ਪਟਿਆਲਾ: ਚੌਲਾਂ ਦੇ ਮਾਮਲੇ ਵਿਚ ਹੋਈ ਧੋਖਾਧੜੀ ਦੇ ਇਕ ਕੇਸ ਵਿਚ ਸੀæਬੀæਆਈ ਦੀ ਵਿਸ਼ੇਸ਼ ਅਦਾਲਤ ਨੇ ਅਕਾਲੀ ਆਗੂ ਤੇ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਮੰਗਤ ਰਾਏ ਬਾਂਸਲ, ਭਾਰਤੀ ਖ਼ੁਰਾਕ ਨਿਗਮ ਦੇ ਤਿੰਨ ਅਧਿਕਾਰੀਆਂ ਤੇ ਡੇਢ ਦਰਜਨ ਤੋਂ ਵੱਧ ਚੌਲ ਮਿੱਲ ਮਾਲਕਾਂ ਨੂੰ ਕੈਦ ਤੇ ਜੁਰਮਾਨਾ ਕੀਤਾ ਹੈ।ਦੋ ਵਿਅਕਤੀਆਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿਚ ਕੁੱਲ 28 ਵਿਅਕਤੀਆਂ ਖ਼ਿਲਾਫ਼ ਕੇਸ ਚਲਾਇਆ ਗਿਆ ਸੀ, ਜਿਨ੍ਹਾਂ ਵਿਚੋਂ ਮੰਗਤ ਰਾਏ ਬਾਂਸਲ ਸਮੇਤ 22 ਦੋਸ਼ੀਆਂ ਨੂੰ 7-7 ਸਾਲ ਦੀ ਕੈਦ ਤੇ 20-20 ਹਜ਼ਾਰ ਰੁਪਏ ਜੁਰਮਾਨਾ, 2 ਦੋਸ਼ੀਆਂ ਨੂੰ 3-3 ਸਾਲ ਦੀ ਕੈਦ ਤੇ 10-10 ਹਜ਼ਾਰ ਰੁਪਏ ਜੁਰਮਾਨਾ, 2 ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਦੋ ਵਿਅਕਤੀਆਂ ਬੰਤ ਸਿੰਘ ਤੇ ਸੁਸ਼ੀਲ ਕੁਮਾਰ ਦੀ ਮੌਤ ਹੋ ਚੁੱਕੀ ਹੈ। ਜਿਨ੍ਹਾਂ ਨੂੰ ਬਰੀ ਕੀਤਾ ਹੈ, ਉਨ੍ਹਾਂ ਵਿਚ ਬਚਨੀ ਦੇਵੀ ਤੇ ਪਰਵਿੰਦਰ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਭਗਵਾਨ ਦਾਸ ਤੇ ਭਾਗੀਰਥ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਹੋਈ ਹੈ।
ਇਹ ਮਾਮਲਾ ਸਾਲ 1999 ਦਾ ਹੈ, ਜਦੋਂ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਵਿਚ ਇਕ ਜਨ ਹਿਤ ਪਟੀਸ਼ਨ ਪਾਈ ਗਈ ਸੀ, ਜਾਂਚ ਸੀæਬੀæਆਈ ਨੂੰ ਸਾਪੀ ਗਈ। ਸਤੰਬਰ 1999 ਵਿਚ ਵੱਖ-ਵੱਖ ਚੌਲ ਮਿੱਲਾਂ ਤੋਂ ਤਕਰੀਬਨ 62 ਨਮੂਨੇ ਲਏ ਗਏ, ਜਿਨ੍ਹਾਂ ਵਿਚੋਂ 53 ਨਮੂਨੇ ਫ਼ੇਲ੍ਹ ਹੋ ਗਏ ਸਨ।
ਇਸ ਕੇਸ ਵਿਚ ਸੀæਬੀæਆਈ ਨੇ ਜਾਂਚ ਕਰਨ ਉਪਰੰਤ ਜਿਨ੍ਹਾਂ ਵਿਅਕਤੀਆਂ ਵਿਰੁੱਧ ਦੋਸ਼ ਪੱਤਰ 12 ਅਗਸਤ 2003 ਨੂੰ ਅਦਾਲਤ ਵਿਚ ਪੇਸ਼ ਕੀਤਾ, ਉਨ੍ਹਾਂ ਵਿਚ ਐਮæਐਸ ਤੋਮਰ ਤਕਨੀਕੀ ਸਹਾਇਕ-2 ਬਰੇਟਾ ਮੰਡੀ, ਜੇæਆਰ ਮੋਂਗਾ ਤਕਨੀਕੀ ਸਹਾਇਕ ਭਾਰਤੀ ਖ਼ੁਰਾਕ ਨਿਗਮ ਬਰੇਟਾ ਮੰਡੀ, ਪਵਨ ਕੁਮਾਰ ਸਿੰਗਲਾ ਜੋ ਮੈਸਰਜ਼ ਰੰਗੀ ਰਾਮ ਰਾਈਸ ਮਿਲ ਬਰੇਟਾ, ਪ੍ਰੇਮ ਕੁਮਾਰ ਬਾਂਸਲ ਹਿੱਸੇਦਾਰ ਦੁਰਗਾ ਰਾਈਸ ਮਿੱਲ ਬਰੇਟਾ, ਰਾਜ ਕੁਮਾਰ ਹਿੱਸੇਦਾਰ ਦੁਰਗਾ ਰਾਈਸ ਮਿੱਲ ਬਰੇਟਾ, ਇਸ ਕੋਲ ਮੁਖ਼ਤਿਆਰਨਾਮਾ ਵੀ ਹੈ, ਸੁਰਿੰਦਰ ਕੁਮਾਰ ਬਾਂਸਲ ਰਾਈਸ ਮਿੱਲ ਬਰੇਟਾ, ਧਰਮਪਾਲ ਹਿੱਸੇਦਾਰ ਭਾਰਤ ਕਾਟਨ ਐਂਡ ਜਨਰਲ ਮਿੱਲ ਬਰੇਟਾ, ਸੁਰੇਸ਼ ਕੁਮਾਰ ਹਿੱਸੇਦਾਰ ਭਾਰਤ ਕਾਟਨ ਤੇ ਜਨਰਲ ਮਿੱਲ ਬਰੇਟਾ, ਬਚਨੀ ਦੇਵੀ ਹਿੱਸੇਦਾਰ ਭਾਰਤ ਕਾਟਨ ਤੇ ਜਨਰਲ ਮਿੱਤਲ ਬਰੇਟਾ, ਤਰਸੇਮ ਚੰਦ ਤਾਇਲ ਰਾਮਾ ਰਾਇਸ ਮਿੱਲ ਬਰੇਟਾ, ਰਾਜ ਕੁਮਾਰ ਗਰਗ ਹਿੱਸੇਦਾਰ ਤੇ ਮੁਖ਼ਤਿਆਰਨਾਮਾ ਪ੍ਰਾਪਤ ਸ਼ੰਕਰ ਰਾਈਸ ਮਿੱਲ ਬਰੇਟਾ ਤੇ ਗਣਪਤੀ ਰਾਈਸ ਮਿੱਲ, ਗੋਬਿੰਦ ਰਾਮ, ਗੋਪਾਲ ਕ੍ਰਿਸ਼ਨ ਤੇ ਬਲਦੇਵ ਸਿੰਘ ਹਿੱਸੇਦਾਰ ਸ਼ੰਕਰ ਰਾਈਸ ਮਿੱਲ, ਮੰਗਤ ਰਾਏ ਜੋ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਨ ਤੇ ਭਗਵਾਨ ਦਾਸ ਗੋਲਡਨ ਰਾਈਸ ਐਂਡ ਜਨਰਲ ਮਿੱਲ ਬਰੇਟਾ, ਪਰਵਿੰਦਰ ਸਿੰਘ ਮਾਲਕ ਮਿਲਖਾ ਸਿੰਘ ਤੇ ਮਹਿੰਦਰ ਸਿੰਘ ਰਾਈਸ ਮਿਲਜ਼ ਬਰੇਟਾ, ਸੁਰੇਸ਼ ਕੁਮਾਰ ਮਾਲਕ ਸ਼ਿਵ ਸ਼ਕਤੀ ਰਾਈਸ ਮਿੱਲ ਬਰੇਟਾ, ਰਜਿੰਦਰ ਕੁਮਾਰ ਸਿੰਗਲਾ ਹਿੱਸੇਦਾਰ ਓਮ ਪ੍ਰਕਾਸ਼ ਰਾਈਸ ਮਿਲਜ਼ ਬਰੇਟਾ, ਸੁਸ਼ੀਲ ਕੁਮਾਰ ਹਿੱਸੇਦਾਰ ਤੇ ਮੁਖਤਿਆਰਨਾਮਾ ਮਾਲਕ ਤੇ ਪ੍ਰਸ਼ੋਤਮ ਦਾਸ ਓਮ ਰਾਈਸ ਮਿਲ ਬਰੇਟਾ, ਭਾਗੀਰਥ ਲਾਲ ਸਿੰਘ ਵਿਸ਼ਨੂੰ ਮੱਲ ਪੂਰਨ ਚੰਦ ਰਾਈਸ ਮਿੱਲ ਬਰੇਟਾ, ਕੁਲਵੰਤ ਰਾਏ ਹਿੱਸੇਦਾਰ, ਲਛਮਣ ਦਾਸ ਤੇ ਕੇਵਲ ਕੁਮਾਰ ਗਣਪਤੀ ਰਾਈਸ ਮਿੱਲ, ਬੰਤ ਰਾਮ ਸ਼ਿਵ ਕਾਟਨ ਫ਼ੈਕਟਰੀ ਬਰੇਟਾ, ਰਾਮ ਗੋਪਾਲ ਸ਼ਿਵ ਕਾਟਨ ਫ਼ੈਕਟਰੀ ਬਰੇਟਾ ਸ਼ਾਮਲ ਹਨ। ਇਨ੍ਹਾਂ ਸਾਰਿਆਂ ਵਿਰੁੱਧ ਸੀæਬੀæਆਈ ਨੇ ਭਾਰਤੀ ਦੰਡਾਵਲੀ ਦੀ ਧਾਰਾ 420 ਅਤੇ 120ਬੀ ਤਹਿਤ ਦੋਸ਼ ਪੱਤਰ ਦਾਇਰ ਕੀਤਾ, ਜਦੋਂਕਿ ਭਾਰਤੀ ਖ਼ੁਰਾਕ ਨਿਗਮ ਦੇ ਅਧਿਕਾਰੀਆਂ ਜਿਨ੍ਹਾਂ ਵਿਚ ਐਮæਐਸ ਤੋਮਰ, ਪੀæਐਨ ਅਗਰਵਾਲ ਅਤੇ ਜੇæਆਰ ਮੋਂਗਾ ਸ਼ਾਮਲ ਹਨ, ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 13(1)(ਡੀ), 13(2) 1980 ਵੀ ਲਾਈ ਗਈ ਹੈ।
ਸੀæਬੀæਆਈ ਵਕੀਲਾਂ ਮੁਤਾਬਕ ਉਪਰੋਕਤ ਦੋਸ਼ੀਆਂ ਨੇ ਭਾਰਤੀ ਖ਼ੁਰਾਕ ਨਿਗਮ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜੋ ਚੌਲ ਵਾਪਸ ਭਾਰਤੀ ਖ਼ੁਰਾਕ ਨਿਗਮ ਨੂੰ ਕੀਤੇ, ਉਨ੍ਹਾਂ ਦੇ ਨਮੂਨੇ ਫ਼ੇਲ੍ਹ ਹੋ ਗਏ ਸਨ ਅਤੇ ਭਾਰਤੀ ਖ਼ੁਰਾਕ ਨਿਗਮ ਨੂੰ ਵੱਡਾ ਘਾਟਾ ਪਿਆ।
ਇਸ ਤਰ੍ਹਾਂ ਕੁੱਲ ਉਸ ਵੇਲੇ 1æ8 ਕਰੋੜ ਦਾ ਘਪਲਾ ਹੋਇਆ ਸੀ। ਦੋਸ਼ ਪੱਤਰ ਵਿਚ ਆਖਿਆ ਗਿਆ ਹੈ ਕਿ ਇਨ੍ਹਾਂ ਸੈਂਪਲਾਂ ਦੇ ਜਦੋਂ ਨਮੂਨੇ ਭੇਜੇ ਗਏ ਤਾਂ ਉਹ ਸਹੀ ਮਿਆਰ ਦੇ ਨਹੀਂ ਸਨ।ਜਿਨ੍ਹਾਂ ਚੌਲਾਂ ਦੇ ਨਮੂਨੇ ਕਰਵਾਏ ਗਏ ਸਨ, ਉਨ੍ਹਾਂ ਵਿਚੋਂ ਬਾਕੀ ਨੂੰ ਮੋਹਰਬੰਦ ਕਰਕੇ ਸੀæਬੀæਆਈ ਨੇ ਆਪਣੇ ਕੋਲ ਰੱਖ ਲਿਆ ਸੀ, ਕਿਉਂਕਿ ਗੋਦਾਮਾਂ ਵਿਚ ਪਏ ਚੌਲ ਅਗਲੀ ਫ਼ਸਲ ਤੋਂ ਪਹਿਲਾਂ ਅੱਗੇ ਭੇਜਣੇ ਸਨ।
ਗੌਰਤਲਬ ਹੈ ਕਿ ਨਮੂਨਿਆਂ ਸਬੰਧੀ ਸੀæਬੀæਆਈ ਵਕੀਲਾਂ ਦਾ ਕਹਿਣਾ ਸੀ ਕਿ ਜਿਸ ਵੇਲੇ ਨਮੂਨੇ ਲਏ ਗਏ ਸਨ ਉਸ ਤੋਂ ਬਾਅਦ 10 ਸਾਲ ਇਹ ਕੇਸ ਸੁਣਵਾਈ ਅਧੀਨ ਰਿਹਾ। ਜੇਕਰ ਬਾਂਸਲ ਜਾਂਚ ਹੋਰਨਾਂ ਨੂੰ ਨਮੂਨਿਆਂ ਦੀ ਰਿਪੋਰਟ ‘ਤੇ ਕੋਈ ਸ਼ੱਕ ਸੀ ਤਾਂ ਉਹ ਸਫ਼ਾਈ ਧਿਰ ਰਾਹੀਂ ਆਪਣਾ ਪੱਖ ਅਦਾਲਤ ਵਿਚ ਰੱਖ ਸਕਦੇ ਸਨ।
_________________________________
ਦਲ ਬਦਲੀ ਦਾ ਸ਼ੌਕ ਰੱਖਦੇ ਆਏ ਹਨ ਬਾਂਸਲ
ਮਾਨਸਾ: ਸੀæਬੀæਆਈ ਦੀ ਇਕ ਅਦਾਲਤ ਵੱਲੋਂ 7 ਸਾਲ ਦੀ ਸਜ਼ਾ ਸੁਣਾਏ ਜਾਣ ਕਾਰਨ ਰਾਏ ਬਾਂਸਲ ਦੇ ਸਿਆਸੀ ਜੀਵਨ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਜ਼ਿਲ੍ਹਾ ਸੰਗਰੂਰ ਦੇ ਪਿੰਡ ਡਸਕਾ ਵਿਚ 1958 ਵਿਚ ਜਨਮੇ ਤੇ ਅੱਜ ਕੱਲ੍ਹ ਮਾਨਸਾ ਵਿਚ ਰਹਿ ਰਹੇ ਸ੍ਰੀ ਬਾਂਸਲ ਨੇ ਆਪਣਾ ਰਾਜਸੀ ਸਫ਼ਰ ਬਹੁਜਨ ਸਮਾਜ ਪਾਰਟੀ ਦੇ ਮੈਂਬਰ ਤੋਂ ਸ਼ੁਰੂ ਕੀਤਾ ਸੀ। 2002 ਵਿਚ ਉਨ੍ਹਾਂ ਬੁਢਲਾਡਾ ਤੋਂ ਬਸਪਾ ਦੇ ਉਮੀਦਵਾਰ ਵਜੋਂ ਚੋਣ ਲੜੀ ਪਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਹਰਬੰਤ ਸਿੰਘ ਦਾਤੇਵਾਸ ਤੋਂ ਚੋਣ ਹਾਰ ਗਏ। ਕੁਝ ਸਮੇਂ ਉਪਰੰਤ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ ਤੇ 2007 ਦੀਆਂ ਚੋਣਾਂ ਵਿਚ ਬੁਢਲਾਡਾ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਗਏ। 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਬੁਢਲਾਡਾ ਹਲਕਾ ਰਾਖਵਾਂ ਹੋਣ ਕਾਰਨ ਮੌੜ ਹਲਕੇ ਤੋਂ ਟਿਕਟ ਦਿੱਤੀ ਪਰ ਉਹ ਅਕਾਲੀ ਦਲ ਦੇ ਜਨਮੇਜਾ ਸਿੰਘ ਸੇਖੋਂ ਤੋਂ ਮਾਤ ਖਾ ਗਏ। 25 ਸਤੰਬਰ 2012 ਨੂੰ ਉਹ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਅਤੇ ਲੰਘੀ 12 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਦਾ ਚੇਅਰਮੈਨ ਥਾਪ ਕੇ ਨਿਵਾਜਿਆ ਸੀ।
Leave a Reply