ਆਫੀਆ ਸਦੀਕੀ ਦਾ ਜਹਾਦ-14

ਤੁਸੀਂ ਪੜ੍ਹ ਚੁੱਕੇ ਹੋæææ
ਪਾਕਿਸਤਾਨ ‘ਚ ਆਫੀਆ ਦੀ ਮਾਂ ਇਸਮਤ ਜਹਾਨ, ਮਜ਼ਹਬੀ ਤਾਲੀਮ ਦੇ ਖੇਤਰ ਦੀ ਉਘੀ ਸ਼ਖਸੀਅਤ ਸੀ ਤੇ ਇਸ ਮਜ਼ਹਬੀ ਤਾਲੀਮ ਦਾ ਆਫੀਆ ਉਤੇ ਬਹੁਤ ਗੂੜ੍ਹਾ ਰੰਗ ਚੜ੍ਹਿਆ। ਆਲੇ-ਦੁਆਲੇ ਦੇ ਮਾਹੌਲ ਨੇ ਵੀ ਅਸਰ ਪਾਇਆ। ਆਫੀਆ ਦੇ ਪਰਿਵਾਰ ਦਾ ‘ਜਹਾਦੀ’ ਜਨਰਲ ਜ਼ਿਆ-ਉਲ-ਹੱਕ ਅਤੇ ਹੋਰ ਕਹਿੰਦੇ-ਕਹਾਉਂਦੇ ਪਰਿਵਾਰਾਂ ਨਾਲ ਰਾਬਤਾ ਸੀ। ਫਿਰ ਉਹ ਪੜ੍ਹਾਈ ਲਈ ਆਪਣੇ ਭਰਾ ਮੁਹੰਮਦ ਅਲੀ ਕੋਲ ਅਮਰੀਕਾ ਪੁੱਜ ਗਈ। ਅਲੀ ਕੋਲ ਆਉਂਦੇ ਉਸ ਦੇ ਦੋਸਤਾਂ ਨਾਲ ਉਹ ਅਕਸਰ ਇਸਲਾਮ ਬਾਰੇ ਬਹਿਸਾਂ ਕਰਦੀ। ਉਸ ਦੀ ਹਰ ਗੱਲ ਮਜ਼ਹਬ ਦੇ ਪ੍ਰਸੰਗ ਵਿਚ ਹੁੰਦੀ। ਇਸਲਾਮ ਉਸ ਨੂੰ ਦੁਨੀਆਂ ਦਾ ਨਿਆਰਾ ਅਤੇ ਬਿਹਤਰ ਮਜ਼ਹਬ ਜਾਪਦਾ। ਇਸੇ ਜੋਸ਼ ਵਿਚ ਉਹ ਦੂਜੇ ਮਜ਼ਹਬਾਂ ਦੀ ਕਦਰ ਕਰਨਾ ਵੀ ਭੁੱਲ ਜਾਂਦੀ। ਉਸ ਦੀ ਲੋਚਾ ਸੀ ਕਿ ਸੰਸਾਰ ਉਤੇ ਇਸਲਾਮ ਦਾ ਬੋਲਬਾਲਾ ਹੋਵੇ। ਉਹ ਬੋਸਟਨ ਦੀ ਪ੍ਰਸਿੱਧ ਸੰਸਥਾ ਮੈਸਾਚੂਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ ਵਿਚ ਦਾਖਲ ਹੋਈ ਤਾਂ ਆਪਣੀ ਲਿਆਕਤ ਕਰ ਕੇ ਛੇਤੀ ਹੀ ਮਕਬੂਲ ਹੋ ਗਈ। ਉਥੇ ਉਸ ਦਾ ਸੰਪਰਕ ਮੁਸਲਿਮ ਸਟੂਡੈਂਟਸ ਐਸੋਸੀਏਸ਼ਨ ਨਾਲ ਹੋਇਆ ਤੇ ਫਿਰ ਜਹਾਦੀਆਂ ਨਾਲ। ਜਹਾਦੀਆਂ ਦਾ ਨਾਅਰਾ ਕਾਫਰ ਮਾਰਨ ਦਾ ਸੀ। 1993 ਦੀਆਂ ਛੁੱਟੀਆਂ ਵਿਚ ਆਫੀਆ ਪਾਕਿਸਤਾਨ ਗਈ ਅਤੇ ਤਕਰੀਰਾਂ ਕੀਤੀਆਂ। ਵਾਪਸੀ ਵੇਲੇ ਉਹ ਅਤਿਅੰਤ ਉਤਸ਼ਾਹ ਨਾਲ ਭਰੀ ਪਈ ਸੀ। ਉਹ ਜਹਾਦ ਨਾਲ ਹੋਰ ਡੂੰਘਾ ਜੁੜ ਗਈ। ਘਰਵਾਲਿਆਂ ਦੇ ਜ਼ੋਰ ਪਾਉਣ ‘ਤੇ ਉਸ ਦਾ ਨਿਕਾਹ ਅਹਿਮਦ ਮੁਹੰਮਦ ਖਾਨ ਨਾਲ ਪੜ੍ਹਿਆ ਗਿਆ। ਉਹ ਵੀ ਉਸ ਕੋਲ ਅਮਰੀਕਾ ਪੁੱਜ ਗਿਆ। ਫਿਰ 9/11 ਵਾਲਾ ਭਾਣਾ ਵਰਤ ਗਿਆ। ਆਫੀਆ ਪਾਕਿਸਤਾਨ ਪਰਤ ਗਈ ਅਤੇ ਅਮਜਦ ਨੂੰ ਵੀ ਸੱਦ ਲਿਆ। ਜਹਾਦ ਬਾਰੇ ਦੋਹਾਂ ਵਿਚਕਾਰ ਪਾੜਾ ਲਗਾਤਾਰ ਵਧਣ ਲੱਗ ਪਿਆ ਤੇ ਆਖਰਕਾਰ ਦੋਵੇਂ ਵੱਖ ਹੋ ਗਏ। ਅਮਜਦ ਖਾਨ ਨੇ ਕਿਸੇ ਹੋਰ ਕੁੜੀ ਨਾਲ ਨਿਕਾਹ ਕਰਵਾ ਲਿਆ।æææਹੁਣ ਅੱਗੇ ਪੜ੍ਹੋæææ

ਹਰਮਹਿੰਦਰ ਚਹਿਲ
ਫੋਨ: 703-362-3239
ਬਚਪਨ ਤੋਂ ਲੈ ਕੇ ਅੱਜ ਤੱਕ ਆਫੀਆ ਨੇ ਬੜੀਆਂ ਮੱਲਾਂ ਮਾਰੀਆਂ ਸਨ। ਕੀ ਪੜ੍ਹਾਈ ਦਾ ਖੇਤਰ, ਕੀ ਮਜ੍ਹਬ ਜਾਂ ਫਿਰ ਸਮਾਜ ਸੇਵਾ ਦਾ ਖੇਤਰ, ਆਫੀਆ ਨੇ ਹਰ ਪਾਸੇ ਆਪਣਾ ਲੋਹਾ ਮੰਨਵਾਇਆ ਸੀ। ਸਭ ਨੂੰ ਪਤਾ ਸੀ ਕਿ ਆਫੀਆ ਇੱਕ ਬਹੁਤ ਹੀ ਬੁੱਧੀਮਾਨ ਸ਼ਖਸੀਅਤ ਹੈ। ਪਰ ਇਸ ਸਭ ਦੇ ਬਾਵਜੂਦ ਅੱਜ ਉਹ 31 ਸਾਲ ਦੀ ਉਮਰ ‘ਚ ਇਕੱਲੀ ਰਹਿ ਗਈ ਸੀ। ਗੁੰਮਨਾਮੀ ਦੀ ਜ਼ਿੰਦਗੀ ਉਸ ਦੇ ਸਾਹਮਣੇ ਖੜ੍ਹੀ ਸੀ। ਉਸ ‘ਤੇ ਤਲਾਕਸ਼ੁਦਾ ਦਾ ਧੱਬਾ ਲੱਗ ਚੁਕਾ ਸੀ, ਜਿਸ ਦੀ ਕਿ ਪਾਕਿਸਤਾਨੀ ਸਮਾਜ ਵਿਚ ਕੋਈ ਪੁੱਛ ਪ੍ਰਤੀਤ ਨਹੀਂ। ਤਲਾਕ ਮਗਰੋਂ ਕਈ ਹਫਤੇ ਤੱਕ ਉਹ ਬਹੁਤ ਹੀ ਮਾਨਸਿਕ ਤਣਾਉ ‘ਚੋਂ ਗੁਜ਼ਰੀ। ਫਿਰ ਹੌਲੀ ਹੌਲੀ ਸੰਭਲਣ ਲੱਗੀ। ਇੱਕ ਸਵੇਰ ਉਹ ਪੰਛੀਆਂ ਨੂੰ ਦਾਣੇ ਪਾ ਰਹੀ ਸੀ ਕਿ ਉਸ ਦੀ ਮਾਂ ਨੇ ਦੂਰੋਂ ਆਵਾਜ਼ ਮਾਰੀ, “ਆਫੀਆ ਤੇਰਾ ਫੋਨ ਐਂ।”
“ਕੌਣ ਐਂ ਫੋਨ ‘ਤੇ ਅੰਮੀ?”
“ਵਕੀਲ ਐ।”
“ਕੀ ਕਹਿੰਦਾ ਐ?”
“ਆਪੇ ਗੱਲ ਕਰਕੇ ਪੁੱਛ ਲੈ।”
“ਜੀ ਅੰਮੀ।” ਆਫੀਆ ਨੇ ਦਾਣਿਆਂ ਵਾਲਾ ਛਿੱਕੂ ਪਾਸੇ ਰੱਖ ਦਿੱਤਾ ਤੇ ਫੋਨ ਚੁੱਕ ਲਿਆ। ਦੂਸਰੇ ਪਾਸਿਉਂ ਆਵਾਜ਼ ਆਈ, “ਜੀ ਮੈਂ ਮੋਹਤਰਮਾ ਆਫੀਆ ਜੀ ਨਾਲ ਗੱਲ ਕਰਨੀ ਐਂ।”
“ਮੈਂ ਆਫੀਆ ਈ ਬੋਲ ਰਹੀ ਆਂ। ਆਪ ਕੌਣ ਸਾਹਿਬ?”
“ਜੀ ਮੈਂ ਜਨਾਬ ਅਮਜਦ ਹੋਰਾਂ ਦਾ ਵਕੀਲ ਆਂ।”
“ਦੱਸੋ ਕਿਵੇਂ ਯਾਦ ਫੁਰਮਾਇਆ?” ਆਫੀਆ ਜ਼ਰਾ ਵਿਅੰਗ ‘ਚ ਬੋਲੀ।
“ਜੀ ਅਮਜਦ ਸਾਹਿਬ ਪੁੱਛ ਰਹੇ ਸਨ ਕਿ ਜੋ ਚੈਕ ਉਨ੍ਹਾਂ ਬੱਚਿਆਂ ਲਈ ਭੇਜਿਆ ਸੀ ਕੀ ਉਹ ਕੈਸ਼ ਹੋ ਚੁਕਾ ਐ?”
“ਹਾਂ ਹੋ ਚੁਕਾ ਐ ਕੈਸ਼।”
“ਜੀ ਉਹ ਬੱਚਿਆਂ ਨੂੰ ਮਿਲਣ ਲਈ ਇਜਾਜ਼ਤ ਮੰਗ ਰਹੇ ਸਨ।” ਵਕੀਲ ਝਿਜਕਦਾ ਜਿਹਾ ਬੋਲਿਆ। ਉਹ ਆਫੀਆ ਦੇ ਖਰਵੇ ਸੁਭਾਅ ਤੋਂ ਜਾਣੂੰ ਸੀ।
“ਹੂੰææææ।” ਆਫੀਆ ਉਸ ਦੀ ਗੱਲ ਦਾ ਹੁੰਗਾਰਾ ਭਰਦੀ ਮਨ ‘ਚ ਸੋਚਣ ਲੱਗੀ, ‘ਕੀ ਏਸ ਤੜਪ ਨੂੰ ਸਹਿਣ ਦਾ ਠੇਕਾ ਇਕੱਲੀ ਆਫੀਆ ਨੇ ਈ ਚੁਕਿਆ ਹੋਇਐ। ਅਮਜਦ ਸਾਹਿਬ ਨੂੰ ਵੀ ਇਸ ‘ਚ ਸ਼ਰੀਕ ਹੋਣਾ ਚਾਹੀਦਾ ਐ। ਜ਼ਰਾ ਉਸ ਨੂੰ ਵੀ ਪਤਾ ਲੱਗੇ ਕਿ ਤੜਪ ਕੀ ਹੁੰਦੀ ਐ ਤੇ ਇਹ ਤੰਗ ਕਿਵੇਂ ਕਰਦੀ ਐ।’ ਉਧਰੋਂ ਵਕੀਲ ਕੁਝ ਬੋਲਿਆ ਤਾਂ ਆਫੀਆ ਖਿਆਲਾਂ ‘ਚੋਂ ਨਿਕਲਦੀ ਹੋਈ ਬੋਲੀ, “ਜੀ ਤੁਹਾਡੇ ਅਮਜਦ ਸਾਹਿਬ ਨੂੰ ਕਹਿ ਦਿਉ ਕਿ ਆਫੀਆ ਅਤੇ ਉਸ ਦੇ ਬੱਚੇ ਇਸ ਪਤੇ ‘ਤੇ ਨ੍ਹੀਂ ਰਹਿੰਦੇ।”
“ਮੋਹਤਰਮਾ, ਬੱਚਿਆਂ ਨੂੰ ਮਿਲਣ ਦਾ ਅਧਿਕਾਰ ਮੇਰੇ ਸਾਇਲ ਨੂੰ ਕੋਰਟ ਦਿੰਦੀ ਐ। ਤੁਸੀਂ ਪਲੀਜ਼ ਇੰਜ ਨਾ ਕਰੋ ਮੇਰੀ ਗੱਲ਼æææ।”
ਆਫੀਆ ਨੇ ਉਸ ਦੀ ਗੱਲ ਵਿਚਕਾਰ ਹੀ ਟੋਕ ਦਿੱਤੀ ਤੇ ਜ਼ਰਾ ਖਰਵੀ ਆਵਾਜ਼ ‘ਚ ਬੋਲੀ, “ਜੋ ਕੁਛ ਮੇਰੇ ਨਾਲ ਹੋ ਚੁਕਿਐ ਤੁਹਾਡੀ ਕੋਰਟ ਮੇਰਾ ਇਸ ਤੋਂ ਬੁਰਾ ਕੀ ਕਰ ਦਊਗੀ। ਜਾਉ, ਮੈਂ ਨ੍ਹੀਂ ਕਿਸੇ ਨੂੰ ਮੇਰੇ ਬੱਚਿਆਂ ਦੇ ਨੇੜੇ ਲੱਗਣ ਦਿੰਦੀ।” ਇੰਨਾ ਕਹਿ ਕੇ ਆਫੀਆ ਨੇ ਫੋਨ ਸੋਫੇ ‘ਤੇ ਚਲਾ ਮਾਰਿਆ। ਉਸ ਦੀ ਮਾਂ ਕੋਲ ਖੜ੍ਹੀ ਸਭ ਸੁਣ ਹੀ ਰਹੀ ਸੀ। ਉਹ ਗੁੱਸੇ ‘ਚ ਬੋਲੀ, “ਕੱਖ ਨਾ ਰਹੇ ਇਸ ਨਾਈਮ ਖਾਂ ਦੇ ਪੁੱਤਰ ਦਾ। ਮੇਰੀ ਧੀ ਦਾ ਬੇੜਾ ਡੋਬ ਦਿੱਤਾ ਉਸ ਨੇ। ਅੱਲਾ ਕਰੇ ਉਸ ਦੇ ਕੀੜੇæææ।” ਇਸਮਤ ਦੀ ਗੱਲ ਵਿਚਕਾਰ ਹੀ ਸੀ ਕਿ ਆਫੀਆ ਜ਼ੋਰ ਦੀ ਚਿਲਾਈ, “ਅੰਮੀ! ਤੈਨੂੰ ਕਿੰਨੇ ਵਾਰੀ ਕਿਹਾ ਐ ਕਿ ਤੂੰ ਉਸ ਬਾਰੇ ਮਾੜੇ ਲਫਜ਼ ਨਾ ਬੋਲਿਆ ਕਰ।”
“ਤੈਨੂੰ ਉਸ ਨੇ ਕਿਸੇ ਪਾਸੇ ਦੀ ਨ੍ਹੀਂ ਛੱਡਿਆ ਤੇ ਤੂੰ ਅਜੇ ਵੀ ਉਸ ਦਾ ਪੱਖ ਪੂਰਦੀ ਐਂ?”
“ਉਹ ਸਾਡਾ ਆਪਸ ਦਾ ਮਾਮਲਾ ਐ। ਪਰ ਕਿਸੇ ਨੂੰ ਕੋਈ ਅਧਿਕਾਰ ਨ੍ਹੀਂ ਕਿ ਅਮਜਦ ਬਾਰੇ ਬੁਰੇ ਲਫਜ਼ ਬੋਲੇ।”
ਆਫੀਆ ਪੈਰ ਪਟਕਦੀ ਅੰਦਰ ਚਲੀ ਗਈ ਤਾਂ ਇਸਮਤ ਮਨ ਈ ਮਨ ‘ਚ ਬੋਲੀ, ‘ਅਜ਼ੀਬ ਐ ਇਹ ਕੁੜੀ ਵੀ।’।
ਇਸ ਦੇ ਘੰਟਾ ਕੁ ਪਿੱਛੋਂ ਫਿਰ ਫੋਨ ਖੜਕਿਆ ਤਾਂ ਆਫੀਆ ਨੇ ਗੁੱਸੇ ‘ਚ ਹੈਲੋ ਕਹੀ। ਪਰ ਛੇਤੀ ਹੀ ਠੰਡੀ ਪੈ ਗਈ। ਪਹਿਲਾਂ ਉਹ ਸਮਝੀ ਸੀ ਕਿ ਫੋਨ ਅਮਜਦ ਦੇ ਵਕੀਲ ਦਾ ਹੋਵੇਗਾ ਪਰ ਇਹ ਕੋਈ ਉਸ ਦੇ ਜਾਨਣ ਵਾਲਾ ਸੀ। ਫੋਨ ਬੰਦ ਕਰਦਿਆਂ ਉਹ ਆਪਣਾ ਮਿਜ਼ਾਜ਼ ਠੀਕ ਕਰਨ ਲੱਗੀ। ਥੋੜੀ ਦੇਰ ਪਿੱਛੋਂ ਉਸ ਨੇ ਤਲਖੀ ਹਟਾਉਂਦਿਆਂ ਮਾਂ ਨੂੰ ਬਾਜ਼ਾਰ ਜਾਣ ਲਈ ਮਨਾ ਲਿਆ। ਮਾਂ ਧੀ ਤਿਆਰ ਹੋ ਕੇ ਬਾਜ਼ਾਰ ਚੱਲ ਪਈਆਂ। ਬਾਜ਼ਾਰ ‘ਚ ਖਰੀਦੋ-ਫਰੋਖਤ ਕਰਦਿਆਂ ਆਫੀਆ ਮਾਂ ਨਾਲੋਂ ਵੱਖ ਹੋ ਗਈ। ਪੰਦਰਾਂ ਵੀਹ ਮਿੰਟਾਂ ਪਿੱਛੋਂ ਉਹ ਫਿਰ ਮਾਂ ਕੋਲ ਆ ਗਈ। ਇਸ ਵਿਚਕਾਰ ਉਹ ਇੱਕ ਰੈਸਟੋਰੈਂਟ ‘ਚ ਬੈਠੇ ਸੁਲੇਮਾਨ ਐਹਮਰ ਕੋਲ ਗਈ ਸੀ। ਬੱਸ ਦੋ-ਚਾਰ ਗੱਲਾਂ ਕਰਕੇ ਹੀ ਉਹ ਮੁੜ ਆਈ। ਘਰ ਆ ਕੇ ਉਸ ਨੇ ਇਸਮਤ ਨੂੰ ਇਸ ਗੱਲ ਲਈ ਸਹਿਮਤ ਕਰ ਲਿਆ ਕਿ ਘਰ ਦਾ ਅੱਧਾ ਹਿੱਸਾ ਕਿਰਾਏ ‘ਤੇ ਦੇ ਦਿੱਤਾ ਜਾਵੇ। ਇਸਮਤ ਨੇ ਵੀ ਸੋਚਿਆ ਕਿ ਇਸ ਨਾਲ ਆਮਦਨੀ ਵਿਚ ਮਦਦ ਮਿਲੇਗੀ। ਅਗਲੇ ਦਿਨ ਹੀ ਆਫੀਆ ਨੇ ਇਸ਼ਤਿਹਾਰ ਦੇ ਦਿੱਤਾ। ਫਿਰ ਘਰ ਕਿਰਾਏ ‘ਤੇ ਲੈਣ ਵਾਲਿਆਂ ਦੇ ਫੋਨ ਆਉਣ ਲੱਗੇ। ਪਰ ਆਫੀਆ ਨੇ ਹਰ ਇੱਕ ਨੂੰ ਟਾਲ ਦਿੱਤਾ। ਉਸ ਨੇ ਉਸੇ ਪਰਿਵਾਰ ਨੂੰ ਘਰ ਕਿਰਾਏ ‘ਤੇ ਦੇਣ ਲਈ ਹਾਂ ਕਹੀ ਜਿਸ ਲਈ ਸੁਲੇਮਾਨ ਐਹਮਰ ਨੇ ਕਿਹਾ ਸੀ। ਇਹ ਸੀ ਅਲ ਬਲੋਚੀ ਪਰਿਵਾਰ।
ਪਹਿਲਾਂ ਪਰਿਵਾਰ ਦੀਆਂ ਔਰਤਾਂ ਨੇ ਇੱਥੇ ਆ ਕੇ ਰਹਿਣਾ ਸ਼ੁਰੂ ਕੀਤਾ। ਇਸਮਤ ਨਾਲ ਉਨ੍ਹਾਂ ਬੜੇ ਚੰਗੇ ਸਬੰਧ ਰੱਖੇ। ਆਫੀਆ ਨਾਲ ਵੀ ਉਨ੍ਹਾਂ ਦੀ ਨੇੜਤਾ ਹੋ ਗਈ। ਇਹ ਨੇੜਤਾ ਛੇਤੀ ਹੀ ਗੂੜ੍ਹੀ ਦੋਸਤੀ ਵਿਚ ਬਦਲ ਗਈ। ਉਸ ਪਰਿਵਾਰ ‘ਚ ਦੋ ਜੁਆਨ ਕੁੜੀਆਂ ਸਨ ਜਿਨ੍ਹਾਂ ਨਾਲ ਆਫੀਆ ਦੇ ਗੂਹੜੇ ਸਬੰਧ ਬਣ ਗਏ। ਉਹ ਉਨ੍ਹਾਂ ਦੇ ਨਾਲ ਬਾਹਰ ਅੰਦਰ ਵੀ ਜਾਣ ਆਉਣ ਲੱਗੀ। ਇਸ ਵਿਚਕਾਰ ਉਹ ਉਨ੍ਹਾਂ ਦੇ ਅਸਲੀ ਘਰ ਵੀ ਗਈ। ਉਥੇ ਹੀ ਉਨ੍ਹਾਂ ਕੁੜੀਆਂ ਨੇ ਆਫੀਆ ਨੂੰ ਆਪਣੇ ਭਰਾ, ਅਲੀ ਅਬਦੁਲ ਅਜੀਜ ਅਲੀ ਨਾਲ ਮਿਲਾਇਆ। ਉਸ ਨੂੰ ਸਾਰੇ ਸਿਰਫ ਅਲੀ ਕਹਿ ਕੇ ਹੀ ਬੁਲਾਉਂਦੇ ਸਨ ਜਿਹੜਾ ਕਿ ਪੰਝੀ ਕੁ ਸਾਲ ਦੀ ਉਮਰ ਦਾ ਸੀ। ਫਿਰ ਇਸ ਪਰਿਵਾਰ ਦੀਆਂ ਔਰਤਾਂ ਦਾ ਆਫੀਆ ਦੇ ਘਰ ਆਉਣਾ ਜਾਣਾ ਘਟਦਾ ਗਿਆ ਪਰ ਉਥੇ ਹਰ ਰੋਜ਼ ਨਵੇਂ ਹੀ ਲੋਕ ਆਉਣ ਲੱਗੇ। ਕੋਈ ਆਉਂਦਾ ਤੇ ਕੋਈ ਜਾਂਦਾ। ਹਰ ਰੋਜ਼ ਨਵੇਂ ਚਿਹਰੇ ਇਸਮਤ ਵੇਖਦੀ। ਪਰ ਉਸ ਨੂੰ ਇਸ ਨਾਲ ਮਤਲਬ ਨਹੀਂ ਸੀ। ਉਂਜ ਉਹ ਸੋਚਦੀ ਸੀ ਕਿ ਵੱਡਾ ਪਰਿਵਾਰ ਹੈ ਇਸ ਕਰਕੇ ਪਰਿਵਾਰਕ ਮੈਂਬਰ ਵੀ ਜ਼ਿਆਦਾ ਹਨ। ਉਸ ਨੂੰ ਦੱਸਿਆ ਵੀ ਗਿਆ ਸੀ ਕਿ ਇਹ ਵਪਾਰੀ ਪਰਿਵਾਰ ਹੈ ਜਿਸ ਦੇ ਲੋਕ ਆਉਂਦੇ ਜਾਂਦੇ ਰਹਿੰਦੇ ਹਨ। ਪਰ ਅਸਲ ‘ਚ ਸੁਲੇਮਾਨ ਐਹਮਰ ਨੇ ਅਲ ਕਾਇਦਾ ਦੇ ਰੂਪੋਸ਼ ਮੈਂਬਰਾਂ ਨੂੰ ਲੁਕਾਉਣ ਲਈ ਘਰ ਨੂੰ ਕਿਰਾਏ ‘ਤੇ ਦੇਣ ਵਾਲਾ ਇਹ ਪ੍ਰਬੰਧ ਕਰਵਾਇਆ ਸੀ। ਇੱਥੋਂ ਹੀ ਪਹਿਲੀ ਵਾਰ ਆਫੀਆ, ਅਲ ਬਲੋਚੀ ਪਰਿਵਾਰ ਦੇ ਸੰਪਰਕ ਵਿਚ ਆਈ ਸੀ। ਉਸ ਨੂੰ ਆਪਣੇ ਪਰਿਵਾਰ ‘ਚ ਘੁਲ ਮਿਲ ਜਾਣ ਦਾ ਇੰਤਜ਼ਾਮ ਵੀ ਅਲ ਬਲੋਚੀ ਪਰਿਵਾਰ ਦੇ ਮੋਢੀ ਕੇæ ਐਸ਼ ਐਮæ ਨੇ ਕੀਤਾ ਸੀ। ਉਸ ਨੂੰ ਚੰਗੀ ਤਰ੍ਹਾਂ ਵੇਖਣ ਪਰਖਣ ਪਿੱਛੋਂ ਹੀ ਇੱਕ ਦਿਨ ਸੁਲੇਮਾਨ ਐਹਮਰ ਨੇ ਕੇæ ਐਸ਼ ਐਮæ ਨਾਲ ਗੱਲ ਛੇੜੀ, “ਕਿਵੇਂ ਲੱਗੀ ਤੁਹਾਨੂੰ ਇਹ ਕੁੜੀ?”
“ਇਹ ਪਤਾ ਤਾਂ ਉਦੋਂ ਹੀ ਲੱਗੂ ਜਦੋਂ ਇਹ ਕਿਸੇ ਕੰਮ ਨੂੰ ਅੰਜ਼ਾਮ ਦੇਊਗੀ।”
“ਇਹ ਗੱਲ ਤੁਹਾਡੀ ਠੀਕ ਐ। ਪਰ ਇਸ ਦੇ ਅੰਦਰ ਜ਼ਹਾਦ ਲਈ ਬੜੀ ਅੱਗ ਭਰੀ ਹੋਈ ਐ। ਉਂਜ ਵੀ ਬਹੁਤ ਈ ਬੁੱਧੀਮਾਨ ਐ। ਸਾਇੰਟਿਸਟ ਐ, ਦਿਮਾਗ ਦੀ ਬਹੁਤ ਹੀ ਤੇਜ਼ ਐ।”
“ਤੇਰਾ ਕੀ ਖਿਆਲ ਐ ਕਿ ਇਹ ਕੈਮੀਕਲ ਹਥਿਆਰ ਵਗੈਰਾ ਬਣਾਉਣ ‘ਚ ਮਦਦ ਕਰ ਸਕਦੀ ਐ?”
“ਬਿਲਕੁਲ! ਅਜਿਹੇ ਕੰਮਾਂ ਦੀ ਤਾਂ ਇਹ ਮਾਹਰ ਐ। ਜ਼ਰਾ ਵਰਤ ਕੇ ਵੇਖੋ।”
“ਇਹ ਵੀ ਵੇਖ ਲੈਨੇ ਆਂ। ਪਰ ਇਸ ਵਿਚ ਇੱਕ ਹੋਰ ਬਹੁਤ ਵੱਡਾ ਗੁਣ ਐ।”
“ਉਹ ਕੀ?”
“ਇਹ ਅਮਰੀਕਣ ਰੈਜ਼ੀਡੈਂਟ ਐ। ਉਥੇ ਜਾਣ ਆਉਣ ਵਿਚ ਇਸ ਨੂੰ ਮੁਸ਼ਕਲ ਨ੍ਹੀਂ ਆਵੇਗੀ।”
“ਇਹ ਗੱਲ ਵੀ ਤੁਹਾਡੀ ਠੀਕ ਐ।”
“ਚੱਲ ਇੱਕ ਵਾਰ ਇਸ ਨੂੰ ਤੂੰ ਮੁਫਤੀ ਸਾਹਿਬ ਨੂੰ ਮਿਲਾ। ਉਹੀ ਇਸ ਨੂੰ ਇਸ ਦਾ ਅੱਗੇ ਦਾ ਕੰਮ ਦੱਸਣਗੇ।”
ਮੁਫਤੀ ਅਬੂ ਲੁਬਾਬਾ ਸ਼ਾਹ ਮਨਸੂਰ ਲੋਕਲ ਮਸਜਿਦ ਦਾ ਇਮਾਮ ਸੀ, ਜਿਹੜਾ ਅਲ ਰਸ਼ੀਦ ਟਰੱਸਟ ਦਾ ਡਿਪਟੀ ਡਾਇਰੈਕਟਰ ਵੀ ਸੀ। ਇਸ ਟਰੱਸਟ ਦਾ ਡਾਇਰੈਕਟਰ, ਖੁਦ ਰਸ਼ੀਦ ਮੁਹੰਮਦ ਸੀ। ਕਰਾਚੀ ਦੇ ਦਹਿਸ਼ਤਗਰਦਾਂ ‘ਚ ਸਭ ਨੂੰ ਪਤਾ ਸੀ ਕਿ ਇਨ੍ਹਾਂ ਦੋਨਾਂ ਦੇ ਉਸਾਮਾ ਬਿਨ ਲਾਦਿਨ ਨਾਲ ਸਿੱਧੇ ਸਬੰਧ ਹਨ ਅਤੇ ਇਹ ਤਾਲਿਬਾਨ ਲਈ ਪੈਸੇ ਦਾ ਪ੍ਰਬੰਧ ਵੱਡੇ ਪੱਧਰ ‘ਤੇ ਕਰਦੇ ਹਨ। ਮੁਫਤੀ ਨੇ ਸੁਲੇਮਾਨ ਦੀ ਸਾਰੀ ਗੱਲ ਸੁਣਦਿਆਂ ਆਫੀਆ ਨੂੰ ਫਤਵਾ ਜਾਰੀ ਕਰਕੇ ਜਰਮ ਵਾਰਫੇਅਰ ਅਤੇ ਹੋਰ ਬਾਇਲੋਜੀਕਲ ਹਥਿਆਰਾਂ ‘ਤੇ ਕੰਮ ਕਰਨ ਦਾ ਆਦੇਸ਼ ਦੇ ਦਿੱਤਾ, ਜਿਸ ਨੂੰ ਆਫੀਆ ਨੇ ਖੁਸ਼ੀ ਖੁਸ਼ੀ ਸਵੀਕਾਰ ਕਰ ਲਿਆ। ਇਸੇ ਵਿਚਕਾਰ ਉਸ ਦਾ ਅਲ ਬਲੋਚੀ ਪਰਿਵਾਰ ਵਿਚ ਆਉਣਾ ਜਾਣਾ ਹੋਰ ਵਧ ਗਿਆ।
ਅਲੀ ਆਪਣੇ ਮਾਮੇ ਕੇæ ਐਸ਼ ਐਮæ ਦਾ ਖਾਸ ਭਰੋਸੇਯੋਗ ਆਦਮੀ ਸੀ ਜੋ ਪੂਰਣ ਤੌਰ ‘ਤੇ ਉਸ ਦੇ ਸਾਰੇ ਮਿਸ਼ਨਾਂ ਬਾਰੇ ਜਾਣਦਾ ਸੀ। ਇੰਨਾ ਹੀ ਨਹੀਂ ਉਹ ਹਰ ਮਿਸ਼ਨ ‘ਚ ਆਪਣਾ ਯੋਗਦਾਨ ਪਾਉਂਦਾ ਸੀ। ਭਾਵੇਂ 9/11 ਦਾ ਮਾਸਟਰ ਮਾਈਂਡਡ ਕੇæ ਐਸ਼ ਐਮæ ਸੀ ਪਰ ਉਸ ਮਿਸ਼ਨ ਨੂੰ ਸਿਰੇ ਚੜ੍ਹਾਉਣ ਲਈ ਅਲੀ ਨੇ ਵੀ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਸੀ। ਉਹ ਅੰਗਰੇਜ਼ੀ ਸਕੂਲਾਂ ਦਾ ਪੜ੍ਹਿਆ ਸੀ ਤੇ ਪੱਛਮ ਦੇ ਢੰਗ ਨਾਲ ਰਹਿੰਦਾ ਸੀ। ਉਸੇ ਨੇ ਹੀ ਨਿਊ ਯਾਰਕ ਦੇ ਟਵਿਨ ਟਾਵਰ ਤਬਾਹ ਕਰਨ ਵਾਲੇ ਹਾਈਜੈਕਰਾਂ ਨੂੰ ਪੱਛਮੀ ਢੰਗ ਦੇ ਰਹਿਣ ਸਹਿਣ ਅਤੇ ਪਹਿਨਣ-ਪੱਚਰਣ ਦੇ ਤਰੀਕੇ ਸਿਖਾਏ ਸਨ। ਇਸ ਤੋਂ ਇਲਾਵਾ ਉਸ ਨੇ ਇਨ੍ਹਾਂ ‘ਚੋਂ ਘੱਟੋ ਘੱਟ ਨੌਂ ਹਾਈਜੈਕਰਾਂ ਨੂੰ ਉਨ੍ਹਾਂ ਦੇ ਮਿਸ਼ਨ ਬਾਰੇ ਟਰੇਨਿੰਗ ਦਿੱਤੀ ਸੀ ਜਿਨ੍ਹਾਂ ਵਿਚ ਮਾਰਵਾਂ ਅਲ ਸ਼ੇਹੀ ਵੀ ਇੱਕ ਸੀ ਜਿਸ ਨੇ ਕਿ ਯੁਨਾਈਟਡ ਫਲਾਈਟ ਨੰਬਰ 175 ਵਰਲਡ ਟਰੇਡ ਸੈਂਟਰ ਦੇ ਸਾਊਥ ਟਾਵਰ ਨਾਲ ਹਿੱਟ ਕੀਤੀ ਸੀ। ਅਲੀ ਨੇ ਤਕਰੀਬਨ ਸਵਾ ਲੱਖ ਡਾਲਰ ਮਾਰਵਾਂ ਅਲ ਸ਼ੇਹੀ ਅਤੇ ਮੁਹੱਮਦ ਅੱਟਾ ਨੂੰ ਅਮਰੀਕਾ ‘ਚ ਭੇਜਿਆ ਸੀ। ਉਹ ਆਪ ਵੀ ਇਨ੍ਹਾਂ ਹਾਈਜੈਕਰਾਂ ਨਾਲ ਅਮਰੀਕਾ ਜਾ ਕੇ ਮਿਸ਼ਨ ‘ਚ ਹਿੱਸਾ ਲੈਣ ਵਾਲਾ ਸੀ। ਇਸ ਦੇ ਲਈ ਉਸ ਨੇ ਡੁਬਈ ਦੀ ਅਮਰੀਕਨ ਅੰਬੈਸੀ ‘ਚ ਵੀਜ਼ੇ ਲਈ ਅਪਲਾਈ ਵੀ ਕੀਤਾ ਸੀ ਪਰ ਵੀਜ਼ਾ ਨਾ ਮਿਲਣ ਕਾਰਨ ਉਹ ਵਾਪਸ ਪਾਕਿਸਤਾਨ ਮੁੜ ਗਿਆ ਸੀ। 9/11 ਤੋਂ ਪਿੱਛੋਂ ਉਸ ਨੇ ਕੇæ ਐਸ਼ ਐਮæ ਨਾਲ ਪੂਰੇ ਜ਼ੋਰ ਸ਼ੋਰ ਨਾਲ ਦੂਸਰੇ ਵੱਡੇ ਹਮਲੇ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਦਾ ਮੁੱਖ ਕੰਮ ਅਗਲੇ ਨਿਸ਼ਾਨੇ ਲਈ ਜਹਾਦੀਆਂ ਨੂੰ ਟਰੇਨਿੰਗ ਦੇਣਾ ਸੀ। ਇਸ ਮਿਸ਼ਨ ਵਿਚ ਉਹ ਉਨ੍ਹਾਂ ਜਹਾਦੀਆਂ ਨੂੰ ਵਰਤਣਾ ਚਾਹੁੰਦੇ ਸਨ ਜਿਨ੍ਹਾਂ ਨੂੰ ਕਿ ਅਮਰੀਕਾ ਜਾਣ ਆਉਣ ਵਿਚ ਮੁਸ਼ਕਲ ਨਾ ਆਵੇ। ਭਾਵ ਕਿ ਜਿਹੜੇ ਪਹਿਲਾਂ ਹੀ ਉਥੋਂ ਦੇ ਬਾਸ਼ਿੰਦੇ ਹੋਣ। ਪਹਿਲੇ ਤਿਆਰ ਕੀਤੇ ਗਏ ਗਰੁਪ ਵਿਚੋਂ ਹੋਜ਼ੇ ਪਦੀਲਾ ਅਤੇ ਰਿਚਰਡ ਰੀਡ ਵਰਗੇ ਫੜ੍ਹੇ ਗਏ ਸਨ। ਇਸ ਲਈ ਇਹ ਅਗਲੇ ਮਿਸ਼ਨ ਦੇ ਬੰਦਿਆਂ ਨੂੰ ਬਹੁਤ ਹੀ ਸੋਚ ਵਿਚਾਰ ਨਾਲ ਅਮਰੀਕਾ ਵਿਚ ਦਾਖਲ ਕਰਨਾ ਚਾਹੁੰਦੇ ਸਨ। ਇਨ੍ਹਾਂ ਨਵੇਂ ਜਹਾਦੀਆਂ ਵਿਚ ਇਕ ਨਵਾਂ ਮੁੰਡਾ ਆਇਆ ਸੀ, ਮਜੀਦ ਖਾਨ। ਇਹ ਕੰਪਿਊਟਰ ਪ੍ਰੋਗਰੈਮਰ ਸੀ। ਇਸ ਦਾ ਪਰਿਵਾਰ ਅਮਰੀਕਾ ਦੀ ਸਟੇਟ ਮੈਰੀਲੈਂਡ ਦੇ ਸ਼ਹਿਰ ਬਾਲਟੀਮੋਰ ‘ਚ ਰਹਿੰਦਾ ਸੀ। ਮਜੀਦ ਖਾਨ ਦਾ ਪਰਿਵਾਰ ਜਦੋਂ ਅਮਰੀਕਾ ਆਇਆ ਤਾਂ ਉਦੋਂ ਉਹ 15 ਸਾਲ ਦਾ ਸੀ। ਇੱਥੇ ਆ ਕੇ ਉਸ ਦੇ ਪਰਿਵਾਰ ਨੇ ਰਾਜਨੀਤਕ ਸ਼ਰਨ ਲਈ ਸੀ। ਇਸ ਦੇ ਛੇ ਸਾਲ ਬਾਅਦ ਮਜੀਦ ਖਾਨ ਪਹਿਲੀ ਵਾਰ ਪਾਕਿਸਤਾਨ ਗਿਆ ਸੀ, ਪਰ ਅਜੇ ਉਸ ਨੂੰ ਗਰੀਨ ਕਾਰਡ ਨਹੀਂ ਮਿਲਿਆ ਸੀ। ਇਸੇ ਵਜ੍ਹਾ ਕਰਕੇ ਉਸ ਨੂੰ ਅਮਰੀਕਾ ਤੋਂ ਬਾਹਰ ਜਾਣ ਵਾਸਤੇ ਇੰਮੀਗਰੇਸ਼ਨ ਮਹਿਕਮੇ ਤੋਂ ਇਜਾਜ਼ਤ ਲੈਣੀ ਪੈਣੀ ਸੀ ਜੋ ਕਿ ਉਹ ਗਲਤੀ ਨਾਲ ਲੈਣੀ ਭੁੱਲ ਗਿਆ ਸੀ। ਇਸ ਗੱਲ ਦਾ ਪਤਾ ਉਸ ਨੂੰ ਪਿੱਛੋਂ ਜਾ ਕੇ ਲੱਗਿਆ ਕਿ ਬਿਨਾ ਇਜਾਜ਼ਤ ਦੇ ਆਉਣ ਕਾਰਨ ਉਹ ਵਾਪਸ ਅਮਰੀਕਾ ਵਿਚ ਦਾਖਲ ਨਹੀਂ ਹੋ ਸਕੇਗਾ।
ਖੈਰ, ਹੁਣ ਤੱਕ ਉਹ ਕਾਫੀ ਧਾਰਮਿਕ ਬਣ ਚੁਕਾ ਸੀ ਅਤੇ ਕਿਸੇ ਚੰਗੀ ਕੁੜੀ ਨਾਲ ਸ਼ਾਦੀ ਕਰਨੀ ਚਾਹੁੰਦਾ ਸੀ। ਉਸ ਦੀ ਸ਼ਾਦੀ ਕਿਸੇ ਮਜ੍ਹਬੀ ਹਸਤੀ ਨੇ ਰਬੀਆ ਜਾਕੂਬ ਨਾਂ ਦੀ ਕੁੜੀ ਨਾਲ ਕਰਵਾ ਦਿੱਤੀ। ਇਸੇ ਮਜ੍ਹਬੀ ਹਸਤੀ ਨੇ ਉਸ ਦੇ ਅੰਦਰ ਜਹਾਦ ਲਈ ਖਿੱਚ ਪਹਿਚਾਣੀ ਤੇ ਉਸ ਨੂੰ ਕੇæ ਐਸ਼ ਐਮæ ਨਾਲ ਮਿਲਾਉਣ ਦਾ ਫੈਸਲਾ ਕੀਤਾ। ਮਿੱਥੇ ਵਕਤ ‘ਤੇ ਉਸ ਨੂੰ ਲੈ ਕੇ ਉਹ ਕੇæ ਐਸ਼ ਐਮæ ਕੋਲ ਗਿਆ ਤੇ ਕਿਹਾ ਕਿ ਇਸ ਮੁੰਡੇ ਨੂੰ ਖਾਲਿਦ ਸਾਹਿਬ ਨਾਲ ਮਿਲਾਇਆ ਜਾਵੇ। ਕੇæ ਐਸ਼ ਐਮæ ਧਿਆਨ ਨਾਲ ਮਜੀਦ ਖਾਨ ਵੱਲ ਵੇਖਦਾ ਰਿਹਾ ਤੇ ਬੋਲਿਆ, “ਗੱਲ ਸੁਣ ਉਏ ਕਾਕਾ। ਇਹ ਜਹਾਦ ਗੱਲਾਂ ਨਾਲ ਨ੍ਹੀਂ ਲੜ੍ਹਿਆ ਜਾਂਦਾ। ਇਸ ਦੇ ਲਈ ਅੰਦਰ ਜਹਾਦ ਦੀ ਅੱਗ ਹੋਣੀ ਜ਼ਰੂਰੀ ਐ।”
“ਜੀ ਮੈਂ ਹਰ ਪੱਖੋਂ ਇਸ ਲਈ ਤਿਆਰ ਆਂ।”
“ਇਹ ਕੋਈ ਭੰਡਾ ਦੇ ਖੇਲ ਨ੍ਹੀਂ ਐ। ਹਰ ਵਕਤ ਮੌਤ, ਨਾਲ ਨਾਲ ਚੱਲਦੀ ਐ।”
“ਜੀ ਮੈਂ ਸਭ ਸਮਝਦਾ ਆਂ।”
ਉਹ ਗੱਲਾਂ ਕਰ ਹੀ ਰਹੇ ਸਨ ਕਿ ਕੋਈ ਜਣਾ ਅੰਦਰ ਆਇਆ ਤੇ ਕੇæ ਐਸ਼ ਐਮæ ਨੂੰ ਬੋਲਿਆ, “ਉਸ ਮੁੰਡੇ ਨੇ ਸੂਈਸਾਈਡ ਮਿਸ਼ਨ ਨੂੰ ਬੜੇ ਚੰਗੇ ਢੰਗ ਨਾਲ ਅੰਜ਼ਾਮ ਦੇ ਦਿੱਤਾ ਐ। ਉਥੇ ਦਸ ਬੰਦੇ ਮਰ ਚੁੱਕੇ ਨੇ।”
“ਅੱਲਾ ਉਸ ਨੂੰ ਬਹਿਸ਼ਤ ਵਿਚ ਢੋਈ ਦੇਵੇ। ਅੱਗੇ ਦਾ ਕੀ ਪ੍ਰੋਗਰਾਮ ਐ?”
“ਪੇਟ ਨਾਲ ਬੰਨਣ ਵਾਲੀ ਬੈਲਟ ਤਿਆਰ ਪਈ ਐ। ਧਮਾਕਾਖੇਜ ਸਮੱਗਰੀ ਵੀ ਉਸ ਅੰਦਰ ਫਿੱਟ ਕਰ ਦਿੱਤੀ ਗਈ ਐ। ਬੱਸ ਹੁਣ ਤਾਂ ਕਿਸੇ ਅਜਿਹੇ ਮੁੰਡੇ ਦੀ ਲੋੜ ਐ ਜੋ ਖੁਦਕੁਸ਼ੀ ਮਿਸ਼ਨ ਲਈ ਤਿਆਰ ਹੋਵੇ।”
ਉਸ ਦੀ ਗੱਲ ਸੁਣ ਕੇ ਕੇæ ਐਸ਼ ਐਮæ ਨੇ ਪਲ ਭਰ ਸਾਹਮਣੇ ਬੈਠੇ ਮਜੀਦ ਖਾਂ ਵੱਲ ਵੇਖਿਆ ਤੇ ਫਿਰ ਬੋਲਿਆ, “ਮੁੰਡਾ ਆਪਣੇ ਕੋਲ ਪਹੁੰਚ ਚੁਕਾ ਐ। ਤੂੰ ਬੈਲਟ ਲੈ ਕੇ ਆ।”
ਉਸ ਨੇ ਅੰਦਰੋਂ ਬੈਲਟ ਲਿਆਂਦੀ ਤਾਂ ਕੇæ ਐਸ਼ ਐਮæ ਨੇ ਉਹ ਮਜੀਦ ਖਾਂ ਦੇ ਪੇਟ ਨਾਲ ਬੰਨ ਦਿੱਤੀ। ਚੰਗੀ ਤਰ੍ਹਾਂ ਵੇਖ ਪਰਖ ਕੇ ਉਹ ਬੋਲਿਆ, “ਲੈ ਬਈ ਤੂੰ ਜਹਾਦ ਲਈ ਮਰ ਮਿਟਣ ਲਈ ਤਿਆਰ ਐਂ ਤਾਂ ਜਹਾਦ ਵੀ ਤੈਨੂੰ ਈ ਉਡੀਕ ਰਿਹਾ ਸੀ। ਤੂੰ ਕਿਸਮਤ ਵਾਲਾ ਐਂ ਜੋ ਤੈਨੂੰ ਆਉਂਦੇ ਨੂੰ ਈ ਖੁਦਕੁਸ਼ੀ ਮਿਸ਼ਨ ਦਾ ਕੰਮ ਮਿਲ ਗਿਆ। ਹੁਣ ਤੂੰ ਇੱਥੋਂ ਜਾਹ ਤੇ ਡਾਊਨ ਟਾਊਨ ਦੀ ਫਰਾਹਖਾਨ ਮਾਰਕਿਟ ਵਿਚ ਜਾ ਕੇ ਇਸ ਕੰਮ ਨੂੰ ਅੰਜ਼ਾਮ ਦੇਹ। ਇਹ ਬੰਬ ਪੂਰੇ ਇੱਕ ਵਜੇ ਚੱਲੇਗਾ। ਬੱਸ ਕੰਮ ਧਿਆਨ ਨਾਲ ਕਰੀਂ।”
“ਜੀ ਬਹੁਤ ਬਿਹਤਰ ਜਨਾਬ।” ਮਜੀਦ ਖਾਂ ਉਠਣ ਲੱਗਿਆ ਤਾਂ ਕੇæ ਐਸ਼ ਐਮæ ਉਸ ਨੂੰ ਰੋਕਦਾ ਹੋਇਆ ਬੋਲਿਆ, “ਤੈਨੂੰ ਪਤਾ ਐ ਨਾ ਇਹ ਕੀ ਚੀਜ਼ ਐ?”
“ਜੀ ਬਿਲਕੁਲ ਪਤਾ ਐ।”
“ਇਹ ਬੰਬ ਚੱਲੇਗਾ ਤਾਂ ਉਥੇ ਤੇਰੇ ਆਲੇ ਦੁਆਲੇ ਦੇ ਸਾਰੇ ਲੋਕ ਮਾਰੇ ਜਾਣਗੇ ਪਰ ਤੂੰ ਵੀ ਉਨ੍ਹਾਂ ਦੇ ਨਾਲ ਹੀ ਮਰੇਂਗਾ। ਤੂੰ ਨਵਾਂ ਐਂ ਇਸ ਕਰਕੇ ਮੈਂ ਤੈਨੂੰ ਇਹ ਗੱਲ ਸਪੱਸ਼ਟ ਦੱਸ ਰਿਹਾ ਆਂ।”
“ਜੀ ਮੈਨੂੰ ਇਜਾਜ਼ਤ ਦਿਉ।” ਇੰਨਾ ਕਹਿੰਦਿਆਂ ਉਹ ਬਾਹਰ ਨਿਕਲ ਗਿਆ ਤੇ ਫਰ੍ਹਾਖਾਨ ਮਾਰਕਿਟ ਪਹੁੰਚ ਗਿਆ। ਉਥੇ ਜਾ ਕੇ ਉਹ ਇਕੱਠ ਵਾਲੀ ਥਾਂ ‘ਤੇ ਖੜ੍ਹੋ ਗਿਆ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਸ਼ਿਕਾਰ ਬਣਾ ਸਕੇ। ਇੱਕ ਵੱਜ ਗਿਆ ਪਰ ਉਸ ਦੇ ਪੇਟ ਨਾਲ ਬੰਨਿਆਂ ਬੰਬ ਨਾ ਚੱਲਿਆ। ਕੋਈ ਅੱਧਾ ਘੰਟਾ ਉਹ ਉਥੇ ਰਿਹਾ ਪਰ ਉਸ ਦੇ ਦੱਸੇ ਮੁਤਾਬਕ ਨਾ ਬੰਬ ਫਟਿਆ ਤੇ ਨਾ ਕੋਈ ਧਮਾਕਾ ਹੋਇਆ। ਆਖਰ ਉਹ ਵਾਪਸ ਮੁੜ ਆਇਆ ਤਾਂ ਉਥੇ ਕੋਈ ਨਹੀਂ ਸੀ। ਉਥੋਂ ਉਹ ਘਰ ਚਲਾ ਗਿਆ। ਅਗਲੇ ਦਿਨ ਉਹ ਉਸੇ ਮਜ੍ਹਬੀ ਹਸਤੀ ਕੋਲ ਵਾਪਿਸ ਗਿਆ ਤਾਂ ਉਸ ਨੇ ਕਿਹਾ, “ਵਧਾਈ ਹੋਵੇ।”
“ਜੀ!?” ਮਜੀਦ ਖਾਂ ਹੈਰਾਨ ਹੋਇਆ।
“ਤੂੰ ਖਾਲਿਦ ਸ਼ੇਖ ਮੁਹੰਮਦ ਸਾਹਿਬ ਦੇ ਇਮਤਿਹਾਨ ‘ਚੋਂ ਪਾਸ ਹੋ ਗਿਐਂ। ਅਸਲ ‘ਚ ਕੱਲ੍ਹ ਤੈਨੂੰ ਜੋ ਬੈਲਟ ਦਿੱਤੀ ਗਈ ਸੀ, ਉਹ ਨਕਲੀ ਸੀ, ਸਿਰਫ ਤੈਨੂੰ ਪਰਖਣ ਲਈ। ਪਰ ਤੂੰ ਵਾਕਿਆ ਈ ਪੱਕਾ ਜਹਾਦੀ ਐਂ। ਕੇæ ਐਸ਼ ਐਮæ ਤੈਨੂੰ ਵੱਡਾ ਕੰਮ ਸੌਂਪਣ ਵਾਲੇ ਨੇ।” ਫਿਰ ਅਗਲੇ ਹਫਤੇ ਉਸ ਨੂੰ ਪੈਸੇ ਦੇ ਕੇ ਇੰਡੋਨੇਸ਼ੀਆ ਭੇਜਿਆ ਗਿਆ। ਉਸ ਨੇ ਉਥੇ ਜਾ ਕੇ ਕਿਸੇ ਹੰਬਾਲੀ ਨਾਂ ਦੇ ਬੰਦੇ ਨਾਲ ਸੰਪਰਕ ਕੀਤਾ ਤੇ ਪੈਸੇ ਪਹੁੰਚਾਏ। ਇਨ੍ਹਾਂ ਪੈਸਿਆਂ ਦੀ ਮਦਦ ਨਾਲ ਹੰਬਾਲੀ ਨੇ ਅਗਲੇ ਹਫਤੇ ਬਾਲੀ ਦੇ ਕਿਸੇ ਕਲੱਬ ‘ਚ ਬੰਬ ਧਮਾਕਾ ਕੀਤਾ ਜਿਸ ਵਿਚ ਸੈਂਕੜੇ ਲੋਕ ਮਾਰੇ ਗਏ। ਇਸ ਪਿੱਛੋਂ ਮਜੀਦ ਖਾਂ ਹੋਰ ਨਿੱਕੇ ਮੋਟੇ ਕਈ ਕੰਮ ਕਰਕੇ ਕੇæ ਐਸ਼ ਐਮæ ਕੋਲ ਵਾਪਸ ਆ ਗਿਆ ਤਾਂ ਉਸ ਨੂੰ ਅਲੀ ਦੇ ਹਵਾਲੇ ਕਰ ਦਿੱਤਾ ਗਿਆ। ਮਜੀਦ ਖਾਂ ਨੂੰ ਅਮਰੀਕਾ ਭੇਜ ਕੇ ਅੱਗੇ ਦਾ ਕੰਮ ਕਰਨ ਦੀ ਟਰੇਨਿੰਗ ਦੇਣ ਦਾ ਕੰਮ ਅਲੀ ਦਾ ਸੀ। ਕੇæਐਸ਼ਐਮ ਨੇ ਅਲੀ ਨਾਲ ਮਿਲ ਕੇ ਦੂਜੇ ਵੱਡੇ ਹਮਲੇ ਦੀ ਜੋ ਸਾਜ਼ਿਸ਼ ਤਿਆਰ ਕੀਤੀ ਸੀ ਉਸ ‘ਚ ਉਹ ਮਜੀਦ ਖਾਨ ਨੂੰ ਵਰਤਣਾ ਚਾਹੁੰਦੇ ਸਨ। ਉਸ ਰਾਹੀਂ ਉਹ ਅਮਰੀਕਾ ਦੇ ਤੇਲ ਭੰਡਾਰਾਂ ਨੂੰ ਅੱਗ ਲਾਉਣ ਜਾਂ ਉਥੇ ਦੇ ਪੀਣ ਵਾਲੇ ਪਾਣੀ ‘ਚ ਜ਼ਹਿਰ ਮਿਲਾਉਣ ਦਾ ਕੰਮ ਕਰਨਾ ਚਾਹੁੰਦੇ ਸਨ। ਪਰ ਮਜੀਦ ਖਾਂ ਨੇ ਦੱਸਿਆ ਕਿ ਉਹ ਹੁਣ ਅਮਰੀਕਾ ਵਿਚ ਦਾਖਲ ਨਹੀਂ ਹੋ ਸਕਦਾ। ਅਲੀ ਨੇ ਕਾਰਨ ਪੁੱਛਿਆ ਤਾਂ ਮਜੀਦ ਖਾਨ ਨੇ ਦੱਸਿਆ ਕਿ ਉਹ ਅਮਰੀਕਾ ਤੋਂ ਤੁਰਨ ਲੱਗਿਆ ਟਰੈਵਲ ਪਰਮਿਟ ਲੈਣਾ ਭੁੱਲ ਗਿਆ ਸੀ, ਅਤੇ ਇਸ ਪਰਮਿਟ ਬਿਨਾਂ ਉਹ ਅਮਰੀਕਾ ਵਿਚ ਦਾਖਲ ਨਹੀਂ ਹੋ ਸਕੇਗਾ। ਕੁਝ ਸੋਚਦਾ ਅਲੀ ਬੋਲਿਆ, “ਮਜੀਦ ਜੋ ਹੋ ਗਿਆ ਸੋ ਹੋ ਗਿਆ। ਹੁਣ ਉਸ ਵਕਤ ਨੂੰ ਵਾਪਸ ਤਾਂ ਨ੍ਹੀਂ ਲਿਆਂਦਾ ਜਾ ਸਕਦਾ। ਪਰ ਤੂੰ ਇਹ ਦੱਸ ਕਿ ਇਸ ਮੁਸ਼ਕਲ ਦਾ ਕੋਈ ਹੱਲ ਹੈ?”
“ਹੱਲ ਤਾਂ ਇਸ ਦਾ ਹੈ ਪਰ ਉਹ ਕਾਫੀ ਔਖਾ ਐ।”
“ਹੱਲ ਕੀ ਐ ਤੂੰ ਦੱਸ। ਔਖੇ ਨੂੰ ਸੌਖਾ ਬਣਾਉਣਾ ਤੇਰਾ ਨ੍ਹੀਂ ਬਲਕਿ ਮੇਰਾ ਕੰਮ ਐਂ।”
“ਉਹ ਇਹ ਐ ਰਿਫਿਊਜ਼ੀ ਸਟੇਟਸ ਵਾਲੇ ਬੰਦੇ ਨੂੰ ਅਮਰੀਕਾ ਤੋਂ ਬਾਹਰ ਜਾਣ ਲਈ ਟਰੈਵਲ ਪਰਮਿਟ ਲੈਣਾ ਪੈਂਦਾ ਐ। ਉਸ ਪਰਮਿਟ ਬਿਨਾ ਉਹ ਦੁਬਾਰਾ ਅਮਰੀਕਾ ‘ਚ ਦਾਖਲ ਨ੍ਹੀਂ ਹੋ ਸਕਦਾ। ਟਰੈਵਲ ਪਰਮਿਟ ਲੈਣ ਵਾਲੇ ਬੰਦੇ ਨੇ ਅਮਰੀਕਾ ‘ਚੋਂ ਤੁਰਨ ਤੋਂ ਪਹਿਲਾਂ ਹੀ ਇਹ ਪਰਮਿਟ ਲੈਣਾ ਹੁੰਦਾ ਐ। ਜਾਂ ਇਉਂ ਕਹਿ ਲਉ ਕਿ ਪਰਮਿਟ ਲੈਣ ਵਾਲਾ ਬੰਦਾ ਅਮਰੀਕਾ ਵਿਚ ਹੋਣਾ ਚਾਹੀਦਾ ਐ। ਉਥੋਂ ਪਹਿਲਾਂ ਉਹ ਅਰਜ਼ੀ ਭਰ ਕੇ ਇੰਮੀਗਰੇਸ਼ਨ ਦੇ ਮਹਿਕਮੇ ਨੂੰ ਮੇਲ ਕਰਦਾ ਹੈ। ਫਿਰ ਪਿੱਛੋਂ ਉਨ੍ਹਾਂ ਨੂੰ ਫੋਨ ਕਰਨਾ ਪੈਂਦਾ ਐ। ਇਸ ਪਿੱਛੋਂ ਈ ਉਹ ਟਰੈਵਲ ਪਰਮਿਟ ਭੇਜਦੇ ਨੇ।”
“ਆਪਾਂ ਹੁਣ ਕੀ ਕਰ ਸਕਦੇ ਆਂ, ਉਹ ਦੱਸ?”
“ਉਥੋਂ ਕੋਈ ਬੰਦਾ ਮੇਰੀ ਅਰਜ਼ੀ ਇੰਮੀਗਰੇਸ਼ਨ ਵਾਲਿਆਂ ਨੂੰ ਮੇਲ ਕਰੇ। ਫਿਰ ਮਜੀਦ ਖਾਨ ਬਣ ਕੇ ਉਨ੍ਹਾਂ ਨੂੰ ਫੋਨ ਕਰੇ। ਵੱਡੀ ਗੱਲ ਇੱਕ ਅੜਚਣ ਹੋਰ ਐ।”
“ਉਹ ਕੀ ਐ?”
“ਕੋਈ ਜਣਾ ਉਥੋਂ ਅਰਜ਼ੀ ਵੀ ਭੇਜ ਸਕਦਾ ਐ। ਮਜੀਦ ਖਾਨ ਬਣ ਕੇ ਫੋਨ ਵੀ ਕਰ ਸਕਦਾ ਐ। ਪਰ ਮੇਰੇ ਕੋਲ ਉਥੇ ਕੋਈ ਅਡਰੈਸ ਨ੍ਹੀਂ ਹੈ ਜਿਸ ‘ਤੇ ਕਿ ਸਾਰੀ ਕਾਰਵਾਈ ਪੂਰੀ ਹੋਣ ਪਿੱਛੋਂ ਇੰਮੀਗਰੇਸ਼ਨ ਵਾਲੇ ਟਰੈਵਲ ਡਾਕੂਮੈਂਟ ਭੇਜਣਗੇ। ਇਹ ਅਡਰੈਸ ਕੋਈ ਅਜਿਹਾ ਹੋਣਾ ਚਾਹੀਦਾ ਐ ਜੋ ਕਿ ਪਿੱਛੋਂ ਫੜ੍ਹਿਆ ਨਾ ਜਾ ਸਕੇ। ਫਰਜ਼ ਕਰੋ ਮੈਂ ਉਥੇ ਆਪਣੇ ਘਰ ਦਾ ਅਡਰੈਸ ਹੀ ਦੇ ਦਿੰਦਾ ਆਂ ਤਾਂ ਪਤਾ ਲੱਗ ਜਾਣ ‘ਤੇ ਐਫ਼ ਬੀæ ਆਈæ ਨੇ ਤੁਰੰਤ ਮੇਰੇ ਪਰਿਵਾਰ ਨੂੰ ਫੜ੍ਹ ਲੈਣਾ ਐਂ। ਨਾਲੇ ਉਦੋਂ ਈ ਮੇਰਾ ਨਾਂ ਸਾਹਮਣੇ ਆ ਜਾਊਗਾ।”
“ਫਿਰ ਇਸ ਦਾ ਹੱਲ ਕੀ ਐ?”
“ਕੋਈ ਭਰੋਸੇਯੋਗ ਬੰਦਾ ਉਥੇ ਦੇ ਕਿਸੇ ਪੋਸਟ ਆਫਿਸ ਵਿਚ ਮੇਰੇ ਨਾਂ ਦਾ ਪੋਸਟ ਬਾਕਸ ਕਿਰਾਏ ‘ਤੇ ਲੈ ਲਵੇ। ਉਹੀ ਅਡਰੈਸ ਮੈਂ ਆਪਣੀ ਅਰਜ਼ੀ ਵਿਚ ਭਰਾਂਗਾ। ਜਦੋਂ ਇੱਕ ਵਾਰ ਪਰਮਿਟ ਆ ਗਿਆ ਤਾਂ ਪੋਸਟ ਬਾਕਸ ‘ਚੋਂ ਪਰਮਿਟ ਚੁੱਕ ਕੇ ਪੋਸਟ ਬਾਕਸ ਬੰਦ ਕਰ ਦਿੱਤਾ ਜਾਵੇਗਾ। ਇਸ ਤਰ੍ਹਾਂ ਸਾਰੇ ਸਬੂਤ ਖਤਮ ਹੋ ਜਾਣਗੇ।”
“ਹੂੰ, ਹੁਣ ਸਮਝਿਆ ਮੈਂ ਤੇਰੀ ਗੱਲ ਪਰæææ।” ਅੱਗੇ ਅਲੀ ਸੋਚਣ ਲੱਗਿਆ ਕਿ ਅਜਿਹਾ ਭਰੋਸੇਯੋਗ ਬੰਦਾ ਕੌਣ ਹੋ ਸਕਦਾ ਐ ਜਿਹੜਾ ਇੰਨਾ ਖਤਰਾ ਮੁੱਲ ਲੈ ਲਵੇ। ਉਸ ਦੀ ਇਹ ਵੀ ਸੋਚ ਸੀ ਕਿ ਇਹ ਕੰਮ ਕਿਸੇ ਆਮ ਬੰਦੇ ਤੋਂ ਨਹੀਂ ਕਰਵਾਇਆ ਜਾ ਸਕਦਾ। ਇਸ ਤਰ੍ਹਾਂ ਸਾਰੀ ਪੋਲ ਖੁੱਲ੍ਹ ਜਾਵੇਗੀ। ਇਸ ਦੇ ਲਈ ਕੋਈ ਸੱਚਾ ਜਹਾਦੀ ਹੀ ਹੋ ਸਕਦਾ ਐ। ਸੋਚਦਿਆਂ ਸੋਚਦਿਆਂ ਇੱਕ ਦਮ ਉਸ ਦੇ ਮਨ ‘ਚ ਆਫੀਆ ਆ ਗਈ। ਉਸ ਨੇ ਇੱਹ ਗੱਲ ਆਫੀਆ ਨਾਲ ਕਰਨ ਦਾ ਮਨ ਬਣਾ ਲਿਆ। ਉਸ ਨੇ ਆਪਣੀ ਭੈਣ ਨੂੰ ਭੇਜ ਕੇ ਆਫੀਆ ਨੂੰ ਘਰ ਬੁਲਾਇਆ ਤੇ ਮੌਕਾ ਮਿਲਦਿਆਂ ਹੀ ਮਜੀਦ ਖਾਂ ਦੀ ਸਾਰੀ ਕਹਾਣੀ ਸੁਣਾ ਦਿੱਤੀ। ਆਫੀਆ ਨੇ ਪੁੱਛਿਆ, “ਮੈਂ ਇਸ ਵਿਚ ਕੀ ਕਰ ਸਕਦੀ ਆਂ?”
“ਤੂੰ ਅਮਰੀਕਣ ਰੈਜ਼ੀਡੈਂਟ ਐਂ। ਤੂੰ ਉਥੇ ਬੜੀ ਆਸਾਨੀ ਨਾਲ ਜਾ ਸਕਦੀ ਐਂ। ਗਰੀਨ ਕਾਰਡਹੋਲਡਰ ਹੋਣ ਕਾਰਨ ਤੇਰੇ ‘ਤੇ ਕੋਈ ਸ਼ੱਕ ਵੀ ਨ੍ਹੀਂ ਕਰੇਗਾ।”
“ਪਰ ਤੁਹਾਨੂੰ ਮੈਂ ਪਹਿਲਾਂ ਈ ਦੱਸਿਆ ਹੋਇਆ ਐ ਕਿ ਮੈਂ ਅਤੇ ਅਮਜਦ ਐਫ਼ ਬੀæ ਆਈæ ਦੀ ਇੰਟਰਵਿਊ ਵਿਚਕਾਰ ਈ ਛੱਡ ਕੇ ਭੱਜ ਆਏ ਸੀ। ਇਸ ਕਰਕੇ ਐਫ਼ ਬੀæ ਆਈæ ਸਾਨੂੰ ਜ਼ਰੂਰ ਲੱਭ ਰਹੀ ਹੋਵੇਗੀ। ਮੈਨੂੰ ਡਰ ਲੱਗਦਾ ਐ ਕਿ ਕਿਧਰੇ ਉਨ੍ਹਾਂ ਦੇ ਧੱਕੇ ਈ ਨਾ ਚੜ੍ਹ ਜਾਵਾਂ।”
“ਉਂਜ ਤਾਂ ਬੜੀਆਂ ਟੌਅਰਾਂ ਮਾਰਦੀ ਰਹਿੰਨੀ ਐਂ ਕਿ ਮੈਂ ਜਹਾਦ ਲਈ ਕੁਛ ਵੀ ਕਰ ਸਕਦੀ ਆਂ।”
“ਗੱਲ ਉਹ ਨ੍ਹੀਂ ਐ। ਗੱਲ ਇਹ ਐ ਕਿ ਮੈਂ ਅਜੇ ਬਹੁਤ ਕੁਛ ਕਰਨਾ ਐਂ। ਜੇ ਮੁੱਢ ਵਿਚ ਈ ਫੜ੍ਹੀ ਗਈ ਤਾਂ ਜਹਾਦ ਲਈ ਜੋ ਕੁਛ ਕਰਨ ਦਾ ਸੋਚਿਐ ਉਹ ਸੁਪਨੇ ਅਧੂਰੇ ਰਹਿ ਜਾਣਗੇ।”
“ਆਫੀਆ ਕੱਲ੍ਹ ਕਿਸ ਨੇ ਵੇਖਿਆ ਐ। ਨਾਲੇ ਇਹ ਨਾ ਭੁੱਲ ਕਿ ਆਪਾਂ ਜਹਾਦੀ ਆਂ। ਅਤੇ ਜਹਾਦੀ ਆਉਣ ਵਾਲੇ ਖਤਰਿਆਂ ਤੋਂ ਨ੍ਹੀਂ ਡਰਦੇ।”
“ਠੀਕ ਐ। ਦੱਸ ਫਿਰ ਮੈਨੂੰ ਕੀ ਹੁਕਮ ਐਂ।” ਅਲੀ ਦੇ ਬੋਲਾਂ ਨੇ ਆਫੀਆ ਦੇ ਮਾਨ ਸਨਮਾਨ ‘ਤੇ ਸੱਟ ਮਾਰੀ ਤਾਂ ਉਹ ਹਰ ਖਤਰਾ ਉਠਾ ਕੇ ਅਮਰੀਕਾ ਜਾਣ ਲਈ ਤਿਆਰ ਹੋ ਗਈ। ਅੱਗੇ ਦਾ ਸਾਰਾ ਇੰਤਜ਼ਾਮ ਕਰ ਦਿੱਤਾ ਗਿਆ। ਪਰ ਆਫੀਆ ਦੀ ਸਲਾਹ ‘ਤੇ ਇਹ ਕੰਮ ਦੋ ਹਿੱਸਿਆਂ ਵਿਚ ਕਰਨ ਦਾ ਸੋਚਿਆ ਗਿਆ। ਪਹਿਲੇ ਹਿੱਸੇ ‘ਚ ਆਫੀਆ ਨੇ ਸਿਰਫ ਅਮਰੀਕਾ ਜਾਣਾ ਸੀ ਤੇ ਉਥੇ ਮਜ਼ੀਦ ਖਾਨ ਦੇ ਨਾਂ ‘ਤੇ ਕਿਸੇ ਪੋਸਟ ਆਫਿਸ ਵਿਚ ਪੋਸਟ ਬਾਕਸ ਕਿਰਾਏ ‘ਤੇ ਲੈ ਕੇ ਵਾਪਸ ਮੁੜ ਆਉਣਾ ਸੀ।
ਇਸ ਦੇ ਤੀਜੇ ਦਿਨ ਹੀ ਆਫੀਆ ਕਰਾਚੀ ਤੋਂ ਅਮਰੀਕਾ ਲਈ ਰਵਾਨਾ ਹੋ ਗਈ। ਸਾਰੇ ਰਾਹ ਉਸ ਨੂੰ ਇੱਕ ਪਲ ਵੀ ਚੈਨ ਨਾ ਆਇਆ। ਉਸ ਨੂੰ ਵਾਰ ਵਾਰ ਐਫ਼ ਬੀæ ਆਈæ ਦਾ ਡਰ ਸਤਾਉਂਦਾ ਰਿਹਾ ਕਿ ਕਿਤੇ ਅਜਿਹਾ ਨਾ ਹੋਵੇ ਕਿ ਉਸ ਨੂੰ ਉਤਰਦੀ ਨੂੰ ਹੀ ਫੜ੍ਹ ਲਿਆ ਜਾਵੇ ਪਰ ਅਜਿਹਾ ਕੁਝ ਵੀ ਨਾ ਹੋਇਆ। ਉਹ ਮੌਜ ਨਾਲ ਬਾਲਟੀਮੋਰ ਦੇ ਏਅਰਪੋਰਟ ‘ਤੇ ਉਤਰੀ ਤੇ ਸਮਾਨ ਚੁੱਕਦੀ ਬਾਹਰ ਨਿਕਲ ਆਈ। ਸਾਹਮਣੇ ਹੀ ਟੈਕਸੀ ਖੜ੍ਹੀ ਸੀ। ਉਹ ਆਪਣਾ ਬੈਗ ਚੁੱਕਦੀ ਟੈਕਸੀ ‘ਚ ਜਾ ਬੈਠੀ। ਕੁਦਰਤੀਂ ਟੈਕਸੀ ਡਰਾਈਵਰ ਵੀ ਪਾਕਿਸਤਾਨੀ ਹੀ ਸੀ। ਹੋਟਲ ਤੱਕ ਜਾਂਦਿਆਂ ਉਹ ਉਸ ਨਾਲ ਗੱਲਾਂ ਮਾਰਦੀ ਗਈ। ਆਫੀਆ ਨੇ ਗੱਲੀਂ ਗੱਲੀਂ ਦੱਸਿਆ ਕਿ ਉਹ ਪਾਕਿਸਤਾਨ ਸਰਕਾਰ ਦੀ ਅਧਿਕਾਰੀ ਹੈ ਤੇ ਇੱਥੇ ਕਿਸੇ ਸੈਮੀਨਾਰ ‘ਚ ਹਿੱਸਾ ਲੈਣ ਆਈ ਹੈ। ਇਸੇ ਕਰਕੇ ਕਿਸੇ ਹੋਟਲ ‘ਚ ਠਹਿਰ ਰਹੀ ਐ। ਉਹ ਹੋਟਲ ਜਾ ਕੇ ਉਤਰੀ ਤੇ ਡੈਸਕ ‘ਤੇ ਜਾ ਕੇ ਕਮਰਾ ਬੁੱਕ ਕਰਵਾ ਲਿਆ। ਅਗਲੇ ਦਿਨ ਉਹ ਦੁਪਹਿਰ ਪਿੱਛੋਂ ਟੈਕਸੀ ਲੈ ਕੇ ਨੇੜਲੇ ਸ਼ਹਿਰ ਗੈਦਰਸਬਰਗ ਦੇ ਪੋਸਟ ਆਫਿਸ ਗਈ ਤੇ ਪੋਸਟ ਬਾਕਸ ਕਿਰਾਏ ‘ਤੇ ਲੈਣ ਲਈ ਅਰਜ਼ੀ ਭਰੀ। ਅਰਜ਼ੀ ਵਿਚ ਉਸ ਨੇ ਆਪਣੇ ਘਰਵਾਲੇ ਦਾ ਨਾਂ ਮਜੀਦ ਖਾਨ ਲਿਖਿਆ। ਥੋੜੀ ਬਹੁਤੀ ਕਾਗਜ਼ੀ ਕਾਰਵਾਈ ਕਰਨ ਪਿੱਛੋਂ ਆਫੀਆ ਸਦੀਕੀ ਅਤੇ ਮਾਜੀਦ ਖਾਨ ਦੇ ਨਾਂ ‘ਤੇ ਪੋਸਟ ਬਾਕਸ ਮਿਲ ਗਿਆ। ਆਫੀਆ ਨੇ ਪੋਸਟ ਬਾਕਸ ਦੀ ਚਾਬੀ ਲੈ ਕੇ ਪਰਸ ਵਿਚ ਪਾ ਲਈ ਤੇ ਬਾਹਰ ਆ ਕੇ ਟੈਕਸੀ ਰਾਹੀਂ ਫਿਰ ਹੋਟਲ ਚਲੀ ਗਈ। ਅਗਲੇ ਦਿਨ ਉਹ ਫਲਾਈਟ ਲੈ ਕੇ ਵਾਪਸ ਪਾਕਿਸਤਾਨ ਮੁੜ ਗਈ। ਉਥੇ ਜਾ ਕੇ ਉਸ ਨੇ ਨਵੇਂ ਖੋਲ੍ਹੇ ਪੋਸਟ ਬਾਕਸ ਦਾ ਐਡਰੈਸ ਅਤੇ ਚਾਬੀ ਅਲੀ ਦੇ ਹਵਾਲੇ ਕਰ ਦਿੱਤੇ।
ਹੁਣ ਅਲੀ ਨੇ ਕੰਮ ਦੇ ਦੂਸਰੇ ਭਾਗ ਨੂੰ ਅੰਜ਼ਾਮ ਦੇਣ ਦੀ ਸਕੀਮ ਬਣਾਉਣੀ ਸ਼ੁਰੂ ਕਰ ਦਿੱਤੀ। ਮਜੀਦ ਖਾਂ ਨੇ ਨਵੇਂ ਅਡਰੈਸ ਮੁਤਾਬਕ ਆਪਣੀ ਅਰਜ਼ੀ ਭਰ ਕੇ ਤਿਆਰ ਕਰ ਲਈ ਸੀ। ਅਲੀ ਕਿਸੇ ਅਜਿਹੇ ਬੰਦੇ ਦੀ ਭਾਲ ਕਰਨ ਲੱਗਿਆ ਜਿਹੜਾ ਕਿ ਉਨ੍ਹਾਂ ਦੇ ਕੰਮ ਦੇ ਅਗਲੇ ਹਿੱਸੇ ਨੂੰ ਪੂਰਾ ਕਰਨ ਵਿਚ ਮਦਦ ਕਰੇ। ਇਸ ਦੇ ਲਈ ਵੀ ਭਰੋਸੇਯੋਗ ਬੰਦੇ ਦੀ ਲੋੜ ਸੀ। ਕਾਫੀ ਮੱਥਾ-ਪੱਚੀ ਮਗਰੋਂ ਅਲੀ ਨੇ ਇਹ ਗੱਲ ਆਪਣੇ ਮਾਮੇ ਕੇæ ਐਸ਼ ਐਮæ ਨੂੰ ਦੱਸੀ। ਉਸ ਨੇ ਅਲੀ ਨੂੰ ਕਿਹਾ ਕਿ ਉਹ ਇੱਕ ਅੱਧ ਦਿਨ ਵਿਚ ਉਸ ਲਈ ਕੋਈ ਪ੍ਰਬੰਧ ਕਰੇਗਾ। ਦੂਸਰੇ ਹੀ ਦਿਨ ਕੇæ ਐਸ਼ ਐਮæ ਨੇ ਅਲੀ ਨੂੰ ਕਿਹਾ ਕਿ ਸ਼ਾਮ ਵੇਲੇ ਸੁਪਰ ਸਪਾਇਸੀ ਰੈਸਟੋਰੈਂਟ ਵਿਚ ਚਲਿਆ ਜਾਵੇ। ਉਥੇ ਉਸ ਨੂੰ ਉਜ਼ੇਰ ਪਰਾਚਾ ਨਾਂ ਦਾ ਮੁੰਡਾ ਮਿਲੂਗਾ ਜੋ ਕਿ ਕੁਝ ਦਿਨਾਂ ਬਾਅਦ ਹੀ ਅਮਰੀਕਾ ਜਾ ਰਿਹਾ ਹੈ। ਉਸ ਨਾਲ ਗੱਲ ਕਿਵੇਂ ਕਰਨੀ ਹੈ ਕੇæ ਐਸ਼ ਐਮæ ਨੇ ਇਹ ਸਭ ਕੁਝ ਅਲੀ ਨੂੰ ਸਮਝਾ ਦਿੱਤਾ। ਉਧਰ ਉਜ਼ੇਰ ਨੂੰ ਉਸ ਦੇ ਪਿਤਾ ਸੈਫਉਲਾ ਪਰਾਚਾ ਨੇ ਕਹਿ ਦਿੱਤਾ ਕਿ ਉਸ ਦੇ ਕੋਈ ਜਾਣ-ਪਛਾਣ ਵਾਲੇ ਹਨ ਉਹ ਉਨ੍ਹਾਂ ਦੀ ਮਦਦ ਕਰ ਦੇਵੇ।
ਉਜ਼ੇਰ ਨੂੰ ਪਤਾ ਸੀ ਕਿ ਉਸ ਦਾ ਪਿਉ ਵੱਡਾ ਬਿਜ਼ਨਸਮੈਨ ਹੈ ਅਤੇ ਉਸ ਦੇ ਕਈ ਅਲ ਕਾਇਦਾ ਮੈਂਬਰਾਂ ਨਾਲ ਵੀ ਸਬੰਧ ਹਨ। ਪਰ ਆਪ ਉਹ ਅਜਿਹੇ ਕੰਮਾਂ ਤੋਂ ਦੂਰ ਹੀ ਰਹਿੰਦਾ ਸੀ। ਉਸ ਦਾ ਪਿਉ ਵੀ ਉਸ ਨੂੰ ਇਹੀ ਕਹਿੰਦਾ ਰਹਿੰਦਾ ਸੀ ਕਿ ਉਸ ਦੇ ਜਿੰਨੇ ਕੁ ਸਬੰਧ ਅਲ ਕਾਇਦਾ ਨਾਲ ਹਨ, ਉਹ ਸਿਰਫ ਬਿਜ਼ਨਸ ਨਜ਼ਰੀਏ ਤੋਂ ਹਨ। ਉਂਜ ਉਹ ਕਹਿੰਦਾ ਸੀ ਕਿ ਉਸ ਦਾ ਉਨ੍ਹਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਖੈਰ, ਸ਼ਾਮ ਵੇਲੇ ਉਜ਼ੇਰ ਪਰਾਚਾ ਰੈਸਟੋਰੈਂਟ ਵਿਚ ਅਲੀ ਅਤੇ ਮਜੀਦ ਖਾਨ ਨੂੰ ਜਾ ਮਿਲਿਆ। ਗੱਲੀਂਬਾਤੀਂ ਅਲੀ ਨੇ ਗੱਲ ਛੇੜੀ, “ਉਜ਼ੇਰ ਭਾਈ ਆਪਣਾ ਇਹ ਦੋਸਤ ਮਜੀਦ ਇੱਕ ਕੰਮ ਕਰਨ ਵਾਲਾ ਮਿਡਲ ਕਲਾਸ ਆਦਮੀ ਐ ਤੇ ਇਹ ਆਉਣ ਲੱਗਿਆ ਆਪਣਾ ਟਰੈਵਲ ਪਰਮਿਟ ਲੈਣਾ ਭੁੱਲ ਗਿਆ ਹੈ। ਬੱਸ ਇਸ ਦਾ ਇੰਨਾ ਕੁ ਕੰਮ ਕਰਨਾ ਹੈ ਕਿ ਇਸ ਦੀ ਅਰਜ਼ੀ ਉਥੇ ਲੈ ਕੇ ਜਾਣੀ ਹੈ ਤੇ ਅਮਰੀਕਾ ਪਹੁੰਚ ਕੇ ਇੰਮੀਗਰੇਸ਼ਨ ਨੂੰ ਮੇਲ ਕਰ ਦੇਣੀ ਹੈ। ਫਿਰ ਹਫਤੇ ਪਿੱਛੋਂ ਉਨ੍ਹਾਂ ਨੂੰ ਮਜੀਦ ਖਾਨ ਬਣ ਕੇ ਫੋਨ ਕਰਨੈਂ। ਇਸ ਪਿੱਛੋਂ ਇੰਮੀਗਰੇਸ਼ਨ ਵਾਲੇ ਇਸ ਦਾ ਟਰੈਵਲ ਪਰਮਿਟ ਮੇਲ ਕਰ ਦੇਣਗੇ ਤੇ ਤੂੰ ਉਸ ਮੇਲ ਬਾਕਸ ‘ਚੋਂ ਜਾ ਕੇ ਉਹ ਪਰਮਿਟ ਚੁੱਕ ਲੈਣੈਂ। ਪਰਮਿਟ ਮਿਲ ਜਾਣ ਪਿੱਛੋਂ ਪੋਸਟ ਬਾਕਸ ਬੰਦ ਕਰਨ ਦੀ ਅਰਜ਼ੀ ਦੇ ਦੇਣੀ ਐ ਅਤੇ ਵਾਪਸ ਪਾਕਿਸਤਾਨ ਆਉਣ ਵੇਲੇ ਇਸ ਦਾ ਉਹ ਪਰਮਿਟ ਨਾਲ ਲੈ ਆਉਣਾ ਤਾਂ ਕਿ ਇਸ ਨੂੰ ਦੁਬਾਰਾ ਤੋਂ ਅਮਰੀਕਾ ਵਿਚ ਦਾਖਲ ਹੋਣ ਦੀ ਇਜਾਜ਼ਤ ਮਿਲ ਜਾਵੇ।”
ਬਾਈ ਤੇਈ ਸਾਲਾਂ ਦੇ ਸ਼ਰਮੀਲੇ ਜਿਹੇ ਉਜ਼ੇਰ ਨੂੰ ਗੱਲ ਕੁਛ ਅਟਪਟੀ ਜਿਹੀ ਲੱਗੀ ਪਰ ਉਹ ਉਨ੍ਹਾਂ ਦੇ ਪ੍ਰਭਾਵ ਕਾਰਨ ਕੁਛ ਬੋਲ ਨਾ ਸਕਿਆ ਅਤੇ ਉਸ ਨੇ ਮਜੀਦਾ ਖਾਨ ਦੇ ਸਾਰੇ ਕਾਗਜ਼ ਪੱਤਰ, ਉਸ ਦਾ ਲਾਈਸੈਂਸ, ਸੋਸ਼ਲ ਸਕਿਉਰਟੀ ਕਾਰਡ, ਮੇਲ ਬਾਕਸ ਦੀ ਚਾਬੀ ਅਤੇ ਅਰਜ਼ੀ ਵਗੈਰਾ ਫੜ੍ਹ ਲਏ। ਘਰ ਆ ਕੇ ਉਸ ਨੇ ਆਪਣੇ ਪਿਉ ਨੂੰ ਕਿਹਾ ਕਿ ਉਸ ਨੂੰ ਇਹ ਕੰਮ ਕੁਝ ਜਚਦਾ ਨਹੀਂ ਹੈ, ਪਰ ਸੈਫਉਲਾ ਪਰਾਚਾ ਨੇ ਗੱਲੀਂਬਾਤੀਂ ਉਸ ਦਾ ਡਰ ਦੂਰ ਕਰ ਦਿੱਤਾ ਤੇ ਅਧਮੰਨੇ ਮਨ ਨਾਲ ਉਜ਼ੇਰ ਪਰਾਚਾ ਅਮਰੀਕਾ ਜਾਣ ਲੱਗਿਆ ਮਜੀਦ ਖਾਨ ਦੇ ਸਾਰੇ ਕਾਗਜ਼ ਪੱਤਰ ਆਪਣੇ ਨਾਲ ਲੈ ਗਿਆ। ਉਥੇ ਜਾ ਕੇ ਉਸ ਨੇ ਆਪਣਾ ਸਾਰਾ ਸਮਾਨ ਆਪਣੇ ਪਿਉ ਦੇ ਦਫਤਰ ਵਿਚ ਰੱਖ ਦਿੱਤਾ ਤੇ ਆਪਣੇ ਕੰਮਾਂ ‘ਚ ਰੁੱਝ ਗਿਆ।
ਉਜ਼ੇਰ ਦਾ ਪਿਉ ਸੈਫਉਲਾ ਪਰਾਚਾ ਬਹੁਤ ਸਾਲ ਪਹਿਲਾਂ ਅਮਰੀਕਾ ‘ਚ ਪੜ੍ਹਦਾ ਰਿਹਾ ਸੀ। ਕੁਝ ਦੇਰ ਉਸ ਨੇ ਉਥੇ ਟਰੈਵਲ ਏਜੈਂਸੀ ਵੀ ਚਲਾਈ। ਫਿਰ ਪਾਕਿਸਤਾਨ ਵਾਪਸ ਆ ਕੇ ਉਸ ਨੇ ਕੱਪੜੇ ਦਾ ਬਿਜ਼ਨਸ ਸ਼ੁਰੂ ਕਰ ਲਿਆ। ਜਦੋਂ ਉਸ ਦਾ ਬਿਜ਼ਨਸ ਚੰਗਾ ਜੰਮ ਗਿਆ ਤਾਂ ਉਸ ਨੇ ਇੰਪੋਰਟ-ਐਕਸਪੋਰਟ ਦਾ ਲਾਈਸੈਂਸ ਲੈ ਕੇ ਪਾਕਿਸਤਾਨ ਤੋਂ ਅਮਰੀਕਾ ਨੂੰ ਰੈਡੀਮੇਡ ਕੱਪੜੇ ਭੇਜਣੇ ਸ਼ੁਰੂ ਕਰ ਦਿੱਤੇ। ਉਸ ਨੇ ਇੱਕ ਦਫਤਰ ਨਿਊ ਯਾਰਕ ਵਿਚ ਖੋਲ੍ਹ ਲਿਆ। ਪਾਕਿਸਤਾਨ ‘ਚ ਉਸ ਨੇ ਘਰ ਬਣਾ ਕੇ ਵੇਚਣ ਦਾ ਕੰਮ ਵੀ ਵੱਡੇ ਪੱਧਰ ‘ਤੇ ਚਲਾ ਲਿਆ। ਨਿਊ ਯਾਰਕ ‘ਚ ਸੈਫਉਲਾ ਦਾ ਪੁਰਾਣਾ ਅਮਰੀਕਣ ਦੋਸਤ ਚਾਰਲਸ ਉਸ ਦਾ ਬਿਜ਼ਨਸ ਪਾਰਟਨਰ ਬਣ ਗਿਆ। ਇਸ ਦਰਮਿਆਨ ਇੱਕ ਵਾਰ ਉਹ ਪਾਕਿਸਤਾਨ ਦੀ ਰਾਈਸ ਐਕਸਪੋਰਟ ਐਸੋਸੀਏਸ਼ਨ ਨਾਲ ਅਫਗਾਨਿਸਤਾਨ ਗਿਆ। ਟੀਮ ਦੇ ਇੱਕ ਮੈਂਬਰ ਨੇ ਉਸ ਨੂੰ ਉਸਾਮਾ ਬਿਨ ਲਾਦਿਨ ਨਾਲ ਮਿਲਾਉਣ ਦਾ ਵਿਚਾਰ ਦੱਸਿਆ ਤਾਂ ਉਹ ਖੁਸ਼ੀ ਖੁਸ਼ੀ ਮੰਨ ਗਿਆ। ਲਾਦਿਨ ਨੂੰ ਮਿਲਣ ਵੇਲੇ ਉਸ ਨੂੰ ਆਪਣਾ ਕਾਰਡ ਦਿੰਦਿਆਂ ਸੈਫਉਲਾ ਨੇ ਕਿਹਾ ਕਿ ਉਹ ਇੱਕ ਯੂਨੀਵਰਸਲ ਬਰੌਡਕਾਸਟਿੰਗ ਨਾਂ ਦਾ ਟੀ ਵੀ ਪ੍ਰੋਗਰਾਮ ਚਲਾਉਂਦਾ ਹੈ। ਉਸ ਨੇ ਲਾਦਿਨ ਨੂੰ ਆਪਣੇ ਇਸ ਪ੍ਰੋਗਰਾਮ ਵਿਚ ਇੰਟਰਵਿਊ ਦੇਣ ਲਈ ਕਿਹਾ। ਲਾਦਿਨ ਨੇ ਮੁਸਕਰਾਉਂਦਿਆਂ ਸੈਫਉਲਾ ਦਾ ਕਾਰਡ ਜੇਬ ‘ਚ ਪਾ ਲਿਆ।
ਉਦੋਂ ਤੱਕ ਸੈਫਉਲਾ ਸੋਚ ਰਿਹਾ ਸੀ ਕਿ ਉਸ ਨੂੰ ਅਲਕਾਇਦਾ ਤੋਂ ਬਹੁਤ ਬਿਜ਼ਨਸ ਮਿਲ ਸਕਦਾ ਹੈ। ਉਹ ਉਸ ਦੇ ਨਵੇਂ ਬਣ ਰਹੇ ਘਰਾਂ ਦੇ ਖਰੀਦਦਾਰ ਹੋ ਸਕਦੇ ਹਨ। ਇਸ ਵਿਚਕਾਰ ਕਾਫੀ ਵਕਤ ਬੀਤ ਗਿਆ ਕਿ ਉਸ ਦੇ ਦਫਤਰ ਇੱਕ ਬੰਦਾ ਆਇਆ ਜਿਸ ਨੇ ਆਪਣਾ ਨਾਂ ਮੀਰ ਦੱਸਿਆ। ਅਸਲ ਵਿਚ ਮੀਰ, ਕੇæ ਐਸ਼ ਐਮæ ਹੀ ਸੀ। ਉਸ ਨੇ ਉਹ ਕਾਰਡ ਕੱਢ ਕੇ ਵਿਖਾਇਆ ਜੋ ਕਦੇ ਸੈਫਉਲਾ ਨੇ ਉਸਾਮਾ ਬਿਨ ਲਾਦਿਨ ਨੂੰ ਦਿੱਤਾ ਸੀ। ਮੀਰ ਬਣੇ, ਕੇæ ਐਸ਼ ਐਮæ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਘਰ ਕਿਰਾਏ ‘ਤੇ ਚਾਹੀਦੇ ਹਨ ਅਤੇ ਕੁਝ ਖਰੀਦਣੇ ਵੀ ਹਨ। ਸੈਫਉਲਾ ਇਹ ਕੰਮ ਕਰਨ ਲਈ ਖੁਸ਼ੀ ਨਾਲ ਤਿਆਰ ਹੋ ਗਿਆ। ਅਗਲੇ ਇੱਕ ਸਾਲ ਤੱਕ ਉਸ ਨੇ ਅਲ ਕਾਇਦਾ ਨੂੰ ਵੇਚੇ ਘਰਾਂ ‘ਚੋਂ ਤਕਰਬੀਨ ਤਿੰਨ ਕਰੋੜ ਰੁਪਏ ਕਮਾਏ। ਪਿਛਲੇ ਦਿਨੀਂ ਹੀ ਕੇæ ਐਸ਼ ਐਮæ ਨੇ ਇੱਕ ਦਿਨ ਉਸ ਨੂੰ ਮੁਸਤਫਾ ਨਾਂ ਦੇ ਕਿਸੇ ਵੱਡੇ ਜਿਮੀਦਾਰ ਨਾਲ ਮਿਲਾਇਆ। ਪਰ ਮੁਸਤਫਾ ਅਸਲ ‘ਚ ਕੇæ ਐਸ਼ ਐਮæ ਦਾ ਭਾਣਜਾ ਅਲੀ ਹੀ ਸੀ। ਮੀਰ ਨੇ ਸੈਫਉਲਾ ਪਰਾਚਾ ਨੂੰ ਕਿਹਾ, “ਸੈਫਉਲਾ ਸਾਹਿਬ, ਮੁਸਤਫਾ ਬਲੋਚਿਸਚਾਨ ਦਾ ਬਹੁਤ ਵੱਡਾ ਬਿਜ਼ਨਸਮੈਨ ਹੈ। ਇਹ ਵੀ ਅਮਰੀਕਾ ਵਿਚ ਇੰਪੋਰਟ-ਐਕਸਪੋਰਟ ਦਾ ਬਿਜ਼ਨਸ ਕਰਨਾ ਚਾਹੁੰਦਾ ਐ। ਤੁਸੀਂ ਇਸ ਦੀ ਮਦਦ ਕਰੋ।”
“ਹਾਂ ਜੀ ਮੀਰ ਸਾਹਿਬ ਦੱਸੋ ਮੈਂ ਇਸ ਲਈ ਕੀ ਕਰ ਸਕਦਾ ਆਂ?”
“ਤੁਸੀਂ ਇਸ ਦੇ ਪਾਰਟਨਰ ਮਜੀਦ ਖਾਨ ਲਈ ਉਥੇ ਕੋਈ ਕੰਪਨੀ ਖੁਲਵਾ ਦਿਉ ਤਾਂ ਕਿ ਇਹ ਵੀ ਆਪਣਾ ਸਾਮਾਨ ਉਥੇ ਭਿਜਵਾ ਸਕੇ। ਸ਼ੁਰੂ ‘ਚ ਤੁਸੀਂ ਇਸ ਨੂੰ ਆਪਣੀ ਕੰਪਨੀ ਰਾਹੀਂ ਹੀ ਸਾਮਾਨ ਭੇਜਣ ਦੀ ਇਜਾਜ਼ਤ ਦੇ ਦਿਉ ਤਾਂ ਬਹੁਤ ਚੰਗਾ ਹੋਵੇਗਾ। ਅੱਗੇ ਜਾ ਕੇ ਇਹ ਸ਼ਾਇਦ ਤੁਹਾਡਾ ਪਾਰਟਨਰ ਹੀ ਬਣ ਜਾਵੇ।”
“ਕੋਈ ਗੱਲ ਨ੍ਹੀਂ ਮੀਰ ਸਾਹਿਬ। ਇਹ ਚਾਹੁਣ ਤਾਂ ਇੱਕ ਅੱਧ ਡਿਲਿਵਰੀ ਮੇਰੀ ਕੰਪਨੀ ਰਾਹੀਂ ਹੀ ਭੇਜ ਸਕਦੇ ਨੇ। ਅੱਗੇ ਦੀ ਅੱਗੇ ਵੇਖੀ ਜਾਵੇਗੀ।” ਸੈਫਉਲਾ ਅੰਦਰੋਂ ਖੁਸ਼ ਹੋ ਗਿਆ ਕਿ ਉਸ ਦਾ ਬਿਜ਼ਨਸ ਹੋਰ ਅੱਗੇ ਵਧੇਗਾ। ਪਰ ਕੇæ ਐਸ਼ ਐਮæ ਦੀ ਸਕੀਮ ਹੋਰ ਸੀ। ਉਸ ਨੇ ਸੋਚਿਆ ਸੀ ਕਿ ਅਲੀ ਦੇ ਸਾਮਾਨ ਭੇਜਣ ਦੇ ਬਹਾਨੇ ਉਹ ਸੈਫਉਲਾ ਦੀ ਕੰਪਨੀ ਨੂੰ ਵਰਤੇਗਾ। ਜਿਨ੍ਹਾਂ ਕਨਟੇਨਰਾਂ ‘ਚ ਸੈਫਉਲਾ ਕੱਪੜੇ ਪਾ ਕੇ ਭੇਜਦਾ ਸੀ, ਉਨ੍ਹਾਂ ‘ਚ ਸੀ 4 ਧਮਾਕਾਖੇਜ਼ ਅਤੇ ਹੋਰ ਘਾਤਕ ਕੈਮੀਕਲ ਪਾ ਕੇ ਭੇਜੇਗਾ ਜਿਨ੍ਹਾਂ ਨੂੰ ਉਥੇ ਜਾ ਕੇ ਬਾਅਦ ਵਿਚ ਮਜੀਦ ਖਾਨ ਨੇ ਸੰਭਾਲਣਾ ਸੀ। ਇਹੀ ਹਥਿਆਰ ਅਮਰੀਕਾ ਦੇ ਤੇਲ ਭੰਡਾਰਾਂ ਨੂੰ ਅੱਗ ਲਾਉਣ ਲਈ ਵਰਤੇ ਜਾਣੇ ਸਨ। ਗੱਲਬਾਤ ਮੁਕਾ ਕੇ ਮੀਰ ਅਤੇ ਮੁਸਤਫਾ ਬਣੇ, ਮਾਮਾ ਭਾਣਜਾ ਸੈਫਉਲਾ ਦੇ ਦਫਤਰੋਂ ਆ ਗਏ।
ਉਧਰ ਆਫੀਆ ਇਹ ਸੋਚ ਕੇ ਖੁਸ਼ ਹੋ ਰਹੀ ਸੀ ਕਿ ਉਹ ਚੁੱਪ ਚਾਪ ਅਮਰੀਕਾ ਦਾ ਗੇੜਾ ਲਾ ਆਈ ਤੇ ਕਿਸੇ ਨੂੰ ਇਸ ਦੀ ਭਿਣਕ ਵੀ ਨਹੀਂ ਪਈ। ਪਰ ਇਹ ਉਸ ਦੀ ਭੁੱਲ ਸੀ ਕਿਉਂਕਿ ਉਸ ਦਾ ਨਾਂ ਪਹਿਲਾਂ ਹੀ ਐਫ਼ ਬੀæ ਆਈæ ਵਾਲਿਆਂ ਦੇ ਰਿਕਾਰਡ ‘ਚ ਆ ਚੁਕਾ ਸੀ। ਉਹ ਅਤੇ ਅਮਜਦ ਜਦੋਂ ਐਫ਼ ਬੀæ ਆਈæ ਦੀ ਦੂਸਰੀ ਇੰਟਰਵਿਊ ਵਿਚਾਲੇ ਹੀ ਛੱਡ ਕੇ ਚਲੇ ਗਏ ਸਨ ਤਾਂ ਐਫ਼ ਬੀæ ਆਈæ ਨੇ ਉਨ੍ਹਾਂ ਦਾ ਨਾਂ ਟਰੈਵਲ ਵਾਚ ਲਿਸਟ ‘ਤੇ ਪਾ ਦਿੱਤਾ ਸੀ ਜਿਸ ਦਾ ਨਤੀਜਾ ਇਹ ਹੋਇਆ ਕਿ ਜਿਉਂ ਹੀ ਉਹ ਅਮਰੀਕਾ ਜਾਣ ਲਈ ਕਰਾਚੀ ਤੋਂ ਜਹਾਜ ‘ਚ ਬੈਠੀ ਸੀ ਤਾਂ ਉਸੇ ਵੇਲੇ ਪਾਕਿਸਤਾਨ ਦੀ ਫੈਡਰਲ ਟਰੈਵਲ ਏਜੈਂਸੀ ਨੇ ਅਮਰੀਕਨ ਐਫ਼ ਬੀæ ਆਈæ ਨੂੰ ਸੂਚਿਤ ਕਰ ਦਿੱਤਾ ਸੀ। ਐਫ਼ ਬੀæ ਆਈæ ਵਾਲਿਆਂ ਨੇ ਉਸ ਨੂੰ ਏਅਰਪੋਰਟ ‘ਤੇ ਫੜ੍ਹਨ ਦੀ ਬਜਾਏ ਉਸ ਦਾ ਪਿੱਛਾ ਕਰਨਾ ਉਚਿਤ ਸਮਝਿਆ ਕਿਉਂਕਿ ਉਹ ਉਸ ਨੂੰ ਫੜ੍ਹਨ ਨਾਲੋਂ ਸਾਰੇ ਰਿੰਗ ਨੂੰ ਤੋੜਨਾ ਚਾਹੁੰਦੇ ਸਨ। ਆਫੀਆ ਨੇ ਜਦੋਂ ਏਅਰਪੋਰਟ ਦੇ ਬਾਹਰੋਂ ਟੈਕਸੀ ਲਈ ਤਾਂ ਜੋ ਪਾਕਿਸਤਾਨੀ ਟੈਕਸੀ ਡਰਾਈਵਰ ਉਸ ਨੂੰ ਏਅਰਪੋਰਟ ਤੋਂ ਚੁੱਕ ਕੇ ਹੋਟਲ ਛੱਡ ਕੇ ਆਇਆ ਉਹ ਐਫ਼ ਬੀæ ਆਈæ ਦਾ ਹੀ ਬੰਦਾ ਸੀ।
ਅਗਲੇ ਦੋ ਦਿਨ ਵੀ ਉਸ ਦਾ ਪਿੱਛਾ ਹੁੰਦਾ ਰਿਹਾ। ਉਸ ਦੇ ਪਿੱਛੇ ਪਿੱਛੇ ਰਹਿੰਦਿਆਂ ਐਫ਼ ਬੀæ ਆਈæ ਨੇ ਪਤਾ ਲਗਾ ਲਿਆ ਕਿ ਇਹ ਇੱਥੇ ਸਿਰਫ ਪੋਸਟ ਬਾਕਸ ਕਿਰਾਏ ‘ਤੇ ਲੈਣ ਆਈ ਸੀ। ਇੰਨਾ ਹੀ ਨਹੀਂ ਸਗੋਂ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਆਫੀਆ ਨੇ ਪੋਸਟ ਆਫਿਸ ਕਿਰਾਏ ‘ਤੇ ਲੈਣ ਵੇਲੇ ਮਜੀਦ ਖਾਨ ਦਾ ਨਾਂ ਘਰਵਾਲੇ ਦੇ ਤੌਰ ‘ਤੇ ਲਿਖਿਆ ਹੈ ਤਾਂ ਉਹ ਸਮਝ ਗਏ ਕਿ ਹੁਣ ਇਸ ਨਾਂ ਦਾ ਬੰਦਾ ਅਮਰੀਕਾ ਵਿਚ ਆਵੇਗਾ ਪਰ ਮਜੀਦ ਖਾਨ ਜਾਂ ਬਾਕੀ ਗਰੁੱਪ ਇਸ ਗੱਲ ਤੋਂ ਅਣਭਿੱਜ ਅੱਗੇ ਦੀ ਕਾਰਵਾਈ ਕਰਨ ਵਿਚ ਮਸਰੂਫ ਹੋ ਗਏ।
(ਚੱਲਦਾ)

Be the first to comment

Leave a Reply

Your email address will not be published.