ਕਿਸੇ ਦਿਨ ਉਬਾਲੇ ਦਾ ਕਾਰਨ ਬਣ ਸਕਦੇ ਹਨ ਪੰਜਾਬ ਦੇ ਹਾਲਾਤ

-ਜਤਿੰਦਰ ਪਨੂੰ
ਪਿਛਲੇ ਤਿੰਨ ਮਹੀਨੇ ਪਾਰਲੀਮੈਂਟ ਚੋਣਾਂ ਦੀ ਸ਼ੁਰੂਆਤ ਤੋਂ ਸਮਾਪਤੀ ਤੱਕ ਦੇ ਹੋਣ ਕਾਰਨ ਸਾਡੀ ਸਭਨਾਂ ਦੀ ਸੋਚ ‘ਤੇ ਭਾਰਤ ਦੀ ਕੇਂਦਰੀ ਰਾਜਨੀਤੀ ਭਾਰੂ ਰਹੀ ਤੇ ਪੰਜਾਬ ਵੱਲ ਆਮ ਤੌਰ ‘ਤੇ ਚਲਾਵਾਂ ਜਿਹਾ ਧਿਆਨ ਜਾਂਦਾ ਸੀ; ਉਹ ਵੀ ਉਦੋਂ, ਜਦੋਂ ਕੋਈ ਅਣਗੌਲੀ ਨਾ ਕੀਤੀ ਜਾਣ ਵਾਲੀ ਗੱਲ ਹੁੰਦੀ ਸੀ। ਇਸ ਵਕਤ ਕੇਂਦਰ ਦੀ ਕਮਾਨ ਭਾਰਤੀ ਜਨਤਾ ਪਾਰਟੀ ਦੇ ਆਗੂ ਨਰਿੰਦਰ ਮੋਦੀ ਨੇ ਸੰਭਾਲ ਲਈ ਹੈ ਅਤੇ ਉਸ ਕੋਲ ਏਨੀ ਵੱਡੀ ਬਹੁ-ਗਿਣਤੀ ਦੀ ਤਾਕਤ ਆ ਗਈ ਹੈ ਕਿ ਉਹ ਜਿਸ ਤਰ੍ਹਾਂ ਚਾਹੇ, ਭਾਰਤ ਨੂੰ ਗੁਜਰਾਤ ਵਰਗਾ ਗੜ੍ਹ ਸਮਝ ਕੇ ਰਾਜ ਚਲਾ ਸਕਦਾ ਹੈ।

ਪੰਜਾਬ ਦੇ ਅੰਦਰ ਕੀ ਕੁਝ ਵਾਪਰਦਾ ਹੈ, ਇਸ ਦੀ ਉਸ ਨੂੰ ਇੱਕਦਮ ਚਿੰਤਾ ਕਰਨ ਦੀ ਕਾਹਲ ਨਹੀਂ, ਇਸ ਦੀ ਥਾਂ ਉਸ ਦਾ ਧਿਆਨ ਵੀ ਅਤੇ ਉਸ ਦੇ ਗ੍ਰਹਿ ਮੰਤਰੀ ਬਣਾਏ ਪਾਰਟੀ ਪ੍ਰਧਾਨ ਅਮਿਤ ਸ਼ਾਹ ਦਾ ਸਾਰਾ ਧਿਆਨ ਵੀ ਪੱਛਮੀ ਬੰਗਾਲ ਵੱਲ ਹੈ। ਬੀਤੇ ਹਫਤੇ ਇੱਕ ਦਿਨ ਭਾਜਪਾ ਦੇ ਸੂਬਾਈ ਆਗੂਆਂ ਦੀ ਮੀਟਿੰਗ ਵਿਚ ਅਮਿਤ ਸ਼ਾਹ ਨੂੰ ਇਸ ਪੜਾਅ ਤੱਕ ਪਹੁੰਚਣ ਲਈ ਹਰ ਇੱਕ ਆਗੂ ਵਧਾਈ ਦੇ ਰਿਹਾ ਸੀ ਤੇ ਉਸ ਨੇ ਇਹ ਕਹਿ ਕੇ ਸਿਲਸਿਲਾ ਰੋਕ ਦਿੱਤਾ ਕਿ ਭਾਜਪਾ ਅਜੇ ਆਪਣੇ ਸਿਖਰ ਤੱਕ ਨਹੀਂ ਪਹੁੰਚੀ, ਵਧਾਈਆਂ ਉਸ ਪੜਾਅ ‘ਤੇ ਪਹੁੰਚ ਕੇ ਲਵਾਂਗੇ ਅਤੇ ਦੇਵਾਂਗੇ। ਇਸ ਦਾ ਅਰਥ ਸਭ ਨੂੰ ਪਤਾ ਹੈ।
ਅਸੀਂ ਇਸ ਵਕਤ ਦੇਸ਼ ਦੀ ਰਾਜਨੀਤੀ ਦੀ ਗੱਲ ਕਰਨ ਦੀ ਥਾਂ ਸਾਡੇ ਪੰਜਾਬ ਦੀ ਕਰਨੀ ਚਾਹਾਂਗੇ, ਜਿਸ ਅੰਦਰ ਜੋ ਕੁਝ ਵਾਪਰਦਾ ਪਿਆ ਹੈ, ਉਹ ਇਸ ਦੀ ਭੱਲ ਬਣਾਉਣ ਦੀ ਥਾਂ ਇਸ ਦੇ ਮੰਦੇ ਹਾਲਾਤ ਪੇਸ਼ ਕਰਨ ਵਾਲਾ ਹੈ। ਵਿਧਾਨ ਸਭਾ ਵਿਚ ਕਾਂਗਰਸ ਪਾਰਟੀ ਦਾ ਤਕੜਾ ਬਹੁ-ਮੱਤ ਬੇਸ਼ੱਕ ਸਵਾ ਦੋ ਸਾਲ ਪਹਿਲਾਂ ਬਣ ਗਿਆ ਸੀ ਅਤੇ ਉਸ ਪਿੱਛੋਂ ਉਸ ਦੀ ਤਾਕਤ ਵਿਧਾਨ ਸਭਾ ਦੀ ਸ਼ਾਹਕੋਟ ਵਾਲੀ ਉਪ ਚੋਣ ਅਤੇ ਕੁਝ ਦਲ-ਬਦਲੀਆਂ ਨਾਲ ਵਧਦੀ ਗਈ ਹੈ, ਪਰ ਸਰਕਾਰ ਦੇ ਅੰਦਰਲੀ ਖਹਿਬੜ ਇਸ ਦਾ ਖਹਿੜਾ ਇਸ ਵਾਰ ਵੀ ਨਹੀਂ ਛੱਡਦੀ ਜਾਪਦੀ। ਇਸ ਵਾਰ ਦਾ ਅਰਥ ਸਿੱਧਾ ਜਿਹਾ ਹੈ ਕਿ ਪਹਿਲਾਂ ਮੁੱਖ ਮੰਤਰੀ ਬੇਅੰਤ ਸਿੰਘ ਦੇ ਰਾਜ ਵਿਚ ਜਿਹੜੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨੇ ਉਸ ਦੀਆਂ ਜੜ੍ਹਾਂ ‘ਤੇ ਟੱਕ ਲਾਉਣ ਦੇ ਰਾਹ ਪਾਇਆ ਸੀ, ਉਹ ਆਖਰ ਨੂੰ ਪਾਰਟੀ ਛੱਡਣ ਤੱਕ ਚਲੇ ਗਏ ਸਨ।
ਹਰਚਰਨ ਸਿੰਘ ਬਰਾੜ ਦੇ ਵਕਤ ਪਾਰਟੀ ਦਾ ਇੱਕ ਵੱਡਾ ਧੜਾ ਦਿੱਲੀ ਵਿਚ ਮੁੱਖ ਮੰਤਰੀ ਬਦਲਣ ਦੀ ਮੰਗ ਲਈ ਡੇਰੇ ਲਾਈ ਬੈਠਾ ਰਿਹਾ ਸੀ ਤੇ ਉਹੀ ਧੜਾ ਕੁਝ ਸਾਲ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਛੁਡਾਉਣ ਦੀ ਮੰਗ ਲਈ ਜਾ ਬੈਠਾ ਤਾਂ ਪਾਰਟੀ ਵਿਚ ਪਾਟਕ ਪੈਣ ਤੋਂ ਮਸਾਂ ਰੁਕਿਆ ਸੀ। ਉਦੋਂ ਦੋਵੇਂ ਵਾਰੀ ਇਹ ਸੁਣਿਆ ਗਿਆ ਸੀ ਕਿ ਉਸ ਧੜੇ ਨੂੰ ਕਾਂਗਰਸ ਹਾਈ ਕਮਾਨ ਦੇ ਕੁਝ ਲੀਡਰਾਂ ਨੇ ਆਪ ਮੌਕੇ ਦੇ ਮੁੱਖ ਮੰਤਰੀ ਵਿਰੁਧ ਸੁਰ ਤੇਜ਼ ਕਰਨ ਨੂੰ ਕਿਹਾ ਸੀ ਅਤੇ ਇਹੋ ਕੁਝ ਇਸ ਵੇਲੇ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਖਿੱਚੋਤਾਣ ਬਾਰੇ ਕਿਹਾ ਜਾ ਰਿਹਾ ਹੈ। ਚਰਚਾ ਇਹ ਹੈ ਕਿ ਕਾਂਗਰਸ ਹਾਈ ਕਮਾਨ ਵਿਚ ਬੈਠੇ ਕੁਝ ਲੋਕ ਇਸ ਗੱਲ ਤੋਂ ਬੜੇ ਫਿਕਰਮੰਦ ਰਹਿੰਦੇ ਹਨ ਕਿ ਫਲਾਣੇ ਰਾਜ ਵਿਚਲਾ ਫਲਾਣਾ ਆਗੂ ਵੱਡਾ ਹੋਈ ਜਾਂਦਾ ਹੈ, ਉਸ ਦੇ ਅੱਗੇ ਅੜਿੱਕੇ ਨਾ ਲਾਏ ਤਾਂ ਵੱਡਾ ਕੱਦ ਬਣਨ ਮਗਰੋਂ ਸਾਡੇ ਲਈ ਔਕੜਾਂ ਦਾ ਕਾਰਨ ਬਣੇਗਾ। ਉਨ੍ਹਾਂ ਨੂੰ ਪਾਰਟੀ ਦੇ ਵਿਕਾਸ ਨਾਲੋਂ ਵੱਧ ਸੂਬਾਈ ਆਗੂਆਂ ਦਾ ਕੱਦ ਛਾਂਗਣ ਦੀ ਚਿੰਤਾ ਰਹਿੰਦੀ ਹੈ।
ਨਵਜੋਤ ਸਿੰਘ ਸਿੱਧੂ ਨੂੰ ਅਸੀਂ ਬੁਰਾ ਬੰਦਾ ਨਹੀਂ ਮੰਨ ਸਕਦੇ, ਉਹ ਈਮਾਨਦਾਰ ਬੰਦਾ ਹੈ, ਮਿਹਨਤੀ ਵੀ ਪੂਰਾ ਹੈ, ਪਰ ਉਸ ਵਿਚ ਇੱਕ ਕਮਜ਼ੋਰੀ ਹੈ ਕਿ ਉਹ ਮੀਡੀਏ ਸਾਹਮਣੇ ਜਾਣ ਵੇਲੇ ਚੇਤਾ ਨਹੀਂ ਰੱਖਦਾ ਕਿ ਉਸ ਦੇ ਸਿਰ ਜੋ ਜਿੰਮੇਵਾਰੀ ਹੈ, ਉਹ ਕਿਸੇ ਜ਼ਾਬਤੇ ਤੇ ਬੰਧੇਜ ਦੀ ਮੰਗ ਕਰਦੀ ਹੈ। ਫਿਰ ਵੀ ਸਿੱਧੂ ਦੇ ਮਾਮਲੇ ਨਾਲ ਕਿਵੇਂ ਨਜਿੱਠਣਾ ਹੈ ਤੇ ਸਰਕਾਰ ਕਿਵੇਂ ਚਲਾਉਣੀ ਹੈ, ਇਹ ਕਾਂਗਰਸ ਪਾਰਟੀ ਦਾ ਕੰਮ ਹੈ, ਸਾਡੇ ਸੋਚਣ ਲਈ ਹੋਰ ਮੁੱਦੇ ਬੜੇ ਹਨ।
ਬੀਤੇ ਹਫਤੇ ਇੱਕ ਮੁੱਦਾ ਇੱਕ ਬੰਦ ਪਏ ਬੋਰ ਵੈਲ ਵਿਚ ਇੱਕ ਬੱਚੇ ਦੇ ਡਿੱਗ ਪੈਣ ਅਤੇ ਫਿਰ ਮਾਰੇ ਜਾਣ ਨਾਲ ਉਭਰਿਆ ਤਾਂ ਸਾਰਾ ਪੰਜਾਬ ਪੰਜ ਦਿਨ ਸੁੱਕਣੇ ਪਿਆ ਰਿਹਾ ਸੀ। ਇਸ ਨਾਲ ਨਜਿੱਠਣ ਵਿਚ ਉਥੋਂ ਦੇ ਪ੍ਰਸ਼ਾਸਨ ਤੇ ਇੱਕ ਜਿੰਮੇਵਾਰ ਮੰਤਰੀ ਦੇ ਗੈਰ-ਜਿੰਮੇਵਾਰ ਵਿਹਾਰ ਦੀ ਚਰਚਾ ਵੀ ਹੋਈ ਸੀ ਤੇ ਉਸ ਬਾਰੇ ਸਰਕਾਰ ਨੇ ਕਾਰਵਾਈ ਕੀ ਕੀਤੀ ਹੈ, ਇਸ ਬਾਰੇ ਆਮ ਲੋਕ ਅਜੇ ਤੱਕ ਨਹੀਂ ਜਾਣਦੇ।
ਫਿਰ ਇਹ ਹੋਇਆ ਕਿ ਮੁੱਖ ਮੰਤਰੀ ਨੇ ਸਾਰੇ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਭੇਜ ਦਿੱਤਾ ਕਿ ਇਹੋ ਜਿਹੇ ਖੁੱਲ੍ਹੇ ਪਏ ਬੋਰ ਵੈਲ ਗਿਣ ਕੇ ਦੱਸੇ ਜਾਣ ਅਤੇ ਬੰਦ ਕਰਵਾਏ ਜਾਣ ਤੇ ਇਹ ਕੰਮ ਮਸਾਂ ਚੌਵੀ ਘੰਟੇ ਵਿਚ ਹੋ ਗਿਆ। ਸਰਕਾਰ ਦੀ ਕਮਾਲ ਦੀ ਫੁਰਤੀ ਨੇ ਹਾਸੋਹੀਣੀ ਸਥਿਤੀ ਬਣਾ ਦਿੱਤੀ। ਐਡਾ ਵੱਡਾ ਪੰਜਾਬ ਤੇ ਮਸਾਂ ਛਿਆਲੀ ਬੋਰ ਵੈਲ ਏਦਾਂ ਖੁੱਲ੍ਹੇ ਪਏ ਹੋਣ ਦੀ ਰਿਪੋਰਟ ਆ ਗਈ, ਜਿਨ੍ਹਾਂ ਵਿਚੋਂ ਛੱਬੀ ਇੱਕੋ ਜਿਲੇ ਫਤਿਹਗੜ੍ਹ ਸਾਹਿਬ ਦੇ ਸਨ। ਉਹ ਛੋਟਾ ਜਿਹਾ ਜਿਲਾ ਹੈ ਤੇ ਉਥੇ ਛੱਬੀ ਨਿਕਲ ਆਏ ਅਤੇ ਲੁਧਿਆਣੇ ਵਰਗੇ ਵੱਡੇ-ਵੱਡੇ ਜਿਲਿਆਂ ਤੋਂ ਵਿਧਾਨ ਸਭਾ ਹਲਕਿਆਂ ਜਿੰਨੇ ਵੀ ਨਹੀਂ ਨਿਕਲੇ, ਇਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਆਮ ਲੋਕ ਕਹਿ ਰਹੇ ਹਨ ਕਿ ਪੰਜਾਬ ਵਿਚ ਏਦਾਂ ਦੇ ਬੋਰ ਵੈਲ ਬਹੁਤ ਸਾਰੇ ਖੁੱਲ੍ਹੇ ਪਏ ਹਨ, ਅਫਸਰਾਂ ਨੇ ਚੌਵੀ ਘੰਟੇ ਦੀ ਹੱਦ ਵਿਚ ਸਰਕਾਰ ਦੀ ਸ਼ਾਬਾਸ਼ ਲੈਣ ਲਈ ਹੱਥੋ-ਹੱਥੀ ਆਈ ਜਾਣਕਾਰੀ ਅੱਗੇ ਭਿਜਵਾਈ ਤੇ ਸਰਕਾਰ ਨੇ ਇਸ ਨੂੰ ਸੱਚ ਮੰਨ ਕੇ ਕੰਮ ਮੁਕਾ ਛੱਡਿਆ ਹੈ।
ਦੂਸਰਾ ਮੁੱਦਾ ਇਸ ਵਕਤ ਪੰਜਾਬ ਵਿਚ ਹੁੰਦੀ ਗੁੰਡਾਗਰਦੀ ਦਾ ਹੈ। ਪੰਜਾਬ ਵਿਚ ਕਈ ਅਜਿਹੇ ਰਾਜਸੀ ਗੁੰਡੇ ਹਨ ਅਤੇ ਉਨ੍ਹਾਂ ਬਾਰੇ ਸਥਾਨਕ ਲੋਕਾਂ ਨੂੰ ਪਤਾ ਹੁੰਦਾ ਹੈ, ਜੋ ਹਮੇਸ਼ਾ ਰਾਜ ਕਰਦੀ ਪਾਰਟੀ ਤੇ ਪੁਲਿਸ ਅਫਸਰਾਂ ਦੇ ਨਾਲ ਮਿਲ ਕੇ ਹਰ ਹੱਦ ਟੱਪਣ ਤੱਕ ਚਲੇ ਜਾਂਦੇ ਹਨ। ਮੁਕਤਸਰ ਸਾਹਿਬ ਵਿਚ ਇੱਕ ਔਰਤ ਨੂੰ ਘਰੋਂ ਧੂਹਣ ਤੇ ਸੜਕ ‘ਤੇ ਲਿਆ ਕੇ ਬੁਰੀ ਤਰ੍ਹਾਂ ਕੁੱਟਣ ਵਾਲੇ ਗੁੰਡੇ ਦਾ ਭਰਾ ਉਥੇ ਕੌਂਸਲਰ ਹੈ। ਪਿਛਲੀ ਸਰਕਾਰ ਵੇਲੇ ਅਕਾਲੀ ਦਲ ਦੇ ਨਾਲ ਰਿਹਾ ਉਹ ਬੰਦਾ ਅੱਜ ਕੱਲ੍ਹ ਕਾਂਗਰਸ ਪਾਰਟੀ ਦਾ ਵਰਕਰ ਬਣਿਆ ਪਿਆ ਹੈ। ਲਗਭਗ ਹਰ ਸ਼ਹਿਰ ਵਿਚ ਏਦਾਂ ਦੇ ਦਸ-ਬਾਰਾਂ ਗੁੰਡੇ ਹਰ ਵਾਰੀ ਚੋਣਾਂ ਵਿਚ ਜੇਤੂ ਪਾਰਟੀ ਦੇ ਪੱਖ ਵਿਚ ਹੁੰਦੇ ਅਤੇ ਫਿਰ ਲੋਕਾਂ ਨੂੰ ਪਹਿਲੇ ਹਾਕਮਾਂ ਦੇ ਵਕਤ ਜਿਵੇਂ ਕੁੱਟਦੇ ਰਹੇ ਸਨ, ਉਸੇ ਤਰ੍ਹਾਂ ਕੁੱਟਣ ਲੱਗੇ ਰਹਿੰਦੇ ਹਨ। ਹਰ ਸ਼ਹਿਰ ਤੋਂ ਹਫਤਾ ਵਸੂਲੀ ਵੱਡੇ ਬਾਜ਼ਾਰਾਂ ਤੱਕ ਹੀ ਨਹੀਂ, ਮੁਹੱਲਿਆਂ ਵਿਚ ਚੱਲਦੀਆਂ ਹਫਤਾਵਾਰੀ ਮੰਡੀਆਂ ਤੱਕ ਵੀ ਹੁੰਦੀ ਹੈ।
ਪਿਛਲੀ ਸਰਕਾਰ ਦੇ ਵਕਤ ਇੱਕ ਦਿਨ ਲੁਧਿਆਣੇ ਦੀ ਸਬਜ਼ੀ ਮੰਡੀ ਵਿਚ ਕਤਲ ਦੀ ਘਟਨਾ ਵਾਪਰੀ ਤਾਂ ਪਤਾ ਲੱਗਾ ਕਿ ਉਥੇ ਦੋ ਗੁੰਡਿਆਂ ਨੇ ਮੰਡੀ ਦੀ ਵੰਡ ਇਸ ਤਰ੍ਹਾਂ ਕੀਤੀ ਹੋਈ ਸੀ ਕਿ ਇੱਕ ਚੌਧਰੀ ਉਸ ਮੰਡੀ ਦੇ ਅੰਦਰੋਂ ਹਫਤਾ ਵਸੂਲਦਾ ਸੀ ਤੇ ਦੂਸਰਾ ਬਾਹਰ ਰੇੜ੍ਹੀਆਂ ਲਾਉਣ ਵਾਲੇ ਗਰੀਬਾਂ ਦੀ ਜੇਬ ਕੱਟਦਾ ਸੀ। ਇੱਕ ਦਿਨ ਰੇੜ੍ਹੀ ਵਾਲਾ ਗਰੀਬ ਬੰਦਾ ਬਾਹਰੋਂ ਮੰਡੀ ਵਿਚ ਚਲਾ ਗਿਆ ਤੇ ਅੰਦਰਲੇ ਨੇ ਪਕੜ ਕੇ ਚੱਟੀ ਭਰਨ ਨੂੰ ਕਹਿ ਦਿੱਤਾ ਤਾਂ ਬਾਹਰ ਵਾਲਾ ਮਦਦ ਕਰਨ ਲਈ ਪਹੁੰਚ ਗਿਆ। ਫਿਰ ਦੋਹਾਂ ਵਿਚ ਗੋਲੀ ਚੱਲੀ ਤੇ ਇੱਕ ਜਣੇ ਦੀ ਮੌਤ ਹੋ ਗਈ। ਬਾਅਦ ਵਿਚ ਇਹ ਪਤਾ ਲੱਗਾ ਸੀ ਕਿ ਦੋਵੇਂ ਗੁੰਡੇ ਅਕਾਲੀ ਪਾਰਟੀ ਦੇ ਇੱਕੋ ਮੰਤਰੀ ਦੇ ਚਾਟੜੇ ਸਨ ਅਤੇ ਅੰਦਰ ਤੇ ਬਾਹਰ ਦਾ ਹਫਤਾ ਵਸੂਲੀ ਦਾ ਅਧਿਕਾਰ ਖੇਤਰ ਵੀ ਉਸ ਮੰਤਰੀ ਨੇ ਵੰਡ ਕੇ ਦਿੱਤਾ ਸੀ। ਉਦੋਂ ਦੇ ਹਫਤਾ ਵਸੂਲੀਆਂ ਕਰਨ ਵਾਲੇ ਗੁੰਡੇ ਕਾਂਗਰਸ ਦੀ ਸਰਕਾਰ ਬਣਨ ਪਿੱਛੋਂ ਸਾਧ ਨਹੀਂ ਬਣ ਗਏ, ਸਗੋਂ ਸਵਾ ਦੋ ਸਾਲ ਲੰਘਣ ਪਿੱਛੋਂ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਕਈ ਗੁੰਡੇ ਨਵੇਂ ਪੈਦਾ ਹੋ ਗਏ ਹਨ ਤੇ ਉਨ੍ਹਾਂ ਦੀ ਪਿੱਠ ‘ਤੇ ਕਾਂਗਰਸੀ ਮੰਤਰੀਆਂ ਦੇ ਹੋਣ ਦੀ ਚਰਚਾ ਆਮ ਲੋਕ ਮੂੰਹੋਂ-ਮੂੰਹ ਕਰਦੇ ਹਨ। ਇਨ੍ਹਾਂ ਗੱਲਾਂ ਵੱਲ ਕਦੀ ਸਰਕਾਰ ਦਾ ਧਿਆਨ ਹੀ ਨਹੀਂ ਜਾਂਦਾ ਜਾਪਦਾ।
ਅਸੀਂ ਸਿਰਫ ਦੋ-ਤਿੰਨ ਵੱਡੇ ਮੁੱਦੇ ਛੋਹੇ ਹਨ, ਜੇ ਪੰਜਾਬ ਦੀ ਸਮੁੱਚੀ ਹਾਲਤ ਪੇਸ਼ ਕਰਨੀ ਹੋਵੇ ਤਾਂ ਚੁਗੱਤਿਆਂ ਦੇ ਰਾਜ ਵਰਗਾ ਨਮੂਨਾ ਪੇਸ਼ ਕੀਤਾ ਜਾ ਸਕਦਾ ਹੈ। ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਖਾਸ ਫਰਕ ਨਹੀਂ ਪੈਂਦਾ ਕਿ ਨਵਜੋਤ ਸਿੰਘ ਸਿੱਧੂ ਮੰਤਰੀ ਰਹਿੰਦਾ ਹੈ ਕਿ ਨਹੀਂ ਜਾਂ ਉਸ ਕੋਲ ਕਿਹੜਾ ਮਹਿਕਮਾ ਹੋਵੇਗਾ, ਪਰ ਜੋ ਹਾਲਾਤ ਉਹ ਭੁਗਤ ਰਹੇ ਹਨ, ਉਨ੍ਹਾਂ ਬਾਰੇ ਆਮ ਲੋਕਾਂ ਦੀ ਨਾਰਾਜ਼ਗੀ ਕਿਸੇ ਦਿਨ ਕਿਸੇ ਵੱਡੇ ਉਬਾਲੇ ਦਾ ਕਾਰਨ ਬਣ ਸਕਦੀ ਹੈ।