ਯਾਦਾਂ ਦਾ ਵਿਹੜਾ ਗਾਵੇ ਜ਼ਿੰਦਗੀ ਦੇ ਗੀਤ

ਸ਼ਮਸ਼ੇਰ ਸੰਧੂ ਦਾ ਸਮਾਂ-3
ਸ਼ਮਸ਼ੇਰ ਸੰਧੂ ਨੂੰ ਬਹੁਤੇ ਲੋਕ, ਗੀਤਕਾਰ ਵਜੋਂ ਹੀ ਜਾਣਦੇ ਹਨ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਸ ਨੇ ਕਮਾਲ ਦੀਆਂ ਕਹਾਣੀਆਂ ਵੀ ਲਿਖੀਆਂ ਹਨ ਅਤੇ ਉਸ ਦਾ ਰੁਜ਼ਗਾਰ ਮੂਲ ਰੂਪ ਵਿਚ ਪੱਤਰਕਾਰੀ ਸੀ। ਉਸ ਦੇ ਕੁਲੀਗ ਅਤੇ ਯਾਰ ਗੁਰਦਿਆਲ ਸਿੰਘ ਬੱਲ ਨੇ ਆਪਣੇ ਇਸ ਲੰਮੇ ਲੇਖ ਵਿਚ ਸ਼ਮਸ਼ੇਰ ਸੰਧੂ ਬਾਰੇ ਜਿਹੜੀ ਕਥਾ ਸੁਣਾਈ ਹੈ, ਉਹ ਨਿਵੇਕਲੀ ਤਾਂ ਹੈ ਹੀ, ਇਸ ਵਿਚ ਜ਼ਿੰਦਗੀ ਨੂੰ ਸਮਝਣ-ਸਮਝਾਉਣ ਲਈ ਖੋਲ੍ਹੀਆਂ ਘੁੰਡੀਆਂ ਬੜਾ ਦਿਲਚਸਪ ਮੰਜ਼ਰ ਬੰਨ੍ਹਦੀਆਂ ਹਨ। ਐਤਕੀਂ ਪੜ੍ਹੋ ਇਸ ਲੰਮੇ ਲੇਖ ਦੀ ਤੀਜੀ ਤੇ ਆਖਰੀ ਕਿਸ਼ਤ।

-ਸੰਪਾਦਕ

ਗੁਰਦਿਆਲ ਸਿੰਘ ਬੱਲ

ਸ਼ਮਸ਼ੇਰ ਸੰਧੂ ਨੇ ਜ਼ਿੰਦਗੀ ਦੇ ਹਰ ਰੰਗ ਦਾ ਨਜ਼ਾਰਾ ਦੇਖਣ ਦੀ ਚਾਹਤ ਦੇ ਬਾਵਜੂਦ ਆਪਣੇ ਵਿਤ ਅਤੇ ਸੰਕੋਚ ਨਾਲ ਚਲਦਿਆਂ ਆਪਣੇ ਆਪ ਨੂੰ ਪੂਰੀ ਸਾਵਧਾਨੀ ਨਾਲ ਬਚਾ ਕੇ ਰਖਿਆ; ‘ਪੰਜਾਬੀ ਟ੍ਰਿਬਿਊਨ’ ਵਿਚ ਨਿਊਜ਼ ਰੂਮ ਦੀ ਅਤਿ ਨੀਰਸ ਨੌਕਰੀ ਦੌਰਾਨ ਵੀ। ਸ਼ਾਇਦ ਇਸੇ ਸਦਕਾ ਹੀ ਉਹ ਪੰਜਾਬੀਆਂ ਨੂੰ ਆਪਣੇ ਕਈ ਯਾਦਗਾਰੀ ਗੀਤਾਂ ਦੇ ਤੋਹਫੇ ਦੇ ਸਕਿਆ ਹੈ; ਤੇ ਇਹ ਵੀ ਕਿਹੜੀ ਛੋਟੀ ਗੱਲ ਹੈ ਕਿ ਉਹ ਦੀਦਾਰ ਸੰਧੂ ਵਰਗੇ ਆਪਣੇ ਅਨੇਕਾਂ ਮਿੱਤਰਾਂ ਨੂੰ ਸਦਾ ਸਾਹ ਸਾਹ ਨਾਲ ਯਾਦ ਕਰਦਾ ਰਿਹਾ ਹੈ। ਉਨ੍ਹਾਂ ਦੇ ਦੁੱਖਾਂ-ਦਰਦਾਂ ਦੀਆਂ ਕਹਾਣੀਆਂ ਸਦਾ ਸੁਣਾਉਂਦਾ ਰਿਹਾ। ਰਣਧੀਰ ਸਿੰਘ ਚੰਦ, ਜਗਤਾਰ, ਸੁਰਜੀਤ ਪਾਤਰ, ਸੁਖਵਿੰਦਰ ਅੰਮ੍ਰਿਤ, ਐਸ਼ ਐਸ਼ ਮੀਸ਼ਾ ਅਤੇ ਹੋਰ ਕਈ ਸਮਕਾਲੀ ਸ਼ਾਇਰਾਂ ਦੇ ਅਨੇਕਾਂ ਸ਼ਿਅਰ ਉਸ ਨੂੰ ਜ਼ਬਾਨੀ ਯਾਦ ਹਨ। ਇਕ ਵਾਰ ਤਾਂ ਫੋਨ ਉਪਰ ਉਹਨੇ ਕੁਝ ਸ਼ੇਅਰ ਜੋ ਮੈਨੂੰ ਵੀ ਜ਼ਬਾਨੀ ਯਾਦ ਸਨ, ਸੁਣਾ ਕੇ ਸੱਚਮੁੱਚ ਹੈਰਾਨ ਹੀ ਕਰ ਦਿਤਾ। ਗੱਲਾਂ ਗੱਲਾਂ ਵਿਚ ਉਹ ਕਹਿਣ ਲੱਗਾ, ਲੈ ਸ਼ਿਅਰ ਸੁਣ:
ਜ਼ਿਕਰ ਹੀ ਛਿੜਿਆ ਹੈ ਕੇਵਲ ਹੁਸਨ ਦੀ ਉਸ ਜਾਨ ਦਾ
ਦੇਖ ਰੌਸ਼ਨ ਹੋ ਗਏ ਨੇ ਜਾਮ ਸਾਰੇ ਕਿਸ ਤਰ੍ਹਾਂ।

ਰੱਬ ਮੈਥੋਂ ਹਸ਼ਰ ਵਿਚ ਇਸ ਤੋਂ ਸਿਵਾ ਪੁਛੇਗਾ ਕੀ
ਸਿਤਮ ਦੇ ਦਿਨ ਉਸ ਜਹਾਂ ਵਿਚ ਤੂੰ ਗੁਜ਼ਾਰੇ ਕਿਸ ਤਰ੍ਹਾਂ।

ਦਸ ਕਿ ਖਲਾਵਾਂ ਵਿਚ ਵੀ ਖੁਸ਼ ਨੇ ਸਿਤਾਰੇ ਕਿਸ ਤਰ੍ਹਾਂ।
ਖਿੜ ਖਿੜਾ ਕੇ ਹਸਦੇ ਨੇ ਸਬਰ ਮਾਰੇ ਕਿਸ ਤਰ੍ਹਾਂ।
ਆਰਜ਼ੂ ਦੀ ਫਸਲ ਤੇ ਨਾਜ਼ੁਕ ਬਹੁਤ ਹੈ ਜਾਨੇ ਮਨ
ਰਾਸ ਆ ਸਕਦੇ ਨੇ ਇਸ ਨੂੰ ਹੰਝੂ ਖਾਰੇ ਕਿਸ ਤਰ੍ਹਾਂ।
ਇਹ ਸਾਡੇ ਉਸਤਾਦ ਗੁਰਦੀਪ ਦੇਹਰਾਦੂਨ ਦੀ ਕਿਸੇ ਗਜ਼ਲ ਦੇ ਸ਼ੇਅਰ ਹਨ। ਗੁਰਦੀਪ, ਪੰਜਾਬੀ ਦੇ ਸਾਡੇ ਸਮਿਆਂ ‘ਚ ਪਿਛਲੀ ਕਰੀਬ ਅੱਧੀ ਸਦੀ ਤੋਂ ਵੀ ਵੱਧ ਮਿਰਜ਼ਾ ਗ਼ਾਲਿਬ ਅਤੇ ਫ਼ੈਜ਼ ਅਹਿਮਦ ਫ਼ੈਜ਼ ਦੀ ਜ਼ਮੀਨ ਵਿਚ ਗਜ਼ਲਾਂ ਕਹਿਣ ਵਾਲਾ ਅਤੇ ਜ਼ਿੰਦਗੀ ਦੇ ਸੁਹੱਪਣ ਤੇ ਸ਼ਾਨਾਂ ਦਾ ਗੀਤ ਲਗਾਤਾਰ, ਨਿਰੰਤਰ ਗਾਉਣ ਵਾਲਾ ਸ਼ਾਇਰ ਹੈ।
ਗਜ਼ਲਾਂ ਦੇ ਸ਼ਿਅਰ ਹੀ ਨਹੀਂ, ਸ਼ਮਸ਼ੇਰ ਨੂੰ ‘ਜੱਗ ਜੰਕਸ਼ਨ ਰੇਲਾਂ ਦਾ’ ਵਾਲੇ ਦਰਵੇਸ਼ ਕਵੀਸ਼ਰ ਕਰਨੈਲ ਸਿੰਘ ਪਾਰਸ ਦੀਆਂ ਅਨੇਕਾਂ ਝੋਕਾਂ ਅਤੇ ਕੋਰੜੇ ਵੀ ਚੇਤੇ ਹਨ। ਕਈ ਵਰ੍ਹੇ ਪਹਿਲਾਂ ਕੇਰਾਂ ਸ਼ਮਸ਼ੇਰ ਨਰਿੰਦਰ ਭੁੱਲਰ ਨਾਲ ਅਤੇ ਉਸ ਤੋਂ ਪਿਛੋਂ ਉਸ ਦੇ ਸਾਥੀ ਜਸਬੀਰ ਸਮਰ ਨਾਲ ਮੈਨੂੰ ਪਟਿਆਲੇ ਘਰੇ ਮਿਲਣ ਆਇਆ। ਦੋਵੇਂ ਵਾਰੀਂ ਪੀਟਰ ਸਕਾਟ ਦੀਆਂ ਦੋ ਬੋਤਲਾਂ ‘ਉਪਹਾਰ’ ਵਜੋਂ ਮੈਨੂੰ ਉਹ ਦੇ ਕੇ ਜਾਂਦਾ ਰਿਹਾ। ਉਸ ਨੂੰ ਮਨੋ ਮਨੀ ਕੰਜੂਸ ਸਮਝਣ ਵਾਲਾ ਮੇਰਾ ‘ਸ਼ਿਕਵਾ’ ਉਸ ਮੁਕਾ ਦਿਤਾ। ਉਸ ਵਲੋਂ ਉਸ ਸਮੇਂ ਸੁਣਾਏ ‘ਪਾਰਸ’ ਦੇ ਇਕ ਕੋਰੜੇ ਦੇ ਇਕ ਦੋ ਬੰਦ ਜ਼ਰਾ ਦੇਖੋ:
ਹੋਵੇ ਹੇ ਪਰਮਾਤਮਾ, ਦੁਸ਼ਮਣ ਦਾ ਵੀ ਭਲਾ
ਟਲੇ ਗੁਆਂਢੀ ਤੋਂ ਸਦਾ, ਕੋਹਾਂ ਦੂਰ ਬਲਾ
ਰੱਖੀਂ ਮਰਦਿਆਂ ਤਕ ਤੂੰ, ਸਭ ਦੀ ਉਜਲੀ ਪੱਤ
ਤੇਰੇ ਭਾਣੇ ਦਾਤਿਆ, ਸੁਖੀ ਵਸੇ ਸਰਬੱਤ।

ਗਿਆਨੀ, ਪੰਡਿਤ, ਮੌਲਵੀ, ਉਗਲ ਫਿਰਕੂ ਵੱਖ
ਆਪਸ ਵਿਚ ਲੜਾਉਣ ਨਾ, ਹਿੰਦੂ, ਮੁਸਲਿਮ, ਸਿੱਖ
ਸੰਨ 47 ਵਾਂਗ ਨਾ, ਚੁੱਕਣ ਚੰਦਰੀ ਅੱਤ
ਤੇਰੇ ਭਾਣੇ ਦਾਤਿਆ, ਸੁਖੀ ਵਸੇ ਸਰਬੱਤ।
ਇਸੇ ਤਰ੍ਹਾਂ ‘ਜੱਗ ਜੰਕਸ਼ਨ ਰੇਲਾਂ’ ਦਾ ਸ਼ਮਸ਼ੇਰ ਨੂੰ ਸਾਰਾ ਹੀ ਜ਼ੁਬਾਨੀ ਯਾਦ ਹੈ। ਇਸ ਵਿਚੋਂ ਵੀ ਇਕ ਬੰਦ ਜ਼ਰਾ ਦੇਖੋ:
ਘਰ ਨੂੰਹ ਨੇ ਸਾਂਭ ਲਿਆ, ਤੁਰ’ਗੀ ਧੀ ਝਾੜ ਕੇ ਪੱਲੇ
ਪੋਤੇ ਨੇ ਜਨਮ ਲਿਆ, ਬਾਬਾ ਸਿਵਿਆਂ ਦੇ ਵੱਲ ਚੱਲੇ
ਕਿਤੇ ਜ਼ੋਰ ਮਕਾਣਾਂ ਦਾ, ਕਿਧਰੇ ਵਿਆਹ ਅਤੇ ਮੁਕਲਾਵੇ
ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇਕ ਆਵੇ ਇਕ ਜਾਵੇ।
ਸ਼ਮਸ਼ੇਰ ਦੀਆਂ ਅਨੇਕ ਪ੍ਰਾਪਤੀਆਂ ਹਨ; ਸਭੇ ਉਸ ਦੇ ਯਾਰਾਂ ਨੇ ਭਲੀ ਭਾਂਤ ਗਿਣਾਈਆਂ ਹੋਈਆਂ ਹਨ ਪਰ ਮੇਰੀ ਜਾਚੇ ਉਸ ਦੇ ਅਨੰਦ ਦੀ ਸਿਖਰ ਉਸ ਦੇ ਲੜਕੇ ਗਗਨਜੀਤ ਦੇ ਵਿਆਹ ਵਾਲਾ ਮੇਲਾ ਸੀ। ਮੈਂ ਉਸ ਯਾਦਗਾਰੀ ਮੇਲੇ ਵਿਚ ਤਾਂ ਸ਼ਰੀਕ ਨਾ ਹੋ ਸਕਿਆ, ਉਸ ਦੇ ਜਲਵੇ ਅਤੇ ਸ਼ਮਸ਼ੇਰ ਦੇ ਚਾਅ ਦਾ ਨਜ਼ਾਰਾ ਨੈਟ ਉਤੇ ਪਾਈ ਉਸ ਵਿਆਹ ਦੀ ਰਿਕਾਰਡਿੰਗ ਤੋਂ ਹੀ ਕੀਤਾ। ਸਾਰੇ ਹੀ ਅਹਿਮ ਗਾਇਕ ਅਤੇ ਹੋਰ ਅਨੇਕਾਂ ਯਾਰ-ਬਾਸ਼ ਉਥੇ ਹਾਜ਼ਰ ਸਨ। ਸ਼ਮਸ਼ੇਰ ਦੇ ਲੜਕੇ ਗਗਨ ਅਤੇ ਨੂੰਹ ਅਦਿਤੀ ਨੂੰ ਨਾਲ ਲੈ ਕੇ ਪੰਜਾਬ ਦੇ ਮਹਿਬੂਬ ਗਾਇਕ ਗੁਰਦਾਸ ਮਾਨ ਨੇ ਮੁੰਡੇ ਦੀ ਘੋੜੀ ਗਾ ਕੇ ਜੋ ਅਲੌਕਿਕ ਜਲਵਾ ਖੜ੍ਹਾ ਕੀਤਾ, ਉਹ ਦੇਖਿਆਂ ਹੀ ਬਣਦਾ ਹੈ। ਉਸ ਦੇ ਦੋ ਚਾਰ ਬੋਲ ਜ਼ਰਾ ਦੇਖੋ:
ਵੇ ਤੇਰੀ ਘੋੜੀ ਜੀਵੇ, ਵੇ ਤੇਰੀ ਘੋੜੀ ਜੀਵੇ
ਵੇ ਬਜੁਰਗਾਂ ਦਾ ਸਦਾ ਸਿਰ ‘ਤੇ
ਰਵੇ ਸਾਇਆ!
ਕਰੇ ਸੇਵਾ ਤੂੰ ਮਾਪਿਆਂ ਦੀ
ਵੇ ਮਾਂ ਜਾਇਆ।

ਰੱਬ ਕਰੇ, ਘਰਵਾਲੀ ਤੇਰੀ
ਸਦਾ ਸੁਹਾਗਣ ਥੀਵੇ
ਪੁੱਤ, ਪੋਤਰਿਆਂ, ਦੋਹਤਰਿਆਂ ਤੋਂ
ਪਾਣੀ ਵਾਰ ਕੇ ਪੀਵੇ।

ਸ਼ਮਸ਼ੇਰ ਗਗਨਗੀਤ ਅਤੇ ਨੂੰਹ ਅਦਿਤੀ ਦੇ ਨਾਲ ਖੜ੍ਹਾ ਹੈ। ਪੰਮੀ ਬਾਈ ਉਸ ਦੇ ਨਾਲ ਹੈ ਅਤੇ ਗੁਰਦਾਸ ਮਾਨ ਘੋੜੀ ਗਾ ਰਿਹਾ ਹੈ। ਕੇਹਾ ਉਦਾਤ ਵਾਤਾਵਰਨ ਬੱਝਾ ਹੋਇਆ ਹੈ। ਮੁਆਫ ਕਰਨਾ, ਬਾਬਾ ਪ੍ਰੇਮ ਸਿੰਘ ਹੋਤੀ ਨੇ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਦਾ ਬਿਰਤਾਂਤ ਜਿਸ ਚਾਅ ਤੇ ਉਮਾਹ ਨਾਲ ਬੰਨ੍ਹਿਆ ਹੈ, ਸ਼ਮਸ਼ੇਰ ਦੇ ਲਾਡਲੇ ਪੁੱਤਰ ਦੇ ਵਿਆਹ ਦੀ ਇਹ ਸਿਖਰਲੀ ਝਾਕੀ ਦਾ ਨਜ਼ਾਰਾ ਕਰਦਿਆਂ ਮੇਰੇ ਚੇਤਿਆਂ ਅੰਦਰ ਬਾਬਾ ਜੀ ਦੇ ਉਸ ਬਿਰਤਾਂਤ ਦੀ ਕਿਧਰੇ ਬਚਪਨ ਵਿਚ ਪੜ੍ਹੀ ਲਿਖਤ ਦੇ ਧੁੰਦਲੇ ਪਏ ਵੇਰਵੇ ਆਪ ਮੁਹਾਰੇ ਹੀ ਵਾਰ ਵਾਰ ਉਭਰੀ ਜਾ ਰਹੇ ਸਨ।
ਆਈਜਾਡੋਰਾ ਡੰਕਨ 20ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਦੀ ਮਹਾਨ ਨ੍ਰਿਤਕੀ ਸੀ। ਮੈਂ ਉਮਰ ਭਰ ਉਸ ਦੀ ਸ਼ਖਸੀਅਤ, ਉਸ ਦੀ ਕਲਾ ਅਤੇ ਭਿਆਨਕ ਤ੍ਰਾਸਦੀ ਦੇ ਵੱਖ ਵੱਖ ਅੰਜਾਮਾਂ ‘ਤੇ ਚਿਤਵਨ ਕੀਤਾ ਹੈ। ਮੈਨੂੰ ਸਦਾ ਹੀ ਉਹ ਆਪਣੀ ਬੇਹੱਦ ਪਿਆਰੀ ਭੈਣ ਲਗਦੀ ਰਹੀ ਹੈ। ਮੈਂ ਉਸ ਬਾਰੇ ਬਣੀਆਂ ਇਕ ਦੋ ਫਿਲਮਾਂ ਦੇਖੀਆਂ ਹਨ। ਉਹ ਸਟੇਜ ‘ਤੇ ਨੱਚਣ ਲਈ ਜਦੋਂ ਆਉਂਦੀ ਹੈ ਤਾਂ ਜਦੇ ਹੀ ਇੰਦਰ ਦੇ ਅਖਾੜੇ ਵਿਚ ਅਪਸਰਾਵਾਂ ਦੇ ਇਲਾਹੀ ਨਾਚ ਵਾਲਾ ਮਾਹੌਲ ਆਸ਼ਕਾਰ ਹੋ ਜਾਂਦਾ ਹੈ। ਸਾਡੇ ਆਪਣੇ ਸਮਿਆਂ ਅੰਦਰ ‘ਵਾਕਾ ਵਾਕਾ’ ਗੀਤ ਵਾਲੀ ਕੋਲੰਬੀਅਨ ਨ੍ਰਿਤਕੀ ਸ਼ਕੀਰਾ ਅਜਿਹਾ ਕੌਤਿਕ ਹੀ ਤਾਂ ਕਰਦੀ ਹੈ, ਤੇ ਕੇਹੀ ਲੈਅ ਸੀ ਉਸ ਦਿਨ ਗੁਰਦਾਸ ਮਾਨ ਦੇ ਵਿਆਹ ਵਾਲੇ ਮੁੰਡੇ ਖਾਤਰ ਘੋੜੀ ਗਾਇਨ ਵਿਚ, ਮਾਨੋ ਇਹ ਪਲ ਸਾਡੇ ਸਾਥੀ, ਸ਼ਮਸ਼ੇਰ ਲਈ ਬੇਸ਼ਕੀਮਤੀ ਉਪਹਾਰ ਸਨ ਜੋ ਉਹਨੇ ਬੜੇ ਸੰਜਮ ਨਾਲ ਜਿਉਂਦਿਆਂ, ਫੂਕ ਫੂਕ ਕੇ ਪੈਰ ਧਰਦਿਆਂ ਹਾਸਲ ਕੀਤਾ ਸੀ।
ਪਾਸ਼ ਦੀ ਵਾਰਤਕ ਦੀ ਕਿਤਾਬ ‘ਤਲਵੰਡੀ ਸਲੇਮ ਨੂੰ ਜਾਂਦੀ ਸੜਕ’ ਜਿਸ ਦਾ ਸੰਪਾਦਨ ਉਸ ਦੇ ਪਿਤਾ ਸ਼ ਸੋਹਣ ਸਿੰਘ ਸੰਧੂ ਨੇ ਕੀਤਾ ਹੈ, ਮੇਰੇ ਸਾਹਮਣੇ ਪਈ ਹੈ। ਝਿਜਕ ਜਿਹੀ ਹੈ ਕਿ ਉਸ ਨੂੰ ਛੇੜਾਂ ਜਾਂ ਨਾ। ਖੈਰ, ਉਸ ਦਾ ਪਹਿਲਾ ਹੀ ਲੇਖ ‘ਪ੍ਰਤੀਬਧਤਾ ਬਾਰੇ ਮੇਰੀ ਰਾਏ’ ਖੁਦ ਬਖੁਦ ਸਾਹਮਣੇ ਆ ਜਾਂਦਾ ਹੈ। ਲੇਖ ਦਸੰਬਰ 1977 ‘ਚ ਉਨ੍ਹਾਂ ਵਕਤਾਂ ਦਾ ਹੈ ਜਦੋਂ ਸ਼ਮਸ਼ੇਰ ਨਾਲ ਉਸ ਦੀ ਆੜੀ ਸਿਖਰ ‘ਤੇ ਰਹੀ ਹੋਵੇਗੀ। ਲੇਖ ਵਿਚ ਪਲੈਖਾਨੋਵ, ਏਂਗਲਜ਼, ਲੈਨਿਨ, ਲੂਨਾਚਾਰਸਕੀ, ਤਰਾਤਸਕੀ, ਮਾਓ ਜ਼ੇ-ਤੁੰਗ, ਮੈਕਸਿਮ ਗੋਰਕੀ, ਲੂਸ਼ੁਨ ਅਤੇ ਨਾਲ ਹੀ ਰੈਲਫ ਫਾਕਸ ਦਾ ਵੀ ਜ਼ਿਕਰ ਹੈ। ਪਾਸ਼ ਜੀਵਨ ਤੇ ਸਾਹਿਤ ਅੰਦਰ ਪ੍ਰਤੀਬਧਤਾ ਦੇ ਵਿਸ਼ੇ ਨਾਲ ਖੌਜਲਣ ਦੀ ਕੋਸ਼ਿਸ਼ ਕਰਦਾ ਮਲੂਮ ਹੁੰਦਾ ਹੈ। ਪੜ੍ਹਦਿਆਂ ਮਨ ਵਿਚ ਆਉਂਦਾ ਹੈ ਕਿ ਭਲਾ ਸ਼ਮਸ਼ੇਰ ਵੀ ਕਦੀ ਅਜਿਹੇ ਗੇੜ ਵਿਚ ਪਿਆ ਹੋਵੇਗਾ?
ਉਦੋਂ ਹੀ ਸ਼ਮਸ਼ੇਰ ਸੰਧੂ ਦਾ ਐਲਾਨ ਯਾਦ ਆ ਜਾਂਦਾ ਹੈ ਕਿ ਉਸ ਨੂੰ ਕਦੀ ਵੀ ਪ੍ਰਤੀਬਧ ਹੋਣ ਦੀ ਕੋਈ ਸਿਰਦਰਦੀ ਨਹੀਂ ਸੀ ਅਤੇ ਨਾ ਹੀ ਜ਼ੁਲਮ ਜਾਂ ਬੇਇਨਸਾਫੀ ਵਿਰੁਧ ਲੜਨ ਦਾ ਉਸ ਦਾ ਕੋਈ ਸਰੋਕਾਰ ਸੀ। ਉਸ ਨੂੰ ਬਸ ਜ਼ਿੰਦਗੀ ਪਾਸ਼ ਜਿੰਨੀ ਹੀ ਸੋਹਣੀ ਲਗਦੀ ਸੀ; ਮਦਾਰਪੁਰੇ ਦੀਆਂ ਸਵੇਰਾਂ ਤੇ ਸ਼ਾਮਾਂ ਸੁੰਦਰ ਲਗਦੀਆਂ ਸਨ। ਉਹਨੇ ਆਪਣੇ ਸ਼ੌਕ ਲਈ ਜ਼ਿੰਦਗੀ ਦੇ ਇਸੇ ਸੁਹੱਪਣ ਨੂੰ ਨਿਹਾਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਵਜੋਂ ਗੀਤ ਲਿਖੇ ਹਨ ਅਤੇ ਅਜਿਹਾ ਕਰਦਿਆਂ ਪੰਜਾਬੀ ਸਭਿਆਚਾਰ ਨੂੰ ਰਾਈ ਭਰ ਦੇਣ ਵੀ ਕੋਈ ਦਿਤੀ ਗਈ ਹੋਵੇ ਤਾਂ ਉਸ ਦੇ ਧੰਨ ਭਾਗ ਹਨ।
ਸ਼ਮਸ਼ੇਰ ਦਾ ਪਿਆਰਾ ਮਿੱਤਰ ਡਾ. ਨਾਹਰ ਸਿੰਘ, ਜਿਸ ਨੇ ਮਾਲਵੇ ਦੇ ਲੋਕ ਗੀਤਾਂ ਅਤੇ ਬੋਲੀਆਂ ਨੂੰ ਕਈ ਜਿਲਦਾਂ ਵਿਚ ਇਕੱਤਰ ਕੀਤਾ ਅਤੇ ਆਪਣੀ ਹੀ ਕਿਸਮ ਦਾ ਸਭਿਆਚਾਰ ਸ਼ਾਸਤਰੀ ਹੈ, ਪਿਛਲੇ ਕੁਝ ਦਹਾਕਿਆਂ ਦੇ ਅੰਨ੍ਹੇ ਵਿਸ਼ਵੀਕਰਨ ਦੇ ਦੌਰ ਵਿਚ ਸਾਹਮਣੇ ਆਈ ਪੰਜਾਬੀ ਗਾਇਕੀ ਤੋਂ ਸੰਤੁਸ਼ਟ ਨਹੀਂ ਹੈ। ਆਪਣੇ ਚਰਚਿਤ ਲੇਖ ‘ਪੰਜਾਬੀ ਗਾਇਕੀ: ਅਖਾੜੇ ਤੋਂ ਫਿਲਮਾਂਕਣ ਤੱਕ’ ਵਿਚ ਉਸ ਨੇ ਅਫਸੋਸ ਜਾਹਰ ਕੀਤਾ ਹੈ ਕਿ ਕਿਸੇ ਵੀ ਸਭਿਆਚਾਰ ਦੀਆਂ ਬਣਤਰਾਂ (ਸਮੇਤ ਗਾਇਕੀ ਤੇ ਸੰਗੀਤ) ਦੇ ਬਾਹਰੀ ਰੂਪ ਭਾਵੇਂ ਉਹੀ ਬਣੇ ਰਹਿੰਦੇ ਹਨ ਪਰ ਉਨ੍ਹਾਂ ਵਿਚਲਾ ਵਸਤੂ ਪਲੀਤ ਹੁੰਦਾ ਚਲਾ ਜਾਂਦਾ ਹੈ। ਨਾਹਰ ਸਿੰਘ ਨੂੰ ਇਕੀਵੀਂ ਸਦੀ ਦੇ ਪਹਿਲੇ ਦਹਾਕੇ ਦੀ ਪੰਜਾਬੀ ਗਾਇਕੀ ਅੰਦਰ ਬੋਲ ਅਤੇ ਫਿਲਮਾਂਕਣ, ਦੋਵਾਂ ਪੱਧਰਾਂ ਤੇ ਉਜਾਗਰ ਹੁੰਦੀ ਪੰਜਾਬਣ ਮੁਟਿਆਰ ਦੀ ਸੂਰਤ ਅਤੇ ਨੰਦ ਲਾਲ ਨੂਰਪੁਰੀ ਦੇ ਗੀਤਾਂ ਵਿਚੋਂ ਨਜ਼ਰ ਆਉਂਦੀ ਪੰਜਾਬਣ ਮੁਟਿਆਰ ਦੇ ਮੁਹਾਂਦਰੇ ਦੀ ਨਿਸਬਤ ਦਾ ਅੰਤਰ ਵਿੰਹਦਿਆਂ ਉਨ੍ਹਾਂ ਦੀ ਧਾਰਨਾ ਬਿਲਕੁਲ ਸਹੀ ਮਲੂਮ ਹੁੰਦੀ ਹੈ। ਉਹ ਮੰਨਦਾ ਹੈ ਕਿ ਸਮੇਂ ਅਤੇ ਸਥਿਤੀਆਂ ਦੇ ਬਦਲਣ ਨਾਲ ਪੰਜਾਬੀ ਗਾਇਕੀ ਦਾ ਬਦਲਣਾ ਸੁਭਾਵਿਕ ਤਾਂ ਸੀ ਪਰ ਇਸ ਦਾ ਰਸਾਤਲ ਵੱਲ ਚਲੇ ਜਾਣਾ ਤਾਂ ਜ਼ਰੂਰੀ ਨਹੀਂ ਸੀ।
ਡਾ. ਨਾਹਰ ਸਿੰਘ ਦਾ ਕਹਿਣਾ ਹੈ ਕਿ ਮਾਨ ਮਰਾੜਾਂ ਵਾਲੇ, ਦੇਵ ਥਰੀਕਿਆਂ ਵਾਲੇ ਅਤੇ ਦੀਦਾਰ ਸੰਧੂ ਦੇ ਮਕਬੂਲ ਹੋਏ ਗੀਤਾਂ ਅੰਦਰ ਪੰਜਾਬੀ ਰਹਿਤਲ ਦੀਆਂ ਬਥੇਰੀਆਂ ਸਿਹਤਮੰਦ ਸੁਰਾਂ ਸੁਰਖਿਅਤ ਹਨ ਅਤੇ ਉਨ੍ਹਾਂ ਦੀ ਜਾਚੇ ਸ਼ਮਸ਼ੇਰ ਦੇ ਸਾਦ-ਮੁਰਾਦੇ ਜਿਹੇ ਗੀਤ ਉਸ ਰਵਾਇਤ ਦੇ ਅੰਤਿਮ ਮੀਲ ਪੱਥਰ ਦੇ ਹਾਰ ਖੜ੍ਹੇ ਹਨ। ਫਿਰ ਪੰਜਾਬੀ ਫੋਕ ਦੀਆਂ ਪੁਰਾਣੀਆਂ ਤਰਜ਼ਾਂ ਸ਼ਮਸ਼ੇਰ ਦੀ ਆਤਮਾ ਵਿਚ ਲੱਥੀਆਂ ਹੋਈਆਂ ਸਨ। ਉਨ੍ਹਾਂ ਵਿਚੋਂ ਹੀ ਬਹੁਤੀਆਂ ਨੂੰ ਨਵਿਆ ਕੇ ਉਹਨੇ ਆਪਣੇ ਗੀਤਾਂ ਵਿਚ ਇਸਤੇਮਾਲ ਕੀਤਾ ਅਤੇ ਉਹ ਸੁਣਨ ਵਾਲਿਆਂ ਦੇ ਮਨਾਂ ਨੂੰ ਮੋਹ ਗਈਆਂ।
ਨਾਹਰ ਸਿੰਘ ਦਾ ਕਹਿਣਾ ਹੈ ਕਿ ਇਹ ਵੀ ਬੜਾ ਸੁੰਦਰ ਇਤਫਾਕ ਸੀ ਕਿ ਕੁਝ ਇਤਰਾਜ਼ਾਂ ਦੇ ਬਾਵਜੂਦ ਸ਼ਮਸ਼ੇਰ ਦੇ ਪੇਂਡੂ ਰਹਿਤਲ ਦੀਆਂ ਕਈ ਸੂਖਮ ਸੁਰਾਂ ਨਾਲ ਸੰਜੋਏ ਗੀਤਾਂ ਨੂੰ ਅਤੁਲ ਸ਼ਰਮਾ ਦੇ ਸੰਘਣੇ ਸੰਗੀਤ ਦੇ ਨਾਲ ਨਾਲ ਸੁਰਜੀਤ ਬਿੰਦਰਖੀਆ ਦੇ ਆਪ ਮੁਹਾਰੇ ਬੁਲੰਦ ਰਸਟਿਕ ਅੰਦਾਜ਼ ਵਿਚ ਗਾਏ ਜਾਣ ਦਾ ਸਬੱਬ ਬਣਿਆ।
3-4 ਸਾਲ ਪਹਿਲਾਂ ਸ਼ਮਸ਼ੇਰ ਨਾਲ ਅਚਾਨਕ ਮੁਲਾਕਾਤ ਹੋ ਗਈ ਤਾਂ ਗੱਲਾਂ ਗੱਲਾਂ ਵਿਚ ਉਸ ਨੇ ਜ਼ਰਾ ਕੁ ਵਿਅੰਗ ਨਾਲ ਸਵਾਲ ਕੀਤਾ, ਅਖੇ “ਬੱਲ ਸੁਣਾ, ਅੱਜਕੱਲ੍ਹ ਕਿਥੇ ਖੜ੍ਹਾਂ?”
ਇਹ ‘ਕਿੱਥੇ ਖੜ੍ਹਾਂ’ ਵਾਲਾ ਸਵਾਲ 70ਵਿਆਂ ਦੇ ਉਸ ਦਹਾਕੇ ਦਾ ‘ਸਿਗਨੇਚਰ’ ਬੋਲਾ ਸੀ ਜਦੋਂ ਸ਼ਮਸ਼ੇਰ ਸੰਧੂ ‘ਪੰਜਾਬੀ ਟ੍ਰਿਬਿਊਨ’ ਵਿਚ ਕੰਮ ਕਰਨ ਲਈ ਆਇਆ ਸੀ। 1966 ਤੋਂ 76 ਤੱਕ ਚੀਨੀ ਸਭਿਆਚਾਰਕ ਇਨਕਲਾਬ ਦੇ ਸਮਿਆਂ ਵਿਚ, ਖਾਸ ਕਰਕੇ 1968 ਵਿਚ ਫਰਾਂਸੀਸੀ ਇਨਕਲਾਬ ਦੌਰਾਨ ਤਾਂ ਨੌਜਵਾਨ ਇਨਕਲਾਬੀ ਵਿਦਿਆਰਥੀਆਂ ਦਾ ਇਹ ਕੇਂਦਰੀ ਫੰਡਾ ਸੀ ਕਿ ਕੋਈ ਇਨਸਾਨ ਜਾਂ ਚਿੰਤਕ ਖੜ੍ਹਾ ਕਿਥੇ ਹੈ, ਜਾਣੀ ਉਹ ਕਿਸ ਸਮਾਜੀ ਧਿਰ ਨਾਲ ਖੜ੍ਹਾ ਹੈ। ਜੀਵਨ ਲੀਲਾ ਜਾਂ ਸੰਗਰਾਮ ਵਿਚ ਉਸ ਦੀ ਪ੍ਰਤੀਬਧਤਾ ਕਿਸ ਦਾਅ ਹੈ? ਇਨ੍ਹਾਂ ਹੀ ਵਕਤਾਂ ਵਿਚ ਖੱਬੇ ਪੱਖੀ ਮਾਰਕਸੀ ਧਾਰਾ ਦੇ ਦੰਤ ਕਥਾਈ ਚਿੰਤਕ ਪ੍ਰੋ. ਰਣਧੀਰ ਸਿੰਘ ਵੀ ਆਪਣੇ ਪ੍ਰਵਚਨਾਂ ਵਿਚ ਅਕਸਰ ਹੀ ਇਹ ਮੁੱਦਾ ਉਠਾਉਂਦੇ ਰਹੇ। ਰੱਬ ਜਾਣੇ, ਕਿਥੋਂ ਅਤੇ ਕਿਹੜੇ ਭਲੇ ਵਕਤਾਂ ਵਿਚ ਸਾਡੇ ਆਪਣੇ ਕੁਝ ਸਾਥੀਆਂ ਨੇ ਵੀ ਇਨਸਾਨ ਕੋਲੋਂ ਜੀਵਨ ਅੰਦਰ ਮੁਕੰਮਲ ਪ੍ਰਤੀਬਧਤਾ ਦੀ ਤਵੱਕੋ ਕਰਨ ਵਾਲਾ ਇਹ ਬੋਲਾ ‘ਪਿਕਅਪ’ ਕੀਤਾ ਹੋਇਆ ਸੀ ਅਤੇ ਉਹ ਇਸ ਨੂੰ ਪ੍ਰੋਫੈਸਰ ਸਾਹਿਬ ਨਾਲੋਂ ਵੀ ਵੱਧ ਆਤਮ ਵਿਸ਼ਵਾਸ ਨਾਲ ਅਕਸਰ ਹੀ ਦੁਹਰਾਉਂਦੇ ਰਹਿੰਦੇ ਸਨ।
ਸ਼ਮਸ਼ੇਰ ਸੰਜਮੀ ਹੈ ਪਰ ਸਮਾਰਟ ਵੀ ਬੜਾ ਹੈ। ਮੈਂ ਉਸ ਦੀ ਰਮਜ਼ ਸਮਝ ਗਿਆ ਅਤੇ ਸਿੱਧਾ ਜਵਾਬ ਦੇਣ ਦੀ ਥਾਂ ਗੱਲ ਨੂੰ ਆਲੇ ਟਾਲੇ ਪਾਉਣ ਲਈ ਅਜੇ ਸੋਚ ਹੀ ਰਿਹਾ ਸਾਂ ਕਿ ਉਹ ਮੇਰੇ ਕੁਝ ਵੀ ਉਚਰਨ ਤੋਂ ਪਹਿਲਾਂ ਹੀ ਬੋਲ ਪਿਆ, “ਬੱਲ, ਤੂੰ ਸਾਰੀ ਉਮਰ ਕਦੀ ਖੱਬੇ ਦਾਅ, ਕਦੀ ਸੱਜੇ ਦਾਅ, ਕਦੇ ਵਿਚ ਵਿਚਾਲੇ ਹੋਣ ਲਈ ਬਿਲਾ ਵਜ੍ਹਾ ਤਰਲੋਮੱਛੀ ਹੁੰਦਾ ਰਿਹੈਂ। ਪੱਕਾ ਪਤਾ ਤੈਨੂੰ ਅਜੇ ਵੀ ਨਹੀਂ ਕਿ ਤੂੰ ਕਿਹੜੇ ਦਾਅ ਅਤੇ ਕਿਹੜੀ ਧਿਰ ਨਾਲ ਖੜ੍ਹੈਂ? ਅਸੀਂ ਚੰਗੇ ਨਹੀਂ ਕਿ ਸ਼ਾਂਤ ਬੈਠੇ ਹਾਂ ਅਤੇ ਤੈਨੂੰ ਦੇਖ ਦੇਖ ਕੇ ਹੱਸ ਰਹੇ ਹਾਂ।”
ਸੁਣ ਕੇ ਮੈਂ ਹੈਰਾਨ ਸਾਂ ਕਿ ਸ਼ਮਸ਼ੇਰ ਸਿਆਣਾ ਕਿੰਨਾ ਹੈ; ਮੇਰੀ ਦੁਖਦੀ ਰਗ ਉਹਨੇ ਕਿਵੇਂ ਕਿਸੇ ਪਹੁੰਚੇ ਹੋਏ ਹਕੀਮ ਵਾਂਗ ਬਿਲਕੁਲ ਸਹੀ ਫੜੀ ਸੀ। ਸ਼ਮਸ਼ੇਰ ਦੀ ਵਡਿਆਈ ਹੈ ਕਿ ਉਹ ਐਸੇ ‘ਕੌਤਕ’ ਵੀ ਕਰ ਲੈਂਦਾ ਹੈ।
ਲਗਦਾ ਹੈ, ਬਹੁਤ ਹੋ ਗਿਆ ਹੈ। ਹੁਣ ਇਕ ਅੱਧ ਹੋਰ ਨੁਕਤਾ ਲੱਭ ਕੇ ਬਿਰਤਾਂਤ ਦਾ ਭੋਗ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ।
ਸਾਡਾ ਮਿੱਤਰ ਅਤੇ ਸਮਕਾਲੀ ਸੁਰਜੀਤ ਪਾਤਰ ਸ਼ਮਸ਼ੇਰ ਸੰਧੂ ਦੇ ਗੋਤੀ ਭਾਈ ਗੁਲਜ਼ਾਰ ਸਿੰਘ ਸੰਧੂ ਦੇ ਕਲਮੀ ਖਾਕੇ ਦੀ ਸ਼ੁਰੂਆਤ ਇਉਂ ਕਰਦਾ ਹੈ:
“ਗੁਲਜ਼ਾਰ ਸਿੰਘ ਸੰਧੂ ਦਾ ਰੰਗ ਸੰਧੂਰੀ ਹੈ, ਉਸ ਨੂੰ ਦੇਖ ਕੇ ਲਗਦਾ ਹੈ, ਜਿਵੇਂ ‘ਸੰਧੂ’ ਸ਼ਬਦ ਸੰਧੂਰੀ ਤੋਂ ਬਣਿਆ ਹੋਵੇ। ਉਹ ਭਾਵੇਂ ਕਨਾਟ ਪਲੇਸ ਦੇ ਰੈਂਬਲ ਰੈਸਤੋਰਾਂ ਵਿਚ ਬੈਠਾ ਕਿਸੇ ਮੇਮ ਨਾਲ ਚਾਹ ਪੀ ਰਿਹਾ ਹੋਵੇ, ਭਾਵੇਂ ਆਪਣੇ ਦਫ਼ਤਰ ਵਿਚ ਡਿਕਟੇਸ਼ਨ ਦੇ ਰਿਹਾ ਹੋਵੇ, ਭਾਵੇਂ ਦਿੱਲੀ ਦੀਆਂ ਸੜਕਾਂ ਤੇ ਕਾਰ ਚਲਾ ਰਿਹਾ ਹੋਵੇ, ਉਸ ਕੋਲ ਬੈਠਿਆਂ ਹਮੇਸ਼ਾ ਇਸ ਤਰ੍ਹਾਂ ਲਗਦਾ ਹੈ, ਜਿਵੇਂ ਹਰੇ ਕਚੂਰ ਤੂਤਾਂ ਦੀ ਸੰਘਣੀ ਛਾਵੇਂ ਠੰਢੇ ਪਾਣੀ ਵਾਲਾ ਖੂਹ ਵਗ ਰਿਹਾ ਹੋਵੇ, ਤੇ ਨਾਲ ਹੀ ਵਗ ਰਹੀ ਹੋਵੇ ਹਲਕੀ ਹਵਾ ਤੇ ਚਾਂਦੀ ਰੰਗੇ ਪਾਣੀ ਵਿਚ ਸ਼ਰਬਤੀ ਖਰਬੂਜ਼ੇ ਠੰਢੇ ਹੋ ਰਹੇ ਹੋਣ।” (ਸਮਾਪਤ)