ਬਿੱਜੜੇ ਦੀ ਵਡਿਆਈ!

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਪੰਜਾਬ ‘ਚੋਂ ਧੜਾ ਧੜ ਹੋ ਰਹੇ ਪਰਵਾਸ ਦੀ ਚਿੰਤਾ ਵਿਚ ਗ੍ਰਸਤ ਰਹਿੰਦਾ ਇਕ ਪੰਜਾਬੀ ਲੇਖਕ, ਪਰਵਾਸੀ ਪੰਜਾਬੀਆਂ ਦੇ ਬੱਚਿਆਂ ਨੂੰ ਪੰਜਾਬੀ ਵਿਰਸੇ ਨਾਲ ਜੋੜਨ ਲਈ ਵਿਦੇਸ਼ ਦੇ ਇਕ ਗੁਰਦੁਆਰੇ ਵਿਚੋਂ ਕਲਾਸ ਲਾ ਕੇ ਘਰ ਪਰਤਿਆ। ਅਰਾਮ ਕਰਨ ਤੋਂ ਪਹਿਲਾਂ ਉਹ ਆਪਣੇ ਫੋਨ ‘ਤੇ ਵਟਸ-ਐਪ ਰਾਹੀਂ ਆਏ ਸੁਨੇਹੇ ਦੇਖਣ ਲੱਗਾ। ਪੰਜਾਬ ਤੋਂ ਇਕ ਦੋਸਤ ਨੇ ਬਿੱਜੜੇ ਪੰਛੀ ਦੀ ਆਪਣਾ ਆਲ੍ਹਣਾ ਬਣਾਉਂਦੇ ਦੀ ਵੀਡੀਉ ਭੇਜੀ। ‘ਕੈਪਸ਼ਨ’ ਵਜੋਂ ਲਿਖਿਆ ਸੀ, ‘ਕਮਾਲ ਦਾ ਇੰਜੀਨੀਅਰ ਪੰਛੀ!’

ਦਸ ਕੁ ਮਿੰਟ ਦੀ ਇਸ ਵੀਡੀਉ ਵਿਚ ਬਿੱਜੜੇ ਨੂੰ ਬੜੀ ਤਕਨੀਕ ਨਾਲ ਆਲ੍ਹਣਾ ਬਣਾਉਂਦਾ ਦੇਖ ਕੇ ਲੇਖਕ ਨੂੰ ਆਪਣਾ ਬਚਪਨ ਯਾਦ ਆ ਗਿਆ ਜਦੋਂ ਉਹ ਦਰਿਆ ਵੱਲ ਪਸੂ ਚਰਾਉਣ ਗਏ ਦਰਖਤਾਂ ਦੀਆਂ ਟਾਹਣੀਆਂ ਨਾਲ ਲਮਕਦੇ ਬਿੱਜੜਿਆਂ ਦੇ ਆਲ੍ਹਣਿਆਂ ਨਾਲ ਝੂਟਦੇ ਹੁੰਦੇ ਸਨ!
ਆਪਣੇ ਬਚਪਨ ਦੀਆਂ ਯਾਦਾਂ ‘ਚੋਂ ਨਿਕਲਦਿਆਂ ਲੇਖਕ ਨੂੰ ਪੰਜਾਬ ਦੇ ਇਕ ਪਿੰਡ ‘ਚ ਸਕੂਲੇ ਪੜ੍ਹਦੇ ਆਪਣੇ ਪੋਤੇ ਦਾ ਖਿਆਲ ਆ ਗਿਆ! ਫਟਾ ਫਟ ਲੇਖਕ ਨੇ ਉਹੀ ਬਿੱਜੜੇ ਵਾਲੀ ਵੀਡੀਉ ਪੋਤਰੇ ਨੂੰ ਭੇਜ ਦਿੱਤੀ ਤੇ ਨਾਲ ਹੀ ਲਿਖ ਕੇ ਪੁੱਛਿਆ, “ਪੁੱਤ ਆਹ ਵੀਡੀਉ ਦੇਖ ਕੇ ਮੈਨੂੰ ਦੱਸੀਂ ਕਿ ਇਸ ਪੰਛੀ ਦਾ ਨਾਂ ਕੀ ਹੈ?
ਪੰਜ ਦਸ ਮਿੰਟ ਪਿਛੋਂ ਪੋਤਰੇ ਨੇ ਲਿਖ ਭੇਜਿਆ, ‘ੱeਅਵeਰ ਬਰਿਦ।’ ਲੇਖਕ ਨੇ ਫਿਰ ਪੁੱਛਿਆ ਕਿ ਪੰਜਾਬੀ ‘ਚ ਇਹਨੂੰ ਕੀ ਕਹਿੰਦੇ ਨੇ? ਹੁਣ ਦਸ ਕੁ ਮਿੰਟ ਪੋਤਰੇ ਵਲੋਂ ਕੋਈ ਜਵਾਬ ਨਾ ਆਇਆ। ਲੇਖਕ ਨੇ ਅੰਦਾਜ਼ਾ ਲਾਇਆ ਕਿ ਇਹਦਾ ਬਾਪ ਤਾਂ ਦਫਤਰ ਗਿਆ ਹੋਇਆ ਹੋਵੇਗਾ, ਤੇ ਹੁਣ ਇਹ ਆਪਣੀ ਮੰਮੀ ਨੂੰ ਪੁੱਛ ਕੇ ਜਵਾਬ ਦੇਵੇਗਾ!
ਉਹੀ ਗੱਲ ਹੋਈ। ਪੋਤਰੇ ਦਾ ਜਵਾਬ ਸੀ, “ਬਾਬਾ ਜੀ ਮੰਮੀ ਕਹਿੰਦੀ ਇਹਨੂੰ ‘ਚੱਕੀ ਰਾਹਾ’ ਕਹਿੰਦੇ ਆ!”
ਮੱਥੇ ‘ਤੇ ਹੱਥ ਮਾਰਦਿਆਂ ਪਰਵਾਸੀ ਬਾਬੇ ਨੇ ਆਪਣੇ ਦੇਸੀ ਪੋਤਰੇ ਨੂੰ ਸਹੀ ਜਵਾਬ ਵਜੋਂ ‘ਬਿੱਜੜਾ’ ਲਿਖ ਕੇ ਤਾਂ ਭੇਜ ਦਿੱਤਾ, ਪਰ ਉਸ ਨੂੰ ਆਪਣੀ ਅਗਲੀ ਪੀੜ੍ਹੀ ਨਾਲੋਂ ਬਿੱਜੜਾ ਪੰਛੀ ਹਜਾਰ ਗੁਣਾ ਵੱਧ ਚੰਗਾ ਲੱਗਾ, ਜੋ ਆਦਿ ਕਾਲ ਤੋਂ ਆਪਣਾ ਆਲ੍ਹਣਾ ਬਣਾਉਣ ਦੀ ਜੁਗਤ ਨਹੀਂ ਭੁੱਲਿਆ!