ਨੇੜਿਉਂ ਵੇਖਿਆ 6 ਜੂਨ

ਦਲਵਿੰਦਰ ਸਿੰਘ ਘੁੰਮਣ
ਫੋਨ: 0033630073111
ਦਰਬਾਰ ਸਾਹਿਬ, ਅੰਮ੍ਰਿਤਸਰ ਦਾ ਪੂਰਾ ਕੰਪਲੈਕਸ ਚਿੱਟੀ ਪੁਲਿਸ ਅਤੇ ਟਾਸਕ ਫੋਰਸਾਂ ਨਾਲ ਭਰਿਆ ਇਵੇਂ ਮਹਿਸੂਸ ਹੁੰਦਾ ਹੈ ਜਿਵੇਂ ਹੁਣ ਹਰ ਸਾਲ 6 ਜੂਨ ਨੂੰ ਮੁੜ ਹਮਲਾ ਹੁੰਦਾ ਹੋਵੇ। ਜਿਸ ਹੁੱਲੜਬਾਜ਼ੀ ਨੂੰ ਖਾਲਿਸਤਾਨੀਆਂ ਦੇ ਵਿਰੋਧ ਵਿਚ ਪ੍ਰਚਾਰਿਆ ਜਾਂਦਾ ਹੈ, ਉਹ ਅਸਲ ਵਿਚ ਦੁਨੀਆਂ ਵਿਚੋਂ ਆਏ ਪੰਥ ਦਰਦੀਆਂ ਦਾ ਰੋਸ ਤੇ ਦਰਦ ਹੈ, ਜੋ ਭਾਰਤੀ ਹਕੂਮਤ ਵਲੋਂ ਸਿੱਖਾਂ ਨੂੰ 1984 ਵਿਚ ਦਿੱਤਾ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੰਦਿਆਂ ਵਲੋਂ ਯੋਜਨਾਬੱਧ ਤਰੀਕੇ ਨਾਲ ਆਪਣੀਆਂ ਲਾਲ, ਚਿੱਟੀਆਂ ਫੋਰਸਾਂ ਰਾਹੀਂ ਸਾਰੀ ਕੌਮ ਦੀ ਧਾਰਮਿਕ ਆਸਥਾ ਅਤੇ ਦੁਨੀਆਂ ਦੇ ਨਿਵੇਕਲੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਢਾਹ ਲਾਈ ਜਾਂਦੀ ਹੈ। ਦਹਿਸ਼ਤ ਸਿਖਰ ‘ਤੇ ਹੁੰਦੀ ਹੈ। ਹਰ ਥਾਂ ਸੀ. ਸੀ. ਟੀ. ਵੀ. ਕੈਮਰਿਆਂ, ਸੀ. ਆਈ. ਡੀ. ਦੇ ਬੰਦਿਆਂ ਰਾਹੀਂ ਸਾਰੇ ਦਰਬਾਰ ਸਾਹਿਬ ਦੇ ਗਲਿਆਰਿਆਂ, ਛੱਤਾਂ, ਗੈਲਰੀਆਂ ਵਿਚ ਮੋਬਾਈਲਾਂ ਰਾਹੀਂ ਵੀਡੀਓ ਬਣਾਉਂਦਿਆਂ ਆਮ ਵੇਖਿਆ ਜਾ ਸਕਦਾ ਹੈ।

ਅਕਾਲ ਤਖਤ ਸਾਹਿਬ ਦੀ ਸਿੱਖਾਂ ਵਿਚ ਹੁਕਮ, ਆਦੇਸ਼, ਮਰਿਆਦਾ, ਅਹਿਮੀਅਤ ਸਭ ਤੋਂ ਸੁਪਰੀਮ ਹੈ। 35 ਸਾਲ ਪਹਿਲਾਂ ਸਿੱਖਾਂ ਉਪਰ ਵਾਪਰੇ ਹਿੰਦੂਤਵੀ ਸੋਚ ਦੇ ਕਹਿਰ ਨੇ ਜਿਥੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀ ਸ਼ਹਾਦਤ ਲਈ, ਉਥੇ ਵੱਡਾ ਦਰਦ, ਚੀਸ ਸਿੱਖਾਂ ਦੇ ਮਨਾਂ ਉਪਰ ਉਕਰੀ ਗਈ। 6 ਜੂਨ ਦਾ ਹਫਤਾ ਬਹੁਤ ਅਸਹਿਨਸ਼ੀਲ ਸਮਾਂ ਹੁੰਦਾ ਹੈ। ਦੇਸ਼ ਵਿਦੇਸ਼ ਤੋਂ ਭਰ ਗਰਮੀ ਵਿਚ ਜਜ਼ਬਾਤੀ ਹਿਰਦੇ ਅਕਾਲ ਤਖਤ ਸਾਹਿਬ ‘ਤੇ ਪਹੁੰਚ ਕੇ ਵਿਛੜਿਆਂ ਲਈ ਅਰਦਾਸ ਕਰਦੇ ਹਨ। ਹਰ ਸਿੱਖ ਦੀ ਅੱਖ ਨਮ ਹੁੰਦੀ ਹੈ, ਵੈਰਾਗ ਵਿਚ ਆਈਆਂ ਸੰਗਤਾਂ ਨੂੰ ਰੋਂਦਿਆਂ ਵੇਖਿਆ ਜਾ ਸਕਦਾ ਹੈ।
ਜੂਨ ਮਹੀਨੇ ਛਾਉਣੀ ਵਿਚ ਤਬਦੀਲ ਸ੍ਰੀ ਅੰਮ੍ਰਿਤਸਰ ਸਾਹਿਬ, ਥਾਂ ਥਾਂ ਚੈਕਿੰਗ, ਬੰਦ ਰਸਤੇ ਜਾਂ ਤਬਦੀਲ ਰਸਤਿਆਂ ਵਿਚੋਂ ਗੁਜ਼ਰਦੇ ਹਰ ਪ੍ਰਾਣੀ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ। ਸ਼੍ਰੋਮਣੀ ਕਮੇਟੀ ਵਲੋਂ ਰਿਹਾਇਸ਼ ਵਾਸਤੇ ਆਮ ਲੋਕਾਂ ਲਈ ਸਰਾਵਾਂ ਦੇ ਦਰਵਾਜੇ ਬੰਦ ਕੀਤੇ ਜਾਂਦੇ ਹਨ। ਇਕ ਜਥੇਬੰਦੀ ਵਲੋਂ ਬੰਦ ਦੇ ਸੱਦੇ ਨਾਲ ਲੋਕਾਂ ਵਿਚ ਭੰਬਲਭੂਸਾ, ਪ੍ਰੇਸ਼ਾਨੀ ਵਿਚ ਵਾਧਾ ਹੁੰਦਾ ਹੈ। ਗਰਮੀ ਵਿਚ ਖਾਣ ਪੀਣ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਬੱਚੇ ਅਤੇ ਬਜੁਰਗਾਂ ਲਈ ਸਥਿਤੀ ਹੋਰ ਵੀ ਖੱਜਲ ਖੁਆਰੀ ਵਾਲੀ ਹੋ ਜਾਂਦੀ ਹੈ। ਇਹ ਹਫਤਾ ਸ਼੍ਰੋਮਣੀ ਕਮੇਟੀ ਵਲੋਂ ਰੋਸ ਵਜੋਂ ਮਨਾਉਣ ਨਾਲੋਂ ਵੱਧ ਭੁੱਲਣ ਦੀ ਕਾਰਜਸ਼ੈਲੀ ਅਪਨਾਈ ਜਾਂਦੀ ਹੈ। ਸਿੱਖ ਸੰਘਰਸ਼ ਵਿਚ ਵਿਚਰ ਰਹੀਆਂ ਪਾਰਟੀਆਂ, ਜਥੇਬੰਦੀਆਂ ਅਕਾਲ ਤਖਤ ਸਾਹਿਬ ‘ਤੇ ਪਹੁੰਚ ਕੇ ਆਪਣਾ ਰੋਸ ਪ੍ਰਦਰਸ਼ਨ ਕਰਦੀਆਂ ਹਨ। ਆਪਣੇ ਸੰਦੇਸ਼ ਵੀ ਕੌਮ ਦੇ ਨਾਂ ਪੜ੍ਹਦੀਆਂ ਹਨ।
5 ਜੂਨ ਦੀ ਰਾਤ ਤੇ ਤੜਕਸਾਰ ਹੀ ਅਕਾਲ ਤਖਤ ਸਾਹਿਬ ਦੇ ਆਲੇ ਦੁਆਲੇ ਥਾਂਵਾਂ ‘ਤੇ ਟਾਸਕ ਫੋਰਸ ਆਪਣੇ ਮਿਲੇ ਹੁਕਮਾਂ ਰਾਹੀਂ ਸਭ ਪਾਸੇ ਜੰਗਲੇ ਲਾ ਕੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਅਤੇ ਹੋਰ ਸਹਿਯੋਗੀ ਸੰਪਰਦਾਵਾਂ ਦੇ ਵੱਖ ਵੱਖ ਟੋਲਿਆਂ ਦੇ ਰੂਪ ਵਿਚ ਸਾਰੀਆਂ ਥਾਂਵਾਂ ‘ਤੇ ਯਾਤਰੀਆਂ ਵਾਂਗ ਬੈਠ ਜਾਂਦੇ ਹਨ, ਤਾਂ ਜੋ ਭੁਲੇਖਾ ਰਹੇ ਕਿ ਸਭ ਯਾਤਰੀ ਹਨ। ਇਸ ਵਾਰ ਇਨ੍ਹਾਂ ਥਾਂਵਾਂ ‘ਤੇ ਕਿਸੇ ਦੂਜੀ ਪਾਰਟੀ, ਜਥੇਬੰਦੀ ਦੇ ਨੁਮਾਇੰਦਿਆਂ ਜਾਂ ਵਰਕਰਾਂ ਨੂੰ ਪੂਰੀਆਂ ਰੋਕਾਂ ਲਾ ਕੇ ਨਾ ਬੈਠਣ ਦਿੱਤਾ ਗਿਆ ਤੇ ਨਾ ਹੀ ਹਰ ਸਾਲ ਵਾਂਗ ਬੋਲਣ ਦਿੱਤਾ ਗਿਆ। ਜੋ ਵਕਤ ਅਨੁਸਾਰ ਵੱਖਰੀ ਥਾਂ ਕੀਤਾ ਗਿਆ, ਜੋ ਟਕਰਾਓ ਦਾ ਮਾਹੌਲ ਕਮੇਟੀ ਬਣਾਉਣਾ ਚਾਹੁੰਦੀ ਸੀ, ਉਸ ਤੋਂ ਬਚਿਆ ਗਿਆ।
ਅਕਾਲ ਤਖਤ ਸਾਹਿਬ ਅੰਦਰ ਜਾ ਕੇ ਨਤਮਸਤਕ ਹੋਣਾ ਅਸੰਭਵ ਸੀ ਕਿਉਂਕਿ ਪਉੜੀਆਂ ‘ਤੇ ਪਹਿਲਾਂ ਹੀ ਵੱਡਾ ਹਜੂਮ ਖੜ੍ਹਾ ਕਰ ਦਿੱਤਾ ਜਾਂਦਾ ਹੈ, ਜਿਸ ਵਿਚੋਂ ਇਸ਼ਾਰੇ ਰੂਪੀ ਵਿਅਕਤੀਆਂ ਨੂੰ ਹੀ ਲੰਘਣ ਦਿਤਾ ਜਾਂਦਾ ਹੈ, ਜਦੋਂ ਕਿ ਲਾਈਨ ਵਿਚ ਜਾ ਕੇ ਤੁਸੀਂ ਬਹੁਤ ਅਰਾਮ ਨਾਲ ਮੱਥਾ ਟੇਕ ਸਕਦੇ ਹੋ। ਕਿਉਂਕਿ ਅੰਦਰ ਕਾਫੀ ਥਾਂ ਹੁੰਦੀ ਹੈ, ਜਿਸ ਵਿਚੋਂ ਸਹਿਜੇ ਹੀ ਦੂਜੇ ਦਰਵਾਜੇ ਰਾਹੀਂ ਬਾਹਰ ਜਾਇਆ ਜਾ ਸਕਦਾ ਹੈ। ਦੂਜੀਆਂ ਜਥੇਬੰਦੀਆਂ ਜਾਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੈਠਣ ਲਈ ਥਾਂ ਨਹੀਂ ਦਿੱਤੀ ਜਾਂਦੀ। ਬਾਹਰ ਨਿਕਲਣ ਸਾਰ ਹੀ ਹੇਠਾਂ ਨੂੰ ਉਤਰਦੇ ਰਸਤੇ (ਪੌੜੀਆਂ) ਨੂੰ ਸੀਲ ਕੀਤਾ ਗਿਆ ਸੀ, ਜਿਸ ‘ਤੇ ਸਿੱਖ ਜਥੇਬੰਦੀਆਂ ਆਪਣਾ ਸੰਦੇਸ਼ ਜਾਂ ਰੋਸ ਪ੍ਰਗਟਾਉਂਦੀਆਂ ਹਨ।
ਇਸ ਵਾਰ ਜਥੇਦਾਰ ਦੇ ਬਹੁਤ ਹੀ ਸੰਖੇਪ ਭਾਸ਼ਣ ਵਿਚ ਆਈਲੈਟਸ ਕਰਕੇ ਵਿਦੇਸ਼ਾਂ ਵੱਲ ਭੱਜ ਰਹੀ ਜਵਾਨੀ ‘ਤੇ ਚਿੰਤਾ ਪ੍ਰਗਟ ਕੀਤੀ ਗਈ। ਜਥੇਦਾਰ ਨੇ ਆਦੇਸ਼ ਪੜ੍ਹਿਆ ਹੈ ਜਾਂ ਸੰਦੇਸ਼? ਪਤਾ ਨਹੀਂ! ਜੇ ਆਦੇਸ਼ ਹੈ ਤਾਂ ਆਪਣੇ ਆਕਿਆਂ ਲਈ ਹੋਣਾ ਚਾਹੀਦਾ ਸੀ, ਜਿਨ੍ਹਾਂ ਨੇ ਪੰਜਾਬ ਦੇ ਇਹ ਹਾਲਾਤ ਬਣਾਏ। ਇਸ ਦੇ ਜਿੰਮੇਵਾਰਾਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾਣਾ ਚਾਹੀਦਾ ਸੀ। ਜੇ ਸੰਦੇਸ਼ ਸੀ, ਤਾਂ ਇਨ੍ਹਾਂ ਜਥੇਦਾਰਾਂ ਨੂੰ ਕੌਮ ਰੱਦ ਕਰ ਚੁਕੀ ਹੈ, ਕਿਉਂਕਿ ਅੱਜ ਦੇ ਸੰਦੇਸ਼ ਵੀ ਇਕ ਪਰਿਵਾਰ ਦੀ ਇੱਛਾ ਪੂਰਤੀ ਕਰਦੇ ਹਨ।
ਜੱਗ ਜਾਹਰ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚੋਂ ਕੋਈ ਵੀ ਅਫਸਰ ਨਹੀਂ ਬਣੇਗਾ। ਪੰਜਾਬ ਵਿਚ ਯੂ. ਪੀ., ਬਿਹਾਰ ਦੇ ਮਜਦੂਰ ਅਤੇ ਕੇਰਲਾ ਵਰਗੇ ਸਿੱਖਿਆ ਪ੍ਰਥਮ ਸੂਬੇ ਦੇ ਲੋਕ ਸਿਖਿਆ ਪ੍ਰਣਾਲੀ ਦੇ ਮੋਹਰੀ ਹੋਣਗੇ। ਜਥੇਦਾਰ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਈ ਵੱਡੇ ਵਿਦਿਅਕ ਅਦਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਚੱਲ ਰਹੇ ਹਨ। ਇਨ੍ਹਾਂ ਵਿਦਿਅਕ ਅਦਾਰਿਆਂ ਦੇ ਕੀ ਰੋਲ ਹਨ? ਅੱਜ ਸਿੱਖ ਵਰਗ ਦੇ ਨੌਜਵਾਨਾਂ ਲਈ ਪਹਿਲਾਂ ਪੜ੍ਹਾਈਆਂ ਹਨ ਜਾਂ ਨੌਕਰੀਆਂ? ਜਿੰਮੇਵਾਰਾਂ ਨੂੰ ਜਿੰਨੀ ਦੇਰ ਜਿੰਮੇਵਾਰੀ ਦਾ ਅਹਿਸਾਸ ਨਹੀਂ ਹੁੰਦਾ, ਉਨੀ ਦੇਰ ਸਭ ਗੱਲਾਂ ਦੇ ਕੜਾਹ ਹਨ।
“ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥” ਇਹ ਸ਼ਬਦ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਤੋਂ ਪੜ੍ਹੇ ਜਾ ਰਹੇ ਹਨ, ਕਿਉਂਕਿ ਇਸ ਵੇਲੇ ਰਾਜ ਭਾਗ ਕੈਪਟਨ ਅਮਰਿੰਦਰ ਸਿੰਘ ਕੋਲ ਹੈ, ਜੋ ਬਾਦਲ ਸਰਕਾਰ ਵੇਲੇ ਮਨ੍ਹਾਂ ਸਨ। ਇਹ ਵੀ ਧਾਰਮਿਕ ਅਸਥਾਨਾਂ ਦੀ ਦੁਰਵਰਤੋਂ ਹੈ, ਪੈਸੇ ਅਤੇ ਭ੍ਰਿਸ਼ਟਾਚਾਰ ਤੋਂ ਇਲਾਵਾ।
ਅੱਜ ਪੰਜਾਬ ਦੇ ਹਾਲਾਤ ਅਤੇ ਸਿੱਖਾਂ ਦੀ ਢਹਿ ਗਈ ਸਿਆਸਤ ਚੌਰਾਹੇ ‘ਤੇ ਖੜ੍ਹੀ ਹੈ। ਪੰਜਾਬੀਆਂ, ਸਿੱਖਾਂ ਦੇ ਚੁਣੇ ਆਗੂ ਹੀ ਪੰਜਾਬ ਦੇ ਵੈਰੀ ਬਣ ਗਏ ਹਨ। ਸਾਰੇ ਆਪਣਾ ਝੋਲੀ ਬਿਸਤਰਾ ਚੁੱਕ ਦਿੱਲੀ ਨੂੰ ਭੱਜਦੇ ਹਨ। ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਦੀ ਜਥੇਦਾਰੀ ਜਿਹਾ ਰੁਤਬਾ ਪ੍ਰਾਪਤ ਆਗੂ ਨੂੰ ਕੌਮ ਦੀ ਅਗਵਾਈ ਦਿੱਤੇ ਬਿਨਾ ਨਹੀਂ ਕੁਝ ਸਵਾਰਿਆ ਜਾ ਸਕਦਾ। ਸ਼ ਕਪੂਰ ਸਿੰਘ ਵਰਗੇ ਲੀਡਰਾਂ ਦੀ ਸਿੱਖਾਂ ਅਤੇ ਪੰਜਾਬ ਪ੍ਰਤੀ ਸੋਚ ਦਾ ਅੱਗੇ ਆਉਣਾ ਜਰੂਰੀ ਹੈ। ਅੱਜ ਕੁਝ ਕੁ ਲੀਡਰ ਭਵਿੱਖ ਲਈ ਫਿਕਰਮੰਦ ਹਨ, ਪਰ ਉਨ੍ਹਾਂ ਦੀ ਫਿਕਰਮੰਦੀ ਨੂੰ ਫਿਰਕਾਪ੍ਰਸਤੀ ਦਾ ਨਾਂ ਦਿੱਤਾ ਜਾ ਰਿਹਾ ਹੈ।
ਸਬ ਹੋ ਚੁਕੇ ਹੈਂ ਉਸ ਬੁਤ-ਏ-ਕਾਫਰ-ਅਦਾ ਕੇ ਸਾਥ,
ਰਹਿ ਜਾਏਂਗੇ ਰਸੂਲ ਹੀ ਬਸ ਅਬ ਖੁਦਾ ਕੇ ਸਾਥ।