ਇਸ ਤਰ੍ਹਾਂ ਵੀ ਹੁੰਦਾ ਹੈ

ਦੇਵੀ ਨਾਗਰਾਣੀ
ਅਨੁਵਾਦ: ਜਗਦੀਸ਼ ਰਾਏ ਕੁਲਰੀਆਂ
ਕਿੱਥੇ ਗਈ ਹੋਵੇਗੀ ਉਹ? ਪਹਿਲਾਂ ਤਾਂ ਇੰਜ ਕਦੇ ਨਹੀਂ ਹੋਇਆ ਕਿ ਉਹ ਮਿੱਥੇ ਸਮੇਂ ‘ਤੇ ਘਰ ਨਾ ਪਹੁੰਚੀ ਹੋਵੇ। ਜੇ ਕੋਈ ਕਾਰਨ ਹੁੰਦਾ ਤਾਂ ਵੀ ਉਹ ਫੋਨ ਜਰੂਰ ਕਰ ਦਿੰਦੀ। ਮੇਰੀ ਚਿੰਤਾ ਦੀ ਉਸ ਨੂੰ ਚਿੰਤਾ ਹੈ, ਬਹੁਤ ਹੈ; ਪਰ ਅੱਜ ਉਸ ਦੀ ਚਿੰਤਾ ਦੀ ਬੇਚੈਨੀ ਨੇ ਮੈਨੂੰ ਇਸ ਤਰ੍ਹਾਂ ਘੇਰਿਆ ਹੋਇਆ ਹੈ ਕਿ ਮੇਰੇ ਪੈਰ ਨਾ ਘਰ ਦੇ ਅੰਦਰ ਟਿਕ ਰਹੇ ਹਨ ਅਤੇ ਨਾ ਹੀ ਘਰ ਦੇ ਬਾਹਰ ਕਦਮ ਰੱਖਣ ਵਿਚ ਸਫਲ ਹੋ ਰਹੇ ਹਨ। ਕਿੱਥੇ ਜਾਵਾਂ, ਕੀਹਨੂੰ ਪੁੱਛਾਂ? ਜਦੋਂ ਕੁਝ ਨਾ ਸੁੱਝਿਆ ਤਾਂ ਫੋਨ ਕੀਤਾ, ਪੁੱਛਣ ਦੇ ਪਹਿਲੇ ਯਤਨ ਵਿਚ ਅਸਫਲਤਾ ਮਿਲੀ ਕਿਉਂਕਿ ਉਧਰ ਕੋਈ ਫੋਨ ਨਹੀਂ ਸੀ ਚੁੱਕ ਰਿਹਾ, ਲਗਾਤਾਰ ਘੰਟੀ ਵਜਦੀ ਰਹੀ, ਇਵੇਂ ਜਿਵਂੇ ਘਰ ਵਿਚ ਸਾਰੇ ਬੋਲੇ ਹੀ ਰਹਿੰਦੇ ਹੋਣ। ਜੀ ਹਾਂ, ਆਪਣੀ ਕੁੜਮਣੀ ਦੇ ਹੀ ਘਰ ਦੀ ਗੱਲ ਕਰ ਰਹੀ ਹਾਂ।

ਹੁਣ ਤਾਂ ਕਈ ਘੰਟੇ ਹੋ ਗਏ ਹਨ, ਰਾਤ ਅੱਠ ਵਜੇ ਤੱਕ ਵਾਪਸ ਆ ਜਾਂਦੀ ਹੈ, ਹੁਣ ਦਸ ਵਜ ਰਹੇ ਹਨ। ਬਸ ਉਸ ਸ਼ਾਂਤ ਜਿਹੀ ਘੜੀ ਵੱਲ ਦੇਖਦੀ ਹਾਂ, ਘੂਰਦੀ ਹਾਂ, ਪਰ ਉਸ ਨੂੰ ਕੀ ਪਤਾ ਕਿ ਜੀਵਨ ਅਹਿਸਾਸਾਂ ਦਾ ਨਾਮ ਹੈ? ਅਹਿਸਾਸ ਕੀ ਹੁੰਦਾ ਹੈ? ਸਥਿਤੀ ਕੀ ਹੁੰਦੀ ਹੈ? ਇੰਤਜ਼ਾਰ ਕੀ ਹੁੰਦਾ ਹੈ? ਇਨ੍ਹਾਂ ਸਾਰੀਆਂ ਭਾਵਨਾਵਾਂ ਤੋਂ ਨਾਵਾਕਿਫ਼..।
ਅਚਾਨਕ ਦਿਲ ਦੀ ਧੜਕਣ ਤੇਜ਼ ਹੋ ਗਈ। ਫੋਨ ਦੀ ਘੰਟੀ ਵੱਜ ਰਹੀ ਸੀ। ਕਾਹਲ ਵਿਚ ਬੰਦ ਕਰਨ ਦਾ ਹੀ ਬਟਨ ਦੱਬਿਆ ਗਿਆ ਅਤੇ ਫੋਨ ਆਪਣੀ ਸਾਰੀ ਅਵਾਜ਼ ਪੂਰੀ ਕਰ ਕੇ ਚੁੱਪ ਹੋ ਗਿਆ। ਮੈਂ ਮੱਥੇ ‘ਤੇ ਹੱਥ ਮਾਰਿਆ। ਅਵਾਜ਼ ਤਾਂ ਸੁਣ ਲੈਂਦੀ, ਪੁੱਛ ਤਾਂ ਲੈਂਦੀ ਕਿੱਥੇ ਹੈ, ਹੁਣ ਤੱਕ ਆਈ ਕਿਉਂ ਨਹੀਂ?
ਮੈਂ ਆਪਣੀ ਸੋਚ ਨੂੰ ਬਰੇਕ ਦਿੱਤੀ, ਲੰਮਾ ਸਾਹ ਲਿਆ, ਪਾਣੀ ਦਾ ਗਲਾਸ ਪੀਤਾ ਅਤੇ ਫੇਰ ਇੱਕ ਹੋਰ ਪੀ ਲਿਆ। ਸ਼ਾਂਤ ਹੋਣ ਦੇ ਯਤਨਾਂ ਵਿਚ ਪਲੰਘ ‘ਤੇ ਬੈਠ ਗਈ ਅਤੇ ਫੋਨ ਨੂੰ ਫਰੋਲ ਕੇ ਦੇਖਿਆ, ਕੋਈ ਅਣਪਛਾਤਾ ਨੰਬਰ ਸੀ, ਉਸ ਦਾ ਨਹੀਂ, ਜਿਸ ਦਾ ਇੰਤਜ਼ਾਰ ਸੀ। ਬਿਨਾ ਸੋਚੇ ਸਮਝੇ ਮੈਂ ਉਹੀ ਨੰਬਰ ਡਾਇਲ ਕਰ ਦਿੱਤਾ। ਘੰਟੀ ਵੱਜੀ, ਵੱਜਦੀ ਰਹੀ ਅਤੇ ਫੇਰ ਬੰਦ ਹੋ ਗਈ। ਹੁਣ ਮੇਰਾ ਡਰ ਮੈਨੂੰ ਸਹਿਮ ਜਾਣ ਵਿਚ ਸ਼ਹਿ ਦੇ ਰਿਹਾ ਸੀ, ਮੇਰੇ ਹੱਥ ਪੈਰ ਠੰਡੇ ਹੋ ਰਹੇ ਸਨ, ਇੱਕ ਕੰਬਣੀ ਜਿਹੀ ਬਿਜਲੀ ਵਾਂਗ ਅੰਦਰ ਫੈਲਣ ਲੱਗੀ। ਮੈਂ ਬਟਨ ਫੇਰ ਦੱਬਿਆ, ਘੰਟੀ ਵੱਜੀ, ਕਿਸੇ ਨੇ ਚੁੱਕਿਆ ਅਤੇ ਫੇਰ ਰੱਖ ਦਿੱਤਾ। ਹੁਣ ਮੇਰੀ ਪ੍ਰੇਸ਼ਾਨੀ ਦਾ ਹੋਰ ਵਧ ਜਾਣਾ ਸੁਭਾਵਿਕ ਸੀ। ਰਾਤ ਦਾ ਸਮਾਂ, ਬੇਸਬਰੀ ਨਾਲ ਉਸ ਦਾ ਇੰਤਜ਼ਾਰ ਅਤੇ ਗੱਲਬਾਤ ਦਾ ਸਿਲਸਿਲਾ ਬੰਦ, ਜਿਵੇਂ ਹਰ ਪਾਸੇ ਕਰਫਿਊ ਲੱਗਾ ਹੋਵੇ।
ਆਖਿਰ ਫੋਨ ਦੀ ਘੰਟੀ ਵੱਜੀ-ਇੱਕ, ਦੋ, ਤਿੰਨ ਵਾਰ! ਮੈਂ ਬਹੁਤ ਹੀ ਸਾਵਧਾਨੀ ਨਾਲ ਫੋਨ ਕੰਨ ਨੂੰ ਲਾਇਆ ਹੀ ਸੀ ਕਿ ਇੱਕ ਖਰਵੀਂ ਅਵਾਜ਼ ਕੰਨਾਂ ਨਾਲ ਟਕਰਾਈ, “ਪ੍ਰੇਸ਼ਾਨ ਨਾ ਕਰੋ, ਅੱਜ ਉਹ ਘਰ ਮੁੜਨ ਵਾਲੀ ਨਹੀਂ। ਹੁਣੇ ਇੱਕ ਘੰਟੇ ਵਿਚ ਉਸ ਦਾ ਵਿਆਹ ਹੋ ਰਿਹਾ ਹੈ, ਡਿਸਟਰਬ ਨਹੀਂ ਕਰਨਾ।” ਬੇਰਹਿਮੀ ਨਾਲ ਕਹਿੰਦਿਆਂ ਉਸ ਨੇ ਫੋਨ ਕੱਟ ਦਿੱਤਾ ਅਤੇ ਮੈਂ ਬੇਹੋਸ਼ੀ ਦੀ ਹਾਲਤ ਵਿਚ ਬੁੜਬੁੜਾਈ, ਕੰਬੀ ਅਤੇ ਉਥੇ ਹੀ ਪਲੰਘ ‘ਤੇ ਮੂਧੇ ਮੂੰਹ ਡਿੱਗ ਪਈ।
ਕੌਣ ਹੈ ਇਹ? ਕਿਸ ਦੀ ਅਵਾਜ਼ ਹੋ ਸਕਦੀ ਹੈ? ਕੀ ਚਾਹੁੰਦਾ ਹੈ ਇਹ, ਕਿਉਂ ਗੁੰਮਰਾਹ ਕਰ ਰਿਹਾ ਹੈ ਮੈਨੂੰ, ਮੇਰੀ ਸੋਚ ਨੂੰ ਅਤੇ ਉਸ ਦੇ ਨਾਲ ਉਸ ਨੂੰ ਵੀ, ਜੋ ਮੇਰੇ ਸਾਹਾਂ ਦੀ ਧੜਕਣ ਹੈ? ਉਹ ਹੀ ਤਾਂ ਮੇਰੇ ਜਿਗਰ ਦਾ ਟੁਕੜਾ ਹੈ, ਉਸ ਬਿਨਾ ਮੇਰੀ ਜ਼ਿੰਦਗੀ ਵੀਰਾਨ ਹੈ, ਅਧੂਰੀ ਅਤੇ ਖਾਲੀ! ਉਹ ਮੇਰੇ ਜਿਉਣ ਦਾ ਸਬੱਬ ਹੈ, ਤੇ ਉਸ ਸਬੱਬ ਦੇ ਨਾਲ ਬੇਸਬੱਬ ਇਹ ਸਭ ਕੁਝ ਕਿਉਂ ਹੋ ਰਿਹਾ ਹੈ, ਜਿਸ ਦੀ ਕਲਪਨਾ ਕਰਕੇ ਹੀ ਮੇਰੇ ਸਰੀਰ ਵਿਚ ਡਰ ਅਤੇ ਜ਼ਹਿਰ ਫੈਲਦਾ ਜਾ ਰਿਹਾ ਹੈ? ਇਸ ਤਰ੍ਹਾਂ ਤਾਂ ਹੋਣਾ ਹੀ ਹੈ, ਜਰੂਰ ਹੋਵੇਗਾ, ਉਹ ਮੇਰਾ ਖੂਨ ਹੈ, ਮੇਰੇ ਵੰਸ਼ ਦੀ ਆਖਰੀ ਨਿਸ਼ਾਨੀ, ਜਿਸ ਨੂੰ ਮੈਂ ਸੀਨੇ ਨਾਲ ਲਾ ਕੇ ਪਾਲਿਆ ਹੈ, ਵੱਡਾ ਕੀਤਾ ਅਤੇ ਉਸ ਨੂੰ ਛਾਂ ਦਿੰਦੀ ਮੈਂ ਖੁਦ ਇਕ ਦਰਖਤ ਬਣ ਗਈ ਹਾਂ। ਪੁਰਾਣੇ ਗਲੇ ਸੜੇ ਸਾਰੇ ਪੱਤੇ ਝੜ ਗਏ ਅਤੇ ਕੁਦਰਤ ਦੇ ਹਰੇਕ ਹੁਲਾਰੇ ਤੋਂ ਬਚਾ ਕੇ ਜਿਸ ਨੂੰ ਮੈਂ ਆਪਣੇ ਪੱਲੇ ਦੀ ਛਾਂ ਦਿੱਤੀ, ਉਸੇ ਉਰਮਿਲਾ ਦੇ ਰੂਪ ਵਿਚ ਇੱਕ ਨਵੀਂ ਕਰੂੰਬਲ ਉਗ ਆਈ ਹੈ। ਬਾਰਾਂ ਤੋਂ ਬਾਈ ਸਾਲ ਤੱਕ ਦਾ ਅਰਸਾ ਕੋਈ ਘੱਟ ਤਾਂ ਨਹੀਂ ਹੁੰਦਾ!
ਅਚਾਨਕ ਦਰਬਾਰੀ ਖਬਰ ਲਿਆਇਆ ਸੀ, ਬੁਰੀ! ਹਾਂ ਬਹੁਤ ਬੁਰੀ ਖਬਰ! ਮੇਰੇ ਅਭੈ ਅਤੇ ਸਵਿਤਾ ਦੇ ਅੰਤ ਦੀ, ਅਤੇ ਉਨ੍ਹਾਂ ਦੀ ਆਖਰੀ ਨਿਸ਼ਾਨੀ ‘ਉਰਮਿਲਾ’ ਨੂੰ ਲਿਆ ਕੇ ਮੇਰੀ ਗੋਦੀ ਵਿਚ ਪਾ ਦਿੱਤਾ ਸੀ। ਗਿਆਰਾਂ ਮਹੀਨਿਆਂ ਦੀ ਤਾਂ ਸੀ ਉਹ ਰੇਸ਼ਮ ਦੀ ਗੁੱਡੀ, ਜਿਸ ਦੀ ਮੁਲਾਇਮ ਛੋਹ ਨਾਲ ਮਨ ਵਿਚ ਠੰਡ ਪੈ ਜਾਂਦੀ, ਜਿਸ ਦੀ ਗੱਲ੍ਹ ਪਲੋਸਣ ਨਾਲ ਖੂਨ ਵਧਦਾ, ਇਕ ਤਾਜ਼ਗੀ ਨਸਾਂ ਵਿਚ ਵਹਿਣ ਲਗਦੀ, ਉਸ ਦੀ ਕਿਲਕਾਰੀ ਸਾਹਾਂ ਨੂੰ ਮਹਿਕਾ ਦਿੰਦੀ। ਜ਼ਿੰਦਗੀ ਜ਼ਿੰਦਗੀ ਵਾਂਗ ਲਗਦੀ।
ਮੇਰੀਆਂ ਰਾਤਾਂ ਦਿਨਾਂ ਵਿਚ ਬਦਲ ਗਈਆਂ। ਕੀ ਸੌਣਾ, ਕੀ ਖਾਣਾ, ਕੀ ਹੱਸਣਾ, ਕੀ ਰੌਣਾ-ਸਾਰਾ ਉਹਦੇ ਨਾਲ ਹੀ ਹੁੰਦਾ ਰਿਹਾ। ਹਾਂ, ਉਰਮੀ ਦੇ ਨਾਲ, ਉਹ ਧੁੱਪ ਮੈਂ ਪਰਛਾਵਾਂ। ਉਹ ਉਠਦੀ ਤਾਂ ਮੈਂ ਉਠਦੀ, ਉਹ ਜਾਗਦੀ ਤਾਂ ਮੈਂ ਜਾਗਦੀ, ਉਹ ਸੌਂਦੀ ਤਾਂ ਮੈਂ ਸੌਂਦੀ-ਇੱਕ ਚਿੱਤ, ਇੱਕ ਮਨ ਨਾਲ ਮੈਂ ਸਮਰਪਿਤ ਹੋ ਗਈ ਉਸ ਮਾਸੂਮ ਜਾਨ ਉਤੇ, ਤੇ ਉਹ ਮੇਰੇ ਜਿਉਣ ਦਾ ਸਬੱਬ ਬਣ ਗਈ।
ਉਹ ਦੀਵਾਲੀ ਦਾ ਮਨਹੂਸ ਦਿਨ ਹੀ ਤਾਂ ਸੀ, ਜਿਹੜੇ ਕੋਈ ਘੰਟਾ ਕੁ ਪਹਿਲਾਂ ਉਰਮੀ ਨੂੰ ਗੋਦ ਵਿਚ ਲੈ ਕੇ ਘਰ ਤੋਂ ਗਏ ਸਨ। ਪੈਰੀਂ ਹੱਥ ਲਾਉਂਦਿਆਂ ਅਭੈ ਤੇ ਸਵਿਤਾ ਨੇ ਕਿਹਾ ਸੀ, “ਮਾਂ ਦੋ ਘੰਟੇ ਵਿਚ ਵਾਪਿਸ ਆ ਜਾਵਾਂਗੇ, ਆ ਕੇ ਦੀਵਾਲੀ ਦੀ ਪੂਜਾ ‘ਕੱਠੇ ਹੀ ਕਰਾਂਗੇ। ਮਿਠਾਈ ਲੈ ਕੇ ਕੁਝ ਦੋਸਤਾਂ ਨੂੰ ਮਿਲ ਆਉਂਦੇ ਹਾਂ।”
…ਤੇ ਜਾਣ ਵਾਲੇ ਨਾ ਮੁੜਨ ਵਾਸਤੇ ਚਲੇ ਗਏ। ਮੁੜ ਆਈ ਮੇਰੇ ਦਿਲ ਦੀ ਧੜਕਣ ਉਰਮੀ ਦੇ ਰੂਪ ਵਿਚ, ਸ਼ਾਇਦ ਇਸ ਕਰਕੇ ਹੀ ਮੈਂ ਜ਼ਿੰਦਾ ਹਾਂ।
ਘੰਟੀ ਫੇਰ ਵੱਜੀ, ਅਤੀਤ ਤੋਂ ਵਰਤਮਾਨ ਵਿਚ ਆਉਂਦੇ ਹੀ ਮੇਰੀ ਬੇਬਸੀ ਮੇਰੇ ਨਾਲ ਹੀ ਤੜਫਣ ਲੱਗੀ। ਹੁਣ ਕੀ ਕਰਾਂ? ਫੋਨ ਚੁੱਕਾਂ, ਨਾ ਚੁੱਕਾਂ? ਨਾ ਚੁੱਕਾਂ ਤਾਂ ਕਿਵੇਂ ਪਤਾ ਲੱਗੂ ਕਿ ਮੇਰੀ ਬਾਲਗ ਬੱਚੀ ਕਿੱਥੇ ਹੈ ਅਤੇ ਕਿਵੇਂ ਹੈ? ਫੋਨ ਚੁੱਕਦੇ ਹੀ ਰੱਖ ਦਿੱਤਾ ਜਿਵੇਂ ਹਜ਼ਾਰਾਂ ਬਿੱਛੂਆਂ ਦਾ ਡੰਗ ਇੱਕੋ ਸਮੇਂ ਲੱਗਿਆ ਹੋਵੇ, “ਮੈਂ ਥੋੜ੍ਹੀ ਦੇਰ ਵਿਚ ਉਸ ਦੇ ਨਾਲ ਤੁਹਾਡੇ ਤੋਂ ਆਸ਼ੀਰਵਾਦ ਲੈਣ ਆ ਰਿਹਾ ਹਾਂ।” ਬੱਸ ਏਨਾ ਹੀ ਸੁਣ ਸਕੀ!
ਕੌਣ ਹੈ ਇਹ, ਕੀਹਦੀ ਅਵਾਜ਼ ਹੈ, ਜਿਸ ਵਿਚ ਗੈਰਤ ਦੇ ਨਾਲ ਨਾਲ ਆਪਣਾਪਨ ਵੀ ਹੈ। ਪਰ ਉਹ ਕਿੱਥੇ ਹੈ, ਜਿਸ ਦੀ ਅਵਾਜ਼ ਸੁਣਨ ਲਈ ਮੇਰੇ ਕੰਨ ਤਰਸ ਰਹੇ ਹਨ? ਜਿਸ ਨੂੰ ਦੇਖਣ ਲਈ ਮੇਰੀਆਂ ਅੱਖਾਂ ਵਿਚ ਬੇਚੈਨੀ ਭਟਕ ਰਹੀ ਹੈ।
ਅਚਾਨਕ ਫੋਨ ਦੀ ਘੰਟੀ ਫੇਰ ਵੱਜੀ, ਚੁੱਕਦੇ ਹੀ ਸੱਭਿਅਤਾ ਦੇ ਦਾਇਰੇ ਵਿਚੋਂ ਬਾਹਰ ਆ ਕੇ ਮੈਂ ਭੜਕ ਪਈ, “ਤੂੰ ਕੌਣ ਹੈਂ ਅਤੇ ਕਿਉਂ ਵਾਰ ਵਾਰ ਪ੍ਰੇਸ਼ਾਨ ਕਰ ਰਿਹੈਂ? ਮੇਰੀ ਗੱਲ ਮੇਰੀ ਪੋਤੀ ਨਾਲ ਕਰਾ ਦਿਓ।”
“ਹੁਣ ਤਾਂ ਉਹ ਗ੍ਰਹਿ-ਪ੍ਰਵੇਸ਼ ਕਰਕੇ ਆਪਣੇ ਸੱਸ-ਸਹੁਰੇ ਦਾ ਆਸ਼ੀਰਵਾਦ ਲੈ ਰਹੀ ਹੈ। ਮੈਂ ਬਸ ਹੁਣੇ ਹੀ ਉਹਦੇ ਨਾਲ ਤੁਹਾਡੇ ਕੋਲ ਆ ਰਿਹਾਂ, ਫੇਰ ਜਿੰਨੀਆਂ ਮਰਜ਼ੀ ਉਸ ਨਾਲ ਗੱਲਾਂ ਕਰ ਲੈਣਾ।”
“ਪਰ ਤੂੰ ਹੈ ਕੌਣ?”
“ਤੁਹਾਡਾ ਜਵਾਈ, ਤੁਹਾਡੀ ਪੋਤੀ ਦਾ ਪਤੀ।”
“ਪਤੀ!” ਮੈਂ ਹੈਰਾਨ, ਬਹੁਤ ਹੈਰਾਨ ਹੋਈ ਆਪਣੇ ਨੂੰ ਠੱਗਿਆ ਮਹਿਸੂਸਦੀ ਖੜ੍ਹੀ ਰਹੀ। ਰਿਸੀਵਰ ਮੇਰੇ ਹੱਥਾਂ ਵਿਚੋਂ ਡਿੱਗਦਾ ਡਿੱਗਦਾ ਬਚਿਆ, ਪਰ ਲਾਈਨ ਕੱਟੀ ਗਈ।
ਉਸੇ ਸਮੇਂ ਦਰਵਾਜੇ ਉਤੇ ਹੋਈ ਦਸਤਕ ਨੇ ਮੈਨੂੰ ਡਰਾ ਦਿੱਤਾ। ਡਰੀ ਹੋਈ ਨੇ ਕੰਬਦੇ ਹੱਥਾਂ ਨਾਲ ਕੁੰਡਾ ਖੋਲ੍ਹਿਆ। ਸਾਹਮਣੇ ਸੱਜ ਧੱਜ ਕੇ, ਸੰਧੂਰ ਲਾ ਕੇ ਲਾਲ ਸਾੜੀ ਵਿਚ ਉਰਮੀ ਖੜ੍ਹੀ ਸੀ ਅਤੇ ਉਸ ਦੇ ਨਾਲ ਪ੍ਰਾਹੁਣਾ, ਆਪਣਾ ਮੂੰਹ ਸਿਰ ‘ਤੇ ਲੱਗੀਆਂ ਸਿਹਰੇ ਦੀਆਂ ਲੜੀਆਂ ਨਾਲ ਛੁਪਾਉਣ ਵਿਚ ਕਾਮਯਾਬ ਰਿਹਾ।
ਮੈਂ ਸਦਮੇ ਵਿਚ ਸੀ, ਮਨ ਜ਼ੋਰ ਸ਼ੋਰ ਨਾਲ ਵਿਚਾਰ ਕਰਦਾ ਰਿਹਾ, ਹੁਣ ਡਰ ਦੇ ਨਾਲ ਗੁੱਸਾ ਵੀ ਮਨ ਵਿਚ ਆ ਗਿਆ ਸੀ। ਉਰਮੀ ਬਾਲਗ ਹੈ ਤਾਂ ਕੀ ਹੋਇਆ, ਮੈਨੂੰ ਬਿਨਾ ਦੱਸੇ ਕਿਸੇ ਐਰੇ-ਗੈਰੇ ਨਾਲ ਵਿਆਹ ਕਰ ਲਿਆ ਅਤੇ ਹੁਣ ਸਾਹਮਣੇ ਆ ਕੇ ਖੜ੍ਹੀ ਹੋ ਗਈ ਹੈ। ਮੈਨੂੰ ਹੁਣ ਤੱਕ ਇਹ ਸਭ ਕੁਝ ਇਕ ਕਾਂਡ ਹੀ ਲੱਗ ਰਿਹਾ ਸੀ, ਭਿਆਨਕ ਕਾਂਡ! ਉਰਮੀ ਵੀ ਪੱਥਰ ਬਣੀ ਖੜ੍ਹੀ ਸੀ ਮੇਰੇ ਸਾਹਮਣੇ। ਉਹਦੀ ਹਾਸੀ ਜਿਹੜੀ ਉਹਦਾ ਸ਼ਿੰਗਾਰ ਹੈ, ਪਤਾ ਨਹੀਂ ਕਿੱਧਰ ਗਾਇਬ ਸੀ। ਕਹਿਣਾ ਤਾਂ ਨਹੀਂ ਚਾਹੁੰਦੀ, ਸੋਚਣਾ ਵੀ ਨਹੀਂ ਚਾਹੁੰਦੀ ਕਿ ਇਸ ਤਰ੍ਹਾਂ ਕਿਉਂ ਲੱਗ ਰਿਹਾ ਹੈ, ਜਿਵੇਂ ਕੋਈ ਅਣਚਾਹਿਆ ਪਲਾਨ ਹੈ, ਜਿਸ ਵਿਚ ਉਰਮੀ ਫਸੀ ਹੋਈ ਹੈ, ਇਸ ਕਰ ਕੇ ਤਾਂ ਉਸ ਦੀ ਹਾਸੀ ‘ਤੇ ਵੀ ਕਰਫਿਊ ਲੱਗਾ ਹੋਇਆ ਹੈ। ਜਿੰਨਾ ਮੈਂ ਸੁਲਝੇ ਹੋਏ ਵਿਚਾਰਾਂ ਨਾਲ ਹਰ ਪਹਿਲੂ ‘ਤੇ ਰੋਸ਼ਨੀ ਪਾਉਂਦੀ, ਉਨੀ ਹੀ ਮੈਂ ਉਲਝਣਾਂ ਵਿਚ ਗੁੰਮਰਾਹ ਹੁੰਦੀ ਜਾਂਦੀ। ਕਦੇ ਭਾਵ ਹੀਣ ਮੂਰਤ ਉਰਮੀ ਵੱਲ ਦੇਖਾਂ, ਜੋ ਆਪਣੇ ਪਤੀ ਦੇ ਨਾਲ ਇਵੇਂ ਖੜ੍ਹੀ ਹੈ ਜਿਵੇਂ ਮੈਂ ਉਨ੍ਹਾਂ ਦਾ ਸਵਾਗਤ ਕਰਨ ਲਈ ਹੀ ਖੜ੍ਹੀ ਹਾਂ। ਨਾ ਸ਼ੋਰ ਸ਼ਰਾਬਾ, ਨਾ ਬੈਂਡ, ਨਾ ਵਾਜਾ, ਬਸ ਫੁੱਲ, ਫੁੱਲਾਂ ਦੀ ਮਾਲਾ, ਲਾਲ ਚਮਕਦੀ ਸਾੜੀ; ਤੇ ਮੁੰਡੇ ਦੇ ਪਹਿਰਾਵੇ ਤੋਂ ਪ੍ਰਤੀਤ ਹੁੰਦਾ ਸੀ ਕਿ ਦੋਵੇਂ ਨਵਵਿਆਹੁਤਾ ਪਤੀ-ਪਤਨੀ ਹਨ। ਬਸ, ਹੋਰ ਕੁਝ ਨਹੀਂ ਸੀ-ਨਾ ਸ਼ਹਿਨਾਈ, ਨਾ ਮੰਡਪ; ਨਾ ਫੇਰੇ, ਨਾ ਮਹਿਮਾਨਾਂ ਦੀ ਹਲਚਲ; ਨਾ ਖਾਣਾ, ਨਾ ਪੀਣਾ। ਇਸ ਤਰ੍ਹਾਂ ਦਾ ਕੁਝ ਵੀ ਨਹੀਂ, ਜਿਸ ਨਾਲ ਲੱਗੇ ਕਿ ਵਿਆਹ ਹੋਇਆ ਹੈ। ਤੇ ਮੈਂ ਉਹਦੀ ਦਾਦੀ ਬੇਪਛਾਣ ਜਿਹੀ ਖੜ੍ਹੀ ਦੇਖ ਰਹੀ ਹਾਂ, ਉਨ੍ਹਾਂ ਨੂੰ ਘਰ ਦੀ ਦਹਿਲੀਜ਼ ਦੇ ਉਸ ਪਾਸੇ ਅਤੇ ਮੈਂ ਸੋਚਾਂ ਵਿਚ ਡੁੱਬੀ ਇਸ ਪਾਸੇ।
“ਸਦਾ ਸੁਹਾਗਣ ਦਾ ਆਸ਼ੀਰਵਾਦ ਦਿਓ ਦਾਦੀ।” ਅਚਾਨਕ ਸੋਚ ਦੇ ਸਾਰੇ ਖਿਆਲ ਟੁੱਟੇ। ਮੈਂ ਉਰਮੀ ਵੱਲ ਦੇਖਿਆ, ਜੋ ਮਿਲੀ-ਜੁਲੀ ਭਾਵਨਾ ਨਾਲ ਮੇਰੇ ਵੱਲ ਵੇਖੀ ਜਾ ਰਹੀ ਸੀ। ਮੈਂ ਬਿਨਾ ਹੱਸੇ ਸਾਰਾ ਕਝ ਨਜ਼ਰ ਅੰਦਾਜ਼ ਕਰਦਿਆਂ, ਲਗਭਗ ਗਰਜ਼ਦੀ ਹੋਈ ਅਵਾਜ਼ ਵਿਚ ਉਸ ਅਣਜਾਣ ਪ੍ਰਾਹੁਣੇ ਨੂੰ ਸੰਬੋਧਨ ਕਰਦਿਆਂ ਕਿਹਾ, “ਕੀ ਆਪਣਾ ਮੂੰਹ ਦਿਖਾਉਣ ਲਈ ਤੈਨੂੰ ਮੂੰਹ ਦਿਖਾਈ ਦੇਣੀ ਪਊ?”
“ਮੇਰਾ ਹੱਕ ਤਾਂ ਬਣਦਾ ਹੈ…।” ਉਹ ਮੱਧਮ ਜਿਹੀ ਅਵਾਜ਼ ‘ਚ ਬੋਲਿਆ। ਖਾਮੋਸ਼ੀ ਹੁਣ ਵੀ ਮਾਹੌਲ ‘ਤੇ ਹਾਵੀ ਸੀ। ਹੁਣ ਪ੍ਰਾਹੁਣੇ ਦੇ ਸਰੀਰ ਵਿਚ ਹਰਕਤ ਹੋਈ, ਉਹ ਹੌਲੀ ਹੌਲੀ ਪੂਰੀ ਤਰ੍ਹਾਂ ਝੁਕਿਆ ਤਾਂ ਜੋ ਉਸ ਦੇ ਹੱਥ ਪੈਰਾਂ ਨੂੰ ਲੱਗ ਸਕਣ।
ਪਤਾ ਨਹੀਂ ਕੀ ਸੀ ਉਸ ਛੋਹ ਵਿਚ ਮੇਰੇ ਹੱਥ ਖੁਦ-ਬਖੁਦ ਉਸ ਦੇ ਮੱਥੇ ‘ਤੇ ਚਲੇ ਗਏ ਅਤੇ ਮੂੰਹੋਂ ਨਿਕਲਿਆ ‘ਸਦਾ ਖੁਸ਼ ਰਹੋ’ ਅਤੇ ਮੈਂ ਖੀਵੀ ਹੋਈ ਫੁੱਲਾਂ ਦੇ ਨਕਾਬ ਪਿਛੇ ਆਪਣੀ ਉਰਮੀ ਦੇ ਪ੍ਰਾਹੁਣੇ ਨੂੰ ਦੇਖਣ ਦੀ ਇੱਛਾ ਨੂੰ ਰੋਕ ਨਾ ਸਕੀ। ਜਿਵੇਂ ਹੀ ਉਹ ਪੈਰੀਂ ਹੱਥ ਲਾ ਕੇ ਸਿਰ ਉਪਰ ਚੁੱਕਣ ਲੱਗਾ, ਮੈਂ ਉਹਦੇ ਸਿਹਰੇ ਨਾਲ ਲਟਕਦੀਆਂ ਫੁੱਲਾਂ ਅਤੇ ਮੋਤੀਆਂ ਦੀਆਂ ਲੜੀਆਂ ਨੂੰ ਪਰ੍ਹੇ ਕੀਤਾ ਤਾਂ ਇਕ ਖੂਬਸੂਰਤ ਮੁਸਕਾਨ ਨਾਲ ਸਾਹਮਣਾ ਹੋਇਆ। ਦੇਖਿਆ ਸਾਹਮਣੇ ਸੁੰਦਰ ਨੈਣ ਨਕਸ਼, ਚਮਕਦੀਆਂ ਅੱਖਾਂ, ਮਨਮੋਹਣੀ ਮੁਸਕਾਨ ਦੇ ਨਾਲ ਦੋਵੇਂ ਹੱਥ ਜੋੜ ਕੇ ਖੜ੍ਹਾ ਸੀ ਸੁਜਾਨ।
ਮੈਂ ਖੁਦ ਨੂੰ ਸੰਭਾਲਦਿਆਂ ਦੋਹਾਂ ਨੂੰ ਗਲ ਨਾਲ ਲਾਇਆ, ਆਰਤੀ ਟਿੱਕਾ ਕਰਕੇ ਘਰ ਅੰਦਰ ਲੰਘਾਇਆ। ਹੁਣ ਮਨ ਵਿਚ ਡਰ ਅਤੇ ਹਉਕੇ ਦੀ ਧੁੰਦ ਉਤਰ ਗਈ ਸੀ।
ਆਪਣੇਪਨ ਦੀ ਰੋਸ਼ਨੀ ਵਿਚ ਗੈਰਤ ਦਾ ਹਨੇਰਾ ਗੁੰਮ ਹੋ ਗਿਆ। ਮਨ ਦੇ ਸਾਰੇ ਵਹਿਮ ਰਫੂ ਚੱਕਰ ਹੋ ਗਏ। ਮਨਮੋਹਣੀ ਮੁਸਕਾਨ ਦਾ ਮਾਲਕ ਸੁਜਾਨ, ਮੇਰੀ ਨੂੰਹ ਸਵਿਤਾ ਦਾ ਛੋਟਾ ਭਾਈ, ਅੱਜ ਮੇਰੀ ਉਰਮੀ ਦੇ ਪਤੀ ਦੇ ਰੂਪ ਵਿਚ ਸਾਹਮਣੇ ਖੜ੍ਹਾ ਸੀ।
ਮੈਂ ਰਸੋਈ ਘਰ ਵੱਲ ਭੱਜੀ, ਜਿਥੇ ਮੂੰਹ ਮਿੱਠਾ ਕਰਾਉਣ ਲਈ ਹੋਰ ਕੁਝ ਨਾ ਲੱਭਣ ਕਾਰਨ ਸ਼ੱਕਰ ਦਾ ਡੱਬਾ ਹੀ ਚੁੱਕ ਲਿਆਈ। ਵਾਰੀ ਵਾਰੀ ਦੋਹਾਂ ਨੂੰ ਚੂੰਢੀ ਭਰ ਖੁਆਈ ਅਤੇ ਪਾਣੀ ਪਿਲਾਇਆ। ਘਰ ਵਿਚ ਸਾਦਗੀ ਨਾਲ ਸ਼ੁਭ ਦਾਖਲਾ ਤਾਂ ਹੋਇਆ ਪਰ ਮਨ ਵਿਚ ਇੱਕ ਅਣਸੁਲਝੀ ਗੁੰਝਲ ਪ੍ਰੇਸ਼ਾਨ ਕਰ ਰਹੀ ਸੀ।
“ਦਾਦੀ ਤੁਸੀਂ ਬੈਠੋ, ਪ੍ਰੇਸ਼ਾਨ ਨਾ ਹੋਵੋ।”
ਪਰ ਮੈਂ ਉਨ੍ਹਾਂ ਦੀ ਇੱਕ ਨਾ ਸੁਣੀ, ਫੋਨ ਚੁੱਕਿਆ ਤੇ ਮਿਲਾਇਆ ਉਰਮੀ ਦੀ ਨਾਨੀ ਨੂੰ!
“ਵਧਾਈ ਹੋਵੇ ਦਾਦੀ ਜੀ।” ਉਧਰੋਂ ਪਹਿਲ ਹੋਈ।
“ਤੁਹਾਨੂੰ ਵੀ ਨਾਨੀ ਜੀ, ਪਰ ਇਸ ਤਰ੍ਹਾਂ ਲੁਕ ਛਿਪ ਕੇ ਇਹ ਸਭ ਕੁਝ?”
“ਕਿਉਂ ਅਤੇ ਕਿਵੇਂ, ਤੁਸੀਂ ਇਹ ਸਾਰਾ ਕੁਝ ਜਾਣਨ ਲਈ ਕਾਹਲੇ ਹੋ, ਸਾਨੂੰ ਇਸ ਦਾ ਅਹਿਸਾਸ ਹੈ। ਤੁਹਾਨੂੰ ਤਾਂ ਪਤਾ ਹੀ ਹੋਣਾ, ਜਦੋਂ ਦੋਹਤੀ ਆਪਣੇ ਮਾਮੇ ਨਾਲ ਵਿਆਹ ਕਰਦੀ ਹੈ ਤਾਂ ਚੋਰੀ ਛਿਪੇ ਨਾਲ ਸਿਰਫ ਲੜਕੇ ਦੇ ਪਰਿਵਾਰ ਵਿਚ ਹੀ ਕੀਤਾ ਜਾਂਦਾ ਹੈ, ਅੱਜ ਜੇ ਸਵਿਤਾ ਹੁੰਦੀ ਤਾਂ ਉਹ ਵੀ ਸ਼ਾਮਿਲ ਨਾ ਹੁੰਦੀ। ਅਸੀਂ ਹੁਣੇ ਤੁਹਾਡੇ ਕੋਲ ਪੰਜ ਸੱਤ ਮਿੰਟ ਵਿਚ ਪਹੁੰਚ ਰਹੇ ਹਾਂ।” ਅਤੇ ਫੋਨ ਕੱਟਿਆ ਗਿਆ।
ਉਰਮੀ ਦੇ ਨਾਨਾ-ਨਾਨੀ ਆ ਰਹੇ ਹਨ, ਯਾਨਿ ਮੇਰੇ ਕੁੜਮ-ਕੁੜਮਣੀ ਤਾਂ ਉਹ ਹੈ ਹੀ ਸਨ, ਹੁਣ ਰਿਸ਼ਤਾ ਹੋਰ ਗੂੜ੍ਹਾ ਹੋਇਆ ਹੈ ਅਤੇ ਮੇਰੀ ਹਰ ਚਿੰਤਾ ਦਾ ਹੱਲ ਹੋ ਗਿਆ। ਉਸੇ ਸਮੇਂ ਦਰਵਾਜੇ ‘ਤੇ ਫੇਰ ਦਸਤਕ ਹੋਈ। ਰਸੋਈ ਤੋਂ ਬਾਹਰ ਨਿਕਲਦੇ ਹੀ ਦੇਖਿਆ ਕਿ ਉਰਮੀ ਨੇ ਦਰਵਾਜਾ ਖੋਲ੍ਹਣ ਦੀ ਪਹਿਲ ਕੀਤੀ ਸੀ ਅਤੇ ਹੁਣ ਉਹ ਆਪਣੀ ਨਾਨੀ, ਸੁਜਾਨ ਦੀ ਮਾਂ ਨੂੰ ਸੱਸ ਦਾ ਦਰਜਾ ਦਿੰਦੇ ਹੋਏ ਪੈਰੀਂ ਹੱਥ ਲਾ ਰਹੀ ਸੀ। ਫਿਜ਼ਾ ਵਿਚ ਖੁਸ਼ੀਆਂ ਘੁਲ ਮਿਲ ਗਈਆਂ। ਵਧਾਈਆਂ ਦੀ ਅਦਲਾ ਬਦਲਾ ਹੋਈ, ਮੂੰਹ ਮਿੱਠਾ ਕੀਤਾ ਅਤੇ ਮਿਲ ਕੇ ਚਾਹ ਨਾਸ਼ਤੇ ਦੇ ਨਾਲ ਹੀ ਗੱਲਾਂ ਵੀ ਹੁੰਦੀਆਂ ਰਹੀਆਂ। ਕੁਝ ਕਹੀਆਂ ਜਾ ਰਹੀਆਂ ਸਨ, ਕੁਝ ਸੁਣੀਆਂ ਜਾ ਰਹੀਆਂ ਸਨ, ਪਰ ਸਾਰੀਆਂ ਦੀਆਂ ਸਾਰੀਆਂ ਸੁੱਖ ਅਤੇ ਖੁਸ਼ੀਆਂ ਨਾਲ ਭਰਪੂਰ ਸਨ।
ਗੱਲਾਂ ਗੱਲਾਂ ਵਿਚ ਹੀ ਕਈ ਅਣਜਾਣੀਆਂ ਗੱਲਾਂ ਤੋਂ ਪਰਦਾ ਉਠ ਗਿਆ ਕਿ ਉਸ ਰਾਤ ਉਰਮੀ ਅਤੇ ਸੁਜਾਨ ਨੇ ਪੂਰੇ ਧਾਰਮਿਕ ਰੀਤੀ ਰਿਵਾਜ਼ ਨਾਲ ਮੰਦਿਰ ਵਿਚ ਆਪਣੇ ਮਾਤਾ-ਪਿਤਾ ਦੇ ਸਾਹਮਣੇ ਵਿਆਹ ਕੀਤਾ ਤੇ ਉਹ ਦਾਦੀ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੇ ਸਨ। ਹਕੀਕਤ ਵਿਚ ਦਾਦੀ ਨੂੰ ਇਹ ਤਾਂ ਪਤਾ ਸੀ ਕਿ ਆਂਧਰਾ ਪ੍ਰਦੇਸ਼ ਦੇ ਕੁਝ ਖਾਸ ਪਰਿਵਾਰਾਂ ਵਿਚ ਇਹ ਪ੍ਰਥਾ ਸੀ ਕਿ ਭੈਣ ਦੀ ਲੜਕੀ ਦਾ ਵਿਆਹ ਭੇਦ-ਭਰੇ ਢੰਗ ਨਾਲ ਮਾਮੇ ਨਾਲ ਕਰਵਾ ਦਿੱਤਾ ਜਾਂਦਾ ਹੈ, ਅਤੇ ਉਸ ਪਿਛੋਂ ਮਾਂ ਅਤੇ ਕੁੜੀ ਕੁੜਮਣੀਆਂ ਬਣ ਜਾਂਦੀਆਂ ਹਨ। ਭਾਈ, ਭੈਣ ਦਾ ਜਵਾਈ ਬਣ ਜਾਂਦਾ ਹੈ ਅਤੇ ਕੁੜੀ ਨਾਨੀ ਦੀ ਨੂੰਹ।
ਦਾਦੀ ਅੱਜ ਸਵਿਤਾ ਦੀ ਥਾਂ ਖੜ੍ਹ ਕੇ ਸਾਰੇ ਰਿਸ਼ਤੇ ਸਵੀਕਾਰ ਕਰਕੇ ਨੂੰਹ ਦੀ ਯਾਦ ਵਿਚ ਰੋ ਪਈ। ਪਰ ਇਸ ਵਿਚ ਇੱਕ ਖੁਸ਼ੀ ਵੀ ਸ਼ਾਮਿਲ ਸੀ ਕਿ ਉਸ ਨੂੰ ਉਰਮੀ ਲਈ ਉਸ ਦਾ ਮਾਮਾ, ਪਤੀ ਦੇ ਰੂਪ ਵਿਚ ਇੱਕ ਵਰਦਾਨ ਵਾਂਗ ਮਿਲਿਆ, ਇੱਕ ਰੱਖਿਅਕ, ਇੱਕ ਕਵਚ ਬਣ ਕੇ।
ਪਰ ਫੋਨ ਤੇ ਉਹ ਸ਼ਬਦ ‘ਪ੍ਰੇਸ਼ਾਨ ਨਾ ਕਰੋ, ਇੱਕ ਘੰਟੇ ਵਿਚ ਉਸ ਦਾ ਵਿਆਹ ਹੋ ਰਿਹਾ ਹੈ’ ਹੁਣ ਇਕ ਸੁਖਦ ਯਾਦਗਾਰ ਬਣ ਗਈ।
“ਦਾਦੀ ਅਸੀਂ ਸਭ ਨੇ ਤੈਅ ਕੀਤਾ ਕਿ ਇਹ ਵਿਆਹ ਭੇਦ ਭਰੇ ਢੰਗ ਨਾਲ ਪੂਰਾ ਕਰਕੇ ਅਸੀਂ ਤੁਹਾਡੇ ਕੋਲ ਆਸ਼ੀਰਵਾਦ ਲੈਣ ਆਈਏ। ਸਾਨੂੰ ਪਤਾ ਹੈ ਕਿ ਤੁਸੀਂ ਉਰਮੀ ਨੂੰ ਖੁਦ ਨਾਲੋਂ ਵੱਖ ਕਰਕੇ ਸਾਡੇ ਘਰ ਦੀ ਨੂੰਹ ਬਣਾਉਣ ਲਈ ਰਾਜ਼ੀ ਨਹੀਂ ਹੋਵੋਗੇ।” ਕਹਿੰਦਿਆਂ ਉਰਮੀ ਦੀ ਨਾਨੀ ਨੇ ਖੜ੍ਹੀ ਹੋ ਕੇ ਦਾਦੀ ਨੂੰ ਗਲ ਨਾਲ ਲਾਇਆ ਅਤੇ ਉਨ੍ਹਾਂ ਦੇ ਹੰਝੂ ਪੂੰਝੇ। ਸਭ ਦਾ ਦਰਦ ਸਾਂਝਾ ਸੀ, ਸਭ ਦੀਆਂ ਖੁਸ਼ੀਆਂ ਸਾਂਝੀਆਂ ਸਨ।
ਅੱਖਾਂ ਵਿਚ ਇਕ ਦ੍ਰਿਸ਼ ਉਭਰ ਕੇ ਆਇਆ, ਬਾਰਾਂ ਮਹੀਨੇ ਦੀ ਨੰਨੀ ਉਰਮੀ ਅਤੇ ਬਾਈ ਸਾਲ ਦੀ ਨੌਜਵਾਨ ਉਰਮੀ ਆਪਣੀ ਹੀ ਨਾਨੀ ਦੀ ਨੂੰਹ ਬਣੀ, ਆਪਣੀ ਮਾਂ ਦੀ ਇੱਛਾ ਪੂਰੀ ਕੀਤੀ ਅਤੇ ਹੁਣ ਭਾਵ ਭਿੰਨੀ ਜਿਹੀ ਦਾਦੀ ਦੇ ਪੈਰਾਂ ਵੱਲ ਝੁਕੀ ਤਾਂ ਦਾਦੀ ਨੇ ਉਠ ਕੇ ਉਸ ਨੂੰ ਸੀਨੇ ਨਾਲ ਲਾ ਲਿਆ।
ਕਲ ਰਾਤ ਅਤੇ ਅੱਜ ਸਵੇਰ ਵਿਚਕਾਰਲਾ ਹਉਕਿਆਂ ਭਰਿਆ ਸਮਾਂ ਹੁਣ ਖੁਸ਼ੀਆਂ ਦੀ ਲਹਿਰ ਵਿਚ ਬਦਲ ਗਿਆ। ਅੱਜ ਦਾਦੀ ਦੇ ਮਹਿਸੂਸ ਕੀਤਾ ਕਿ ਦੋ ਪੀੜ੍ਹੀਆਂ ਨੂੰ ਪਾੜਨ ਵਾਲਾ ਪਿਆਰ ਇਸ ਤਰ੍ਹਾਂ ਵੀ ਹੁੰਦਾ ਹੈ।