ਡੂਢ ਕਿੱਲਾ

ਐਸ਼ ਅਸ਼ੋਕ ਭੌਰਾ
ਜੰਗਲ ਮੁੱਕਣ ਤੇ ਰਾਹ ਪੱਕੇ ਹੋਣ ਨਾਲ ਸੂਲਾਂ ਅਤੇ ਕੰਡਿਆਂ ਦੇ ਪੈਰਾਂ ‘ਚ ਲੱਗਣ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ। ਚੰਗਾ ਹੁੰਦਾ ਜੇ ਇਨ੍ਹਾਂ ਹੀ ਰਾਹਾਂ ‘ਤੇ ਤੁਰਨ ਦੇ ਹਾਲਾਤ ਬਣੇ ਰਹਿੰਦੇ, ਕਿਉਂਕਿ ਸੂਲਾਂ ਤੇ ਕੰਡੇ ਤਾਂ ਕੁਝ ਵੀ ਨਹੀਂ ਸਨ, ਜੋ ਕੁਝ ਹੁਣ ਰਾਹਾਂ ਵਿਚ ਖਿੱਲਰਿਆ ਹੋਇਐ, ਉਹ ਸ਼ਾਇਦ ਕਿਸੇ ਤੋਂ ਵੀ ‘ਕੱਠਾ ਨਾ ਹੋਵੇ। ਹੁਣ ਰਾਹਾਂ ‘ਚ ਬਦਮਾਸ਼ੀ ਹੈ, ਬੇਈਮਾਨੀ ਹੈ, ਲੁੱਟ ਖੋਹ ਹੈ, ਰਾਹਾਂ ‘ਤੇ ਠੱਗਾਂ ਚੋਰਾਂ ਦਾ ਕਬਜ਼ਾ ਹੈ ਤੇ ਇਨਸਾਨੀਅਤ ਵੱਲ ਜਾਂਦੇ ਸਾਰੇ ਰਸਤਿਆਂ ‘ਚ ਬਦਮਾਸ਼ਾਂ ਦੇ ਟੋਲੇ ਹੁੰਦੇ ਤਾਂ ਵੀ ਕੋਈ ਗੱਲ ਨਹੀਂ ਸੀ ਪਰ ਹੁਣ ਤਾਂ ਕਾਫਲੇ ਹਨ।

ਕਈ ਵਾਰੀ ਨਾਂ ਤੇ ਸੰਤ ਰਾਮ ਹੁੰਦਾ ਹੈ, ਪਰ ਮੁਕੱਦਮੇ ਠੱਗੀਆਂ ਦੇ ਦਰਜਨਾਂ ਚੱਲ ਰਹੇ ਹੁੰਦੇ ਹਨ। ਨਾਮ ਤਾਂ ਇਸ ਪਤੰਦਰ ਦਾ ਜੀਵਨ ਦਾਸ ਸੀ, ਪਰ ਇਸ ਨੇ ਕਿੰਨੀਆਂ ਜ਼ਿੰਦਗੀਆਂ ਨੂੰ ਬਰਬਾਦ ਕੀਤਾ, ਮੌਤ ਦੇ ਘਾਟ ਉਤਾਰਿਆ, ਮਾਂ ਬਾਪ ਹੀ ਨਹੀਂ ਸਗੋਂ ਸਮਾਜ ਵੀ ਸੋਚਦਾ ਹੋਵੇਗਾ ਕਿ ਜੀਵਨ ਦਾਸ ਦੇ ਇਹ ਅਰਥ ਵੀ ਹੁੰਦੇ ਹਨ?
ਅੱਜ ਜਦੋਂ ਜੀਵਨ ਦੀ ਮੌਤ ਹੋਈ, ਲੋਕ ਤਾਂ ਕੀ ਉਸ ਦੇ ਨੇੜਲੇ ਵੀ ਹਉਕਾ ਤੱਕ ਨਹੀਂ ਭਰਨਾ ਚਾਹੁੰਦੇ ਸਨ, ਪਰ ਫਿਰ ਵੀ ਸ਼ਮਸ਼ਾਨਘਾਟ ਵੱਲ ਸੈਂਕੜੇ ਲੋਕ ਧਾਹਾਂ ਮਾਰਦੇ ਜਾ ਰਹੇ ਸਨ। ਜੀਵਨ ਦੇ ਬਲਦੇ ਸਿਵੇ ਵੱਲ ਲੋਕਾਂ ਦੀ ਪਿੱਠ ਸੀ, ਸ਼ਾਇਦ ਉਧਰ ਨੂੰ ਕੋਈ ਮੂੰਹ ਵੀ ਨਹੀਂ ਸੀ ਘੁਮਾਉਣਾ ਚਾਹੁੰਦਾ, ਪਰ ਦੂਸਰੇ ਪਾਸੇ ਪਿਓ ਤੇ ਪੁੱਤਰ ਦਾ ਬਲਦਾ ਸਿਵਾ ਹਰ ਇਕ ਦੀਆਂ ਆਂਦਰਾਂ ਨੂੰ ਧੂਹ ਰਿਹਾ ਸੀ। ਇਨ੍ਹਾਂ ਦੋਹਾਂ ਬਲਦੇ ਸਿਵਿਆਂ ‘ਚ ਸਾਂਝ ਇਹ ਸੀ ਕਿ ਜੀਵਨ ਦਾਸ ਆਪ ਤਾਂ ਮਰ ਗਿਆ ਸੀ, ਪਰ ਆਪਣੇ ਨਾਲ ਆਪਣੇ ਭਾਣਜੇ ਤੇ ਭਣੋਈਏ ਨੂੰ ਵੀ ਲੈ ਗਿਆ ਸੀ।
ਨਿੱਕਾ ਜਿਹਾ ਪਿੰਡ ਤੇ ਜੁਗਲ ਕਿਸ਼ੋਰ ਦੇ ਦੋ ਬੱਚੇ। ਪੁੱਤਰ ਜੀਵਨ ਦਾਸ ਤੇ ਧੀ ਕ੍ਰਿਸ਼ਨਾ। ਸਧਾਰਨ ਜਿਮੀਂਦਾਰ ਪਰਿਵਾਰ। ਜੁਗਲ ਕਿਸ਼ੋਰ ਦੀ ਬਦਕਿਸਮਤੀ ਇਹ ਕਿ ਉਸ ਦੀ ਧਰਮ ਪਤਨੀ ਤਾਂ ਚਲੋ ਬੱਚੇ ਛੋਟੇ ਛੋਟੇ ਛੱਡ ਕੇ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਤੁਰ ਹੀ ਗਈ ਸੀ, ਪਰ ਪੁੱਤਰ ਜਦੋਂ ਵੱਡਾ ਹੋਇਆ ਤਾਂ ਚੋਰ, ਬੇਈਮਾਨ ਤੇ ਬਦਮਾਸ਼ ਨਿਕਲਿਆ। ਔਖੇ-ਸੌਖੇ ਨੇ ਧੀ ਦੇ ਤਾਂ ਹੱਥ ਪੀਲੇ ਕਰ ਦਿੱਤੇ ਪਰ ਆਪਣੇ ਇਸ ਪੁੱਤਰ ਨਾਲ ਰਹਿਣਾ ਔਖਾ ਹੋ ਗਿਆ। ਉਹ ਆਪਣੇ ਵੱਡੇ ਭਰਾ ਕੋਲ ਚਲਾ ਗਿਆ ਅਤੇ ਆਪਣੀ ਡੂਢ ਕਿੱਲਾ ਜਮੀਨ ਵੀ ਭਰਾ ਨੂੰ ਹੀ ਵਾਹੁਣ ਨੂੰ ਦੇ ਦਿੱਤੀ। ਉਹਨੇ ਸੋਚਿਆ ਕਿ ਕਿਉਂ ਨਾ ਇਹ ਜਮੀਨ ਭਰਾ ਦੇ ਨਾਂ ਹੀ ਕਰਵਾ ਦਿਆਂ, ਮੇਰੀ ਧੀ ਦਾ ਖਿਆਲ ਰੱਖੇਗਾ। ਵੱਡੇ ਭਰਾ ਸੁੰਦਰ ਦਾਸ ਦੇ ਮਨ੍ਹਾਂ ਕਰਦਿਆਂ ਵੀ ਉਹਨੇ ਇਹ ਡੂਢ ਕਿੱਲਾ ਜਮੀਨ ਉਹਦੇ ਨਾਂ ਕਰਨ ਦਾ ਫੈਸਲਾ ਕਰ ਹੀ ਲਿਆ।
ਸਵੇਰੇ ਦੋਹਾਂ ਭਰਾਵਾਂ ਨੇ ਕਚਹਿਰੀ ਜਾਣਾ ਸੀ, ਪਰ ਉਪਰ ਵਾਲੇ ਦੀ ਮੌਜ ਕਿ ਖਬਰ ਜੀਵਨ ਦਾਸ ਤੱਕ ਪਹੁੰਚ ਗਈ ਕਿ ਬਾਪੂ ਡੂਢ ਕਿੱਲਾ ਜਮੀਨ ਤਾਏ ਸੁੰਦਰ ਦਾਸ ਦੇ ਨਾਂ ਕਰਾਉਣ ਲੱਗਾ ਹੈ। ਮੁਸ਼ਟੰਡੇ ਬਦਮਾਸ਼ ਨਾਲ ਲਏ ਅਤੇ ਸਾਈਕਲ ‘ਤੇ ਜਾਂਦੇ ਪਿਓ ਜੁਗਲ ਕਿਸ਼ੋਰ ਅਤੇ ਤਾਏ ਸੁੰਦਰ ਦਾਸ ਦਾ ਕਤਲ ਕਰ ਦਿੱਤਾ। ਤਾਏ ਦੀ ਛਾਤੀ ‘ਤੇ ਹੱਥ ਰੱਖ ਕੇ ਜੀਵਨ ਦਾਸ ਕਹਿ ਰਿਹਾ ਸੀ, ‘ਕਰਾਉਨਾਂ ਮੈਂ ਤੇਰੇ ਨਾਂ ਡੂਢ ਮੁਰੱਬਾ!’ ਅਸਲ ‘ਚ ਹੈ ਤਾਂ ਕਿੱਲਾ ਡੂਢ ਹੀ ਸੀ, ਪਰ ਪੁਆੜੇ ਸੱਚੀਂ-ਮੁੱਚੀਂ ਡੇਢ ਮੁਰੱਬੇ ਜਿੰਨੇ ਪੈਂਦੇ ਗਏ।
ਜੀਵਨ ਦਾਸ ਜੇਲ੍ਹ ਚਲਾ ਗਿਆ। ਘਰ ਵਿਚੋਂ ਬਾਪੂ ਦੀ ਵਸੀਅਤ ਨਿਕਲੀ ਧੀ ਦੇ ਨਾਮ, ਪਰ ਧੀ ਨੇ ਉਹ ਡੂਢ ਕਿੱਲਾ ਲੈਣ ਤੋਂ ਨਾਂਹ ਕਰ ਦਿੱਤੀ, ਸੋਚਦੀ ਸੀ ਕਿ ਇਹ ਡੂਢ ਕਿੱਲਾ ਲੈ ਕੇ ਨਾ ਮੈਂ ਆਪਣਾ ਪੁੱਤ ਮਰਵਾਉਣਾ ਹੈ, ਨਾ ਪਤੀ। ਮੈਨੂੰ ਆਪਣਾ ਦੋ ਕਮਰਿਆਂ ਵਾਲਾ ਕੱਚਾ ਕੋਠਾ ਹੀ ਸਵਰਗ ਹੈ। ਰਿਸ਼ਤੇਦਾਰਾਂ ਦੇ ਜ਼ੋਰ ਪਾਉਣ ‘ਤੇ ਵੀ ਕ੍ਰਿਸ਼ਨਾ ਨੇ ਇਹ ਡੂਢ ਕਿੱਲਾ ਲੈਣ ਤੋਂ ਨਾਂਹ ਕਰ ਦਿੱਤੀ।
ਕਈ ਵਾਰੀ ਬੰਦਾ ਸੋਚਦਾ ਕੁਝ ਹੋਰ ਹੈ, ਹੋਣਾ ਤਾਂ ਉਹੀ ਹੁੰਦਾ ਹੈ, ਜੋ ਉਪਰ ਵਾਲੇ ਦੀ ਮਰਜੀ ਹੋਵੇ, ਪਰ ਜਦੋਂ ਜੀਵਨ ਦਾਸ ਵੀਹ ਸਾਲ ਜੇਲ੍ਹ ਕੱਟ ਕੇ ਘਰ ਪਰਤਿਆ ਤਾਂ ਉਹ ਰੋਗੀ ਹੋ ਚੁਕਾ ਸੀ। ਸਰੀਰ ਇਕ ਤਰ੍ਹਾਂ ਨਾਲ ਨਕਾਰਾ ਹੋ ਚੁਕਾ ਸੀ। ਉਹਨੂੰ ਹੱਡੀਆਂ ਦੀ ਕੋਈ ਨਾਮੁਰਾਦ ਬਿਮਾਰੀ ਚੰਬੜ ਗਈ ਸੀ। ਪੰਜ ਸੱਤ ਮਹੀਨੇ ਉਹ ਘਰ ਰਿਹਾ, ਆਂਢ ਗੁਆਂਢ ਸ਼ਰਮੋ-ਸ਼ਰਮੀ ਕਿਤੇ ਦੋ ਰੋਟੀਆਂ ਦੇ ਜਾਂਦਾ, ਕਿਉਂਕਿ ਜੀਵਨ ਨਾਲ ਨਫਰਤ ਦੀ ਕੰਧ ਕਾਫੀ ਵੱਡੀ ਹੋ ਚੁਕੀ ਸੀ। ਗਊ ਵਰਗੇ ਸ਼ਰੀਫ ਪਿਤਾ ਦਾ ਕਤਲ ਕਰ ਦੇਣਾ ਪਿੰਡ ਵਾਲਿਆਂ ਨੂੰ ਭਾਉਂਦਾ ਨਹੀਂ ਸੀ। ਬੇਕਸੂਰ ਸੁੰਦਰ ਦਾਸ ਨੂੰ ਵੀ ਇਕ ਨਿਕੰਮੇ ਭਤੀਜੇ ਵਜੋਂ ਅਜਿਹੀ ਸਜ਼ਾ ਦੇਣਾ ਪਿੰਡ ਵਾਲਿਆਂ ਨੂੰ ਇਕ ਡੂੰਘੇ ਜ਼ਖਮ ਤੋਂ ਨਾਸੂਰ ਵਰਗਾ ਬਣ ਗਿਆ ਲੱਗਦਾ ਸੀ, ਕਿਉਂਕਿ ਨਿੱਕੀ ਜਿਹੀ ਦੁਕਾਨ ਕਰਦਾ ਸੁੰਦਰ ਦਾਸ ਪਿੰਡ ਦੀ ਰੌਣਕ ਸੀ। ਉਹ ਆਪਣੀ ਦੋ ਕਿੱਲੇ ਜਮੀਨ ਨਾਲ ਜ਼ਿੰਦਗੀ ‘ਚ ਹੋਰ ਵੀ ਰੰਗ ਭਰ ਲੈਂਦਾ ਸੀ। ਦੋ ਧੀਆਂ ਉਹਨੇ ਵਿਆਹ ਲਈਆਂ ਸਨ, ਪਰ ਉਹਦੀ ਘਰ ਵਾਲੀ ਕਰਮੀ ਸੱਚ-ਮੁੱਚ ਹੀ ਕਰਮਾਂਵਾਲੀ ਸੀ।
ਜੀਵਨ ਦਾਸ ਸ਼ਾਇਦ ਜੀਵਨ ਦੇ ਪੈਂਡੇ ਤੋਂ ਉਖੜ ਰਿਹਾ ਸੀ। ਉਹ ਮੰਜੇ ‘ਤੇ ਡਿੱਗ ਪਿਆ। ਫਿਰ ਉਠਣ ਜੋਗਾ ਨਾ ਰਿਹਾ। ਦਵਾ ਦਾਰੂ ਕਰਨ-ਕਰਾਉਣ ਵਾਲਾ ਕੋਈ ਹੈ ਨਹੀਂ ਸੀ। ਲੋਕੀਂ ਉਹਦੇ ਵੱਲ ਹੱਥ ਤਾਂ ਕੀ, ਨਜ਼ਰਾਂ ਵੀ ਨਹੀਂ ਸਨ ਘੁਮਾਉਂਦੇ। ਗੱਲ ਭੈਣ ਕ੍ਰਿਸ਼ਨਾ ਤੱਕ ਪਹੁੰਚ ਗਈ। ਭੈਣ ਦਾ ਦਿਲ ਪਿਘਲ ਗਿਆ, ਬਈ ਚਲੋ ਭਰਾ ਆ, ਇਹਨੇ ਤਾਂ ਬਾਪੂ ਖਾ ਲਿਆ, ਪਰ ਮੈਂ ਤਾਂ ਡੈਣ ਨਹੀਂ। ਭਰਾ ਨੂੰ ਗਲ ਨਾਲ ਲਾਵਾਂ ਤੇ ਜਿਹੜੇ ਚਾਰ ਸਾਹ ਉਹਦੇ ਬਚਦੇ ਨੇ, ਉਨ੍ਹਾਂ ਦੀ ਹਿੱਸੇਦਾਰ ਬਣਾਂ। ਮੈਂ ਉਹਦੇ ਰੱਖੜੀ ਬੰਨ੍ਹਦੀ ਰਹੀਂ ਹਾਂ, ਉਹਨੇ ਤਾਂ ਰੱਖੜੀ ਦੀ ਲੱਜ ਨਹੀਂ ਪਾਲੀ, ਪਰ ਭੈਣਾਂ ਤਾਂ ਰਿਸ਼ਤੇ ਨਹੀਂ ਤੋੜਦੀਆਂ ਹੁੰਦੀਆਂ। ਮੈਂ ਡੂਢ ਕਿੱਲਾ ਜਮੀਨ ਤਾਂ ਨਹੀਂ ਲਈ, ਬਾਪੂ ਦੀ ਵਿਰਾਸਤ ਨੂੰ ਤਾਂ ਬਚਾ ਲਵਾਂ! ਉਹ ਭਰਾ ਨੂੰ ਆਪਣੇ ਕੋਲ ਆਪਣੇ ਸਹੁਰੇ ਪਿੰਡ ਲੈ ਆਈ। ਦਵਾ ਦਾਰੂ ਸ਼ੁਰੂ ਹੋਇਆ, ਪਰ ਮੋੜਾ ਪੈਣ ਦੇ ਆਸਾਰ ਨਹੀਂ ਸਨ ਲੱਗਦੇ। ਕ੍ਰਿਸ਼ਨਾ ਦਾ ਪਤੀ ਬਿਮਲ ਤੇ ਪੁੱਤਰ ਸੁਸ਼ੀਲ ਮਾਨੋ ਦੇਵਤੇ ਸਨ। ਉਨ੍ਹਾਂ ਨੂੰ ਚਿੱਤ-ਖਿਆਲ ਵੀ ਨਹੀਂ ਸੀ ਕਿ ਜੀਵਨ ਦਾਸ ਨੇ ਜ਼ਿੰਦਗੀ ‘ਚ ਕੀ ਕੀਤਾ ਹੈ। ਉਹ ਮੰਦਿਰ, ਗੁਰਦੁਆਰੇ ਜਾਣ ਵਾਲੇ ਨੇਕ ਇਨਸਾਨ, ਇਮਾਨਦਾਰ ਮੂਰਤਾਂ ਸਨ, ਸੱਚੀਂ-ਮੁੱਚੀਂ ਹੀ ਭਗਵਾਨ ਵਰਗੀਆਂ ਲੱਗਦੀਆਂ।
ਸੌਣ ਮਹੀਨਾ ਘਟਾ ਅਸਮਾਨੀਂ ਚੜ੍ਹੀ, ਮੀਂਹ ਮੋਹਲੇਧਾਰ ਪੈਣ ਲੱਗ ਪਿਆ। ਇਕ ਦਿਨ ਪਿਆ, ਦੋ ਦਿਨ ਪਿਆ, ਝੜੀ ਲੱਗ ਗਈ ਸੀ। ਜੀਵਨ ਦਾਸ ਦੀ ਹਾਲਤ ਬਦਤਰ ਹੋ ਰਹੀ ਸੀ। ਪਹਾੜੀ ਦੀ ਗੋਦ ‘ਚ ਵਸੇ ਇਸ ਪਿੰਡ ਤੋਂ ਆਉਣਾ-ਜਾਣਾ ਬਹੁਤ ਔਖਾ ਸੀ। ਫਿਰ ਕਿਸੇ ਹਕੀਮ ਡਾਕਟਰ ਕੋਲ ਜਾਇਆ ਹੀ ਨਾ ਗਿਆ। ਪਤਾ ਹੀ ਨਾ ਲੱਗਾ ਕਿ ਰਾਤ ਦਾ ਆਖਰੀ ਪਹਿਰ ਜੀਵਨ ਦਾ ਆਖਰੀ ਪਹਿਰ ਬਣ ਗਿਆ। ਉਸ ਨੇ ਸਵਾਸ ਛੱਡ ਦਿੱਤੇ। ਇਕ ਪਾਪੀ ਦਾ ਹਰਨਾਖਸ਼ ਵਾਂਗ ਜਿਵੇਂ ਅੰਤ ਹੋ ਗਿਆ ਹੁੰਦਾ ਹੈ। ਪਰ ਭੈਣ-ਭਣੋਈਏ ਲਈ ਇਕ ਨਵੀਂ ਮੁਸੀਬਤ ਸੀ ਕਿ ਮੀਂਹ ਹਟ ਹੀ ਨਹੀਂ ਸੀ ਰਿਹਾ। ਬਾਹਰ ਨਿਕਲਣਾ ਬਹੁਤ ਔਖਾ ਸੀ। ਦੋ ਦਿਨ ਘਰ ‘ਚ ਲਾਸ਼ ਪਈ ਨੂੰ ਹੋ ਗਏ ਸਨ। ਆਖਰ ਪਿੰਡ ਦੇ ਲੋਕਾਂ ਨੇ ਨਿਰਣਾ ਕੀਤਾ, ‘ਕ੍ਰਿਸ਼ਨਾ ਤੇਰੇ ਭਰਾ ਦੀ ਲਾਸ਼ ਦਾ ਕਿਸੇ ਸ਼ੈਡ ਵਾਲੇ ਸ਼ਮਸ਼ਾਨਘਾਟ ਵਿਚ ਸੰਸਕਾਰ ਕਰ ਆਉਂਦੇ ਹਾਂ।’ ਯਾਦ ਆਇਆ ਕਿ ਸ਼ੈਡ ਵਾਲਾ ਸ਼ਮਸ਼ਾਨਘਾਟ ਤਾਂ ਜੀਵਨ ਦੇ ਪਿੰਡ ‘ਚ ਹੀ ਹੈ।
ਕ੍ਰਿਸ਼ਨਾ ਸੋਚਣ ਲੱਗੀ ਕਿ ਨਾਲੇ ਦੁਨੀਆਂਦਾਰੀ ਬਣੀ ਰਹੇਗੀ, ਭੈਣ ਦੇ ਪਿੰਡ ਸਸਕਾਰ ਨਹੀਂ ਹੋਇਆ, ਇਹ ਵੀ ਸ਼ਾਇਦ ਉਪਰ ਵਾਲੇ ਦੀ ਮੌਜ ਸੀ ਜਾਂ ਇਤਫਾਕ ਕਿ ਜੀਵਨ ਦਾਸ ਨੂੰ ਲਾਂਬੂ ਉਸ ਦੀ ਆਪਣੀ ਜਨਮ ਭੋਂਇੰ ‘ਤੇ ਲੱਗਣਾ ਸੀ। ਪਿੰਡ ਦੇ ਸਰਪੰਚ ਨੇ ਢੋਆ-ਢੁਆਈ ਵਾਲੇ ਇਕ ਟੈਂਪੂ ‘ਤੇ ਤਰਪਾਲ ਪੁਆ ਕੇ ਲਾਸ਼ ਨੂੰ ਪਿੰਡ ਭੇਜਣ ਦਾ ਪ੍ਰਬੰਧ ਕਰ ਦਿੱਤਾ। ਭੈਣ ਨੇ ਸੋਚਿਆ ਮੈਂ ਸ਼ਰੀਕਾ ਭਾਈਚਾਰਾ ਲੈ ਕੇ ਬਾਅਦ ‘ਚ ਚੱਲਾਂਗੀ, ਪਤੀ ਤੇ ਪੁੱਤਰ ਨੂੰ ਉਸ ਟੈਂਪੂ ‘ਚ ਜੀਵਨ ਦਾਸ ਦੇ ਨਾਲ ਤੋਰ ਦਿੱਤਾ।
ਜੀਵਨ ਦੀ ਲਾਸ਼ ਦੁਆਲੇ ਭਾਣਜਾ ਤੇ ਭਣੋਈਆ ਬੈਠੇ ਸਨ, ਸ਼ਾਂਤੀ ਸੀ, ਕੋਈ ਰੋਣ ਪਿੱਟਣ ਨਹੀਂ ਸੀ। ਔਖਾ ਇਹ ਸੀ ਕਿ 23 ਕਿਲੋਮੀਟਰ ਦੇ ਪਹਾੜੀ ਰਸਤੇ ‘ਚ ਵਰ੍ਹਦੇ ਮੀਂਹ ‘ਚ ਟੁੱਟੀਆਂ ਸੜਕਾਂ ਤੋਂ ਲੈ ਕੇ ਜਾਣਾ ਕਿੰਨਾ ਔਖਾ ਹੈ, ਟੈਂਪੂ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਸੀ। ਮੀਂਹ ਕਦੇ ਹਟ ਜਾਂਦਾ, ਕਦੇ ਪੈਣ ਲੱਗ ਪੈਂਦਾ।
ਹਾਲੇ ਅੱਧਾ ਕੁ ਪੈਂਡਾ ਹੀ ਮੁੱਕਿਆ ਹੋਵੇਗਾ ਕਿ ਚੜ੍ਹਾਈ ਚੜ੍ਹ ਰਹੇ ਟੈਂਪੂ ਨੂੰ ਅੱਗਿਓਂ ਆਉਂਦੇ ਇਕ ਵਾਹਨ ਨੂੰ ਰਸਤਾ ਦੇਣ ਲਈ ਜਦੋਂ ਡਰਾਈਵਰ ਨੇ ਇਕ ਪਾਸੇ ਵੱਲ ਕਰਕੇ ਰੋਕਣ ਦਾ ਯਤਨ ਕੀਤਾ ਤਾਂ ਟਾਇਰ ਕੱਚੇ ‘ਤੇ ਉਤਰ ਗਏ। ਚੀਕਣੀ ਮਿੱਟੀ ਤੋਂ ਕਲਾਬਾਜ਼ੀਆਂ ਖਾਂਦਾ ਟੈਂਪੂ ਡੂੰਘੀ ਖੱਡ ਵਿਚ ਜਾ ਡਿੱਗਾ। ਰੱਬ ਚਲੋ ਡੂਢ ਕਿੱਲੇ ਜਮੀਨ ਦੇ ਲਾਲਚੀ ਨੂੰ ਤਾਂ ਸਜ਼ਾ ਦੇ ਦਿੰਦਾ ਕਿ ਲਾਸ਼ ਇਕ ਵਾਰੀ ਫੇਰ ਲਾਸ਼ ਬਣ ਜਾਂਦੀ, ਪਰ ਰੱਬ ਨੇ ਜੋ ਕਹਿਰ ਕਮਾਇਆ, ਉਹ ਇਹ ਕਿ ਇਕ ਪਾਪੀ ਨੂੰ ਢੋਣ ਵਾਲੇ ਪਿਓ ਤੇ ਪੁੱਤਰ ਦੋਵੇਂ ਮਾਰੇ ਗਏ। ਰੱਬ ਸ਼ਾਇਦ ਇਹ ਮਿਹਰਬਾਨੀ ਕਰ ਗਿਆ ਕਿ ਟੈਂਪੂ ਚਲਾਉਣ ਵਾਲੇ ਕਿਸੇ ਦੇ ਇਕਲੌਤੇ ਪੁੱਤਰ ਦਾ ਵਾਲ ਵੀ ਵਿੰਗਾ ਨਾ ਹੋਇਆ। ਪੁਲਿਸ ਦੀ ਮਦਦ ਨਾਲ ਇਕ ਤੋਂ ਤਿੰਨ ਹੋਈਆਂ ਲਾਸ਼ਾਂ ਨੂੰ ਫਿਰ ਜੀਵਨ ਦੇ ਪਿੰਡ ਹੀ ਲਿਆਂਦਾ ਗਿਆ ਤੇ ਮੌਸਮ ਦੀ ਖਰਾਬੀ ਕਾਰਨ ਇੱਥੇ ਹੀ ਸਸਕਾਰ ਕੀਤੇ ਗਏ।
ਸੁਣਦੇ ਹੁੰਦੇ ਸਾਂ ਕਿ ਦੁਨੀਆਂ ਬਣਾਉਣ ਵਾਲੇ ਦੇ ਬਾਜ਼ਾਰ ਹਾਲੇ ਤੱਕ ਕਿਸੇ ਦੇ ਹੱਥ ਨਹੀਂ ਲੱਗੇ, ਪਰ ਸੱਚ ਇਹ ਹੈ ਕਿ ਉਪਰ ਵਾਲਾ ਵਧੀਕੀਆਂ ਕਿਹਦੇ ਨਾਲ ਕਰਦਾ ਤੇ ਕਿਹਦੀਆਂ ਸਹਿੰਦਾ? ਇਹ ਸ਼ਾਇਦ ਕਿਸੇ ਦੀ ਵੀ ਸਮਝ ਤੋਂ ਬਾਹਰ ਸੀ। ਜੀਵਨ ਦਾਸ ਤਾਂ ਮੁੱਕ ਗਿਆ ਸੀ ਪਰ ਕਿੰਨਿਆਂ ਦੇ ਜੀਵਨ ‘ਚ ਬਰਬਾਦੀ ਦੇ ਕਿੱਲ ਠੋਕ ਗਿਆ ਸੀ, ਇਹ ਸਵਾਲ ਵੀ ਲੋਕ ਉਪਰ ਵਾਲੇ ਨੂੰ ਹੀ ਪੁੱਛਦੇ ਰਹਿਣਗੇ। ਸਿਵਿਆਂ ਵੱਲ ਵਿਲਕਦੀ ਆਉਂਦੀ ਕ੍ਰਿਸ਼ਨਾ ਦੁਹੱਥੜਾ ਮਾਰ ਕੇ ਪਿੱਟ ਰਹੀ ਸੀ ਕਿ ਰੱਬਾ ਤੂੰ ਮੇਰੇ ਪੇਸ਼ ਕਿਉਂ ਪੈ ਗਿਆ? ਮੈਂ ਤਾਂ ਸੰਸਕਾਰਾਂ ਨੂੰ ਬਚਾਉਣ ਲਈ ਆਪਣੇ ਭਰਾ ਨੂੰ ਲੈ ਆਈ ਸਾਂ, ਉਸ ਭਰਾ ਨੂੰ, ਜੋ ਮੇਰੇ ਪਿਓ ਦਾ ਕਾਤਲ ਸੀ, ਮੇਰੇ ਤਾਏ ਦਾ ਕਾਤਲ ਸੀ। ਮਾੜੇ ਬੰਦਿਆਂ ਦਾ ਸਾਥ ਦੇ ਕੇ ਚੰਗੇ ਨਤੀਜੇ ਨਹੀਂ ਨਿਕਲਦੇ ਇਹ ਤਾਂ ਦੁਨੀਆਂ ਕਹਿੰਦੀ ਆ, ਪਰ ਮੇਰਿਆ ਡਾਢਿਆ ਤੇਰੇ ਘਰ ਤਾਂ ਇਨਸਾਫ ਸੀ, ਲੁੱਟ ਲਿਆ ਮੈਨੂੰ, ਉਜਾੜ ‘ਤਾ ਮੈਨੂੰ ਤੇ ਅਗਲੇ ਬੋਲ ਮੂੰਹੋਂ ਨਿਕਲਣ ਤੋਂ ਪਹਿਲਾਂ ਹੀ ਯਤੀਮਾਂ ਵਰਗੀ ਹੋਈ ਕ੍ਰਿਸ਼ਨਾ ਗਸ਼ ਖਾ ਕੇ ਡਿੱਗ ਪਈ।
ਹੁਣ ਪਤਾ ਨਹੀਂ ਰੱਬ ਸ਼ਰਮਿੰਦਾ ਹੁੰਦਾ ਹੋਵੇਗਾ ਜਾਂ…?