ਰੂਹੀ ਸੰਗਰੂਰ
ਫੋਨ: 91-99143-60547
ਇਨ੍ਹੀਂ ਦਿਨੀਂ ਪੰਜਾਬ ਵਿਚ ਆਇਲੈਟਸ ਸੈਂਟਰਾਂ ਦੀ ਭਰਮਾਰ, ਪਰਵਾਸ, ਨਸ਼ਾਖੋਰੀ ਅਤੇ ਪੰਜਾਬ ਵਿਚੋਂ ਪਾਣੀ ਖਤਮ ਹੋ ਜਾਣ ਦੇ ਚਰਚੇ ਜ਼ੋਰਾਂ ‘ਤੇ ਹਨ। ਇਨ੍ਹਾਂ ਮੁੱਦਿਆਂ ਬਾਰੇ ਡੇਢ ਕੁ ਸਾਲ ਪਹਿਲਾਂ ਨੌਜਵਾਨ ਫਿਲਮਸਾਜ਼ ਪਰਮਜੀਤ ਸਿੰਘ ਕੱਟੂ ਨੇ ਮੂਕ (ੰਲਿeਨਟ) ਸ਼ਾਰਟ ਫਿਲਮ ‘ਸਟਰੇਅ ਸਟਾਰ’ (ੰਟਰਅੇ ੰਟਅਰ) ਬਣਾਈ ਸੀ। ਇਹ ਫਿਲਮ ਲਗਾਤਾਰ ਕੌਮਾਂਤਰੀ ਫਿਲਮ ਮੇਲਿਆਂ ਵਿਚ ਚੁਣੀ ਜਾ ਰਹੀ ਹੈ।
ਇਹ ਫਿਲਮ ਜਾਗਰਣ ਫਿਲਮ ਫੈਸਟੀਵਲ 2018 (ਭਾਰਤ), ਜੇਮਜ਼ ਰਿਵਰ ਸ਼ਾਰਟ ਫਿਲਮਜ਼ 2018 (ਅਮਰੀਕਾ), ਮਿਸ਼ਨ ਸ਼ਾਰਟ ਫਿਲਮ ਫੈਸਟੀਵਲ 2018 (ਕੈਨੇਡਾ), ਲਿਫਟ ਆਫ ਫਿਲਮ ਸੈਸ਼ਨ 2019 (ਇੰਗਲੈਂਡ) ਸਮੇਤ ਹੁਣ ਤਕ ਵਿਸ਼ਵ ਦੇ ਨਾਮੀ 15 ਫਿਲਮ ਮੇਲਿਆਂ ਲਈ ਚੁਣੀ ਜਾ ਚੁਕੀ ਹੈ। ਇਹ ਐਸੀ ਫਿਲਮ ਹੈ, ਜੋ ਹੁਣ ਤਕ ਸਭ ਤੋਂ ਵੱਧ ਕੌਮਾਂਤਰੀ ਪੱਧਰ ਦੇ ਫਿਲਮ ਮੇਲਿਆਂ ਲਈ ਚੁਣੀ ਜਾ ਚੁਕੀ ਹੈ। ਫਿਲਮ ਦੀ ਵੱਡੀ ਪ੍ਰਾਪਤੀ ਇਹ ਵੀ ਹੈ ਕਿ ਇਸ ਨੂੰ ਸ਼ਾਰਟ ਫਿਲਮਾਂ ਦੇ ਖੇਤਰ ਵਿਚ ਸਭ ਤੋਂ ਪ੍ਰਮੁੱਖ ਡਿਸਟਰੀਬਿਉਟਰ ਗਰੁਪ ‘ਪਾਕੇਟ ਫਿਲਮਜ਼’ ਵਲੋਂ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਜਾ ਰਿਹਾ ਹੈ।
ਸਾਢੇ ਸੱਤ ਮਿੰਟਾਂ ਦੀ ਇਸ ਫਿਲਮ ਵਿਚ ਕੋਈ ਡਾਇਲਾਗ ਨਹੀਂ, ਪਰ ਸੰਗੀਤ ਦੀ ਵਰਤੋਂ ਹੁੰਦੀ ਹੈ। ਪਰਮਜੀਤ ਸਿੰਘ ਕੱਟੂ ਦਾ ਕਹਿਣਾ ਹੈ ਕਿ ਫਿਲਮ ਦ੍ਰਿਸ਼ ਦਾ ਮਾਧਿਅਮ ਹੈ, ਇਸ ਵਿਚ ਭਾਸ਼ਾ ਦੀ ਵਰਤੋਂ ਕਰਨ ਦੀ ਲੋੜ ਨਹੀਂ, ਦ੍ਰਿਸ਼ ਨੂੰ ਬੋਲਣਾ ਚਾਹੀਦਾ ਹੈ। ਦ੍ਰਿਸ਼ ਦੀ ਸਮਰੱਥਾ ਭਾਸ਼ਾ ਤੋਂ ਵੱਧ ਹੈ। ਦ੍ਰਿਸ਼ ਵਿਚ ਰੰਗ, ਅਕਾਰ, ਅਦਾਕਾਰੀ, ਚਿੰਨ੍ਹ-ਪ੍ਰਤੀਕ ਸਾਰਾ ਕੁਝ ਸ਼ਾਮਿਲ ਹੁੰਦਾ ਹੈ। ਫਿਲਮ ਦਾ ਹਰ ਦ੍ਰਿਸ਼ ਇਕ ਪੇਂਟਿੰਗ ਵਾਂਗ ਹੈ।
ਫਿਲਮ ਦਾ ਕੇਂਦਰੀ ਵਿਸ਼ਾ ਪਰਵਾਸ ਹੈ। ਪੰਜਾਬ ਤੇ ਪਰਵਾਸ ਦਾ ਬਹੁਤ ਗੂੜ੍ਹਾ ਨਾਤਾ ਹੈ ਤੇ ਇਸ ਵਿਸ਼ੇ ਦੇ ਜ਼ਰੀਏ ਫਿਲਮਸਾਜ਼ ਨੇ ਪੰਜਾਬ ਦੇ ਪ੍ਰਮੁੱਖ ਸਰੋਕਾਰ ਪੇਸ਼ ਕਰਨ ਦਾ ਯਤਨ ਕੀਤਾ ਹੈ। ਫਿਲਮ ਪਰਵਾਸ ਦੀਆਂ ਉਹ ਪਰਤਾਂ ਪੇਸ਼ ਕਰਦੀ ਹੈ, ਜੋ ਸਿੱਧੇ ਤੌਰ ‘ਤੇ ਸਾਨੂੰ ਨਹੀਂ ਦਿਸਦੀਆਂ। ਕੱਟੂ ਅਨੁਸਾਰ ਇਹ ਪਰਵਾਸ ਮਨੁੱਖਾਂ ਦਾ ਹੈ, ਭਾਸ਼ਾ ਦਾ ਹੈ, ਪਰੰਪਰਾ ਦਾ ਹੈ, ਸਮੇਂ, ਸਥਾਨ ਤੇ ਸਥਿਤੀਆਂ ਦਾ ਹੈ, ਧਰਤੀ ਦਾ ਪਰਵਾਸ ਹੈ ਤੇ ਰੰਗਾਂ ਦਾ ਵੀ। ਇਹ ਫਿਲਮ ਭਾਵੇਂ ਪੰਜਾਬ ਨਾਲ ਸਬੰਧਤ ਵਿਸ਼ੇ ਬਾਰੇ ਹੈ ਪਰ ਸਾਈਲੈਂਟ ਹੋਣ ਕਰਕੇ ਇਹ ਕੌਮਾਂਤਰੀ ਪੱਧਰ ‘ਤੇ ਸੰਚਾਰ ਕਰਨ ਦੇ ਸਮਰੱਥ ਹੈ।
ਫਿਲਮ ਦੀ ਟੀਮ ਆਪਣੇ ਆਪ ਵਿਚ ਪੰਜਾਬ ਦੇ ਇਸ ਵੇਲੇ ਕਾਰਜਸ਼ੀਲ ਮਾਹਿਰ ਕਲਾਕਾਰਾਂ ਦੀ ਟੀਮ ਹੈ। ਲੇਖਕ ਤੇ ਨਿਰਦੇਸ਼ਕ ਪਰਮਜੀਤ ਸਿੰਘ ਕੱਟੂ ਜਿਥੇ ਪੰਜਾਬੀ ਸਾਹਿਤ ਦੀ ਪੀਐਚ.ਡੀ. ਹੈ, ਉਥੇ ਉਸ ਨੇ ਫਿਲਮ ਜਗਤ ਦੇ ਨਾਮੀ ਲੇਖਕ ਅਮਰੀਕ ਗਿੱਲ ਤੋਂ ਫਿਲਮ ਲਿਖਣ ਕਲਾ ਤੇ ਨਿਰਦੇਸ਼ਨ ਸਿਖਿਆ ਹੈ ਅਤੇ ਉਹ ਫਿਲਮ ਰਾਈਟਰਜ਼ ਐਸੋਸੀਏਸ਼ਨ ਮੁੰਬਈ ਦਾ ਮੈਂਬਰ ਵੀ ਹੈ। ਪਰਮਜੀਤ ਸਿੰਘ ਕੱਟੂ ਪਰਵਾਸ ਦੇ ਵਿਸ਼ੇ ਬਾਰੇ ਲਗਾਤਾਰ ਖੋਜ ਕਰਦਾ ਰਿਹਾ ਹੈ। ਅੱਜ ਕੱਲ੍ਹ ਪਰਮਜੀਤ ਪੁਣਛ ਦੇ ਰਖਵਾਲੇ ਵਜੋਂ ਜਾਣੇ ਜਾਂਦੇ ਸੂਰਬੀਰ ਯੋਧੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਜੀਵਨੀ ‘ਤੇ ਡਾਕੂਮੈਂਟਰੀ ਫਿਲਮ ‘ਦ ਸੇਵੀਅਰ’ (ਠਹe ੰਅਵਿਰ) ਦਾ ਨਿਰਦੇਸ਼ਨ ਕਰ ਰਿਹਾ ਹੈ।
ਇਸ ਫਿਲਮ ਦਾ ਸਿਨਮੈਟੋਗ੍ਰਾਫਰ ਗੁਰਪ੍ਰੀਤ ਚੀਮਾ ਮੁੰਬਈ ਵਿਖੇ ਕਾਰਜਸ਼ੀਲ ਹੈ, ਪਿਛਲੇ ਸਮੇਂ ਵਿਚ ਉਹ ਜਰਮਨੀ ਵਿਚ ਦੋ ਫਿਲਮਾਂ ਦੀ ਸਿਨਮੈਟੋਗ੍ਰਾਫੀ ਟੀਮ ਦਾ ਮੈਂਬਰ ਰਿਹਾ ਹੈ। ਫਿਲਮ ਦਾ ਸਾਊਂਡ ਤੇ ਸੰਗੀਤ ਪੰਜਾਬੀ ਫਿਲਮ ਜਗਤ ਦੇ ਨਾਮੀ ਸਾਊਂਡ ਡਿਜ਼ਾਈਨਰ ਦੀਪ ਬਾਵਾ ਨੇ ਦਿੱਤਾ ਹੈ ਤੇ ਇਸ ਦਾ ਰੰਗਸਾਜ਼ ਮਕਬੂਲ ਆਡੀਟਰ ਤੇ ਕਲਰਿਸ਼ਟ ਇੰਦਰ ਰਟੌਲ ਹੈ। ਫਿਲਮ ਦਾ ਮੁੱਖ ਅਦਾਕਾਰ ਫਿਲਮ ਜਗਤ ਤੇ ਥੀਏਟਰ ਦਾ ਹੰਢਿਆ ਅਦਾਕਾਰ ਲੱਖਾ ਲਹਿਰੀ ਹੈ। ਫਿਲਮ ਦਾ ਨਿਰਮਾਤਾ ਉਦਮੀ ਨੌਜਵਾਨ ਜਸਵਿੰਦਰ ਸਿੰਘ ਢਿੱਲੋਂ ਹੈ ਤੇ ਸਹਿ-ਨਿਰਮਾਤਾ ਗੁਰਮੇਲ ਸਿੰਘ ਕੱਟੂ ਹੈ।