ਦਰਦ-ਵੰਝਲੀ ਦੀ ਹੂਕ-2

“ਇਹ ਹੂਕ ਮੇਰੀ ਹੀ ਨਹੀਂ, ਅਸਾਂ ਸਭ ਪਰਦੇਸੀਆਂ ਦੀ ਹੈ, ਜੋ ਆਪਣੇ ਪਿਆਰਿਆਂ ਨੂੰ ਆਖਰੀ ਵਕਤ ਮਿਲਣ ਲਈ ਵਤਨ ਪਰਤਦੇ ਨੇ ਅਤੇ ਉਨ੍ਹਾਂ ਦੀ ਰਾਖ ਨੂੰ ਵਗਦੇ ਪਾਣੀਆਂ ਦੇ ਨਾਮ ਕਰ, ਖਾਲੀ ਹੱਥ ਪਰਦੇਸੀਂ ਆਲ੍ਹਣਿਆਂ ਨੂੰ ਉਡਾਰੀ ਭਰਦੇ ਨੇ। ਕਈ ਤਾਂ ਅਰਥੀ ਨੂੰ ਮੋਢਾ ਦੇਣ ਤੋਂ ਵੀ ਵਿਰਵੇ ਰਹਿ ਜਾਂਦੇ ਨੇ, ਜਦ ਕਿ ਕੁਝ ਸਿਵਿਆਂ ਦੀ ਰਾਖ ਫਰੋਲਣ ਜਾਂ ਸਿਵਿਆਂ ਦੇ ਰੁੱਖ ਥੱਲੇ ਬੈਠ, ਆਪਣਿਆਂ ਦੇ ਕੀਰਨੇ ਮਨ-ਜੂਹ ਵਿਚ ਪਾਉਂਦੇ, ਦਰਦ-ਵੰਝਲੀ ਵਿਚ ਸਾਹ ਭਰਨ ਜੋਗੇ ਹੀ ਰਹਿ ਜਾਂਦੇ।”

ਡਾ. ਭੰਡਾਲ ਦੇ ਇਹ ਸ਼ਬਦ ਵਿਛੋੜੇ ਤੇ ਖਾਸ ਕਰ ਸਦੀਵੀ ਵਿਛੋੜੇ ਦਾ ਦਰਦ ਬਿਆਨਦੇ ਹਨ। ਉਨ੍ਹਾਂ ਦੇ ਇਨ੍ਹਾਂ ਸ਼ਬਦਾਂ ਤੋਂ ਸ਼ਾਇਰ ਸੁਰਜੀਤ ਪਾਤਰ ਦੀਆਂ ਇਹ ਸਤਰਾਂ ਗੂੰਜਣ ਲੱਗਦੀਆਂ ਹਨ, “ਕੁਝ ਤਾਂ ਸੇਕਣਗੇ ਸਿਵੇ ਦੀ ਅਗਨ, ਕੁਝ ਕਬਰਾਂ ‘ਚ ਉਗੇ ਰੁੱਖਾਂ ਹੇਠ ਜਾ ਬਹਿਣਗੇ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਬਾਪ ਦੀ ਸਿਹਤ ਵਿਚ ਕੋਈ ਸੁਧਾਰ ਨਹੀਂ ਸੀ ਹੋ ਰਿਹਾ। ਹਰ ਰੋਜ਼ ਸਵੇਰੇ ਬੈਡ ਸ਼ੀਟ ਬਦਲਣ ਅਤੇ ਕਪੜੇ ਬਦਲਣ ਸਮੇਂ, ਮੈਂ ਨਰਸਿੰਗ ਸਟਾਫ ਦੇ ਨਾਲ ਹੀ ਰਹਿੰਦਾ ਸਾਂ ਤਾਂ ਕਿ ਸਹੀ ਤਰੀਕੇ ਨਾਲ ਸਫਾਈ ਹੋ ਸਕੇ। ਇਕ ਦਿਨ ਨਰਸਿੰਗ ਸਟਾਫ ਕਹਿਣ ਲੱਗਾ ਕਿ ਇਹ ਬਜੁਰਗ ਤੁਹਾਡੇ ਵੱਡੇ ਭਰਾ ਹਨ? ਸੁਣ ਕੇ ਬਾਪ ਦੀ ਸਿਹਤ ‘ਤੇ ਬਹੁਤ ਰਸ਼ਕ ਹੋਇਆ। ਜਦ ਉਨ੍ਹਾਂ ਨੂੰ ਦੱਸਿਆ ਕਿ ਬਜੁਰਗ ਤਾਂ ਮੇਰੇ ਬਾਪ ਹਨ ਤਾਂ ਉਹ ਬਹੁਤ ਹੈਰਾਨ ਵੀ ਹੋਏ ਤੇ ਖੁਸ਼ ਵੀ। ਇਹ ਬਾਪ ਦੀ ਚੰਗੀ ਸਿਹਤ ਨੂੰ ਸਲਾਮ ਸੀ।
ਆਖਰ ਨੂੰ ਡਾਕਟਰਾਂ ਨੇ ਘਰ ਲਿਜਾ ਕੇ ਸੇਵਾ ਕਰਨ ਦੀ ਸਲਾਹ ਦਿਤੀ ਤਾਂ ਅਸੀਂ ਇਕ ਟਰੇਂਡ ਨਰਸ ਨੂੰ ਘਰ ਰੱਖਣ ਅਤੇ ਪਿਤਾ ਜੀ ਨੂੰ ਮੈਡੀਕਲ ਸਹੂਲਤਾਂ ਆਦਿ ਸਹੀ ਤਰੀਕੇ ਨਾਲ ਦੇਣ ਲਈ ਨਾਲ ਲੈ ਲਿਆ। ਘਰ ਵਿਚ ਹੀ ਆਕਸੀਜਨ, ਡ੍ਰਿਪ ਆਦਿ ਦਾ ਪੂਰਾ ਇੰਤਜਾਮ ਕਰ ਲਿਆ। ਇਕ ਹਫਤਾ ਬਾਪ ਨੇ ਮੇਰੇ ਘਰ ਨੂੰ ਭਾਗ ਲਾਏ, ਪਰ ਉਨ੍ਹਾਂ ਦੀ ਤਕਲੀਫ ਦੇਖੀ ਨਹੀਂ ਸੀ ਜਾਂਦੀ।
ਕਦੇ ਕਦਾਈਂ ਬਾਪ ਥੋੜ੍ਹੀ ਜਿਹੀ ਅੱਖ ਖੋਲ੍ਹਦਾ। ਕੁਝ ਵੀ ਪਤਾ ਨਹੀਂ ਲਗਦਾ, ਸ਼ਾਇਦ ਉਨ੍ਹਾਂ ਦਾ ਦਿਮਾਗ ਕੰਮ ਨਹੀਂ ਕਰ ਰਿਹਾ। ਅਸੀਂ ਬਹੁਤ ਕੋਸ਼ਿਸ਼ ਕਰਦੇ ਯਾਦ ਕਰਵਾਉਣ ਲਈ। ਸੋਚਦਾਂ ਸ਼ਾਇਦ ਬਾਪ ਆਪਣੀ ਔਲਾਦ ਨੂੰ ਦੇਖ ਕੇ ਸੋਚੇ ਕਿ ਕਿਵੇਂ ਫੁੱਲਾਂ ਵਰਗੇ ਬੱਚਿਆਂ ਨੂੰ ਪਾਲ ਕੇ ਵੱਡੇ ਕੀਤਾ। ਆਪੋ ਆਪਣੇ ਜੀਵਨ ਵਿਚ ਉਹ ਮਿਹਨਤੀ ਤੇ ਕਾਮਯਾਬ ਨੇ, ਪਰ ਮੈਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਨਿਹਾਰ ਵੀ ਨਹੀਂ ਸਕਦਾ। ਬੋਲ ਸਾਂਝੇ ਨਹੀਂ ਕਰ ਸਕਦਾ। ਬਾਪ ਦੀ ਮਸਤਕ-ਸੋਚ ਵਿਚ ਹੋ ਰਹੀ ਉਥਲ-ਪੁਥਲ ਨੂੰ ਕਿੰਜ ਉਲਥਾਵਾਂ? ਕਿਵੇਂ ਥਾਹ ਪਾਵਾਂ? ਸ਼ਾਇਦ ਸੋਚਦਾ ਹੋਵੇ, ਪਰਦੇਸੀ ਪੁੱਤ ਇਥੇ ਕਿਵੇਂ ਆ? ਇਸ ਨੂੰ ਕਿਸ ਨੇ ਸੱਦਿਆ? ਇਹ ਕਿੰਨਾ ਕੁ ਚਿਰ ਰਹਿਣਗੇ? ਪੋਤਰੀਆਂ, ਨੂੰਹਾਂ ਅਤੇ ਧੀਆਂ ਨੂੰ ਆਲੇ-ਦੁਆਲੇ ਦੇਖ ਕੇ ਸੋਚਦਾ ਤਾਂ ਹੋਵੇਗਾ ਕਿ ਮੈਨੂੰ ਕੀ ਹੋਇਆ ਕਿ ਸਾਰਾ ਪਰਿਵਾਰ ਮੇਰੇ ਦੁਆਲੇ ਝੁਰਮਟ ਬੰਨ੍ਹ ਕੇ ਖੜ੍ਹਾ ਹੈ? ਇਹ ਵੱਖਰੇ ਮੁਹਾਂਦਰੇ ਵਾਲੀ ਕੁੜੀ (ਨਰਸ) ਕੌਣ ਹੈ, ਜੋ ਮੇਰੇ ਆਪਣਿਆਂ ਦੇ ਨਾਲ-ਨਾਲ, ਮੇਰੀ ਦੇਖ ਭਾਲ ਕਰਦੀ ਹੈ? ਕੀ ਇਹ ਨਰਸ ਆ? ਇਥੇ ਕਿਉਂ ਆਈ? ਬਹੁਤ ਸਾਰੇ ਖਿਆਲ ਬਾਪ ਦੀ ਮਸਤਕ ਜੂਹ ਵਿਚ ਉਤਪੰਨ ਹੁੰਦੇ ਹੋਣਗੇ, ਜਿਨ੍ਹਾਂ ਨੂੰ ਪ੍ਰਗਟ ਕਰਨ ਦੀ ਕੁਦਰਤ ਵਲੋਂ ਹੀ ਮਨਾਹੀ ਏ ਕਿਉਂਕਿ ਉਨ੍ਹਾਂ ਦਾ ਖੱਬਾ ਪਾਸਾ ਬਿਲਕੁਲ ਹੀ ਸਿਥਲ ਹੋ ਗਿਆ ਹੈ। ਜ਼ੁਬਾਨ ਬੰਦ। ਸਿਰਫ ਸੱਜਾ ਹੱਥ ਤੇ ਸੱਜੀ ਲੱਤ ਹੀ ਕਦੇ-ਕਦਾਈਂ ਹਰਕਤ ਕਰਦੇ ਨੇ। ਸੋਚਦਾ ਤਾਂ ਹੋਵੇਗਾ ਕਿ ਮੈਂ ਕਿਥੇ ਹਾਂ? ਕਿਉਂ ਹੈ ਮੇਰੇ ਦੁਆਲੇ ਨਾਲੀਆਂ ਦਾ ਜਾਲ? ਮੈਂ ਤਾਂ ਸਾਰੀ ਉਮਰ ਇਕ ਗੋਲੀ ਵੀ ਕਦੇ ਨਹੀਂ ਸੀ ਖਾਧੀ। ਟੀਕਿਆਂ ਤੋਂ ਡਰਨ ਵਾਲਾ ਬਾਪ ਹੁਣ ਟੀਕਿਆਂ ਦਾ ਵਿੰਨਿਆ, ਪੀੜ ਪੀੜ ਹੋਇਆ, ਪੀੜਾਂ ਵਿਚੋਂ ਹੀ ਸਾਹਾਂ ਦੀ ਨਿਰੰਤਰਤਾ ਨੂੰ ਜਿਉ ਰਿਹਾ ਹੈ।
31 ਮਾਰਚ ਦਾ ਦਿਨ, ਸਵੇਰੇ 8 ਕੁ ਵਜੇ ਦਾ ਵਕਤ। ਬੇਸੁਰਤੀ ਵਿਚ ਸਾਹਾਂ ਦੀ ਪੂੰਜੀ ਖਰਚ ਕਰ ਰਹੇ ਬਾਪ ਕੋਲ ਬੈਠਾ, ਬਾਹਾਂ ਤੇ ਲੱਤਾਂ ਨੂੰ ਹੌਲੀ ਹੌਲੀ ਨੱਪ ਰਿਹਾ ਹਾਂ। 18 ਦਿਨ ਹੋ ਗਏ ਨੇ ਬੇਸੁਰਤੀ ਦੇ। ਕਦੇ ਕਦੇ ਅੱਖ ਖੋਲ੍ਹਣ ਦਾ ਭੁਲੇਖਾ ਪੈਂਦਾ। ਬੜਾ ਚਾਅ ਸੀ ਮਨ ਵਿਚ ਕਿ ਬਾਪ ਨਾਲ ਕੁਝ ਗੱਲਾਂ ਕਰਾਂ, ਪਰ ਸਭ ਅਸੰਭਵ। ਮੈਂ ਸੋਚਾਂ ‘ਚ ਬਾਪ ਦੀ ਜ਼ਿੰਦਗੀ ਦੀਆਂ ਪਰਤਾਂ ਫਰੋਲਦਾ, ਉਨ੍ਹਾਂ ਪਲਾਂ ਦੀ ਨਿਸ਼ਾਨਦੇਹੀ ‘ਚ ਗੁਆਚਿਆ ਹਾਂ। ਅਚਾਨਕ ਪਿਤਾ ਜੀ ਇਕ ਦਮ ਪੂਰੀਆਂ ਅੱਖਾਂ ਖੋਲ ਕੇ ਮੈਨੂੰ ਨਿਹਾਰਦੇ ਨੇ। ਮੈਂ ਵੀ ਉਨ੍ਹਾਂ ਵੰਨੀਂ ਦੇਖਦਾ, ਮਨ ਦੇ ਵਲਵਲਿਆਂ ਨੂੰ ਜੁਬਾਨ ਦੇਣ ਤੋਂ ਅਸਮਰਥ। ਸੋਚਦਾਂ ਪਤਾ ਨਹੀਂ ਪਿਤਾ ਜੀ ਕੀ ਸੋਚਦੇ ਹੋਣਗੇ? ਕੀ ਬੋਲਣਾ ਚਾਹੁੰਦੇ ਨੇ? ਕਿਹੜੀਆਂ ਅਸੀਸਾਂ ਨਾਲ ਨਿਵਾਜਣਾ ਚਾਹੁੰਦੇ ਨੇ? ਪਰ ਬੋਲ ਨਹੀਂ ਸਕਦੇ। ਉਨ੍ਹਾਂ ਦੇ ਖੁੱਲ੍ਹੇ ਦੀਦਿਆਂ ਵਿਚ ਆਏ ਹਾਵ-ਭਾਵ ਸਮਝਣ ਦੀ ਕੋਸ਼ਿਸ਼ ਕਰਦਾ, ਆਪ ਮੁਹਾਰੇ ਬਾਪ ਨੂੰ ਕਹਿੰਦਾ ਹਾਂ ਕਿ ਹੁਣ ਤੁਹਾਡੀਆਂ ਅੱਖਾਂ ਪੂਰੀਆਂ ਖੁੱਲ੍ਹੀਆਂ ਨੇ ਅਤੇ ਤੁਸੀਂ ਛੇਤੀ ਠੀਕ ਹੋ ਜਾਣਾ ਹੈ। ਇਕ ਧਰਵਾਸ ਸੀ ਖੁਦ ਤੇ ਬਾਪ ਲਈ, ਬੁਝਦੇ ਦੀਵੇ ਦੀ ਆਖਰੀ ਲੋਅ ਵਰਗਾ। ਬਾਪ ਵਲੋਂ ਸਾਹ ਸਮੇਟਣ ਲੱਗਿਆਂ, ਸਾਹਾਂ ਨੂੰ ਨਵੀਂ ਉਡਾਣ ਦੇਣ ਦੀ ਤੀਬਰਤਾ। ਦੇਖਦਿਆਂ ਦੇਖਦਿਆਂ ਬਾਪ ਇਕ ਲੰਮਾ ਸਾਹ ਲੈਂਦਾ ਏ ਅਤੇ ਫਿਰ ਇਕ ਦਮ ਸ਼ਾਂਤ। ਭੌਰ ਉਡਾਰੀ ਮਾਰ ਗਿਆ। ਪੈਗੰਬਰਾਂ ਵਰਗੀ ਆਖਰੀ ਅਲਵਿਦਾ। ਬਾਪ ਦੇ ਹੱਥ ਮੇਰੇ ਹੱਥਾਂ ਵਿਚ ਫੜੇ ਰਹਿ ਗਏ। ਕੇਹੀ ਹੈ ਇਹ ਇਕ ਦਮ ਸਾਹ-ਸਮੇਟਣ ਦੀ ਕਾਹਲ। ਘਬਰਾਹਟ ਵਿਚ ਪਲਸ-ਮੀਟਰ ਲਾਉਂਦਾ ਹਾਂ ਪਰ ਧੜਕਣ ਨਜ਼ਰ ਨਹੀਂ ਆਉਂਦੀ। ਨਰਸ ਨੂੰ ਹਾਕ ਮਾਰਦਾਂ, ਉਹ ਵਿਚਾਰੀ ਦੌੜੀ ਆਈ ਅਤੇ ਸ਼ਾਂਤ ਬਾਪ ਵੰਨੀਂ ਦੇਖ ਕੇ ਉਦਾਸੀ ਦੇ ਆਲਮ ਵਿਚ ਡੁੱਬ ਗਈ। ਉਸ ਦੀਆਂ ਅੱਖਾਂ ਵਿਚ ਭਾਣਾ ਵਰਤਣ ਦਾ ਸੱਚ। ਪਰ ਕਹਿਣ ਤੋਂ ਅਸਮਰਥ। ਡਾਕਟਰ ਨੂੰ ਫੋਨ ਕਰਦਾ ਹਾਂ। ਪੰਜ ਮਿੰਟ ਵਿਚ ਉਹ ਪਹੁੰਚ ਜਾਂਦਾ ਹੈ। ਬਾਪ ਨੂੰ ਦੇਖਦਿਆਂ ਹੀ ਕਹਿੰਦਾ ਹੈ ਕਿ ਮੌਤ ਸਭ ਤੋਂ ਵੱਡਾ ਸੱਚ ਏ ਅਤੇ ਹੁਣ ਇਸ ਸੱਚ ਨੂੰ ਮੰਨਣ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ।
ਬਾਪ ਉਸ ਸਫਰ ‘ਤੇ ਤੁਰ ਜਾਂਦਾ ਏ, ਜਿਥੋਂ ਕਦੇ ਕੋਈ ਨਹੀਂ ਪਰਤਿਆ। ਨਾ ਹੀ ਆਇਆ ਏ ਕਦੇ ਕੋਈ ਸੁਖ-ਸੁਨੇਹਾ।
ਆਸ ਦੇ ਟੁੱਟਣ ਦੀ ਚੀਸ ਦੀਦਿਆਂ ਵਿਚ ਵਹਿ ਤੁਰੀ। ਬਾਪ ਦੇ ਜਾਣ ਤੋਂ ਬਾਅਦ, ਉਸ ਦੀਆਂ ਆਖਰੀ ਰਸਮਾਂ ਨੂੰ ਨਿਭਾਉਣ ਦੀ ਵਾਰੀ। ਰਸਮਾਂ ਜੋ ਤੁਰ ਗਿਆਂ ਨੂੰ ਅਰਪਿਤ ਹੁੰਦੀਆਂ। ਉਨ੍ਹਾਂ ਦੇ ਪੰਜ ਭੂਤਕ ਸਰੀਰ ਨੂੰ ਪੂਰਨ ਸ਼ਰਧਾ, ਸਮਰਪਣ, ਅਦਬ ਅਤੇ ਅਦਾਬ ਨਾਲ ਰੁਖਸਤ ਕਰਨਾ।
ਬਾਪ ਸਾਰੀ ਉਮਰ ਪਿੰਡ ਹੀ ਰਿਹਾ। ਇਸ ਲਈ ਬਾਪ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਜਾਣ ਅਤੇ ਉਥੇ ਹੀ ਸਸਕਾਰ ਕਰਨ ਦਾ ਫੈਸਲਾ ਹੁੰਦਾ ਏ। ਬਾਪ ਦੇ ਮ੍ਰਿਤਕ ਸਰੀਰ ਨੂੰ ਫਿਊਨਰਲ ਵੈਨ ਵਿਚ ਪਿੰਡ ਨੂੰ ਲਿਜਾਂਦਿਆਂ ਸੋਚਦਾ ਰਿਹਾ ਕਿ ਜਦ ਬਾਪ ਬਿਮਾਰ ਹੋ ਕੇ ਸ਼ਹਿਰ ਆਇਆ ਸੀ ਤਾਂ ਕਦੇ ਕਿਆਸ ਵੀ ਨਹੀਂ ਸੀ ਕਿ ਉਹ ਲੋਥ ਬਣ ਕੇ ਉਸ ਪਿੰਡ ਨੂੰ ਵਾਪਸ ਪਰਤੇਗਾ ਜਿਸ ਦੀਆਂ ਰਾਹਾਂ ਦਾ ਚੱਪਾ-ਚੱਪਾ ਉਸ ਨੇ ਪੈਦਲ ਗਾਹਿਆ ਸੀ। ਹਰ ਦੁੱਖ, ਦਰਦ ਅਤੇ ਚੀਸ ਨੂੰ ਪਿੰਡੇ ‘ਤੇ ਸਹਿਣ ਵਾਲਾ ਬਾਪ ਹੁਣ ਖਾਮੋਸ਼ ਉਸ ਜੂਹ ਵਿਚ ਆ ਪਹੁੰਚਿਆ ਜਿਥੇ ਬਚਪਨੇ ਤੋਂ ਲੈ ਕੇ ਹੁਣ ਤੀਕ ਜੀਵਨ ਦੇ ਹਰ ਰੰਗ ਨੂੰ ਬਹੁਤ ਹੀ ਭਰਪੂਰਤਾ ਨਾਲ ਜੀਵਿਆ।
ਪਿੰਡ ਦੇ ਸੋਗਵਾਰ ਮਾਹੌਲ ਵਿਚ ਖੁਦ ਨੂੰ ਸੰਭਾਲਣਾ ਬਹੁਤ ਔਖਾ ਹੁੰਦਾ ਜਦ ਬਾਪ ਦੇ ਕਰੀਬੀ ਅਤੇ ਭਾਈਚਾਰੇ ਦੇ ਲੋਕ ਉਸ ਦੇ ਜੀਵਨ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਦੇ ਨੇ। ਉਸ ਦਾ ਸਾਥੀ ਦੱਸਦਾ ਹੈ ਕਿ ‘ਕੇਰਾਂ ਹਲਵਿਆਂ ਦਾ ਲੱਦਿਆ ਗੱਡਾ ਲੈ ਕੇ ਜਲੰਧਰ ਜਾਂਦਿਆਂ ਇਕ ਬਲਦ ਰਸਤੇ ਵਿਚ ਹੀ ਹੰਭ ਗਿਆ। ਤੇਰੇ ਭਾਪੇ ਨੇ ਗੱਡੇ ਦਾ ਜੂਲਾ ਆਪਣੇ ਮੋਢੇ ‘ਤੇ ਰੱਖ ਲਿਆ ਅਤੇ ਗੱਡੇ ਨੂੰ ਜਲੰਧਰ ਤੀਕ ਲੈ ਗਿਆ। ਇਹ ਸੀ, ਉਨ੍ਹਾਂ ਦੇ ਜਿਸਮਾਨੀ ਤਾਕਤ ਦੀਆਂ ਅਨੇਕਾਂ ਘਟਨਾਵਾਂ ਵਿਚੋਂ ਇਕ ਘਟਨਾ, ਜੋ ਉਨ੍ਹਾਂ ਦੇ ਸਾਥੀ ਹੁਣ ਵੀ ਮਾਣ ਨਾਲ ਦੱਸਦੇ ਨੇ। ਕਵਿੰਟਲ ਦੀ ਕਣਕ ਦੀ ਬੋਰੀ ਖੁਦ ਪਿੱਠ ‘ਤੇ ਰੱਖ ਕੇ ਚੁਬਾਰੇ ਤੋਂ ਲੱਕੜ ਦੀ ਪੌੜੀ ਰਾਹੀਂ ਉਤਰਨਾ ਅਤੇ ਪਿੰਡੋਂ ਬਾਹਰਵਾਰ ਗੱਡੇ ‘ਤੇ ਲੱਦਣਾ ਤਾਂ ਉਨ੍ਹਾਂ ਦਾ ਨਿੱਤ ਦਾ ਕੰਮ ਸੀ, ਕਿਉਂਕਿ ਉਹ ਗੱਡਾ ਵੀ ਵਾਹੁੰਦੇ ਸਨ।
ਬਾਪ ਦੀ ਦੇਹ ਨੂੰ ਨੁਹਾਉਂਦਿਆਂ ਸੋਚਦਾਂ ਕਿ ਕਿੰਨਾ ਔਖਾ ਹੁੰਦਾ ਏ ਆਪਣੇ ਬਾਪ ਨੂੰ ਆਖਰੀ ਸਫਰ ਲਈ ਤਿਆਰ ਕਰਨਾ, ਉਸ ਦੇ ਸਿਰ ‘ਤੇ ਦਸਤਾਰ ਬੰਨਣੀ, ਅਰਥੀ ਨੂੰ ਫੁੱਲਾਂ ਨਾਲ ਸਜਾਉਣਾ, ਅਰਥੀ ਨੂੰ ਮੋਢਿਆਂ ‘ਤੇ ਧਰਨਾ ਅਤੇ ਸਿਵਿਆਂ ਵੰਨੀਂ ਥਿੜਕਦੇ ਕਦਮਾਂ ਨਾਲ ਤੁਰਨਾ। ਬਾਪ ਦੀ ਕੰਨ੍ਹੇੜੀ ਚੜ੍ਹਨ ਵਾਲੇ ਬੱਚਿਆਂ ਦੇ ਮੋਢਿਆਂ ‘ਤੇ ਬਾਪ ਦੀ ਅਰਥੀ ਦਾ ਭਾਰ ਬਹੁਤ ਜ਼ਿਆਦਾ ਹੁੰਦੈ।
ਸਿਵਿਆਂ ਵਿਚ ਅਰਥੀ ਪਈ ਏ। ਲੱਕੜਾਂ ਚਿਣੀਆਂ ਜਾ ਰਹੀਆਂ ਨੇ। ਹੁਣ ਵਾਰੀ ਅੱਗ ਦੇਣ ਦੀ ਏ। ਜੀਵਨ ਵਿਚ ਸਭ ਤੋਂ ਔਖਾ ਕੰਮ, ਪਰ ਕਰਨਾ ਵੀ ਜਰੂਰ ਪੈਣਾ। ਜੇਠਾ ਪੁੱਤ ਜੁ ਹੋਇਆ। ਆਪਣਿਆਂ ਵਲੋਂ, ਆਪਣਿਆਂ ਦੇ ਸਿਵੇ ਨੂੰ ਲਾਬੂੰ ਲਾਉਣਾ। ਆਪਣੇ ਬਾਪ ਨੂੰ ਅਗਨੀ ਹਵਾਲੇ ਕਰਨਾ, ਬਹੁਤ ਹੀ ਔਖਾ। ਇਸ ਅੱਗ ਵਿਚ ਬਾਪ ਦੇ ਸਰੀਰ ਦੇ ਨਾਲ-ਨਾਲ ਬਹੁਤ ਕੁਝ ਹੋਰ ਵੀ ਸੜ ਜਾਂਦਾ ਏ।
ਸਿਵਾ ਬਲ ਰਿਹਾ ਏ। ਉਚੀਆਂ ਉਠਦੀਆਂ ਲਪਟਾਂ ਵਿਚ ਰਾਖ ਹੋ ਰਿਹਾ ਏ ਬਾਪ ਦਾ ਪੰਜ ਭੂਤਕ ਸਰੀਰ। ਗਮਗੀਨ ਚੁੱਪ ਵਿਚ ਬਲਦੇ ਸਿਵੇ ਦੀ ਅੱਗ ਹੀ ਕੁਝ ਅਜਿਹਾ ਸਮਝਾਉਂਦੀ, ਜੋ ਸਮਿਆਂ ਦਾ ਸੱਚ ਹੁੰਦਾ। ਇਸ ਦੇ ਚੌਗਿਰਦੇ ਵਿਚ ਲੇਰਾਂ, ਆਹਾਂ, ਵਿਰਲਾਪਾਂ ਅਤੇ ਕੀਰਨਿਆਂ ਦਾ ਸ਼ੋਰ। ਸਿਵਿਆਂ ਦੇ ਰੁੱਖਾਂ ਦੀ ਛਾਂ ਨੂੰ ਸਰਾਪੀ ਹੋਣ ਦਾ ਕੇਹਾ ਵਰ ਕਿ ਭਲੇ ਵੇਲੇ ਵਿਚ ਇਸ ਦੀ ਛਾਂਵੇਂ ਕੋਈ ਨਹੀਂ ਬਹਿੰਦਾ, ਪਰ ਸ਼ਮਸ਼ਾਨਘਾਟ ਇਕ ਅਜਿਹੀ ਥਾਂ, ਜੋ ਸਮਿਆਂ ਦਾ ਸਦੀਵੀ ਸੱਚ, ਜਿਸ ਤੋਂ ਕੋਈ ਨਹੀਂ ਮੁੱਨਕਰ। ਇਸ ਸਰਦਲ ‘ਤੇ ਹਰੇਕ ਨੇ ਆਉਣਾ, ਰਾਖ ਬਣ ਕੇ ਸਮਾਉਣਾ ਅਤੇ ਰਾਖ ਨੇ ਫਿਰ ਨਵੀਂ ਜੀਵਨ ਯਾਤਰਾ ਦੇ ਰਾਹੀਂ ਪੈਣਾ। ਜੇ ਬਲਦੇ ਸਿਵੇ ਦਾ ਸੱਚ, ਸੰਜੀਦਗੀ, ਸੰਵੇਦਨਾ ਅਤੇ ਸਾਕਾਰਾਤਮਕਤਾ, ਹਰ ਮਨੁੱਖ ਦੀ ਸੋਚ ਵਿਚ ਉਕਰੀ ਜਾਵੇ ਤਾਂ ਦੁਨੀਆਂ ਦੇ ਬਹੁਤੇ ਝਮੇਲੇ, ਰੱਫੜ ਅਤੇ ਬੁਰਾਈਆਂ ਆਪਣੇ ਆਪ ਹੀ ਖਤਮ ਹੋ ਜਾਣ। ਦਰਅਸਲ ਅਸੀਂ ਸਾਰੇ ਉਸ ਸੱਚ ਤੋਂ ਮੁਨਕਰ ਹੁੰਦੇ ਹਾਂ ਜੋ ਸਾਡੀਆਂ ਅੱਖਾਂ ਸਾਹਵੇਂ ਵਾਪਰਦਾ ਏ। ਸਾਡੇ ਮਨਾਂ ਵਿਚ ਸਦਾ ਜਿਉਂਦੇ ਰਹਿਣ ਦਾ ਭਰਮ। ਜਿੰਨੀ ਜਲਦੀ ਅਸੀਂ ਇਸ ਸੱਚ ਨੂੰ ਜਿਉਣ ਦੀ ਆਦਤ ਪਾਵਾਂਗੇ, ਉਨੀ ਜਲਦੀ ਹੀ ਅਸੀਂ ਜੀਵਨ ਦੀ ਸਾਰਥਕਤਾ ਦੇ ਹਮਰਾਹੀ ਬਣਾਂਗੇ। ਪਰ ਬਹੁਤ ਔਖਾ ਹੁੰਦਾ ਏ ਸੋਗ ਨੂੰ ਝੋਲੀ ਵਿਚ ਪਾ ਕੇ, ਸ਼ਮਸ਼ਾਨਘਾਟ ਤੋਂ ਖਾਲੀ ਹੱਥ ਘਰ ਨੂੰ ਪਰਤਣਾ। ਯਾਦਾਂ ਦਾ ਕਾਫਲਾ ਹੀ ਕੋਲ ਰਹਿੰਦਾ ਜਾਂ ਖਾਰੇ ਪਾਣੀਆਂ ਦੀ ਤਾਸੀਰ, ਦੀਦਿਆਂ ਨੂੰ ਗਾਲਦੀ ਆ।
ਫੁੱਲ ਚੁਗਣ ਲਈ ਤੀਸਰੇ ਦਿਨ ਸ਼ਮਸ਼ਾਨਘਾਟ ਜਾਂਦੇ ਹਾਂ। ਸਿਵਾ ਠੰਢਾ ਹੈ। ਸਿਰਫ ਰਾਖ ਨਜ਼ਰ ਆਉਂਦੀ ਹੈ। ਰਾਖ ਫਰੋਲਦਿਆਂ ਕੁਝ ਹੱਡੀਆਂ ਮਿਲਦੀਆਂ ਨੇ, ਉਨ੍ਹਾਂ ਦੀ ਆਖਰੀ ਨਿਸ਼ਾਨੀ। ਅਰੋਗ ਸਰੀਰ ਦੀਆਂ ਅਰੋਗ ਹੱਡੀਆਂ। ਹੱਡੀਆਂ ਨੂੰ ਧੋਂਦਿਆਂ ਸੋਚਦਾਂ ਕਿ ਇਨ੍ਹਾਂ ਨੂੰ ਆਪਣੇ ਖੇਤਾਂ ਵਿਚ ਪਾਉਣਾ ਚਾਹੀਦਾ। ਖੇਤ ਜਿਨ੍ਹਾਂ ਵਿਚ ਬਾਪ ਨੇ ਆਪਣਾ ਪਸੀਨਾ ਵਹਾਇਆ ਸੀ। ਇਹ ਰਾਖ ਉਨ੍ਹਾਂ ਫਸਲਾਂ ਨੂੰ ਪਾਵਾਂ, ਜੋ ਬਾਪ ਦੇ ਹੱਥੀਂ ਉਗਦੀਆਂ, ਭੜੌਲੇ ਭਰਦੀਆਂ ਰਹੀਆਂ। ਪਰ ਸਮਾਜਕ ਮਰਿਆਦਾ ਵਿਚ ਬੱਧਾ, ਬਾਪ ਦੀਆਂ ਅਸਥੀਆਂ ਬਿਆਸ ਦਰਿਆ ਦੇ ਸਪੁਰਦ ਕਰ, ਬਾਪ ਨੂੰ ਆਖਰੀ ਅਲਵਿਦਾ ਕਹਿੰਦਾ ਹਾਂ। ਬਾਪ ਨੂੰ ਅਗੰਮੀ ਅਤੇ ਅਨੰਤ ਸਫਰ ‘ਤੇ ਤੋਰਦਾ, ਉਸ ਦੀਆਂ ਕੀਰਤੀਆਂ ਨੂੰ ਮਨ-ਮਸਤਕ ‘ਤੇ ਉਕਰ ਲੈਂਦਾ ਹਾਂ, ਜਿਸ ਦੀਆਂ ਯਾਦਾਂ ਦੀ ਸਦੀਵੀ ਨਿਸ਼ਾਨਦੇਹੀ ਕਰਨੀ ਏ। ਸਿਰਫ ਹੁਣ ਰਹਿ ਗਈ ਏ ਉਸ ਦੀ ਖੂੰਡੀ, ਜੋ ਉਸ ਦਾ ਸਹਾਰਾ ਹੁੰਦੀ ਸੀ ਜਾਂ ਸਾਈਕਲ ਜਿਸ ਕਰਕੇ ਮੇਰੇ ਮਾਮਿਆਂ ਦੇ ਬੱਚੇ ਉਨ੍ਹਾਂ ਨੂੰ ਫਲਾਇੰਗ ਫੁੱਫੜ ਕਹਿੰਦੇ ਸਨ। ਬੇਟੀ ਦਾ ਕਹਿਣਾ ਹੈ ਕਿ ਬਾਪ ਦੀ ਹਰ ਚੀਜ਼ ਨੂੰ ਜਰੂਰ ਸੰਭਾਲਣਾ ਕਿਉਂਕਿ ਉਨ੍ਹਾਂ ਦੀਆਂ ਨਿਸ਼ਾਨੀਆਂ, ਬਾਪ ਦੀ ਹਾਜ਼ਰੀ ਦਾ ਅਹਿਸਾਸ ਕਰਵਾਉਂਦੀਆਂ ਰਹਿਣਗੀਆਂ।
ਸਮਾਜਕ ਰਸਮਾਂ ਦੀ ਆਖਰੀ ਰਸਮ ਸੀ ਅਖੰਡ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ। ਸੋਗਵਾਰ ਮਾਹੌਲ ਵਿਚ ਰਿਸ਼ਤੇਦਾਰਾਂ, ਸਾਕ-ਸਬੰਧੀਆਂ ਅਤੇ ਦੋਸਤਾਂ-ਮਿੱਤਰਾਂ ਦੀ ਹਾਜ਼ਰੀ ਵਿਚ ਬਾਪ ਦੇ ਜਾਣ ਦਾ ਦਰਦ ਕੁਝ ਘਟਿਆ। ਮਨ ਇਕ ਸੰਤੁਸ਼ਟੀ ਧਰ ਗਿਆ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਬਹੁਤ ਭਰਪੂਰਤਾ ਅਤੇ ਅਰੋਗਤਾ ਨਾਲ ਜੀਵਿਆ। ਸਿਰਫ ਅਠਾਰਾਂ ਦਿਨ ਕੋਮਾ ਵਿਚ ਰਹਿਣ ਪਿਛੋਂ ਉਹ ਸਵਾਸਾਂ ਦੀ ਪੂੰਜੀ ਸਮੇਟ ਗਏ। ਸਹਿਜ ਭਰਪੂਰ ਜੀਵਨ-ਵਰਤਾਰਾ, ਉਨ੍ਹਾਂ ਦਾ ਮੂਲ-ਮੰਤਰ ਸੀ। ਇਹ ਮੰਤਰ ਹੀ ਉਨ੍ਹਾਂ ਦੀ ਲੰਮੇਰੀ ਉਮਰ ਦਾ ਰਾਜ਼ ਸੀ। ਸਭ ਤੋਂ ਅਹਿਮ ਸੀ ਪੱਗੜੀ ਦੀ ਰਸਮ ਜਿਸ ਨੇ ਮੈਨੂੰ ਬਾਪ ਵਾਲੀਆਂ ਜਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਅਤੇ ਬਾਪ ਦੇ ਨਾਂ ਨੂੰ ਚਾਰ ਚੰਨ ਲਾਉਣ ਲਈ ਮਾਨਸਿਕ ਪਕਿਆਈ ਬਖਸ਼ੀ।
ਸਭ ਰਸਮਾਂ ਪਿਛੋਂ ਜਦ ਸ਼ਹਿਰ ਨੂੰ ਵਾਪਸ ਮੁੜਨ ਦਾ ਖਿਆਲ ਆਇਆ ਤਾਂ ਸੋਚਿਆ ਕਿ ਬਾਪ ਦੇ ਜਾਣ ਨਾਲ ਬਹੁਤ ਕੁਝ ਖੁਸ ਜਾਂਦਾ ਏ। ਕਿਸੇ ਨੇ ਨਹੀਂ ਰੋਅਬ ਨਾਲ ਅਵਾਜ਼ ਮਾਰਨੀ, ਝਿੜਕਣਾ, ਮੇਰੀ ਉਡੀਕ ਕਰਨੀ। ਨਾ ਹੀ ਕਿਸੇ ਨੇ ਚਾਅ ਨਾਲ ਪੁੱਤ ਨੂੰ ਨਿਹਾਰਨਾ। ਦਾਈਏ ਨਾਲ ਹੁਕਮ ਕਰਨਾ। ਹੁਣ ਕੌਣ ਕਹੇਗਾ ਪਿੰਡ ਆਉਣ ਨੂੰ? ਕਿਹੜੀ ਖਿੱਚ ਰਹਿ ਗਈ ਏ ਪਿੰਡ ਜਾਣ ਦੀ? ਪਿੰਡ ਤਾਂ ਮਾਪਿਆਂ ਨਾਲ ਹੁੰਦਾ। ਜਦ ਮਾਪੇ ਤੁਰ ਜਾਣ ਤਾਂ ਘਰਾਂ ਨੂੰ ਬਿਗਾਨੇ ਹੋਣ ਲੱਗਿਆਂ ਦੇਰ ਨਹੀਂ ਲੱਗਦੀ। ਖੇਤਾਂ ਵਿਚ ਪੈ ਜਾਂਦੀਆਂ ਨੇ ਵੱਟਾਂ। ਘਰਾਂ ਵਿਚ ਉਗ ਆਉਂਦੀਆਂ ਨੇ ਕੰਧਾਂ। ਦਰਾਂ ਨੂੰ ਲੱਗ ਜਾਂਦੇ ਨੇ ਜਿੰਦਰੇ। ਰਿਸ਼ਤਿਆਂ ਵਿਚ ਪਨਪਦਾ ਮੁਫਾਦ। ਲੈਣ-ਦੇਣ ਤੀਕ ਸੀਮਤ ਹੋ ਜਾਂਦੀਆਂ ਨੇ ਰਿਸ਼ਤੇਦਾਰੀਆਂ। ਸਿਰਫ ਮਾਪਿਆਂ ਦਾ ਰਿਸ਼ਤਾ ਹੀ ਲਾਲਚ, ਸਵਾਰਥ ਤੇ ਮੁਫਾਦ ‘ਤੇ ਆਧਾਰਤ ਨਹੀਂ। ਮਾਪੇ ਹੀ ਆਪਣੇ ਬੱਚਿਆਂ ਦੀਆਂ ਦੁਆਵਾਂ ਮੰਗਦੇ, ਬੱਚਿਆਂ ਦੀ ਸੁਪਨ-ਪੂਰਤੀ ‘ਤੇ ਕੁਦਰਤ ਦੇ ਸ਼ੁਕਰਗੁਜਾਰ ਹੁੰਦੇ। ਬਾਪ ਇਕ ਰਿਸ਼ਤਾ ਹੀ ਨਹੀਂ ਹੁੰਦਾ, ਇਹ ਰਿਸ਼ਤਿਆਂ ਦੀ ਧਰਾਤਲ ਅਤੇ ਬਹੁਤ ਕੁਝ ਹੋਰ ਵੀ ਹੁੰਦਾ, ਜਿਸ ਦਾ ਅਹਿਸਾਸ ਉਨ੍ਹਾਂ ਦੇ ਜਾਣ ਪਿਛੋਂ ਹੁੰਦਾ। ਇਕ ਖਲਾਅ ਜੋ ਕਦੇ ਨਹੀਂ ਭਰਦਾ। ਇਕ ਆਸਰਾ, ਜਿਸ ਦੀ ਅਣਹੋਂਦ ਵਿਚ ਲੂੰਆਂ ਲੂੰਹਦੀਆਂ ਅਤੇ ਪੀੜ-ਪਰਾਗੇ ਵਿਚ ਨਿਸ ਦਿਨ ਵਾਧਾ। ਉਨ੍ਹਾਂ ਦੀ ਰਹਿਮਤ ਵਿਚ ਜੀਵਨ ਦੀ ਔੜ ਵੀ ਬਰਸਾਤਾਂ ਵਰਗੀ। ਉਨ੍ਹਾਂ ਦੀਆਂ ਬਰਕਤਾਂ ਦਾ ਨੂਰ ਹੀ ਏ, ਜੋ ਸਾਡੇ ਜੀਵਨ ‘ਤੇ ਬਰਸਦਾ, ਨਿਆਮਤਾਂ ਦੀ ਬਖਸ਼ਿਸ਼ ਕਰਦਾ। ਬਾਪ ਤੋਂ ਬਗੈਰ ਤਾਂ ਹੋਂਦ ਹੀ ਅਸੰਭਵ। ਉਸ ਦੀ ਬਦੌਲਤ ਹੀ ਸੁਪਨਿਆਂ ਦਾ ਸੱਚ, ਸਗਵਾਂ ਹਾਸਲ ਬਣਦਾ।
ਪਿੰਡ ਵਾਲੇ ਘਰੋਂ ਬਾਹਰ ਪੈਰ ਰੱਖਦਿਆਂ ਹੀ ਅੱਖਾਂ ਵਿਚ ਆ ਜਾਂਦੀ ਏ ਬਾਪ ਨਾਲ ਬਿਤਾਏ ਹਰ ਪਲ ਦੀ ਰੁਮਕਣੀ, ਉਸ ਦੇ ਹੱਥਾਂ ਦੀ ਕੋਮਲ ਛੋਹ, ਗੱਲਾਂਬਾਤਾਂ ਵਿਚਲੀ ਨਿਰਛੱਲਤਾ, ਬੱਚਿਆਂ ਦੀ ਤਨਦੇਹੀ ਨਾਲ ਕੀਤੀ ਪਾਲਣਾ ਅਤੇ ਉਸ ਦੇ ਮੁਹਾਂਦਰੇ ਦਾ ਤੁਹਾਡੀ ਦਿੱਖ ਵਿਚ ਝਲਕਣਾ। ਤੁਸੀਂ ਜੋ ਕੁਝ ਵੀ ਹੁੰਦੇ ਹੋ, ਉਹ ਬਾਪ ਦਾ ਹੀ ਬਿੰਬ ਏ। ਕਦੇ ਮੈਂ ਇਕ ਕਵਿਤਾ ਵਿਚ ਕਿਹਾ ਸੀ,
ਮੇਰਾ ਬਾਪ, ਬਹੁਤ ਘੱਟ
ਮੈਨੂੰ ਮਿਲਣ ਸ਼ਹਿਰ ਆਉਂਦਾ ਹੈ।

ਕਦੇ ਕਦੇ ਆਉਣ ਵਾਲਾ ਮੇਰਾ ਬਾਪ
ਬੂਹਾ ਖੋਲ੍ਹਣ ਤੋਂ ਡਰਦਾ
ਬੈਲ ਮਾਰ ਕੇ ਉਡੀਕ ਕਰਦਾ ਹੈ ਕਿ
ਹਾਊਸ ਨੰਬਰ ਬਣੇ ਘਰ ਦਾ ਗੇਟ ਕਦੋਂ ਖੁੱਲ੍ਹੇਗਾ
ਤੇ ਗੇਟ ਖੁੱਲ੍ਹਣ ‘ਤੇ ਵੀ
ਅੰਦਰ ਲੰਘਣ ਤੋਂ ਝਿੱਜਕਦਾ ਹੈ
ਘਰ ‘ਚ ਰੱਖੇ ਜਰਮਨ ਸ਼ੈਫਰਡ ਤੋਂ।

ਅੰਦਰ ਲੰਘ ਕੇ
ਮੰਜੇ ‘ਤੇ ਅਲਸਾਉਣ ਵਾਲਾ ਮੇਰਾ ਬਾਪ
ਸੋਫੇ ਵਿਚ ਸੁੰਗੜ ਜਾਂਦਾ ਹੈ
ਅਤੇ ਗੜਵੀ ਚਾਹ ਦੀ ਪੀਣ ਵਾਲੇ ਬਾਪ ਨੂੰ
ਚਾਹ ਦਾ ਕੱਪ ਤੇ ਦੋ ਕੁ ਬਿਸਕੁਟ
ਨਿਰਾ ਮਖੌਲ ਜਾਪਦੇ ਨੇ।

ਮੇਰੇ ਬੱਚਿਆਂ ਨੂੰ ਅੱਖਰਦਾ ਹੈ
ਬਾਪ ਦਾ ਖੁਰਦਰੇ ਹੱਥਾਂ ਨਾਲ ਪਲੋਸਣਾ
ਉਹ ਦਾਦੇ ਦੀਆਂ ਗੱਲਾਂ ਦਾ
ਹੁੰਗਾਰਾ ਭਰਨ ਦੀ ਬਜਾਏ
ਟੀ. ਵੀ. ਤੇ ਕੰਪਿਊਟਰ ਵਿਚ ਖੁੱਭ ਜਾਂਦੇ ਨੇ
ਤੇ ਬਾਪ ਦੀਆਂ ਬਾਤਾਂ ਮਸੋਸ ਕੇ ਰਹਿ ਜਾਂਦੀਆਂ ਨੇ।
ਮੇਰੇ ਰੁਝੇਵਿਆਂ ਨੇ ਖਾ ਲਿਆ ਹੈ
ਬਾਪ ਦੀਆਂ ਨਸੀਹਤਾਂ ਦਾ ਹੁੰਗਾਰਾ।
ਮੱਕੀ ਦੀ ਰੋਟੀ ਤੇ ਸਾਗ ਖਾਣ ਵਾਲੇ ਬਾਪ ਨੂੰ
ਜਦ ਖਾਣ ਲਈ ਪੀਜ਼ਾ ਦੇਈਏ
ਤਾਂ ਉਸ ਦੀ ਭੁੱਖ ਮਰ ਜਾਂਦੀ ਹੈ।

ਦਲਾਨ ਵਿਚ
ਸਾਰੇ ਪਰਿਵਾਰ ਦੇ ਮੰਜੇ ਡਾਹ ਕੇ
ਸੌਣ ਵਾਲੇ ਬਾਪ ਨੂੰ
ਬੈਡਰੂਮ ਵਿਚ ਨੀਂਦ ਨਹੀਂ ਆਉਂਦੀ।

ਸੂਰਜ ਡੁੱਬਣ ਸਾਰ ਸੌਣ ਵਾਲੇ ਬਾਪ ਦੀ
ਕੱਚੀ ਨੀਂਦ ਉਖੜ ਜਾਂਦੀ ਹੈ
ਜਦ ਅਸੀਂ ਅੱਧੀ ਰਾਤ ਨੂੰ
ਪਾਰਟੀ ਤੋਂ ਬਾਅਦ ਘਰ ਪਰਤਦੇ ਹਾਂ।

ਉਹ ਸੁੱਤ-ਉਨੀਂਦਰਾ ਅੰਮ੍ਰਿਤ ਵੇਲੇ ਉਠ
ਨੌਕਰ ਹੱਥੋਂ ਚਾਹ ਦਾ ਕੱਪ ਪੀ
ਸਾਡੇ ਜਾਗਣ ਤੋਂ ਪਹਿਲਾਂ ਪਹਿਲਾਂ
ਪਿੰਡ ਨੂੰ ਵਾਪਸ ਪਰਤ ਜਾਂਦਾ ਹੈ।

ਅਕਸਰ ਹੀ
ਮੇਰਾ ਬਾਪ, ਬਹੁਤ ਘੱਟ
ਮੈਨੂੰ ਮਿਲਣ ਸ਼ਹਿਰ ਆਉਂਦਾ ਹੈ।
ਪਰ ਹੁਣ ਤਾਂ ਘੱਟ ਆਉਣ ਵਾਲੇ ਬਾਪ ਨੇ ਮੈਨੂੰ ਮਿਲਣ ਕਦੇ ਵੀ ਸ਼ਹਿਰ ਨਹੀਂ ਆਉਣਾ। ਸਿਰਫ ਆਵੇਗੀ ਤਾਂ ਉਨ੍ਹਾਂ ਦੀ ਯਾਦ, ਜੋ ਅਸੀਮ ਅਸੀਸਾਂ ਦਾ ਸੰਧਾਰਾ ਮੇਰੀ ਝੋਲੀ ਵਿਚ ਧਰਿਆ ਕਰੇਗੀ ਅਤੇ ਮੈਨੂੰ ਜਿਉਣ ਜੋਗਾ ਕਰਿਆ ਕਰੇਗੀ।
9 ਸਾਲ ਪਹਿਲਾਂ ਜਦ ਮੇਰੀ ਮਾਤਾ ਸਦੀਵੀ ਵਿਛੋੜਾ ਦੇ ਗਈ ਤਾਂ ਬਾਪ ਅੰਦਰੋਂ ਟੁੱਟ ਕੇ ਵੀ ਬਾਹਰੋਂ ਸਬੂਤਾ ਹੋਣ ਦਾ ਧਰਮ ਪਾਲਦਾ ਰਿਹਾ। ਮਾਂ ਦੀ ਮੌਤ ਪਿਛੋਂ ਜਦ ਪਹਿਲੀ ਵਾਰ ਪਿੰਡ ਗਿਆ ਤਾਂ ਇਕ ਨਿੱਕੀ ਜਿਹੀ ਘਟਨਾ ਵੱਡੇ ਅਰਥਾਂ ਦਾ ਸੁਨੇਹਾ ਮੇਰੀ ਕਵਿਤਾ ਵਿਚ ਧਰ ਗਈ,
ਮਾਂ ਦੀ ਮੌਤ ਤੋਂ ਬਾਅਦ
ਪਹਿਲੀ ਵਾਰ ਪਿੰਡ ਆਇਆਂ ਹਾਂ
ਘਰ ਦੇ ਸਾਰੇ ਜੀਅ
ਪੀਰ ਦੀ ਦਰਗਾਹ ‘ਤੇ ਗਏ ਹੋਏ ਨੇ

ਮੈਂ ਘਰ ‘ਚ ਇਕੱਲਾ
ਸਿਮਰਤੀਆਂ ‘ਚ ਗਵਾਚ ਜਾਂਦਾ ਹਾਂ।
‘ਮਾਂ ਦਾ ਉਚੇਚ ਨਾਲ ਪਿੰਡ ਆਉਣ ਲਈ ਕਹਿਣਾ
ਸਵੇਰ ਤੋਂ ਹੀ ਦਰਾਂ ਦੀ ਬਿੜਕ ਲੈਣਾ
ਅਤੇ ਦੇਰ ਨਾਲ ਆਉਣ ‘ਤੇ ਨਿਹੋਰਾ ਦਿੰਦਿਆਂ
ਕਲਾਵੇ ‘ਚ ਲੈ ਅਸੀਸਾਂ ਦੀ ਝੜੀ ਲਾਉਣ ਦੀਆਂ ਯਾਦਾਂ
ਮੇਰੀ ਉਦਾਸੀ ਨੂੰ ਹੋਰ ਸੰਘਣਾ ਕਰ
ਅੱਖਾਂ ਨਮ ਕਰ ਜਾਂਦੀਆਂ ਹਨ।

ਪੈਰਾਂ ਦੀ ਬਿੜਕ
ਮੇਰੀ ਨਮ-ਚੁੱਪ ਨੂੰ ਤੋੜਦੀ ਹੈ
ਨੰਗੇ ਪੈਰੀਂ ਘਰ ਵੜਦਾ ਬਾਪ,
ਬੋਝੇ ‘ਚੋਂ ਅੰਬ ਕੱਢ
ਮੈਨੂੰ ਦਿੰਦਿਆਂ ਕਹਿੰਦਾ ਹੈ,
“ਮੈਨੂੰ ਪਤਾ ਸੀ, ਤੂੰ ਆਇਆ ਹੋਵੇਂਗਾ
ਤੈਨੂੰ ਖੂਹ ਵਾਲੇ ਬੂਟੇ ਦੇ ਅੰਬ ਬਹੁਤ ਪਸੰਦ ਹਨ
ਅੱਜ ਇਕ ਪੱਕਾ ਅੰਬ ਲੱਭਾ ਸੀ
ਲੈ ਫੜ੍ਹ, ਚੂਪ ਲੈ”
ਅਤੇ ਮੈਂ ਬਾਪ ਦੇ ਝੁਰੜੀਆਂ ਭਰੇ
ਕੰਬਦੇ ਹੱਥ ‘ਚੋਂ ਅੰਬ ਲੈਂਦਿਆਂ
ਸੋਚਦਾ ਹਾਂ……
ਮਾਂ ਦੀ ਮੌਤ ਤੋਂ ਬਾਅਦ
ਬਾਪ, ਮਾਂ ਵੀ ਬਣ ਗਿਆ ਹੈ!!!
ਹੁਣ ਮੌਤ ਤੋਂ ਬਾਅਦ ਕਿੰਜ ਬਾਪ ਬਣੇਗਾ ਮਾਂ?
ਹੁਣ ਤਾਂ ਉਸ ਦੇ ਸਦੀਵੀ ਵਿਛੋੜੇ ਨੂੰ ਸਵੀਕਾਰਨ ਦੇ ਨਾਲ ਨਾਲ, ਉਸ ਦੀਆਂ ਸਭ ਜਿੰਮੇਵਾਰੀਆਂ ਨੂੰ ਉਸੇ ਤਰਜ਼ੀਹ, ਤਮੰਨਾ ਅਤੇ ਤਾਬਿਆਦਾਰੀ ਨਾਲ ਨਿਭਾਉਣਾ ਪੈਣਾ ਹੈ, ਜੋ ਕਦੇ ਬਾਪ ਦੇ ਬਾਪ ਨੇ ਮੇਰੇ ਬਾਪ ਨੂੰ ਦਿਤੀਆਂ ਸਨ। ਇਹੀ ਤਾਂ ਕੁਦਰਤ ਦਾ ਅਸੂਲ ਏ ਅਤੇ ਇਸ ਨਿਰੰਤਰਤਾ ਨੇ ਸਦਾ ਬਰਕਰਾਰ ਰਹਿਣਾ ਏ।
ਪਰਦੇਸ ਪਰਤਣ ਲਈ ਤਿਆਰ ਹਾਂ। ਦਰਦ ਦਾ ਪਿੰਜਿਆ, ਕਿਸੇ ਰਾਹਤ ਦੀ ਭਾਲ ਵਿਚ ਢਾਈ ਮਹੀਨੇ ਪਿੰਡ ਦੀਆਂ ਜੂਹਾਂ ਫਰੋਲਦਾ ਰਿਹਾ, ਜਿਸ ਵਿਚ ਬਾਪ ਦੇ ਕਦਮਾਂ ਦੀ ਤਾਲ ਤਾਅ-ਉਮਰ ਧੜਕਦੀ ਰਹੀ। ਅੱਖਾਂ ਵਿਚ ਹੰਝੂਆਂ ਦੀ ਨੈਅ, ਸੋਚਾਂ ਵਿਚ ਗਮ ਦੀਆਂ ਘੁੰਮਣਘੇਰੀਆਂ ਅਤੇ ਕਦਮਾਂ ਵਿਚ ਪਰਦੇਸ ਪਰਤਣ ਦਾ ਚਾਅ ਨਹੀਂ ਸੀ। ਭੈਣ-ਭਰਾ ਤੋਰਨ ਆਏ ਨੇ, ਪਰ ਕਿਧਰੇ ਨਜ਼ਰ ਨਹੀਂ ਆਉਂਦਾ ਬਾਪ, ਉਸ ਦੇ ਨੈਣਾਂ ‘ਚ ਤਰਦਾ ਹੁਲਾਸ, ਸਿਰ ‘ਤੇ ਅਸੀਸਾਂ ਦਿੰਦੇ ਹੱਥਾਂ ਵਿਚਲੀ ਨਿਰਛੱਲਤਾ, ਉਸ ਦੇ ਬੋਲਾਂ ਵਿਚ ਜਲਦੀ ਵਾਪਸ ਆਉਣ ਦਾ ਦਾਈਆ, ਉਸ ਦੀ ਤੱਕਣੀ ਵਿਚ ਬੱਚਿਆਂ ਦੀ ਸੁਪਨ-ਪੂਰਤੀ ਕਾਰਨ ਛਲਕਦਾ ਅਹਿਸਾਸ, ਪਰਦੇਸ ਵੱਸਦੇ ਬੱਚਿਆਂ ਦੀ ਤੰਦਰੁਸਤੀ ਅਤੇ ਕਾਮਯਾਬੀ ਦੀਆਂ ਬੁਲੰਦੀਆਂ ਛੂਹਣ ਦੀ ਚਾਹਨਾ ਅਤੇ ਮਿਲਣ ਵਾਲੀਆਂ ਦੁਆਵਾਂ ਦੀਆਂ ਬਰਕਤਾਂ। ਮੇਰੇ ਦੁਆਲੇ ਫੈਲਣ ਵਾਲੇ ਚਾਨਣ ਦੇ ਦਾਇਰੇ ਦੀ ਗੈਰ-ਹਾਜ਼ਰੀ ਬਹੁਤ ਰੜਕਦੀ ਏ। ਸੋਚਦਾਂ ਇਸ ਤਰ੍ਹਾਂ ਤਾਂ ਮੈਂ ਕਦੇ ਵੀ ਵਿਦੇਸ਼ ਨੂੰ ਨਹੀਂ ਸੀ ਪਰਤਿਆ। ਸਦਾ ਬਾਪ ਦੀ ਬੁੱਕਲ ਦਾ ਨਿੱਘ ਤੇ ਸਕੂਨ ਦੀਆਂ ਝੋਲੀਆਂ ਭਰ ਕੇ ਨਾਲ ਆਉਣ ਵਾਲਾ ਵਜੂਦ, ਇਸ ਘਾਟ ਨੂੰ ਮਹਿਸੂਸ ਕਰਦਾ ਹੈ। ਬਾਪ ਨੂੰ ਸਦੀਵੀ ਯਾਤਰਾ ‘ਤੇ ਤੋਰਨ ਅਤੇ ਉਸ ਨੂੰ ਕਦੇ ਵੀ ਵਾਪਸ ਨਾ ਪਰਤਣ ਦੀ ਰਾਹ ‘ਤੇ ਤੋਰਨ ਤੋਂ ਬਾਅਦ, ਜਦ ਘਰੋਂ ਪਰਦੇਸ ਨੂੰ ਤੁਰਨ ਲੱਗਾਂ ਤਾਂ ਮਨ ਵਿਚ ਆਇਆ ਕਿ ਹੁਣ ਕਿਸੇ ਨੇ ਨਹੀਂ ਛੇਤੀ ਛੇਤੀ ਫੋਨ ਨਾ ਕਰਨ ‘ਤੇ ਦਬਕਾ ਮਾਰਨਾ, ਜਲਦੀ ਪਿੰਡ ਆਉਣ ਲਈ ਤਾਕੀਦ ਕਰਨੀ ਅਤੇ ਫੋਨ ਕਰਦਿਆਂ, ਆਰ-ਪਰਿਵਾਰ ਅਤੇ ਪੋਤਰੀ ਦੇ ਬੱਚਿਆਂ ਨੂੰ ਅਸੀਸਾਂ ਦਿੰਦਿਆਂ, ਅਕਸਰ ਰਿਸੀਵਰ ਵਿਚ ਹਉਕਾ ਧਰਨਾ।
ਸੋਚਦਾ ਰਿਹਾ ਕਿ ਹੁਣ ਪਿੰਡ ਨੇ ਹੋ ਜਾਣਾ ਬੇਗਾਨਾ ਕਿਉਂਕਿ ਮਾਪਿਆਂ ਦੀ ਹਾਜਰੀ ਹੀ ਤੁਹਾਨੂੰ ਪਿੰਡ ਨੂੰ ਨਤਮਸਤਕ ਹੋਣ ਲਈ ਉਤੇਜਿਤ ਕਰਦੀ। ਮਾਪਿਆਂ ਬਗੈਰ ਸਿਰਫ ਘਰਾਂ ਦੀ ਚੁਪ, ਦਰਾਂ ਨੂੰ ਲੱਗੇ ਜਿੰਦਰੇ ਅਤੇ ਇਕ ਖਲਾਅ ਹੀ ਤੁਹਾਡੀ ਉਡੀਕ ਕਰਦਾ। ਰਿਸ਼ਤਿਆਂ ਦਾ ਕੇਂਦਰ ਬਿੰਦੂ ਤੁਰ ਜਾਣ ‘ਤੇ ਖਤਮ ਹੋ ਜਾਂਦੀ ਰਿਸ਼ਤਿਆਂ ਵਿਚਲੀ ਤੜਪ, ਨਿੱਘ, ਅਪਣੱਤ ਅਤੇ ਇਕ ਦੂਜੇ ਦੇ ਸਦਕੇ ਜਾਣ ਦੀ ਅਉਧ। ਮਾਪਿਆਂ ਤੋਂ ਬਾਅਦ ਤਾਂ ਭੈਣ-ਭਰਾ ਕਿੰਨੇ ਵੀ ਚੰਗੇ ਹੋਣ, ਛੋਟੇ ਜਿਹੇ ਨਿੱਜ ਪਿਛੇ ਸ਼ਰੀਕ ਬਣਦਿਆਂ ਦੇਰ ਨਹੀਂ ਲੱਗਦੀ। ਘਰ ਦੀਆਂ ਕੰਧਾਂ ਦੇ ਲੱਥਣੇ ਸ਼ੁਰੂ ਹੋ ਜਾਂਦੇ ਲਿਓੜ ਅਤੇ ਇਨ੍ਹਾਂ ਦੀ ਜਰਜ਼ਰੀ ਹੋਂਦ, ਪਰਿਵਾਰਕ ਬਿਖਰਾਅ ਦੀ ਜਾਮਨ ਬਣਦੀ। ਫਿਰ ਤਾਂ ਪਿੰਡ ਨੂੰ ਜਾਣ ਅਤੇ ਖੇਤਾਂ ਵੰਨੀਂ ਗੇੜਾ ਲਾਉਣ ਤੋਂ ਵੀ ਮਨ ਤ੍ਰਹਿਣ ਲੱਗ ਪੈਣਾ ਏ ਕਿਉਂਕਿ ਇਸ ਦੀ ਅਰੰਭਕ ਅਦਿੱਖ ਝਲਕ ਨੇ ਹੀ ਮਨ ਵਿਚ ਸੰਭਾਵਤ ਭਰਮ-ਭੁਲੇਖਿਆਂ ਨੂੰ ਦੂਰ ਕਰ ਦਿਤਾ ਕਿ ਭਵਿੱਖ ਵਿਚ ਪਰਿਵਾਰਕ ਸਬੰਧਾਂ ਨੇ ਕਿਹੜਾ ਰੂਪ ਧਾਰਨਾ ਏ? ਇਸ ਡਰ ਨੇ ਹੀ ਨਿਰਮੋਹੇਪਣ, ਸਵਾਰਥ ਅਤੇ ਅਹਿਸਾਸਹੀਣਤਾ ਨੂੰ ਸਬੰਧਾਂ ਵਿਚ ਧਰਨਾ ਏ ਅਤੇ ਸਬੰਧ-ਸਥੂਲਤਾ ਨੇ ਹੌਲੀ ਹੌਲੀ ਮਰਨਾ ਏ। ਸਬੰਧਾਂ ਦਾ ਮਰਨਾ ਵੀ ਅਜਿਹਾ ਹੋਣਾ ਕਿ ਤੁਸੀਂ ਰੋ ਵੀ ਨਹੀਂ ਸਕਣਾ। ਕਿਸੇ ਨੂੰ ਦੱਸ ਵੀ ਨਹੀਂ ਸਕਣਾ ਕਿਉਂਕਿ ਬਹੁਤ ਔਖਾ ਹੁੰਦਾ ਏ ਕਾਲਖ ਨੂੰ ਉਛਾਲਣਾ ਅਤੇ ਆਪਣੇ ਹੀ ਸਮਾਜਕ ਬਿੰਬ ਨੂੰ ਕਲੰਕਿਤ ਕਰਨਾ।
ਮਨ ‘ਚ ਆਉਂਦਾ ਕਿ ਕਿੰਨਾ ਅੰਤਰ ਹੈ ਇਸ ਵਾਰ ਪਿੰਡ ਨੂੰ ਆਉਣ ਅਤੇ ਪਿੰਡ ਤੋਂ ਵਾਪਸ ਪਰਤਣ ਵਿਚ। ਆਉਂਦੇ ਸਮੇਂ ਤਾਂ ਮਨ ਵਿਚ ਇਕ ਆਸ ਸੀ ਬਾਪ ਦੇ ਠੀਕ ਹੋਣ ਦੀ, ਉਸ ਨੂੰ ਮਿਲਣ ਦੀ, ਗੱਲਾਂ ਕਰਨ ਦੀ ਅਤੇ ਉਸ ਦੀ ਸਿਹਤਯਾਬੀ ਵਿਚੋਂ ਹੀ ਆਪਣੇ ਆਉਣ ਦੀ ਧੰਨਭਾਗਤਾ ਨੂੰ ਸਿਰਜਣ ਦੀ। ਪਰ ਬਾਪ ਦਾ ਸਦੀਵੀ ਸਫਰ ‘ਤੇ ਜਾਣ ਤੋਂ ਪਹਿਲਾਂ ਹੀ ਚੁੱਪ-ਸਾਧਨਾ ਵਿਚ ਡੁੱਬ ਜਾਣਾ, ਮੇਰੀਆਂ ਭਾਵਨਾਵਾਂ ਨੂੰ ਅਵਾਕ ਕਰ ਗਿਆ। ਹੁਣ ਦਿਲ ਵਿਚ ਇਕ ਖਾਲੀਪਣ ਲੈ ਕੇ ਵਾਪਸ ਪਰਤ ਰਹੇ ਹਾਂ ਜਿਸ ਨੇ ਕਦੇ ਨਹੀਂ ਭਰਨਾ। ਸਿਰਫ ਬਾਪ ਦੀਆਂ ਸਿਆਣਪ-ਮਈ, ਨਿੱਘੀਆਂ, ਮਿੱਠੀਆਂ ਅਤੇ ਸਦਾ ਸਜੀਲੀਆਂ ਯਾਦਾਂ ਦਾ ਕਾਫਲਾ ਅੰਗ-ਸੰਗ ਰਹੇਗਾ ਅਤੇ ਇਸ ਵਿਚੋਂ ਹੀ ਸਬਰ, ਸਕੂਨ, ਸਦਭਾਵਨਾ ਅਤੇ ਸਮਰਿਧੀ ਨੂੰ ਆਪਣੀ ਚੇਤਨਾ ਦੇ ਨਾਮ ਕਰ, ਜ਼ਿੰਦਗੀ ਨੂੰ ਸੁੱਚੀਆਂ ਤਰਜੀਹਾਂ ਵੰਨੀਂ ਸੇਧਤ ਕਰਦਾ ਰਹਾਂਗਾ।
ਘਰ ਨੂੰ ਖੁੱਲ੍ਹਾ ਛੱਡ ਕੇ ਦਰੋਂ ਬਾਹਰ ਪੈਰ ਰੱਖਦਿਆਂ, ਆਪਣੇ ਹੰਝੂਆਂ ਨੂੰ ਭੈਣ-ਭਰਾਵਾਂ ਤੋਂ ਲੁਕਾਉਂਦਾ, ਪਰਵਾਸੀ ਧਰਤੀ ਨੂੰ ਤੁਰ ਪੈਂਦਾ ਹਾਂ, ਕਿਉਂਕਿ ਦਰਾਂ ‘ਤੇ ਉਕਰੀ ਉਸ ਖਾਮੋਸ਼ੀ ਨੂੰ ਮੁਖਾਤਬ ਹੋਣ ਤੋਂ ਡਰਦਾ ਹਾਂ, ਜਿਸ ਨੇ ਸਾਨੂੰ ਇਸ ਤੋਂ ਬਾਅਦ ਅਕਸਰ ਹੀ ਉਡੀਕਿਆ ਕਰਨਾ ਏ।
ਹੁਣ ਤਾਂ ਘਰ ਨੂੰ ਲੱਗਿਆ ਜਿੰਦਰਾ ਹੀ ਉਡੀਕ ਕਰੇਗਾ, ਅਸਾਂ ਪਰਦੇਸੀਆਂ ਦੀ।
(ਸਮਾਪਤ)