ਦਹਿਸ਼ਤਗਰਦੀ ਦੇ ਨਾਂ ਹੇਠ ਮੁਸਲਮਾਨ ਨੌਜਵਾਨਾਂ ਨੂੰ ਪੁਲਿਸ ਕਿਸ ਤਰ੍ਹਾਂ ਝੂਠੇ ਕੇਸਾਂ ਵਿਚ ਫਸਾਉਂਦੀ ਹੈ, ਇਸ ਦਾ ਖੁਲਾਸਾ ਇਹ ਵਧੀਕੀ ਸਹਿ ਚੁੱਕੇ ਅਬਦੁਲ ਵਾਹਿਦ ਸ਼ੇਖ ਨੇ ਉਰਦੂ ਵਿਚ ਲਿਖੀ ਕਿਤਾਬ ‘ਬੇਗੁਨਾਹ ਕੈਦੀ’ ਵਿਚ ਕੀਤਾ ਹੈ। ਉਸ ਨੇ ਬਿਨਾ ਕਿਸੇ ਕਸੂਰ 9 ਸਾਲ ਜੇਲ੍ਹ ਅੰਦਰ ਕੱਟੇ। ਇਸ ਕਿਤਾਬ ਦਾ ਹਿੰਦੀ ਅਨੁਵਾਦ ਵੀ ਛਪ ਚੁੱਕਾ ਹੈ। ਇਸ ਲੇਖ ਵਿਚ ਇਸ ਕਿਤਾਬ ਅਤੇ ਇਸ ਨਾਲ ਸਬੰਧਤ ਹੋਰ ਮਸਲਿਆਂ ਬਾਰੇ ਵਿਚਾਰ ਕੀਤੀ ਗਈ ਹੈ। ਕਿਤਾਬ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਹੈ।
-ਸੰਪਾਦਕ
ਮਾਨਵ
11 ਜੁਲਾਈ 2006 ਨੂੰ ਮੁੰਬਈ ਦੇ ਰੇਲ ਬੰਬ ਧਮਾਕਿਆਂ ਦੇ ਮੁਕੱਦਮੇ ਵਿਚੋਂ ਬਰੀ ਹੋਏ ਇਕੱਲੇ-ਇਕਹਿਰੇ ਬੇਗੁਨਾਹ ਕੈਦੀ ਅਬਦੁਲ ਵਾਹਿਦ ਸ਼ੇਖ ਆਪਣੀ ਤਹਿਲਕਾ ਮਚਾਉਣ ਵਾਲੀ ਉਰਦੂ ਕਿਤਾਬ ‘ਬੇਗੁਨਾਹ ਕੈਦੀ’ ਵਿਚ ਲਿਖਦੇ ਹਨ, “ਅਸੀਂ ਇਹ ਗੱਲ ਪੂਰੇ ਸਬੂਤਾਂ ਨਾਲ ਕਹਿੰਦੇ ਹਾਂ ਕਿ 11 ਜੁਲਾਈ ਦੇ ਬੰਬ ਧਮਾਕਿਆਂ ਵਿਚ ਫੜੇ ਗਏ ਸਾਰੇ ਕੈਦੀ ਬੇਗੁਨਾਹ ਹਨ। ਪਿਛਲੇ ਦਸਾਂ ਸਾਲਾਂ ਤੋਂ ਵੱਧ ਸਮੇਂ ਤੋਂ ਉਹ ਕੈਦੀ ਜੀਵਨ ਝੱਲ ਰਹੇ ਹਨ। ਉਨ੍ਹਾਂ ਦਾ ਗੁਨਾਹ ਬੱਸ ਇੰਨਾ ਹੈ ਕਿ ਉਹ ਮੁਸਲਮਾਨ ਹਨ।” (ਸਫਾ 8)
ਇਸ ਮੁਲਕ ਦਾ ਬਹੁਤ ਵੱਡਾ ਤਬਕਾ, ਭਾਵੇਂ ਉਹ ਮੁਸਲਮਾਨ ਹੈ ਜਾਂ ਗੈਰ-ਮੁਸਲਮਾਨ, ਉਹ ਅਬਦੁਲ ਵਾਹਿਦ ਸ਼ੇਖ ਦੀ ਇਸ ਗੱਲ ਨੂੰ ਪ੍ਰਵਾਨ ਕਰਦਾ ਹੈ। ਅਬਦੁਲ ਵਾਹਿਦ ਸ਼ੇਖ 11 ਜੁਲਾਈ ਦੇ ਮਾਮਲੇ ਵਿਚੋਂ ਤਾਂ ਬਰੀ ਹੋ ਗਏ, ਪਰ ‘ਮਕੋਕਾ’ (ਮਹਾਰਾਸ਼ਟਰ ਅਪਰਾਧ ਰੋਕੂ ਐਕਟ) ਅਦਾਲਤ ਨੇ ਸਤੰਬਰ 2015 ਵਿਚ ਇਸ ਮੁਕੱਦਮੇ ਦਾ ਫੈਸਲਾ ਸੁਣਾਉਂਦਿਆਂ ਉਨ੍ਹਾਂ 12 ਬੰਦਿਆਂ ਨੂੰ ਗੁਨਾਹਗਾਰ ਕਰਾਰ ਦੇ ਦਿੱਤਾ, ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਅਤੇ ਦੋਸਤ ਹੀ ਨਹੀਂ ਸਗੋਂ ਮੁਲਕ ਦੀਆਂ ਕਈ ਗੈਰ-ਸਰਕਾਰੀ ਤਨਜ਼ੀਮਾਂ ਵੀ ਬੇਕਸੂਰ ਸਮਝਦੀਆਂ ਹਨ। ਇਨ੍ਹਾਂ 12 ਵਿਚੋਂ ਪੰਜਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਅਤੇ ਸੱਤਾਂ ਨੂੰ ਉਮਰ ਕੈਦ।
ਅਬਦੁਲ ਵਾਹਿਦ ਸ਼ੇਖ ਦੀ ਕਿਤਾਬ ‘ਬੇਗੁਨਾਹ ਕੈਦੀ’ ਪਿੱਛੇ ਜਿਹੇ ਹੀ ਲੋਕ ਕਚਹਿਰੀ ਵਿਚ ਆਈ ਹੈ। ਇਸ ਕਿਤਾਬ ਨੂੰ ਨਵੀਂ ਦਿੱਲੀ ਦੇ ਉਸੇ ਪ੍ਰਕਾਸ਼ਕ ਨੇ ਛਾਪਿਆ ਹੈ, ਜਿਸ ਨੇ ਮਹਾਂਰਾਸ਼ਟਰ ਦੇ ਸੇਵਾਮੁਕਤ ਆਈ. ਜੀ. ਐਸ਼ ਐਮ ਮੁਸ਼ਰਿਫ ਦੀ ਖੋਜ ਭਰਪੂਰ ਕਿਤਾਬ ‘ਕਰਕਰੇ ਦੇ ਕਾਤਲ ਕੌਣ?’ ਛਾਪ ਕੇ ਦਹਿਸ਼ਤਗਰਦੀ ਵਿਰੋਧੀ ਦਸਤੇ ਦੇ ਸਰਬਰਾਹ ਹੇਮੰਤ ਕਰਕਰੇ ਦੀ ਮੌਤ ਵਿਚ ਆਰ. ਐਸ਼ ਐਸ਼ ਨਾਲ ਜੁੜੇ ਦਹਿਸ਼ਤਗਰਦਾਂ ਦੀ ਸ਼ਮੂਲੀਅਤ ਤੋਂ ਜਾਣੂ ਕਰਵਾਇਆ ਸੀ ਅਤੇ 26 ਨਵੰਬਰ ਦੇ ਮੁੰਬਈ ਹਮਲਿਆਂ ਬਾਰੇ ਨਵੇਂ ਪੱਖ ‘ਤੇ ਚਾਨਣਾ ਪਾਇਆ ਸੀ।
ਕਿਤਾਬ ‘ਬੇਗੁਨਾਹ ਕੈਦੀ’ ਕਿਉਂ ਲਿਖੀ ਗਈ? ਇਸ ਸਵਾਲ ਦਾ ਇਕ ਜਵਾਬ ਤਾਂ ਇਹ ਹੈ ਕਿ ਇਸ ਦਾ ਲੇਖਕ ਆਪਣਾ ਅਤੇ ਜੇਲ੍ਹ ਦੇ ਆਪਣੇ ਦੂਜੇ ਕੈਦੀ ਸਾਥੀਆਂ ਦਾ ਮੁਕੱਦਮਾ ਲੋਕ ਕਚਹਿਰੀ ਵਿਚ ਪੇਸ਼ ਕਰਨਾ ਚਾਹੁੰਦਾ ਹੈ। ਉਹ ਦੱਸਣਾ ਚਾਹੁੰਦਾ ਹੈ ਕਿ ਲੋਕ ਖੁਦ ਦੇਖ ਲੈਣ ਕਿ ਇਸ ਮੁਲਕ ਦੀਆਂ ਸਰਕਾਰਾਂ, ਪੁਲਿਸ, ਜਾਂਚ ਏਜੰਸੀਆਂ ਅਤੇ ਕਾਨੂੰਨੀ ਢਾਂਚਾ ਕਿਵੇਂ ਦਹਿਸ਼ਤਗਰਦੀ ਦੇ ਮਾਮਲਿਆਂ ਵਿਚ ਬੇਕਸੂਰ ਲੋਕਾਂ ਵਲੋਂ ਅੱਖਾਂ ਫੇਰ ਲੈਂਦਾ ਹੈ, ਜਾਂ ਕਿਵੇਂ ਬੇਕਸੂਰਾਂ ਨੂੰ ਝੂਠੇ ਮਾਮਲਿਆਂ ਵਿਚ ਫਸਾਉਂਦਾ ਹੈ। ਕਿਤਾਬ ਦੇ ਮੁੱਖ ਬੰਧ ਵਿਚ ਉਹ ਕਹਿੰਦਾ ਹੈ: “ਦਿਲ ਵਿਚ ਇਹ ਸਿਕ ਸੀ ਕਿ 11 ਜੁਲਾਈ ਦੇ ਕੇਸ ਵਿਚ ਜਿਸ ਤਰ੍ਹਾਂ ਸਾਨੂੰ ਫਸਾਇਆ ਗਿਆ, ਉਸ ਬਾਰੇ ਵਿਸਥਾਰ ਨਾਲ ਲਿਖ ਕੇ ਸਾਰੀ ਲੋਕਾਈ ਨੂੰ ਜਾਣਕਾਰੀ ਦੇਣਾ ਜ਼ਰੂਰੀ ਹੈ ਤਾਂ ਜੋ ਖੁਦਾ-ਨਾਖਾਸਤਾ ਕੱਲ੍ਹ ਨੂੰ ਪੁਲਿਸ ਮੁੜ ਕਿਸੇ ਬੇਗੁਨਾਹ ਨੂੰ ਬੰਬ ਧਮਾਕੇ ਦੇ ਕੇਸ ਵਿਚ ਫਸਾਵੇ ਤਾਂ ਉਹ ਕਿਸ ਤਰ੍ਹਾਂ ਮਾਨਸਿਕ ਤੌਰ ‘ਤੇ ਤਿਆਰ ਹੋ ਕੇ ਕੋਰਟ-ਕਚਹਿਰੀਆਂ ਦਾ ਸਾਹਮਣਾ ਕਰ ਸਕੇ ਅਤੇ ਪੁਲਿਸ ਦੀਆਂ ਕਾਰਸਤਾਨੀਆਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕੇ ਤੇ ਪਹਿਲੇ ਦਿਨੋਂ ਹੀ ਨਿਡਰ ਹੋ ਕੇ ਅਦਾਲਤ ਵਿਚ ਆਪਣਾ ਪੱਖ ਰੱਖ ਸਕੇ।”
ਕਿਤਾਬ ਦੇ ਕੁੱਲ ਛੇ ਪਾਠ ਹਨ। ਪਹਿਲਾਂ ਪਾਠ ਪੁਲਿਸ ਦੀਆਂ ਕਹਾਣੀਆਂ ਬਾਰੇ ਹੈ। ਇਸ ਪਾਠ ਵਿਚ ਬਾਂਦਰਾ, ਜੋਗੇਸ਼ਵਰੀ, ਬੋਰੀਵਲੀ ਅਤੇ ਮੀਰਾ ਰੋਡ ਧਮਾਕਿਆਂ ਦੇ ਤੱਥ ਉਜਾਗਰ ਕੀਤੇ ਗਏ ਹਨ। ਸਰਕਾਰੀ ਦਹਿਸ਼ਤਗਰਦੀ ਦੇ ਸਿਰਲੇਖ ਤੋਂ ਦਹਿਸ਼ਤਗਰਦੀ ਵਿਰੋਧੀ ਦਸਤੇ ਦੀ ਚਾਰਜਸ਼ੀਟ ਦਾ ਜ਼ਿਕਰ ਹੈ ਅਤੇ ਇਸ ਪੂਰੀ ਚਾਰਜਸ਼ੀਟ ਦੀ ਪੜਤਾਲ ਕੀਤੀ ਗਈ ਹੈ। ਪੁਲਿਸ ਵਲੋਂ ਦਾਇਰ ਚਾਰਜਸ਼ੀਟ ਵਿਚ ਫੜੇ ਗਏ ਬੰਦਿਆਂ ‘ਤੇ ਖਾਸ ਮਨਸੂਬੇ ਤਹਿਤ ਸਾਜ਼ਿਸ਼ ਰਚਣ ਦਾ ਇਲਜ਼ਾਮ ਲਾਇਆ ਗਿਆ ਹੈ ਅਤੇ ਉਨ੍ਹਾਂ ‘ਤੇ ਪਾਬੰਦੀਸ਼ੁਦਾ ਜਥੇਬੰਦੀ ‘ਸਿਮੀ'(ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ ਇੰਡੀਆ), ਲਸ਼ਕਰ-ਏ-ਤੋਇਬਾ ਅਤੇ ਪਾਕਿਸਤਾਨੀ ਦਹਿਸ਼ਤਗਰਦਾਂ ਵਗੈਰਾ ਨਾਲ ਰਾਬਤਾ ਰੱਖਣ ਦੇ ਦੋਸ਼ ਲਾਏ ਗਏ ਹਨ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਤੋਂ ਆਉਣ ਵਾਲੇ ਦਹਿਸ਼ਤਗਰਦਾਂ ਨੂੰ ਭਜਾਉਣ ਵਿਚ ਇਨ੍ਹਾਂ ਹੀ ਬੰਦਿਆਂ ਦਾ ਹੱਥ ਰਿਹਾ ਹੈ। ਇਹ ਚਾਰਜਸ਼ੀਟ ਬਾਰਾਂ ਹਜ਼ਾਰ ਤੋਂ ਵੱਧ ਸਫਿਆਂ ਦੀ ਹੈ, ਜਿਨ੍ਹਾਂ ਵਿਚ ਦੋ ਹਜ਼ਾਰ ਤੋਂ ਵੱਧ ਗਵਾਹਾਂ ਦੀ ਸੂਚੀ ਸ਼ਾਮਲ ਹੈ।
ਅਬਦੁਲ ਵਾਹਿਦ ਸ਼ੇਖ ਲਿਖਦਾ ਹੈ ਕਿ ਦਹਿਸ਼ਤਗਰਦੀ ਵਿਰੋਧੀ ਦਸਤੇ ਦੀ ਇਹ ਚਾਰਜਸ਼ੀਟ ਅਤੇ ਇਸ ਵਿਚ ਬਿਆਨ ਕੀਤੀ ਗਈ ਕਹਾਣੀ ਕੋਰੇ ਝੂਠ ਤੋਂ ਬਿਨਾ ਹੋਰ ਕੁੱਝ ਨਹੀਂ ਹੈ (ਸਫਾ 19)। ਉਹ ਇਸ ਚਿੱਟੇ ਝੂਠ ਬਾਰੇ ਦੱਸਦਿਆਂ ਕਈ ਸਵਾਲ ਕਰਦੇ ਹਨ, ਮਿਸਾਲ ਵਜੋਂ ਇਹ ਕਿ ਪੁਲਿਸ ਕਿਸੇ ਇਕ ਵੀ ਪਾਕਿਸਤਾਨੀ ਨੂੰ ਜਿਉਂਦਾ ਕਿਉਂ ਨਹੀਂ ਫੜ ਸਕੀ?
ਚਾਰਜਸ਼ੀਟ ਵਿਚ 12 ਪਾਕਿਸਤਾਨੀਆਂ ਦੇ ਨਾਮ ਦਿੱਤੇ ਗਏ ਹਨ, ਜੋ ਦੋ ਮਹੀਨਿਆਂ ਤਕ ਮੁਲਜ਼ਿਮਾਂ ਦੇ ਨਾਲ ਰਹੇ ਅਤੇ ਬੰਬ ਧਮਾਕੇ ਕਰਕੇ ਚਲੇ ਗਏ ਪਰ ਹੈਰਾਨੀ ਇਹ ਕਿ ਪੁਲਿਸ ਕਿਸੇ ਨੂੰ ਵੀ ਫੜ ਨਾ ਸਕੀ! ਸ਼ੇਖ ਨੇ ਕਿਤਾਬ ਵਿਚ ਇਹ ਜ਼ਿਕਰ ਵੀ ਕੀਤਾ ਹੈ ਕਿ ਕਿਵੇਂ ਇਨ੍ਹਾਂ ਸਾਰੇ 13 (ਉਹਦੇ ਸਣੇ) ਮੁਲਜ਼ਿਮਾਂ ਨੇ ਅਦਾਲਤ ਨੂੰ ਜ਼ਬਾਨੀ ਅਤੇ ਲਿਖਤੀ ਤੌਰ ‘ਤੇ ਇਹ ਵੀ ਲਿਖ ਕੇ ਦਿੱਤਾ ਕਿ ਅਸੀਂ ਸਭ ਬੇਕਸੂਰ ਹਾਂ ਅਤੇ ਇਸ ਕੇਸ ਵਿਚ ਧੱਕੇ ਨਾਲ ਫਸਾਏ ਗਏ ਹਾਂ।
ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਅਕਸਰ ਮੁਲਜ਼ਿਮਾਂ ਨੇ ਆਪਣੀਆਂ ਫੋਨ ਕਾਲਾਂ ਦੀ ਸਾਰੀ ਸੂਚੀ ਅਤੇ ਆਪਣੇ ਥਾਂ-ਪਤੇ ਅਦਾਲਤ ਵਿਚ ਪੇਸ਼ ਕਰਕੇ ਆਪਣੀ ਬੇਗੁਨਾਹੀ ਸਾਬਤ ਕੀਤੀ ਅਤੇ ਇਹ ਦੱਸਿਆ ਕਿ ਉਹ ਤਾਂ ਉਸ ਵੇਲੇ ਮੁੰਬਈ ਵਿਚ ਸਨ ਹੀ ਨਹੀਂ ਸਗੋਂ ਹੋਰ ਸ਼ਹਿਰਾਂ ਵਿਚ ਸਨ। ਸਵਾਲ ਇਹ ਹੈ ਕਿ ਉਨ੍ਹਾਂ ਵਲੋਂ ਪੇਸ਼ ਕੀਤੇ ਗਏ ਕਾਲਾਂ ਦੇ ਸਾਰੇ ਰਿਕਾਰਡ ਅਤੇ ਥਾਂ-ਪਤੇ ‘ਤੇ ਇਤਬਾਰ ਕਿਉਂ ਨਹੀਂ ਕੀਤਾ ਗਿਆ?
ਉਨ੍ਹਾਂ ਇਕ ਸਵਾਲ ਇਹ ਵੀ ਉਠਾਇਆ ਹੈ ਕਿ ਮੁਲਜ਼ਿਮਾਂ ਦੇ ਮੋਬਾਈਲਾਂ ਵਿਚੋਂ ਕਾਲ ਰਿਕਾਰਡਾਂ ਦਾ ਸਾਰਾ ਡਾਟਾ ਕਿਉਂ ਗਾਇਬ ਕੀਤਾ ਗਿਆ? ਅਜਿਹੇ ਹੀ ਬਹੁਤ ਸਾਰੇ ਸਵਾਲਾਂ ਦੇ ਨਾਲ ਉਨ੍ਹਾਂ ਨੇ ਝੂਠੀਆਂ ਗਵਾਹੀਆਂ ਰਚਣ ਅਤੇ ਪੁਲਿਸ ਰਾਹੀਂ ਝੂਠੇ ਸਬੂਤਾਂ ਨੂੰ ਜਮ੍ਹਾਂ ਕਰਨ ਦੇ ਢੰਗ-ਤਰੀਕਿਆਂ ‘ਤੇ ਵੀ ਚਾਨਣਾ ਪਾਇਆ ਹੈ। ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਦਹਿਸ਼ਤਗਰਦੀ ਵਿਰੋਧੀ ਦਸਤੇ ਨੇ ਉਨ੍ਹਾਂ ਗਵਾਹਾਂ ਨੂੰ ਅਦਾਲਤ ਵਿਚ ਗਵਾਹੀ ਲਈ ਬੁਲਾਇਆ ਹੀ ਨਹੀਂ, ਜਿਨ੍ਹਾਂ ਦੀ ਗਵਾਹੀ ਨਾਲ ਉਨ੍ਹਾਂ ਦੀ ਪੋਲ ਖੁੱਲ੍ਹ ਸਕਦੀ ਸੀ!
ਸ਼ੇਖ ਇਹ ਵੀ ਕਹਿੰਦਾ ਹੈ ਕਿ ਪੁਲਿਸ ਅੱਜ ਤੱਕ ਅਦਾਲਤ ਵਿਚ ਇਹ ਸਾਬਤ ਨਹੀਂ ਕਰ ਸਕੀ ਕਿ ਫੜੇ ਮੁਲਜ਼ਿਮ ਰੋਕ ਲੱਗਣ ਤੋਂ ਪਹਿਲਾਂ ਤੋਂ ਹੀ ‘ਸਿਮੀ’ ਦੇ ਮੈਂਬਰ ਸਨ। ਇਸ ਪਾਠ ਵਿਚ ਮੁਲਜ਼ਿਮਾਂ ‘ਤੇ ਤਸ਼ੱਦਦ, ਦਬਾਅ, ਜ਼ੋਰ-ਜਬਰ ਅਤੇ ਧਮਕੀਆਂ ਦੇਣ ਦਾ ਵੀ ਜ਼ਿਕਰ ਹੈ ਅਤੇ ਉਨ੍ਹਾਂ ਹਲਫਨਾਮਿਆਂ ਤੇ ਆਰ. ਟੀ. ਆਈਜ਼ ਦਾ ਵੀ, ਜੋ ਮੁਲਜ਼ਿਮਾਂ ਨੇ ਦਿੱਤੀਆਂ ਹਨ, ਜਿਨ੍ਹਾਂ ਰਾਹੀਂ ਪੁਲਿਸ ਦਾ ਅਸਲ ਚਿਹਰਾ ਸਾਹਮਣੇ ਆ ਜਾਂਦਾ ਹੈ।
ਦੂਜੇ ਪਾਠ ਦਾ ਸਿਰਲੇਖ ‘ਇਕਬਾਲੀਆ ਬਿਆਨ ਦੀ ਹਕੀਕਤ’ ਹੈ। ਅਬਦੁਲ ਵਾਹਿਦ ਸ਼ੇਖ ਦਾ ਦਾਅਵਾ ਹੈ ਕਿ ਇਕਬਾਲੀਆ ਬਿਆਨ ਤਿਆਰ ਕੀਤੇ ਜਾਂਦੇ ਹਨ। ਉਹ ਲਿਖਦੇ ਹਨ, ਡੀ. ਐਸ਼ ਪੀ. ਨੇ ਕੁਝ ਹੱਥੀਂ ਲਿਖੇ ਹੋਏ, ਕੁਝ ਟਾਈਪ ਕੀਤੇ ਹੋਏ ਕਾਗਜ਼ ਮੁਲਜ਼ਿਮਾਂ ਸਾਹਮਣੇ ਵਧਾਏ ਅਤੇ ਦਸਤਖਤ ਕਰਨ ਲਈ ਕਿਹਾ। ਕਿਸੇ ਮੁਲਜ਼ਿਮ ਨੇ ਕਿਹਾ ਕਿ ਪਹਿਲਾਂ ਮੈਨੂੰ ਪੜ੍ਹਨ ਲਈ ਦਿੱਤਾ ਜਾਵੇ ਤਾਂ ਡੀ. ਐਸ਼ ਪੀ. ਨੇ ਮਨ੍ਹਾਂ ਕਰ ਦਿੱਤਾ ਅਤੇ ਦਹਿਸ਼ਤਗਰਦੀ ਵਿਰੋਧੀ ਦਸਤੇ ਵਾਲਿਆਂ ਨੂੰ ਇਸ਼ਾਰਾ ਕਰਕੇ ਕਹਿਣ ਲੱਗਾ ਕਿ ਲੱਗਦਾ ਹੈ, ਤੁਸੀਂ ਲੋਕਾਂ ਨੇ ਇਸ ਨੂੰ ਪੂਰਾ ਗਰਮ (ਤਸ਼ੱਦਦ) ਨਹੀਂ ਕੀਤਾ।
ਉਸ ਮਗਰੋਂ ਮੁਲਜ਼ਿਮ ਨੇ ਫਿਰ ਇਤਰਾਜ਼ ਕੀਤਾ ਤਾਂ ਉਸ ਨੂੰ ਬਲੈਕਮੇਲ ਕੀਤਾ ਗਿਆ ਕਿ ਤੇਰੇ ਭਰਾ ਤੇ ਘਰਵਾਲੀ ਨੂੰ ਚੁੱਕ ਲਿਆਏ ਹਾਂ, ਉਹ ਦੂਜੇ ਕਮਰੇ ਵਿਚ ਬੰਦ ਹਨ। ਜੇ ਤੂੰ ਦਸਤਖਤ ਨਾ ਕੀਤੇ ਤਾਂ ਤੇਰੇ ਘਰਵਾਲਿਆਂ ਨੂੰ ਬੰਬ ਧਮਾਕੇ ਦੇ ਕੇਸ ਵਿਚ ਫੜ ਲਵਾਂਗੇ। ਇਹ ਸਾਡੇ ਲਈ ਕੋਈ ਔਖਾ ਕੰਮ ਨਹੀਂ ਅਤੇ ਦੁਨੀਆਂ ਦੀ ਕੋਈ ਤਾਕਤ ਸਾਡਾ ਕੁਝ ਵਿਗਾੜ ਨਹੀਂ ਸਕਦੀ। ਇਸ ਪਾਠ ਵਿਚ ਵੇਲੇ ਦੇ ਦਹਿਸ਼ਤਗਰਦੀ ਵਿਰੋਧੀ ਸਰਬਰਾਹ ਪੀ. ਰਘੁਵੰਸ਼ੀ ਦੀਆਂ ਸਰਗਰਮੀਆਂ ਦਾ ਵੀ ਜ਼ਿਕਰ ਹੈ।
ਤੀਜੇ ਪਾਠ ਦਾ ਸਿਰਲੇਖ ਹੈ, ‘ਨਾਨ-ਫਿਕਸ਼ਨ’ (ਹਕੀਕੀ)। ਇਸ ਵਿਚ 11 ਜੁਲਾਈ ਦੇ ਮੁਲਜ਼ਿਮਾਂ ਦੇ ਉਹ ਹਲਫਨਾਮੇ ਅਤੇ ਬਿਆਨ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਵਿਚ ਉਨ੍ਹਾਂ ਨੇ ਖੁਦ ਨੂੰ ਬੇਗੁਨਾਹ ਦੱਸਿਆ ਹੈ ਅਤੇ ਪੁਲਿਸ ‘ਤੇ ਉਨ੍ਹਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਦਾ ਦੋਸ਼ ਲਾਇਆ ਹੈ। ਅਦਾਲਤ ਵਿਚ ਪੇਸ਼ ਕੀਤੇ ਗਏ ਇਨ੍ਹਾਂ ਹਲਫਨਾਮਿਆਂ ਦੀ ਪੜਤਾਲ ਰੌਂਗਟੇ ਖੜ੍ਹੇ ਕਰ ਦਿੰਦੀ ਹੈ।
ਇਕ ਮਿਸਾਲ ਦੇਖੋ: ਕਮਾਲ ਅਹਿਮਦ ਮੁਹੰਮਦ ਵਕੀਲ ਅੰਸਾਰੀ ਨੂੰ ਅਦਾਲਤ ਨੇ ਗੁਨਾਹਗਾਰ ਕਰਾਰ ਦਿੱਤਾ ਹੈ। ਅਦਾਲਤ ਵਿਚ ਉਸ ਦਾ 17 ਜੁਲਾਈ 2012 ਨੂੰ ਪੇਸ਼ ਕੀਤਾ ਹਲਫਨਾਮਾ ਹੈਰਾਨ ਕਰਨ ਵਾਲਾ ਹੈ। ਇਕ ਜਗ੍ਹਾ ਲਿਖਦੇ ਹਨ, “ਮੈਨੂੰ ਦਹਿਸ਼ਤਗਰਦੀ ਵਿਰੋਧੀ ਦਸਤੇ ਵਾਲਿਆਂ ਨੇ ਤੀਜਾ ਦਰਜਾ ਤਸ਼ੱਦਦ ਕਰਨ ਮਗਰੋਂ ਲਾਲਚ ਦੇਣਾ ਸ਼ੁਰੂ ਕੀਤਾ ਕਿ ਤੂੰ ਇਸ ਝੂਠੀ ਕਹਾਣੀ ਲਈ ਹਾਮੀ ਭਰ ਦੇ, ਅਸੀਂ ਤੈਨੂੰ ਵਾਧੂ ਪੈਸੇ ਦੇਵਾਂਗੇ। ਤੈਨੂੰ ਅਸੀਂ ਚਾਰ ਲੱਖ ਰੁਪਿਆ ਦੇਵਾਂਗੇ, ਤੂੰ ਸਰਕਾਰੀ ਗਵਾਹ ਬਣ ਜਾ। ਮੈਂ ਉਨ੍ਹਾਂ ਨੂੰ ਮਨ੍ਹਾਂ ਕੀਤਾ ਤਾਂ ਉਨ੍ਹਾਂ ਮੇਰੇ ਸਾਥੀ ਮੁਲਜ਼ਿਮਾਂ ਨੂੰ ਰੁਪਏ ਅਤੇ ਫਲੈਟਾਂ ਦਾ ਲਾਲਚ ਦਿੱਤਾ ਅਤੇ ਮੁਖੀ ਪੀ. ਰਘੁਵੰਸ਼ੀ ਨੇ ਡਰਾਉਣਾ ਸ਼ੁਰੂ ਕੀਤਾ ਕਿ ‘ਅਸੀਂ ਤੁਹਾਡੇ ਘਰਵਾਲਿਆਂ ਨੂੰ ਵੀ ਫਸਾਵਾਂਗੇ।’ (ਸਫਾ 126)
ਅਬਦੁਲ ਵਾਹਿਦ ਸ਼ੇਖ ਇਕ ਮੁਲਜ਼ਿਮ ਡਾਕਟਰ ਤਨਵੀਰ ਅੰਸਾਰੀ ਦਾ ਬਿਆਨ ਲਿਖਦੇ ਹਨ, 21 ਨਵੰਬਰ 2006 ਨੂੰ ਜੇਲ੍ਹ ਅਫਸਰ ਗੋਵਿੰਦ ਪਾਟਿਲ ਮੈਨੂੰ ਆਂਡਾ ਬੈਰਕ ਵਿਚੋਂ ਕੱਢ ਕੇ ਜੇਲ੍ਹ ਸੁਪਰਡੈਂਟ ਮੈਡਮ ਸਵਾਤੀ ਸਾਠੇ ਦੇ ਦਫਤਰ ਲੈ ਗਿਆ। ਥੋੜ੍ਹੇ ਚਿਰ ਮਗਰੋਂ ਰਘੁਵੰਸ਼ੀ ਉਥੇ ਆਇਆ। ਮੈਨੂੰ ਜ਼ਬਰਦਸਤੀ ਉਸ ਦੇ ਸਾਹਮਣੇ ਬਿਠਾਇਆ ਗਿਆ। ਰਘੁਵੰਸ਼ੀ ਗੁੱਸੇ ਵਿਚ ਸੀ, ਕਿਉਂਕਿ ਮੈਂ ਉਸ ਦੇ ਦੱਸੇ ਹੋਏ ਤਰੀਕੇ ‘ਤੇ ਨਾ ਚੱਲ ਕੇ ਇਕਬਾਲੀਆ ਬਿਆਨ ਦੇਣ ਤੋਂ ਨਾਂਹ ਕਰ ਦਿੱਤੀ ਸੀ। ਉਹ ਮੈਨੂੰ ਸਰਕਾਰੀ ਗਵਾਹ ਬਣਾ ਕੇ ਜੇਲ੍ਹ ਵਿਚੋਂ ਨਿਕਲ ਜਾਣ ਦੀਆਂ ਸਲਾਹਾਂ ਦਿੰਦਾ ਰਿਹਾ। ਉਸ ਨੇ ਮੈਨੂੰ ਅਤੇ ਮੇਰੇ ਘਰ ਵਾਲਿਆਂ ਨੂੰ ਗਾਲ੍ਹਾਂ ਕੱਢੀਆਂ। “ਸੋਚ ਲੈ, ਆਪਣੀ ਕਿਸਮਤ ਦਾ ਫੈਸਲਾ ਆਪ ਕਰ ਲੈ!” ਇਹ ਕਹਿ ਕੇ ਉਹ ਚਲਿਆ ਗਿਆ। (ਸਫਾ 145)
ਇਹਤਿਸ਼ਾਮ ਕੁਤਬਉਦੀਨ ਸਿੱਦੀਕੀ ਦੇ ਬਿਆਨ ਵਿਚ ਡੀ. ਜੀ. ਵਣਜਾਰਾ ਦਾ ਵੀ ਜ਼ਿਕਰ ਹੈ। ਦੇਖੋ, ਇਕ ਅਫਸਰ ਨੇ ਮੈਥੋਂ ਪੁੱਛਗਿੱਛ ਕੀਤੀ ਅਤੇ ਕਿਹਾ ਕਿ ਅਸੀਂ ਜਿਸ ਮੁਸਲਮਾਨ ਨੂੰ ਫੜਦੇ ਹਾਂ, ਉਸ ਨੂੰ ਗੋਲੀ ਨਾਲ ਉਡਾ ਦਿੰਦੇ ਹਾਂ। ਮਈ 2007 ਵਿਚ ਇਸ ਅਫਸਰ ਦਾ ਫੋਟੋ ਮੈਂ ਅਖਬਾਰ ਵਿਚ ਦੇਖਿਆ ਤਾਂ ਪਤਾ ਲੱਗਿਆ ਕਿ ਇਹ ਅਫਸਰ ਗੁਜਰਾਤ ਦਹਿਸ਼ਤਗਰਦੀ ਵਿਰੋਧੀ ਦਸਤੇ ਦਾ ਮੁਖੀ ਡੀ. ਜੀ. ਵਣਜਾਰਾ ਹੈ, ਜੋ ਸੁਹਰਾਬੂਦੀਨ ਫਰਜ਼ੀ ਮੁਕਾਬਲੇ ਵਿਚ ਫੜਿਆ ਗਿਆ ਸੀ। (ਸਫਾ 166)
ਸਵਾਲ ਇਹੀ ਹੈ ਕਿ ਵਣਜਾਰਾ ਭੁਵੀ ਵਾੜਾ ਹਵਾਲਾਤ ਵਿਚ ਕੀ ਕਰ ਰਿਹਾ ਸੀ! ਇਸ ਪਾਠ ਵਿਚ ਸਹਾਇਕ ਪੁਲਿਸ ਕਮਿਸ਼ਨਰ ਵਿਨੋਦ ਭੱਟ ਦੀ ਸਨਸਨੀਖੇਜ਼ ਖੁਦਕੁਸ਼ੀ ਦਾ ਵੀ ਜ਼ਿਕਰ ਹੈ। ਕਿਤਾਬ ਵਿਚ ਦਰਜ ਵਿਨੋਦ ਭੱਟ ਦੀ ਖੁਦਕੁਸ਼ੀ ਦੇ ਸਿਰਲੇਖ ਵਾਲੀ ਤਹਿਰੀਰ ਦੇਖੋ, ਵਿਨੋਦ ਭੱਟ ਨੇ ਇਹਤਿਸ਼ਾਮ ਨਾਲ ਗੱਲਬਾਤ ਕੀਤੀ। ਅਗਸਤ 2006 ਦੇ ਆਖਰੀ ਹਫਤੇ ਵਿਚ ਮੈਨੂੰ ਭੁਵੀ ਵਾੜਾ ਦਹਿਸ਼ਤਗਰਦੀ ਵਿਰੋਧੀ ਦਸਤੇ ਦੀ ਹਵਾਲਾਤ ਦੀ ਦੂਜੀ ਮੰਜ਼ਲ ‘ਤੇ ਸਹਾਇਕ ਪੁਲਿਸ ਕਮਿਸ਼ਨਰ ਵਿਨੋਦ ਭੱਟ ਸਾਹਮਣੇ ਲਿਆਂਦਾ ਗਿਆ। ਜੋ ਗੱਲਬਾਤ ਹੋਈ, ਉਹ ਇਸ ਤਰ੍ਹਾਂ ਹੈ:
ਵਿਨੋਦ ਭੱਟ: ਮੈਂ ਇਸ ਕੇਸ ਦੇ ਸਾਰੇ ਕਾਗਜ਼ਾਂ ਦਾ ਅਧਿਐਨ ਕਰਕੇ ਲੱਭਿਆ ਹੈ ਕਿ ਤੂੰ ਅਤੇ ਹੋਰ ਫੜੇ ਗਏ ਮੁਲਜ਼ਿਮ 11 ਜੁਲਾਈ ਦੇ ਬੰਬ ਧਮਾਕੇ ਵਿਚ ਸ਼ਾਮਲ ਨਹੀਂ।
ਇਹਤਿਸ਼ਾਮ: ਸਰ! ਅਸੀਂ ਵਾਰ-ਵਾਰ ਇਹੀ ਕਿਹਾ ਹੈ ਕਿ ਅਸੀਂ ਬੇਕਸੂਰ ਹਾਂ। ਫਿਰ ਸਾਨੂੰ ਇਸ ਕੇਸ ਵਿਚ ਕਿਉਂ ਫੜਿਆ ਗਿਆ ਹੈ?
ਭੱਟ: ਅਸਲ ਦੋਸ਼ੀ ਨਹੀਂ ਮਿਲੇ, ਇਸ ਲਈ।
ਇਹਤਿਸ਼ਾਮ: ਇਹ ਸਭ ਕਿਸ ਦੇ ਇਸ਼ਾਰੇ ‘ਤੇ ਹੋ ਰਿਹਾ ਹੈ?
ਭੱਟ: ਪੁਲਿਸ ਕਮਿਸ਼ਨਰ ਏ. ਐਨ. ਰਾਏ ਅਤੇ ਦਹਿਸ਼ਤਗਰਦੀ ਵਿਰੋਧੀ ਦਸਤੇ ਦਾ ਮੁਖੀ ਪੀ. ਰਘੁਵੰਸ਼ੀ ਮੇਰੇ ‘ਤੇ ਸਖਤ ਦਬਾਅ ਪਾ ਰਹੇ ਹਨ ਕਿ ਤੁਹਾਡੇ ਖਿਲਾਫ ਬੰਬ ਧਮਾਕੇ ਦੇ ਕੇਸ ਦੀ ਝੂਠੀ ਚਾਰਜਸ਼ੀਟ ਤਿਆਰ ਕਰਕੇ ਅਦਾਲਤ ਵਿਚ ਦਾਖਲ ਕਰਾਂ।
ਇਹਤਿਸ਼ਾਮ: ਕੀ ਤੁਸੀਂ ਅਜਿਹਾ ਕਰੋਗੇ?
ਭੱਟ: ਨਹੀਂ, ਭਾਵੇਂ ਉਹ ਮੇਰੀ ਘਰਵਾਲੀ ਨੂੰ ਕਿਸੇ ਕੇਸ ਵਿਚ ਫਸਾਉਣ ਦੀ ਗੱਲ ਕਰ ਰਹੇ ਹਨ, ਤਾਂ ਵੀ ਨਹੀਂ।
ਇਹਤਿਸ਼ਾਮ: ਫਿਰ ਅਸੀਂ ਛੁੱਟ ਜਾਵਾਂਗੇ?
ਭੱਟ: ਰੱਬ ‘ਤੇ ਭਰੋਸਾ ਰੱਖ। ਮੈਂ ਮਰ ਜਾਵਾਂਗਾ, ਪਰ ਬੇਗੁਨਾਹਾਂ ਨੂੰ ਇਸ ਕੇਸ ਵਿਚ ਨਹੀਂ ਫਸਾਵਾਂਗਾ।
ਇਸ ਪੂਰੇ ਵਾਕੇ ਤੋਂ ਕੁਝ ਕੁ ਦਿਨਾਂ ਬਾਅਦ ਹੀ ਵਿਨੋਦ ਭੱਟ ਨੇ ਖੁਦਕੁਸ਼ੀ ਕਰ ਲਈ।
ਚੌਥਾ ਪਾਠ ਪੁਲਿਸ ਤਸ਼ੱਦਦ ਦੇ ਨਾਮ ਤੋਂ ਹੈ। ਇਸ ਵਿਚ ਚੱਕੀ ਦੇ ਪਟੇ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਹੈ ਕਿ ਸਰੀਰਕ ਤਸ਼ੱਦਦ ਲਈ ਪੁਲਿਸ ਸਭ ਤੋਂ ਵੱਧ ਚੱਕੀ ਦੇ ਪਟੇ ਦੀ ਵਰਤੋਂ ਕਰਦੀ ਹੈ। ਅਸੀਂ ਦਹਿਸ਼ਤਗਰਦੀ ਵਿਰੋਧੀ ਦਸਤੇ ਦੇ ਪੁਲਿਸ ਸਟੇਸ਼ਨ ਵਿਚ ਜਿੰਨੇ ਪਟੇ ਦੇਖੇ, ਉਨ੍ਹਾਂ ‘ਤੇ ਹਿੰਦੀ ਵਿਚ ਇਹ ਜੁਮਲੇ ਲਿਖੇ ਹੋਏ ਸਨ: 1. ਸੱਚ ਬੋਲ ਪਟਾ 2. ਮੇਰੀ ਆਵਾਜ਼ ਸੁਣੋ 3. ਅੰਨ੍ਹਾ ਕਾਨੂੰਨ 4. ਇਥੇ ਪੱਥਰ ਵੀ ਬੋਲਦਾ ਹੈ 5. ਬੋਲਣ ਵਾਲਾ ਪਟਾ (ਸਫਾ 367)। ਇਕ ਸੌ ਅੱਸੀ ਡਿਗਰੀ ਤਸ਼ੱਦਦ, ਨੰਗਾ ਕਰਨਾ, ਖਾਸ ਅੰਗਾਂ ‘ਤੇ ਬਿਜਲੀ ਦੇ ਝਟਕੇ ਦੇਣੇ, ਗੁਪਤ ਅੰਗਾਂ ‘ਤੇ ਤਸ਼ੱਦਦ, ਅੱਗ ਤੇ ਪਾਣੀ ਨਾਲ ਤਸ਼ੱਦਦ, ਵਾਲਾਂ ਦਾ ਤਸ਼ੱਦਦ, ਠੰਢ ਦਾ ਤਸ਼ੱਦਦ, ਨੀਂਦ ਤੋਂ ਵਿਰਵਾ ਕਰਨਾ, ਇਕੱਲਿਆਂ ਬੰਦ ਕਰ ਦੇਣਾ, ਕਤਲ ਕਰਨ ਦਾ ਨਾਟਕ ਕਰਨਾ, ਅੰਗਾਂ ‘ਤੇ ਵਰ੍ਹਦੀ ਕੁਟਾਈ, ਗਾਲ੍ਹਾਂ ਆਦਿ ਤਸ਼ੱਦਦ ਦੇ ਉਹ ਵੱਖ-ਵੱਖ ਢੰਗ ਹਨ, ਜਿਨ੍ਹਾਂ ‘ਤੇ ਕਿਤਾਬ ਵਿਚ ਤਫਸੀਲ ਨਾਲ ਦੱਸਿਆ ਗਿਆ ਹੈ (ਸਫਾ 367 ਤੋਂ 374 ਤੱਕ)। ਝੂਠ ਫੜਨ ਦਾ ਟੈਸਟ ਅਤੇ ਨਾਰਕੋ ਟੈਸਟ ਦੇ ਹੱਕ ਵੀ ਉਜਾਗਰ ਕੀਤੇ ਗਏ ਹਨ।
ਪੰਜਵਾਂ ਪਾਠ ‘ਗੁਪਤ ਜਥੇਬੰਦੀ ਇੰਡੀਅਨ ਮੁਜਾਹਿਦੀਨ’ ਦੇ ਨਾਮ ‘ਤੇ ਹੈ। ਅਬਦੁਲ ਵਾਹਿਦ ਸ਼ੇਖ ਨੇ ਥਾਂ-ਥਾਂ ਅਦਾਲਤ ਦੇ ਰਵੱਈਏ ‘ਤੇ ਵੀ ਸਵਾਲ ਉਠਾਇਆ ਹੈ। ਇਕ ਜਗ੍ਹਾ ਉਹ ਲਿਖਦਾ ਹੈ ਕਿ ਅਦਾਲਤ ਵਿਚ ਉਂਜ ਤਾਂ ਵਾਲ ਦੀ ਵੀ ਖੱਲ ਲਾਹੀ ਜਾਂਦੀ ਹੈ ਅਤੇ ਹਰ ਦਸਤਾਵੇਜ਼ ਨੂੰ ਬਾਰੀਕੀ ਨਾਲ ਜਾਂਚ-ਪਰਖ ਕੇ ਕਬੂਲਿਆ ਜਾਂਦਾ ਹੈ, ਫਿਰ ਸਾਦਿਕ ਦੇ ਨਾਮ ਦੇ ਹਲਫੀਆ ਬਿਆਨ ਨੂੰ ਉਸ ਦੇ ਦਸਤਖਤਾਂ ਬਗੈਰ ਹੀ ਅਦਾਲਤ ਨੇ ਕਿਵੇਂ ਕਬੂਲ ਕਰ ਲਿਆ? ਅਦਾਲਤ ਨੇ ਸਾਦਿਕ ਨੂੰ ਅਦਾਲਤ ਵਿਚ ਬੁਲਾ ਕੇ ਇਹ ਜਾਣਨ ਦੀ ਵੀ ਕੋਸ਼ਿਸ਼ ਕਿਉਂ ਨਹੀਂ ਕੀਤੀ ਕਿ ਇਹ ਬਿਆਨ ਉਸੇ ਦਾ ਹੀ ਹੈ? ਤੇ ਤੂੰ ਇਸ ਬਿਆਨ ‘ਤੇ ਦਸਤਖਤ ਕਿਉਂ ਨਹੀਂ ਕੀਤੇ? (ਸਫਾ 400)
ਛੇਵਾਂ ਪਾਠ ‘ਪੁਲਿਸ ਰਾਜ’ ਬੇਹੱਦ ਅਹਿਮ ਪਾਠ ਹੈ। ਇਸ ਪਾਠ ਵਿਚ ਜਰਮਨ ਬੇਕਰੀ ਬੰਬ ਧਮਾਕੇ ਤੋਂ ਲੈ ਕੇ ਪੱਤਰਕਾਰ ਆਸ਼ੀਸ਼ ਖੇਤਾਨ ਦੇ ਸਟਿੰਗ ਅਪ੍ਰੇਸ਼ਨ, ਮਾਲੇਗਾਓਂ ਬੰਬ ਧਮਾਕੇ 2006, ਔਰੰਗਾਬਾਦ ਅਸਲਾ ਜ਼ਬਤੀ ਮਾਮਲੇ, ਔਰੰਗਾਬਾਦ ਵਿਚ ਸਾਬਕਾ ਫੌਜੀ ਦੇ ਘਰੋਂ ਹਥਿਆਰਾਂ ਦੀ ਬਰਾਮਦਗੀ ਅਤੇ ਅਕਸ਼ਰਧਾਮ ਮੰਦਰ ਹਮਲੇ ਤੱਕ, ਇਨ੍ਹਾਂ ਸਭ ਸਿਰਲੇਖਾਂ ਤਹਿਤ ਲੇਖਕ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੁਲਕ ਪੁਲਿਸ ਰਾਜ ਵਿਚ ਤਬਦੀਲ ਹੋ ਰਿਹਾ ਹੈ।
ਉਹ ਲਿਖਦਾ ਹੈ ਕਿ ਪੁਲਿਸ ਹਿਰਾਸਤ ਅਤੇ ਗੈਰ-ਕਾਨੂੰਨੀ ਹਿਰਾਸਤ ਦੌਰਾਨ ਕਈ ਪੁਲਿਸ ਅਫਸਰਾਂ ਨੇ ਸਾਨੂੰ ਵਾਰ-ਵਾਰ ਕਿਹਾ ਕਿ ਮੁਸਲਮਾਨ ਮੁਲਕ ਦੇ ਗੱਦਾਰ ਹਨ, ਪਾਕਿਸਤਾਨ ਪੱਖੀ ਹਨ, ਦਹਿਸ਼ਤਗਰਦੀ ਨੂੰ ਜਨਮ ਦਿੰਦੇ ਹਨ ਅਤੇ ਮੁਲਕ ‘ਤੇ ਬੋਝ ਹਨ। ਇੰਸਪੈਕਟਰ ਖਾਨਵਲਕਰ, ਵਰਪੇ ਅਤੇ ਧਾਮਨਕਰ ਅਕਸਰ ਸਾਨੂੰ ਕਹਿੰਦੇ ਸਨ ਕਿ ਸਾਡੇ ਕੋਲ ਐਨੀਆਂ ਤਾਕਤਾਂ ਹਨ ਕਿ ਅਸੀਂ ਕਿਸੇ ਵੀ ਮੁਸਲਮਾਨ ਨੂੰ ਕਿਸੇ ਵੀ ਵੇਲੇ ਝੂਠੇ ਮੁਕਾਬਲੇ ਵਿਚ ਮਾਰ ਸਕਦੇ ਹਾਂ, ਬੰਬ ਧਮਾਕੇ ਵਿਚ ਫੜ ਕੇ ਫਾਂਸੀ ਦਿਵਾ ਸਕਦੇ ਹਾਂ, ਜ਼ਿੰਦਗੀਆਂ ਤਬਾਹ ਕਰ ਸਕਦੇ ਹਾਂ ਅਤੇ ਸਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਤੇ ਇਹੀ ਕੰਮ 11 ਜੁਲਾਈ ਦੇ ਕੇਸ ਵਿਚ ਹੋਇਆ ਹੈ।
ਇਹ ਕਿਤਾਬ ਉਨ੍ਹਾਂ ਮੁਸਲਮਾਨਾਂ ਦਾ ਮੁਕੱਦਮਾ ਲੋਕ ਕਚਹਿਰੀ ਵਿਚ ਪੇਸ਼ ਕਰਦੀ ਹੈ, ਜੋ ਦਹਿਸ਼ਤਗਰਦੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਪਰ ਜੋ ਖੁਦ ਨੂੰ ਬੇਗੁਨਾਹ ਕਰਾਰ ਦਿੰਦੇ ਹਨ ਅਤੇ ਤੱਥ ਵੀ ਉਨ੍ਹਾਂ ਦੀ ਬੇਗੁਨਾਹੀ ਦੀ ਤਸਦੀਕ ਕਰਦੇ ਹਨ। ਕਿਤਾਬ ਦਾ ਲੇਖਕ ਆਪਣੀ ਆਖਰੀ ਗੱਲ ਵਿਚ ਇਕ ਜਗ੍ਹਾ ਲਿਖਦਾ ਹੈ: ਮੁਲਕ ਦੀ ਮੌਜੂਦਾ ਸੂਰਤੇ-ਹਾਲ ਵਿਚ ਇਸ ਕਿਤਾਬ ਅੰਦਰਲੀਆਂ ਜ਼ਿਆਦਾਤਰ ਗੱਲਾਂ ਤੋਂ ਇਨਕਾਰੀ ਹੋਣਾ ਮੁਸ਼ਕਿਲ ਹੈ। ਅਸੀਂ ਬੱਸ ਇਹੀ ਚਾਹੁੰਦੇ ਹਾਂ ਕਿ ਝੂਠੇ ਕੇਸਾਂ ਵਿਚ ਫਸਾਏ ਜਾਣ ਕਰਕੇ ਅਸੀਂ ਜਿਸ ਪੀੜ ਵਿਚੋਂ ਲੰਘੇ ਹਾਂ, ਕੌਮ ਦਾ ਕੋਈ ਦੂਜਾ ਫਰਦ ਉਸ ਮੁਸ਼ਕਿਲ ਵਿਚੋਂ ਨਾ ਲੰਘੇ ਅਤੇ ਕੌਮ ਦੇ ਜਾਗਰੂਕ ਤੇ ਦਾਨੇ ਲੋਕ ਇਸ ਸਿਲਸਿਲੇ ਨੂੰ ਰੋਕਣ ਲਈ ਕੋਈ ਅਮਲੀ ਕਦਮ ਚੁੱਕਣ। ਇਸ ਤੋਂ ਪਹਿਲਾਂ ਕਿ ਬਹੁਤੀ ਦੇਰ ਹੋ ਜਾਵੇ, ਇਸ ਬਾਰੇ ਕੁਝ ਕਰੋ। (ਸਫਾ 459)