ਜਸਵੰਤ ਸਿੰਘ ਕੰਵਲ ਮੇਰਾ ਕੀ ਲਗਦਾ ਹੈ…

ਆਸ਼ਕ ਭੌਰ ਫਕੀਰ ਕਿ ਨਾਗ ਕਾਲਾ
ਪੰਜਾਬੀ ਸਾਹਿਤ ਜਗਤ ਦੇ ਖੱਬੀਖਾਨ ਲਿਖਾਰੀ ਜਸਵੰਤ ਸਿੰਘ ਕੰਵਲ ਨੇ ਆਪਣੀ ਹਯਾਤੀ ਦੇ ਸੌ ਵਰ੍ਹੇ ਮੁਕੰਮਲ ਕਰ ਲਏ ਹਨ। ਪਾਠਕਾਂ ਦੀਆਂ ਕਈ ਪੀੜ੍ਹੀਆਂ ਉਨ੍ਹਾਂ ਦੇ ਸਾਹਿਤਕ ਜਲੌਅ ਦੇ ਅਸਰ ਹੇਠ ਰਹੀਆਂ ਹਨ। ਉਨ੍ਹਾਂ ਦੇ ਦੋਹਤੇ ਅਤੇ ਚਰਚਿਤ ਚਿੰਤਕ ਸੁਮੇਲ ਸਿੰਘ ਸਿੱਧੂ ਨੇ ਇਸ ਲੇਖ ਦੇ ਬਹਾਨੇ ਕੰਵਲ ਦੇ ਸਾਹਿਤਕ ਕੱਦ ਅਤੇ ਜ਼ਿੰਦਗੀ ਬਾਰੇ ਗਹਿਰ-ਗੰਭੀਰ ਗੱਲਾਂ ਕੀਤੀਆਂ ਹਨ।

-ਸੰਪਾਦਕ

ਸੁਮੇਲ ਸਿੰਘ ਸਿੱਧੂ

ਸਿਰਲੇਖ ਦੀ ਉਤਲੀ ਸਤਰ ਹੀਰ ਵਾਰਿਸ ਸ਼ਾਹ ‘ਚ ਇੰਜ ਦਿੱਤੀ ਹੋਈ ਹੈ: ‘ਆਸ਼ਕ ਭੌਰ ਫਕੀਰ ਤੇ ਨਾਗ ਕਾਲੇ, ਬਾਝ ਮੰਤਰੋਂ ਮੂਲ ਨਾ ਕੀਲੀਏ ਜੀ।’ ਜਸਵੰਤ ਸਿੰਘ ਕੰਵਲ ਦੀ ਜਾਨ ਇਸ ਕਿਤਾਬ ਵਿਚੋਂ ਲੱਭ ਜਾਂਦੀ ਹੈ। ਇਸ ਦੇ ਪਾਤਰ, ਉਨ੍ਹਾਂ ਦੇ ਆਪਸੀ ਬੋਲ-ਕੁਬੋਲ ਅਤੇ ਵਾਰਿਸ ਦੇ ਬਿਆਨ ਦੀ ਰਵਾਨੀ ਨੇ ਕੰਵਲ ਦੀ ਲਿਖਤ ਨੂੰ ਸਿੱਧਾ-ਸਿੱਧਾ ਛੂਹਿਆ ਹੈ। ਉਸ ਦੇ ਕਿਰਦਾਰ ਦੀ ਬਣਤਰ ਉਤੇ ਵੀ ਹੋਰਨਾਂ ਅਨੁਭਵਾਂ ਅਤੇ ਪੂਰਨਿਆਂ ਦੇ ਅਸਰ ਦੇ ਨਾਲ-ਨਾਲ ਹੀਰ ਵਾਰਿਸ ਦੇ ਵੈਰਾਗ-ਵੇਗ-ਵਿਵੇਕ ਦਾ ਡੂੰਘਾ ਹਲ ਵਾਹਿਆ ਗਿਆ ਹੈ। ਹੀਰ ਉਸ ਦੇ ਲਗਭਗ ਹਿਫਜ਼ (ਯਾਦ) ਹੈ। ਅਕਸਰ ਮੇਰੇ ਨਾਲ ਵਾਰਤਾ ਕਰਦਿਆਂ, ਲਾਡ ਨਾਲ ਡਾਂਟਦਿਆਂ ਉਹ ਮੈਨੂੰ ਸਹਿਤੀ ਦੇ ਮੂੰਹੋਂ ਖੈਰ ਮੰਗਣ ਆਏ ਰਾਂਝੇ ਜੋਗੀ ਨਾਲ ਦਸਤਪੰਜਾ ਲੈਣ ਦੇ ਮੌਕੇ ਦੀਆਂ ਸਤਰਾਂ ਕਹਿੰਦੇ ਹਨ, ਬਿਲਕੁਲ ਨਾਟਕੀ ਉਚਾਰ ਨਾਲ ਅਭਿਨੈ ਦੀ ਮੁਦਰਾ ਵਿਚ: ‘ਅਨੀਂ ਉਠ ਕੇ ਭਾਬੀਏ ਖੈਰ ਘੱਤੀ, ਵਾਹ ਪੈ ਗਿਆ ਈ ਨਾਲ ਕੁਪੱਤਿਆਂ ਦੇ।’ ਸਾਡੇ ਦੋਹਾਂ ਦੇ ਸਬੰਧ ਦਾ ਸੂਤਰ ਇਸ ਸਤਰ ਦੇ ਪਾਰਾਵਾਰ ਵਿਚ ਵੱਡੀ ਹੱਦ ਤਕ ਨਜ਼ਰ ਆ ਜਾਂਦਾ ਹੈ।
ਕੰਵਲ ਦੇ 100ਵੇਂ ਵਰ੍ਹੇ ਵਿਚ ਆਮਦ ਮੌਕੇ ਜਦੋਂ ਇਕ ਅਖਬਾਰ ਨੇ ‘ਮੇਰੇ ਨਾਨਾ ਜੀ’ ਮਜ਼ਮੂਨ ਲਿਖਣ ਲਈ ਆਖਿਆ ਤਾਂ ਮੇਰੇ ਲਈ ਇਸ ਰਿਸ਼ਤੇ ਦੇ ਅਸਲੇ ਬਾਰੇ ਮੁੜ ਵਿਚਾਰਨ ਦਾ ਸਬੱਬ ਬਣਿਆ ਹੈ। ਪਿਤਾ ਜੀ ਦੀ ਸਰਕਾਰੀ ਡਾਕਟਰ ਵਜੋਂ ਨੌਕਰੀ ਕਾਦੀਆਂ ਤੋਂ ਸ਼ੁਰੂ ਹੋਈ। ਸੋ, ਮੇਰਾ ਬਚਪਨ ਕਾਦੀਆਂ ਦੇ ਸਾਦ-ਮੁਰਾਦੇ, ਮੋਹਵੰਨੇ ਮਝੈਲਾਂ ਸੰਗ ਬੀਤਿਆ। ਬਾਪੂ ਜੀ (ਕੰਵਲ) ਕਮਿਊਨਿਸਟ ਪਾਰਟੀ ਦੇ ਸਮਾਗਮਾਂ, ਸਾਹਿਤਕ ਬੈਠਕਾਂ ਵਿਚ ਸ਼ਿਰਕਤ ਕਰਨ ਆਉਂਦੇ ਤਾਂ ਸਾਡੇ ਕੋਲ ਠਹਿਰਦੇ। ਨਾਲ ਹਰਭਜਨ ਸਿੰਘ ਬਾਜਵਾ ਹੁੰਦੇ ਅਤੇ ਹੋਰ ਪ੍ਰਸ਼ੰਸਕ ਪਾਠਕਾਂ ਦੇ ਪੂਰ ਵੀ। ਇਕ ਵਾਰ ਸ਼ਿਵ ਕੁਮਾਰ ਬਟਾਲਵੀ ਵੀ ਆਏ। ਸਿਰਫ ਇੰਨਾ ਪਤਾ ਹੁੰਦਾ ਕਿ ਇਹ ‘ਬਾਪੂ ਜੀ’ ਨੇ ਪਰ ਮੈਂ ਮੁੱਢੋਂ ਹੀ ਉਨ੍ਹਾਂ ਦੀ ਸ਼ਖਸੀਅਤ ਦੀ ਨੁਹਾਰ, ਸਾਦਾ ਪਰ ਬੇਹੱਦ ਜਚਵੀਂ ਬੰਨ੍ਹੀ ਹੋਈ ਪੱਗ, ਦਾੜ੍ਹੀ-ਮੁੱਛਾਂ ਦੀ ਕੁਦਰਤੀ ਤਰਾਸ਼ ਅਤੇ ਸਧੀ ਹੋਈ ਗੁਫਤਾਰ ਦੇ ਅਸਰ ਹੇਠ ਆ ਗਿਆ।
ਛੋਟਾ ਭਾਈ ਰਮਣੀਕ ਪੰਗੇ-ਹੱਥਾ ਅਤੇ ਧੜਵੈਲ ਸੀ। ਉਹ ਬਾਪੂ ਜੀ ਦੇ ਮੋਢੀਂ ਚੜ੍ਹ ਜਾਂਦਾ ਅਤੇ ਪੰਗੇ ਲੈਂਦਾ ਸ਼ਰਾਰਤੀ ਮੁਸਕਣੀ ਬਣਾਈ ਰੱਖਦਾ। ਬਾਪੂ ਜੀ ਵੀ ਉਹਦੇ ਨਾਲ ਕੌਡੀ-ਕੌਡੀ ਕਰਦੇ ਰਹਿੰਦੇ। ਜ਼ਰਾ ਫਾਸਲੇ ‘ਤੇ ਬੈਠਾ ਮੈਂ ਕੰਵਲ ਸਾਬ੍ਹ ਨੂੰ ਦੇਖਦਾ-ਸੁਣਦਾ ਕੀਲਿਆ ਜਾਂਦਾ। ਮੇਰੇ ਲਈ ਸੁਹਜ ਜਾਂ ਸੌਂਦਰਯ ਦਾ ਅਰਥ, ਅਜਿਹੇ ਵਿਸਮਾਦੀ ਸਮੇਂ ਦੀ ਸੰਗਤ ਕਰਨਾ ਹੋ ਗਿਆ- ਅਚਿੰਤੇ ਹੀ ਹੋ ਗਿਆ, ਸਹਿਜੇ ਹੀ ਪੁੰਗਰ ਪਿਆ। ਨਰਸਰੀ, ਪਹਿਲੀ, ਦੂਜੀ ਤੱਕ ਦਾ ਇਹ ਸਮਾਂ ਹੈ।
ਬਾਪੂ ਜੀ ਦੇ ਆਉਣ ਵੇਲੇ ਕਹਿਕਹੇ ਲੱਗਦੇ, ਮਸਤਾਨਾਵਾਰ ਗੱਲ ਚੱਲਦੀ ਤੇ ਉਹ ਮਹਿਫਿਲ ਦੀ ਜਾਨ ਹੁੰਦੇ। ਸਾਹਿਰ, ਫੈਜ਼, ਇਕਬਾਲ, ਗਾਲਿਬ, ਜ਼ੌਕ, ਮੀਰ ਦੇ ਸ਼ਿਅਰ ਉਹਦੇ ਕੰਠ ਥੀਂ ਨਿਕਲਦੇ ਮੇਰੇ ਲਈ ਕਿਸੇ ਨਵੀਂ ਦੁਨੀਆਂ ਦੀ ਖਿੜਕੀ ਬਣ ਜਾਂਦੇ। ਐਚ.ਐਮ.ਵੀ. ਦਾ ਲਾਂਗ ਪਲੇਅ ਰਿਕਾਰਡ ਕੱਢਿਆ ਜਾਂਦਾ ਤੇ ਮਹਿੰਦੀ ਹਸਨ ‘ਗੁਲੋਂ ਮੇਂ ਰੰਗ ਭਰੇ’ ਦੀ ਪੁਰਸੋਜ਼ ਅਵਾਜ਼ ਨਾਲ ਬੈਠਕ ਨੂੰ ਭਰ ਦਿੰਦਾ। ਬੇਗਮ ਅਖਤਰ ਬਾਪੂ ਜੀ ਦੀ ਮਨਪਸੰਦ ਗਾਇਕਾ ਸੀ। ਉਸ ਦੀਆਂ ਗਜ਼ਲਾਂ, ਖਾਸ ਕਰ ‘ਇਬਨੇ ਮਰੀਅਮ ਹੂਆ ਕਰੇ ਕੋਈ’ ‘ਤੇ ਕੰਵਲ ਹੱਥ ਵਿਚ ਫੜੇ ਗਿਲਾਸ ਨਾਲ ਦਾਦ ਦੀ ਮੁਦਰਾ ਵਿਚ ਲੰਬੀ ਬਾਂਹ ਉਪਰ ਚੁੱਕਦਾ। ਮੈਂ ਇਸ ਦ੍ਰਿਸ਼ ਦੇ ਸੰਤੁਲਨ, ਬਰਾਬਰ ਦੀ ਸ਼ਿੱਦਤ ਨੂੰ ਡੀਕਦਾ ਰਹਿੰਦਾ, ਬਹੁਤਾ ਬੋਲਿਆ ਨਾ ਜਾਂਦਾ।
ਹੁਣ ਸੋਚਦਾ ਹਾਂ ਕਿ ਕੰਵਲ ਨੂੰ ਅਜਿਹੇ ਕਰਤਾਰੀ ਛਿਣਾਂ ਨੂੰ ਮਾਣਦਿਆਂ ਦੇਖਣਾ ਵੀ ਮੇਰੇ ਲਈ ਇਨ੍ਹਾਂ ਗਾਇਕਾਂ ਨੂੰ ਸੁਣਨ ਦਾ ਬਹਾਨਾ ਬਣਦਾ ਚਲਾ ਗਿਆ। ਵਿਚ-ਵਿਚ ਮਾਓ, ਲੈਨਿਨ, ਮਾਰਕਸ ਆਦਿ ਨਾਂ ਵੀ ਸੁਣਨ ਨੂੰ ਮਿਲਦੇ। ਮੇਰਾ ਖਿਆਲ ਹੈ ਕਿ ਮੇਰੇ ਕੋਲ ਬਟਾਲਿਉਂ ਕਿਸੇ ਸਾਹਿਤਕ ਸਮਾਗਮ ‘ਤੇ ਲੱਗੀ ਪੁਸਤਕ ਪ੍ਰਦਰਸ਼ਨੀ ‘ਚੋਂ ਲੈਨਿਨ ਦੇ ਚਿਹਰੇ ਦਾ ਛੋਟਾ ਜਿਹਾ ਸੋਵੀਨਾਰ ਲੈ ਕੇ ਬਾਪੂ ਜੀ ਹੀ ਆਏ ਸਨ। ਪੰਜਾਬ ਵਿਚ ਵਰਤਣ ਜਾ ਰਹੀ ਹਿੰਸਾ ਦੀ ਦੇਗ ਤੋਂ ਪਹਿਲੇ ਦਿਨ ਕਿੰਨੇ ਹੁਸੀਨ ਸਨ: ਕਾਦੀਆਂ ਦਾ ਮੋਹ, ਕੰਵਲ ਦੀ ਦੇਸੀ ਸ਼ਾਇਸਤਗੀ ਨਾਲ ਗੁੰਨ੍ਹੀ ਹੋਈ ਗੁਫਤਾਰ ਦੀ ਲਰਜ਼ਿਸ਼, ਬਚਪਨ ਦੀਆਂ ਖੇਡਾਂ, ਮਸਤੀਆਂ, ਝਿੜਕਾਂ ਦੀ ਚਾਸ਼ਣੀ ਨੂੰ ਮੇਰੇ ਲਈ ਤਾਂ ਸਮੇਂ ਨੇ ਡੰਗ ਲਿਆ ਸੀ।
ਮੇਰੇ ਪਹਿਲੇ ਮੁਰਸ਼ਦ ਮੇਰੇ ਮਾਤਾ ਜੀ ਸਨ, ਜਿਨ੍ਹਾਂ ਨੇ ਕਿਤਾਬਾਂ ਪੜ੍ਹਨ ਲਈ ਮੈਨੂੰ ਤਿਆਰ ਕੀਤਾ। ਬਾਟਨੀ ਦੀ ਐਮ.ਐਸ਼ਸੀ. ਹੋਣ ਦੇ ਬਾਵਜੂਦ ਉਹ ਰੂਸੀ, ਫਰਾਂਸੀਸੀ, ਪੰਜਾਬੀ, ਅੰਗਰੇਜ਼ੀ, ਜਰਮਨ ਸਾਹਿਤ ਦੇ ਗੁਣੀ ਪਾਠਕ ਸਨ। ਘਰ ਵਿਚ ਮਾਪਿਆਂ ਨੂੰ ਅਖਬਾਰ ਜਾਂ ਕਿਤਾਬ ਪੜ੍ਹਦਾ ਦੇਖਣਾ ਮੇਰੇ ਲਈ ਬੜੀ ਰੌਚਕ ਖੇਡ ਸੀ। ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਜਾਂ ਨੀਝ ਨਾਲ ਪੜ੍ਹਨ ਦਾ ਅਭਿਆਸ ਅਚੰਭਾ ਭਰ ਦਿੰਦਾ। ਮੈਨੂੰ ਲਗਦਾ ਕਿ ਕਿਤਾਬਾਂ ਹੀ ਛੇਤੀ-ਛੇਤੀ ਵੱਡੇ ਹੋਣ ਦਾ ਰਾਹ ਹੈ।
‘ਪੰਜਾਬੀ ਟ੍ਰਿਬਿਊਨ’ ਸ਼ੁਰੂ ਹੀ ਹੋਇਆ ਸੀ ਸ਼ਾਇਦ, ਤੇ ਮੈਂ ਪੰਜ ਕੁ ਸਾਲ ਦੇ ਨੇ ਹਠ ਨਾਲ ਅਖਬਾਰ ਪੜ੍ਹਨਾ ਸ਼ੁਰੂ ਕੀਤਾ। ਢੁੱਡੀਕੇ ਗਏ ਹੁੰਦੇ ਤਾਂ ਉਥੇ ਜਿਵੇਂ ਕਿਤਾਬਾਂ, ਰਸਾਲਿਆਂ, ਚਿੱਠੀਆਂ ਦੇ ਗਹੀਰੇ ਲੱਗੇ ਹੋਣ ਦਾ ਮਾਹੌਲ ਰਹਿੰਦਾ। ਨਾਨੀ ਜੀ ਤੋਂ ਲੈ-ਦੇ ਸਾਰਾ ਪਰਿਵਾਰ ਕਿਤੇ-ਕਿਤੇ ਬੈਠਾ ਕੁਝ ਨਾ ਕੁਝ ਪੜ੍ਹਦਾ ਰਹਿੰਦਾ। ਫਿਰ ਚਾਣਚੱਕ ਕੋਈ ਆਟੇ ਦਾ ਕੜਾਹ ਬਣਾਉਣ ਦੀ ਗੱਲ ਕਰਦਾ ਤੇ ‘ਗੁਲਸ਼ਨ ਦਾ ਕਾਰੋਬਾਰ’ ਸ਼ੁਰੂ ਹੋ ਜਾਂਦਾ।
ਅਜਿਹੇ ਹੀ ਕਿਸੇ ਦਿਨ ਮੈਂ ਕੋਈ ਕਿਤਾਬ ਚੁੱਕ ਕੇ ਉਲਟਣ-ਪਲਟਣ ਲੱਗਾ। ਪਿਛਲੇ ਕਵਰ ‘ਤੇ ਬਾਪੂ ਜੀ ਵਰਗੇ ਕਿਸੇ ਬੰਦੇ ਦੀ ਤਸਵੀਰ ਦੇਖ ਮਾਤਾ ਜੀ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਕੋਈ ਬਾਪੂ ਜੀ ਵਰਗਾ ਨਹੀਂ ਸਗੋਂ ਸਾਖਸ਼ਾਤ ਬਾਪੂ ਜੀ ਹਨ ਤੇ ਇਹ ਨਾਵਲ ਉਨ੍ਹਾਂ ਨੇ ਲਿਖਿਆ ਹੈ।
ਮੈਂ ਹੈਰਾਨੀ ‘ਚੋਂ ਗੁਜ਼ਰਦਾ ਅਕਹਿ ਅਨੰਦ ਵਿਚ ਆ ਗਿਆ। ਮੂੰਹ ਖੁੱਲ੍ਹਾ ਰਹਿ ਗਿਆ। ਮੇਰੇ ਹੱਥ ਵਿਚ ਕਸ ਕੇ ਫੜੀ ਹੋਈ ਕਿਤਾਬ ਕੰਬੀ ਜਾ ਰਹੀ ਸੀ। ਮੈਂ ਚੁੱਪ-ਚਾਪ ਕਿਸੇ ਖੂੰਜੇ ਨੂੰ ਤੁਰ ਪਿਆ ਅਤੇ ‘ਮਨੁੱਖਤਾ’ ਨਾਵਲ ਪੜ੍ਹਨਾ ਸ਼ੁਰੂ ਕੀਤਾ। ਕਿਤਾਬਾਂ ਦੀ ਕਦਰ ਪਹਿਲੋਂ ਈ ਸੀ, ਹੁਣ ਤਾਂ ਕਿਤਾਬਾਂ ਲਿਖਣ ਵਾਲਾ ਬੰਦਾ ਵੀ ਮਿਕਨਾਤੀਸ ਵਾਂਗ ਮੈਨੂੰ ਕੀਲ ਲੈਣ ਵਾਲਾ ਬਾਪੂ ਜੀ ਹੀ ਸੀ। ਸੋ, ਮੇਰੀਆਂ ਕਈ ਰੀਝਾਂ ਇਕੋ ਬੰਦੇ ਵਲ ਸੇਧਤ ਹੁੰਦੀਆਂ ਤੁਰੀਆਂ ਗਈਆਂ। ਬਚਪਨ ਦੇ ਉਨ੍ਹੀਂ ਦਿਨੀਂ ਭੁੱਖ-ਪਿਆਸ, ਧੁੱਪ-ਛਾਂ ਤਾਂ ਪਹਿਲਾਂ ਹੀ ਮੈਨੂੰ ਨਾ ਲਗਦੀ, ਹੁਣ ਤਾਂ ਕਿਤਾਬਾਂ ਨੇ ਪੂਰੀ ਤਰ੍ਹਾਂ ਮੈਨੂੰ ਅਗਵਾ ਹੀ ਕਰ ਲਿਆ। ਇਥੋਂ ਤੱਕ ਕਿ ਬਾਕੀ ਪਰਿਵਾਰ ਨਾਲ ਬਹੁਤੀ ਗੱਲਬਾਤ ਵੀ ਮੈਨੂੰ ਚੰਗੀ ਨਾ ਲੱਗਦੀ।
ਢੁੱਡੀਕੇ ਤੋਂ ਤੁਰਿਆ ਸ਼ਬਦਾਂ, ਵਿਚਾਰਾਂ, ਬਹਿਸਾਂ ਦਾ ਅਦਬ ਕੰਵਲ ਦੀਆਂ ਬੇਟੀਆਂ-ਮੇਰੀ ਮਾਂ ਤੇ ਮਾਸੀਆਂ ਰਾਹੀਂ ਸਾਡੇ ਪਰਿਵਾਰਾਂ ਵਿਚ ਡੂੰਘਾ ਬੀਜਿਆ ਹੋਇਆ ਹੈ। ਕੰਵਲ ਪਰਿਵਾਰ ਦੀ ਵੱਡੀ ਸਾਂਝ ਇਸ ਸ਼ਬਦ-ਸੰਸਾਰ ਦੀਆਂ ਰਮਜ਼ਾਂ ਦੇ ਇਹਤਰਾਮ ਵਿਚ ਦਿਸਦੀ ਹੈ, ਮਨੁੱਖ-ਮਿੱਤਰ ਸਾਹਿਤ ਨਾਲ ਜੁੜੀ ਹੋਈ ਇਹ ਵਿਚਾਰਧਾਰਕ ਨਾਤੇਦਾਰੀ ਵੱਧ ਹੈ, ਰਵਾਇਤੀ ਘੱਟ। ਬਾਪੂ ਜੀ ਇਸ ਤਰ੍ਹਾਂ ਇਸ ਬਣਤਰ ਦੇ ਸਿਰਜਣਹਾਰੇ ਹਨ। ਸੋ, ਪਰਿਵਾਰ ਵਿਚ ਉਨ੍ਹਾਂ ਦਾ ਅਦਬ ਕਿਸੇ ਪੀਰ-ਫਕੀਰ ਤੋਂ ਘੱਟ ਨਹੀਂ ਹੈ।
‘ਜੰਗਲ ਦੇ ਸ਼ੇਰ’, ‘ਸੂਰਮੇ’, ‘ਹੁਨਰ ਦੀ ਜਿੱਤ’, ਮੂਮਲ’ ਅਤੇ ਹੋਰ ਨਾਵਲਾਂ ਨੂੰ ਫਿਰ ਮੈਂ ਘੁਣ ਵਾਂਗ ਲੱਗ ਗਿਆ। ਵੱਡਾ ਹੋਣ-ਦਿਸਣ ਦੀ ਚਾਹਨਾ ਨਾਲ ਬਾਪੂ ਜੀ ਦੀਆਂ ਨਜ਼ਰਾਂ ਵਿਚ ਹੋਰ ਪਰਵਾਨ ਚੜ੍ਹਨ ਦਾ ਖਬਤ ਜਿਹਾ ਹੋ ਗਿਆ। ਕੋਠੀ ਜਾਂਦਾ ਤਾਂ ਉਥੇ ਲੱਗੀਆਂ ਯੂਰਪੀ ਪੇਂਟਿੰਗ, ਸਕੈੱਚ, ਬੁੱਤ ਜਾਂ ਤਸਵੀਰਾਂ ਦੀ ਦੁਨੀਆਂ ਕੀਲ ਲੈਂਦੀ। ਕੰਵਲ ਦਾ ਲਿਖਣ ਵਾਲਾ ਗੱਤਾ ਕਾਗਜ਼ਾਂ ਨਾਲ ਡਟਿਆ ਹੁੰਦਾ। ਮੈਂ ਡਰਦਾ-ਡਰਦਾ ਛੂਹ ਕੇ ਵੇਖਦਾ। ਨੀਲੇ ਬਾਲ ਪੈੱਨ ਨਾਲ ਰਿਮਾਂ ਦੇ ਰਿਮ ਕਾਗਜ਼ ਭਰੇ ਹੁੰਦੇ। ਕੰਵਲ 8-8 ਘੰਟੇ ਲਿਖਦਾ। ਉਸ ਦੀ ਨੀਝ, ਸਰੀਰ ਦਾ ਸੂਤਿਆ ਹੋਇਆ ਲਿਖਣ-ਅਭਿਆਸ, ਪੈੱਨ ਫੜਨ ਨਾਲ ਪਏ ਵਿਚਕਾਰਲੀ ਉਂਗਲ ਦੇ ਪੋਟੇ ਦੇ ਡੂੰਘ, ਵਿਚ-ਵਿਚ ਕੋਈ ਚੁਸਤ ਤੇ ਬੁਲੰਦ-ਅਵਾਜ਼ ਸ਼ਰਾਰਤ ਨਾਲ ਹਾਸਾ-ਸੱਚ ਆਖਦਾਂ, ਇਹਦੇ ਵੱਲ ਦੇਖਿਆ ਨਾ ਜਾਂਦਾ।
ਮਾਸੀ ਜੀ ਡਾ. ਜਸਵੰਤ ਗਿੱਲ ਦੀ ਮੁਲਾਇਮ ਸ਼ਾਇਸਤਗੀ ਹੋਰ ਤਲਿਸਮ ਸਿਰਜ ਲੈਂਦੀ। ਮੈਂ ਕਿਤਾਬਾਂ ਦੀਆਂ ਅਲਮਾਰੀਆਂ ਨੂੰ ਇਉਂ ਹੱਥ ਲਾਉਂਦਾ, ਜਿਵੇਂ ਕਿਸੇ ਮਿਊਜ਼ੀਅਮ ਵਿਚ ਕਲਾ-ਕਿਰਤ ਨੂੰ ਅਦਬ ਨਾਲ ਛੋਹੀਦਾ ਹੈ। ਉਰਦੂ, ਅੰਗਰੇਜ਼ੀ, ਪੰਜਾਬੀ ‘ਚ ਕਲਾਸਕੀ ਸਾਹਿਤ ਦੀਆਂ ਜਿਲਦਾਂ ਜਿਵੇਂ ਮੈਨੂੰ ਪਹਿਲੋਂ ਆਪਣੇ ਹਾਣ ਦਾ ਹੋਣ ਨੂੰ ਕਹਿੰਦੀਆਂ ਹੋਣ।
ਪੜ੍ਹੇ ਹੋਏ ਨੂੰ ਚਿਤਾਰ ਕੇ ਕੰਵਲ ਨੂੰ ਆਪਣੇ ਮਾਅਰਕੇ ਨਾਲ ਪ੍ਰਭਾਵਿਤ ਕਰਨ ਲਈ ਜਾਂਦਾ ਤਾਂ ਜ਼ਰੂਰ ਪਰ ਉਸ ਦੇ ਚਿਹਰੇ ਦੇ ਤੇਜ਼ ਨੂੰ ਅੱਖ ਭਰ ਕੇ ਦੇਖਿਆ ਵੀ ਨਾ ਜਾਂਦਾ। ਪਤਾ ਨਹੀਂ ਕਿਹੋ ਜਿਹਾ ਮਜੀਠੀ ਸੇਕ ਸੀ ਉਸ ਵਿਚ, ਮੇਰਾ ਮੂੰਹ ਠਾਕਿਆ ਜਾਂਦਾ, ਗੱਲ ਗੁੰਮ ਜਾਂਦੀ, ਮੈਂ ਬੌਂਦਲ ਜਿਹਾ ਜਾਂਦਾ ਤੇ ਫਿਰ ਆਪਣੇ ਆਪ ‘ਤੇ ਖਿਝ ਚੜ੍ਹਦੀ ਰਹਿੰਦੀ। ਕੰਵਲ ਬੋਲਦਾ ਕੁਝ ਨਾ ਪਰ ਮੈਨੂੰ ਲਗਦਾ ਹੈ ਕਿ ਮੇਰੀ ਉਲਝਣ ਉਸ ਤੋਂ ਲੁਕੀ ਹੋਈ ਨਹੀਂ ਸੀ। ‘ਸੱਚ ਨੂੰ ਫਾਂਸੀ’, ‘ਕੰਡੇ’, ‘ਜੇਰਾ’, ‘ਪੂਰਨਮਾਸ਼ੀ’, ‘ਭਵਾਨੀ’, ‘ਰਾਤ ਬਾਕੀ ਹੈ’, ‘ਤਾਰੀਖ ਵੇਖਦੀ ਹੈ’ ਵੀ ਨਾਲ-ਨਾਲ ਰਹੇ, ਪਰ ਮੈਥੋਂ ਗੱਲ ਨਾ ਹੀ ਹੋ ਸਕੀ। ‘ਮਿੱਤਰ ਪਿਆਰੇ ਨੂੰ’, ‘ਲਹੂ ਦੀ ਲੋਅ’, ‘ਮੋੜਾ’, ‘ਰੂਪਧਾਰਾ’ ਸਭ ਚੱਲਦਾ ਰਿਹਾ। ਮੈਥੋਂ ਕੰਵਲ ਦਾ ਭਖਿਆ ਚਿਹਰਾ ਢੰਗ ਨਾਲ ਦੇਖਿਆ ਨਾ ਜਾ ਸਕਿਆ।
ਜਦੋਂ ਲਿਖਣ ਕਾਰਜ ਤੋਂ ਥੋੜ੍ਹੀ ਰਾਹਤ ਲੈਣ ਲਈ ਕੰਵਲ ਪਿੰਡ ਦੇ ਗੇੜੇ ‘ਤੇ ਨਿਕਲਦਾ ਤਾਂ ਜੁਆਕਾਂ ਨਾਲ ਪੰਗੇ ਲੈਂਦਾ। ਕਿਸੇ ਦੀ ਕੱਛ ਲਾਹ ਦਿੰਦਾ, ਕਿਸੇ ਦੇ ਚੂੰਢੀ ਵੱਢਦਾ, ਕਿਸੇ ਦੇ ਸਿਰ ‘ਤੇ ਠੋਲੇ ਮਾਰਦਾ, ਬੰਟੇ ਖੇਡਦਾ ਤੇ ਖੇੜਾ ਵੰਡਦਾ ਫਿਰਦਾ। ਤਖਤਪੋਸ਼ ‘ਤੇ ਬੈਠਾ ਦੂਹਰੀ ਸਰ ਜਾਂ ਸੀਪ ਖੇਡਦਾ ਤੇ ਸਾਰੇ ਪੇਂਡੂਆਂ ਨਾਲ ਪੱਤਿਆਂ ਪਿੱਛੇ ਖੂਬ ਜਿਦਾਈ ਕਰਦਾ। ਘਰ ਵਿਚ ਸੀਪ ਖੇਡਦਾ, ਰੋਂਦ ਮਾਰਦਾ, ਪੱਤੇ ਬਦਲਦਾ ਤੇ ਟੋਕਣ ‘ਤੇ ਘੂਰਦਾ। ਮਾਮਾ ਜੀ ਸਰਬਜੀਤ ਸਿੰਘ ਸ਼ਤਰੰਜ ਖੇਡਦਾ ਤਾਂ ਸੁਧਾ ਧੱਕਾ ਕਰਦਾ। ਮਾਮਾ ਜੀ ਨੂੰ ਬਣਦੀ ਚਾਲ ਵਿਚਾਰਨ ਲਈ ਵੀ ਪੂਰਾ ਸਮਾਂ ਨਾ ਦਿੰਦਾ।
ਜਰਮਨ ਕ੍ਰਾਂਤੀਕਾਰੀ ਕਾਰਲ ਲੀਬਕਨਿਖਤ ਦਾ ਪਿਤਾ ਵਿਲੀਅਮ ਲੀਬਕਨਿਖਤ, ਕਾਰਲ ਮਾਰਕਸ ਨਾਲ ਸ਼ਤਰੰਜ ਖੇਡਦਾ ਤਾਂ ਚਾਲ ਫੇਲ੍ਹ ਹੋਣ ‘ਤੇ ਮਾਰਕਸ ਦਾ ਗੁੱਸਾ, ਧੱਕਾ ਤੇ ਝੱਲ ਉਠ ਖੜ੍ਹਦਾ। ਬਾਜ਼ੀ ਹਾਰਦੀ ਦੇਖ ਕੇ ਮਾਰਕਸ ਖਰੂਦ ਕਰਦਾ ਮੈਨੂੰ ਬੜਾ ਪਿਆਰਾ ਮਨੁੱਖ ਲੱਗਦਾ ਤੇ ਕੰਵਲ ਦੀ ਯਾਦ ਤਾਜ਼ਾ ਹੋ ਜਾਂਦੀ। ਆਥਣੇ ਸਕਾਚ ਦੇ ਦੋ ਪੈੱਗ ਕਦੇ ਲਾਉਂਦੇ ਤੇ ਅਜ਼ੀਜ਼ ਮੀਆਂ ਕੱਵਾਲ ਦੀਆਂ ਕੱਵਾਲੀਆਂ ਸੁਣਦੇ। ਮੈਂ ਅਜ਼ੀਜ਼ ਮੀਆਂ ਦੇ ਉਰਦੂ ਤਲੱਫਜ਼ ਦਾ ਮੁਰੀਦ ਹੋ ਗਿਆ। ਬਹੁਤ ਸਾਲਾਂ ਬਾਅਦ ਮੈਂ ਬਾਪੂ ਜੀ ਨੂੰ ਅਜ਼ੀਜ਼ ਮੀਆਂ ਦੀਆਂ ਆਡੀਓ ਡਿਸਕਾਂ ਭੇਟ ਕੀਤੀਆਂ।
ਬਚਪਨ ਤੋਂ ਅੱਲ੍ਹੜ ਉਮਰ ਵੱਲ ਜਾਂਦਿਆਂ ਮੇਰੇ ਅੰਦਰ ਵੱਡਾ ਸਵਾਲ ਖੜ੍ਹਾ ਹੋ ਗਿਆ, ਜੋ ਅੱਜ ਵੀ ਮੇਰੇ ਨਾਲ ਖਹਿੰਦਾ ਰਹਿੰਦਾ ਹੈ: ‘ਜਸਵੰਤ ਸਿੰਘ ਕੰਵਲ ਮੇਰਾ ਕੀ ਲੱਗਦਾ ਹੈ?’ ਮੈਂ ਕੰਵਲ ਨੂੰ ਉਸ ਦੇ ਪਾਠਕਾਂ, ਪਾਠਕਾਂ ਤੋਂ ਬਣੇ ਮਿੱਤਰਾਂ ਤੇ ਮਿੱਤਰਾਂ ਤੋਂ ਘਰ ਦੇ ਮੈਂਬਰ ਬਣਿਆਂ ਹੀ ਹਰ ਰੰਗ ਵਿਚ ਦੇਖਿਆ ਹੈ। ਨਾਲ ਹੀ ਉਹ ਅਟੰਕ, ਅਡੋਲ, ਅਣਛੋਹਿਆ ਵੀ ਰਹਿ ਲੈਂਦਾ ਹੈ। ਮੈਂ ਬੇਕਿਰਕ ਹੋ ਕੇ ਇਸ ਫੈਸਲੇ ‘ਤੇ ਪੁੱਜਾ ਕਿ ਮੈਂ ਸਭ ਤੋਂ ਪਹਿਲਾਂ ਕੰਵਲ ਦਾ ਸੁਚੱਜਾ, ਸੁਘੜ ਪਾਠਕ ਹਾਂ, ਉਸ ਦੇ ਲਿਖੇ ਦੀਆਂ ਰਮਜ਼ਾਂ ਨਾਲ ਘੁਲਦਾ ਰਹਿੰਦਾ ਹਾਂ, ਉਸ ਦੇ ਲਿਖੇ ਤੇ ਅਛੋਹ ਅਰਥ ਮੇਰੀ ਪਕੜ ਵਿਚ ਆਉਂਦੇ ਲੱਗਦੇ ਹਨ। ਮੈਨੂੰ ਉਸ ਦੀ ਲਿਖਣ ਸ਼ੈਲੀ, ਭਾਸ਼ਾਈ ਉਸਾਰ ਅਤੇ ਉਸ ਦੇ ਅੰਦਰ ਦੀ ਸੁੱਚੀ ਇਨਕਲਾਬੀ ਆਤਮਾ ਦੀ ਬੁਲੰਦ ਲਰਜ਼ਿਸ਼ ਦੀ ਥਾਹ ਪਾਉਣ ਦਾ ਵੱਲ ਆਉਂਦਾ ਜਾਂਦਾ ਹੈ।
ਗੱਲ ਇਹ ਹੈ ਕਿ ਕੰਵਲ ਦੇ ਨਜ਼ਰਿਆਤੀ ਜਗਤ ਦੀ ਬਣਤਰ ਦਾ ਤਰੀਕਾਕਾਰ ਮੇਰੀ ਦਿਲਚਸਪੀ ਵਧਾਉਂਦਾ ਤੁਰਿਆ ਗਿਆ ਅਤੇ ਵਰ੍ਹਿਆਂ ਪਿਛੋਂ ਜੇ.ਐਨ.ਯੂ. ਵਿਚ ਪੀਐਚ.ਡੀ. ਦੌਰਾਨ, ਪੇਰਿਆਰ ਹੋਸਟਲ ਦੇ ਕਮਰਾ ਨੰਬਰ 243 ਵਿਚ ਬੈਠ ਕੇ ਮੈਂ ‘ਕੰਵਲ ਦੀ ਜ਼ਮੀਨ’ ਮਜ਼ਮੂਨ ਲਿਖ ਕੇ ਥੋੜ੍ਹਾ ਸੁਰਖਰੂ ਮਹਿਸੂਸ ਕੀਤਾ ਭਾਵੇਂ ਮੈਂ ਕੰਵਲ ਬਾਬਤ ਕਿਸੇ ਵੱਡੀ ਯੋਜਨਾ ਲਈ ਕਾਫੀ ਸਮੇਂ ਤੋਂ ਸਾਮਾਨ ਜੋੜ ਰਿਹਾ ਹਾਂ।
ਸੁਘੜ ਪਾਠਕ ਹੋਣ ਦਾ ਦਰਜਾ ਵੱਡਾ ਕਰਕੇ ਮੈਂ ਕੰਵਲ ਨਾਲ ਆਪਣੇ ਜੀਵ-ਵਿਗਿਆਨਕ ਰਿਸ਼ਤੇ ਨੂੰ ਸੌਖਿਆਂ ਹੀ ਸਹੀ ਕਰ ਲਿਆ। ਉਸ ਦੀ ਵੱਡੀ ਬੇਟੀ ਅਮਰਜੀਤ ਕੌਰ ਦੇ ਵੱਡੇ ਬੇਟੇ ਵਜੋਂ ਮੈਂ ਉਸ ਦਾ ਵੱਡਾ ਦੋਹਤਾ ਹਾਂ। ਇਸ ਵਜ੍ਹਾ ਕਰਕੇ ਮੈਨੂੰ ਉਸ ਨੂੰ ਨਜ਼ਦੀਕ ਤੋਂ ਦੇਖਣ ਦਾ ਮੌਕਾ ਹਾਸਲ ਰਹਿੰਦਾ ਹੈ, ਜੋ ਮੇਰੇ ਪਾਠਕ ਹੋਣ ਦੇ ਦਰਜੇ ਨੂੰ ਹੀ ਜ਼ਰਾ ਹੋਰ ਗਹਿਰਾ ਕਰਦਾ ਹੈ ਪਰ ਨਾਲ ਹੀ ਇਸ ਲੇਖਕ-ਪਾਠਕ ਰਿਸ਼ਤੇ ਦੀ ਇਹ ਵੀ ਸਮਝ ਬਣੀ ਕਿ ਕੋਈ ਵੀ ਹੋਰ ਪਾਠਕ ਕੰਵਲ ਦੇ ਸ਼ਬਦ-ਸੰਸਾਰ ਨਾਲ ਮੈਥੋਂ ਸੁਚੱਜਾ ਸਬੰਧ ਰੱਖ ਸਕਦਾ ਹੈ, ਸਹੀ ਸਮਝ ਵਿਚ ਮੈਥੋਂ ਕਿਤੇ ਜ਼ਿਆਦਾ ਉਸ ਦਾ ਨੇੜੂ ਹੋ ਸਕਦਾ ਹੈ। ਮੈਂ ਇਸ ਨੁਕਤੇ ‘ਤੇ ਨਿਭਣ ਲਈ ਵਾਹ ਲਾਈ ਹੈ ਅਤੇ ਕੰਵਲ ਦੇ 1950ਵਿਆਂ ਤੋਂ ‘ਪਾਲੀ’ ਪੜ੍ਹ ਕੇ ਬਣੇ ਪਾਠਕ-ਮਿੱਤਰ-ਛੋਟਾ ਭਾਈ ਸ਼ ਚੰਨਣ ਸਿੰਘ ਨਿੱਝਰ (ਚਾਚਾ ਜੀ), ਡਾ. ਤੇਜਵੰਤ ਸਿੰਘ ਗਿੱਲ, ਪ੍ਰਿੰਸੀਪਲ ਸਰਵਣ ਸਿੰਘ ਅਤੇ ਡਾ. ਸੁਰਜੀਤ ਨੇ ਮੈਨੂੰ ਕੁਝ ਇਕ ਮੁਸ਼ਕਿਲ ਨੁਕਤਿਆਂ ਬਾਬਤ ਕੰਵਲ ਨੂੰ ਸਮਝਣ ਵਿਚ ਅਗਵਾਈ ਦਿੱਤੀ ਹੈ।
ਇਸੇ ਪ੍ਰਸੰਗ ਵਿਚ ਇਕ ਗੱਲ ਯਾਦ ਆਈ ਹੈ: ‘ਐਨਿਆਂ ‘ਚੋਂ ਉਠੋ ਸੂਰਮਾ’ ਪੜ੍ਹਦਿਆਂ ਮੈਨੂੰ ਅਟਪਟਾ ਲੱਗਿਆ ਪਰ ਸਮਝ ਨਾ ਆਏ ਕਿ ਦਰਅਸਲ ਮੁੱਦਾ ਕੀ ਹੈ। ਕੰਵਲ ਨਾਲ ਉਲਝਵੀਂ ਜਿਹੀ ਗੱਲ ਕੀਤੀ ਤਾਂ ਉਨ੍ਹਾਂ ਨੇ ਖੱਬੇ ਹੱਥ ਨੂੰ ਝਟਕਦਿਆਂ ਮੁਖਤਸਰ ਜਿਹੀ ਗੱਲ ਮੁਕਾ ਦਿੱਤੀ। ਮੈਨੂੰ ਲੱਗਾ, ਉਨ੍ਹਾਂ ਦਾ ਜਵਾਬ ਠੀਕ ਹੈ ਪਰ ਰੜਕਣ ਕੁਝ ਸਮੇਂ ਬਾਅਦ ਫਿਰ ਸ਼ੁਰੂ ਹੋ ਗਈ। ਸਾਲਾਂ ਬਾਅਦ ਮੇਰੇ ਅੰਦਰ ਗੱਲ ਸਾਫ ਹੋਈ ਅਤੇ ਕੰਵਲ ਦੇ ਨਜ਼ਰਿਆਤੀ ਜਗਤ ਨਾਲ ਇਨਸਾਫ ਵੀ ਹੁੰਦਾ ਦਿਸਿਆ। ਮੈਂ ਕਿਹਾ, “ਬਾਪੂ ਜੀ, ਜਬਰ ਦੇ ਖਿਲਾਫ ਇਕੱਠੇ ਹੋਏ ਲੋਕ ਥਾਣੇ ਨੂੰ ਘੇਰਾ ਪਾਈ ਬੈਠੇ ਹਨ। ਗੱਲ ਸਿਰੇ ਚੜ੍ਹਦੀ ਦਿਸਣ ਲੱਗੀ ਹੈ ਤਾਂ ਨਾਇਕ ਉਥੋਂ ਉਠ ਕੇ ਅੰਮ੍ਰਿਤ ਵੇਲੇ ਗੁਰਦੁਆਰੇ ਵਿਚ ਗੁਰੂ ਗੋਬਿੰਦ ਸਿੰਘ ਨੂੰ ਕਿਉਂ ਲੱਭ ਰਿਹਾ ਹੈ? ਗੁਰੂ ਗੋਬਿੰਦ ਸਿੰਘ ਤਾਂ ਲੋਕਾਂ ਵਿਚ ਬੈਠਾ ਥਾਣੇ ਨੂੰ ਘੇਰੀ ਬੈਠਾ ਹੈ। ਇਸੇ ਕਾਣ ਕਰਕੇ ਇਹ ਨਾਵਲ ਆਪਣੀ ਉਚਾਈ ਤੋਂ ਤਿਲ੍ਹਕ ਗਿਆ ਹੈ।”
ਕੰਵਲ ਨੇ ਸੁਣਦਿਆਂ ਹੀ ਕੰਨ ਚੁੱਕੇ, ਨੀਝ ਨਾਲ ਸੋਚਿਆ ਅਤੇ ਉਂਗਲ ਖੜ੍ਹੀ ਕਰਕੇ ਬੋਲਿਆ, “ਬਿਲਕੁੱਲ ਠੀਕ ਆਖਿਆ ਬਈ।” ਤੇ ਮੇਰਾ ਮੋਢਾ ਥਾਪੜ ਕੇ ਚਾਹ ਨੂੰ ਅਵਾਜ਼ ਦਿੱਤੀ। ਮੈਨੂੰ ਲੱਗਦਾ ਸੀ ਕਿ ਅੱਜ ਖੂਬ ਝਗੜਾਂਗੇ, ਦਲੀਲਾਂ ਰੱਖਾਂਗੇ ਤੇ ਦੇਖਾਂਗੇ ਕੀ ਨਿੱਬੜਦੀ ਐ, ਪਰ ਉਨ੍ਹਾਂ ਨੇ ਐਨੀ ਦਲੇਰੀ ਨਾਲ ਮੇਰੀ ਗੱਲ ਨੂੰ ਪਹਿਲੀਆਂ ‘ਚ ਨਿਤਾਰ ਲਿਆ ਕਿ ਕੰਵਲ ਨੂੰ ਆਪਣੀ ਚੜ੍ਹਤ ਦਿਖਾਉਣ ਗਿਆ ਮੈਂ ਉਸ ਦੀ ਬੁਲੰਦ ਸ਼ਖਸੀਅਤ ਦੇ ਹੇਠਾਂ ਮੁੜ ਤੋਂ ਆ ਗਿਆ।
ਇਕ ਵਾਰ ਸਿਆਲ ਦੀ ਰਾਤ ਮੀਂਹ ਹਟੇ ਤੋਂ ਮੈਂ ਬਾਪੂ ਜੀ ਨੂੰ ਅੰਦਰਲੇ ਘਰ ਤੋਂ ਕੋਠੀ ਜਾਣ ਲਈ ਨਾਲ ਹੋ ਗਿਆ। ਰਾਹ ਵਿਚ ਤੁਰੇ ਜਾਂਦਿਆਂ ਮੈਂ ਉਨ੍ਹਾਂ ਨੂੰ ਕੋਈ ਨੁਕਤਾ ਨਿਤਾਰਦੇ ਹੱਥ, ਉਂਗਲਾਂ ਦੀ ਸੇਧ ਦੇ ਬਣਦੇ ਕੋਣ ਅਤੇ ਰੇਖਾਵਾਂ ਦੇਖਦਾ ਜਾਵਾਂ ਤਾਂ ਉਹ ਛਿਣ ਭਰ ਲਈ ਰੁਕੇ, ਮੇਰੇ ਵੱਲ ਮੁੜੇ ਤੇ ਕਿਹਾ, “ਗੁਣ ਬਿਨਾ ਜਵਾਨੀ ਨਿਖਰਦੀ ਨਹੀਂ।”
ਇਕ ਤਾਂ ਇਸ ਨੁਕਤੇ ਦੀ ਸਾਦਾ ਸੇਧ ਦਾ ਸਿਦਕ; ਦੂਜਾ ਇਸ ਵਾਕ ਦੀ ਤਰਾਸ਼ ਅਤੇ ਤੀਜਾ ਉਸ ਦੀ ਹਿੱਕ ਵਿਚੋਂ ਨਿਕਲੀ ਅਵਾਜ਼ ਦਾ ਸੇਕ ਮੈਨੂੰ ਅੱਜ ਤੱਕ ਝੂਣ ਜਾਂਦਾ ਹੈ। ਇਹ ਉਸ ਦਾ ਅਸਲ ਅੰਦਾਜ਼ ਹੈ-ਰਮਜ਼ੀਆ ਵੀ, ਸਾਫ ਵੀ, ਵਾਰਿਸਵੰਨਾ ਅੰਦਾਜ਼। ਮੈਨੂੰ ਲੱਗਦਾ ਹੈ ਕਿ ਅੱਜ ਦੇ ਪੰਜਾਬੀ ਸਾਹਿਤਕਾਰ ਇਸ ਤਰ੍ਹਾਂ ਦੀ ਰਸਵੰਤ, ਰਮਜ਼ੀਆ ਅਤੇ ਬੁਲੰਦ-ਇਖਲਾਕ ਪੰਜਾਬੀ ਨਹੀਂ ਬੋਲ ਪਾ ਰਹੇ। ‘ਗੁਣ’ ਵਰਗੇ ਸ਼ਬਦ ਬਹੁਤ ਘੱਟ ਸੁਣਨ-ਪੜ੍ਹਨ ਨੂੰ ਮਿਲਦੇ ਹਨ। ਇਸ ਪੀੜ੍ਹੀ ਕੋਲ ਕਮਾਏ ਹੋਏ ਸ਼ਬਦਾਂ ਦੀ ਤੋਟ ਕਿਉਂ ਹੁੰਦੀ ਜਾਂਦੀ ਹੈ? ਇਹ ਪੰਜਾਬ ਦੇ ਭਵਿੱਖ ਬਾਬਤ ਵੱਡਾ ਸਵਾਲ ਵੀ ਹੈ।
ਇਕ ਗੱਲ ਪਾਸ਼ ਨਾਲ ਕੰਵਲ ਦੇ ਰਿਸ਼ਤੇ ਬਾਰੇ ਵੀ ਯਾਦ ਆਈ ਹੈ। ਅਸੀਂ ਦਿੱਲੀ ਵਿਚ ਸੜਕਾਂ, ਚੌਕਾਂ, ਬਸਤੀਆਂ ਵਿਚ ਪੰਜਾਬੀ ਬੋਲੀ ਮੋਰਚਾ ਸਰਗਰਮੀ ਛੇੜੀ ਹੋਈ ਸੀ। ਮੋਰਚੇ ਦੇ 63ਵੇਂ ਦਿਨ, 9 ਸਤੰਬਰ 2013 ਨੂੰ ਪਾਸ਼ ਦਾ 63ਵਾਂ ਜਨਮ ਦਿਨ ਵੀ ਸੀ ਅਤੇ ਅਦਾਰਾ 23 ਮਾਰਚ ਦਾ ਪਲੇਠਾ ਸਮਾਗਮ ਵੀ ਰੱਖਿਆ ਹੋਇਆ ਸੀ। ਸਾਡੀ ਵਿਚਾਰ ਚੱਲੀ ਕਿ ਮੋਰਚੇ ਦੇ ਅਗਲੇਰੇ ਪੜਾਅ ਵਿਚ ਕੁਝ ਲੇਖਕਾਂ ਨੂੰ ਆਪਣੇ ਸਨਮਾਨ ਵਾਪਸ ਕਰਨ ਲਈ ਕਿਹਾ ਜਾਵੇ। ਸਵਰਾਜਬੀਰ ਨੇ ਝੱਟ ਆਪਣਾ ਪੰਜਾਬੀ ਅਕਾਦਮੀ ਵਾਲਾ ਸਨਮਾਨ ਸਾਡੇ ਹੱਥ ਫੜਾ ਦਿੱਤਾ। ਹੋਰ ਕੌਣ ਹੋਵੇ? ਸਾਰਿਆਂ ਨੇ ਸੋਚਿਆ ਤੇ ਛੇਤੀ ਹੀ ਫੈਸਲਾ ਕਰ ਲਿਆ, ‘ਇਹ ਤਾਂ ਕੰਵਲ ਹੀ ਕਰ ਸਕਦਾ ਹੈ’, ਤੇ ਮੇਰੇ ਵੱਲ ਦੇਖਣ ਲੱਗੇ। ਮੈਂ ਅਗਲੇ ਦਿਨ ਕੰਵਲ ਨੂੰ ਸਮਾਗਮ ‘ਤੇ ਆਉਣ ਲਈ ਵੀ ਆਖਿਆ ਤੇ ਸਨਮਾਨ ਵਾਪਸੀ ਬਾਰੇ ਵੀ। ਕੰਵਲ ਕਹਿੰਦਾ, ‘ਮੈਂ ਨਾਲ ਹੀ ਲੈਂਦਾ ਆਵਾਂਗਾ, ਤੁਸੀਂ ਜੋ ਮਰਜ਼ੀ ਕਰ ਲੈਣਾ, ਤੁਹਾਨੂੰ ਦਿੱਤਾ।’
ਖੈਰ ਇਹ ਇਤਿਹਾਸਕ ਪਹਿਲਕਦਮੀ ਹੁੰਦੀ-ਹੁੰਦੀ ਟਲ ਗਈ ਕਿ ਅਜੇ ਹੋਰ ਮਿਹਨਤ ਕਰਦੇ ਹਾਂ, ਐਵੇਂ ਮਾਅਰਕਾ ਹੀ ਨਾ ਰਹਿ ਜਾਵੇ। 9 ਸਤੰਬਰ ਨੂੰ ਕੰਵਲ ਨੇ ਨੌਜਵਾਨਾਂ ਨਾਲ ਭਰੇ ਹਾਲ ਨੂੰ ਆਪਣੇ ਆਵੇਸ਼ ਨਾਲ ਸੂਹਾ ਕਰ ਦਿੱਤਾ। ਫਿਰ ਰੋਸ ਮਾਰਚ ਦੀ ਅਗਵਾਈ ਕੀਤੀ ਤੇ ਘੰਟਾ ਭਰ ਆਈ.ਟੀ.ਓ. ਚੌਕ ਵਿਚ ਖੜ੍ਹਾ ਰਿਹਾ। ਦਿੱਲੀ ਦੇ ਲੇਖਕ ਪਹਿਲਾਂ ਹੀ ਟਿਭ ਗਏ ਸਨ। ਸਿਰਫ ਸਵਰਾਜਬੀਰ ਅਤੇ ਕੰਵਲ ਉਥੇ ਡਟੇ ਰਹੇ। ਰਾਤ ਦੇ ਖਾਣੇ ‘ਤੇ ਸਵਰਾਜਬੀਰ ਦੇ ਘਰ ਕੰਵਲ ਨੇ ਸਤਪਾਲ ਡਾਂਗ ਨੂੰ ਬੜੇ ਮੋਹ ਨਾਲ ਯਾਦ ਕੀਤਾ ਤਾਂ ਸਵਰਾਜਬੀਰ ਦਾ ਗੱਚ ਭਰ ਆਇਆ। ਉਹ ਨਾਜ਼ੁਕ ਛਿਣ ਇਨ੍ਹਾਂ ਦੋਹਾਂ ਦਾ ਹੀ ਸੀ। ਮੈਂ ਬਿਲਕੁਲ ਨੇੜੇ ਬੈਠਾ ਹੋਇਆ ਵੀ ਉਸ ਵਿਚ ਨਹੀਂ ਸਾਂ।
ਖੈਰ, ਖਾਣਾ ਖਾਧਾ ਤੇ ਫਿਰ ਮੈਂ ਆਖਿਆ ਕਿ ਸਮਾਗਮ ਵਿਚ ਆਏ ਨੌਜਵਾਨਾਂ ਦਾ ਪੂਰ ਤੁਹਾਨੂੰ ਦਿੱਲੀ ਯੂਨੀਵਰਸਿਟੀ ਦੇ ਨਾਰਥ ਕੈਂਪਸ ਕੋਲ ਉਡੀਕ ਰਿਹਾ ਹੈ। ਰਾਤ ਦੇ ਕੋਈ 11-12 ਵਜੇ ਉਥੇ ਪਹੁੰਚ, ਕੰਵਲ ਨੇ ਗਿਣ ਕੇ 70 ਪੌੜੀਆਂ ਚੜ੍ਹੀਆਂ ਤਾਂ ਅੱਗੇ ਜਤਿੰਦਰਪਾਲ ਸਿੰਘ ਗਰੇਵਾਲ ਦਾ ਕਮਰਾ ਵਿਦਿਆਰਥੀ-ਨੌਜਵਾਨਾਂ ਨਾਲ ਭਰਿਆ ਹੋਇਆ ਸੀ। ਉਨ੍ਹਾਂ ਦੇ ਕਦੋਂ ਦੇ ਉਡੀਕਦੇ, ਥਕੇਵੇਂ ਦੇ ਭੰਨੇ ਜੁੱਸਿਆਂ ਨੇ ਜਦੋਂ ਕੰਵਲ ਦੇ ਦਰਸ਼ਨ ਕੀਤੇ ਤਾਂ ਜਿਵੇਂ ਮੇਲਾ ਬੱਝ ਗਿਆ। ‘ਬਾਪੂ ਜੀ’, ‘ਬਾਪੂ ਜੀ’ ਹੋਣ ਲੱਗ ਪਈ। ਕੰਵਲ ਨੇ ਮੰਜੇ ‘ਤੇ ਬਹਿੰਦਿਆਂ ਕੰਧ ਨਾਲ ਢਾਸਣਾ ਲਾ ਲਿਆ, ਚਾਹ ਧਰੀ ਗਈ ਤੇ ਕੰਵਲ ਦਾ ਉਤਸ਼ਾਹੀ ਬੋਲ ਮੁੰਡਿਆਂ ਨੂੰ ਸੂਤਦਾ ਤੁਰਿਆ ਗਿਆ। ਸਿਆਸਤ, ਪਿਆਰ, ਪੜ੍ਹਾਈ, ਲੋਕ-ਮੁਕਤੀ ਦਾ ਢੰਗ, ਜਜ਼ਬਾ ਕਿ ਚੇਤਨਾ ਆਦਿ ਦਾ ਰਿੜਕਣਾ ਪੈ ਗਿਆ। ਕੰਵਲ ਉਦੋਂ 94 ਸਾਲਾਂ ਦਾ ਸੀ, ਉਹ ਟਿੱਚਰਾਂ ਕਰਦਾ ਖਿੜਦਾ ਗਿਆ ਤੇ ਮੈਂ ਇਸ ਮੰਜ਼ਰ ਅੰਦਰ ਬੈਠਾ-ਬੈਠਾ ਫਿਰ ਗਾਇਬ ਹੋ ਗਿਆ।
ਅਗਲੇ ਦਿਨ ਮੈਂ ਪਾਸ਼ ਬਾਰੇ ਗੱਲਾਂ ਕਰਨ ਲੱਗਾ ਤੇ ਕੰਵਲ ਬਾਰੇ ਪਾਸ਼ ਦਾ ਲਿਖਿਆ ਮਜ਼ਮੂਨ ਉਨ੍ਹਾਂ ਨੂੰ ਪੜ੍ਹਨ ਲਈ ਦਿੱਤਾ। ਕੰਵਲ ਨੇ ਪੜ੍ਹਿਆ ਤੇ ਮੇਰੇ ਵੱਲ ਦੇਖਣ ਲੱਗਾ, ਕਹਿੰਦਾ, “ਯਾਰ! ਇਹ ਆਪਣੀ ਉਮਰ ਦਿਆਂ ਤੋਂ ਖੜ੍ਹਾ ਅੱਡ ਹੀ ਦਿਸਦਾ ਸੀ। ਪੰਗੇ-ਹੱਥਾ ਵੀ ਖਾਸਾ ਸੀ ਪਰ ਕਵਿਤਾ ਵਿਚ ਸਿਖਰ ਫੜ ਗਿਆ… ਉਹਨੂੰ ਮਾਰਨ ਵਾਲੇ ਨਹੀਂ ਜਾਣਦੇ, ਉਨ੍ਹਾਂ ਨੇ ਪੰਜਾਬ ਦੇ ਭਵਿਖ ਦਾ ਕਤਲ ਕੀਤਾ ਹੈ।” ਕੰਵਲ ਦਾ ਮਤਾਬੀ ਚਿਹਰਾ ਪੀੜ-ਪੀੜ ਹੋਇਆ ਪਿਆ ਸੀ।
ਅੰਗਰੇਜ਼ੀ ਆਨਲਾਈਨ ਮੀਡੀਆ ਦਾ ਪੱਤਰਕਾਰ ਜ਼ਾਇਦ ਖਾਨ ਇੰਟਰਵਿਊ ਲੈਣ ਆਇਆ ਤਾਂ ਕੰਵਲ ਨੇ ਅਗਲੀ ਜੋੜੀ, “ਮੈਂ ਤਾਂ ਕਹਿਨਾਂ ਉਹ ਮੈਨੂੰ ਮਾਰ ਦਿੰਦੇ ਤੇ ਪਾਸ਼ ਨੂੰ ਜ਼ਿੰਦਗੀ ਮਿਲੀ ਹੁੰਦੀ, ਗੱਲ ਅੱਗੇ ਤੁਰੀ ਹੋਣੀ ਸੀ। ਆਹ ਦਿਨ ਦੇਖਣ ਤੋਂ ਬਚੇ ਹੁੰਦੇ”, ਤੇ ਅੱਖਾਂ ਪੂੰਝਣ ਲੱਗਾ। ਗੁਜ਼ਰੀ ਸ਼ਾਮ ਕੰਵਲ ਦਾ ਜਲਾਲ ਦੇਖਣ ਵਾਲਾ ਪੱਤਰਕਾਰ ਪਾਸ਼ ਦਾ ਬਹੁਤ ਕਦਰਦਾਨ ਸੀ, ਉਹ ਵੀ ਅੱਖਾਂ ਭਰ ਆਇਆ ਤੇ ਹੈਰਾਨ ਹੋ ਕੇ ਕੰਵਲ ਵੱਲ ਦੇਖਣ ਲੱਗਾ। ਸਾਰੇ ਸੀਤ ਹੋ ਗਏ ਤੇ ਇੰਟਰਵਿਊ ਵਿਚੇ ਹੀ ਰਹਿ ਗਈ।
ਗੱਲ ਮੁਕਾਉਣ ਤੋਂ ਪਹਿਲਾਂ ਮੇਰੇ ਨਾਨੀ ਜੀ ਜਾਂ ਬੀਜੀ ਦਾ ਜ਼ਿਕਰ ਜ਼ਰੂਰੀ ਹੈ। ਸਾਰਾ ਪਰਿਵਾਰ ਬੀਜੀ ਮੁਖਤਿਆਰ ਕੌਰ ਦੀ ਦਰਵੇਸ਼ੀ, ਸਦਾਕਤ ਅਤੇ ਨਿੱਘ ਦਾ ਵੱਡਾ ਦੇਣਦਾਰ ਹੈ। ਉਨ੍ਹਾਂ ਦੀਆਂ ਧੀਆਂ ਅਤੇ ਪੁੱਤਰ ਲਈ ਬੀਜੀ ਕਿਸੇ ਫਰਿਸ਼ਤੇ ਵਾਂਗ ਹਨ, ਜਿਨ੍ਹਾਂ ਦਾ ਸਹਿਜ-ਮੱਠਾ ਬੋਲ, ਗਜ਼ਬ ਦੀ ਨੀਝ-ਸੂਝ ਅਤੇ ਬਾਪੂ ਜੀ ਦੇ ਡਾ. ਜਸਵੰਤ ਗਿੱਲ ਨਾਲ ਕੀਤੇ ਵਿਆਹ ਦੇ ਬਾਵਜੂਦ, ਕਿਸੇ ਕੌੜ-ਫਿੱਕ ਤੋਂ ਪਰਹੇਜ਼ ਕਰਦਿਆਂ ਆਪਣੀ ਹਸਤੀ ਨੂੰ ਲਿਫਣ ਨਾ ਦੇਣ ਦਾ ਅਭਿਆਸ ਕਿਸੇ ਡੂੰਘੇ ਸਰੋਵਰ ਵਾਂਗ ਸਾਰੇ ਪਰਿਵਾਰ ਨੂੰ ਸਿੰਜਦਾ ਰਹਿੰਦਾ ਹੈ। ਇਸ ਕਿਸਮ ਦੇ ਸਿਦਕਵਾਨ ਸ਼ਿਲਪ ਵਾਲੇ ਸਾਡੇ ਬੀਜੀ ਕੰਵਲ ਪਰਿਵਾਰ ਦੀ ਅਸਲ ਨੀਂਹ ਸਨ। ਇਨ੍ਹਾਂ ਦੋਹਾਂ ਸ਼ਖਸੀਅਤਾਂ ਦੀ ਬੁਲੰਦੀ ਵਿਚ ਸੰਘਰਸ਼ ਦੀ ਸਾਂਝ ਸੀ, ਕਿਸੇ ਸਾਂਝੀ ਬਰਕਤ ਦਾ ਅਹਿਸਾਸ ਸੀ ਅਤੇ ਸ਼ਾਇਸਤਾ ਫਾਸਲਾ ਵੀ ਸੀ।
ਬਾਪੂ ਜੀ ਨਾਲ ਮੇਰੇ ਰਿਸ਼ਤੇ ਦਾ ਇਕ ਜ਼ਰੂਰੀ ਪਹਿਲੂ ਇਹ ਹੈ ਕਿ ਮੈਂ ਉਨ੍ਹਾਂ ਨੂੰ ਪਰਿਵਾਰਕ ਜਾਂ ਨਾਤਾਦਾਰੀ ਤਾਣੇ-ਪੇਟੇ ਦੇ ਹਿਸਾਬ ਨਾਲ ਨਹੀਂ ਦੇਖਦਾ। ਉਹ ਜਨਤਕ ਖੇਤਰ ਦੀ ਸ਼ਖਸੀਅਤ ਨੇ, ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਆਪਣੇ ਜਨਤਕ ਖੇਤਰ ਬਾਬਤ ਹੀ ਰਹੇਗੀ। ਇਸ ਨੈਤਿਕ ਚੋਣ ਦੇ ਸੁੱਖ-ਦੁੱਖ ਮੈਨੂੰ ਝੱਲਣੇ ਪਏ ਨੇ ਅਤੇ ਅੱਗੇ ਵੀ ਝੱਲਣੇ ਪੈਣਗੇ। ਖੁਦ ਕੰਵਲ ਨਾਲ ਮੋਰਚਾ ਲਾਉਣ ਦੀ ਨੌਬਤ ਵੀ ਆ ਸਕਦੀ ਹੈ। ਕੰਵਲ ਦਾ ਵਡੱਪਣ ਹੈ ਕਿ ਉਸ ਨੇ ਮੈਨੂੰ ਇਸ ਦੀ ਮੁਕੰਮਲ ਆਜ਼ਾਦੀ ਦਿੱਤੀ ਹੋਈ ਹੈ। ਵਾਰਿਸ ਆਪਣੇ ਸਿਲਸਿਲੇ ਦੇ ਮੁਰਸ਼ਦ ਬਾਬਾ ਫਰੀਦ ਦੀ ਉਸਤਤ ‘ਬਾਈਸ ਹੀ ਕੁਤਬਾਂ ਵਿਚ ਪੀਰ ਕਾਮਿਲ’ ਆਖ ਕੇ ਕਰਦਾ ਹੈ। ਮੈਂ ਵੀ ਆਪਣੇ ਮੁਰਸ਼ਦ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਅਕੀਦਤ ਪੇਸ਼ ਕੀਤੀ ਹੈ।