ਮੋਦੀ ਲਹਿਰ ਨੇ ਅਕਾਲੀ-ਭਾਜਪਾ ਗੱਠਜੋੜ ਲਈ ਵਧਾਈਆਂ ਚੁਣੌਤੀਆਂ

ਚੰਡੀਗੜ੍ਹ: ਲੋਕ ਸਭਾ ਦੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ 303 ਸੀਟਾਂ ‘ਤੇ ਮਿਲੀ ਜਿੱਤ ਅਤੇ ਪੰਜਾਬ ਵਿਚ ਅਕਾਲੀ ਦਲ ਦੀ ਕਮਜ਼ੋਰ ਸਥਿਤੀ ਦੇ ਕਾਰਨ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੇ ਸੂਬੇ ਵਿਚ ਹਿੱਸੇਦਾਰੀ ਵਧਾਉਣ ਮੰਗ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ ਵੱਲੋਂ ਆਉਣ ਵਾਲੇ ਸਮਿਆਂ ਵਿਚ ਵੱਧ ਸੀਟਾਂ ਦੀ ਮੰਗ ਨੇ ਅਕਾਲੀ-ਭਾਜਪਾ ਗੱਠਜੋੜ ਲਈ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ।

ਭਾਜਪਾ ਦਾ ਦਾਅਵਾ ਹੈ ਕਿ ਨਰਿੰਦਰ ਮੋਦੀ ਦੇ ਪ੍ਰਭਾਵ ਕਾਰਨ ਸ਼ਹਿਰੀ ਵੋਟ ਨੇ ਅਕਾਲੀ ਦਲ ਨੂੰ ਕੁਝ ਥਾਵਾਂ ‘ਤੇ ਹਾਰ ਤੋਂ ਬਚਾਇਆ ਹੈ ਅਤੇ ਹਰਸਿਮਰਤ ਕੌਰ ਦੀ ਜਿੱਤ ਵਿਚ ਵੀ ਉਸ ਦੀ ਭੂਮਿਕਾ ਅਹਿਮ ਹੈ। ਅਕਾਲੀ ਦਲ ਦੀ ਬੁਨਿਆਦੀ ਦਿਹਾਤੀ ਤੇ ਪੰਥਕ ਵੋਟ ਨੂੰ ਖੋਰਾ ਲੱਗਿਆ ਹੈ। ਇਸ ਗੱਲ ਨੂੰ ਅਕਾਲੀ ਦਲ ਦੇ ਸੀਨੀਅਰ ਆਗੂ ਵੀ ਸਵੀਕਾਰ ਕਰ ਰਹੇ ਹਨ। ਅਕਾਲੀ ਦਲ ਦੇ ਅੰਦਰ ਵੀ ਇਕ ਹਿੱਸਾ ਭਾਰਤੀ ਜਨਤਾ ਪਾਰਟੀ ਨਾਲ ਕੀਤੇ ਗਏ ਗੱਠਜੋੜ ਸਬੰਧੀ ਅਲੱਗ ਰਾਇ ਰੱਖਦਾ ਹੈ। ਅਕਾਲੀ-ਭਾਜਪਾ ਗੱਠਜੋੜ ਦਾ ਮੌਜੂਦਾ ਸਰੂਪ 1996 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸਾਹਮਣੇ ਆਇਆ ਸੀ। ਉਸ ਵਕਤ ਭਾਜਪਾ ਇਕੱਲੀ ਵੱਡੀ ਪਾਰਟੀ ਸੀ ਪਰ ਸ਼ਿਵ ਸੈਨਾ ਤੋਂ ਬਿਨਾ ਕੋਈ ਵੀ ਖੇਤਰੀ ਪਾਰਟੀ ਇਸ ਦੇ ਫਿਰਕੂ ਤਰਜ਼ ਦੇ ਏਜੰਡੇ ਕਰਕੇ ਇਸ ਨਾਲ ਗੱਠਜੋੜ ਕਰਨ ਲਈ ਤਿਆਰ ਨਹੀਂ ਸੀ। ਅਕਾਲੀ ਦਲ ਨੇ ਉਸ ਵਕਤ ਕੇਂਦਰ ਵਿਚ ਸਰਕਾਰ ਬਣਾਉਣ ਲਈ ਭਾਜਪਾ ਨੂੰ ਬਿਨਾ ਸ਼ਰਤ ਹਮਾਇਤ ਦਿੱਤੀ।
ਇਹ ਹਮਾਇਤ ਅੱਜ ਤੱਕ ਜਾਰੀ ਹੈ। ਮੋੜਵੇਂ ਰੂਪ ਵਿਚ ਅਟੱਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੀ ਜੋੜੀ ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਬਿਨਾ ਸ਼ਰਤ ਹਮਾਇਤ ਦਿੰਦੀ ਰਹੀ। ਇਸੇ ਕਰਕੇ ਭਾਜਪਾ ਦੇ ਸੂਬਾਈ ਆਗੂਆਂ ਦੀਆਂ ਸ਼ਿਕਾਇਤਾਂ ਦੀ ਕੇਂਦਰੀ ਪੱਧਰ ਉਤੇ ਕਦੇ ਕੋਈ ਸੁਣਵਾਈ ਨਹੀਂ ਹੋਈ। ਸੁਖਬੀਰ ਬਾਦਲ ਦੇ ਸਰਕਾਰ ਵਿਚ ਸ਼ਕਤੀਸ਼ਾਲੀ ਹੋਣ ਦੇ ਦੌਰਾਨ ਭਾਜਪਾ ਦੇ ਸਥਾਨਕ ਆਗੂ ਕੇਂਦਰੀ ਆਗੂਆਂ ਕੋਲ ਸ਼ਿਕਾਇਤਾਂ ਕਰਦੇ ਰਹੇ ਪਰ ਕੋਈ ਫਾਇਦਾ ਨਾ ਹੋਇਆ। ਸਮਾਂ ਬੀਤਣ ਨਾਲ ਭਾਜਪਾ ਦੇ ਪੁਰਾਣੇ ਆਗੂ ਸਿਆਸੀ ਦ੍ਰਿਸ਼ ਤੋਂ ਲਾਂਭੇ ਹੋ ਗਏ, ਅਕਾਲੀ ਦਲ ਵਿਚ ਵੀ ਪ੍ਰਕਾਸ਼ ਸਿੰਘ ਬਾਦਲ ਦਾ ਦੌਰ ਗੁਜ਼ਰ ਚੁੱਕਾ ਹੈ। ਪ੍ਰਕਾਸ਼ ਸਿੰਘ ਬਾਦਲ ਦੁਆਰਾ ਅਕਾਲੀ-ਭਾਜਪਾ ਦੇ ਰਿਸ਼ਤੇ ਦੇ ਅਟੁੱਟ ਹੋਣ ਵਾਲੀ ਦਲੀਲ ਪਹਿਲਾਂ ਜਿੰਨੀ ਵਜ਼ਨਦਾਰ ਰਹਿਣ ਦੀ ਸੰਭਾਵਨਾ ਨਹੀਂ। ਰਾਜਸੀ ਮਾਹਿਰਾਂ ਅਨੁਸਾਰ ਕਿਉਂਕਿ ਭਾਜਪਾ ਨੇ ਦੇਸ਼ ਦੀ ਵੱਡੀ ਘੱਟ ਗਿਣਤੀ ਮੁਸਲਮਾਨ ਭਾਈਚਾਰੇ ਨੂੰ ਸੱਤਾ ਦੀ ਹਿੱਸੇਦਾਰੀ ਤੋਂ ਲਗਭਗ ਬਾਹਰ ਕਰ ਦਿੱਤਾ ਹੈ, ਇਸ ਲਈ ਇਨਸਾਫ ਕਰਨ ਦੀ ਦਾਅਵੇਦਾਰੀ ਨੂੰ ਸਿੱਧ ਕਰਨ ਲਈ ਭਾਜਪਾ ਅਕਾਲੀ ਦਲ ਨਾਲ ਆਪਣਾ ਗੱਠਜੋੜ ਬਣਾਈ ਰੱਖੇਗੀ। 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਅਕਾਲੀ-ਭਾਜਪਾ ਗੱਠਜੋੜ ਵਿਚ ਤਰੇੜਾਂ ਉਸ ਵਕਤ ਵੀ ਉੱਭਰੀਆਂ ਸਨ ਜਦੋਂ ਸੁਖਬੀਰ ਸਿੰਘ ਬਾਦਲ ਨੇ ਸਰਹੱਦ ਤੋਂ ਨਸ਼ਾ ਆਉਣ ਦੀ ਦਲੀਲ ਦਿੰਦਿਆਂ ਧਰਨੇ ਦੇਣ ਦਾ ਐਲਾਨ ਕੀਤਾ ਸੀ। ਇਸੇ ਮੌਕੇ ਕਈ ਸਿੱਖ ਆਗੂਆਂ ਦੇ ਭਾਜਪਾ ਵਿਚ ਜਾਣ ਦੀ ਚਰਚਾ ਵੀ ਜ਼ੋਰ ਫੜ ਰਹੀ ਸੀ। ਹਾਲ ਦੀ ਘੜੀ ਗੱਠਜੋੜ ਤਾਂ ਜਾਰੀ ਰਹੇਗਾ ਪਰ ਗੱਠਜੋੜ ਅੰਦਰ ਸ਼ਕਤੀਆਂ ਦਾ ਸਮਤੋਲ ਬਦਲਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਦੇ ਦਿਹਾਤੀ ਖੇਤਰ ਵਿਚ ਵੋਟ ਬੈਂਕ ਨੂੰ ਖੋਰਾ ਲੱਗਣ ਦੇ ਮਾਮਲੇ ਨੂੰ ਖਤਰੇ ਦੀ ਘੰਟੀ ਮੰਨਿਆ ਜਾ ਰਿਹਾ ਹੈ। ਇਹ ਮੁੱਦਾ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਭਾਰੂ ਰਿਹਾ ਸੀ ਤੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਦਿਹਾਤੀ ਖੇਤਰ ਵਿਚ ਅਧਾਰ ਮਜ਼ਬੂਤ ਕਰਨ ਲਈ ਕਦਮ ਚੁੱਕਣ ‘ਤੇ ਜ਼ੋਰ ਦਿੱਤਾ। ਹਾਲਾਂਕਿ ਅਕਾਲੀ ਦਲ ਵੱਲੋਂ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਅਕਾਲੀ-ਭਾਜਪਾ ਗੱਠਜੋੜ ਵੱਲੋਂ ਸੰਸਦੀ ਚੋਣਾਂ ਦੌਰਾਨ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਦਿਖਾਈ ਗਈ ਹੈ ਤੇ 35 ਵਿਧਾਨ ਸਭਾ ਹਲਕਿਆਂ ਵਿਚ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਪਛਾੜ ਦਿੱਤਾ ਗਿਆ ਜਦਕਿ 2017 ਵਿਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਗੱਠਜੋੜ ਪਾਰਟੀਆਂ ਨੇ 18 ਹਲਕਿਆਂ ‘ਚ ਜਿੱਤ ਹਾਸਲ ਕੀਤੀ ਸੀ। ਪਾਰਟੀ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਦਿਹਾਤੀ ਖੇਤਰ ਵਿਚੋਂ ਵੋਟ ਬੈਂਕ ਨੂੰ ਖੋਰਾ ਲੱਗਣ ਦਾ ਮਾਮਲਾ ਚਿੰਤਾਜਨਕ ਹੈ।
_________________________________
ਨਵਾਂ ਪੰਜਾਬ ਪਾਰਟੀ ਵੱਲੋਂ ਪੰਜਾਬ ਪੱਖੀ ਪਾਰਟੀ ਬਣਾਉਣ ਦਾ ਸੱਦਾ
ਪਟਿਆਲਾ: ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੀ ਨਵਾਂ ਪੰਜਾਬ ਪਾਰਟੀ ਨੇ ਐਲਾਨ ਕੀਤਾ ਹੈ ਕਿ ਬਾਕੀ ਸੂਬਿਆਂ ਦੀਆਂ ਖੇਤਰੀ ਪਾਰਟੀਆਂ ਅਤੇ ਜਮਹੂਰੀਅਤ ਪੱਖੀ ਦੇਸ਼-ਵਿਆਪੀ ਪਾਰਟੀਆਂ ਨਾਲ ਮਿਲ ਕੇ ਭਾਰਤ ਨੂੰ ਜਮਹੂਰੀ ਲੀਹਾਂ ‘ਤੇ ਪਾ ਕੇ ‘ਫੈਡਰਲ ਭਾਰਤ’ ਬਣਾਉਣ ਲਈ ਯਤਨ ਕੀਤਾ ਜਾਵੇਗਾ ਜਿਸ ਲਈ ਉਨ੍ਹਾਂ ਨੌਜਵਾਨਾਂ, ਔਰਤਾਂ, ਦਲਿਤਾਂ, ਸਿੱਖ, ਹਿੰਦੂ, ਮੁਸਲਮਾਨ, ਪੱਛੜੇ ਭਾਈਚਾਰਿਆਂ ਦੇ ਪੰਜਾਬ ਦਰਦੀਆਂ ਨੂੰ ਇਕਮੁੱਠ ਹੋ ਕੇ ਨਵਾਂ ਪੰਜਾਬ ਸਿਰਜਣ ਦਾ ਸੱਦਾ ਦਿੱਤਾ ਹੈ। ਨਵਾਂ ਪੰਜਾਬ ਪਾਰਟੀ ਦੇ ਪ੍ਰਧਾਨ ਜਗਦੇਵ ਸਿੰਘ ਗਰੇਵਾਲ ਨੇ ਪੰਜਾਬ ਪੱਖੀ ਸਿਆਸੀ ਧਿਰਾਂ ਨੂੰ ਸੱਦਾ ਦਿੱਤਾ ਕਿ ਪੰਜਾਬ ਪੱਖੀ ਸਿਆਸੀ ਪ੍ਰੋਗਰਾਮ ਬਣਾ ਕੇ ਪੰਜਾਬ ਹਿਤੂ ਪਾਰਟੀ ਬਣਾਉਣ ਵੱਲ ਅੱਗੇ ਵਧਣ। ਉਨ੍ਹਾਂ ਪਿਛਲੀ ਭਾਜਪਾ ਸਰਕਾਰ ‘ਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਪਾਰਟੀ ਨੇ ਆਪਣੇ ਹੀ ਦੇਸ਼ ਵਾਸੀਆਂ ਨੂੰ ਰਾਸ਼ਟਰ ਵਿਰੋਧੀ ਦਾ ਦਰਜਾ ਦੇਣ ਦਾ ਰਾਹ ਫੜ ਲਿਆ ਹੈ।
_________________________________
ਚੋਣਾਂ ‘ਚ ਹਾਰ ਪਿੱਛੋਂ ਖਹਿਰਾ ਨੂੰ ਆਈ ਪੰਜਾਬ ਦੇ ਮਸਲਿਆਂ ਦੀ ਯਾਦ
ਜਲੰਧਰ: ਪੰਜਾਬ ਏਕਤਾ ਪਾਰਟੀ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ, ਜ਼ਿਲ੍ਹਾ ਪ੍ਰਧਾਨਾਂ ਤੇ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨਾਂ ਦੀ ਮੀਟਿੰਗ ਨੇ ਲੰਬੀ ਵਿਚਾਰ ਤੋਂ ਬਾਅਦ ਐਲਾਨ ਕੀਤਾ ਹੈ ਕਿ ਪੰਜਾਬ ਦੇ ਦਰਿਆਈ ਪਾਣੀਆਂ ਉੱਪਰ ਪੰਜਾਬ ਦੇ ਬਣਦੇ ਹੱਕ ਦੇ ਮੁੱਦੇ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾਵੇਗੀ ਅਤੇ 16 ਨਵੰਬਰ 2016 ਨੂੰ ਪੰਜਾਬ ਵਿਧਾਨ ਸਭਾ ਵੱਲੋਂ ਹੋਰਨਾਂ ਰਾਜਾਂ ਨੂੰ ਜਾਂਦੇ ਦਰਿਆਈ ਪਾਣੀਆਂ ਦਾ ਮੁਆਵਜ਼ਾ (ਰਿਐਲਟੀ) ਲੈਣ ਲਈ ਬਿੱਲ ਭੇਜਣ ਤੇ ਰਕਮ ਵਸੂਲਣ ਲਈ ਕਾਰਵਾਈ ਕਰਨ ਉਪਰ ਜ਼ੋਰ ਦਿੱਤਾ ਜਾਵੇਗਾ।
ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਚੋਣ ਨਤੀਜਿਆਂ ਦੀ ਸਮੀਖਿਆ ਕਰਦਿਆਂ ਇਹ ਮਹਿਸੂਸ ਕੀਤਾ ਗਿਆ ਹੈ ਕਿ ਪੰਜਾਬ ਜਮਹੂਰੀ ਗੱਠਜੋੜ ‘ਚ ਸ਼ਾਮਿਲ ਤਿੰਨ ਧਿਰਾਂ ਪੰਜਾਬ ਏਕਤਾ ਪਾਰਟੀ, ਬੈਂਸ ਭਰਾ ਤੇ ਡਾ: ਧਰਮਵੀਰ ਗਾਂਧੀ ਦੇ ਗਰੁੱਪ ਨੇ ਵੱਖਰੇ-ਵੱਖਰੇ ਚੋਣ ਨਿਸ਼ਾਨ ਉੱਪਰ ਚੋਣ ਲੜੀ ਤੇ ਇਸ ਦੇ ਸਮੁੱਚੀ ਚੋਣ ਮੁਹਿੰਮ ਉੱਪਰ ਮਾੜਾ ਪ੍ਰਭਾਵ ਰਿਹਾ। ਮੀਟਿੰਗ ‘ਚ ਫੈਸਲਾ ਕੀਤਾ ਕਿ ਤਿੰਨਾਂ ਗਰੁੱਪਾਂ ਨੂੰ ਇਕ ਵਿਧਾਨ, ਇਕ ਪ੍ਰਧਾਨ ਤੇ ਇਕ ਨਿਸ਼ਾਨ ਹੋਣ ਲਈ ਪਾਰਟੀ ਵੱਲੋਂ ਜਲਦੀ ਇਕ ਛੋਟੀ ਕਮੇਟੀ ਗਠਿਤ ਕੀਤੀ ਜਾਵੇਗੀ। ਇਹ ਕਮੇਟੀ ਅਕਾਲੀ ਦਲ ਟਕਸਾਲੀ ਨਾਲ ਵੀ ਏਕਤਾ ਲਈ ਗੱਲਬਾਤ ਚਲਾਏਗੀ। ਉਨ੍ਹਾਂ ਕਿਹਾ ਕਿ ‘ਆਪ’ ਨਾਲ ਗਠਜੋੜ ਬਣਾ ਕੇ ਚੱਲਣ ਦਾ ਯਤਨ ਕਰਾਂਗੇ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਪੰਜਾਬ ਦੇ ਦਰਿਆਵਾਂ ਦੀ ਸਫਾਈ ਤੇ ਵਾਤਾਵਰਨ ਦੀ ਸ਼ੁੱਧਤਾ ਲਈ ਲੁਧਿਆਣਾ ਵਿਚੋਂ ਲੰਘਦੇ ਬੁੱਢਾ ਨਾਲੇ ਤੋਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਮੀਟਿੰਗ ਵਿਚ ਖਹਿਰਾ ਧੜੇ ਨਾਲ ਪਹਿਲਾਂ ਖੜ੍ਹੇ 7 ਵਿਧਾਇਕਾਂ ਵਿਚੋਂ ਸਿਰਫ ਮਾਸਟਰ ਬਲਦੇਵ ਸਿੰਘ ਤੇ ਜਗਦੇਵ ਸਿੰਘ ਕਮਾਲੂ ਹੀ ਹਾਜ਼ਰ ਹੋਏ।