ਬਲਜੀਤ ਬਾਸੀ
ਦੰਦ ਕਥਾ ਹੈ ਕਿ ਸ਼ੇਰ ਸ਼ਾਹ ਸੂਰੀ ਨੇ ਮੁਗਲ ਬਾਦਸ਼ਾਹ ਹਮਾਯੂੰ ਨੂੰ ਚੌਸਾ ਦੀ ਲੜਾਈ ‘ਚ ਹਰਾ ਦਿੱਤਾ। ਇਹ ਘਟਨਾ 1539 ਦੀ ਦੱਸੀ ਜਾਂਦੀ ਹੈ। ਕੁਝ ਸ੍ਰੋਤਾਂ ਅਨੁਸਾਰ ਹਮਾਯੂੰ ਨੇ ਆਪਣੀ ਜਾਨ ਬਚਾਉਣ ਲਈ ਗੰਗਾ ਵਿਚ ਛਾਲ ਮਾਰ ਦਿੱਤੀ। ਕੰਢੇ ਤੋਂ ਦੇਖ ਰਿਹਾ ਨਿਜ਼ਾਮ (ਉਦ ਦੀਨ ਸੱਕਾ) ਨਾਂ ਦੇ ਮਾਸ਼ਕੀ ਨੇ ਫੌਰਨ ਦਰਿਆ ਵਿਚ ਛਾਲ ਮਾਰੀ ਤੇ ਡੁੱਬ ਰਹੇ ਬਾਦਸ਼ਾਹ ਕੋਲ ਤਰ ਕੇ ਪਹੁੰਚ ਗਿਆ। ਉਸ ਨੇ ਆਪਣੀ ਮਸ਼ਕ ਵਿਚ ਪਾਣੀ ਭਰ ਕੇ ਬਾਦਸ਼ਾਹ ਨੂੰ ਉਸ ਨਾਲ ਨਰੜਿਆ ਤੇ ਖਿਚਦਾ ਹੋਇਆ ਸੁਰੱਖਿਅਤ ਹਾਲਤ ਵਿਚ ਉਸ ਨੂੰ ਕੰਢੇ ‘ਤੇ ਲੈ ਆਇਆ।
ਸੱਕਾ ਮਾਸ਼ਕੀਆਂ ਦੀ ਇੱਕ ਬਰਾਦਰੀ ਦਾ ਨਾਂ ਹੈ। ਸੱਕਾ ਅਰਬੀ ਸ਼ਬਦ ਹੈ। ਹਮਾਯੂੰ ਨੇ ਰਾਜ ਸੰਭਾਲਣ ਪਿਛੋਂ ਸ਼ੁਕਰਾਨੇ ਵਜੋਂ ਨਿਜ਼ਾਮ ਸੱਕਾ ਨੂੰ ਇਕ ਦਿਨ ਦੀ ਬਾਦਸ਼ਾਹੀ ਬਖਸ਼ੀ ਤੇ ਉਸ ਦਾ ਨਾਂ ਵੀ ਬਦਲ ਕੇ ਨਿਜ਼ਾਮ ਉਦ ਦੀਨ ਸੱਕਾ ਰੱਖ ਦਿੱਤਾ। ਗੱਦੀ ਸੰਭਾਲਦਿਆਂ ਹੀ ਸੱਕਾ ਨੇ ਚਮੜੇ ਦੇ ਸਿੱਕੇ ਚਲਾਉਣ ਦਾ ਫੁਰਮਾਨ ਜਾਰੀ ਕਰ ਦਿੱਤਾ। ਕਹਿੰਦੇ ਹਨ, ਉਹ ਚੰਮ ਦਾ ਕੰਮ ਕਰਨ ਵਾਲੀ ਆਪਣੀ ਬਰਾਦਰੀ ਦੀ ਆਰਥਕ ਮਦਦ ਕਰਨੀ ਚਾਹੁੰਦਾ ਸੀ।
ਦਿੱਲੀ ਦੇ ਨਿਜ਼ਾਮੂਦੀਨ ਅਤੇ ਜਾਮਾ ਮਸਜਿਦ ਇਲਾਕੇ ਵਿਚ ਅਜਿਹੇ ਮਾਸ਼ਕੀ ਅੱਜ ਵੀ ਮਿਲਦੇ ਹਨ। ਮਿੱਟੀ ਦੇ ਕਟੋਰੇ ਖੜਕਾਉਂਦੇ ਉਹ ਲੋਕਾਂ ਨੂੰ ਪਾਣੀ ਪਿਲਾਉਂਦੇ ਦਿਸ ਪੈਂਦੇ ਹਨ। ਉਥੇ ਇੱਕ ਸੱਕਾ ਗਲੀ ਵੀ ਹੈ, ਸ਼ਾਇਦ ਨਜਾਮ ਸੱਕਾ ਦੀ ਯਾਦ ਵਿਚ। ‘ਚੰਮ ਦੀਆਂ ਚਲਾਉਣਾ’ ਮੁਹਾਵਰਾ ਇਸੇ ਦੰਦ-ਕਥਾ ਵੱਲ ਸੰਕੇਤ ਕਰਦਾ ਪ੍ਰਤੀਤ ਹੁੰਦਾ ਹੈ, ਪਰ ਅਸੀਂ ਆਪਣੇ ਅੱਜ ਦੇ ਲੇਖ ਵਿਚ ‘ਚੰਮ’ ਸ਼ਬਦ ਬਾਰੇ ਲਿਖ ਕੇ ਹੀ ਚੰਮ ਦੀਆਂ ਚਲਾਵਾਂਗੇ।
ਚੰਮ ਦੀ ਪਰਿਭਾਸ਼ਾ ਦੇਣ ਦੀ ਲੋੜ ਨਹੀਂ, ਕਿਉਂਕਿ ਹਰ ਪ੍ਰਾਣੀ ਇਸੇ ਵਿਚ ਮੜਿਆ ਹੋਇਆ ਹੈ। ਕਿਸੇ ਵਿਅਕਤੀ ਦੇ ਚੰਮ ਅੰਦਰ ਲੁਕਿਆ ਹੱਡ-ਮਾਸ ਅਤੇ ਮਨ ਕੈਸਾ ਹੈ, ਕੋਈ ਨਹੀਂ ਜਾਣਦਾ। ਅਸੀਂ ਚੰਮ ਦੀ ਸੁੰਦਰਤਾ ਨੂੰ ਹੀ ਅਸਲੀ ਸੁੰਦਰਤਾ ਸਮਝਦੇ ਹਾਂ। ‘ਚਮੜਾ ਖਰੀਦਣਾ’ ਅਰਥਾਤ ਸ਼ਕਲਮੰਦ ਕੁੜੀ ਪਸੰਦ ਕਰਨੀ, ਉਸ ਦੇ ਚੱਜ ਅਚਾਰ ਨਾ ਜਾਣਨੇ, ਮੁਹਾਵਰਾ ਇਸੇ ਸਥਿਤੀ ਦਾ ਸੂਚਕ ਹੈ। ਅਜਿਹੇ ਵਿਅਕਤੀ ਹੀ ਚੰਮ-ਰਸ ਕਹਾਉਂਦੇ ਹਨ; ਪਰ ਕੁਝ ਸਿਆਣੇ ਲੋਕ ਵੀ ਹੁੰਦੇ ਹਨ, ਜਿਨ੍ਹਾਂ ਲਈ ‘ਕੰਮ ਪਿਆਰਾ ਹੁੰਦਾ ਹੈ, ਚੰਮ ਨਹੀਂ।’
ਖੈਰ! ਚੰਮ ਉਧੇੜ ਕੇ ਕਿਸੇ ਨੂੰ ਤਸੀਹੇ ਜ਼ਰੂਰ ਦਿੱਤੇ ਜਾ ਸਕਦੇ ਹਨ, ਉਸ ਦਾ ਅੰਦਰਲਾ ਨਹੀਂ ਦੇਖਿਆ ਜਾ ਸਕਦਾ। ਕਈ ‘ਮੋਟੀ ਚਮੜੀ ਵਾਲੇ’ ਭਾਵਨਾਹੀਣ ਹੁੰਦੇ ਹਨ। ਚਮੜਾ ਅਤੇ ਚਮੜੀ ਸ਼ਬਦ ਚੰਮ ਦੇ ਹੀ ਭੇਦ ਹਨ। ਗੁਰੂ ਰਾਮ ਦਾਸ ਨੇ ਚੰਮ ਸ਼ਬਦ ਵਰਤਿਆ ਹੈ, ‘ਤੂੰ ਸਚਾ ਸਾਹਿਬੁ ਸਚੁ ਤੂ ਸਭੁ ਜੀਉ ਪਿੰਡੁ ਚੰਮੁ ਤੇਰਾ ਹਡੇ॥’ ਚਮੜਾ ਸ਼ਬਦ ਆਮ ਤੌਰ ‘ਤੇ ਮਰੇ ਹੋਏ ਪਸੂ ਦੀ ਖੱਲ ਲਈ ਵਰਤਿਆ ਜਾਂਦਾ ਹੈ, ਜਦੋਂ ਕਿ ਚਮੜੀ ਮਨੁੱਖ ਦੀ ਤੁਚਾ ਲਈ। ਉਂਜ ਚੰਮ ਸ਼ਬਦ ਦੀ ਵੀ ਕੁਝ ਕੁਝ ਕਦਰ-ਘਟਾਈ ਹੋ ਗਈ ਹੈ। ਗੁਰੂ ਗ੍ਰੰਥ ਸਾਹਿਬ ਵਿਚ ਚਮੜ ਤੇ ਚਮੜਾ ਸ਼ਬਦ ਮਿਰਗਚਰਮ ਅਰਥਾਤ ਹਿਰਨ ਦੀ ਚਮੜੀ ਲਈ ਵਰਤੇ ਗਏ ਹਨ, ‘ਕਾਪੜੁ ਛੋਡੇ ਚਮੜ ਲੀਏ’ ਅਤੇ ‘ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨ੍ਹੀ॥’ ( ਗੁਰੂ ਨਾਨਕ ਦੇਵ)
ਵਾਰਸ ਦੀ ਇੱਕ ‘ਅਸਲੀ ਤੇ ਵੱਡੀ’ ਹੀਰ ਦੇ ਇੱਕ ਬੰਦ ਵਿਚ ਚੰਮ ਸ਼ਬਦ ਆਇਆ ਹੈ, ਪਰ ਵਿਦਵਾਨਾਂ ਨੇ ਇਸ ਨੂੰ ਵਾਰਸ ਦੀ ਰਚਨਾ ਨਹੀਂ ਮੰਨਿਆ,
ਹੀਰ ਆਖਦੀ ਜੋਗੀਆ ਝੂਠ ਆਖੇਂ,
ਕੌਣ ਰੁੱਠੜੇ ਯਾਰ ਮਿਲਾਂਵਦਾ ਈ।
ਏਹਾ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ,
ਜਿਹੜਾ ਗਿਆਂ ਨੂੰ ਮੋੜ ਲਿਆਂਵਦਾ ਈ।
ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ,
ਜਿਹੜਾ ਜੀਊ ਦਾ ਰੋਗ ਗਵਾਂਵਦਾ ਈ।
ਭਲਾ ਦੱਸ ਖਾਂ ਚਿਰੀਂ ਵਿਛੁੰਨਿਆਂ ਨੂੰ,
ਕਦੋਂ ਰੱਬ ਸੱਚਾ ਘਰੀਂ ਲਿਆਂਵਦਾ ਈ।
ਚੰਮ ਸ਼ਬਦ ਦੀ ਸੰਸਕ੍ਰਿਤ ਮੁਢੀ ਹੈ, ‘ਚਰਮਨ’ ਜੋ ਚਰਮ ਦੇ ਸਮਾਨ ਹੈ। ਸੰਸਕ੍ਰਿਤ ਵਿਚ ਚਰਮਨ ਦੇ ਅਰਥ ਹਨ-ਚਮੜੀ, ਖੱਲ; ਸੱਕ; ਢਾਲ, ਜੋ ਚੰਮ ਦੀ ਬਣੀ ਹੁੰਦੀ ਹੈ। ਚੰਬਲ ਦਰਿਆ ਦਾ ਸੰਸਕ੍ਰਿਤ ਨਾਂ ਚਰਮਣਵਤ ਸੀ। ਸੰਸਕ੍ਰਿਤ ਵਿਚ ਚਰਮ ਸ਼ਬਦ ਦੇ ਮੇਲ ਨਾਲ ਅਨੇਕਾਂ ਹੋਰ ਸ਼ਬਦ ਬਣੇ ਹਨ, ਪਰ ਸਭ ਦਾ ਪੰਜਾਬੀ ਰੂਪ ਨਹੀਂ ਮਿਲਦਾ ਜਿਵੇਂ ਚਰਮਈ, ਚਰਮਵਤ: ਚੰਮ ਤੋਂ ਬਣਿਆ ਜਾਂ ਮੜਿਆ; ਚਰਮਤਿਲ: ਤਿਲਾਂ ਵਰਗੀਆਂ ਫਿਣਸੀਆਂ ਵਾਲਾ। ਚਰਮ ਦਾ ਪ੍ਰਾਕ੍ਰਿਤ ਰੂਪ ਹੈ, ਚੰਮ। ਹੋਰ ਭਾਰਤੀ ਆਰਿਆਈ ਭਾਸ਼ਾਵਾਂ ਵਿਚ ਇਸ ਦੇ ਭੇਦ ਹਨ: ਚੰਮ, ਚਾਮ, ਚੋਮ, ਸਮ, ਚਮੜਾ/ਚਮੜੀ, ਚੰਡੂ।
ਇਸ ਤੋਂ ਬਣੇ ਕੁਝ ਸ਼ਬਦ ਵਿਚਾਰ ਲਈਏ। ਮੋਚੀ ਵਲੋਂ ਵਰਤੀ ਜਾਂਦੀ ਚਮੜੇ ਦੀ ਪੱਟੀ ਨੂੰ ਚਮੋਟੀ ਆਖਦੇ ਹਨ। ਇਸ ਦਾ ਸੰਸਕ੍ਰਿਤ ਰੂਪ ਚਰਮਪੱਟ ਹੈ ਤੇ ਪ੍ਰਾਕ੍ਰਿਤ ਵਿਚ ਰੂਪ ਹੋਇਆ, ਚੰਮਪੱਟ। ਸੰਸਕ੍ਰਿਤ ਵਿਚ ਚਮਗਾਦੜ ਲਈ ਸ਼ਬਦ ‘ਚਰਮਪੱਤਰਾ’ ਹੈ। ਪ੍ਰਾਕ੍ਰਿਤ ਵਿਚ ਇਸ ਦਾ ਰੂਪ ‘ਚਮਪਖਿ’ ਅਰਥਾਤ ਚਮ ਵਾਲਾ ਪੰਛੀ ਜਾਂ ਉਡਣ ਵਾਲਾ ਚੰਮ ਹੈ। ਚਮਗਾਦੜ ਅਤੇ ਚਾਮਚੜਿੱਕ ਵਿਚ ਚੰਮ/ਚਾਮ ਸ਼ਬਦ ਸਪੱਸ਼ਟ ਝਲਕਦੇ ਹਨ। ਚਾਮਚੜਿੱਕ ਦਾ ਸੰਸਕ੍ਰਿਤ ਰੂਪ ਹੈ, ਚਰਮਚਟਕ; ਚਟਕ ਚਿੜੀ ਦਾ ਹੀ ਪੂਰਬਲਾ ਰੂਪ ਹੈ। ਸੋ, ਚਾਮਚੜਿੱਕ ਦਾ ਸ਼ਾਬਦਿਕ ਅਰਥ ਬਣਦਾ ਹੈ, ਚੰਮ ਦੀ ਚਿੜੀ, ਸ਼ਾਇਦ ਇਸ ਲਈ ਕਿ ਉਡਦੀ ਜਾਂਦੀ ਚਾਮਚੜਿੱਕ ਦੀ ਚਮੜੀ ਦਿਖਾਈ ਦਿੰਦੀ ਹੈ।
ਡੱਚ ਭਾਸ਼ਾ ਵਿਚ ਚਮਗਿੱਦੜ ਲਈ ਵਰਤੇ ਜਾਂਦੇ ਸ਼ਬਦ ਦਾ ਸ਼ਾਬਦਿਕ ਅਰਥ ਹੈ, ਉਡਣਾ ਲੂੰਬੜ। ਚਰਮਪਾਦੁਕਾ ਹੁੰਦੀ ਹੈ, ਪੈਰਾਂ ‘ਚ ਪਾਈ ਜਾਣ ਵਾਲੀ ਚਮੜੇ ਦੀ ਜੁੱਤੀ। ਲੱਕੜੀ ਦੀ ਜੁੱਤੀ ਨੂੰ ਖੜਾਵਾਂ, ਜੋ ਸੰਸਕ੍ਰਿਤ ਕਾਸ਼ਟਪਾਦੁਕਾ (ਕਾਸ਼ਟ=ਲਕੜੀ, ਪਾਦੁਕਾ=ਜੁੱਤੀ) ਦਾ ਵਿਉਤਪਤ ਰੂਪ ਹੈ। ਉਸਤਰੇ ਨੂੰ ਘਸਾਉਣ ਵਾਲੀ ਚਮੜੇ ਦੀ ਪੱਟੀ ਨੂੰ ਚਮਾਟੀ ਕਿਹਾ ਜਾਂਦਾ ਹੈ, ਜੋ ਸੰਸਕ੍ਰਿਤ ਚਰਮਕਾਸ਼ਟਿਕਾ ਦਾ ਸੰਕੁਚਿਤ ਰੂਪ ਹੈ। ‘ਚਮੋਕਣ’ ਖੂਨ ਪੀਣ ਵਾਲੀ ਜੂੰ ਨੂੰ ਆਖਦੇ ਹਨ, ਜਿਸ ਦਾ ਸੰਸਕ੍ਰਿਤ ਰੂਪ ਹੈ, ਚਰਮੋਤਕੁਣ (ਉਤਕਣ=ਜੂੰ)। ਤੰਗ ਜੁੱਤੀ ਲੱਗਣ ਨਾਲ ਪੈਰਾਂ ਦੇ ਪਿਛਲੇ ਪਾਸੇ (ਅੱਡੀ ਤੋਂ ਉਪਰ) ਜ਼ਖਮ ਹੋ ਜਾਂਦਾ ਹੈ, ਜੋ ਰਿਸਦਾ ਰਹਿੰਦਾ ਹੈ, ਇਸ ਨੂੰ ‘ਚਮਰਸ’ ਆਖਦੇ ਹਨ। ਚਮਜੂੰ ਜਾਂ ਚਮਚਿੱਚੜ ਸ਼ਬਦਾਂ ਵਿਚ ਵੀ ਚੰਮ ਸ਼ਬਦ ਬੋਲਦਾ ਹੈ। ਕਿਸੇ ਦੇ ਖਹਿੜੇ ਪਏ ਰਹਿਣ ਲਈ ‘ਚੰਮ ਵਢਣਾ/ਖਾਣਾ’ ਮੁਹਾਵਰਾ ਵਰਤਿਆ ਜਾਂਦਾ ਹੈ।
ਚਮੜੇ ਦਾ ਕੰਮ ਕਰਨ ਵਾਲੇ ਨੂੰ ਅਸੀਂ ਚਮਾਰ ਜਾਂ ਚਮਿਆਰ ਆਖਦੇ ਹਾਂ। ਚਮਾਰ ਇਕ ਜਾਤੀ ਦਾ ਨਾਂ ਵੀ ਹੈ, ਜੋ ਰਵਾਇਤੀ ਤੌਰ ‘ਤੇ ਚਮੜੇ ਦਾ ਕੰਮ ਕਰਦੀ ਸੀ। ਇਸ ਦਾ ਸੰਸਕ੍ਰਿਤ ਰੂਪ ਹੈ, ਚਰਮਕਾਰ ਅਰਥਾਤ ਚਮੜੇ ਦਾ ਕੰਮ ਕਰਨ ਵਾਲਾ। ਇਸ ਦਾ ਪਾਲੀ ਰੂਪ ਚੰਮਕਾਰ ਤੇ ਪ੍ਰਾਕ੍ਰਿਤ ਰੂਪ ਚਮਾਰ/ਚਮਿਆਰ ਹੈ, ‘ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ॥’ ਚਮਾਰਾਂ ਦੀ ਬਸਤੀ ਨੂੰ ਚਮਾਰਲੀ ਆਖਿਆ ਜਾਂਦਾ ਹੈ।
ਚੰਮ ਸ਼ਬਦ ਦੇ ਸਜਾਤੀ ਰੂਪ ਫਾਰਸੀ ਵਿਚ ਵੀ ਮਿਲਦੇ ਹਨ। ਫਾਰਸੀ ਚਰਮੀਨ ਦਾ ਅਰਥ ਹੈ, ਚਮੜੇ ਦਾ ਬਣਿਆ। ਫਾਰਸੀ ਵਿਚ ਚਰਮੀਨਦੋਜ਼ ਮੋਚੀ ਅਤੇ ਚਰਮੀਨਫਰੋਸ਼ ਚਮੜਾ ਵੇਚਣ ਵਾਲੇ ਨੂੰ ਕਹਿੰਦੇ ਹਨ। ਬਟੂਆ ਚਰਮਦਾਨ ਹੈ। ਚਰਖੇ ਦੇ ਤਕਲੇ ਉਤੇ ਲੱਗੀ ਚਮੜੇ ਦੀ ਗੋਲ ਪੱਟੀ ਨੂੰ ਪੰਜਾਬੀ ਵਿਚ ਚਰਮਖ ਆਖਦੇ ਹਨ। ਇਹ ਫਾਰਸੀ ਵਲੋਂ ਆਇਆ ਹੈ, ‘ਚਰਮ+ਕ’ ਦਾ ਬਦਲਿਆ ਰੂਪ।
ਕੁਝ ਸਮਾਂ ਪਹਿਲਾਂ ਹਲਟ ਦੀ ਥਾਂ ਚਰਸ, ਚੜਸ ਜਾਂ ਚੜਸਾ ਚਲਿਆ ਕਰਦੇ ਸਨ। ਇਸ ਜੁਗਾੜ ਵਿਚ ਚਮੜੇ ਦਾ ਇਕ ਭਾਰੀ ਵੱਡਾ ਸਾਰਾ ਥੈਲਾ ਇਸਤੇਮਾਲ ਕੀਤਾ ਜਾਂਦਾ ਸੀ, ਜਿਸ ਦੀ ਪਾਣੀ-ਸਮਾਈ ਘੱਟੋ ਘੱਟ ਮਣ ਪੱਕੇ ਦੀ ਹੁੰਦੀ ਸੀ। ਇਸ ਥੈਲੇ ਰਾਹੀਂ ਬਲਦਾਂ ਦੀ ਮਦਦ ਨਾਲ ਖੂਹ ਵਿਚੋਂ ਪਾਣੀ ਕੱਢਿਆ ਜਾਂਦਾ ਸੀ। ਚਰਸ ਦਰਅਸਲ ਇਸ ਥੈਲੇ ਦਾ ਨਾਂ ਹੈ। ਇਹ ਸ਼ਬਦ ਵੀ ਫਾਰਸੀ ਅਸਲੇ ਦਾ ਹੈ, ਜਿਸ ਦਾ ਅਰਥ ਚਮੜਾ ਹੀ ਹੈ। ਧੌੜੀ ਸ਼ਬਦ ਇਸੇ ਦਾ ਸਮਾਨਅਰਥਕ ਹੈ।
ਅਫਗਾਨਿਸਤਾਨ ਵਿਚ ਮਿਲਦੀ ਭੰਗ ਦੀ ਇਕ ਕਿਸਮ ਲਈ ਵੀ ਚਰਸ ਸ਼ਬਦ ਵਰਤਿਆ ਜਾਂਦਾ ਹੈ। ਚਮੜੇ ਦੇ ਬਣੇ ਦਸਤਾਨੇ ਨਾਲ ਇਸ ਨਸ਼ੀਲੇ ਬੂਟੇ ਦੇ ਪੱਤਿਆਂ ਨੂੰ ਰਗੜ ਕੇ ਇਸ ਦਾ ਸਤ ਇਕੱਠਾ ਕੀਤਾ ਜਾਂਦਾ ਹੈ। ਚਮੜੇ ਦੇ ਦਸਤਾਨੇ ਤੋਂ ਇਸ ਦਾ ਚਰਸ ਨਾਂ ਪਿਆ। ਫਾਰਸੀ ਵਿਚ ਚਰਮ ਦਾ ਇੱਕ ਭੇਦ ਚਰਬ ਵੀ ਮਿਲਦਾ ਹੈ। ਚਰਮਨ ਸ਼ਬਦ ਦਰਅਸਲ ਉਪਰਲੀ ਖਲੜੀ ਲਈ ਹੀ ਨਹੀਂ, ਬਲਕਿ ਇਸ ਦੇ ਹੇਠਾਂ ਜੁੜੀ ਹੋਈ ਚਿਕਨਾਈ ਤੇ ਮਾਸ ਵੱਲ ਵੀ ਸੰਕੇਤ ਕਰਦਾ ਹੈ। ਇਸ ਲਈ ਫਾਰਸੀ ਸ਼ਬਦ ਚਰਬ ਜਾਂ ਚਰਬੀ ਇਸੇ ਦਾ ਬੋਧਕ ਹੈ। ਫਾਰਸੀ ਚਰਬ ਦਾ ਅਰਥ ਹੈ-ਚੀਕਣਾ, ਮੁਲਾਇਮ, ਮੋਟਾ ਆਦਿ। ਚਰਬਾ ਸ਼ਬਦ ਦਾ ਅਰਥ ਨਰਮ ਝਿੱਲੀ ਹੁੰਦਾ ਹੈ। ਇੱਕ ਪਤਲੇ ਜਿਹੇ ਪਾਰਦਰਸ਼ੀ ਕਾਗਜ਼ ਨੂੰ ਵੀ ਚਰਬਾ ਕਿਹਾ ਜਾਂਦਾ ਹੈ, ਜਿਸ ਤੋਂ ਕਿਸੇ ਤਸਵੀਰ ਆਦਿ ਦਾ ਉਤਾਰਾ ਕੀਤਾ ਜਾਂਦਾ ਹੈ। ਕਾਸੇ ਦੀ ਖੂਬ ਨਕਲ ਕਰਨ ਦੇ ਅਰਥਾਂ ਵਾਲਾ ਮੁਹਾਵਰਾ ‘ਚਰਬੇ ਉਤਾਰਨਾ’ ਇਸੇ ਤੋਂ ਬਣਿਆ।
ਸੰਸਕ੍ਰਿਤ ਕੋਸ਼ਕਾਰ ਆਪਟੇ ਅਤੇ ਅਜਿਤ ਵਡਨੇਰਕਰ ਨੇ ਚਰਮ ਸ਼ਬਦ ਨੂੰ ਸੰਸਕ੍ਰਿਤ ਧਾਤੂ ਚਰ ਨਾਲ ਜੋੜਿਆ ਹੈ। ਇਸ ਧਾਤੂ ਵਿਚ ਚਲਣ ਫਿਰਨ, ਘਾਹ ਚਰਨ ਆਦਿ ਦੇ ਭਾਵ ਹਨ। ਸੋ, ਇਸ ਤੋਂ ਚਲਣ ਫਿਰਨ ਵਾਲੇ ਜਾਨਵਰ ਅਰਥਾਤ ਪਸੂ ਦੇ ਭਾਵ ਵਿਕਸਿਤ ਹੁੰਦੇ ਹਨ। ਇਸੇ ਤੋਂ ਅੱਗੇ ਪਸੂ ਦੀ ਖੱਲ ਦੇ ਭਾਵ ਉਭਰੇ। ਦੂਜੇ ਪਾਸੇ ਮੋਨੀਅਰ-ਵਿਲੀਅਮਜ਼ ਨੇ ਚਰਮ ਦਾ ਸਬੰਧ ਲਾਤੀਨੀ ਸ਼ਬਦ ਛੋਰਿਮ ਨਾਲ ਜੁੜੇ ਹੋਣ ਦੀ ਸੰਭਾਵਨਾ ਜਤਾਈ ਹੈ। ਇਹ ਸ਼ਬਦ ਅੰਗਰੇਜ਼ੀ ਵਿਚ ਵੀ ਵਰਤਿਆ ਜਾਂਦਾ ਹੈ ਅਤੇ ਇਹ ਖੱਲ, ਚਮੜੀ ਆਦਿ ਦਾ ਹੀ ਅਰਥਾਵਾਂ ਹੈ। ਵਿਦਵਾਨਾਂ ਨੇ ਇਸ ਦਾ ਰਿਸ਼ਤਾ ਭਾਰੋਪੀ ਮੂਲ (ੰ)ਕeਰ ਨਾਲ ਜੋੜਿਆ ਹੈ ਜਿਸ ਵਿਚ ਕੱਟਣ ਦੇ ਭਾਵ ਹਨ। ਇਸ ਨਜ਼ਰੀਏ ਤੋਂ ਚਮੜੀ ਉਹ ਹੈ, ਜੋ ਸਰੀਰ ਤੋਂ ਕੱਟੀ ਜਾਵੇ। ਇਸ ਦਾ ਸਬੰਧ ਸੰਸਕ੍ਰਿਤ ‘ਕਰਿਤ’ ਨਾਲ ਜੋੜਿਆ ਜਾਂਦਾ ਹੈ ਜਿਸ ਵਿਚ ਕੱਟਣ, ਵਢਣ, ਵੰਡਣ ਦੇ ਭਾਵ ਹਨ। ਸੰਸਕ੍ਰਿਤ ਦੇ ਸ਼ਬਦ ਕਰਿਤਿ ਦਾ ਅਰਥ ਚਮੜੀ, ਤੁਚਾ, ਚਮੜੇ ਦਾ ਬਣਿਆ ਕਪੜਾ ਆਦਿ ਹੁੰਦਾ ਹੈ। ਆਪਟੇ ਅਤੇ ਮੋਨੀਅਰ-ਵਿਲੀਅਮਜ਼ ਦੋ ਅੱਡ ਅੱਡ ਪਾਸੇ ਜਾਂਦੇ ਹਨ। ਹਾਲ ਦੀ ਘੜੀ ਮੈਂ ਇਸ ਮਸਲੇ ਨੂੰ ਸੁਲਝਾ ਨਹੀਂ ਸਕਦਾ।