ਸੰਪਾਦਕ ਜੀਓ,
ਪੰਜਾਬ ਟਾਈਮਜ਼ ਦੇ 11 ਮਈ 2019 ਦੇ ਅੰਕ ਵਿਚ ਪ੍ਰੋ. ਅਵਤਾਰ ਸਿੰਘ ਵੱਲੋਂ “ਸੂਓ-ਮੋਟੋ, ਸੂਆ-ਸਪੌਂਟੇ ਤੇ ਦੋਧੀਗਿਰੀ” ਵਿਚ ਸੁਨਹਿਰੀ ਮੰਦਿਰ, ਦਰਬਾਰ ਸਾਹਿਬ ਬਾਰੇ ਅਤੇ ਪ੍ਰੋ. ਕਸ਼ਮੀਰਾ ਸਿੰਘ ਵੱਲੋਂ ‘ਹਰਿਮੰਦਿਰੁ’ ਸਾਹਿਬ ਬਾਰੇ ਵਿਚਾਰ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਗਈ ਹੈ, ਬਹੁਤ ਬਹੁਤ ਧੰਨਵਾਦ।
ਫੌਜੀ ਨੌਕਰੀ ਦੌਰਾਨ ਕਈ ਸੂਬਿਆਂ ਵਿਚ ਕਈ ਸੰਸਥਾਵਾਂ ਦੇ ਆਦਮੀਆਂ ਨਾਲ ਧਾਰਮਿਕ ਵਿਚਾਰਾਂ ਕਰਦਿਆਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਜਦੋਂ ਵੀ ਮੈਂ ਸਿੱਖਾਂ ਦੇ ਧਾਰਮਿਕ ਕੇਂਦਰੀ ਸਥਾਨ ਹਰਿਮੰਦਿਰ ਸਾਹਿਬ, ਅੰਮ੍ਰਿਤਸਰ ਦੀ ਫੋਟੋ ‘ਤੇ ਅਸਲੀ ਨਾਂ ਦੀ ਥਾਂ ਗੋਲਡਨ ਟੈਂਪਲ, ਅੰਮ੍ਰਿਤਸਰ ਲਿਖਿਆ ਵੇਖਦਾ ਤਾਂ ਮੇਰੇ ਮਨ ਦੇ ਕਿਸੇ ਕੋਨੇ ਵਿਚ ਹਮੇਸ਼ਾ ਇਕ ਸ਼ੰਕਾ ਤੇ ਡਰ ਜਿਹਾ ਬਣਿਆ ਰਹਿੰਦਾ। ਜੇ ਮੇਰੇ ਪਾਸੋਂ ਕੋਈ ਪੁੱਛ ਲਵੇ-ਕੀ ਸਿੱਖਾਂ ਦਾ ਅਕਾਲ ਪੁਰਖ, ਵਾਹਿਗੁਰੂ, ਰੱਬ ਸੋਨੇ ਦੇ ਮੰਦਿਰਾਂ ਵਿਚ ਰਹਿੰਦਾ ਹੈ? ਬਾਬੇ ਨਾਨਕ ਦਾ ਰੱਬ ਤਾਂ ਹਰ ਇਨਸਾਨ ਵਿਚ ਵਸਦਾ ਹੈ।
ਖਾਸ ਤੌਰ ‘ਤੇ ਅਮੀਰ ਸਿੱਖਾਂ ਨੇ ਬੜੇ ਮਾਣ ਅਤੇ ਟੌਹਰ ਨਾਲ ਵੱਡੀਆਂ ਵੱਡੀਆਂ ਫੋਟੋਆਂ ਘਰਾਂ ਦੀ ਸਜਾਵਟ ਲਈ ਲਾਈਆਂ ਹਨ। ਇਹ ਤਾਂ ਹੋਣਾ ਹੀ ਸੀ, ਜਿਸ ਬਾਰੇ ਪ੍ਰੋ. ਅਵਤਾਰ ਸਿੰਘ ਨੇ ਲਿਖਿਆ ਹੈ।
ਪ੍ਰਾਚੀਨ ਕਾਲ ਤੋਂ ਭਾਰਤ ਅਵਤਾਰਾਂ, ਦੇਵਤਿਆਂ ਅਤੇ ਦੇਵੀਆਂ ਦੀਆਂ ਮੂਰਤੀਆਂ ਦੇ ਨਾਂਵਾਂ ‘ਤੇ ਮੰਦਿਰਾਂ ਦਾ ਦੇਸ਼ ਜਾਣਿਆ ਜਾਂਦਾ ਹੈ। ਪੂਜਾ ਭਗਤੀ ਲਈ ਮੰਦਿਰ ਸ਼ਬਦ ਆਮ ਹੀ ਪ੍ਰਚਲਿਤ ਸੀ। ਪਹਿਲੇ ਚਾਰ ਗੁਰੂ ਸਹਿਬਾਨ ਨੇ ਸਰੋਵਰ ਬਣਾਏ, ਖੂਹ ਲਵਾਏ ਕਸਬੇ ਵਸਾਏ ਅਤੇ ਧਰਮਸ਼ਾਲਾਵਾਂ ਬਣਵਾਈਆਂ। ਪੰਚਮ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਨੇ ਵਿਚਾਰ ਕੀਤੀ ਕਿ ਕਿਉਂ ਨਾ ਸਰੋਵਰ ਵਿਚ ਸੁੰਦਰ ਮੰਦਿਰ ਬਣਾਇਆ ਜਾਵੇ। ਮੰਦਿਰ ਬਣ ਗਿਆ। ਸੰਗਤਾਂ ਵਿਚ ਜ਼ਰੂਰ ਮੰਦਿਰ ਦੇ ਨਾਂ ਬਾਰੇ ਚਰਚਾ ਹੋਈ ਹੋਵੇਗੀ। ਕੋਈ ਸੋਚਦਾ ਹੋਊ ਬਾਬਾ ਨਾਨਕ ਜਾਂ ਗੁਰੂ ਰਾਮ ਦਾਸ ਤੇ ਕਈ ਸੋਚਦੇ ਹੋਣਗੇ ਜਿਸ ਦੀ ਮੂਰਤੀ ਰੱਖਣਗੇ, ਉਸ ਦੇ ਨਾਂ ਦਾ ਮੰਦਿਰ ਹੋ ਜਾਵੇਗਾ।
ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਨਾਂ ਰਖਿਆ, ਹਰਿ ਮੰਦਿਰ-ਹਰਿ ਕਾ ਮੰਦਿਰ। ਇਹ ਸ਼ਬਦ ਗੁਰੂ ਸਾਹਿਬਾਨ ਅਤੇ ਭਗਤਾਂ ਦੀ ਬਾਣੀ ਵਿਚ ਆਇਆ ਹੈ। ਹਰਿ ਦਾ ਮਤਲਬ ਪਰਮਾਤਮਾ, ਮੰਦਿਰ ਦਾ ਮਤਲਬ ਘਰ, ਟਿਕਾਣਾ, ਰਹਿਣ ਦੀ ਥਾਂ ਜਾਂ ਕਹਿ ਲਵੋ ਸਰੀਰ ਜਿਸ ਵਿਚ ਰੱਬ ਵਸਦਾ ਹੈ, ਹਰਿ ਵਸਦਾ ਹੈ। ਸਰੀਰ ਹੈ ਤਾਂ ਮਨ ਹੈ, ਤਾਂ ਹੀ ਤਾਂ ਕਹਿੰਦੇ ਹਨ, “ਮਨ ਤੂੰ ਜੋਤ ਸਰੂਪ ਹੈਂ॥”
ਲਓ ਜੀ, ਨਾਮਕਰਨ ਹੋ ਗਿਆ, ‘ਹਰਿਮੰਦਿਰ।’ ਫਿਰ ਗੁਰੂ ਸਾਹਿਬ ਦੀ ਵਿਚਾਰ ਹੋਵੇਗੀ ਕਿ ਇਸ ਦੁਨੀਆਂ ਦੇ ਲੋਕ ਮੱਥਾ ਟੇਕਣ ਦੇ ਆਦੀ ਹਨ, ਉਸ ਵਕਤ ਮੇਰੇ ਵਰਗੇ ਕਈ ਸੋਚਦੇ ਹੋਣਗੇ ਕਿ ਮੰਦਿਰ ਵਿਚ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਲੱਗੇਗੀ? ਵੈਸੇ ਸੁਣਦੇ ਹਾਂ, 1905 ਦੇ ਕਰੀਬ ਮਹੰਤਾਂ ਨੇ ਪਰਿਕਰਮਾ ਵਿਚ ਮੂਰਤੀਆਂ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਹੋਰ ਤਾਂ ਹੋਰ, ਮੈਂ ਵੀ ਬਚਪਨ ਵਿਚ ਕਰਤਾਰਪੁਰ, ਜਲੰਧਰ ਕਈ ਮੱਸਿਆ ਜਾਂ ਪੁਨਿਆ ਬਿਆਸ ਦਰਿਆ ਲਾਗੋ ਪੈਦਲ/ਟਾਂਗੇ ‘ਤੇ ਆ ਕੇ ਨਹਾਤਾ। ਬਾਬੇ ਨਾਨਕ ਦੇ ਇਕ ਪਾਸੇ ਬਾਲਾ ਚੌਰ ਫੜੀ ਦੂਸਰੇ ਪਾਸੇ ਮਰਦਾਨਾ ਰਬਾਬ ਲਈ ਤਿੰਨਾਂ ਦੀ ਕਾਫੀ ਵੱਡੀ ਸੁਨਹਿਰੇ ਰੰਗ ਦੀ ਮੂਰਤੀ, ਜੋ ਪਿੱਤਲ ਦੀ ਬਣੀ ਸੀ, ਨੂੰ ਮੱਥਾ ਟੇਕਦਾ। ਬਾਹਰ ਪੰਡਾਲ ਵਿਚ ਆ ਕੇ ਵਾਰਾਂ ਸੁਣਦਾ। ਬਾਬਾ ਬਕਾਲਾ ਸਾਹਿਬ ਵੀ ਜਾਂਦੇ, ਪਰ ਕਰਤਾਰਪੁਰ ਨਾਲੋਂ ਬਹੁਤ ਫਰਕ ਸੀ।
ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ, ਸਹਿਯੋਗ ਲਿਆ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਦਾ। ਬਣੇ ਹੋਏ ਹਰਿਮੰਦਿਰ ਦੀ ਇਮਾਰਤ ਵਿਚ 1604 ਈ: ਨੂੰ ਆਦਿ ਗ੍ਰੰਥ ਪ੍ਰਕਾਸ਼ ਕਰਕੇ ਸੰਗਤਾਂ ਨੂੰ ਦਸ ਦਿੱਤਾ, “ਇਹ ਹੈ ਨਾਨਕ ਨਾਮ ਦਾ ਜਹਾਜ।” ਰੱਬੀ ਬਾਣੀ ਦੇ ਗੀਤ ਗਾਓ ਅਤੇ ਅਧਿਆਤਮਕ ਗਿਆਨ ਪ੍ਰਾਪਤ ਕਰੋ। ਪਵਿੱਤਰ ਗ੍ਰੰਥ ਨੂੰ ਮੱਥਾ ਟੇਕੋ ਅਤੇ ਅਰਦਾਸਾਂ ਕਰੋ।
ਦੁਨੀਆਂ ਵਿਚ ਸਿੱਖਾਂ ਦਾ ਕੇਵਲ ਇੱਕੋ ਇਕ ਹਰਿਮੰਦਿਰ ਸਾਹਿਬ ਹੈ, ਬਾਕੀ ਸਭ ਵੱਡੇ ਛੋਟੇ ਗੁਰਦੁਆਰੇ ਹਨ। ‘ਆਦਿ ਗ੍ਰੰਥ’ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਨੌਂਵੇਂ ਗੁਰੂ ਜੀ ਦੀ ਬਾਣੀ ਸ਼ਾਮਲ ਕਰਕੇ ਗੁਰਗੱਦੀ ਬਖਸ਼ੀ ਅਤੇ ਕਿਹਾ, ਅੱਜ ਤੋਂ ਸਿੱਖਾਂ ਦਾ ਗੁਰੂ, ਗੁਰੂ ਗ੍ਰੰਥ ਸਾਹਿਬ ਹੈ। ਜਿਸ ਇਮਾਰਤ ਵਿਚ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਉਹ ਹੀ ਗੁਰਦੁਆਰਾ ਕਹਾਉਂਦਾ ਹੈ।
ਗੋਲਡਨ ਟੈਂਪਲ: ਮੁਗਲਾਂ ਵੱਲੋਂ ਹਿੰਦੁਸਤਾਨ ਤੋਂ ਲੁਟਿਆ ਸੋਨਾ ਮਹਾਰਾਜਾ ਰਣਜੀਤ ਸਿੰਘ ਵਾਪਸ ਲੈ ਕੇ ਆਏ ਅਤੇ ਧਾਰਮਿਕ ਸਥਾਨਾਂ ਨੂੰ ਵੰਡਿਆ। ਸੋਨੇ ਦੇ ਪੱਤਰੇ ਬਣਾ ਕੇ ਜਿਉਂ ਹੀ ਹਰਿਮੰਦਿਰ ਸਾਹਿਬ ਦੀ ਇਮਾਰਤ ‘ਤੇ ਲਾਏ ਤਾਂ ਸੋਨੇ ਰੰਗੀਆਂ ਸੁਨਹਿਰੀ ਝਲਕਾਂ ਪੈਣੀਆਂ ਸ਼ੁਰੂ ਹੋ ਗਈਆਂ। ਅੰਗਰੇਜ਼ ਆਏ, ਉਨ੍ਹਾਂ ਵੇਖਦਿਆਂ ਆਖਿਆ, “ਵਾਓ! ਗੋਲਡਨ ਟੈਂਪਲ।” ਫਿਰ ਕੀ ਸੀ, ਅਸਾਂ ਸਭਨਾਂ ਗੋਲਡਨ ਟੈਂਪਲ ਕਹਿਣਾ ਸ਼ੁਰੂ ਕਰ ਦਿੱਤਾ। ਗਲਤੀ ਆਪਣੀ ਸਿੱਖ ਕੌਮ ਦੀ ਹੈ, ਜਿਨ੍ਹਾਂ ਨੇ ਬਿਨਾ ਸੋਚੇ ਸਮਝੇ ਗੋਲਡਨ ਟੈਂਪਲ ਦੀਆਂ ਤਸਵੀਰਾਂ ਬਣਨ ਦਿੱਤੀਆਂ ਤੇ ਫਿਰ ਸਭ ਜਗ੍ਹਾ ਲਾ ਵੀ ਲਈਆਂ। ਕਿੰਨਾ ਚੰਗਾ ਹੁੰਦਾ ਜੇ ਆਪਾਂ ਸਿੱਖ ਇਤਿਹਾਸ ਨਾ ਜਾਣਨ ਵਾਲਿਆਂ ਨੂੰ ਦੱਸਦੇ, “ਨਾ ਭਾਈ, ਟੈਂਪਲ ਆਫ ਗੌਡ ਕਹੋ, ਇਸ ਦੀ ਦਿੱਖ ਭਾਵੇਂ ਸੁਨਹਿਰੀ ਹੈ।”
ਦਰਬਾਰ ਸਾਹਿਬ: ਰਾਜੇ ਮਹਾਰਾਜੇ ਜਨਤਾ ਦਾ ਸੁਖ ਦੁੱਖ ਸੁਣਨ ਵਾਸਤੇ ਦਰਬਾਰ ਸਜਾਉਂਦੇ। ਰਾਜਾ ਉਚੇ ਸਿੰਘਾਸਨ ‘ਤੇ ਛੱਤਰ ਥੱਲੇ ਬੈਠਦਾ ਤੇ ਚੌਰ ਕਰਵਾਉਂਦਾ, ਵਜ਼ੀਰ ਥੋੜ੍ਹਾ ਨੀਵੇਂ ਸੱਜੇ ਖੱਬੇ ਜਾਂ ਸਾਹਮਣੇ ਬੈਠਦੇ ਅਤੇ ਲੋਕ ਜਮੀਨ ‘ਤੇ ਬੈਠਦੇ। ਇਹ ਵਰਤਾਰਾ ਅੰਗਰੇਜ਼ਾਂ ਵੇਲੇ ਵੀ ਰਿਹਾ। ਆਜ਼ਾਦੀ ਤੋਂ ਬਾਅਦ ਫੌਜ ਵਿਚ ਹਰ ਮਹੀਨੇ ਕੰਪਨੀ ਦਰਬਾਰ, ਹਰ ਤਿੰਨ ਮਹੀਨੇ ਬਾਅਦ ਬਟਾਲੀਅਨ/ਰੈਜ਼ੀਮੈਟ ਦਰਬਾਰ ਹੁੰਦੇ। ਤਰੀਕਾ ਪੁਰਾਣਾ ਹੀ, ਚੌਰਦਾਰ ਦੀ ਥਾਂ ਸੱਜੇ ਖੱਬੇ ਗਾਰਡ ਖਲੋਂਦੇ। ਸੀ.ਓ. ਸਟੇਜ ‘ਤੇ, ਅਫਸਰ ਜੇ.ਸੀ.ਓ. ਕੁਰਸੀਆਂ ਉਤੇ ਅਤੇ ਬਾਕੀ ਤਰਪਾਲ ‘ਤੇ। ਕਾਰਵਾਈ ਪੁਰਾਣੀ ਚਲ ਰਹੀ ਹੈ, ਪਰ 1980 ਤੋਂ ਦਰਬਾਰ ਸ਼ਬਦ ਦੀ ਥਾਂ ਸੈਨਿਕ ਸੰਮੇਲਨ ਸ਼ਬਦ ਦੀ ਵਰਤੋਂ ਹੁੰਦੀ ਹੈ।
ਗੁਰੂ ਗ੍ਰੰਥ ਸਾਹਿਬ ਕਿਸੇ ਰਾਜੇ ਮਹਾਰਾਜੇ ਨਾਲੋਂ ਘੱਟ ਨਹੀਂ, ਸਿੱਖਾਂ ਦਾ ਸੰਬੋਧਨੀ ਸ਼ਬਦ ਵੀ ਮਹਾਰਾਜ ਹੈ। ਸਟੇਜ ਉਚੀ, ਉਪਰ ਚੰਦੋਆ/ਚਾਨਣੀ, ਪੀੜ੍ਹੇ ਉਪਰ ਸੁੰਦਰ ਰੁਮਾਲਿਆਂ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਇਕ ਸੇਵਾਦਾਰ ਚੌਰ ਦੀ ਸੇਵਾ ਕਰਦਾ ਹੈ। ਥੋੜ੍ਹਾ ਨੀਵੀਂ ਸਟੇਜ ‘ਤੇ ਮਹਾਰਾਜ ਦੇ ਵਜ਼ੀਰ ਕੀਰਤਨ ਕਰਦੇ ਹਨ। ਅੱਗੇ ਦਰੀਆਂ ਉਪਰ ਸੰਗਤ ਬੈਠਦੀ ਹੈ। ਇਹ ਹੈ, ਮਹਾਰਾਜ ਦਾ ਦਰਬਾਰ।
ਇਹ ਤਾਂ ਕਹਿਣਾ ਹੀ ਬਣਦਾ ਹੈ, ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਦਰਬਾਰ ਸਾਹਿਬ ਸ੍ਰੀ ਪਟਨਾ ਸਾਹਿਬ…। ਹਰਿਮੰਦਿਰ ਸਾਹਿਬ ਇਕ ਹੀ ਹੈ। ਅੰਗਰੇਜ਼ੀ ਵਿਚ ‘ਟੈਂਪਲ ਆਫ ਗੌਡ।’
-ਭਜਨ ਸਿੰਘ ਸਿਨਸਿਨੈਟੀ
ਫੋਨ: 513-498-3907