ਪ੍ਰਿਥਮ ਕੌਣ ਹੈ? ਰੱਬ, ਭਗਉਤੀ ਕਿ ਗੁਰੂ?

ਕਸ਼ਮੀਰਾ ਸਿੰਘ
ਫੋਨ: 801-414-0171
ਰੱਬ ਦੀ ਹੋਂਦ ਕਦੋਂ ਤੋਂ ਹੈ?
ਸੰਸਾਰ ਦੇ ਮੁੱਢ ਤੋਂ ਲੈ ਕੇ ਹੁਣ ਤਕ ਰੱਬ ਹੋਂਦ ਵਿਚ ਹੈ ਅਤੇ ਕੁਦਰਤਿ ਵਿਚ ਵਸਿਆ ਹੋਇਆ ਹੈ। ਜਦੋਂ ਸੰਸਾਰ ਦੀ ਹੋਂਦ ਨਹੀਂ ਸੀ, ਰੱਬ ਉਦੋਂ ਵੀ ਸੀ। ਜਦੋਂ ਕੋਈ ਧਾਰਮਿਕ ਪੁਸਤਕ, ਗੁਰੂ, ਪੀਰ, ਫਕੀਰ, ਅਵਤਾਰ, ਵਲੀ, ਔਲੀਆ, ਮੁਰਸ਼ਦ ਆਦਿ ਰੱਬ ਨਾਲ ਜੋੜਨ ਵਾਲੇ ਨਹੀਂ ਸਨ, ਰੱਬ ਉਦੋਂ ਵੀ ਸੀ। ਰੱਬ ਦਾ ਗਿਆਨ ਪੂਰੇ ਗੁਰੂ ਨੇ ਹੀ ਬਖਸ਼ਿਆ ਹੈ, ਰੱਬ ਨੇ ਨਹੀਂ।

ਗੁਰਬਾਣੀ ਵਿਚ ਇਸ ਸਬੰਧੀ ਵਿਸਥਾਰ ਵਿਚ ਜ਼ਿਕਰ ਇਉਂ ਹੈ,
(A) ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ (ਪੰਨਾ ਇਕ)
(ਅ) ਮਾਰੂ ਮਹਲਾ ਪਹਿਲਾ
ਅਰਬਦ ਨਰਬਦ ਧੁੰਧੂਕਾਰਾ॥
ਧਰਣਿ ਨ ਗਗਨਾ ਹੁਕਮੁ ਅਪਾਰਾ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ
ਸੁੰਨ ਸਮਾਧਿ ਲਗਾਇਦਾ॥੧॥
ਖਾਣੀ ਨ ਬਾਣੀ ਪਉਣ ਨ ਪਾਣੀ॥
ਓਪਤਿ ਖਪਤਿ ਨ ਆਵਣ ਜਾਣੀ॥
ਖੰਡ ਪਤਾਲ ਸਪਤ ਨਹੀ ਸਾਗਰ
ਨਦੀ ਨ ਨੀਰੁ ਵਹਾਇਦਾ॥੨॥
ਨਾ ਤਦਿ ਸੁਰਗੁ ਮਛੁ ਪਇਆਲਾ॥
ਦੋਜਕੁ ਭਿਸਤੁ ਨਹੀ ਖੈ ਕਾਲਾ॥
ਨਰਕੁ ਸੁਰਗੁ ਨਹੀ ਜੰਮਣੁ ਮਰਣਾ
ਨਾ ਕੋ ਆਇ ਨ ਜਾਇਦਾ॥੩॥
ਬ੍ਰਹਮਾ ਬਿਸਨੁ ਮਹੇਸੁ ਨ ਕੋਈ॥
ਅਵਰੁ ਨ ਦੀਸੈ ਏਕੋ ਸੋਈ॥
ਨਾਰਿ ਪੁਰਖੁ ਨਹੀ ਜਾਤਿ ਨ ਜਨਮਾ
ਨਾ ਕੋ ਦੁਖੁ ਸੁਖੁ ਪਾਇਦਾ॥੪॥
ਨਾ ਤਦਿ ਜਤੀ ਸਤੀ ਬਨਵਾਸੀ॥
ਨਾ ਤਦਿ ਸਿਧ ਸਾਧਿਕ ਸੁਖਵਾਸੀ॥
ਜੋਗੀ ਜੰਗਮ ਭੇਖੁ ਨ ਕੋਈ
ਨਾ ਕੋ ਨਾਥੁ ਕਹਾਇਦਾ॥੫॥
ਜਪ ਤਪ ਸੰਜਮ ਨਾ ਬ੍ਰਤ ਪੂਜਾ॥
ਨਾ ਕੋ ਆਖਿ ਵਖਾਣੈ ਦੂਜਾ॥
ਆਪੇ ਆਪਿ ਉਪਾਇ ਵਿਗਸੈ
ਆਪੇ ਕੀਮਤਿ ਪਾਇਦਾ॥੬॥
ਨਾ ਸੁਚਿ ਸੰਜਮੁ ਤੁਲਸੀ ਮਾਲਾ॥
ਗੋਪੀ ਕਾਨੁ ਨ ਗਊ ਗੁਆਲਾ॥
ਤੰਤੁ ਮੰਤੁ ਪਾਖੰਡੁ ਨ ਕੋਈ
ਨਾ ਕੋ ਵੰਸੁ ਵਜਾਇਦਾ॥੭॥
ਕਰਮ ਧਰਮ ਨਹੀ ਮਾਇਆ ਮਾਖੀ॥
ਜਾਤਿ ਜਨਮੁ ਨਹੀ ਦੀਸੈ ਆਖੀ॥
ਮਮਤਾ ਜਾਲੁ ਕਾਲੁ ਨਹੀ ਮਾਥੈ
ਨਾ ਕੋ ਕਿਸੈ ਧਿਆਇਦਾ॥੮॥
ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ॥
ਨਾ ਤਦਿ ਗੋਰਖੁ ਨਾ ਮਾਛਿੰਦੋ॥
ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ
ਨਾ ਕੋ ਗਣਤ ਗਣਾਇਦਾ॥੯॥
ਵਰਨ ਭੇਖ ਨਹੀ ਬ੍ਰਹਮਣ ਖਤ੍ਰੀ॥
ਦੇਉ ਨ ਦੇਹੁਰਾ ਗਊ ਗਾਇਤ੍ਰੀ॥
ਹੋਮ ਜਗ ਨਹੀ ਤੀਰਥਿ ਨਾਵਣੁ
ਨਾ ਕੋ ਪੂਜਾ ਲਾਇਦਾ॥੧੦॥
ਨਾ ਕੋ ਮੁਲਾ ਨਾ ਕੋ ਕਾਜੀ॥
ਨਾ ਕੋ ਸੇਖੁ ਮਸਾਇਕੁ ਹਾਜੀ॥
ਰਈਅਤਿ ਰਾਉ ਨ ਹਉਮੈ ਦੁਨੀਆ
ਨਾ ਕੋ ਕਹਣੁ ਕਹਾਇਦਾ॥੧੧॥
ਭਾਉ ਨ ਭਗਤੀ ਨਾ ਸਿਵ ਸਕਤੀ॥
ਸਾਜਨੁ ਮੀਤੁ ਬਿੰਦੁ ਨਹੀ ਰਕਤੀ॥
ਆਪੇ ਸਾਹੁ ਆਪੇ ਵਣਜਾਰਾ
ਸਾਚੇ ਏਹੋ ਭਾਇਦਾ॥੧੨॥
ਬੇਦ ਕਤੇਬ ਨ ਸਿੰਮ੍ਰਿਤਿ ਸਾਸਤ॥
ਪਾਠ ਪੁਰਾਣ ਉਦੈ ਨਹੀ ਆਸਤ॥
ਕਹਤਾ ਬਕਤਾ ਆਪਿ ਅਗੋਚਰੁ
ਆਪੇ ਅਲਖੁ ਲਖਾਇਦਾ॥੧੩॥
ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥
ਬਾਝੁ ਕਲਾ ਆਡਾਣੁ ਰਹਾਇਆ॥
ਬ੍ਰਹਮਾ ਬਿਸਨੁ ਮਹੇਸੁ ਉਪਾਏ
ਮਾਇਆ ਮੋਹੁ ਵਧਾਇਦਾ॥੧੪॥
ਵਿਰਲੇ ਕਉ ਗੁਰਿ ਸਬਦੁ ਸੁਣਾਇਆ॥
ਕਰਿ ਕਰਿ ਦੇਖੈ ਹੁਕਮੁ ਸਬਾਇਆ॥
ਖੰਡ ਬ੍ਰਹਮੰਡ ਪਾਤਾਲ ਅਰੰਭੇ
ਗੁਪਤਹੁ ਪਰਗਟੀ ਆਇਦਾ॥੧੫॥
ਤਾ ਕਾ ਅੰਤੁ ਨ ਜਾਣੈ ਕੋਈ॥
ਪੂਰੇ ਗੁਰ ਤੇ ਸੋਝੀ ਹੋਈ॥
ਨਾਨਕ ਸਾਚਿ ਰਤੇ ਬਿਸਮਾਦੀ
ਬਿਸਮ ਭਏ ਗੁਣ ਗਾਇਦਾ॥੧੬॥੩॥੧੫॥
ਪਦਅਰਥ: ਅਰਬਦ (ਅਬੁਲਦ) ਦਸ ਕਰੋੜ (ਸਾਲ)। ਨਰਬਦ-ਨ ਅਰਬਦ, ਜਿਸ ਵਾਸਤੇ ਲਫਜ਼ ‘ਅਰਬਦ’ ਭੀ ਨਾ ਵਰਤਿਆ ਜਾ ਸਕੇ, ਗਿਣਤੀ ਤੋਂ ਪਰੇ। ਧੁੰਧੂਕਾਰਾ-ਘੁੱਪ ਹਨੇਰਾ (ਨੋਟ: ਘੁੱਪ ਹਨੇਰੇ ਵਿਚ ਪਤਾ ਨਹੀਂ ਲੱਗ ਸਕਦਾ ਕਿ ਇਥੇ ਕੀ ਕੁਝ ਪਿਆ ਹੈ) ਉਹ ਹਾਲਤ ਜਿਸ ਬਾਬਤ ਕੋਈ ਭੀ ਮਨੁੱਖ ਕੁਝ ਨਹੀਂ ਦੱਸ ਸਕਦਾ। ਧਰਣਿ-ਧਰਤੀ। ਗਗਨਾ-ਆਕਾਸ਼। ਰੈਨਿ-ਰਾਤ। ਸੁੰਨ-ਸੁੰਞ। ਸੁੰਨ ਸਮਾਧਿ-ਉਹ ਸਮਾਧੀ ਜਿਸ ਵਿਚ ਪ੍ਰਭੂ ਦੇ ਆਪਣੇ ਆਪੇ ਤੋਂ ਬਿਨਾ ਹੋਰ ਕੁਝ ਭੀ ਨਹੀਂ ਸੀ।੧।
ਖਾਣੀ-ਜਗਤ ਉਤਪਤੀ ਦੇ ਚਾਰ ਵਸੀਲੇ: ਅੰਡਜ, ਉਤਭੁਜ, ਜੇਰਜ, ਸੇਤਜ। ਬਾਣੀ-ਜੀਵਾਂ ਦੀਆਂ ਚਾਰ ਬਾਣੀਆਂ। ਓਪਤਿ-ਉਤਪਤੀ। ਖਪਤਿ-ਨਾਸ, ਪਰਲੌ। ਸਪਤ-ਸੱਤ। ਸਾਗਰ-ਸਮੁੰਦਰ।੨।
ਤਦਿ-ਤਦੋਂ। ਮਛੁ-ਮਾਤ ਲੋਕ। ਪਇਆਲਾ-ਪਤਾਲ। ਖੈ-ਨਾਸ ਕਰਨ ਵਾਲਾ। ਕਾਲਾ-ਕਾਲ।੩।
ਮਹੇਸੁ-ਸ਼ਿਵ। ਕੋ-ਕੋਈ ਜੀਵ।੪।
ਸਤੀ-ਉਚਾ ਆਚਰਨ ਬਣਾਉਣ ਦਾ ਜਤਨ ਕਰਨ ਵਾਲਾ। ਜਤੀ-ਜਤ ਧਾਰਨ ਵਾਲਾ, ਬਿੰਦ ਸਾਂਭ ਕੇ ਰੱਖਣ ਦਾ ਜਤਨ ਕਰਨ ਵਾਲਾ। ਬਨਵਾਸੀ-ਜੰਗਲ ਵਿਚ ਰਹਿਣ ਵਾਲਾ ਤਿਆਗੀ। ਸਿਧ-ਜੋਗ ਸਾਧਨਾ ਵਿਚ ਪੁੱਗਾ ਹੋਇਆ ਜੋਗੀ। ਸਾਧਿਕ-ਸਾਧਨ ਕਰਨ ਵਾਲਾ। ਸੁਖ ਵਾਸੀ-ਸੁਖਾਂ ਵਿਚ ਰਹਿਣ ਵਾਲਾ, ਗ੍ਰਹਿਸਥੀ। ਜੰਗਮ-ਸ਼ਿਵ ਉਪਾਸਕ ਜੋਗੀਆਂ ਦਾ ਇਕ ਭੇਖ। ਨਾਥੁ-ਜੋਗੀਆਂ ਦਾ ਗੁਰੂ।੫।
ਸੰਜਮ-ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦੇ ਸਾਧਨ। ਬ੍ਰਤ-ਵਰਤ, ਨਿਰਾਹਾਰ ਰਹਿਣਾ। ਆਖਿ-ਆਖ ਕੇ। ਆਪਿ-ਆਪ ਵਿਚ। ਵਿਗਸੈ-ਖੁਸ਼ ਹੁੰਦਾ ਹੈ।੬।
ਸੁਚਿ-ਸਰੀਰ ਨੂੰ ਪਵਿੱਤਰ ਰੱਖਣ ਦਾ ਸਾਧਨ। ਗੋਪੀ-ਗਵਾਲਣ। ਕਾਨੁ-ਕ੍ਰਿਸ਼ਨ। ਗੁਆਲਾ-ਗਾਂਈਆਂ ਦਾ ਰਾਖਾ, ਗੋਪਾਲਾ (ਨੋਟ: ਅੱਖਰ ‘ਗ’ ਦੇ ਨਾਲ ਦੋ ਲਗਾਂ ਹਨ-ਹੋੜਾ ਅਤੇ ਔਂਕੜ। ਅਸਲ ਲਫਜ਼ ‘ਗੋਆਲਾ’ ਹੈ, ਇਥੇ ‘ਗੁਆਲਾ’ ਪੜ੍ਹਨਾ ਹੈ)। ਵੰਸੁ-ਬੰਸਰੀ।੭।
ਮਾਖੀ-ਮਾਖਿਓ, ਸ਼ਹਿਦ, ਮਿੱਠੀ। ਆਖੀ-ਅੱਖਾਂ ਨਾਲ। ਮਮਤਾ-ਅਪਣੱਤ, ਇਹ ਖਿਆਲ ਕਿ ਇਹ ਚੀਜ਼ ‘ਮੇਰੀ’ ਹੈ।੮।
ਬਿੰਦੁ-ਉਸਤਤਿ, ਵਡਿਆਈ, ਖੁਸ਼ਾਮਦ। ਮਾਛਿੰਦੋ-ਮਾਛਿੰਦ੍ਰ ਨਾਥ। ਕੁਲ ਓਪਤਿ-ਕੁਲਾਂ ਦੀ ਉਤਪਤੀ। ਗਣਤ-ਲੇਖਾ, ਮਾਣ।੯।
ਦੇਉ-ਦੇਵਤਾ।੧੦।
ਮਸਾਇਕੁ-ਮਸ਼ਾਇਖ, ਸ਼ੇਖ। ਰਾਉ-ਰਾਜਾ। ਰਈਅਤਿ-ਪਰਜਾ।੧੧।
ਸਿਵ-ਸ਼ਿਵ, ਚੇਤੰਨ। ਸਕਤੀ-ਜੜ੍ਹ ਪਦਾਰਥ। ਬਿੰਦੁ-ਵੀਰਜ। ਰਕਤੀ-ਰੱਤ, ਲਹੂ।੧੨।
ਕਤੇਬ-ਸ਼ਾਮੀ ਮਜ਼ਹਬਾਂ ਦੀਆਂ ਕਿਤਾਬਾਂ (ਕੁਰਾਨ, ਅੰਜੀਲ, ਤੌਰੇਤ, ਜ਼ੰਬੂਰ)। ਉਦੈ-ਸੂਰਜ ਦਾ ਚੜ੍ਹਨਾ। ਆਸਤ-ਸੂਰਤ ਦਾ ਡੁੱਬਣਾ, ਅਸਤ। ਅਗੋਚਰੁ-ਅ…ਗੋ…ਚਰ, ਜਿਸ ਤਕ ਗਿਆਨ ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ (ਗੋ-ਇੰਦ੍ਰੇ। ਚਰ-ਪਹੁੰਚ)।੧੩।
ਤਿਸੁ ਭਾਣਾ-ਉਸ ਪ੍ਰਭੂ ਨੂੰ ਚੰਗਾ ਲੱਗਾ। ਆਡਾਣੁ-ਪਸਾਰਾ। ਰਹਾਇਆ-ਟਿਕਾਇਆ।੧੪।
ਗੁਰਿ-ਗੁਰੂ ਨੇ। ਦੇਖੈ-ਸੰਭਾਲ ਕਰਦਾ ਹੈ। ਅਰੰਭੇ-ਬਣਾਏ। ਗੁਪਤਹੁ-ਗੁਪਤ ਹਾਲਤ ਤੋਂ।੧੫।
ਤੇ-ਤੋਂ। ਸਾਚਿ-ਸਦਾ ਥਿਰ ਪ੍ਰਭੂ ਵਿਚ। ਬਿਸਮਾਦੀ-ਹੈਰਾਨ।
ਬਿਸਮ-ਹੈਰਾਨ।੧੬।
ਗੁਰੂ ਤੋਂ ਬਿਨਾ ਰੱਬੀ ਗਿਆਨ ਪ੍ਰਾਪਤ ਨਹੀਂ ਹੋ ਸਕਦਾ:
ਸ਼ਬਦ ਦੇ ਆਖਰੀ ਦੋ ਬੰਦਾਂ ਦੇ ਅਰਥ ਦੱਸਦੇ ਹਨ ਕਿ ਰੱਬ ਨੂੰ ਸਮਝਣ ਲਈ ਪਹਿਲਾਂ ਗੁਰੂ ਦੀ ਲੋੜ ਪੈਂਦੀ ਹੈ ਕਿਉਂਕਿ ਗੁਰੂ ਬਿਨਾ ਰੱਬੀ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰੂ ਪਹਿਲਾਂ ਹੈ ਅਤੇ ਰੱਬ ਪਿੱਛੋਂ ਹੈ।
ਸ਼ਬਦ ਦੇ ਆਖਰੀ ਦੋ ਬੰਦਾਂ ਦੇ ਅਰਥ: ਜਿਸ ਕਿਸੇ ਵਿਰਲੇ ਬੰਦੇ ਨੂੰ ਗੁਰੂ ਨੇ ਉਪਦੇਸ਼ ਸੁਣਾਇਆ, ਉਸ ਨੂੰ ਸਮਝ ਆ ਗਈ ਕਿ ਪਰਮਾਤਮਾ ਜਗਤ ਪੈਦਾ ਕਰ ਕੇ ਆਪ ਹੀ ਸੰਭਾਲ ਕਰ ਰਿਹਾ ਹੈ, ਹਰ ਥਾਂ ਉਸ ਦਾ ਹੁਕਮ ਚੱਲ ਰਿਹਾ ਹੈ। ਉਸ ਪਰਮਾਤਮਾ ਨੇ ਆਪ ਹੀ ਖੰਡ ਬ੍ਰਹਿਮੰਡ ਪਾਤਾਲ ਆਦਿ ਬਣਾਏ ਹਨ ਤੇ ਉਹ ਆਪ ਹੀ ਗੁਪਤ ਹਾਲਤ ਤੋਂ ਪਰਗਟ ਹੋਇਆ ਹੈ।੧੫।
ਰੱਬ ਤੋਂ ਪਹਿਲਾਂ ਪੂਰੇ ਗੁਰੂ ਦੀ ਲੋੜ ਹੈ: ਪੂਰੇ ਗੁਰੂ ਤੋਂ ਇਹ ਸਮਝ ਪੈਂਦੀ ਹੈ ਕਿ ਕੋਈ ਭੀ ਜੀਵ ਪਰਮਾਤਮਾ ਦੀ ਤਾਕਤ ਦਾ ਅੰਤ ਨਹੀਂ ਜਾਣ ਸਕਦਾ। ਹੇ ਨਾਨਕ! ਜਿਹੜੇ ਬੰਦੇ ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ, ਉਹ (ਉਸ ਦੀ ਬੇਅੰਤ ਤਾਕਤ ਦੇ ਕੌਤਕ ਵੇਖ ਵੇਖ ਕੇ) ਹੈਰਾਨ ਹੀ ਹੈਰਾਨ ਹੁੰਦੇ ਹਨ ਤੇ ਉਸ ਦੇ ਗੁਣ ਗਾਉਂਦੇ ਰਹਿੰਦੇ ਹਨ।੧੬।੩।੧੫।
ਗੁਰਬਾਣੀ ਵਿਚੋਂ ਕੁਝ ਕੁ ਹੋਰ ਪ੍ਰਮਾਣ ਦਿੱਤੇ ਜਾ ਰਹੇ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਰੱਬ ਦੀ ਕਿਰਪਾ ਲੈਣੀ ਹੈ ਤਾਂ ਪਹਿਲਾਂ ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਪਵੇਗਾ। ਗੁਰੂ ਕਿਰਪਾ ਤੋਂ ਬਿਨਾ ਰੱਬ ਹਿਰਦੇ ਵਿਚ ਵਸਦਾ ਅਨੁਭਵ ਨਹੀਂ ਕੀਤਾ ਜਾ ਸਕਦਾ। ਗੁਰੂ ਦੀ ਲੋੜ ਪਹਿਲਾਂ ਹੈ ਤਾਂ ਕਿ ਰੱਬ ਦੀ ਸਮਝ ਪੈ ਜਾਏ।
(e) ਗੁਰ ਕਿਰਪਾ ਤੇ ਹਿਰਦੈ ਵਾਸੈ ਭਉਜਲੁ ਪਾਰਿ ਪਰਲਾ॥ (ਪੰਨਾ ੮੯੧)
(ਸ) ਗੁਰ ਕਿਰਪਾ ਤੇ ਹਰਿ ਮਨਿ ਵਸਾਈ॥ (ਪੰਨਾ ਪੰਨਾ ੬੬੩)
(ਹ) ਗੁਰ ਕਿਰਪਾ ਤੇ ਹਰਿ ਨਿਰਭਉ ਧਿਆਇਆ॥ ਬਿਖੁ ਭਉਜਲੁ ਸਬਦਿ ਤਰਾਵਣਿਆ॥ (ਪੰਨਾ ੧੧੪)
(ਕ) ਗੁਰ ਕਿਰਪਾ ਤੇ ਗੁਨ ਗਾਇ ਅਪਾਰ॥ (ਪੰਨਾ ੧੨੩੫)
(ਖ) ਗੁਰ ਮਿਲਿ ਹੁਕਮੁ ਪਛਾਣਿਆ
ਤਬ ਹੀ ਤੇ ਸੁਖੀਆ॥ (ਪੰਨਾ ੪੦੦)
(ਗ) ਗੁਰ ਮਿਲਿ ਐਸੇ ਪ੍ਰਭੂ ਧਿਆਇਆ॥ (ਪੰਨਾ ੧੨੧੨)
(ਘ) ਗੁਰ ਮਿਲਿ ਨਾਨਕ ਪਾਰਬ੍ਰਹਮੁ ਪਛਾਣਾ॥ (ਪੰਨਾ ੫੨)

ਗੁਰ ਜੇਵਡੁ ਦਾਤਾ ਕੋ ਨਹੀ
ਜਿਨਿ ਦਿਤਾ ਆਤਮ ਦਾਨੁ॥ (ਪੰਨਾ ੫੨)
(ਙ) ਗੁਰ ਮਿਲਿ ਨਾਨਕਿ ਖਸਮੁ ਧਿਆਇਆ॥ (ਪੰਨਾ ੧੧੮੪)
(ਚ) ਗੁਰੁ ਦਾਤਾ ਹਰਿ ਨਾਮੁ ਦੇਇ ਉਧਰੈ ਸਭੁ ਸੰਸਾਰੁ॥ (ਪੰਨਾ ੫੨)
(ਛ) ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ॥ (ਪੰਨਾ ੧੩੯੯)
(ਜ) ਖੰਡੇ ਦੀ ਪਾਹੁਲ: ਪਹਿਲਾਂ ਚਰਨ ਪਾਹੁਲ ਅਤੇ ਹੁਣ ਖੰਡੇ ਦੀ ਪਾਹੁਲ ਦਾ ਅਰਥ ਹੈ ਕਿ ਜੇ ਰੱਬ ਨਾਲ ਰਿਸ਼ਤਾ ਗੰਢਣਾ ਹੈ ਤਾਂ ਗੁਰੂ ਦੀ ਸ਼ਰਨ ਵਿਚ ਆ ਜਾ ਅਤੇ ਗੁਰ ਉਪਦੇਸ਼ ਧਾਰਨ ਕਰ, ਨਹੀਂ ਤਾਂ ਰੱਬ ਨਾਲ ਨਹੀਂ ਜੁੜ ਸਕੇਂਗਾ।
ਗੁਰਬਾਣੀ ਦੇ ਉਪਰੋਕਤ ਗਿਆਨ ਤੋਂ ਸਪੱਸ਼ਟ ਹੈ ਕਿ ਗੁਰੂ ਪਹਿਲਾਂ ਹੈ ਅਤੇ ਰੱਬ ਪਿੱਛੋਂ ਹੈ। ਗੁਰੂ ਨੂੰ ਮਨਾਇ ਕੇ ਹੀ ਰੱਬ ਨੂੰ ਮਨਾਇਆ ਜਾ ਸਕਦਾ ਹੈ।
ਭਗਉਤੀ ਵੱਡੀ ਕਿ ਗੁਰੂ?
ਹੁਣ ਵਿਚਾਰ ਕਰਦੇ ਹਾਂ ਭਗਉਤੀ ਅਤੇ ਗੁਰੂ ਤੋਂ ਕੌਣ ਵੱਡਾ ਹੈ? ਰੱਬ ਨਾਲੋਂ ਸਿੱਖ ਲਈ ਗੁਰੂ ਪਹਿਲਾਂ ਹੈ ਕਿਉਂਕਿ ਗੁਰੂ ਹੀ ਰੱਬ ਨਾਲ ਮਿਲਾਉਂਦਾ ਹੈ। ਭਗਉਤੀ ਕਿਉਂਕਿ ਰੱਬ ਤੋਂ ਵੱਡੀ ਨਹੀਂ, ਇਸ ਲਈ ਸਿੱਖ ਲਈ ਗੁਰੂ ਪਹਿਲਾਂ ਹੈ, ਭਗਉਤੀ ਨਹੀਂ। ਭਗਉਤੀ ਤਾਂ ਗੁਰੂ ਤੋਂ ਬਾਅਦ ਵੀ ਸਿੱਖ ਲਈ ਕੋਈ ਅਰਥ ਨਹੀਂ ਰੱਖਦੀ।
ਭਗਉਤੀ ਦੇ ਅਰਥ
(A) ਗੁਰੂ ਗ੍ਰੰਥ ਸਾਹਿਬ ਵਿਚ ਭਗਉਤੀ: ਗੁਰੂ ਗ੍ਰੰਥ ਸਾਹਿਬ ਵਿਚ ਭਗਉਤੀ ਸ਼ਬਦ ਕਿਤੇ ਵੀ ਰੱਬ ਵਾਸਤੇ ਨਹੀਂ ਵਰਤਿਆ ਗਿਆ। ਵੈਸ਼ਨੋ ਦੇ ਭਗਤ ਅਤੇ ਭਗਵੰਤ ਦੇ ਜਾਣਨ ਵਾਲੇ ਲਈ ਇਹ ਸ਼ਬਦ ਵਰਤਿਆ ਗਿਆ ਹੈ, ਜਿਸ ਅਨੁਸਾਰ ‘ਭਗਉਤੀ’ ਰੱਬ ਜਾਂ ਰੱਬ ਦਾ ਨਾਂ ਨਹੀਂ ਹੈ, ਇਸ ਲਈ ਭਗਉਤੀ ਨਾਲੋਂ ਗੁਰੂ ਪਹਿਲਾਂ ਹੈ ਅਤੇ ਭਗਉਤੀ ਗੁਰੂ ਤੋਂ ਪਿੱਛੋਂ ਵੀ ਨਹੀਂ ਹੈ, ਕਿਉਂਕਿ ਇਹ ਦੇਵੀ ਦੁਰਗਾ ਹੈ। ਸੁਖਮਨੀ ਬਾਣੀ ਦੀ ਅੱਠਵੀਂ ਅਸ਼ਟਪਦੀ ਵਿਚ ਭਗਉਤੀ ਸ਼ਬਦ ਪ੍ਰਤੀ ਚਾਨਣਾ ਪਾਇਆ ਗਿਆ ਹੈ,
ਭਗਉਤੀ ਭਗਵੰਤ ਭਗਤਿ ਕਾ ਰੰਗੁ॥
ਸਗਲ ਤਿਆਗੈ ਦੁਸਟ ਕਾ ਸੰਗੁ॥
ਮਨ ਤੇ ਬਿਨਸੈ ਸਗਲਾ ਭਰਮੁ॥
ਕਰਿ ਪੂਜੈ ਸਗਲ ਪਾਰਬ੍ਰਹਮੁ॥
ਸਾਧ ਸੰਗਿ ਪਾਪਾ ਮਲੁ ਖੋਵੈ॥
ਤਿਸੁ ਭਗਉਤੀ ਕੀ ਮਤਿ ਊਤਮ ਹੋਵੈ॥
ਭਗਵੰਤ ਕੀ ਟਹਲ ਕਰੈ ਨਿਤ ਨੀਤਿ॥
ਮਨੁ ਤਨੁ ਅਰਪੈ ਬਿਸਨ ਪਰੀਤਿ॥
ਹਰਿ ਕੇ ਚਰਨ ਹਿਰਦੈ ਬਸਾਵੈ॥
ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ॥੩॥ (ਪੰਨਾ ੨੭੪)
ਪਦਅਰਥ: ਭਗਉਤੀ-(ਸੰਸਕ੍ਰਿਤ ਭਗਵਤੀ) ਭਗਵਾਨ ਦਾ ਉਪਾਸ਼ਕ, ਪਵਿਤਰ ਆਤਮਾ। ਕਰਿ ਸਗਲ-ਸਗਲ ਕਰਿ, ਸਭ ਥਾਂਈਂ ਵਿਆਪਕ ਜਾਣ ਕੇ। ਅਰਪੈ-ਸਦਕੇ ਕਰਦਾ ਹੈ, ਕੁਰਬਾਨ ਕਰਦਾ ਹੈ।
ਅਰਥ: ਭਗਵਾਨ ਦਾ (ਅਸਲੀ) ਉਪਾਸ਼ਕ (ਉਹ ਹੈ ਜਿਸ ਦੇ ਹਿਰਦੇ ਵਿਚ) ਭਗਵਾਨ ਦੀ ਭਗਤੀ ਦਾ ਪਿਆਰ ਹੈ ਤੇ ਜੋ ਸਭ ਮੰਦ-ਕਰਮੀਆਂ ਦੀ ਸੁਹਬਤ ਛੱਡ ਦਿੰਦਾ ਹੈ; ਜਿਸ ਦੇ ਮਨ ਵਿਚੋਂ ਹਰ ਤਰ੍ਹਾਂ ਦਾ ਵਹਿਮ ਮਿਟ ਜਾਂਦਾ ਹੈ, ਜੋ ਅਕਾਲ ਪੁਰਖ ਨੂੰ ਹਰ ਥਾਂ ਮੌਜੂਦ ਜਾਣ ਕੇ ਪੂਜਦਾ ਹੈ।
ਉਸ ਭਗਉਤੀ ਦੀ ਮਤਿ ਉਚੀ ਹੁੰਦੀ ਹੈ, ਜੋ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਪਾਪਾਂ ਦੀ ਮੈਲ (ਮਨ ਤੋਂ) ਦੂਰ ਕਰਦਾ ਹੈ।
ਜੋ ਨਿੱਤ ਭਗਵਾਨ ਦਾ ਸਿਮਰਨ ਕਰਦਾ ਹੈ, ਜੋ ਪ੍ਰਭੂ ਪਿਆਰ ਤੋਂ ਆਪਣਾ ਮਨ ਤੇ ਤਨ ਕੁਰਬਾਨ ਕਰ ਦਿੰਦਾ ਹੈ; ਜੋ ਪ੍ਰਭੂ ਦੇ ਚਰਨ (ਸਦਾ ਆਪਣੇ) ਹਿਰਦੇ ਵਿਚ ਵਸਾਉਂਦਾ ਹੈ। ਹੇ ਨਾਨਕ! ਅਜਿਹਾ ਭਗਉਤੀ ਭਗਵਾਨ ਨੂੰ ਲੱਭ ਲੈਂਦਾ ਹੈ।੩।
ਸਿੱਟਾ: ਸਪੱਸ਼ਟ ਹੈ ਕਿ ਭਗਉਤੀ ਅਤੇ ਭਗਵਾਨ ਇੱਕੋ ਹਸਤੀ ਨਹੀਂ ਹੈ।
(ਅ) ਮਹਾਨ ਕੋਸ਼ ਵਿਚ ‘ਭਗਉਤੀ’ ਦੇ ਅਰਥ:
1. ਕਰਤਾਰ ਦਾ ਉਪਾਸ਼ਕ।
2. ਭਗਵਤੀ. ਦੁਰਗਾ ਦੇਵੀ।
3. ਮਹਾਂਕਾਲ ਜਿਵੇਂ ‘ਪ੍ਰਿਥਮ ਭਗਉਤੀ ਸਿਮਰਿ ਕੈ’।
4. ਤਲਵਾਰ ਜਿਵੇਂ ‘ਲਈ ਭਗਉਤੀ ਦੁਰਗਸ਼ਾਹ’।
5. ਇੱਕ ਛੰਦ ਦਾ ਨਾਂ। ਭਗਵਤੀ ਛੰਦ।
ਵਿਚਾਰ: ਮਹਾਨ ਕੋਸ਼ ਵਿਚ ‘ਭਗਉਤੀ’ ਦੇ ਦਿੱਤੇ ਅਰਥਾਂ ਵਿਚ ਕਿਤੇ ਵੀ ‘ਭਗਉਤੀ’ ਦਾ ਅਰਥ ਰੱਬ, ਅਕਾਲ ਪੁਰਖ, ਸਤਿਨਾਮੁ ਨਹੀਂ ਕੀਤਾ ਗਿਆ, ਕਿਉਂਕਿ ਅਜਿਹਾ ਸਿੱਖੀ ਵਿਚਾਰਧਾਰਾ ਵਿਚ ਸ਼ਾਮਲ ਨਹੀਂ ਹੈ। ਮਹਾਨ ਕੋਸ਼ ਵਿਚ ਭਗਉਤੀ ਦਾ ਕੀਤਾ ਅਰਥ ਮਹਾਂਕਾਲ ਢੁੱਕਦਾ ਨਹੀਂ ਕਿਉਂਕਿ ਦਸਮ ਗ੍ਰੰਥ ਵਿਚ ‘ਵਾਰ ਦੁਰਗਾ ਕੀ’ ਦਾ ਨਾਂ ਬਦਲ ਕੇ ਹੀ ‘ਵਾਰ ਸ਼੍ਰੀ ਭਗਉਤੀ ਜੀ ਕੀ’ ਰੱਖਿਆ ਗਿਆ ਹੈ। ਨਾਂ ‘ਵਾਰ ਦੁਰਗਾ ਕੀ’ ਹੈ, ‘ਮਹਾਂਕਾਲ ਦੀ ਵਾਰ’ ਨਹੀਂ, ਸਗੋਂ ਦੁਰਗਾ ਦੇਵੀ ਦੀ ਵਾਰ ਹੈ ਕਿਉਂਕਿ ਦੁਰਗਾ ਦੇਵੀ ਪਾਰਬਤੀ ਹੀ ਦੈਂਤਾਂ ਨਾਲ ਯੁੱਧ ਕਰਦੀ ਹੈ, ਮਹਾਂਕਾਲ ਨਹੀਂ। ਮਹਾਨ ਕੋਸ਼ ਵਿਚ ਦਿੱਤਾ ‘ਭਗਉਤੀ’ ਦਾ ਅਰਥ ‘ਤਲਵਾਰ’ ਵੀ ਢੁੱਕਦਾ ਨਹੀਂ ਕਿਉਂਕਿ ‘ਵਾਰ ਦੁਰਗਾ ਕੀ’ ਵਿਚ ਦੋਧਾਰੀ ਬਰਛੀ ਨੂੰ ‘ਭਗਉਤੀ’ ਕਿਹਾ ਗਿਆ ਹੈ, ‘ਤਲਵਾਰ’ ਨੂੰ ਨਹੀਂ, ਜਿਵੇਂ,
ਲਈ ਭਗਉਤੀ ਦੁਰਗਸ਼ਾਹ ਵਰਜਾਗਨ ਭਾਰੀ।
ਲਾਈ ਰਾਜੇ ਸੁੰਭ ਨੋ ਰਤੁ ਪੀਐ ਪਿਆਰੀ।
ਡੁੱਬ ਰਤੂ ਨਾਲਹੁ ਨਿਕਲੀ ਬਰਛੀ ਦੁੱਧਾਰੀ।
ਜਾਣ ਰਜ਼ਾਦੀ ਉਤਰੀ ਪੈਨ੍ਹ ਸੂਹੀ ਸਾਰੀ।
ਨੋਟ: ਲਹੂ ਵਿਚ ਡੁੱਬ ਕੇ ‘ਤਲਵਾਰ’ ਨਹੀਂ ਨਿਕਲਦੀ ਸਗੋਂ ‘ਦੋਧਾਰੀ ਬਰਛੀ’ ਨਿਕਲਦੀ ਹੈ। ਦੋਧਾਰੀ ਬਰਛੀ, ਤਲਵਾਰ ਨਹੀਂ ਹੁੰਦੀ। ਸਿੱਖ ਨਾ ਤਾਂ ਤਲਵਾਰ ਦਾ ਪੁਜਾਰੀ ਹੈ ਅਤੇ ਨਾ ਹੀ ਦੋਧਾਰੀ ਬਰਛੀ ਦਾ। ਸਿੱਟੇ ਵਜੋਂ ਗੁਰੂ ਤੋਂ ਨਾ ਭਗਉਤੀ ਅਤੇ ਨਾ ਹੀ ਦੋਧਾਰੀ ਬਰਛੀ ਵੱਡੀ ਹੈ। ਇਨ੍ਹਾਂ ਨੂੰ ਧਿਆਉਣ ਦਾ ਸਿੱਖੀ ਵਿਚ ਕੋਈ ਵਿਧਾਨ ਨਹੀਂ।
ਦਸਮ ਗ੍ਰੰਥ ਵਿਚ ਭਗਉਤੀ ਦੇ ਅਰਥ: ਦਸਮ ਗ੍ਰੰਥ ਵਿਚ ਭਗਉਤੀ ਨੂੰ ਦੁਰਗਾ ਦੇਵੀ, ਭਗਵਤੀ ਅਤੇ ਦੋਧਾਰੀ ਬਰਛੀ ਲਿਖਿਆ ਗਿਆ ਹੈ। ਸਿੱਖ ਲਈ ਦੁਰਗਾ ਦੇਵੀ, ਭਗਵਤੀ ਅਤੇ ਦੋਧਾਰੀ ਬਰਛੀ ‘ਗੁਰੂ’ ਦੇ ਮੁਕਾਬਲੇ ਵਿਚ ਤੁੱਛ ਹਨ। ਇਨ੍ਹਾਂ ਵਿਚੋਂ ਕੋਈ ਵੀ ਸਿੱਖ ਦਾ ਗੁਰੂ ਨਹੀਂ ਹੈ। ਹਥਿਆਰ ਆਤਮ ਰੱਖਿਆ ਵਾਸਤੇ ਸਾਧਨ ਹਨ, ਗੁਰੂ ਨਹੀਂ। ਜੇ ਭਗਉਤੀ ਜਾਂ ਹਥਿਆਰ ਹੀ ਗੁਰੂ ਹੁੰਦੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਭਗਉਤੀ ਦੀ ਮੂਰਤੀ ਅਤੇ ਹਥਿਆਰਾਂ ਦਾ ਹੀ ਪ੍ਰਕਾਸ਼ ਹੋਣਾ ਸੀ। ਨਾ ਤਾਂ ਭਗਉਤੀ ਰੱਬ ਹੈ ਅਤੇ ਨਾ ਹੀ ਦੋਧਾਰੀ ਬਰਛੀ ਰੱਬ ਹੈ। ਭਗਉਤੀ, ਭਵਾਨੀ ਅਤੇ ਭਗਵਤੀ ਦੁਰਗਾ ਦੇ ਹੀ ਨਾਂ ਹਨ।
ਸ਼ਸਤ੍ਰ ਨਾਮ ਮਾਲਾ ਪੁਰਾਣ (ਦਸਮ ਗ੍ਰੰਥ) ਦੇ ਅਰੰਭ ਵਿਚ ਲਿਖਿਆ ਹੈ, ‘ਸ੍ਰੀ ਭਗਉਤੀ ਜੀ ਸਹਾਇ॥’
ਇਸ ਸਿਰਲੇਖ ਤੋਂ ਸਪੱਸ਼ਟ ਹੈ ਕਿ ਭਗਉਤੀ, ਦੇਵੀ ਦੁਰਗਾ, ਭਗਵਤੀ ਦੀ ਸਿਫਤਿ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਮੰਗ ਮੰਗੀ ਜਾ ਰਹੀ ਹੈ, ਜਿਵੇਂ,
(A). ਭੂਤਾਂਤਕ ਸ੍ਰੀ ਭਗਵਤੀ ਭਵਹਾ ਨਾਮ ਬਖਾਨ॥
ਸ੍ਰੀ ਭਵਾਨੀ ਭੈ ਹਰਨ ਸਭ ਕੋ ਕਰੌ ਕਲਯਾਨ॥੩੬॥ (ਦਸਮ ਗ੍ਰੰਥ, ਪੰਨਾ ੭੧੯)
ਨੋਟ: ਭਗਵਤੀ ਅਤੇ ਭਵਾਨੀ ਇੱਕੋ ਬੰਦ ਵਿਚ ਸਮਾਨਾਰਥਕ ਹਨ।
ਇਤਿ ਸ੍ਰੀਨਾਮ ਮਾਲਾ ਪੁਰਾਣੇ ਸ੍ਰੀ ਭਗਉਤੀ ਉਸਤਤ ਪ੍ਰਿਥਮ ਧਿਆਇ ਸਮਾਪਤਮ ਸਤੁ ਸੁਭਮੁ ਸਤੁ॥
ਇਤਿ ਸ੍ਰੀ ਨਾਮ ਮਾਲਾ ਪੁਰਾਣੇ ਚੱਕ੍ਰ ਨਾਮ ਦੁਤੀਯ ਧਿਆਇ ਸਮਾਪਤਮ ਸਤੁ ਸੁਭਮ ਸਤੁ॥
(ਅ) ਦਸਮ ਗ੍ਰੰਥ ਦੇ ਚਰਿਤ੍ਰੋ ਪਖਯਾਨ ਅਧਿਆਇ ਵਿਚ ਪਹਿਲੇ ‘ਚੰਡੀ ਚਰਿੱਤ੍ਰ’ ਵਿਚ ਭਗਉਤੀ ਅਤੇ ਚੰਡੀ/ਦੁਰਗਾ ਦਾ ਨਾਂ ਭਗਵਤੀ ਵੀ ਹੈ, ਜਿਵੇਂ,
ਪ੍ਰਥਮ ਧਿਆਇ ਸ੍ਰੀ ਭਗਵਤੀ ਬਰਨੌ ਤ੍ਰਿਅ ਪ੍ਰਸੰਗ॥
ਮੋ ਘਟ ਮੈ ਤੁਮ ਹ੍ਵੈ ਨਦੀ ਉਪਜਹੁ ਬਾਕ ਤਰੰਗ॥੪੬॥ (ਦਸਮ ਗ੍ਰੰਥ, ਪੰਨਾ ੮੧੩)
ਚੰਡੀ ਚਰਿੱਤ੍ਰ ਦੇ ਅੰਤ ਵਿਚ ਲਿਖਿਆ ਹੈ,
ਇਤਿ ਸ੍ਰੀ ਚਰਿਤ੍ਰ ਪਖਯਾਨੇ ਚੰਡੀ ਚਰਿਤ੍ਰੇ ਪ੍ਰਥਮ
ਧਿਆਇ ਸਮਾਪਤਮ ਸਤੁ ਸੁਭਮ ਸਤੁ॥੧॥੪੮॥ਅਫਜੂੰ॥
ਵਿਚਾਰ: ‘ਅਥ ਪਖਯਾਨ ਚਰਿੱਤ੍ਰ ਲਿਖਯਤੇ’ ਦੀ ਲੜੀ ਵਿਚ ਪਹਿਲਾ ਤ੍ਰਿਅ ਚਰਿੱਤ੍ਰ ‘ਚੰਡੀ’ ਦਾ ਹੈ। ਚੰਡੀ ਨੂੰ ‘ਭਗਵਤੀ’ ਵੀ ਲਿਖਿਆ ਹੈ। ਕਵੀ ਕਹਿੰਦਾ ਹੈ ਕਿ ਪਹਿਲਾਂ ਉਹ ਚੰਡੀ/ਭਗਵਤੀ ਨੂੰ ਚਰਿੱਤ੍ਰ ਰਾਹੀਂ ਯਾਦ ਕਰਕੇ ਫਿਰ ਬਾਕੀ ਇਸਤਰੀਆਂ ਦੇ ਪ੍ਰਸੰਗ ਬਿਆਨ ਕਰੇਗਾ। ਇਹ ਹੀ ਚੰਡੀ ‘ਵਾਰ ਦੁਰਗਾ ਕੀ’ {ਜਿਸ ਦਾ ਪ੍ਰਚਲਿਤ ਕੀਤਾ ਨਾਂ ਚੰਡੀ ਦੀ ਵਾਰ ਵੀ ਹੈ} ਵਿਚ ਦੈਂਤਾਂ ਨਾਲ ਯੁੱਧ ਕਰਦੀ ਹੈ ਤਾਂ ਜੁ ਇੰਦਰ ਦਾ ਦੈਂਤਾਂ ਵਲੋਂ ਖੋਹਿਆ ਰਾਜ ਉਸ ਨੂੰ ਮੁੜ ਮਿਲ ਸਕੇ।
ਚੰਡੀ/ਦੁਰਗਾ/ਭਗਉਤੀ/ਭਗਵਤੀ/ਭਵਾਨੀ/ਸ਼ਿਵਾ/ਚੰਡਿਕਾ/ਕਾਲਿਕਾ/ਗਿਰਜਾ ਆਦਿਕ ਵੱਖ ਵੱਖ ਨਾਂਵਾਂ ਨਾਲ ਬਿਆਨ ਕੀਤੀ ਸ਼ਿਵ ਜੀ ਦੀ ਪਾਰਬਤੀ ਨੂੰ ਜੋ ਅਕਾਲ ਪੁਰਖ ਕਹਿੰਦੇ ਨਹੀਂ ਥੱਕਦੇ, ਉਨ੍ਹਾਂ ਦੀ ਅਗਿਆਨਤਾ ਦੀ ਮੱਤ ਦੇ ਮੂੰਹ ਉਤੇ, ‘ਚੰਡੀ ਦਾ ਪਹਿਲਾ ਤ੍ਰਿਅ ਚਰਿੱਤ੍ਰ’ ਵੱਟ ਕੇ ਮਾਰੀ ਹੋਈ ਗਿਆਨ ਦੀ ਇਕ ਕਰੜੀ ਚਪੇੜ ਹੈ। ਚੰਡੀ ਇੱਕ ਤ੍ਰਿਅ ਜਾਂ ਔਰਤ ਦੁਰਗਾ ਦੇਵੀ ਪਾਰਬਤੀ ਹੈ, ਜਿਸ ਨੂੰ ਭੁੱਲੜ ਸਿੱਖ ਅਕਾਲਪੁਰਖ ਕਹੀ ਜਾਂਦੇ ਹਨ।
ਪਹਿਲਾਂ ਕਿਸ ਤੋਂ ਕਿਰਪਾ ਲੈਣੀ ਹੈ? ਰੱਬ ਤੋਂ, ਭਗਉਤੀ ਤੋਂ ਜਾਂ ਗੁਰੂ ਤੋਂ?
ਉਕਤ ਵਿਚਾਰ ਤੋਂ ਸਿੱਟਾ ਕੱਢਣਾ ਕੋਈ ਮੁਸ਼ਕਿਲ ਨਹੀਂ। ਸਿੱਟੇ ਅਨੁਸਾਰ ਸਿੱਖ ਨੇ ਪਹਿਲਾਂ ਗੁਰੂ ਨੂੰ ਯਾਦ ਕਰਨਾ ਹੈ, ਭਾਵ ਗੁਰੂ ਤੋਂ ਕਿਰਪਾ ਲੈਣੀ ਹੈ ਤਾਂ ਜੋ ਰੱਬ ਚੇਤੇ ਆ ਸਕੇ। ਭਗਉਤੀ ਦੇਵੀ ਨੂੰ ਯਾਦ ਕਰਨ ਦਾ ਸਿੱਖੀ ਵਿਚ ਕੋਈ ਵਿਧਾਨ ਨਹੀਂ ਹੈ।
ਉਪਰੋਕਤ ਸਿੱਟੇ ਦੀ ਵਰਤੋਂ ਕਿਵੇਂ ਕਰਨੀ ਹੈ?
ਅਰਦਾਸਿ ਵਿਚ ‘ਪ੍ਰਿਥਮ ਅਕਾਲਪੁਰਖ ਸਿਮਰਿ ਕੈ ਗੁਰੂ ਨਾਨਕ ਲਈ ਧਿਆਇ’ ਅਤੇ ‘ਪ੍ਰਿਥਮ ਸਤਿਨਾਮੁ ਸਿਮਰਿ ਕੈ’ ਬੋਲਣਾ ਅਪ੍ਰਸੰਗਕ ਹੈ, ਕਿਉਂਕਿ ਪਹਿਲਾਂ ਗੁਰੂ ਹੈ, ਫਿਰ ਅਕਾਲਪੁਰਖ ਹੈ। ਅਕਾਲਪੁਰਖ ਤੋਂ ਨਹੀਂ ਗੁਰੂ ਤੋਂ ਅਕਾਲਪੁਰਖ ਸਬੰਧੀ ਸੋਝੀ ਹੁੰਦੀ ਹੈ। ਮੰਗਲਾਚਰਣ ਵੀ ਹਨੇਰੇ ਵਿਚ ਚਾਨਣ ਕਰਦਾ ਹੋਇਆ ਰੱਬ ਦੇ ਗੁਣ ਬਿਆਨ ਕਰਨ ਪਿੱਛੋਂ ‘ਗੁਰ ਪ੍ਰਸਾਦਿ’ {ਅਰਥ-ਗੁਰੂ ਦੀ ਕਿਰਪਾ ਨਾਲ ਹੀ ਮੰਗਲਾਚਰਨ ਵਿਚ ਬਿਆਨ ਕੀਤੇ ਰੱਬ ਨਾਲ ਸਾਂਝ ਬਣਦੀ ਹੈ} ਦਾ ਉਪਦੇਸ਼ ਦਿੰਦਾ ਹੈ, ਜੋ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਕਿਸੇ ਕਵੀ ਦੀ ਚੰਗੀ ਮਾੜੀ ਰਚਨਾ ਨੂੰ ਤੋੜ ਮਰੋੜ ਕੇ ਵਰਤਣਾ ਵੀ ਯੋਗ ਨਹੀਂ। ਲੋੜ ਹੈ, ‘ਪ੍ਰਿਥਮ ਭਗਉਤੀ’ ਵਾਲੀ ਸਾਰੀ ਪਉੜੀ ਦੀ ਥਾਂ ਕੇਵਲ ਦਸ ਗੁਰੂ ਪਾਤਿਸ਼ਾਹਾਂ ਦੇ ਨਾਂ ਬੜੇ ਅਦਬ-ਸਤਿਕਾਰ ਨਾਲ ਲਏ ਜਾਣ {ਜਿਵੇਂ ਧੰਨੁ ਧੰਨੁ ਗੁਰੂ ਨਾਨਕ ਸਾਹਿਬ ਪਾਤਿਸ਼ਾਹ, ਧੰਨੁ ਧੰਨੁ ਗੁਰੂ ਅੰਗਦ ਸਾਹਿਬ ਪਾਤਿਸ਼ਾਹ…ਧੰਨੁ ਧੰਨੁ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਿਸ਼ਾਹ ਜੀ ਸਭ ਥਾਂਈਂ ਹੋਣਾ ਜੀ ਸਹਾਇ। ਦਸਾਂ ਪਾਤਿਸ਼ਾਹੀਆਂ ਦੀ ਜੋਤਿ ਧੰਨੁ ਧੰਨੁ ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਜੀ ਦੇ ਪਾਠ-ਦਰਸ਼ਨ-ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਗੁਰੂ। ਅੱਗੋਂ ਰਹਿਤ ਮਰਿਆਦਾ ਵਾਲੀ ਅਰਦਾਸ ਜਾਰੀ ਰੱਖੀ ਜਾ ਸਕਦੀ ਹੈ।