ਬੋਰ ਵੈੱਲ ਤ੍ਰਾਸਦੀ ਦਾ ਸਿਆਸੀਕਰਨ

ਗੁਲਜ਼ਾਰ ਸਿੰਘ ਸੰਧੂ
ਸੁਨਾਮ ਨੇੜਲੇ ਪਿੰਡ ਭਗਵਾਨਪੁਰਾ ਦੇ ਮਲੂਕ ਬੱਚੇ ਫਤਿਹਵੀਰ ਵਾਲੀ ਤ੍ਰਾਸਦੀ ਸੱਚ ਮੁੱਚ ਹੀ ਬੜੀ ਦੁਖਦਾਈ ਹੈ। ਉਸ ਦੇ ਮਾਪਿਆਂ ਲਈ ਹੀ ਨਹੀਂ, ਸੰਸਾਰ ਭਰ ਲਈ; ਪਰ ਇਸ ਦਾ ਸਿਆਸੀਕਰਨ ਹੋਰ ਵੀ ਦੁਖਦਾਈ ਹੈ। ਬਚਾਓ ਕਾਰਜਾਂ ਲਈ ਅਪਨਾਏ ਗਏ ਢੰਗ ਤਰੀਕਿਆਂ ‘ਤੇ ਉਸ ਦੀ ਚੁਕਣਾ ਅੰਤਾਂ ਦੀ ਮੂਰਖਤਾ ਹੈ। ਬਾਹਰ ਕੱਢਣ ਲਈ ਲੋਹੇ ਦੀਆਂ ਰਾਡਾਂ ਤੇ ਪਾਈਪਾਂ ਵਾਲੀ ਜੁਗਤ ਜਿਉਂਦੇ ਬੱਚੇ ਲਈ ਵਰਤਣੀ ਕਿੰਨੀ ਗਲਤ ਸੀ, ਇਸ ਦੀ ਗੱਲ ਕੋਈ ਨਹੀਂ ਕਰ ਰਿਹਾ। ਜੇ ਇਸ ਤਕਨੀਕ ਨਾਲ ਬੱਚਾ ਪਹਿਲੇ ਦਿਨ ਹੀ ਕੱਢਿਆ ਜਾਂਦਾ ਤਾਂ ਉਸ ਦੇ ਜੀਵਤ ਅੰਗ ਪਹਿਲੇ ਦਿਨ ਹੀ ਏਨੇ ਵਲੂੰਧਰੇ ਜਾਣੇ ਸਨ ਕਿ ਉਸ ਨੂੰ ਬਚਾਉਣਾ ਸੰਭਵ ਨਹੀਂ ਸੀ। ਨਿਸਚੇ ਹੀ ਇਹ ਤਰੀਕਾ ਤਦ ਹੀ ਵਰਤਿਆ ਗਿਆ, ਜਦੋਂ ਉਸ ਦੇ ਜਿਉਂਦੇ ਹੋਣ ਦੀ ਆਸ ਖਤਮ ਹੋ ਗਈ।

ਸਰਕਾਰ ਵਲੋਂ ਉਸ ਨੂੰ ਪੀ. ਜੀ. ਆਈ. ਲਿਜਾ ਕੇ ਪੋਸਟਮਾਰਟਮ ਕਰਾਉਣਾ ਇੱਕ ਡਰਾਮਾ ਸੀ, ਸਿਆਸਤਦਾਨਾਂ ਵਲੋਂ ਕੀਤੇ ਬੇਲੋੜੇ ਮੁਜਾਹਰਿਆਂ ਨੂੰ ਸ਼ਾਂਤ ਕਰਨ ਦਾ। ਜੇ ਸਰਕਾਰ ਇੰਨਾ ਨਾ ਕਰਦੀ ਤਾਂ ਪਤਾ ਨਹੀਂ ਕੀ ਹੁੰਦਾ। ਸਪਸ਼ਟ ਹੈ ਕਿ ਦੇਸੀ ਤਰੀਕਾ ਉਦੋਂ ਹੀ ਵਰਤਿਆ ਗਿਆ, ਜਦੋਂ ਨੰਨ੍ਹੀ ਤੇ ਮਲੂਕ ਜਿੰਦੜੀ ਅਣਆਈ ਦਾ ਸ਼ਿਕਾਰ ਹੋ ਕੇ ਇਕ ਵਸਤੂ ਦਾ ਰੂਪ ਧਾਰ ਚੁਕੀ ਸੀ। ਵਸਤੂ ਦੇ ਨੱਕ, ਕੰਨ ਤੇ ਅੱਖਾਂ ਨਹੀਂ ਹੁੰਦੇ।
ਇਹ ਸਾਰੇ ਦਾ ਸਾਰਾ ਘਟਨਾਕ੍ਰਮ ਬੇਹਦ ਦੁਖਦਾਈ ਸੀ, ਪਰ ਜਿਸ ਤਰ੍ਹਾਂ ਦਾ ਮੁਜਾਹਰਾ ਲੋਕਾਂ ਦੇ ਇਕੱਠ ਨੇ ਕੀਤਾ, ਉਹ ਹਾਸੋਹੀਣਾ ਹੀ ਨਹੀਂ, ਸ਼ਰਮਨਾਕ ਵੀ ਹੈ। ਬੱਚੇ ਦੇ ਮਾਪੇ ਤੇ ਹੋਰ ਸਾਕ ਸਬੰਧੀ ਬੋਰ ਵੈੱਲ ਵਿਚ ਡਿੱਗੀ ਮਾਸੂਮ ਜਿੰਦੜੀ ਬਾਰੇ ਸੋਚ ਕੇ ਪ੍ਰੇਸ਼ਾਨ ਬੈਠੇ ਹਨ ਤੇ ਘਰ ਦੇ ਬਾਹਰ ਹਜ਼ਾਰਾਂ ਲੋਕ ਸਰਕਾਰ ਤੇ ਪ੍ਰਸ਼ਾਸਨ ਵਿਰੁਧ ਨਾਅਰੇ ਲਾ ਰਹੇ ਹਨ। ਨਿਸਚੇ ਹੀ ਇਹ ਕਾਰਾ ਵਿਰੋਧੀ ਧਿਰ ਦਾ ਹੈ, ਜਿਸ ਨੇ ਵੱਡੀ ਜਿੱਤ ਤੋਂ ਪਿੱਛੋਂ ਦੇਸ਼ ਭਰ ਵਿਚ ਘਟ ਵੋਟਾਂ ਲੈਣ ਵਾਲੀਆਂ ਪਾਰਟੀਆਂ ਦਾ ਜਿਉਣਾ ਹਰਾਮ ਕਰ ਛੱਡਿਆ ਹੈ। ਇਸ ਤ੍ਰਾਸਦੀ ਤੋਂ ਜਨਮੀ ਸਿਆਸਤ ਵਿਚ ਜੇ ਕੋਈ ਦਾਨਾ ਚਿਹਰਾ ਹੈ ਤਾਂ ਫਤਿਹਵੀਰ ਦੇ ਦਾਦੇ ਦਾ, ਜੋ ਆਪਣੇ ਦਰ ‘ਤੇ ਜੁੜੀ ਭੀੜ ਨੂੰ ਹੱਥ ਜੋੜ ਕੇ ਬੇਨਤੀ ਕਰ ਰਿਹਾ ਹੈ ਕਿ ਭਾਣਾ ਮੰਨੋ ਤੇ ਘਰੋ ਘਰ ਜਾਉ। ਫਤਿਹਵੀਰ ਨੂੰ ਬੋਰ ਵਿਚੋਂ ਕੱਢ ਕੇ ਪੀ. ਜੀ. ਆਈ. ਲਿਜਾ ਕੇ ਪੋਸਟਮਾਰਟਮ ਦੀ ਕਾਰਵਾਈ ਕੀਤੀ ਜਾਂਦੀ ਹੈ, ਉਹ ਤਦ ਵੀ ਸ਼ਾਂਤ ਹੈ। ਲਾਸ਼ ਡੱਬੇ ਵਿਚ ਬੰਦ ਵਾਪਸ ਆਉਂਦੀ ਹੈ, ਤਦ ਵੀ ਉਸ ਦੀ ਬੇਨਤੀ ਕੋਈ ਨਹੀਂ ਸੁਣ ਰਿਹਾ। ਸਿਆਸਤ ਜੋਰਾਂ ‘ਤੇ ਹੈ।
ਇਹ ਘੜੀ ਬੱਚੇ ਦੇ ਬਲੀਦਾਨ ਤੋਂ ਸਬਕ ਸਿੱਖਣ ਦੀ ਹੈ। ਨਵੀਨ ਖੇਤੀ ਤਕਨੀਕਾਂ ਨੇ ਬੋਰ ਵੈੱਲ ਲਾਜ਼ਮੀ ਕਰ ਦਿੱਤੇ ਹਨ ਤਾਂ ਉਨ੍ਹਾਂ ਨੂੰ ਖੁੱਲ੍ਹੇ ਨਾ ਛੱਡ ਕੇ ਯੋਗ ਸੁਰੱਖਿਆ ਪ੍ਰਬੰਧ ਕਰਨੇ ਜਾਂ ਕਰਵਾਉਣੇ ਵੀ ਜਰੂਰੀ ਹਨ। ਨਾਅਰੇ ਲਾਉਣ ਲਈ ਹੋਰ ਬੜੇ ਬਹਾਨੇ ਹਨ। ਮੈਂ ਤਾਂ ਇਹੋ ਕਹਾਂਗਾ ਕਿ ਘੜੀ ਦੀ ਨਜ਼ਾਕਤ ਪਛਾਣੋ। ਕੁਝ ਅਕਲ ਕਰੋ ਦੇਸ਼ ਵਾਸੀਓ! ਬੱਚੇ ਦੇ ਦਾਦੇ ਤੋਂ ਸਬਕ ਸਿੱਖੋ।
ਨਵੀਆਂ ਮੰਜ਼ਿਲਾਂ, ਨਵੇਂ ਸੰਜੋਗ: ਭਾਰਤ ਵਿਚ ਵਿਆਹ ਦੇ ਰਿਸ਼ਤੇ ਨੂੰ ਸੰਜੋਗ ਮੰਨਿਆ ਜਾਂਦਾ ਹੈ। ਹੁਣ ਅਮਰੀਕਾ ਤੇ ਕੈਨੇਡਾ ਵਿਚ ਇਸ ਰਿਸ਼ਤੇ ਨੂੰ ਡੈਸਟੀਨੇਸ਼ਨ ਮੈਰਿਜ ਰਾਹੀਂ ਅਮਲ ਵਿਚ ਲਿਆਇਆ ਜਾਂਦਾ ਹੈ। ਰਸਮੀ ਕਾਰਵਾਈ ਲਈ ਦੂਰ ਦੁਰੇਡੀ ਥਾਂ ਚੁਣੀ ਜਾਂਦੀ ਹੈ, ਆਪਣੇ ਦੇਸ਼ ਦੀ ਸੀਮਾਂ ਤੋਂ ਵੀ ਦੂਰ। ਪਿਛਲੇ ਮਹੀਨੇ ਮੈਨੂੰ ਬੰਗਾ ਤੇ ਫਿਲੌਰ ਵਿਚ ਪੈਂਦੇ ਵੱਡੇ ਪਿੰਡ ਸਮਰਾੜੀ ਵਿਖੇ ਵਿਆਹੀ ਆਪਣੀ ਭਾਣਜੀ ਕੰਵਲਜੀਤ ਕੌਰ ਦੇ ਬੇਟੇ ਜਸਬੀਰ ਸਿੰਘ ਰੰਧਾਵਾ ਦੇ ਵਿਆਹ ਉਤੇ ਹਾਜ਼ਰੀ ਭਰਨ ਦਾ ਸੱਦਾ ਆਇਆ। ਉਨ੍ਹਾਂ ਨੇ ਰੁੜਕਾ ਕਲਾਂ ਦੇ ਸੰਧੂਆਂ ਦੀ ਧੀ ਜ਼ਨੀਨ ਨਾਲ ਹੋਏ ਰਿਸ਼ਤੇ ਨੂੰ ਪੱਕਾ ਕਰਨਾ ਸੀ। ਵਿਦੇਸ਼ ਜਾ ਕੇ ਵੱਸੇ ਦੋਵੇਂ ਪਰਿਵਾਰ ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿਚ ਰਹਿੰਦੇ ਹਨ। ਜਸਬੀਰ ਤੇ ਜ਼ਨੀਨ ਜੋੜੀ ਦੀ ਸੰਜੋਗੀ ਸਾਂਝ ਤਾਂ ਵੈਨਕੂਵਰ ਵਿਚ ਹੀ ਜੁੜ ਚੁਕੀ ਸੀ, ਪਰ ਇਹਨੂੰ ਅਮਲੀ ਰੂਪ ਦੇਣ ਦੀ ਕਾਰਵਾਈ ਵਾਸਤੇ ਜਿਹੜੀ ਮੰਜ਼ਿਲ (ਧeਸਟਨਿਅਟਿਨ) ਚੁਣੀ ਗਈ ਸੀ, ਉਹ ਮੈਕਸੀਕੋ ਦਾ ਇੱਕ ਬਹੁਤ ਵੱਡਾ ਹੋਟਲ ਸੀ, ਜੋ ਉਥੋਂ ਦੇ ਸਮੁੰਦਰ ਦੇ ਕੰਢੇ ਪੈਂਦਾ ਹੈ। ਮੈਂ ਹੁਣ ਏਨਾ ਲੰਮਾ ਸਫਰ ਨਹੀਂ ਕਰਦਾ। ਮੈਂ ਆਪਣੀ ਮਜਬੂਰੀ ਦਰਸਾ ਕੇ ਨਿਸਚਿੰਤ ਹੋ ਗਿਆ।
ਪਤਾ ਲੱਗਾ ਹੈ ਕਿ ਉਸ ਡੈਸਟੀਨੇਸ਼ਨ ਮੈਰਿਜ ਵਿਚ ਪਹੁੰਚਣ ਵਾਲੇ ਸਾਰੇ ਰਿਸ਼ਤੇਦਾਰ ਟੋਰਾਂਟੋ, ਨਿਊ ਜਰਸੀ, ਟੈਕਸਸ, ਸੈਨ ਫਰਾਂਸਿਸਕੋ, ਵੈਨਕੂਵਰ, ਐਡਮੰਟਨ ਤੇ ਕੈਲਗਰੀ ਤੋਂ ਉਥੇ ਪਹੁੰਚ ਹੋਏ ਸਨ। ਇਹ ਵੀ ਪਤਾ ਲੱਗਾ ਕਿ ਉਨ੍ਹਾਂ ਨੇ ਉਥੇ ਪਹੁੰਚਣ ਲਈ ਹਵਾਈ ਜਹਾਜਾਂ ਦੀਆਂ ਜੋ ਟਿਕਟਾਂ ਖਰੀਦੀਆਂ ਸਨ, ਉਨ੍ਹਾਂ ਦੇ ਪੈਸੇ ਹਰ ਕਿਸੇ ਨੇ ਆਪਣੇ ਪੱਲਿਓਂ ਭਰੇ ਸਨ। ਇਥੇ ਹੀ ਬਸ ਨਹੀਂ, ਮੈਕਸੀਕੋ ਦੇ ਹੋਟਲ ਵਿਚ ਰਹਿਣ ਤੇ ਖਾਣ ਪੀਣ ਦਾ ਖਰਚਾ ਵੀ ਆਪੋ ਆਪਣੀ ਜੇਬ ਵਿਚੋਂ ਕੀਤਾ ਸੀ। ਵਿਆਹੁੰਦੜ ਕੁੜੀ ਦੇ ਰਿਸ਼ਤੇਦਾਰਾਂ ਨੇ ਵੀ ਤੇ ਲਾੜੇ ਦੇ ਰਿਸ਼ਤੇਦਾਰਾਂ ਨੇ ਵੀ।
ਵਿਦੇਸ਼ਾਂ ਵਿਚ ਅਜਿਹੇ ਖਰਚੇ ਮਣਾ ਮੂੰਹੀਂ ਰੁਪਈਆਂ ਵਿਚ ਨਹੀਂ, ਡਾਲਰਾਂ ਤੇ ਪੌਂਡਾਂ ਵਿਚ ਹੁੰਦੇ ਹਨ। ਅਜਿਹੇ ਵਿਆਹਾਂ ਵਿਚ ਰਲ ਮਿਲ ਕੇ ਖਾਣ ਪੀਣ ਦੀ ਰਸਮ ਤੋਂ ਬਿਨਾ ਮਹਿੰਦੀ, ਮਾਈਆਂ, ਜਾਗੋ ਤੇ ਗੀਤ-ਸੰਗੀਤ ਦੀਆਂ ਸਭ ਰਸਮਾਂ ਹੁੰਦੀਆਂ ਹਨ, ਜੋ ਏਧਰ ਵਾਲੇ ਪੰਜਾਬੀ ਕਾਫੀ ਹੱਦ ਤੱਕ ਭੁਲਾ ਚੁਕੇ ਹਨ। ਵਿਦੇਸ਼ੀ ਰੀਤ ਦਾ ਉਜਲਾ ਪੱਖ ਇਹ ਹੈ ਕਿ ਸੈਂਕੜੇ ਹਜ਼ਾਰਾਂ ਮੀਲ ਦੀ ਦੂਰੀ ਵਾਲੇ ਰਿਸ਼ਤੇਦਾਰ ਦਹਾਕਿਆ ਪਿੱਛੋਂ ਇੱਕ ਦੂਜੇ ਨੂੰ ਮਿਲਦੇ ਹਨ। ਅਜਿਹੀ ਰੀਤ ਨਾ ਹੋਵੇ ਤਾਂ ਟੈਲੀਫੋਨ ‘ਤੇ ਹੀ ਗਿੱਟ ਮਿੱਟ ਹੁੰਦੀ ਹੈ। ਹੋ ਸਕਦਾ ਹੈ, ਕੱਲ ਨੂੰ ਜਨਮ ਮਰਨ ਦੀਆਂ ਰਸਮਾਂ ਵੀ ਇਹੀਓਂ ਰੂਪ ਧਾਰ ਲੈਣ। ਧਾਰਦੀਆਂ ਹਨ ਜਾਂ ਨਹੀਂ, ਸਮੇਂ ਨੇ ਦੱਸਣਾ ਹੈ। ਹਾਲ ਦੀ ਘੜੀ ਡੈਸਟੀਨੇਸ਼ਨ ਮੈਰਿਜ ਸਵਾਗਤ ਮੰਗਦੀ ਹੈ।
ਅੰਤਿਕਾ: ਸੁਖਵਿੰਦਰ ਅੰਮ੍ਰਿਤ
ਮੈਂ ਇੰਜ ਤੜਪਾਂ, ਮੈਂ ਇੰਜ ਸਿਸਕਾਂ
ਇੰਜ ਦੇਵਾਂ ਸੱਦਾ ਉਸ ਨੂੰ,
ਮੇਰਾ ਦਰਿਆ, ਮੇਰੀ ਖਾਤਰ
ਸਮੁੰਦਰ ‘ਚੋਂ ਵੀ ਲੌਟ ਆਏ।