ਪਿਤਾ ਜੀ ਦਾ ਹਰਕੁਲੀਸ

ਚਰਨਜੀਤ ਸਿੰਘ ਪੰਨੂ
ਫੋਨ: 408-608-4961
ਪਿਤਾ ਜੀ ਦੀ ਦੱਸੀ ਹੱਡ ਬੀਤੀ ਕਹਾਣੀ ਯਾਦ ਆਈ। 1939 ਵਿਚ ਉਨ੍ਹਾਂ ਦੇ ਵਿਆਹ ਦਾ ਸਾਹਾ ਸੁਧਾ ਦਿੱਤਾ ਗਿਆ। ਪਿੰਡ ਦੇ ਇਕ ਹੋਰ ਸਿਪਾਹੀ ਬਚਨ ਸਿੰਘ ਨਾਲ ਉਹ ਕੋਹਾਟ ਛਾਉਣੀ ਵਿਖੇ ਤਾਇਨਾਤ ਸਨ। ਉਹ ਸਾਲਾਨਾ ਛੁੱਟੀ ਲੈ ਕੇ ਬੜੇ ਸ਼ੌਕ ਨਾਲ ਮਿਲਟਰੀ ਵਿਚੋਂ ਪਿੰਡ ਵਿਆਹ ਕਰਾਉਣ ਚੱਲ ਪਏ। ਉਹ ਰੇਲ ਗੱਡੀ ਰਾਹੀਂ ਲਾਇਲਪੁਰ ਰੇਲਵੇ ਸਟੇਸ਼ਨ ‘ਤੇ ਸਵੇਰੇ ਅੱਪੜੇ। ਇਸ ਤੋਂ ਅੱਗੇ ਪਿੰਡ ਸਖੀਰਾ ਵੀਹ ਕੁ ਮੀਲ ‘ਤੇ ਹੈ। ਉਥੋਂ ਗੋਜਰੇ ਵਾਲੀ ਗੱਡੀ ਦੁਪਹਿਰ ਨੂੰ ਜਾਣੀ ਸੀ। ਉਨ੍ਹਾਂ ਦੋਹਾਂ ਕੋਲ ਅੱਸੀ ਅੱਸੀ ਰੁਪਏ ਸਨ, ਜੋ ਉਸ ਵੇਲੇ ਵੱਡੀ ਰਕਮ ਸਮਝੀ ਜਾਂਦੀ ਸੀ। ਉਹ ਡਰਦੇ ਡਰਦੇ ਫਿਰ ਰਹੇ ਸਨ ਕਿ ਇਹ ਕਿਤੇ ਗੁੰਮ ਨਾ ਜਾਣ ਜਾਂ ਖੀਸੇ ਕੱਟ ਨਾ ਹੋ ਜਾਣ।

ਉਨ੍ਹਾਂ ਘਰ ਦੇ ਜੀਆਂ ਲਈ ਕੋਈ ਨਵੀਂ ਚੀਜ਼ ਖਰੀਦਣ ਦੀ ਸੋਚੀ। ਉਹ ਅੱਠ ਨੰਬਰ ਬਾਜ਼ਾਰ ਜਾ ਵੜੇ। ਦੁਕਾਨ ‘ਤੇ ਖੜ੍ਹੇ ਸਾਈਕਲ ਵੇਖ ਕੇ ਰੁਕ ਗਏ। ਦੁਕਾਨਦਾਰ ਨੇ ਪੈਂਤੀ ਰੁਪਏ ਰੇਟ ਦੱਸਿਆ। ਇਹ ਉਨ੍ਹਾਂ ਦੇ ਪਸੰਦ ਆ ਗਏ। ਤੇਤੀ ਰੁਪਏ ਵਿਚ ਸੌਦਾ ਹੋ ਗਿਆ। ਦੋਹਾਂ ਨੇ ਇਕ ਇਕ ਹਰਕੁਲੀਸ ਸਾਈਕਲ ਖਰੀਦ ਲਿਆ ਕਿ ਪਿੰਡ ਵਾਲਿਆਂ ਨੂੰ ਨਵੀਂ ਸ਼ੈਅ ਦਿਖਾਵਾਂਗੇ। ਦੁਕਾਨਦਾਰ ਨੇ ਰੜੇ ਜਿਹੇ ਲਿਜਾ ਕੇ ਉਨ੍ਹਾਂ ਨੂੰ ਦੋ ਚਾਰ ਗੇੜੇ ਦਿਵਾ ਕੇ ਮੁਢਲੀ ਸਿਖਲਾਈ ਦੇ ਦਿੱਤੀ। ਗੱਡੀ ਚੱਲਣ ‘ਚ ਅਜੇ ਦੋ ਘੰਟੇ ਬਾਕੀ ਸਨ। ਪਿੰਡ ਦਾ ਕਿਰਾਇਆ ਤਿੰਨ ਆਨੇ ਸੀ। ਉਨ੍ਹਾਂ ਸੋਚਿਆ ਕਿ ਪਿੰਡ ਸਾਈਕਲਾਂ ‘ਤੇ ਹੀ ਜਾ ਕੇ ਤਿੰਨ ਆਨੇ ਬਚਾਏ ਜਾਣ। ਤਿੰਨ ਤਿੰਨ ਆਨੇ ਦੇ ਫੁੱਲੀਆਂ, ਪਤਾਸੇ ਤੇ ਮੱਛੀ ਦੀਆਂ ਗੋਲੀਆਂ ਖਰੀਦ ਕੇ ਬਸਤੇ ਭਰ ਲਏ।
ਦੋਵੇਂ ਨੌਜਵਾਨ ਫੌਜੀ ਚੱਲ ਪਏ। ਸਾਈਕਲ ਚਲਾਉਣ ਦੀ ਜਾਚ ਘੱਟ ਸੀ। ਡਿਗਦੇ ਢਹਿੰਦੇ ਤਿੰਨ ਘੰਟੇ ਵਿਚ ਪਿੰਡ ਵਾਲੀ ਸੱਥ ਯਾਨਿ ਬੋਹੜ ਹੇਠ ਪਹੁੰਚ ਗਏ। ਪਿੰਡ ਵਿਚ ਇਹ ਪਹਿਲੇ ਸਾਈਕਲ ਵੇਖ ਕੇ ਲੋਕ ਹੈਰਾਨ ਹੋ ਗਏ। ਉਨ੍ਹਾਂ ਫੁੱਲੀਆਂ ਪਤਾਸੇ ਗੁਰਦੁਆਰੇ ਮੱਥਾ ਟੇਕਦੀ ਸੰਗਤ ਨੂੰ ਵੰਡ ਕੇ ਅਸ਼ੀਰਵਾਦ ਲਿਆ। ਸਾਰਾ ਪਿੰਡ ਇਸ ਨਵੀਂ ਚੀਜ਼ ‘ਤੇ ਬਹੁਤ ਖੁਸ਼ ਸੀ।
ਪਿਤਾ ਜੀ ਆਪਣੇ ਵਿਆਹ ਸਮੇਂ ਇਸ ਸਾਈਕਲ ‘ਤੇ ਸਹੁਰੇ ਘਰ ਢੁੱਕਣ ਲਈ ਬਜ਼ਿਦ ਸਨ, ਪਰ ਸਿਆਣਿਆਂ ਨੇ ਕਿਹਾ ਕਿ ਲਾੜਾ ਤਾਂ ਘੋੜੀ ਚੜ੍ਹ ਕੇ ਹੀ ਜਾਂਦਾ ਹੈ। ਬਾਕੀ ਹੋਰ ਜਿਹੜਾ ਮਰਜ਼ੀ ਸਾਈਕਲ ‘ਤੇ ਚਲਾ ਜਾਵੇ। ਇਸ ਤਰ੍ਹਾਂ ਜੰਜ ਦੇ ਨਾਲ ਘੋੜੀਆਂ, ਊਠ, ਗੱਡਿਆਂ ਤੋਂ ਇਲਾਵਾ ਦੋ ਸਾਈਕਲ ਵੀ ਗਏ।
ਇਸ ਪਵਿੱਤਰ ਮਿੱਟੀ ਵਿਚ ਦਫਨ ਹੋਈਆਂ ਮੇਰੇ ਅੱਲ੍ਹੜ ਬਚਪਨ ਦੀਆਂ ਹੁਸੀਨ ਯਾਦਾਂ ਉਜਾਗਰ ਹੋ ਗਈਆਂ। ਮੇਰੇ ਪਿਤਾ ਜੀ ਛੁੱਟੀ ਕੱਟ ਕੇ ਚਲੇ ਗਏ। ਹਰਕੁਲੀਸ ਸਾਈਕਲ ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਬਹੁਤਾ ਚਿਰ ਮੇਰੇ ਬਾਬੇ ਸੋਹਣ ਸਿੰਘ ਦੇ ਕੰਮ ਆਉਂਦਾ ਰਿਹਾ। ਜਦ ਕਦੇ ਮੇਰਾ ਬਾਪੂ ਸੌਦਾ ਲੈਣ ਸ਼ਹਿਰ ਜਾਂਦਾ ਤਾਂ ਮੈਂ ਉਸ ਪਿੱਛੇ ਦੌੜਦਾ, ਡਿਗਦਾ, ਢਹਿੰਦਾ ਰੋਣ ਲੱਗਦਾ। ਮੇਰੀ ਜ਼ਿੱਦ ਵੇਖ ਕੇ ਦਾਦੀ ਡੰਡੇ ‘ਤੇ ਕੱਪੜੇ ਲਪੇਟ ਬੰਨ੍ਹ ਦਿੰਦੀ। ਉਸ ਨਾਲ ਇਹ ਜਗ੍ਹਾ ਪੋਲੀ ਹੋ ਜਾਂਦੀ। ਉਹ ਮੈਨੂੰ ਚੁੱਕ ਕੇ ਅਗਲੇ ਡੰਡੇ ‘ਤੇ ਬਿਠਾ ਲੈਂਦਾ। ਮੈਂ ਉਸ ‘ਤੇ ਦੋਵੇਂ ਲੱਤਾਂ ਲਮਕਾ ਕੇ ਹੈਂਡਲ ਫੜ ਲੈਂਦਾ ਤੇ ਰਾਹ ਵਿਚ ਘੰਟੀ ਦੀ ਟਰਨ ਟਰਨ ਵਜਾਈ ਜਾਂਦਾ। ਉਧਰੋਂ ਮੇਰਾ ਧਿਆਨ ਪਾਸੇ ਹਟਾਉਣ ਲਈ ਉਹ ਮੈਨੂੰ ਚਿੜੀ ਕਾਂ ਦੀ ਕਹਾਣੀ ਛੋਹ ਲੈਂਦਾ। ਮੈਂ ਫੇਰ ਖੜਕਾਉਣ ਲੱਗਦਾ, ਪਰ ਉਹ ਕਦੇ ਨਾਰਾਜ਼ ਨਹੀਂ ਹੋਇਆ। ਸਗੋਂ ਘੰਟੀ ਵੱਜਣ ਨਾਲ ਬਾਪੂ ਫੁੱਲਾਂ ਵਾਂਗ ਖਿੜ ਉਠਦਾ।
ਘੁੰਡ ਕੱਢ ਲੈ ਪਤਲੀਏ ਨਾਰੇ: ਚਾਚਾ ਬਚਨ ਸਿੰਘ ਮੇਰੇ ਪਾਪਾ ਦਾ ਕੁਲੀਗ ਤੇ ਦੋਸਤ ਸਾਡੀ ਨੇੜਲੀ ਸ਼ਰੀਕੇ ਬਰਾਦਰੀ ਵਿਚੋਂ ਹੀ ਸੀ। ਉਹ ਵੀ 1947 ਵਿਚ ਸਾਡੇ ਨਾਲ ਇੱਥੋਂ ਉਜੜ ਕੇ ਪੂਰਬੀ ਪੰਜਾਬ ਚਲਾ ਗਿਆ ਸੀ। ਇੱਧਰ ਜਮੀਨ ਦੀ ਅਲਾਟਮੈਂਟ ਸਾਨੂੰ ਝਬਾਲ ਨੇੜੇ ਪਿੰਡ ਭੋਜੀਆਂ ਵਿਚ ਪੈ ਗਈ ਤੇ ਉਨ੍ਹਾਂ ਨੂੰ ਤਿੰਨ ਮੀਲ ਹਟਵੇਂ ਪਿੰਡ ਪੰਜਵੜ ਵਿਚ। ਉਸ ਦੇ ਦੋ ਹੋਰ ਭਰਾ ਚੂਹੜ ਸਿੰਘ ਤੇ ਅਰਜਨ ਸਿੰਘ ਸਾਰਾ ਟੱਬਰ ਅਖੀਰ ਤੱਕ ਵਿਆਹ ਸ਼ਾਦੀਆਂ, ਗਮੀ ਖੁਸ਼ੀ ਸਮੇਂ ਸਾਨੂੰ ਮਿਲਦਾ ਮਿਲਾਉਂਦਾ ਰਿਹਾ। ਮੇਰੇ ਪਿਤਾ ਜੀ ਦਾ ਇਹ ਫੌਜੀ ਦੋਸਤ ਬਚਨ ਸਿੰਘ ਉਸ ਵੇਲੇ ਜਦ ਪਿੰਡ ਵਿਚ ਸਾਈਕਲ ਲੈ ਕੇ ਲੰਘਦਾ ਤਾਂ ਉਸ ਨੂੰ ਲੋਕ ਰਮਤਾ ਫਿਰਤੂ ਕਹਿ ਕੇ ਛੇੜਦੇ। ਉਹ ਹੱਸ ਕੇ ਟਾਲ ਛੱਡਦਾ। ਲੋਕ ਕਹਿੰਦੇ, ਪਤਾ ਨਹੀਂ ਕਿੱਥੋਂ ਇਹ ਦੋ ਲੱਤਾਂ ਵਾਲੀ ਖੋਤੀ ਲੈ ਆਇਆ ਹੈ, ਇਹਨੇ ਸਾਰੇ ਪਿੰਡ ਦੇ ਮੁੰਡਿਆਂ ਨੂੰ ਪਿੱਛੇ ਲਾ ਰੱਖਿਆ ਹੈ। ਉਨ੍ਹੀਂ ਦਿਨੀਂ ਉਹ ਵੀ ਮੇਰੇ ਬਾਪ ਨਾਲ ਦੋ ਮਹੀਨੇ ਛੁੱਟੀ ਆਇਆ ਸੀ। ਉਸ ਦਾ ਵੀ ਵਿਆਹ ਹੋ ਗਿਆ। ਉਸ ਦੇ ਸਹੁਰੇ ਜੜ੍ਹਾਂ ਵਾਲਾ ਲਾਗੇ ਕੋਈ 20 ਕੁ ਮੀਲ ਦੀ ਵਿੱਥ ‘ਤੇ ਸਨ। ਉਹ ਬੜੇ ਮਾਣ ਨਾਲ ਸਿਰ ਉਚਾ ਕਰ ਕੇ ਸਾਈਕਲ ‘ਤੇ ਆਪਣੀ ਨਵੀਂ ਵਿਆਹੀ ਨੂੰ ਪਿੱਛੇ ਬਿਠਾ ਕੇ ਘੁਮਾਉਂਦਾ ਸ਼ਹਿਰ ਲਿਜਾਂਦਾ, ਆਪ ਖੁਸ਼ ਹੁੰਦਾ ਤੇ ਲੋਕਾਂ ਦੀਆਂ ਹਿੱਕਾਂ ਸਾੜਦਾ ਰਹਿੰਦਾ।
ਇਕ ਦਿਨ ਨਹਿਰ ਦੀ ਪਟੜੀ ‘ਤੇ ਪਿੰਡ ਵਾਪਸ ਆਉਂਦੇ ਸਮੇਂ ਬਿਸ਼ਨ ਕੌਰ ਕਹਿੰਦੀ, “ਠਹਿਰ ਜਾਹ, ਮੈਨੂੰ ਘੁੰਡ ਕੱਢ ਲੈਣ ਦੇਹ।” ਉਸ ਨੇ ਸਾਈਕਲ ਤੇਜ਼ ਕਰ ਦਿੱਤਾ। ਬਿਸ਼ਨੀ ਨੇ ਉਸ ਦਾ ਝੱਗਾ ਖਿੱਚਦਿਆਂ ਜ਼ੋਰ ਨਾਲ ਕਿਹਾ, “ਰੋਕ ਲੈ, ਮੈਨੂੰ ਘੁੰਡ ਕੱਢ ਲੈਣ ਦੇਹ।” ਉਹ ਫੌਜੀ ਜ਼ਿੱਦੀ, ਮਖੌਲੀਆ ਤੇ ਹਾਸੇ ਠਾਠੇ ਦਾ ਖੁੱਲ੍ਹਾ ਸੀ। ਕਹਿੰਦਾ, “ਕੋਈ ਗੱਲ ਨਹੀਂ, ਤੈਨੂੰ ਹੁਣ ਘੁੰਡ ਕੱਢਣ ਦੀ ਲੋੜ ਨਹੀਂ। ਤੂੰ ਫੌਜੀ ਦੀ ਵਹੁਟੀ ਹੈਂ ਤੇ ਫੌਜੀਆਂ ਨੂੰ ਇਹ ਸਭ ਕੁਝ ਮਾਫ ਹੁੰਦਾ ਹੈ।” ਵਹੁਟੀ ਨੇ ਜ਼ੋਰ ਲਾਇਆ, ਰੌਲਾ ਪਾਇਆ ਕਿ ਠਹਿਰ ਹੌਲੀ ਕਰ ਮੈਨੂੰ ਉਤਰ ਲੈਣ ਦੇਹ। ਝੋਲੇ ਵਿਚੋਂ ਆਪਣਾ ਭਾਰਾ ਕੱਪੜਾ ਸਿਰ ‘ਤੇ ਲੈ ਕੇ ਘੁੰਡ ਕੱਢ ਲੈਣ ਦੇਹ, ਪਰ ਉਹ ਨਾ ਟਲਿਆ ਸਗੋਂ ਪੈਡਲ ਹੋਰ ਤੇਜ਼ ਕਰ ਦਿੱਤੇ।
ਬਿਸ਼ਨੀ ਨੇ ਦੇਖਿਆ ਕਿ ਇਹ ਰੁਕਣ ਵਾਲਾ ਨਹੀਂ ਤੇ ਸਹੁਰਿਆਂ ਦਾ ਪਿੰਡ ਆ ਗਿਆ ਹੈ। “ਹਾਏ ਮੈਂ ਇਹ ਨੰਗਾ ਮੂੰਹ ਲੈ ਕੇ ਕਿਸ ਤਰ੍ਹਾਂ ਪਿੰਡ ਵੜਾਂ!” ਉਸ ਨੇ ਪਿੱਛੋਂ ਛਾਲ ਮਾਰ ਦਿੱਤੀ। ਕਈ ਲੋਟਣੀਆਂ ਲੈਂਦੀ ਨਹਿਰ ਦੀ ਪਟੜੀ ਤੋਂ ਪਾਸੇ ਜਾ ਕੇ ਉਹ ਮੂਧੇ ਮੂੰਹ ਡਿੱਗੀ। ਬਚਨੇ ਨੇ ਪਿੱਛੇ ਮੁੜ ਕੇ ਦੇਖਿਆ, ਉਹ ਚੁਫਾਲ ਬੇਹੋਸ਼ ਪਈ ਸੀ। ਹਾਸੇ ਦਾ ਮੜਾਸਾ ਬਣ ਗਿਆ। ਸਾਈਕਲ ਨੂੰ ਆਪ ਮੁਹਾਰੇ ਬਰੇਕਾਂ ਲੱਗ ਗਈਆਂ। ਉਸ ਨੂੰ ਬੁਲਾਇਆ ਹਿਲਾਇਆ, ਉਠਾਇਆ। ਨਹਿਰ ਵਿਚੋਂ ਬੁੱਕ ਭਰ ਕੇ ਪਾਣੀ ਉਸ ਦੇ ਮੂੰਹ ਵਿਚ ਪਾਇਆ। ਉਹ ਉਠੀ ਤੇ ਵੇਖਿਆ, ਸੱਜੀ ਬਾਂਹ ਲਟਕ ਰਹੀ ਸੀ। ਇਹ ਘੜੱਚ ਕਰਦੀ ਅਰਕ ਤੋਂ ਟੁੱਟ ਗਈ ਸੀ। ਉਹ ਦੁਹਾਈ ਪਾਉਣ ਲੱਗੀ। ਬਚਨਾ ਉਸ ਨੂੰ ਚੁੱਪ ਕਰਾਉਂਦਾ ਪਛਤਾ ਰਿਹਾ ਸੀ।
ਹਾਸੇ ਠੱਠੇ ਵਿਚ ਇਹ ਨਵੀਂ ਬਿਪਤਾ ਸਹੇੜ ਬੈਠੇ, ਹੁਣ ਕੀ ਬਣੇਗਾ! ਛਿੱਤਰ ਪੈਣਗੇ, ਪੇਕਿਆਂ ਵੱਲੋਂ ਵੀ ਤੇ ਸਹੁਰਿਆਂ ਵੱਲੋਂ ਵੀ। ਉਸ ਨੇ ਉਸ ਦੀ ਘੜੱਚ ਘੜੱਚ ਕਰਦੀ ਕੂਹਣੀ ਦੁਪੱਟੇ ਨਾਲ ਬੰਨ੍ਹੀ ਤੇ ਉਸ ਨੂੰ ਪਿੱਛੇ ਨੂੰ ਲੈ ਤੁਰਿਆ। ਉਹ ਗੋਜਰਾ ਪਹੁੰਚ ਗਿਆ ਤੇ ਕਿਸੇ ਵੈਦ ਹਕੀਮ ਦੀ ਤਲਾਸ਼ ਕੀਤੀ। ਉਸ ਨੂੰ ਲੱਤਾਂ ਬਾਂਹਾਂ ਬੰਨ੍ਹਣ ਵਾਲੇ ਬੰਦੇ ਦੀ ਦੱਸ ਪਈ। ਉਥੇ ਜਾ ਕੇ ਅਰਜ਼ ਲਾਈ ਕਿ ਮੇਰੀ ਵਿਆਹੁੰਦੜ ਡਿਗ ਪਈ ਹੈ ਤੇ ਉਸ ਦੀ ਬਾਂਹ ਟੁੱਟ ਗਈ ਹੈ। ਵੈਦ ਨੇ ਚੰਗੀ ਤਰ੍ਹਾਂ ਟੋਹੀ। ਸੱਚਮੁੱਚ ਹੀ ਅਰਕ ਕਚਰੇ ਕਚਰੇ ਹੋਈ ਪਈ ਸੀ।
“ਤੂੰ ਆਪ ਇਸ ਨੂੰ ਮਾਰ ਕੁੱਟ ਕੇ ਬਾਂਹ ਤੋੜ ਕੇ ਲੈ ਆਇਆ ਹੈਂ। ਤੇਰੇ ‘ਤੇ ਮੁਕੱਦਮਾ ਬਣੂੰ!” ਹਕੀਮ ਦੀ ਆਖੀ ਗੱਲ ਨੇ ਉਸ ਦੇ ਪੈਰ ਉਖੇੜ ਦਿੱਤੇ।
“ਨਹੀਂ ਬਾਬਾ ਜੀ! ਮੈਂ ਆਪ ਆਪਣੀ ਬੇਵਕੂਫੀ ਕਰ ਕੇ ਸਾਈਕਲ ਤੋਂ ਡਿੱਗੀ ਸਾਂ।” ਵਹੁਟੀ ਨੇ ਸਫਾਈ ਦੇ ਕੇ ਉਸ ਦਾ ਬਚਾ ਕਰ ਲਿਆ।
ਬਾਬੇ ਨੇ ਕਿਹਾ, “ਘਬਰਾਉਣ ਦੀ ਕੋਈ ਲੋੜ ਨਹੀਂ, ਬਿਲਕੁਲ ਠੀਕ ਹੋ ਜਾਵੇਗੀ, ਬੈਠੋ।” ਉਸ ਨੇ ਬਾਂਸ ਦੀਆਂ ਦੋ ਤਿੰਨ ਫੱਟੀਆਂ ਉਨ੍ਹਾਂ ਦੇ ਸਾਹਮਣੇ ਹੀ ਚਾਕੂ ਨਾਲ ਛਿੱਲੀਆਂ, ਬਣਾਈਆਂ ਤੇ ਬਾਂਹ ਸਿੱਧੀ ਕਰ ਕੇ ਉਸ ‘ਤੇ ਟਿਕਾ ਦਿੱਤੀਆਂ। ਉਸ ਦਾ ਉਹੀ ਦੁਪੱਟਾ, ਜੋ ਸਿਰ ‘ਤੇ ਲੈਣਾ ਲੋਚਦੀ ਸੀ, ਬਚੀਆਂ ਲੀਰਾਂ ਪਾੜ ਕੇ ਪੱਟੀ ਬੰਨ੍ਹ ਦਿੱਤੀ। ਉਸ ‘ਤੇ ਪਾਣੀ ਪਾ ਦਿੱਤਾ ਤੇ ਕਿਹਾ, “ਲਓ! ਸਵੇਰੇ ਇਸ ‘ਤੇ ਹੋਰ ਬਹਿਆ ਪਾਣੀ ਪਾ ਦੇਣਾ ਤੇ ਸ਼ਾਮ ਨੂੰ ਵੀ ਪਾਣੀ ਦੇ ਦੇਣਾ। ਤਿੰਨ ਦਿਨਾਂ ਵਿਚ ਬਿਲਕੁਲ ਠੀਕ ਹੋ ਜਾਊ।”
ਪਿੰਡ ਜਾ ਕੇ ਸੱਸ-ਸਹੁਰੇ ਤੋਂ ਡਰਦੇ ਡਰਦੇ ਅੰਦਰ ਵੜੇ, ਪਰ ਇਹ ਮਾਮਲਾ ਛੁਪਣ ਵਾਲਾ ਨਹੀਂ ਸੀ। ਏਨਾ ਨੁਕਸਾਨ ਹੋਇਆ ਵੇਖ ਕੇ ਉਹ ਵੀ ਡਰ ਗਏ। ਉਨ੍ਹਾਂ ਕੁਝ ਨਾ ਕਿਹਾ। ਤਸੱਲੀ ਦਿੱਤੀ ਕਿ ਸ਼ੁਕਰ ਹੈ, ਸੱਟ ਲਵਾਈ ਹੈ ਤੇ ਬੰਨ੍ਹ ਵੀ ਲਿਆਏ ਹੋ, ਤਾਂ ਕੋਈ ਗੱਲ ਨਹੀਂ।
ਵੈਦ ਦੀ ਹਦਾਇਤ ਅਨੁਸਾਰ ਚਾਰ ਦਿਨ ਉਸੇ ਤਰ੍ਹਾਂ ਪਾਣੀ ਪਾਉਂਦੇ ਰਹੇ। ਤਿੰਨ ਦਿਨਾਂ ਬਾਅਦ ਦਰਦ ਕੁਝ ਘਟ ਗਿਆ। ਉਨ੍ਹਾਂ ਮਹਿਸੂਸ ਕੀਤਾ ਕਿ ਹੱਡੀ ਜੁੜ ਗਈ ਹੈ। ਫਿਰ ਉਸ ਨੂੰ ਦਿਖਾਉਣ ਗਏ। ਉਸ ਨੇ ਫੱਟੀਆਂ ਖੋਲ੍ਹ ਦਿੱਤੀਆਂ। ਵੈਦ ਨੇ ਤੇਲ ਦਿੱਤਾ ਤੇ ਕਿਹਾ, “ਹੁਣ ਸੱਤ ਦਿਨ ਇਸ ਦੀ ਮਾਲਸ਼ ਕਰਨੀ ਹੈ।” ਇਸ ਤਰ੍ਹਾਂ ਉਹ ਵੈਦ ਦੀ ਹਦਾਇਤ ‘ਤੇ ਮਾਲਸ਼ ਕਰਦੇ ਰਹੇ, ਪਰ ਅਰਕ ਦਾ ਜੋੜ ਏਨਾ ਜੁੜ ਗਿਆ ਕਿ ਉਸ ਦੀ ਹਿਲਜੁਲ ਨਹੀਂ ਹੋ ਰਹੀ ਸੀ। ਹੁਣ ਉਹ ਸੱਜ-ਵਿਆਹੀ ਵਿੰਗੀ ਬਾਂਹ ਨਾਲ ਫਿਰ ਰਹੀ ਸੀ। ਅਰਕ ਉਸ ਦੀ ਇਕ ਡਿੰਗ ਨਾਲ ਪੱਕੀ ਬੱਝ ਗਈ ਸੀ। ਉਨ੍ਹਾਂ ਨੂੰ ਫਿਕਰ ਹੋਣ ਲੱਗਾ ਕਿ ਸਾਰੀ ਉਮਰ ਕਿੱਦਾਂ ਲੰਘੇਗੀ। ਉਨ੍ਹਾਂ ਕਿਸੇ ਹੋਰ ਸਿਆਣੇ ਕੋਲ ਜਾ ਅਰਜ਼ ਗੁਜ਼ਾਰੀ। ਸਿਆਣੇ ਨੇ ਟੋਹ ਕੇ ਦੇਖਿਆ ਤੇ ਕਿਹਾ ਕਿ ਇਹ ਮੁੜ ਤੋੜ ਕੇ ਫਿਰ ਬੰਨ੍ਹਣੀ ਪਊ। ਉਹ ਡਰ ਗਏ, ਪਰ ਹੋਰ ਕੋਈ ਚਾਰਾ ਨਹੀਂ ਸੀ। ਉਸ ਨੇ ਕੜੱਚ ਕਰ ਕੇ ਇਕ ਵੇਰਾਂ ਤੋੜ ਕੇ ਮੁੜ ਬੰਨ੍ਹ ਦਿੱਤੀ। ਉਸ ਨੂੰ ਰੋਂਦੀ ਕੁਰਲਾਉਂਦੀ ਲੈ ਕੇ ਘਰ ਆ ਗਿਆ। ਇਸੇ ਤਰ੍ਹਾਂ ਵਾਰ ਵਾਰ ਦੀ ਪ੍ਰਕ੍ਰਿਆ ਵਿਚ ਇਹ ਬਾਂਹ ਤਿੰਨ ਵੇਰਾਂ ਤੋੜੀ ਤੇ ਤਿੰਨ ਵੇਰਾਂ ਬੰਨ੍ਹੀ ਗਈ।
ਕਈ ਮਹੀਨੇ ਤੇ ਸਾਲ ਲੰਘ ਗਏ, ਬਾਂਹ ਉਸੇ ਤਰ੍ਹਾਂ ਹੀ ਰਹਿ ਗਈ, ਸਿੱਧੀ ਨਾ ਹੋਈ। ਅਰਕ ਜੰਮ ਗਈ ਤੇ ਉਸੇ ਤਰ੍ਹਾਂ ਜੁੜ ਗਈ। ਬਾਅਦ ਵਿਚ ਚਾਚਾ ਬਚਨ ਸਿੰਘ ਸਾਰੀ ਉਮਰ ਉਸ ਨੂੰ ਘੁੰਡ ਦੀ ਯਾਦ ਕਰਵਾ ਕੇ ਮਖੌਲ ਕਰਦਾ ਛੇੜਦਾ ਰਹਿੰਦਾ, ‘ਸਹੁਰਿਆਂ ਦਾ ਪਿੰਡ ਆ ਗਿਆ, ਘੁੰਡ ਕੱਢ ਲੈ ਪਤਲੀਏ ਨਾਰੇ।’ ਇਸ ਘੁੰਡ ਕੱਢਣ ਦੇ ਸਿਆਪੇ ਨੇ ਹੀ ਉਸ ਸੁੰਦਰ ਨੱਢੀ ਨੂੰ ਅਪਾਹਜ ਕਰ ਕੇ ਸਾਰੀ ਉਮਰ ਦਾ ਏਨਾ ਵੱਡਾ ਸਿਆਪਾ ਪਾ ਦਿੱਤਾ।
ਸਾਡੇ ਬੈਠੇ ਬੈਠੇ ਮੇਰਾ ਪੁੱਤਰ ਦਲਵੀਰ ਕਿਸੇ ਦੇ ਨਾਲ ਜਾ ਕੇ ਮਾਤਾ ਦੌਲਾਂ ਦੀ ਅਸ਼ੀਰਵਾਦ ਵੀ ਲੈ ਆਇਆ। ਉਸ ਨੇ ਦੱਸਿਆ ਕਿ ਉਹ ਹੁਣ ਉਠਣ ਜੋਗੀ ਤਾਂ ਨਹੀਂ ਸੀ ਪਰ ਮੇਰਾ ਸਿਰ ਆਪਣੀ ਹਿੱਕ ਨਾਲ ਲਾ ਕੇ ਉਸ ਦੀਆਂ ਭੁੱਬਾਂ ਨਿਕਲ ਗਈਆਂ ਸਨ। ਉਹ ਖੀਸੇ ਵਿਚੋਂ ਕੱਢ ਕੇ ਇਕ ਛਿੱਲੜ ਦੇਣਾ ਚਾਹੁੰਦੀ ਸੀ, ਪਰ ਮੈਂ ਉਹ ਛਿੱਲੜ ਰੱਖ ਕੇ ਕੁਝ ਹੋਰ ਸਰਦਾ ਬਣਦਾ ਉਸ ਨੂੰ ਮੱਥਾ ਟੇਕ ਆਇਆਂ। ਮੈਨੂੰ ਪਤਾ ਹੈ, ਉਸ ਦੇ ਮੱਥੇ ਦਾ ਮਤਲਬ ਘੱਟੋ ਘੱਟ ਸੌ ਡਾਲਰ ਤਾਂ ਹੈ ਹੀ।
“ਸ਼ਾਬਾਸ਼ ਤੇਰੇ ਬੇਟਾ ਧੰਨਵਾਦ! ਚੰਗਾ ਕੀਤਾ ਤੂੰ।” ਮੈਂ ਉਸ ਨੂੰ ਥਪਕੀ ਦਿੱਤੀ।
“ਸੋਖਾ ਕੌਣ ਹੈ ਡੈਡੀ! ਉਹ ਸੋਖੇ ਬਾਰੇ ਪੁੱਛਦੀ ਉਸ ਨੂੰ ਯਾਦ ਕਰਦੀ ਸੀ। ਉਹ ਦੱਸਦੀ ਸੀ ਕਿ ਇਕ ਵੇਰਾਂ ਤਰਨ ਤਾਰਨ ਦੀ ਮੱਸਿਆ ਨਹਾਉਣ ਵੇਲੇ ਉਹ ਸਾਡੇ ਪਿਛਲੇ ਪਿੰਡ ਸਖੀਰੇ ਵੀ ਗਈ ਸੀ।” ਦਲਵੀਰ ਉਸ ਦੇ ਸੁਨੇਹੇ ਬਾਰੇ ਵਿਸਮਕ ਸੀ।
ਸੋਖਾ ਮੇਰਾ ਵੱਡਾ ਚਾਚਾ ਸੀ। ਮੈਨੂੰ ਯਾਦ ਆਇਆ, ਉਸ ਦੀ ਕਿਸੇ ਮੁਸਲਿਮ ਲੜਕੀ ਨਾਲ ਗਿਟਮਿਟ ਹੋ ਗਈ ਸੀ। ਇਸ ਕਾਰਨ ਮੇਰੇ ਬਾਬਾ ਜੀ ਨੇ ਜਲਦੀ ਹੀ ਉਸ ਨੂੰ ਵਾਪਸ ਆਪਣੇ ਦੇਸ਼ ਭੇਜ ਦਿੱਤਾ ਸੀ, ਜਿੱਥੋਂ ਸ਼ਾਇਦ ਇੱਥੇ ਮੁੜ ਕੇ ਆਉਣਾ ਉਸ ਨੂੰ ਨਸੀਬ ਨਾ ਹੋਇਆ। ਹੋ ਸਕਦਾ, ਇਹ ਵਿਚਾਰੀ ਉਸ ਦੀ ਗੱਲ ਕਰਦੀ ਹੋਵੇ ਜਾਂ ਉਸ ਦੇ ਇਸ਼ਕ ਕਹਾਣੀ ਦੀ ਪਾਤਰ ਹੋਵੇ। ਮੈਂ ਦਲਵੀਰ ਦਾ ਜੁਆਬ ਦੇਣੋਂ ਪਾਸਾ ਵੱਟ ਲਿਆ।
ਚਾਹ ਨਾਸ਼ਤੇ ਦੀਆਂ ਚੁਸਕੀਆਂ ਭਰਦੇ ਮੇਰਾ ਮਨ ਵੀ ਕਿਰਕਿਰਾ ਜਿਹਾ ਹੋ ਗਿਆ। ਸਾਡੇ ਪੁਰਾਣੇ ਘਰ ਵਿਚ ਵੱਸਦੇ ਸਾਡੇ ਅੱਜ ਦੇ ਮੇਜ਼ਬਾਨ ਸਾਨੂੰ ਰਾਤ ਰੱਖਣ ਲਈ ਜ਼ੋਰ ਲਾ ਰਹੇ ਸਨ। ਅਸੀਂ ਬੜੀ ਮੁਸ਼ਕਿਲ ਨਾਲ ਉਨ੍ਹਾਂ ਕੋਲੋਂ ਵਿਦਾਈ ਲੈ ਕੇ ਅਗਲੇ ਰਸਤੇ ਪੈ ਗਏ। ਦੌਲਾਂ ਨੂੰ ਨਾ ਮਿਲਣ ਦਾ ਪਛਤਾਵਾ ਤੇ ਉਲਾਂਭਾ ਬਹੁਤ ਦੇਰ ਮੇਰੇ ਮਨ ਵਿਚ ਉਥਲ-ਪੁਥਲ ਕਰਦਾ ਰਿਹਾ। ਹੋ ਸਕਦਾ, ਉਸ ਨੂੰ ਮੈਂ ਆਪ ਜਾ ਕੇ ਮਿਲਦਾ ਤਾਂ ਹੀਰ ਰਾਂਝੇ ਵਾਲੀ ਕੋਈ ਨਵੀਂ ਗਾਥਾ ਮੇਰੇ ਪਿੰਡ ਦੀ ਇਸ ਫੇਰੀ ਦਾ ਦਿਲਚਸਪ ਕਾਂਡ ਬਣ ਜਾਂਦੀ, ਪਰ…!
ਵਾਪਸੀ ‘ਤੇ ਪਿੰਡ ਦਾ ਗੁਰਦੁਆਰਾ ਸਥਲ ਲੰਘਦੇ ਮੈਂ ਸਿਰ ਨਿਵਾਇਆ। ਗੱਡੀ ਖਲ੍ਹਾਰ ਕੇ ਮੱਥਾ ਟੇਕਿਆ। ਇਸ ਪਵਿੱਤਰ ਮਿੱਟੀ ਦੀ ਮੁੱਠ ਭਰ ਕੇ ਕਾਗਜ਼ ਵਿਚ ਲਪੇਟ ਕੇ ਸਾਂਭ ਲਈ। ਇਕ ਪੁਰਾਣੀ ਨਾਨਕਸ਼ਾਹੀ ਚਿੱਪਰ ਨਿਸ਼ਾਨੀ ਵਜੋਂ ਰੁਮਾਲ ਵਿਚ ਲਪੇਟ ਕੇ ਜੇਬ ਵਿਚ ਪਾ ਲਈ ਕਿ ਇਹ ਮੈਂ ਸਾਰੀ ਉਮਰ ਵਾਸਤੇ ਆਪਣੇ ਵਾਧਰੇ ‘ਤੇ ਸਜਾਈ ਰੱਖਾਂਗਾ।