ਕ੍ਰਿਪਾਲ ਕੌਰ
ਫੋਨ: 815-356-9535
ਕੁਝ ਸਮਾਂ ਪਹਿਲਾਂ ਇਸ ਸ਼ਮਸ਼ਾਨਘਾਟ ਤੋਂ ਅੱਗੇ ਕੁਝ ਨਹੀਂ ਸੀ ਹੁੰਦਾ, ਹੁਣ ਤਾਂ ਪੂਰਾ ਸ਼ਹਿਰ ਵੱਸ ਗਿਆ ਹੈ। ਦਰਿਆ ਦੇ ਕੰਢੇ ਤੱਕ ਕਾਰਖਾਨੇ ਲੱਗ ਗਏ ਹਨ। ਸ਼ਮਸ਼ਾਨ ਦੇ ਬਿਲਕੁਲ ਸਾਹਮਣੇ ਬਹੁਤ ਵੱਡਾ ਪਲਾਟ ਖਾਲੀ ਪਿਆ ਹੈ। ਪਲਾਟ ਨਹੀਂ, ਇਹ ਤਾਂ ਕਿਸੇ ਨੇ ਕੋਈ ਕਾਲੋਨੀ ਬਣਾਉਣ ਲਈ ਜਮੀਨ ਲਈ ਸੀ। ਕੋਈ ਅੜਿਕਾ ਪੈਣ ਕਰਕੇ ਹੁਣ ਇਹ ਖਾਲੀ ਪਈ ਹੈ। ਕੰਡਿਆਲੀ ਤਾਰ ਇਸ ਦੇ ਚਾਰ-ਚੁਫੇਰੇ ਲਾਈ ਹੋਈ ਹੈ।
ਉਹ ਤਾਰ ਇਥੋਂ ਕੱਟ ਕੇ ਲੋਕਾਂ ਨੇ ਰਾਹ ਬਣਾ ਲਿਆ ਹੈ। ਸਫਾਈ ਸੇਵਾਦਾਰ ਘਰਾਂ ਦਾ ਕੂੜਾ ਇਕੱਠਾ ਕਰਕੇ ਅੰਦਰ ਆਪਣਾ ਰਿਕਸ਼ਾ ਲੰਘਾ ਸੁੱਟ ਜਾਂਦੇ ਹਨ। ਕਮੇਟੀ ਵਲੋਂ ਦੱਸੀ ਹੋਈ ਥਾਂ ਦੂਰ ਪੈਂਦੀ ਹੈ। ਕਈਆਂ ਨੇ ਇਥੇ ਝੌਂਪੜੀਆਂ ਵੀ ਬਣਾ ਲਈਆਂ ਹਨ। ਇਨ੍ਹਾਂ ਝੌਂਪੜੀਆਂ ਵਿਚੋਂ ਇਕ ਵਿਚ ਰਾਜੂ ਵੀ ਕੁਝ ਦਿਨਾਂ ਤੋਂ ਰਹਿੰਦਾ ਹੈ।
ਰਾਜੂ ਜਦੋਂ ਆਪਣੀ ਸਵਿਤਰੀ ਨੂੰ ਲੈਣ ਗਿਆ ਸੀ, ਜਾਣ ਤੋਂ ਪਹਿਲਾਂ ਪੱਕੇ ਸਾਫ-ਸੁਥਰੇ ਕਮਰੇ ਦੀ ਚਾਬੀ ਜੇਬ ਵਿਚ ਪਾ ਕੇ ਤੁਰਿਆ ਸੀ। ਨਾਲ ਛੋਟੀ ਜਿਹੀ ਰਸੋਈ ਤੇ ਬਾਥਰੂਮ ਵੀ ਸੀ। ਜੇਬ ਵਿਚ ਦੋ ਹਜ਼ਾਰ ਤੋਂ ਵੱਧ ਨਗਦੀ ਵੀ। ਹਫਤੇ ਦੀ ਛੁੱਟੀ ਲੈ ਕੇ ਗਿਆ ਸੀ। ਬਾਪੂ ਦੀ ਬਿਮਾਰੀ ਕਾਰਨ ਦੋ ਮਹੀਨੇ ਲੱਗ ਗਏ। ਵਾਪਸ ਆਏ ਨੂੰ ਨੌਕਰੀ ਤੋਂ ਵੀ ਜਵਾਬ ਮਿਲ ਗਿਆ, ਕਮਰਾ ਕਿਥੋਂ ਮਿਲਣਾ ਸੀ! ਨੀਲੇ ਅਸਮਾਨ ਹੇਠ ਖਾਲੀ ਜੇਬ ਰਾਤ ਨੂੰ ਇਥੇ ਟਿਕਾਣਾ ਮਿਲਿਆ।
ਇਕ ਮਾਈ ਕੋਲ ਇਹ ਟੁੱਟਾ ਰਿਕਸ਼ਾ ਸੀ। ਉਸ ਦਾ ਚਲਾਉਣ ਵਾਲਾ ਮਰ ਗਿਆ ਸੀ। ਇਹ ਰਿਕਸ਼ਾ ਰਾਜੂ ਨੇ ਲੈ ਲਿਆ। ਰਿਕਸ਼ੇ ਦੀ ਹਾਲਤ ਦੇਖ ਕੇ ਕੋਈ ਸਵਾਰੀ ਨਾ ਆਉਂਦੀ। ਸਵਿਤਰੀ ਨੂੰ ਅਪੈਂਡਿਕਸ ਦਾ ਦਰਦ ਸ਼ੁਰੂ ਹੋ ਗਿਆ। ਉਹ ਤਾਂ ਸਵਿਤਰੀ ਦੀ ਸਰਜਰੀ ਕਰਾਉਣ ਲਈ ਲੈ ਕੇ ਆਇਆ ਸੀ। ਅੱਜ ਖਾਲੀ ਜੇਬ। ਚਾਹ ਦੇ ਕੱਪ ਲਈ ਵੀ ਪੈਸੇ ਨਹੀਂ। ਜਿਸ ਹੋਣੀ ਦਾ ਡਰ ਸੀ, ਉਹੀ ਵਾਪਰ ਗਈ। ਸਵਿਤਰੀ ਦਾ ਅਪੈਂਡਿਕਸ ਫਟ ਗਿਆ ਅਤੇ ਉਹ ਚੜ੍ਹਾਈ ਕਰ ਗਈ।
ਰਾਜੂ ਕੋਲ ਨਾ ਕਾਠ ਕਫਨ ਲਈ ਮਾਇਆ, ਨਾ ਰੋਣ ਲਈ ਕੰਧ ਜਾਂ ਕੰਧਾ। ਨਾਲ ਦੀਆਂ ਝੁੱਗੀਆਂ ਵਾਲਿਆਂ ਤੋਂ ਮਦਦ ਮੰਗੀ। ਕੋਰਾ ਜਵਾਬ! ਛੁੱਟੀ ਤਾਂ ਕਰ ਨਹੀਂ ਸਕਦੇ। ਮੁੜ ਕੇ ਆ ਕੇ ਦੇਖਾਂਗੇ।
ਰਾਜੂ ਨੇ ਰਾਤ ਰੋ ਕੇ ਕੱਟੀ। ਸਵੇਰੇ ਝੌਂਪੜੀ ਦੇ ਬਾਹਰ ਖੜ੍ਹ ਕੇ ਰੋ-ਰੋ ਕੇ ਦੁਹਾਈ ਦਿੱਤੀ। ਕੋਈ ਦਰਦੀ ਨਾ ਮਿਲਿਆ। ਰਾਜੂ ਨੇ ਆਪਣਾ ਰਿਕਸ਼ਾ ਖਿੱਚ ਕੇ ਨੇੜੇ ਕੀਤਾ। ਆਪਣੀ ਜੁੱਲੀ ਤੇ ਕੰਬਲੀ ਵਿਚ ਸਵਿਤਰੀ ਨੂੰ ਬਿਸਤਰੇ ਵਾਂਗ ਬਣਾ ਕੇ ਰਿਕਸ਼ੇ ਦੀ ਸੀਟ ‘ਤੇ ਰੱਖ ਕੇ ਉਪਰ ਜੋ ਹੋਰ ਕੱਪੜੇ ਸੀ, ਉਹ ਪਾ ਕੇ ਸਵਿਤਰੀ ਦੀ ਸਾੜੀ ਨਾਲ ਉਸ ਨੂੰ ਸੀਟ ‘ਤੇ ਬੰਨ ਕੇ ਰਿਕਸ਼ਾ ਲੈ ਕੇ ਤੁਰ ਪਿਆ।
ਹੁਣ ਉਹ ਤਾਰ ਕੱਟ ਕੇ ਬਣਾਏ ਰਾਹ ‘ਤੇ ਖੜ੍ਹਾ ਹੈ। ਸੜਕ ‘ਤੇ ਕਾਰਾਂ, ਸਕੂਟਰਾਂ ਤੇ ਪੈਦਲ ਚਲਣ ਵਾਲਿਆਂ ਦਾ ਹਜ਼ੂਮ ਹੈ। ਪੁਲਿਸ ਵਾਲੇ ਟ੍ਰੈਫਿਕ ਕੰਟਰੋਲ ਕਰ ਰਹੇ ਸਨ। ਇਕ ਪੁਲਿਸ ਵਾਲੇ ਨੇ ਰਾਜੂ ਨੂੰ ਦੇਖਿਆ। ਉਸ ਨੇ ਹਵਾ ਵਿਚ ਆਪਣੀ ਸੋਟੀ ਘੁਮਾ ਕੇ ਕਿਹਾ, “ਇਹ ਸ਼ਾਹੀ ਸਵਾਰੀ ਕਿਧਰ ਜਾ ਰਹੀ ਹੈ।”
ਰਾਜੂ ਡਰ ਗਿਆ ਤੇ ਹੱਥ ਜੋੜ ਕੇ ਬੋਲਿਆ, “ਜਨਾਬ ਮੈਂ ਤਾਂ ਖੜ੍ਹਾ ਹੋ ਗਿਆ ਹਾਂ।” ਪੁਲਿਸ ਵਾਲੇ ਨੇ ਰਾਜੂ ਦਾ ਰੋਣਾ ਮੂੰਹ ਦੇਖਿਆ ਤੇ ਕੁਝ ਨਰਮ ਪੈ ਗਿਆ, ਪੁੱਛਿਆ, “ਜਾਣਾ ਕਿਥੇ ਹੈ?”
“ਜਨਾਬ ਸ਼ਮਸ਼ਾਨ।” ਹੱਥ ਜੋੜ ਕੇ ਰਾਜੂ ਨੇ ਉਤਰ ਦਿੱਤਾ।
“ਤੇਰੇ ਕਿਸੇ ਰਿਸ਼ਤੇਦਾਰ ਦੀ ਅਰਥੀ ਆਉਣੀ ਹੈ?” ਪੁਲਿਸ ਵਾਲੇ ਪੁੱਛਿਆ।
“ਜੀ।” ਰਾਜੂ ਨੇ ਹੌਲੀ ਜਿਹੀ ਕਿਹਾ।
ਦੂਸਰੇ ਪੁਲਿਸ ਵਾਲੇ ਦੀ ਅਵਾਜ਼ ਆਈ। ਸਾਹਿਬ ਆ ਰਹੇ ਹਨ।
ਪਹਿਲੇ ਪੁਲਿਸ ਵਾਲੇ ਦੇ ਦਿਲ ਵਿਚ ਡਾਢਾ ਤਰਸ ਆ ਗਿਆ। ਉਸ ਨੇ ਰਾਜੂ ਨੂੰ ਕਿਹਾ, “ਤੂੰ ਜਲਦੀ ਆਪਣਾ ਰਿਕਸ਼ਾ ਸਾਹਮਣੇ ਵਾਲੀ ਗਲੀ ਵਿਚ ਲੈ ਜਾ। ਗੇਟ ‘ਤੇ ਅਜੇ ਨਹੀਂ ਜਾ ਹੋਣਾ।” ਰਾਜੂ ‘ਜੀ ਜਨਾਬ’ ਕਹਿ ਕੇ ਰਿਕਸ਼ਾ ਧੂਹ ਕੇ ਸੜਕ ਪਾਰ ਕਰ ਗਿਆ। ਰਾਜੂ ਨੂੰ ਇਸ ਤਰ੍ਹਾਂ ਜਾਪਿਆ, ਜਿਵੇਂ ਰਿਕਸ਼ੇ ਨੂੰ ਸਵਿਤਰੀ ਨੇ ਧੱਕਾ ਲਾ ਕੇ ਝੱਟ ਸੜਕ ਪਾਰ ਕਰਵਾ ਦਿੱਤੀ ਹੋਵੇ।
ਗਲੀ ਵਿਚ ਰਿਕਸ਼ਾ ਕੰਧ ਨਾਲ ਲਾ ਕੇ ਖੜ੍ਹਾ ਕਰ ਦਿੱਤਾ। ਆਪ ਉਸ ਦੇ ਪਾਇਦਾਨ ‘ਤੇ ਬੈਠ ਗਿਆ। ਮੂੰਹ ‘ਤੇ ਪਰਨਾ ਰੱਖ ਕੇ ਬਹੁਤ ਰੋਇਆ। ਮਨ ਅੰਦਰ ਭਿਆਨਕ ਤੂਫਾਨ ਸੀ। ਰੱਬ ਦੇ ਘਰ ਬਿਲਕੁਲ ਨਿਆਂ ਨਹੀਂ ਹੈ। ਸਵਿਤਰੀ ਨੇ ਕੀ ਪਾਪ ਕੀਤਾ? ਪੰਜਾਂ ਸਾਲਾਂ ਦੀ ਉਮਰ ਵਿਚ ਮਾਂ ਮਰ ਗਈ। ਪੰਦਰਾਂ ਦੀ ਹੋਈ ਤਾਂ ਬਾਪ ਵੀ ਮਰ ਗਿਆ। ਮਾਸੀ ਦੇ ਮਨ ਵਿਚ ਦਯਾ ਆਈ। ਉਸ ਨੇ ਆਪਣੇ ਕੋਲ ਰੱਖ ਲਿਆ। ਮੇਰੇ ਜਿਹੇ ਕੰਗਾਲ ਨਾਲ ਵਿਆਹ ਕੀਤਾ। ਉਸ ਨੇ ਮੇਰੀਆਂ ਤਾਰੀਫਾਂ ਕੀਤੀਆਂ ਕਿ ਮੁੰਡਾ ਅੱਠਵੀਂ ਪਾਸ ਹੈ, ਪੰਜਾਬ ਰਹਿੰਦਾ ਹੈ, ਤੇ ਸੱਚ ਵੀ ਸੀ। ਜਦੋਂ ਮੁੜ ਕੇ ਜਾਂਦਾ, ਕਮਾਈ ਕਰਕੇ ਲੈ ਕੇ ਜਾਂਦਾ।
ਪਰ ਮੇਰੀ ਕਿਸਮਤ ਨੂੰ ਮੁੜ ਕੇ ਜਾਂਦੇ ਨੂੰ ਹਰ ਵਾਰ ਘਰ ਦੀਆਂ ਲੋੜਾਂ ਜੂਹ ‘ਤੇ ਹੀ ਟੋਭੇ ਜਿੰਨਾ ਮੂੰਹ ਖੋਲ੍ਹ ਖੜ੍ਹੀਆਂ ਮਿਲ ਜਾਂਦੀਆਂ। ਕਦੇ ਘਰ ਦੀ ਛੱਤ ਡਿੱਗ ਪਈ, ਕਦੇ ਬਲਦ ਮਰ ਗਿਆ। ਮੈਂ ਕਦੇ ਵੀ ਸਵਿਤਰੀ ਨੂੰ ਬਾਜ਼ਾਰ ਨਾ ਲਿਜਾ ਸਕਿਆ। ਮੇਰਾ ਦਿਲ ਚਾਹੁੰਦਾ ਸੀ ਕਿ ਕਦੇ ਸਵਿਤਰੀ ਨੂੰ ਕਹਾਂ, ‘ਚਲ ਆਪਣੀ ਪਸੰਦ ਦੀ ਸਾੜੀ ਲੈ ਲੈ। ਕਦੇ ਕੋਈ ਆਪਣੀ ਪਸੰਦ ਦੀ ਚੀਜ਼ ਖਾ ਲੈ।’ ਇਹ ਦਿਨ ਆਇਆ ਹੀ ਨਹੀਂ।
ਇਸ ਵਾਰ ਮੈਂ ਚੰਗੇ ਪੈਸੇ ਜੋੜ ਕੇ ਲੈ ਗਿਆ ਸੀ। ਦਸ ਦਿਨ ਦੀ ਛੁੱਟੀ ਮਿਲ ਗਈ ਸੀ। ਮੈਂ ਸਵਿਤਰੀ ਨੂੰ ਨਾਲ ਲੈ ਕੇ ਆਉਣਾ ਸੀ।
ਦੋ ਚਾਰ ਦਿਨ ਖੁਸ਼ੀ ਨਾਲ ਬੀਤੇ। ਚੌਥੇ ਦਿਨ ਸਵਿਤਰੀ ਦੇ ਪੇਟ ਵਿਚ ਦਰਦ ਸ਼ੁਰੂ ਹੋ ਗਿਆ। ਮੈਂ ਉਸ ਨੂੰ ਡਾਕਟਰ ਕੋਲ ਲੈ ਗਿਆ। ਉਸ ਨੂੰ ਦਾਖਲ ਕਰ ਲਿਆ। ਦਵਾਈ-ਦਾਰੂ ਤੇ ਟੀਕੇ ਨਾਲ ਦਰਦ ਤੋਂ ਆਰਾਮ ਆ ਗਿਆ। ਡਾਕਟਰ ਨੇ ਦੱਸਿਆ ਕਿ ਹੁਣ ਤਾਂ ਆਰਾਮ ਹੈ ਪਰ ਪਤਾ ਨਹੀਂ ਕਦੋਂ ਫਿਰ ਦਰਦ ਉਠੇ, ਸਰਜਰੀ ਕਰਵਾਉਣੀ ਪਵੇਗੀ। ਇਸ ਬਿਮਾਰੀ ਨੂੰ ਅਪੈਂਡਿਕਸ ਆਖਦੇ ਹਨ। ਜੇ ਅੰਦਰ ਫਟ ਜਾਵੇ ਤਾਂ ਬਿਮਾਰ ਬਚਦਾ ਨਹੀਂ। ਪੰਜਾਬ ਜਾ ਕੇ ਡਾਕਟਰ ਨੂੰ ਮਿਲ ਲਵੀਂ। ਜਿਹੜਾ ਬਿਲ ਡਾਕਟਰ ਨੇ ਤਿੰਨ ਦਿਨਾਂ ਦਾ ਕਿਹਾ, ਉਸ ਨੇ ਮੇਰੀ ਜੇਬ ਦੀ ਸਰਜਰੀ ਕਰ ਦਿੱਤੀ।
ਵਾਪਸੀ ਦੇ ਦੋ ਟਿਕਟ ਲੈ ਕੇ ਕੁਝ ਨਹੀਂ ਬਚਦਾ ਸੀ। ਮਾਂ ਨੇ ਕਿਹਾ ਕਿ ਤੂੰ ਜਲਦੀ ਚਲਾ ਜਾਹ। ਮੈਂ ਸਵੇਰੇ ਉਠ ਕੇ ਸੋਚਿਆ, ਅੱਜ ਜਾ ਕੇ ਮੁੜਨ ਲਈ ਟਿਕਟ ਲੈ ਆਵਾਂ। ਬਾਪੂ ਦੀ ਹਾਇ ਦੀ ਅਵਾਜ਼ ਸੁਣੀ। ਵੇਖਿਆ, ਬਾਪੂ ਵਿਹੜੇ ਦੇ ਇਕ ਪਾਸੇ ਬੈਠਾ ਹੈ। ਮਾਂ ਪਾਣੀ ਲੈ ਕੇ ਕੋਲ ਖੜ੍ਹੀ ਸੀ। ਉਸ ਨੂੰ ਉਲਟੀਆਂ ਆ ਰਹੀਆਂ ਸਨ। ਮੈਂ ਸੰਭਾਲ ਕੇ ਮੰਜੇ ‘ਤੇ ਪਾਇਆ।
ਮਾਂ ਨੂੰ ਕਿਹਾ ਕਿ ਮੈਂ ਡਾਕਟਰ ਤੋਂ ਦਵਾ ਲੈ ਕੇ ਆਉਂਦਾ ਹਾਂ, ਪਰ ਮਾਂ ਨੇ ਕਿਹਾ ਕਿ ਕੋਈ ਲੋੜ ਨਹੀਂ, ਇਸ ਤਰ੍ਹਾਂ ਦੇ ਰੋਗ ਦਾ ਇਲਾਜ ਘਰੇਲੂ ਨੁਸਖੇ ਹੁੰਦੇ ਹਨ। ਅਸਲ ਵਿਚ ਮਾਂ ਨੂੰ ਮੇਰੀ ਜੇਬ ਦਾ ਅੰਦਾਜ਼ਾ ਸੀ। ਮਾਂ ਦੇ ਨੁਸਖੇ ਚੱਲੇ। ਬਾਪੂ ਨੂੰ ਅਰਾਮ ਵੀ ਹੋ ਗਿਆ ਪਰ ਇੰਨਾ ਕਮਜ਼ੋਰ ਹੋ ਗਿਆ ਕਿ ਉਠ ਕੇ ਮੰਜੇ ‘ਤੇ ਨਹੀਂ ਬੈਠ ਸਕਦਾ ਸੀ। ਇਸ ਤਰ੍ਹਾਂ ਦੀ ਹਾਲਤ ਵਿਚ ਕਿਸ ਦੇ ਸਹਾਰੇ ਛੱਡ ਕੇ ਆਉਂਦਾ? ਹਫਤੇ ਦੀ ਛੁੱਟੀ ਆਇਆ ਸੀ। ਛੇ ਹਫਤੇ ਲੰਘ ਗਏ। ਛੁੱਟੀ ਵਧਾਉਣ ਲਈ ਤਾਰ ਦੇ ਦਿੰਦਾ। ਇਕ ਪੁਰਾਣਾ ਬਚਪਨ ਦਾ ਨੇਕ ਦੋਸਤ ਮਿਲ ਗਿਆ। ਉਸ ਤੋਂ ਕਰਜ਼ਾ ਲੈ ਕੇ ਕੰਮ ਚਲਾਉਂਦਾ ਰਿਹਾ।
ਅੰਤ ਮੈਂ ਖਾਲੀ ਜੇਬ, ਸਵਿਤਰੀ ਨਾਲ ਪਰਤ ਆਇਆ। ਰਾਜੂ ਦੀ ਸੋਚ ਬੈਂਡ ਵਾਜੇ ਦੀ ਅਵਾਜ਼ ਨਾਲ ਪਰਤੀ। ਉਸ ਉਠ ਕੇ ਰਿਕਸ਼ੇ ਦੀ ਸੀਟ ‘ਤੇ ਪਈ ਸਵਿਤਰੀ ਨੂੰ ਮੁੜ ਟਟੋਲਿਆ। ਸੜਕ ਵਲ ਦੇਖਿਆ, ਬੈਂਡ ਦੇ ਪਿੱਛੇ ਫੁੱਲਾਂ ਨਾਲ ਲੱਦੀ ਖੁੱਲ੍ਹੀ ਗੱਡੀ ਉਤੇ ਫੁੱਲਾਂ ਨਾਲ ਭਰੀ ਅਰਥੀ ਪਈ ਸੀ। ਰਾਜੂ ਫਿਰ ਫੁੱਟ-ਫੁੱਟ ਕੇ ਰੋ ਪਿਆ। ਮੇਰੀ ਸਵਿਤਰੀ ਦੀ ਲਾਸ਼ ਲਈ ਮੇਰੇ ਕੋਲ ਬਾਂਸ ਦੀ ਅਰਥੀ ਵੀ ਨਹੀਂ। ਕੋਲੋਂ ਲੰਘਦੀ ਅਧੇੜ ਉਮਰ ਦੀ ਔਰਤ ਬੋਲੀ, “ਵੇ ਕਮਲਿਆ! ਕਿਸ ਦੀ ਯਾਦ ਆ ਗਈ, ਕੋਈ ਆਪਣਾ ਪਿਆਰਾ ਤੋਰਿਆ ਹੋਣਾ। ਸੜਕ ‘ਤੇ ਨੋਟਾਂ ਦਾ ਮੀਂਹ ਵਰ੍ਹਦਾ ਪਿਆ, ਚੁੱਕ ਲੈ ਦੋ ਚਾਰ ਨੋਟ। ਪੈਸਾ ਬਹੁਤ ਬੜੀ ਚੀਜ਼ ਹੈ।” ਉਸ ਨੇ ਆਪਣੀ ਚੁੰਨੀ ਵਿਚ ਕਾਫੀ ਨੋਟ ਪਾਏ ਹੋਏ ਸਨ।
ਰਾਜੂ ਆਪਣੀ ਦੁਨੀਆਂ ਵਿਚ ਗਵਾਚਿਆ, ਕਦੇ ਬੈਠ ਜਾਂਦਾ, ਕਦੇ ਖਲੋ ਜਾਂਦਾ। ਦੋ ਢਾਈ ਘੰਟੇ ਪਿਛੋਂ ਸਭ ਅਵਾਜ਼ਾਂ ਬੰਦ ਹੋ ਗਈਆਂ। ਸੜਕ ‘ਤੇ ਆਮ ਵਰਗੀ ਆਵਾਜਾਈ ਹੋ ਗਈ।
ਰਾਜੂ ਨੇ ਉਠ ਕੇ ਆਪਣਾ ਰਿਕਸ਼ਾ ਫੜਿਆ, ਉਸ ਨੂੰ ਲੈ ਕੇ ਸ਼ਮਸ਼ਾਨ ਦੇ ਗੇਟ ਕੋਲ ਪਹੁੰਚ ਗਿਆ। ਗੇਟ ਦੇ ਅੱਗੇ ਦੋ ਤਿੰਨ ਆਦਮੀ ਖੜ੍ਹੇ ਗੱਲਾਂ ਕਰ ਰਹੇ ਸਨ। ਰਿਕਸ਼ਾ ਦੇਖ ਕੇ ਇਕ ਪਾਸੇ ਹੋ ਗਏ। ਰਿਕਸ਼ਾ ਅੰਦਰ ਕਰਕੇ ਰਾਜੂ ਨੇ ਸਾਹਮਣੇ ਕਿਆਰੀ ਵਿਚ ਕੰਮ ਕਰਦੇ ਮਾਲੀ ਨੂੰ ਇਸ਼ਾਰੇ ਨਾਲ ਬੁਲਾਇਆ। ਉਹ ਆ ਗਿਆ। ਇਕ ਮਿੰਟ ਦੋਹਾਂ ਵਿਚ ਗੱਲ ਹੋਈ। ਮਾਲੀ ਰਿਕਸ਼ੇ ਦੇ ਕੋਲ ਖਲੋ ਗਿਆ। ਰਾਜੂ ਬਾਊ ਜੀ ਕੋਲ ਗਿਆ।
ਹੈਰਾਨੀ ਵਾਲੀ ਗੱਲ ਨਹੀਂ ਕਿ ਸ਼ਮਸ਼ਾਨ ਵਿਚ ਵੀ ਦਫਤਰ ਹੁੰਦਾ ਹੈ। ਵਰਾਂਡੇ ਵਿਚ ਬਾਊ ਜੀ ਬੈਠੇ ਸਨ। ਬਾਊ ਜੀ ਦੀ ਸਾਹਮਣੇ ਕੁਰਸੀ ‘ਤੇ ਲਾਲਾ ਭਗਵਾਨ ਦਾਸ ਦਾ ਮੁਨੀਮ ਹੁਣੇ ਜਲੀ ਚਿਤਾ ‘ਤੇ ਪਈ ਲੱਕੜ ਦਾ ਹਿਸਾਬ ਕਰ ਰਿਹਾ ਸੀ। ਬਾਕੀ ਹੋਰ ਵੇਰਵੇ ਜਿਹੜੇ ਸ਼ਮਸ਼ਾਨ ਦੇ ਰਜਿਸਟਰ ਵਿਚ ਦਰਜ ਹੋਣੇ ਹੁੰਦੇ ਹਨ, ਉਹ ਦੇਣੇ ਸਨ।
ਰਾਜੂ ਨੇ ਜਾ ਕੇ ਬਾਊ ਜੀ ਦੇ ਪੈਰੀਂ ਹੱਥ ਲਾਇਆ। ਰਾਜੂ ਨੂੰ ਬਾਊ ਜੀ ਪਛਾਣਦੇ ਸਨ। ਜਦ ਵੀ ਕਦੇ ਕਿਸੇ ਮਜ਼ਦੂਰ ਜਾਂ ਉਸ ਦੇ ਘਰ ਦੇ ਜੀਅ ਦਾ ਸਸਕਾਰ ਹੋਵੇ, ਰਾਜੂ ਨਾਲ ਹੁੰਦਾ ਸੀ। ਬਾਊ ਜੀ ਨੇ ਕਿਹਾ, “ਸੁਣਾ ਰਾਜੂ ਕਿਵੇਂ?” ਰਾਜੂ ਉਚੀ-ਉਚੀ ਰੋਣ ਲੱਗ ਪਿਆ।
ਬਾਊ ਜੀ ਉਠ ਕੇ ਖੜ੍ਹੇ ਹੋ ਗਏ। ਰਾਜੂ ਦਾ ਸਿਰ ਆਪਣੀ ਛਾਤੀ ਨਾਲ ਲਾ ਕੇ ਬੋਲੇ, “ਰਾਜੂ ਬੋਲ, ਕੁਝ ਦਸ।” ਰਾਜੂ ਨੇ ਰੋਂਦੇ-ਰੋਂਦੇ ਸਾਰੀ ਕਹਾਣੀ ਦੱਸ ਦਿੱਤੀ। ਬਾਊ ਜੀ ਨੇ ਕਿਹਾ, “ਰਾਜੂ ਜੋ ਹੋਣਾ ਸੀ ਹੋ ਗਿਆ, ਤੂੰ ਆਪਣੇ ਆਪ ਨੂੰ ਸੰਭਾਲ।”
ਬਾਊ ਜੀ ਨੇ ਉਥੇ ਫਿਰਦੇ ਇਕ ਆਦਮੀ ਨੂੰ ਕੁਝ ਸਮਝਾਇਆ। ਆਪ ਰਾਜੂ ਨਾਲ ਚਲ ਪਏ। ਰਿਕਸ਼ਾ ਅੰਦਰ ਲਿਆਂਦਾ। ਅਰਥੀ ਵੀ ਰੱਖੀ, ਉਸ ਉਪਰ ਕੱਪੜਾ ਵਿਛਾ ਕੇ ਸਵਿਤਰੀ ਦੀ ਲਾਸ਼ ਬਾਊ ਜੀ, ਮੁਨੀਮ ਜੀ ਅਤੇ ਮਾਲੀ ਨੇ ਰੱਖ ਦਿੱਤੀ। ਬਾਊ ਜੀ ਗੰਗਾ ਜਲ ਵੀ ਲੈ ਆਏ। ਰਾਜੂ ਨੂੰ ਸਵਿਤਰੀ ਉਪਰ ਛਿੱਟੇ ਦੇਣ ਲਈ ਕਿਹਾ। ਫਿਰ ਸੰਧੂਰ ਦੀ ਡੱਬੀ ਫੜਾਈ, “ਲੈ ਇਸ ਦੇ ਸੰਧੂਰ ਵੀ ਪਾ ਦੇ।”
ਰਾਜੂ ਨੇ ਹੱਥ ਜੋੜ ਕੇ ਕਿਹਾ, “ਨਹੀਂ ਜੀ, ਇਹ ਫਰਜ਼ ਨਹੀਂ, ਇਹ ਤਾਂ ਪਾਪ ਹੋਵੇਗਾ। ਸੰਧੂਰ ਪਾਉਣ ਦਾ ਅਰਥ ਹੋਵੇਗਾ ਕਿ ਅਗਲੇ ਜਨਮ ਵਿਚ ਵੀ ਮੈਂ ਇਸ ਦਾ ਪਤੀ ਬਣਾਂ। ਨਾ ਜੀ, ਮੈਂ ਇਸ ਦੇ ਅਗਲੇ ਜਨਮ ਲਈ ਆਪਣੀ ਕੰਗਾਲੀ ਲੜ ਬੰਨ੍ਹ ਕੇ ਨਹੀਂ ਭੇਜਣੀ।” ਫਿਰ ਬੋਲਿਆ, “ਰੱਬ ਨੇ ਇਸ ਨੂੰ ਮੇਰੇ ਕੋਲੋਂ ਛੇਤੀ ਛੁਟਕਾਰਾ ਦੇ ਦਿੱਤਾ। ਅੱਗੇ ਸੁਖੀ ਜੀਵਨ ਦੇਵੇ। ਕਿਸੇ ਵਸਤ ਦੀ ਘਾਟ ਨਾ ਹੋਵੇ।”
ਰਾਜੂ ਸਵਿਤਰੀ ਦੇ ਪੈਰਾਂ ਵੱਲ ਹੱਥ ਜੋੜ ਕੇ ਖੜ੍ਹਾ ਹੋ ਗਿਆ, “ਸਵਿਤਰੀ ਮੈਨੂੰ ਮਾਫ ਕਰ ਦੇਵੀਂ। ਮੈਂ ਤੈਨੂੰ ਕੋਈ ਸੁੱਖ ਨਹੀਂ ਦਿੱਤਾ। ਅੱਜ ਮੇਰੇ ਕੋਲ ਤੇਰੇ ਲਈ ਕਾਠ ਕਫਨ ਵੀ ਨਹੀਂ।”