਾ ਸਹਾਰਾ ਲੈ ਕੇ ਬਹੁਗਿਣਤੀ ਫਿਰਕੇ ਦੇ ਲੋਕਾਂ ਦੇ ਜਜ਼ਬਾਤ ਨੂੰ ਉਭਾਰਦਿਆਂ ਹੋਇਆਂ ਤਾਕਤ ਹਾਸਲ ਕਰਦੀ ਹੈ। ਇਹ ਵਰਤਾਰਾ ਬਹੁਤ ਜਟਿਲ ਹੁੰਦਾ ਹੈ। ਕੋਈ ਦੇਸ਼ ਅਚਨਚੇਤ ਬਹੁਗਿਣਤੀਵਾਦ ਦੀ ਵਿਚਾਰਧਾਰਾ ਦੇ ਪੜਾਅ ‘ਤੇ ਨਹੀਂ ਪਹੁੰਚ ਜਾਂਦਾ। ਬਹੁਗਿਣਤੀ ਫਿਰਕੇ ਦੇ ਕੁਝ ਲੋਕ ਜੋ ਦੂਸਰੇ ਧਰਮਾਂ ਦੇ ਮੰਨਣ ਵਾਲਿਆਂ ਨੂੰ ਬਾਹਰਲੇ, ਓਪਰੇ, ਵੱਖਰੇ ਤੇ ਵਾਧੂ ਸਮਝਦੇ ਹਨ, ਇਸ ਵਿਚਾਰਧਾਰਾ ਦਾ ਪ੍ਰਚਾਰ ਕਰਦੇ ਹਨ। ਹਰ ਦੇਸ਼ ਵਿਚ ਮੁਸ਼ਕਲ ਸਮੇਂ ਆਉਂਦੇ ਹਨ ਜਦ ਆਰਥਿਕ ਅਸਮਾਨਤਾਵਾਂ ਕਾਰਨ ਬੇਰੁਜ਼ਗਾਰੀ ਵਧਦੀ ਹੈ ਅਤੇ ਸਨਅਤੀ ਤੇ ਕਿਸਾਨੀ ਖੇਤਰਾਂ ਵਿਚ ਸੰਕਟ ਪੈਦਾ ਹੁੰਦੇ ਹਨ। ਬਹੁਤੀ ਵਾਰ ਇਨ੍ਹਾਂ ਸਮੱਸਿਆਵਾਂ ਨੂੰ ਉਦਾਰਵਾਦੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਜਿੱਠਣ ਵਿਚ ਕਾਮਯਾਬ ਹੁੰਦੀਆਂ ਹਨ ਪਰ ਕਈ ਵਾਰ ਬਹੁਗਿਣਤੀਵਾਦ ਦੀ ਵਿਚਾਰਧਾਰਾ ਰੱਖਣ ਵਾਲੀਆਂ ਪਾਰਟੀਆਂ ਲੋਕਾਂ ਨੂੰ ਇਹ ਯਕੀਨ ਦਿਵਾਉਣ ਵਿਚ ਸਫਲ ਹੋ ਜਾਂਦੀਆਂ ਹਨ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਕਾਰਨ ਘੱਟਗਿਣਤੀ ਫਿਰਕਿਆਂ ਵਾਲੇ ਲੋਕ ਹਨ; ਉਹ (ਘੱਟਗਿਣਤੀ ਫਿਰਕੇ ਵਾਲੇ ਲੋਕ) ਦੇਸ਼ ‘ਤੇ ਹਾਵੀ ਹੋਣਾ ਚਾਹੁੰਦੇ ਹਨ ਤੇ ਇਸ ਵਾਸਤੇ ਉਹ ਦੁਸ਼ਮਣ ਦੇਸ਼ਾਂ ਨਾਲ ਸਾਜ-ਬਾਜ ਕਰ ਰਹੇ ਹਨ; ਦੇਸ਼ ਦੀ ਅਖੰਡਤਾ ਦੀ ਰਾਖੀ ਸਿਰਫ ਬਹੁਗਿਣਤੀਵਾਦ ਵਾਲੀ ਵਿਚਾਰਧਾਰਾ ਵਾਲੀ ਪਾਰਟੀ ਹੀ ਕਰ ਸਕਦੀ ਹੈ, ਕਿਉਂਕਿ ਉਹੀ ਅਸਲੀ ਦੇਸ਼ ਭਗਤ ਹੈ ਅਤੇ ਪੁਰਾਤਨ ਧਰਮ ਤੇ ਮਰਿਆਦਾ ਦੀ ਰਖਵਾਲੀ ਵੀ। ਬੇਰੁਜ਼ਗਾਰੀ, ਭੁੱਖਮਰੀ ਅਤੇ ਹੋਰ ਸਮੱਸਿਆਵਾਂ ਨਾਲ ਦਰੜੇ ਹੋਏ ਲੋਕ ਸੁੱਤੇ-ਸਿਧ ਇਹੋ ਜਿਹੀ ਵਿਚਾਰਧਾਰਾ ਦਾ ਸ਼ਿਕਾਰ ਹੋ ਜਾਂਦੇ ਹਨ। ਕੁਝ ਇਸ ਤਰ੍ਹਾਂ ਦਾ ਵਰਤਾਰਾ ਹੁਣ ਭਾਰਤ ਵਿਚ ਵਾਪਰ ਰਿਹਾ ਹੈ।
ਇਥੇ ਇਹ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਜੇ ਬਹੁਗਿਣਤੀਵਾਦ ਦੇਸ਼ ਦੇ ਬਹੁਗਿਣਤੀ ਵਾਲੇ ਫਿਰਕੇ ਦੇ ਲੋਕਾਂ ਨੂੰ ਪਸੰਦ ਹੈ ਅਤੇ ਇਸ ਨੂੰ ਜਮਹੂਰੀ ਢੰਗ ਨਾਲ ਅਗਾਂਹ ਵਧਾਇਆ ਜਾ ਰਿਹਾ ਹੈ ਤਾਂ ਇਸ ਵਿਚ ਪ੍ਰੇਸ਼ਾਨੀ ਕੀ ਹੈ? ਇਤਿਹਾਸਕ ਤਜਰਬੇ ਅਨੁਸਾਰ ਬਹੁਗਿਣਤੀਵਾਦ ਕਾਰਨ ਦੇਸ਼ ਦਾ ਸਮਾਜਿਕ ਤਵਾਜ਼ਨ ਡੋਲਦਾ ਹੈ; ਘੱਟਗਿਣਤੀ ਫਿਰਕਿਆਂ ਦੇ ਲੋਕਾਂ ਵਿਚ ਬੇਗਾਨਗੀ ਦੀ ਭਾਵਨਾ ਵਧਦੀ ਹੈ; ਮੁੱਖ ਮੁੱਦੇ ਸਿਆਸੀ ਏਜੰਡੇ ਦੇ ਹਾਸ਼ੀਏ ‘ਤੇ ਧੱਕ ਦਿੱਤੇ ਜਾਂਦੇ ਹਨ; ਫਿਰਕੂ ਪਾੜਾ ਵਧਣ ਨਾਲ ਵੱਖ-ਵੱਖ ਤਰ੍ਹਾਂ ਦੇ ਸਮਾਜਿਕ ਵਿਗਾੜ ਪੈਦਾ ਹੁੰਦੇ ਹਨ; ਬਹੁਗਿਣਤੀਵਾਦ ਦਾ ਝੰਡਾ ਬੁਲੰਦ ਕਰ ਰਹੀ ਪਾਰਟੀ ਦੀ ਹਮਾਇਤ ਕਰਨ ਵਾਲੇ ਸਰਮਾਏਦਾਰ ਘਰਾਣੇ ਲੋਕਾਂ ਨੂੰ ਲੁੱਟਦੇ ਹਨ। ਇਸ ਤਰ੍ਹਾਂ ਬਹੁਗਿਣਤੀਵਾਦ ਗ਼ਾਲਬ ਜਮਾਤਾਂ, ਜਾਤਾਂ ਤੇ ਸਰਮਾਏਦਾਰੀ ਦੀ ਸਾਂਝ ਦਾ ਵਸੀਲਾ ਬਣਦਾ ਹੈ ਅਤੇ ਇਸ ਸਰਦਾਰੀ ਨੂੰ ਵਧਾਉਣਾ ਲੋਚਦਾ ਹੈ।
ਬਹੁਗਿਣਤੀਵਾਦ ਜਨੂਨ ਹੈ। ਇਸ ਵਿਚ ਵਿਸ਼ਵਾਸ ਕਰਨ ਵਾਲਾ ਆਦਮੀ ਆਪਣੇ ਆਪ ਨੂੰ ਦੇਸ਼ ਭਗਤ, ਮਰਿਆਦਾ-ਪਾਲਕ, ਧਾਰਮਿਕ ਤੇ ਪੁਰਾਤਨ ਵਿਰਸੇ ਦਾ ਉਪਾਸ਼ਕ ਸਮਝਦਾ ਹੈ। ਉਹ ਆਪਣੀਆਂ ਬੁਨਿਆਦੀ ਜ਼ਰੂਰਤਾਂ ਦੀ ਕੁਰਬਾਨੀ ਦੇ ਕੇ ਵੀ ਬਹੁਗਿਣਤੀਵਾਦ ਵਾਲੀ ਪਾਰਟੀ ਦਾ ਹਾਮੀ ਬਣਿਆ ਰਹਿੰਦਾ ਹੈ। ਬੇਰੁਜ਼ਗਾਰੀ ਤੇ ਭੁੱਖਮਰੀ ਤੋਂ ਪੈਦਾ ਹੋਇਆ ਰੋਹ ਤੇ ਗੁੱਸਾ ਘੱਟਗਿਣਤੀ ਫਿਰਕਿਆਂ ਵਿਰੁਧ ਘਿਰਣਾ ਤੇ ਹਿੰਸਾ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ।
ਬਹੁਗਿਣਤੀਵਾਦ ਹਿੰਸਕ ਤੇ ਜ਼ੋਰ-ਜਬਰ ਕਰਨ ਵਾਲੇ ਤੌਰ-ਤਰੀਕੇ ਨਾਲ ਨਹੀਂ ਸਗੋਂ ਬਹੁਤ ਸੂਖਮ ਤਰੀਕਿਆਂ ਰਾਹੀਂ ਪ੍ਰਵਾਨ ਚੜ੍ਹਦਾ ਹੈ। ਇਹ ਪ੍ਰਚਾਰ ਸਭਿਆਚਾਰਕ ਤੇ ਧਾਰਮਿਕ ਸੰਸਥਾਵਾਂ, ਵਿਦਿਅਕ ਅਦਾਰਿਆਂ, ਮੀਡੀਆ ਦੇ ਵੱਖ-ਵੱਖ ਮਾਧਿਅਮਾਂ, ਸੋਸ਼ਲ ਮੀਡੀਆ, ਸਾਹਿਤ, ਕਲਾ ਆਦਿ ਰਾਹੀਂ ਕੀਤਾ ਜਾਂਦਾ ਹੈ। ਇਸ ਪ੍ਰਚਾਰ ਨਾਲ ਬਹੁਗਿਣਤੀ ਫਿਰਕੇ ਦੇ ਲੋਕਾਂ ਲਈ ਇਕ ਖਾਸ ਤਰ੍ਹਾਂ ਦਾ ਲੋਕ-ਲੁਭਾਊ ਬਿਰਤਾਂਤ ਸਿਰਜ ਕੇ ਉਨ੍ਹਾਂ ਨੂੰ ਯਕੀਨ ਦਿਵਾਇਆ ਜਾਂਦਾ ਹੈ ਕਿ ਉਹ ਦੂਸਰੇ ਲੋਕਾਂ ਤੋਂ ਉਤਮ ਤੇ ਜ਼ਿਆਦਾ ਸਭਿਆ ਹਨ; ਦੂਸਰੇ ਲੋਕਾਂ ਕਾਰਨ ਉਨ੍ਹਾਂ ਦੀ ਸਭਿਅਤਾ, ਧਰਮ ਤੇ ਪਰੰਪਰਾ ਖਤਰੇ ਵਿਚ ਹਨ। ਇਤਿਹਾਸ ਤੇ ਮਿਥਿਹਾਸ ਦੀ ਨਵੇਂ ਤਰੀਕੇ ਨਾਲ ਵਿਆਖਿਆ ਕਰਕੇ ਬਹੁਗਿਣਤੀ ਫਿਰਕੇ ਨਾਲ ਸਬੰਧਤ ਰਾਜਿਆਂ, ਰਜਵਾੜਿਆਂ, ਯੋਧਿਆਂ ਤੇ ਬਾਗੀਆਂ ਨੂੰ ਤਾਂ ਦੇਸ਼ ਭਗਤੀ ਦੀ ਰੰਗਤ ਵਿਚ ਰੰਗਿਆ ਜਾਂਦਾ ਹੈ ਪਰ ਘੱਟਗਿਣਤੀ ਫਿਰਕੇ ਨਾਲ ਸਬੰਧਤ ਅਜਿਹੇ ਲੋਕਾਂ ਨੂੰ ਜ਼ੁਲਮ ਕਰਨ ਵਾਲੇ ਤੇ ਦੇਸ਼-ਧ੍ਰੋਹੀ ਗਰਦਾਨਿਆ ਜਾਂਦਾ ਹੈ। ਭਾਸ਼ਾ ਬਹੁਗਿਣਤੀਵਾਦ ਦੀ ਵਿਚਾਰਧਾਰਾ ਨੂੰ ਵਿਸਥਾਰ ਦੇਣ ਵਿਚ ਕੇਂਦਰੀ ਧੁਰੇ ਵਜੋਂ ਕੰਮ ਕਰਦੀ ਹੈ। ਬਹੁਗਿਣਤੀ ਫਿਰਕੇ ਵਾਲੇ ਲੋਕ ਜਿਹੜੀ ਭਾਸ਼ਾ ਜ਼ਿਆਦਾ ਬੋਲਦੇ ਹਨ, ਉਸ ਨੂੰ ਵਡਿਆ ਕੇ ਰਾਸ਼ਟਰੀ ਭਾਸ਼ਾ ਵਜੋਂ ਪੇਸ਼ ਕੀਤਾ ਜਾਂਦਾ ਹੈ ਤੇ ਦੂਸਰੀਆਂ ਭਾਸ਼ਾਵਾਂ ਨੂੰ ਸਿੱਧੇ-ਅਸਿੱਧੇ ਢੰਗ ਨਾਲ ਛੁਟਿਆਇਆ ਜਾਂਦਾ ਹੈ। ਇਸ ਦਾ ਅੰਤਿਮ ਨਿਸ਼ਾਨਾ ਆਪਣੇ ਆਪ ਨੂੰ ਰਾਸ਼ਟਰਵਾਦ ਵਜੋਂ ਪੇਸ਼ ਕਰਨਾ ਹੁੰਦਾ ਹੈ। ਇਸ ਤਰ੍ਹਾਂ ਬਹੁਗਿਣਤੀਵਾਦ ਦੀ ਪ੍ਰੋੜ੍ਹਤਾ ਕਰ ਰਹੀ ਪਾਰਟੀ ਨੂੰ ਦੇਸ਼ ਦੀ ਕੌਮੀ ਜਾਂ ਰਾਸ਼ਟਰੀ ਪਾਰਟੀ ਵਜੋਂ ਨਿਵਾਜਿਆ ਜਾਂਦਾ ਹੈ ਤੇ ਦੂਸਰੀਆਂ ਪਾਰਟੀਆਂ ਨੂੰ ਸੌੜੇ ਹਿੱਤਾਂ ਵਾਲੀਆਂ ਜਥੇਬੰਦੀਆਂ ਜਾਂ ਖੇਤਰੀਆਂ ਪਾਰਟੀਆਂ ਵਜੋਂ। ਕਈ ਵਾਰ ਦੂਸਰੀਆਂ ਪਾਰਟੀਆਂ ‘ਤੇ ਦੇਸ਼ ਦੇ ਹਿੱਤਾਂ ਦੇ ਵਿਰੋਧੀ ਹੋਣ ਦੇ ਦੋਸ਼ ਵੀ ਲਾਏ ਜਾਂਦੇ ਹਨ। ਬਹੁਗਿਣਤੀਵਾਦ ਬਹੁਗਿਣਤੀ ਫਿਰਕੇ ਦਾ ਲੋਕ-ਧਰਮ ਬਣਨ ਦੀ ਲੋਚਾ ਰੱਖਦਾ ਹੈ।
ਬਹੁਗਿਣਤੀਵਾਦ ਦੇ ਓਹਲੇ ਕਈ ਕੁਝ ਪਨਪਦਾ ਹੈ; ਇਹ ਮਰਦ-ਪ੍ਰਧਾਨ ਸੋਚ ਸਮਾਜ ਦਾ ਹਮਾਇਤੀ ਹੈ; ਇਸ ਦੇ ਅਨੁਸਾਰ ਔਰਤਾਂ ਨੂੰ ਇਕ ਖਾਸ ਤਰ੍ਹਾਂ ਦਾ ਲਿਬਾਸ ਪਾਉਣਾ ਚਾਹੀਦਾ ਹੈ ਤੇ ਉਸ ਮਰਿਆਦਾ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਹੜੀ ਉਹਦੇ ਵਾਸਤੇ ਮਰਦਾਂ ਨੇ ਬਣਾਈ ਹੈ। ਬਹੁਗਿਣਤੀ ਫਿਰਕੇ ਦੇ ਲੋਕਾਂ ਨੂੰ ਇਕ ਖਾਸ ਤਰ੍ਹਾਂ ਦੀ ਮਰਦਾਨਗੀ ਦਿਖਾਉਣ ਲਈ ਉਤਸ਼ਾਹਿਤ ਵੀ ਕੀਤਾ ਜਾਂਦਾ ਹੈ।
ਬਹੁਗਿਣਤੀਵਾਦ ਦੇ ਅਣਲਿਖੇ ਅਸੂਲਾਂ ਅਨੁਸਾਰ ਜੇ ਤੁਸੀਂ ਉਹ ਕਰਦੇ, ਕਹਿੰਦੇ ਤੇ ਲਿਖਦੇ ਹੋ ਜੋ ਬਹੁਗਿਣਤੀ ਦੇ ਲੋਕ-ਮਨ ਨੂੰ ਪ੍ਰਵਾਨ ਹੈ, ਤਾਂ ਸਭ ਕੁਝ ਠੀਕ ਠਾਕ ਹੈ; ਤੁਸੀਂ ਥੋੜ੍ਹੀ ਬਹੁਤ ਖੁੱਲ੍ਹ ਲੈ ਸਕਦੇ ਹੋ; ਪਰ ਜਦੋਂ ਕੋਈ ਸ਼ਖਸ ਬਹੁਗਿਣਤੀਵਾਦ ਦੇ ਪ੍ਰਵਾਨਿਤ ਮਾਪਦੰਡਾਂ ਤੋਂ ਬਾਹਰ ਪੈਰ ਰੱਖਦਾ ਹੈ ਤਾਂ ਉਸ ਨਾਲ ਕੁਝ ਵੀ ਵਾਪਰ ਸਕਦਾ ਹੈ; ਉਸ ਨੂੰ ਦੇਸ਼-ਧ੍ਰੋਹੀ ਗਰਦਾਨਿਆ ਜਾ ਸਕਦਾ ਹੈ; ਸ਼ਹਿਰੀ ਨਕਸਲੀ, ਦੇਸ਼ ਦੇ ਟੋਟੇ-ਟੋਟੇ ਕਰਨ ਵਾਲਾ, ਮਰਿਆਦਾ ਦਾ ਉਲੰਘਣ ਕਰਨ ਵਾਲਾ ਜਾਂ ਕੁਝ ਹੋਰ ਕਿਹਾ ਜਾ ਸਕਦਾ ਹੈ; ਉਸ ‘ਤੇ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ; ਉਹ ਹਜੂਮੀ ਹਿੰਸਾ ਦਾ ਸ਼ਿਕਾਰ ਹੋ ਸਕਦਾ ਹੈ; ਸਮਾਜ, ਬਹੁਗਿਣਤੀਵਾਦ ਦੀ ਵਿਚਾਰਧਾਰਾ ਵਿਚ ਫਸਿਆ ਹੋਣ ਕਾਰਨ ਉਸ ‘ਤੇ ਹੋਣ ਵਾਲੇ ਹਮਲਿਆਂ ਬਾਰੇ ਚੁੱਪ ਰਹੇਗਾ; ਕਈ ਵਾਰ ਇਹੋ ਜਿਹੇ ਹਮਲਿਆਂ ਦੀ ਹਮਾਇਤ ਵੀ ਕੀਤੀ ਜਾਂਦੀ ਹੈ।
ਕੀ ਬਹੁਗਿਣਤੀਵਾਦ ਹਮੇਸ਼ਾ ਕਾਇਮ ਰਹਿਣ ਵਾਲੀ ਵਿਚਾਰਧਾਰਾ ਹੈ? ਕੀ ਇਸ ਵਿਰੁਧ ਲੜਿਆ ਨਹੀਂ ਜਾ ਸਕਦਾ? ਇਥੇ ਇਹ ਸਮਝਣ ਦੀ ਜ਼ਰੂਰਤ ਹੈ ਕਿ ਬਹੁਗਿਣਤੀ ਵਾਲੇ ਫਿਰਕੇ ਦੀ ਬਣਤਰ ਕਦੀ ਵੀ ਇਕਸਾਰ ਨਹੀਂ ਹੁੰਦੀ। ਉਸ ਵਿਚ ਵੱਖ-ਵੱਖ ਵਰਗਾਂ, ਜਮਾਤਾਂ, ਜਾਤਾਂ ਤੇ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕ ਸ਼ਾਮਲ ਹੁੰਦੇ ਹਨ। ਬਹੁਤੀ ਵਾਰ ਬਹੁਗਿਣਤੀ ਫਿਰਕੇ ਦੀ ਵੱਡੀ ਤਾਦਾਦ ਦੂਸਰੇ ਫਿਰਕਿਆਂ ਨਾਲ ਏਕਤਾ ਤੇ ਸਮਤਾ ਬਣਾਈ ਰੱਖਣਾ ਚਾਹੁੰਦੀ ਹੈ। ਇਹ ਇਤਿਹਾਸ ਦੇ ਕੁਝ ਦੌਰਾਂ ਵਿਚ ਹੀ ਹੁੰਦਾ ਹੈ, ਜਦ ਬਹੁਗਿਣਤੀ ਫਿਰਕਾ ਬਹੁਗਿਣਤੀਵਾਦ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਹ ਲੋਕ, ਪਾਰਟੀਆਂ ਤੇ ਸੰਸਥਾਵਾਂ, ਜਿਹੜੇ ਇਸ ਵਿਚਾਰਧਾਰਾ ਦਾ ਜਾਲ ਬੁਣਦੇ ਹਨ, ਇਸ ਦਾ ਫਾਇਦਾ ਉਠਾਉਂਦੇ ਹਨ। ਇਸ ਲਈ ਬਹੁਗਿਣਤੀਵਾਦ ਦੇ ਵਿਰੁਧ ਲੜਾਈ ਸਿਰਫ ਘੱਟਗਿਣਤੀ ਫਿਰਕੇ ਵਾਲੇ ਲੋਕਾਂ ਦੇ ਗੱਠਜੋੜ ਨਾਲ ਨਹੀਂ ਲੜੀ ਜਾ ਸਕਦੀ। ਇਸ ਵਿਚ ਬਹੁਗਿਣਤੀ ਫਿਰਕਿਆਂ ਨਾਲ ਸਬੰਧਿਤ ਲੋਕਾਂ ਦਾ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ। ਇਹ ਦਲੀਲ ਭਾਰਤ ਦੇ ਮੌਜੂਦਾ ਹਾਲਾਤ ‘ਤੇ ਵੀ ਢੁੱਕਦੀ ਹੈ। ਬਹੁਗਿਣਤੀਵਾਦ ਵਿਰੁਧ ਯੁੱਧ ਵਿਚ ਵੱਡਾ ਹਿੱਸਾ ਬਹੁਗਿਣਤੀ ਨਾਲ ਸਬੰਧਤ ਫਿਰਕੇ ਦੇ ਲੋਕਾਂ ਨੇ ਹੀ ਪਾਉਣਾ ਹੈ। ਇਨ੍ਹਾਂ ਹਾਲਾਤ ਨੂੰ ਸਮਝਣ ਵਾਲੇ ਚਿੰਤਕਾਂ, ਆਗੂਆਂ ਤੇ ਪਾਰਟੀਆਂ ਨੂੰ ਬਹੁਗਿਣਤੀ ਫਿਰਕੇ ਦੇ ਲੋਕਾਂ ਦਾ ਮਨ ਜਿੱਤਣ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਬਹੁਗਿਣਤੀਵਾਦ ਨਾਲ ਦੇਸ਼ ਦੇ ਲੋਕਾਂ ਦਾ ਭਲਾ ਨਹੀਂ ਹੁੰਦਾ; ਇਹ ਵਿਚਾਰਧਾਰਾ (ਬਹੁਗਿਣਤੀਵਾਦ) ਲੋਕਾਂ ਦਾ ਧਿਆਨ ਉਨ੍ਹਾਂ ਦੇ ਅਸਲੀ ਮੁੱਦਿਆਂ ਤੋਂ ਪਰ੍ਹੇ ਹਟਾਉਣ ਲਈ ਵਰਤਿਆ ਜਾਣ ਵਾਲਾ ਸੰਦ ਹੈ; ਇਸ ਨੂੰ ਉਹ ਤਾਕਤਾਂ ਵਰਤ ਰਹੀਆਂ ਹਨ ਜੋ ਦੇਸ਼ ਨੂੰ ਪੁੱਠਾ ਗੇੜਾ ਦੇਣਾ ਚਾਹੁੰਦੀਆਂ ਹਨ। ਜ਼ਾਹਿਰ ਹੈ ਕਿ ਬਹੁਗਿਣਤੀਵਾਦ ਵਿਰੁਧ ਲੜਾਈ ਲੜਨ ਲਈ ਲੋਕਾਂ ਦੇ ਵਿਸ਼ਾਲ ਜਮਹੂਰੀ ਏਕੇ ਦੀ ਜ਼ਰੂਰਤ ਹੈ।