ਸਾਢੇ ਤਿੰਨ ਦਹਾਕਿਆਂ ਦੀ ਚੀਸ

ਅੰਮ੍ਰਿਤਸਰ ਵਿਚ ਸਿੱਖਾਂ ਦੇ ਧਾਰਮਿਕ ਸਥਾਨ ਵਿਚ ਵਾਪਰੇ ਸਾਕੇ ਨੂੰ ਸਾਢੇ ਤਿੰਨ ਦਹਾਕੇ ਬੀਤ ਗਏ ਹਨ। ਇਸ ਸਮੇਂ ਦੌਰਾਨ ਸਮੁੱਚੇ ਮੁਲਕ ਅਤੇ ਪੰਜਾਬ ਦੀ ਸਿਆਸਤ ਵਿਚ ਕਈ ਤਬਦੀਲੀਆਂ ਵਾਪਰੀਆਂ ਅਤੇ ਹੁਣ ਵੀ ਤੇਜ਼ੀ ਨਾਲ ਵਾਪਰ ਰਹੀਆਂ ਹਨ, ਪਰ ਆਏ ਸਾਲ ਸਿੱਖਾਂ ਦੀ ਇਹ ਪੀੜ ਘਟ ਨਹੀਂ ਰਹੀ, ਸਗੋਂ ਇਸ ਨਾਲ ਹਰ ਸਾਲ ਹੋਰ ਪ੍ਰਸੰਗ ਜੁੜਦੇ ਜਾ ਰਹੇ ਹਨ। ਇਸ ਬਾਰੇ ਵੱਖ-ਵੱਖ ਸਮਿਆਂ ਦੌਰਾਨ ਵੱਖ-ਵੱਖ ਪੱਖ ਵੀ ਸਾਹਮਣੇ ਆਉਂਦੇ ਰਹੇ ਹਨ ਅਤੇ ਇਸ ਸਾਕੇ ਨਾਲ ਸਿੱਧੇ-ਅਸਿੱਧੇ ਰੂਪ ਵਿਚ ਜੁੜੇ ਲੋਕ ਆਪਣਾ ਪੱਖ ਰੱਖਦੇ ਰਹੇ ਹਨ।

ਉਂਜ, ਇਨ੍ਹਾਂ ਵਿਚੋਂ ਬਹੁਤਿਆਂ ਦੀ ਇਕ ਹੀ ਰਾਇ ਹੁੰਦੀ ਹੈ ਕਿ ਉਸ ਵਕਤ ਫੌਜ ਦੀ ਇਸ ਵੱਡੀ ਕਾਰਵਾਈ ਤੋਂ ਬਚਿਆ ਜਾ ਸਕਦਾ ਸੀ। ਦੇਖਿਆ ਜਾਵੇ ਤਾਂ ਇਸ ਸਾਕੇ ਬਾਰੇ ਸਮੁੱਚੀ ਸੋਚ ਇਸ ਇਕ ਨੁਕਤੇ ਉਤੇ ਹੀ ਟਿਕੀ ਹੋਈ ਹੈ। ਇਸ ਦੇ ਕੀ ਕਾਰਨ ਹਨ? ਦਰਅਸਲ, ਕਿਸੇ ਵੀ ਧਿਰ ਨੇ ਅਜੇ ਤਕ ਉਸ ਵਕਤ ਦੇ ਸਮੁੱਚੇ ਹਾਲਾਤ ਦੀ ਗਹਿਰਾਈ ਨਾਲ ਪੁਣ-ਛਾਣ ਨਹੀਂ ਕੀਤੀ ਅਤੇ ਨਾ ਹੀ ਕੋਈ ਸਬਕ ਲਿਆ ਹੈ। ਸਾਰੀ ਦੀ ਸਾਰੀ ਸਿਆਸਤ ਸਿਰਫ ਇਕ ਲਕੀਰ ਅੰਦਰ ਹੀ ਚਲਾਈ ਜਾ ਰਹੀ ਹੈ। ਸੱਤਾਵਾਦੀਆਂ ਨੂੰ ਇਹ ਪਹੁੰਚ ਬਹੁਤ ਸੂਤ ਬੈਠਦੀ ਹੈ, ਸਿੱਟੇ ਵਜੋਂ ਉਨ੍ਹਾਂ ਦੀ ਸਿਆਸੀ ਪੈਂਠ ਜਿਉਂ ਦੀ ਤਿਉਂ ਬਰਕਰਾਰ ਰਹਿੰਦੀ ਹੈ।
ਇਸ ਸਮੇਂ ਦੌਰਾਨ ਸਾਕੇ ਦਾ ਇਹ ਦਰਦ ਪੀੜ੍ਹੀ ਦਰ ਪੀੜ੍ਹੀ ਅਗਾਂਹ ਤੁਰ ਗਿਆ ਹੈ। ਦੂਜਾ ਨੁਕਤਾ ਰਤਾ ਵੱਧ ਅਹਿਮ ਹੈ। ਇਸ ਸਾਕੇ ਨੂੰ ਉਸ ਵਕਤ ਦੀ ਸਿਆਸਤ ਤੋਂ ਨਿਖੇੜ ਕੇ ਦੇਖਣ ਦੀ ਰੁਚੀ ਆਏ ਸਾਲ ਭਾਰੂ ਪੈ ਰਹੀ ਹੈ। ਇਸ ਨਾਲ ਬੇਗਾਨਗੀ, ਖਾਸ ਕਰਕੇ ਨਵੀਂ ਪੀੜ੍ਹੀ ਅੰਦਰ ਬੇਗਾਨਗੀ ਵਧ ਰਹੀ ਹੈ। ਇਸ ਨਾਲ ਸਮਾਜ ਅੰਦਰ ਬੇਚੈਨੀ ਪੈਦਾ ਹੋਣੀ ਅਤੇ ਵਧਣੀ ਲਾਜ਼ਮੀ ਹੈ। ਦਹਾਕਿਆਂ ਤੋਂ ਹਾਲਾਤ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਚੱਲ ਰਿਹਾ ਹੈ। ਲੋਕਾਂ ਅੰਦਰਲੀ ਬੇਚੈਨੀ ਕਦੀ-ਕਦਾਈਂ ਵੱਖਰੇ-ਵੱਖਰੇ ਰੂਪ ਵਿਚ ਫੁੱਟਦੀ ਰਹਿੰਦੀ ਹੈ। ਇਸ ਵਿਚ ਚੋਣਾਂ ਵਾਲੇ ਸਮੇਂ ਦਾ ਘੜਮੱਸ ਵੀ ਸ਼ਾਮਲ ਹੋ ਜਾਂਦਾ ਹੈ, ਪਰ ਅਜਿਹੀਆਂ ਸਾਰੀਆਂ ਕਵਾਇਦਾਂ ਤੋਂ ਬਾਅਦ ਪਰਨਾਲਾ ਫਿਰ ਉਥੇ ਦਾ ਉਥੇ ਹੀ ਰਹਿ ਜਾਂਦਾ ਹੈ। ਕਿਤੇ ਕੋਈ ਤਬਦੀਲੀ ਨਹੀਂ ਵਾਪਰਦੀ। ਲੋਕਾਂ ਦੇ ਪੱਲੇ ਫਿਰ ਉਹੀ ਹਾਲਾਤ ਅਤੇ ਉਹੀ ਲੀਡਰ ਰਹਿ ਜਾਂਦੇ ਹਨ। ਜਾਹਰ ਹੈ ਕਿ ਸੂਬੇ ਦੇ ਲੋਕ ਚਿਰਾਂ ਤੋਂ ਕੀਤੀ ਜਾ ਰਹੀ ਸੌੜੀ ਸਿਆਸਤ ਦੀ ਬੰਦ ਗਲੀ ਵਿਚੋਂ ਬਾਹਰ ਨਿਕਲਣਾ ਚਾਹੁੰਦੇ ਹਨ, ਪਰ ਕੋਈ ਅਜਿਹਾ ਸਿਆਸੀ ਰਹਿਬਰ ਸਾਹਮਣੇ ਨਹੀਂ ਆ ਰਿਹਾ, ਜੋ ਸਮੁੱਚੇ ਹਾਲਾਤ ਨੂੰ ਸਮਝ ਕੇ ਸੁੱਚੀ ਸਿਆਸਤ ਦਾ ਢੋਲ ਵਜਾਵੇ ਅਤੇ ਉਨ੍ਹਾਂ ਨੂੰ ਔਖ ਦੇ ਇਨ੍ਹਾਂ ਦਿਨਾਂ ਵਿਚੋਂ ਬਾਹਰ ਕੱਢ ਲਿਆਵੇ।
ਕੱਲ੍ਹ ਤੱਕ ਇਸ ਸਾਕੇ ਦੀ ਸਮੁੱਚੀ ਜ਼ਿੰਮੇਵਾਰੀ ਇਕ ਲੀਡਰ, ਭਾਵ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਇਕ ਪਾਰਟੀ, ਭਾਵ ਕਾਂਗਰਸ ਉਤੇ ਪੈਂਦੀ ਰਹੀ ਹੈ, ਪਰ ਹੁਣ ਮੁਲਕ ਦੀ ਸੱਤਾ ਉਤੇ ਜਿਹੜੇ ਲੀਡਰ ਅਤੇ ਜਿਹੜੀ ਪਾਰਟੀ ਕਾਬਜ਼ ਹੋਏ ਹਨ, ਉਸ ਨੇ ਸੂਬੇ ਅੰਦਰ ਆਪਣੀ ਕਿਸਮ ਦੀ ਨਵੀਂ ਸਿਆਸਤ ਦੇ ਬੀਜ, ਬੀਜ ਦਿੱਤੇ ਹਨ। ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਦੇਸ਼ ਦੇ ਇਕਾ-ਦੁੱਕਾ ਸੂਬਿਆਂ ਨੂੰ ਛੱਡ ਕੇ ਹਿੰਦੂ ਰਾਸ਼ਟਰ ਦੀ ਹਮਾਇਤੀ, ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਸਰਪ੍ਰਸਤ ਜਥੇਬੰਦੀ ਆਰæ ਐਸ਼ ਐਸ਼ ਦੀ ਚੜ੍ਹਤ ਹੋਈ ਹੈ। ਇਨ੍ਹਾਂ ਇੱਕਾ-ਦੁੱਕਾ ਸੂਬਿਆਂ ਵਿਚ ਪੰਜਾਬ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪੰਜਾਬ ਬਾਰੇ ਸਿਆਸੀ ਵਿਸ਼ਲੇਸ਼ਕਾਂ ਦੀ ਰਾਇ ਹੈ ਕਿ ਇਸ ਨੇ ਸਦਾ ਦੇਸ਼ ਤੋਂ ਵੱਖਰਾ ਰਾਹ ਫੜਿਆ ਹੈ। ਇਸ ਵਾਰ ਵੀ ਪਹਿਲਾਂ-ਪਹਿਲ ਇਹੀ ਵਿਸ਼ਲੇਸ਼ਣ ਸਾਹਮਣੇ ਆਇਆ ਕਿ ਪੰਜਾਬ ਵਿਚ ਮੋਦੀ ਲਹਿਰ ਚੱਲ ਨਹੀਂ ਸਕੀ ਹੈ, ਪਰ ਚੋਣਾਂ ਨਾਲ ਸਬੰਧਤ ਜਿਹੜੇ ਤੱਥ ਹੁਣ ਸਾਹਮਣੇ ਆਏ ਹਨ, ਉਨ੍ਹਾਂ ਤੋਂ ਇਹ ਤੱਥ ਭਲੀਭਾਂਤ ਉਜਾਗਰ ਹੋ ਰਿਹਾ ਹੈ ਕਿ ਪੰਜਾਬ ਵਿਚ ਵੀ ਮੋਦੀ ਲਹਿਰ ਦਾ ਅਸਰ ਹੋਇਆ ਹੈ। ਸਮੁੱਚੇ ਦੇਸ਼ ਵਿਚ ਮੋਦੀ ਲਹਿਰ ਦਾ ਖਾਸਾ ਇਹ ਸੀ ਕਿ ਬਹੁਗਿਣਤੀ ਹਿੰਦੂਆਂ ਨੇ ਸਭ ਮੁੱਦਿਆਂ ਨੂੰ ਪਿਛਾਂਹ ਰੱਖ ਕੇ, ਸਿਰਫ ਰਾਸ਼ਟਰਵਾਦ ਅਤੇ ਸੁਰੱਖਿਆ ਦੇ ਹੱਕ ਵਿਚ ਵੋਟਾਂ ਪਾਈਆਂ ਹਨ।
ਫਿਰ ਪੰਜਾਬ ਵਿਚ ਵੀ ਤਾਂ ਇਹੀ ਕੁਝ ਹੋਇਆ ਹੈ। ਭਾਜਪਾ ਨੇ ਤਿੰਨ ਹਲਕਿਆਂ ਵਿਚੋਂ ਜਿਨ੍ਹਾਂ ਦੋ ਹਲਕਿਆਂ ਤੋਂ ਜਿੱਤ ਹਾਸਲ ਕੀਤੀ ਹੈ, ਉਥੋਂ ਦੀ ਹਿੰਦੂ ਵਸੋਂ ਨੇ ਲੱਕ ਬੰਨ੍ਹ ਕੇ ਇਸ ਪਾਰਟੀ ਨੂੰ ਵੋਟਾਂ ਪਾਈਆਂ। ਇਸ ਦੀ ਭਾਈਵਾਲ ਪਾਰਟੀ, ਸ਼੍ਰੋਮਣੀ ਅਕਾਲੀ ਦਲ ਨੂੰ ਬੇਅਦਬੀ ਕਾਂਡ ਦੇ ਤਿੱਖੇ ਵਿਰੋਧ ਕਾਰਨ ਐਤਕੀਂ ਪਿੰਡਾਂ ਵਿਚ ਵੋਟਾਂ ਭਾਵੇਂ ਘੱਟ ਪਈਆਂ ਪਰ ਸ਼ਹਿਰਾਂ ਵਿਚ ਇਸ ਨੂੰ ਚੋਖੀਆਂ ਵੋਟਾਂ ਮਿਲੀਆਂ ਹਨ। ਹੁਣ ਇਹ ਤੱਥ ਸਾਹਮਣੇ ਆ ਰਹੇ ਹਨ ਕਿ ਅਕਾਲੀਆਂ ਦੀ ਸ਼ਹਿਰੀ ਵੋਟ ਵਿਚ ਵਾਧਾ ਹਿੰਦੂ ਵੋਟਾਂ ਦੀ ਬਦੌਲਤ ਹੋਇਆ ਹੈ। ਪੰਜਾਬ ਦੀ ਸਿਆਸਤ ਵਿਚ ਇਹ ਨੁਕਤਾ ਅਤੇ ਤੱਥ ਬਿਲਕੁਲ ਨਵਾਂ ਹੈ ਅਤੇ ਸਿਆਸੀ ਵਿਸ਼ਲੇਸ਼ਕਾਂ ਅਨੁਸਾਰ ਇਸ ਤੱਥ ਨੇ ਹੀ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੀ ਸਿਆਸਤ ਵਿਚ ਨਵੀਂ ਤਬਦੀਲੀ ਲਿਆਉਣੀ ਹੈ। ਕੁਝ ਸਿਆਸੀ ਮਾਹਿਰ ਤਾਂ ਇਸ ਤੋਂ ਵੀ ਅਗਾਂਹ ਜਾਂਦੇ ਹਨ। ਇਨ੍ਹਾਂ ਮੁਤਾਬਕ ਪੰਜਾਬ ਦੀ ਸਿੱਖ ਵਸੋਂ ਵਿਦੇਸ਼ਾਂ ਵੱਲ ਜਾ ਰਹੀ ਹੈ ਅਤੇ ਦੇਸ਼ ਦੇ ਹੋਰ ਸੂਬਿਆਂ ਦੀ ਹਿੰਦੂ ਵਸੋਂ ਪੰਜਾਬ ਪੁੱਜ ਰਹੀ ਹੈ। ਇਸ ਨਾਲ ਆਉਂਦੇ ਸਾਲਾਂ ਵਿਚ ਵਸੋਂ ਦਾ ਸੰਤੁਲਨ ਵੀ ਬਦਲਣ ਵਾਲਾ ਹੈ। ਹੁਣ ਸਵਾਲ ਇਹ ਹੈ ਕਿ ਅਜਿਹੇ ਸਿਆਸੀ, ਆਰਥਕ, ਸਮਾਜਕ ਤੇ ਧਾਰਮਿਕ ਹਾਲਾਤ ਨੂੰ ਪੜ੍ਹ-ਗੁੜ ਕੇ ਕਿਤੇ ਸਿਆਸਤ ਹੋ ਰਹੀ ਹੈ? ਜਵਾਬ ਨਾਂਹ ਵਿਚ ਹੀ ਮਿਲੇਗਾ। ਇਸ ਲਈ ਸੰਜੀਦਾ ਧਿਰਾਂ ਨੂੰ ਇਸ ਸਮੁੱਚੀ ਸਿਆਸਤ ਨੂੰ ਨਵੇਂ ਸਿਰਿਓਂ ਸਮਝਣਾ ਪਵੇਗਾ ਅਤੇ ਨਵੇਂ ਹਾਲਾਤ ਮੁਤਾਬਕ ਹੀ ਆਪਣੀ ਸਿਆਸਤ ਦਾ ਮੁਹਾਣ ਤੈਅ ਕਰਨਾ ਪਵੇਗਾ। ਸਮਾਂ ਬਹੁਤ ਤੇਜ਼ੀ ਅਤੇ ਬੇਕਿਰਕੀ ਨਾਲ ਬਦਲ ਰਿਹਾ ਹੈ। ਨਾ ਹਾਲਾਤ ਅਤੇ ਨਾ ਹੀ ਸਮੇਂ ਨੇ ਕਿਸੇ ਨੂੰ ਉਡੀਕਣਾ ਹੈ। ਦਹਾਕਿਆਂ ਦੀ ਚੀਸ ਲੈ ਕੇ ਅਤੇ ਨਵੇਂ ਹਾਲਾਤ ਨਾਲ ਜੂਝਦਿਆਂ ਹੁਣ ਅਗਾਂਹ ਵਧਣ ਦਾ ਵੇਲਾ ਹੈ।