ਸੁਰਜੀਤ ਜੱਸਲ
ਫੋਨ: 91-98146-07737
ਇੱਕ ਸਮਾਂ ਸੀ ਜਦੋਂ ਪੰਜਾਬੀ ਫਿਲਮਾਂ ਜੱਟਵਾਦੀ ਟਾਈਟਲਾਂ ਨਾਲ ਮਰਦ ਪ੍ਰਧਾਨ ਸਮਾਜ ਦੀ ਨੁਮਾਇੰਦਗੀ ਕਰਦੀਆਂ ਸਨ। ਅੱਜ ਦੇ ਸਿਨੇਮਾ ਨੇ ਬਹੁਤ ਤਰੱਕੀ ਕੀਤੀ ਹੈ ਤੇ ਸਮਾਜ ਦੇ ਵੱਖ ਵੱਖ ਪਹਿਲੂਆਂ ਨਾਲ ਜੁੜੀਆਂ ਸੱਚੀਆਂ ਕਹਾਣੀਆਂ ‘ਤੇ ਆਧਾਰਤ ਫਿਲਮਾਂ ਦਾ ਨਿਰਮਾਣ ਹੋਣ ਲੱਗਾ ਹੈ। ਮੌਜੂਦਾ ਸਿਨੇਮਾ ਨੇ ਜਿੱਥੇ ਦਰਸ਼ਕਾਂ ਨੂੰ ਪੁਰਾਤਨ ਵਿਆਹ ਕਲਚਰ ਨਾਲ ਜੋੜਿਆ ਹੈ, ਉਥੇ ਸਾਰਥਕ ਕਾਮੇਡੀ ਮਾਹੌਲ ਅਤੇ ‘ਚੰਨੋ’, ‘ਲੌਂਗ ਲੈਚੀ’ ਅਤੇ ‘ਗੁੱਡੀਆਂ ਪਟੋਲੇ’ ਵਰਗੀਆਂ ਨਾਰੀ ਚੇਤਨਾ ਦਾ ਛਿੱਟਾ ਦਿੰਦੀਆਂ ਔਰਤ ਪ੍ਰਧਾਨ ਫਿਲਮਾਂ ਦਾ ਨਿਰਮਾਣ ਵੀ ਕੀਤਾ ਹੈ।
ਹੁਣ ਇਸੇ ਲੜੀ ਦੀ ਇੱਕ ਹੋਰ ਫਿਲਮ ‘ਮਿੰਦੋ ਤਸੀਲਦਾਰਨੀ’ ਰਿਲੀਜ਼ ਹੋਣ ਜਾ ਰਹੀ ਹੈ, ਜੋ ਕਾਮੇਡੀ ਕਲਾਕਾਰ ਕਰਮਜੀਤ ਅਨਮੋਲ ਨੂੰ ਬਤੌਰ ਨਿਰਮਾਤਾ ਅਤੇ ਹੀਰੋ ਪੰਜਾਬੀ ਪਰਦੇ ‘ਤੇ ਪੇਸ਼ ਕਰੇਗੀ। ਨਿਰਮਾਤਾ ਵਜੋਂ ‘ਲਾਵਾਂ ਫੇਰੇ’ ਤੋਂ ਬਾਅਦ ਇਹ ਕਰਮਜੀਤ ਦੀ ਦੂਜੀ ਫਿਲਮ ਹੈ, ਜਿਸ ਵਿਚ ਉਹ ‘ਹਰਿਆਣਵੀ ਛੋਰੀ’ ਅਦਾਕਾਰਾ ਕਵਿਤਾ ਕੌਸ਼ਿਕ ਨਾਲ ਨਜ਼ਰ ਆਵੇਗਾ।
ਕਰਮਜੀਤ ਅਨਮੋਲ ਪ੍ਰੋਡਕਸ਼ਨ ਤੇ ਰਾਜੀਵ ਸਿੰਗਲਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਫਿਲਮ ਦਾ ਨਿਰਮਾਣ ਨਿਰਮਾਤਾ ਕਰਮਜੀਤ ਅਨਮੋਲ ਤੇ ਰਾਜੀਵ ਸਿੰਗਲਾ ਨੇ ਕੀਤਾ ਹੈ। ਮੌਂਟੀ ਬੈਨੀਪਾਲ ਤੇ ਪਵਿੱਤਰ ਬੈਨੀਵਾਲ ਇਸ ਫਿਲਮ ਦੇ ਸਹਿ ਨਿਰਮਾਤਾ ਹਨ। ‘ਮਿੰਦੋ ਤਸੀਲਦਾਰਨੀ’ ਬਾਰੇ ਕਰਮਜੀਤ ਅਨਮੋਲ ਨੇ ਦੱਸਿਆ ਕਿ ਇਹ ਫਿਲਮ ਪਿੰਡਾਂ ਦੇ ਕਲਚਰ, ਰਿਸ਼ਤੇ ਨਾਤਿਆਂ ਤੇ ਸਮਾਜ ਨਾਲ ਜੁੜੇ ਪਾਤਰਾਂ ਦੀ ਫਿਲਮ ਹੈ, ਜੋ ਬੀਤੇ ਦੌਰ ਨੂੰ ਚੇਤੇ ਕਰਦਿਆਂ ਅੱਜ ਵੀ ਸਾਡੇ ਮਨਾਂ ਦੇ ਕੋਨਿਆਂ ‘ਚ ਵਸੇ ਹੋਏ ਹਨ। ਫਿਲਮ ਦਾ ਨਿਰਦੇਸ਼ਨ ‘ਮਿੱਟੀ ਨਾ ਫਰੋਲ ਜੋਗੀਆ’, ‘ਰੁਪਿੰਦਰ ਗਾਂਧੀ 2’ ਅਤੇ ‘ਰਾਂਝਾ ਰਫਿਊਜ਼ੀ’ ਫਿਲਮਾਂ ਨਾਲ ਚਰਚਾ ਵਿਚ ਆਏ ਲੇਖਕ ਤੇ ਨਿਰਦੇਸ਼ਕ ਅਵਤਾਰ ਸਿੰਘ ਨੇ ਕੀਤਾ ਹੈ, ਤੇ ਸਹਿ ਨਿਰਦੇਸ਼ਕ ਅਨਿਲ ਸ਼ਰਮਾ ਹੈ।
ਮਿੰਦੋ ਤਸੀਲਦਾਰਨੀ ਇਲਾਕੇ ਦੀ ਇੱਕ ਵੱਡੀ ਉਚ ਅਧਿਕਾਰੀ ਹੈ, ਜਿਸ ਦੀ ਨੇੜਲੇ ਪਿੰਡ ਦੇ ‘ਤੇਜੇ ਛੜੇ’ ਨਾਲ ਪੁਰਾਣੀ ਜਾਣ-ਪਛਾਣ ਹੈ। ਇਸੇ ਨਿੱਕੀ ਜਿਹੀ ਜਾਣ-ਪਛਾਣ ਨੂੰ ਤੇਜਾ ਛੜਾ ਪਿੰਡ ਵਾਲਿਆਂ ਕੋਲ ਆਪਣੀ ਟੌਹਰ ਬਣਾਉਣ ਲਈ ਵਧਾ ਚੜ੍ਹਾ ਕੇ ਦੱਸਦਾ ਹੈ, ਜਿਸ ਨਾਲ ਹਾਲਾਤ ਹੀ ਕੁਝ ਅਜਿਹੇ ਦਿਲਚਸਪ ਬਣਦੇ ਹਨ, ਜੋ ਦਰਸ਼ਕਾਂ ਨੂੰ ਹਸਾ ਹਸਾ ਕੇ ਦੂਹਰੇ ਕਰਨਗੇ। ਫਿਲਮ ਪਿੰਡਾਂ ਤੇ ਸ਼ਹਿਰਾਂ ਦੇ ਪੜ੍ਹੇ ਤੇ ਅਨਪੜ੍ਹ ਲੋਕਾਂ ਦੀ ਸੋਚ ਅਤੇ ਮਾਨਸਿਕਤਾ ਦੀ ਗੱਲ ਕਰਨ ਦੇ ਨਾਲ ਸਾਡੇ ਸਮਾਜਕ ਭਾਈਚਾਰੇ ਅਤੇ ਰਿਸ਼ਤੇ ਨਾਤਿਆਂ ਦੀ ਅਹਿਮੀਅਤ ਬਾਰੇ ਦੱਸੇਗੀ।
ਫਿਲਮ ਦੇ ਟਰੇਲਰ ਮੁਤਾਬਕ ਸਰਦਾਰ ਸੋਹੀ ਦਾ ਕਿਰਦਾਰ ਵੀ ਆਮ ਫਿਲਮਾਂ ਤੋਂ ਬਹੁਤ ਹਟਵਾਂ ਤੇ ਦਿਲਚਸਪ ਹੈ। ਮਿੰਦੋ ਤਸੀਲਦਾਰਨੀ ਦੇ ਕਿਰਦਾਰ ਵਿਚ ਕਵਿਤਾ ਕੌਸ਼ਿਕ ਖੂਬ ਜਚੀ ਹੈ। ਉਸ ਦਾ ਡਾਇਲਾਗ ਅੰਦਾਜ਼ ਦਰਸ਼ਕਾਂ ਨੂੰ ਜਰੂਰ ਪ੍ਰਭਾਵਿਤ ਕਰੇਗਾ। ਕਰਮਜੀਤ ਅਨਮੋਲ ਤੇ ਕਵਿਤਾ ਕੌਸ਼ਿਕ ਤੋਂ ਇਲਾਵਾ ਫਿਲਮ ਵਿਚ ਗਾਇਕ ਰਾਜਵੀਰ ਜਵੰਧਾ ਤੇ ਈਸ਼ਾ ਰਿਖੀ ਦੀ ਜੋੜੀ ਦੀ ਵੱਖਰੀ ਰੁਮਾਂਟਿਕ ਸਟੋਰੀ ਹੈ। ਰਾਜਵੀਰ ਜਵੰਧਾ ਦਾ ਕਿਰਦਾਰ ਕਾਫੀ ਪ੍ਰਭਾਵਸ਼ਾਲੀ ਹੈ, ਜੋ ਦਰਸ਼ਕਾਂ ਨੂੰ ਪਸੰਦ ਆਵੇਗਾ। ਪੰਜਾਬੀ ਗਾਇਕ ਹਰਭਜਨ ਸ਼ੇਰਾ (‘ਤੇਰੀ ਯਾਦ ਚੰਦਰੀਏ’ ਵਾਲਾ) ਵੀ ਇਸ ਫਿਲਮ ਵਿਚ ਅਹਿਮ ਕਿਰਦਾਰ ‘ਚ ਨਜ਼ਰ ਆਵੇਗਾ।
ਫਿਲਮ ਵਿਚ ਹਰਬੀ ਸੰਘਾ, ਪ੍ਰਕਾਸ਼ ਗਾਧੂ, ਰੁਪਿੰਦਰ ਰੂਪੀ, ਮਲਕੀਤ ਰੌਣੀ, ਦਰਸ਼ਨ ਘਾਰੂ, ਮਿੰਟੂ ਜੱਟ, ਜਗਤਾਰ ਬੈਨੀਪਾਲ ਆਦਿ ਕਲਾਕਾਰਾਂ ਵੀ ਹਨ। ਫਿਲਮ ਦੇ ਗੀਤ ਵੀ ਬਹੁਤ ਢੁਕਵੇਂ ਤੇ ਮਨਾਂ ‘ਚ ਵੱਸਣ ਵਾਲੇ ਹਨ। ਹੈਪੀ ਰਾਏਕੋਟੀ, ਕੁਲਦੀਪ ਕੰਡਿਆਰਾ, ਗੁਰਬਿੰਦਰ ਮਾਨ ਤੇ ਹਰਮਨਜੀਤ ਦੇ ਲਿਖੇ ਗੀਤਾਂ ਨੂੰ ਗਿੱਪੀ ਗਰੇਵਾਲ, ਨਿੰਜਾ, ਕਰਮਜੀਤ ਅਨਮੋਲ, ਰਾਜਵੀਰ ਜਵੰਧਾ, ਮੰਨਤ ਨੂਰ, ਗੁਰਲੇਜ਼ ਅਖਤਰ, ਸਿਕੰਦਰ ਸਲੀਮ ਤੇ ਸੰਦੀਪ ਥਿੰਦ ਨੇ ਗਾਇਆ ਹੈ। ਫਿਲਮ ਦਾ ਸਕਰੀਨ ਪਲੇਅ ਅਤੇ ਪਟਕਥਾ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੇ ਹਨ। ਕਹਾਣੀ ਅਵਤਾਰ ਸਿੰਘ ਦੀ ਹੈ। ਇਹ ਫਿਲਮ ਓਮ ਜੀ ਗਰੁਪ ਵਲੋਂ 28 ਜੂਨ ਨੂੰ ਰਿਲੀਜ਼ ਕੀਤੀ ਜਾਵੇਗੀ।