ਨਵਜੋਤ ਸਿੱਧੂ ਨਾਲ ਰੇੜਕਾ ਵਧਿਆ
ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਵੱਡੀ ਹਿਲਜੁਲ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਤਰੀਆਂ ਦੇ ਵਿਭਾਗ ਬਦਲਣ ਦਾ ਮਸਲਾ ਕਾਫੀ ਭਖ ਗਿਆ ਹੈ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਸੁਲਗ ਰਹੀ ਅੱਗ ਹੁਣ ਭਾਂਬੜ ਬਣ ਗਈ ਹੈ।
ਕੈਪਟਨ ਵਲੋਂ ਮੰਤਰੀਆਂ ਦੇ ਵਿਭਾਗਾਂ ਵਿਚ ਕੀਤੇ ਫੇਰਬਦਲ ਲਈ ਅਪਣਾਏ ਮਾਪਦੰਡਾਂ ਬਾਰੇ ਵੀ ਸਵਾਲ ਉਠਾਏ ਜਾ ਰਹੇ ਹਨ। ਉਧਰ, ਕੈਪਟਨ ਦੀ ਇਸ ਕਾਰਵਾਈ ਖਿਲਾਫ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਦਿੱਲੀ ਕਾਂਗਰਸ ਹਾਈਕਮਾਨ ਤੱਕ ਪਹੁੰਚ ਕੀਤੀ ਹੈ। ਯਾਦ ਰਹੇ ਕਿ ਕੈਪਟਨ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਜਿਨ੍ਹਾਂ ਮੰਤਰੀਆਂ/ਵਿਧਾਇਕਾਂ ਨੇ ਆਪਣੇ ਇਲਾਕੇ ਵਿਚ ਮਾੜੀ ਕਾਰਗੁਜ਼ਾਰੀ ਦਿਖਾਈ, ਉਹ ਸਜ਼ਾ ਦੇ ਹੱਕਦਾਰ ਹੋਣਗੇ।
ਹੁਣ ਨਵਜੋਤ ਸਿੱਧੂ ਦਾ ਵਿਭਾਗ ਸ਼ਹਿਰੀ ਹਲਕਿਆਂ ਵਿਚ ਮਾੜੀ ਕਾਰਗੁਜ਼ਾਰੀ ਦੇ ਆਧਾਰ ‘ਤੇ ਬਦਲ ਦਿੱਤਾ ਗਿਆ ਤੇ ਉਨ੍ਹਾਂ ਨੂੰ ਘੱਟ ਅਹਿਮੀਅਤ ਵਾਲਾ ਬਿਜਲੀ ਵਿਭਾਗ ਦੇ ਦਿੱਤਾ ਹੈ। ਇਸ ਦੇ ਨਾਲ ਓਮ ਪ੍ਰਕਾਸ਼ ਸੋਨੀ ਅਤੇ ਅਰੁਣਾ ਚੌਧਰੀ ਕੋਲੋਂ ਅਹਿਮ ਵਿਭਾਗ ਸਿੱਖਿਆ ਅਤੇ ਟਰਾਂਸਪੋਰਟ ਵਾਪਸ ਲਏ ਹਨ। ਉਂਜ, ਪੰਜ ਮੰਤਰੀਆਂ ਜਿਨ੍ਹਾਂ ਦੇ ਹਲਕਿਆਂ ਤੋਂ ਲੋਕ ਸਭਾ ਚੋਣਾਂ ਸਮੇਂ ਕਾਂਗਰਸ ਪਾਰਟੀ ਪਛੜ ਗਈ ਸੀ, ਉਨ੍ਹਾਂ ਵਿਚੋਂ ਦੋ ਨੂੰ ਹੁਣ ਵੱਡੇ ਵਿਭਾਗ ਦੇ ਕੇ ਉਨ੍ਹਾਂ ਦੇ ਮਾਣ ਸਨਮਾਨ ਵਿਚ ਵਾਧਾ ਕੀਤਾ ਗਿਆ ਹੈ। ਇਨ੍ਹਾਂ ਵਿਚ ਵਿਜੈਇੰਦਰ ਸਿੰਗਲਾ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਸ਼ਾਮਲ ਹਨ। ਸਿੰਗਲਾ ਨੂੰ ਪਹਿਲੇ ਵਿਭਾਗ ਨਾਲੋਂ ਵੱਡਾ, ਸਿੱਖਿਆ ਵਿਭਾਗ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਜਿਨ੍ਹਾਂ ਦੇ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਪਛੜ ਗਈ, ਉਨ੍ਹਾਂ ਨੂੰ ਇਸ ‘ਸਜ਼ਾ’ ਤੋਂ ਬਾਹਰ ਰੱਖਿਆ ਗਿਆ। ਵਿਭਾਗ ਬਦਲਣਾ ਭਾਵੇਂ ਮੁੱਖ ਮੰਤਰੀ ਦਾ ਅਧਿਕਾਰ ਖੇਤਰ ਹੈ ਪਰ ਇਸ ਬਾਰੇ ਦਬਵੀਂ ਸੁਰ ਵਿਚ ਆਵਾਜ਼ਾਂ ਉਠਣ ਲੱਗੀਆਂ ਹਨ; ਖਾਸ ਕਰਕੇ ਜਿਨ੍ਹਾਂ ਦੇ ਪਰ ਕੁਤਰੇ ਗਏ ਹਨ, ਉਹ ਅੰਦਰਖਾਤੇ ਅਜਿਹੇ ਨੁਕਤੇ ਉਠਾ ਰਹੇ ਹਨ ਪਰ ਅਜੇ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੇ।
ਕੈਪਟਨ ਅਤੇ ਸਿੱਧੂ ਵਿਚਾਲੇ ਪਿਛਲੇ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਲੋਕ ਸਭਾ ਚੋਣਾਂ ਦੌਰਾਨ ਵੀ ਸਿੱਧੂ ਨੇ ਕੈਪਟਨ ਦੀ ਦੁਖਦੀ ਰਗ ਉਤੇ ਹੱਥ ਰੱਖ ਦਿੱਤਾ ਸੀ। ਸਿੱਧੂ ਨੇ ਵਾਰ-ਵਾਰ ਕਾਂਗਰਸ ਅਤੇ ਬਾਦਲਾਂ ਦੇ ਗੱਠਜੋੜ ਵੱਲ ਇਸ਼ਾਰਾ ਕੀਤਾ। ਇਥੋਂ ਤੱਕ ਕਿ ਵੋਟਾਂ ਵਾਲੇ ਦਿਨ ਵੀ ਮੀਡੀਆ ਸਾਹਮਣੇ ਖੁੱਲ੍ਹ ਕੇ ਆਖ ਦਿੱਤਾ ਕਿ ਕਾਂਗਰਸ ਦਾ ਨੁਕਸਾਨ ਕਰਨ ਵਾਲਿਆਂ ਨੂੰ ਸਬਕ ਸਿਖਾ ਦਿਓ। ਮੰਨਿਆ ਜਾ ਰਿਹਾ ਹੈ ਕਿ ਸਿੱਧੂ ਦਾ ਇਸ਼ਾਰਾ ਕੈਪਟਨ ਵੱਲ ਸੀ। ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਸਮੇਤ ਹੋਰ ਸਿਆਸੀ ਧਿਰਾਂ ਇਹ ਦੋਸ਼ ਲਾਉਂਦੀਆਂ ਰਹੀਆਂ ਹਨ ਕਿ ਚੋਣਾਂ ਸਮੇਂ ਅਕਾਲੀ ਤੇ ਕਾਂਗਰਸੀ ਰਲ ਜਾਂਦੇ ਹਨ ਤੇ ਆਪਸ ਵਿਚ ਸਮਝੌਤਾ ਕਰਕੇ ਸੀਟਾਂ ਦੀ ਵੰਡ ਕਰਦੇ ਹਨ।
ਇਨ੍ਹਾਂ ਚੋਣਾਂ ਵਿਚ ਵੀ ਇਹ ਮੁੱਦਾ ਜ਼ੋਰ ਸ਼ੋਰ ਨਾਲ ਚੁੱਕਿਆ ਗਿਆ ਸੀ ਅਤੇ ਸਿੱਧੂ ਨੇ ਬਲਦੀ ਉਤੇ ਤੇਲ ਪਾ ਦਿੱਤਾ। ਉਂਜ, ਸਿੱਧੂ ਜੋੜੇ ਦਾ ਕੈਪਟਨ ਉਤੇ ਇਹ ਕੋਈ ਪਹਿਲਾ ਹੱਲਾ ਨਹੀਂ ਸੀ। ਇਸ ਤੋਂ ਪਹਿਲਾਂ ਵੀ ਸਿੱਧੂ ਨੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਆਖ ਦਿੱਤਾ ਸੀ ਕਿ ਉਨ੍ਹਾਂ ਦੇ ਕੈਪਟਨ ਤਾਂ ਰਾਹੁਲ ਗਾਂਧੀ ਹਨ, ਅਮਰਿੰਦਰ ਸਿੰਘ ਨਹੀਂ। ਇਸ ਪਿੱਛੋਂ ਕਾਫੀ ਵਿਵਾਦ ਖੜ੍ਹਾ ਹੋਇਆ ਸੀ। ਦੂਜੇ ਪਾਸੇ ਇਸ ਗੱਲ ਦੀ ਵੀ ਚਰਚਾ ਜ਼ੋਰਾਂ ‘ਤੇ ਹੈ ਕਿ ਮੁੱਖ ਮੰਤਰੀ ਵਲੋਂ ਕਈ ਮੰਤਰੀਆਂ ਦੇ ਵਿਭਾਗ ਬਦਲ ਕੇ ਇਹ ਸੰਦੇਸ਼ ਦਿੱਤਾ ਹੈ ਕਿ ਪੰਜਾਬ ‘ਚ ਕਾਂਗਰਸ ਦੇ ਕੈਪਟਨ ਸਿਰਫ ਉਹ ਹਨ। ਮੰਤਰੀਆਂ ਦੇ ਤਬਾਦਲਿਆਂ ਮੌਕੇ ਕੈਪਟਨ ਵਲੋਂ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਤਾਂ ਸਿਹਤ ਮੰਤਰੀ ਬਣਾ ਕੇ ਬਾਗੋ-ਬਾਗ ਕਰ ਦਿੱਤਾ ਗਿਆ, ਉਥੇ ਨਵਜੋਤ ਸਿੰਘ ਸਿੱਧੂ ਤੋਂ ਸਥਾਨਕ ਸਰਕਾਰ ਦਾ ਮਹਿਕਮਾ ਵਾਪਸ ਲੈ ਕੇ ਉਨ੍ਹਾਂ ਨੂੰ ਨਾਰਾਜ਼ ਕਰ ਦਿੱਤਾ ਗਿਆ।
ਇਥੇ ਇਹ ਗੱਲ ਵੀ ਕਾਫੀ ਦਿਲਚਸਪ ਹੈ ਕਿ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਜਿਨ੍ਹਾਂ ਦੇ ਇਲਾਕੇ ‘ਚੋਂ ਕਾਂਗਰਸੀ ਉਮੀਦਵਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਹਲਕਾ ਸੰਗਰੂਰ ‘ਚ ਜਿੱਤ ਦਾ ਝੰਡਾ ਗੱਡ ਦਿੱਤਾ, ਇਸ ਦੇ ਬਾਵਜੂਦ ਕੈਪਟਨ ਵਲੋਂ ਸਿੰਗਲਾ ਨੂੰ ਇਨਾਮ ਵਜੋਂ ਸਿੱਖਿਆ ਮੰਤਰੀ ਬਣਾ ਦਿੱਤਾ ਗਿਆ ਜੋ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੂੰ ਵੀ ਪਚ ਨਹੀਂ ਆ ਰਿਹਾ।
ਵੱਡੀ ਗਿਣਤੀ ਕਾਂਗਰਸੀ ਆਗੂਆਂ ਦਾ ਗਿਲਾ ਹੈ ਕਿ ਜੇਕਰ ਲੋਕ ਸਭਾ ਉਮੀਦਵਾਰਾਂ ਦੇ ਹਾਰਨ ‘ਤੇ ਵੀ ਸਬੰਧਤ ਇਲਾਕੇ ਦੇ ਮੰਤਰੀਆਂ ਨੂੰ ਇਨਾਮ ਹੀ ਮਿਲਣੇ ਸਨ ਤਾਂ ਕੈਪਟਨ ਵਲੋਂ ਮੰਤਰੀਆਂ ਤੇ ਵਿਧਾਇਕਾਂ ਦੀ ਜ਼ਿੰਮੇਵਾਰੀ ਤੈਅ ਕਰਨ ਵਾਲਾ ਬਿਆਨ ਦਿੱਤਾ ਹੀ ਕਿਉਂ ਗਿਆ? ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ਸਮੇਤ, ਵਿਜੈਇੰਦਰ ਸਿੰਗਲਾ, ਰਾਣਾ ਗੁਰਮੀਤ ਸਿੰਘ ਸੋਢੀ, ਸ਼ਾਮ ਸੁੰਦਰ ਅਰੋੜਾ ਅਤੇ ਅਰੁਣਾ ਚੌਧਰੀ ਆਪਣੇ ਹਲਕਿਆਂ ‘ਚੋਂ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ‘ਚ ਅਸਫਲ ਰਹੇ। ਇਨ੍ਹਾਂ ਮੰਤਰੀਆਂ ‘ਚੋਂ ਸਿਰਫ ਅਰੁਣਾ ਚੌਧਰੀ ਤੋਂ ਹੀ ਟਰਾਂਸਪੋਰਟ ਮਹਿਕਮਾ ਵਾਪਸ ਲਿਆ ਗਿਆ ਹੈ ਜਦਕਿ ਵਿਜੈਇੰਦਰ ਸਿੰਗਲਾ ਨੂੰ ਸਿੱਖਿਆ ਵਿਭਾਗ ਅਤੇ ਰਾਣਾ ਸੋਢੀ ਨੂੰ ਪਰਵਾਸੀ ਭਾਰਤੀਆਂ ਦਾ ਵਿਭਾਗ ਜੋ ਪਹਿਲਾਂ ਮੁੱਖ ਮੰਤਰੀ ਕੋਲ ਸੀ, ਦੇ ਦਿੱਤਾ ਗਿਆ।