ਕੈਪਟਨ ਦੀ ਨਾ-ਕਾਬਲੀਅਤ

ਕੈਪਟਨ ਅਮਰਿੰਦਰ ਸਿੰਘ ਨੇ ਸਵਾ ਦੋ ਪਹਿਲਾਂ ਜਦੋਂ ਤੋਂ ਪੰਜਾਬ ਦੀ ਕਮਾਨ ਸੰਭਾਲੀ ਹੈ, ਕਿਸੇ ਨਾ ਕਿਸੇ ਕਾਰਨ ਉਸ ਦੀ ਨਾ-ਕਾਬਲੀਅਤ ਦੀ ਚਰਚਾ ਹੁੰਦੀ ਰਹੀ ਹੈ। ਹੁਣ ਉਸ ਦੀ ਨਾ-ਕਾਬਲੀਅਤ ਦੋ ਸਾਲਾ ਬੱਚੇ ਫਤਿਹਵੀਰ ਦੀ ਮੌਤ ਨੇ ਜਾਹਰ ਕੀਤੀ ਹੈ। ਬੋਰਵੈਲ ਵਿਚ ਡਿੱਗੇ ਇਸ ਬੱਚੇ ਨੂੰ ਸਰਕਾਰ ਅਤੇ ਪ੍ਰਸ਼ਾਸਨ ਦੀ ਨਾ-ਅਹਿਲੀਅਤ ਕਾਰਨ ਬਚਾਇਆ ਨਹੀਂ ਜਾ ਸਕਿਆ। ਕੈਪਟਨ ਦੇ ਬਚਾ ਲਈ ਭਾਵੇਂ ਕੁਝ ਧਿਰਾਂ ਨੇ ਇਹ ਸਵਾਲ ਖੜ੍ਹੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬੋਰਵੈਲ ਇਸ ਤਰ੍ਹਾਂ ਖੁੱਲ੍ਹੇ ਰੱਖੇ ਹੀ ਕਿਉਂ ਹਨ? ਪਰ ਸੋਸ਼ਲ ਮੀਡੀਆ ਅਤੇ ਹੋਰ ਮੰਚਾਂ ਉਤੇ ਜਿਸ ਤਰ੍ਹਾਂ ਕੈਪਟਨ ਅਤੇ ਉਸ ਦੀ ਸਰਕਾਰ ਤੇ ਪ੍ਰਸ਼ਾਸਨ ਦੀ ਜੋ ਦੁਰ-ਦੁਰ ਹੋਈ ਹੈ, ਉਸ ਤੋਂ ਆਮ ਲੋਕਾਂ ਦੇ ਗੁੱਸੇ ਦਾ ਪਤਾ ਲੱਗ ਜਾਂਦਾ ਹੈ।

ਇਹ ਗੁੱਸਾ ਅਸਲ ਵਿਚ ਇਕੱਲੇ ਫਤਿਹਵੀਰ ਵਾਲੇ ਮਾਮਲੇ ਵਿਚ ਹੀ ਨਹੀਂ ਸੀ, ਪਿਛਲੇ ਸਵਾ ਦੋ ਸਾਲਾਂ ਤੋਂ ਲੋਕ ਵੱਖ-ਵੱਖ ਮਾਮਲਿਆਂ ਵਿਚ ਕੈਪਟਨ ਦੀ ਕਾਰਗੁਜ਼ਾਰੀ ਨੂੰ ਬਹੁਤ ਬੇਵੱਸ ਹੋ ਕੇ ਦੇਖ ਰਹੇ ਹਨ ਅਤੇ ਹੁਣ ਇਸ ਮਾਮਲੇ ਤੋਂ ਬਾਅਦ ਉਨ੍ਹਾਂ ਦਾ ਰੋਹ ਤੇ ਰੋਸ ਹਰ ਪਰਦਾ ਪਾੜ ਕੇ ਸਾਹਮਣੇ ਆ ਗਿਆ ਹੈ ਅਤੇ ਉਸ ਅੱਗੇ ਸਵਾਲਾਂ ਦੇ ਢੇਰ ਲਾ ਰਿਹਾ ਹੈ। ਇੰਨੇ ਦਿਨਾਂ ਦੌਰਾਨ ਨਾ ਪ੍ਰਸ਼ਾਸਨ ਅਤੇ ਨਾ ਹੀ ਸਰਕਾਰ ਇਹ ਤੈਅ ਕਰ ਸਕੀ ਕਿ ਬੱਚੇ ਨੂੰ ਬੋਰਵੈਲ ਵਿਚੋਂ ਕੱਢਣ ਦਾ ਕੰਮ ਹੈ ਕਿਸ ਦਾ? ਆਫਤਾਂ ਜਦੋਂ ਆਉਂਦੀਆਂ ਹਨ ਤਾਂ ਕਦੀ ਦੱਸ ਕੇ ਨਹੀਂ ਆਉਂਦੀਆਂ, ਸਰਕਾਰ ਅਤੇ ਪ੍ਰਸ਼ਾਸਨ ਦਾ ਮੁੱਖ ਕੰਮ ਇਹੀ ਹੁੰਦਾ ਹੈ ਕਿ ਮੌਕੇ ‘ਤੇ ਕਿੰਨੇ ਕਾਰਗਰ ਢੰਗ ਨਾਲ ਕਾਰਵਾਈ ਚਲਾਉਣੀ ਹੈ ਅਤੇ ਮਸਲੇ ਦਾ ਹੱਲ ਕੱਢਣਾ ਹੈ। ਇਸ ਮਾਮਲੇ ਵਿਚ ਸਰਕਾਰ ਇੰਨਾ ਰੌਲਾ ਪੈਣ ਦੇ ਬਾਵਜੂਦ ਸੁੱਤੀ ਹੀ ਰਹੀ। ਜਦੋਂ ਇਹ ਜਾਗੀ ਤਾਂ ਬਹੁਤ ਦੇਰ ਹੋ ਚੁੱਕੀ ਸੀ। ਮਗਰੋਂ ਕੈਪਟਨ ਨੇ ਆਪਣਾ ਹੈਲੀਕਾਪਟਰ ਵੀ ਘਟਨਾ ਸਥਾਨ ਉਤੇ ਭੇਜਿਆ ਪਰ ਉਦੋਂ ਤੱਕ ਤਾਂ ਬੱਚਾ ਇਸ ਦੁਨੀਆਂ ਨੂੰ ਅਲਵਿਦਾ ਆਖ ਚੁਕਾ ਸੀ।
ਸੂਬੇ ਦੇ ਲੋਕ ਇਸ ਗੱਲ ਤੋਂ ਬਹੁਤ ਔਖੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚਾਰ ਹਫਤਿਆਂ ਦੇ ਅੰਦਰ-ਅੰਦਰ ਪੰਜਾਬ ਵਿਚੋਂ ਨਸ਼ਿਆਂ ਦੇ ਖਾਤਮੇ ਦਾ ਐਲਾਨ ਹੀ ਨਹੀਂ ਸੀ ਕੀਤਾ ਸਗੋਂ ਗੁਟਕਾ ਹੱਥ ਵਿਚ ਫੜ੍ਹ ਕੇ ਸਹੁੰ ਖਾਧੀ ਸੀ ਪਰ ਸੱਤਾ ਸੰਭਾਲਣ ਤੋਂ ਬਾਅਦ ਇਸ ਮਾਮਲੇ ਵਿਚ ਕੁਝ ਵੀ ਕੀਤਾ ਨਾ ਗਿਆ। ਸੂਬੇ ਦਾ ਬੱਚਾ-ਬੱਚਾ ਜਾਣਦਾ ਹੈ ਕਿ ਪੰਜਾਬ ਵਿਚ ਨਸ਼ਿਆਂ ਦਾ ਕਾਰੋਬਾਰ ਨਸ਼ਾ ਸਮਗਲਰਾਂ, ਸਿਆਸਤਦਾਨਾਂ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਸਥਾਨਕ ਪੱਧਰ ਉਤੇ ਲੋਕ ਨਸ਼ਾ ਸਪਲਾਈ ਕਰਨ ਅਤੇ ਕਰਵਾਉਣ ਵਾਲਿਆਂ ਦੀ ਸ਼ਨਾਖਤ ਵੀ ਕਰਦੇ ਹਨ, ਪਰ ਪੁਲਿਸ ਇਹ ਸਾਰੇ ਤੱਥ ਦੱਸਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕਰਦੀ, ਕਿਉਂਕਿ ਸਿਆਸੀ ਅਸਰ-ਰਸੂਖ ਵਾਲੇ ਲੋਕ ਕਿਸੇ ਦੀ ਵੀ ਪੇਸ਼ ਨਹੀਂ ਜਾਣ ਦੇ ਰਹੇ। ਇਸੇ ਤਰ੍ਹਾਂ ਬੇਅਦਬੀ ਨਾਲ ਸਬੰਧਤ ਮਾਮਲਿਆਂ ਵਿਚ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਨ੍ਹਾਂ ਮਾਮਲਿਆਂ ਨਾਲ ਸਬੰਧਤ ਬਣੇ ਕਮਿਸ਼ਨਾਂ, ਇਨ੍ਹਾਂ ਦੀਆਂ ਜਾਂਚ ਰਿਪੋਰਟਾਂ ਅਤੇ ਪੁਲਿਸ ਵਲੋਂ ਹੁਣ ਤੱਕ ਜਿੰਨੀ ਕੁ ਕਾਰਵਾਈ ਕੀਤੀ ਗਈ ਹੈ, ਉਸ ਤੋਂ ਸਾਫ ਜਾਹਰ ਹੋ ਗਿਆ ਹੈ ਕਿ ਸ਼ੱਕ ਦੀ ਸੂਈ ਕਿਨ੍ਹਾਂ ਲੋਕਾਂ ਵਲ ਘੁੰਮ ਰਹੀ ਹੈ, ਪਰ ਇਸ ਮਾਮਲੇ ਨੂੰ ਕਿਸੇ ਨਾ ਕਿਸੇ ਬਹਾਨੇ ਲਗਾਤਾਰ ਲਟਕਾਇਆ ਜਾ ਰਿਹਾ ਹੈ। ਹੋਰ ਤਾਂ ਹੋਰ, ਇਸ ਮਾਮਲੇ ਦੀ ਜਾਂਚ ਵਿਚ ਜੁਟੀ ਵਿਸ਼ੇਸ਼ ਜਾਂਚ ਟੀਮ (ਸਿਟ) ਅੰਦਰ ਹੀ ਆਪਾ-ਵਿਰੋਧ ਦੀਆਂ ਖਬਰਾਂ ਬਾਹਰ ਆਉਣੀਆਂ ਸ਼ੁਰੂ ਹੋ ਗਈਆਂ ਹਨ। ਲੋਕਾਂ ਅੰਦਰ ਇਹ ਗੱਲਾਂ ਘਰ ਕਰ ਗਈਆਂ ਹਨ ਕਿ ਕੈਪਟਨ ਆਪਣੇ ਸਿਆਸੀ ਸ਼ਰੀਕਾਂ ਬਾਦਲਾਂ ਨੂੰ ਬਚਾਉਣ ਲਈ ਹੀ ਇਨ੍ਹਾਂ ਮਾਮਲਿਆਂ ਨੂੰ ਲਮਕਾ ਰਿਹਾ ਹੈ। ਲੋਕ ਸਭਾ ਚੋਣਾਂ ਦੌਰਾਨ ਪੱਤਰਕਾਰਾਂ ਨੇ ਇਸ ਬਾਬਤ ਸਵਾਲ ਵੀ ਕੈਪਟਨ ਨੂੰ ਪੁੱਛੇ ਸਨ ਅਤੇ ਇਨ੍ਹਾਂ ਸਵਾਲਾਂ ਦਾ ਉਸ ਕੋਲ ਉਸ ਵਕਤ ਕੋਈ ਤਸੱਲੀਬਖਸ਼ ਜਵਾਬ ਨਹੀਂ ਸੀ ਅਤੇ ਨਾ ਹੀ ਹੁਣ ਹੈ।
ਲੋਕ ਸਭਾ ਚੋਣਾਂ ਦੌਰਾਨ ਕੁਲ 13 ਵਿਚੋਂ 8 ਸੀਟਾਂ ਜਿੱਤ ਕੇ ਪੰਜਾਬ ਕਾਂਗਰਸ ਨੇ ਪ੍ਰਚਾਰ ਰਾਹੀਂ ਇਹ ਦਰਸਾਉਣ ਦਾ ਯਤਨ ਕੀਤਾ ਕਿ ਇਹ ਜਿੱਤ ਕੈਪਟਨ ਦੀ ਕਾਰਗੁਜ਼ਾਰੀ ਕਾਰਨ ਹੋਈ ਹੈ ਜਦਕਿ ਸੱਚ ਇਹ ਹੈ ਕਿ ਕਾਂਗਰਸ ਇਹ ਸੀਟਾਂ ਵਿਰੋਧੀ ਧਿਰ ਦੀ ਕਮਜ਼ੋਰੀ ਕਾਰਨ ਹੀ ਜਿੱਤਣ ਵਿਚ ਕਾਮਯਾਬ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਮੂੰਹ ਹੀ ਨਹੀਂ ਲਾਇਆ। ਸੂਬੇ ਵਿਚ ਕਦੇ ਤੀਜੀ ਅਤੇ ਕਦੀ ਪਹਿਲੀ ਤੇ ਕਦੀ ਦੂਜੀ ਧਿਰ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦਾ ਜੋ ਹਸ਼ਰ ਹੋਇਆ ਹੈ, ਉਸ ਤੋਂ ਸਭ ਵਾਕਫ ਹਨ। ਚੌਥਾ ਮੋਰਚਾ ਵੀ ਕੋਈ ਜ਼ਿਕਰਯੋਗ ਪ੍ਰਾਪਤੀਆਂ ਕਰਨ ਵਿਚ ਅਸਫਲ ਰਿਹਾ ਹੈ। ਜਾਹਰ ਹੈ ਕਿ ਲੋਕਾਂ ਨੇ ਕੋਈ ਹੋਰ ਦਮਦਾਰ ਧਿਰ ਨਾ ਹੋਣ ਦੀ ਸੂਰਤ ਵਿਚ ਹੀ ਕਾਂਗਰਸ ਨੂੰ ਜਿਤਾਇਆ। ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਇਕ ਵੀ ਅਜਿਹਾ ਮੁੱਦਾ ਨਹੀਂ ਗਿਣਾ ਸਕੇ, ਜੋ ਉਸ ਨੇ ਸਿਰੇ ਲਾਇਆ ਹੋਵੇ। ਸਿਹਤ ਅਤੇ ਸਿਖਿਆ ਦੇ ਢਾਂਚੇ ਡਾਵਾਂਡੋਲ ਹਨ। ਬੇਰੁਜ਼ਗਾਰੀ ਹੱਦਾਂ-ਬੰਨੇ ਟੱਪ ਰਹੀ ਹੈ ਅਤੇ ਬੇਵਸ ਨੌਜਵਾਨਾਂ ਨੇ ਪਰਦੇਸਾਂ ਵਲ ਵਹੀਰਾਂ ਘੱਤੀਆਂ ਹੋਈਆਂ ਹਨ। ਆਮ ਲੋਕਾਂ ਲਈ ਸੂਬੇ ਦਾ ਖਜਾਨਾ ਅਜੇ ਵੀ ਖਾਲੀ ਹੈ, ਪਰ ਇਸ ਖਾਲੀ ਖਜਾਨੇ ਦਾ ਅਸਰ-ਰਸੂਖ ਵਾਲਿਆਂ ਉਤੇ ਕੋਈ ਅਸਰ ਨਹੀਂ ਪੈ ਰਿਹਾ। ਆਉਣ ਵਾਲੇ ਦਿਨਾਂ ਵਿਚ ਕੈਪਟਨ ਅਤੇ ਉਸ ਦੀ ਸਰਕਾਰ ਦੀ ਨਾ-ਕਾਬਲੀਅਤ ਦੀਆਂ ਗੱਲਾਂ ਹੋਰ ਉਚੀਆਂ ਹੋਣੀਆਂ ਹਨ। ਉਂਜ, ਸੂਬੇ ਵਿਚਲਾ ਸਿਆਸੀ ਮਾਹੌਲ ਦੱਸਦਾ ਹੈ ਕਿ ਆਮ ਲੋਕਾਂ ਦੀ ਅਵਾਜ਼ ਬਣਨ ਵਾਲਾ ਕੋਈ ਆਗੂ ਜਾਂ ਕੋਈ ਧਿਰ ਕਿਧਰੇ ਨਜ਼ਰ ਨਹੀਂ ਆ ਰਹੇ। ਅਜਿਹੇ ਹਾਲਾਤ ਵਿਚ ਬੇਵਸ ਲੋਕ ਆਪੋ-ਆਪਣੇ ਥਾਂਈਂ ਕੂਕਾਂ ਮਾ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਲੋਕਾਂ ਨੂੰ ਬੇਵਸੀ ਦੀ ਇਸ ਦਲਦਲ ਵਿਚੋਂ ਬਾਹਰ ਕੌਣ ਕੱਢਦਾ ਹੈ? ਪੰਜਾਬ ਕਈ ਸਾਲਾਂ ਤੋਂ ਸਿਆਸੀ ਤਬਦੀਲੀ ਦੀ ਤਾਂਘ ਵਾਰ-ਵਾਰ ਪ੍ਰਗਟ ਕਰ ਰਿਹਾ ਹੈ, ਪਰ ਅਜੇ ਕੋਈ ਰਾਹ ਨਹੀਂ ਲੱਭ ਰਿਹਾ।