ਤਾਰਨ ਤਾਰਨ: ਸੁਪਰੀਮ ਕੋਰਟ ਨੇ ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ, ਉਨ੍ਹਾਂ ਦੇ ਤਿੰਨ ਭਰਾਵਾਂ, ਸਾਲਾ ਤੇ ਉਸ ਦੇ ਲੜਕੇ ਨੂੰ ਖਾੜਕੂਵਾਦ ਸਮੇਂ ਤਰਨ ਤਾਰਨ ਪੁਲਿਸ ਵੱਲੋਂ ਚੁੱਕ ਕੇ ਲਾਪਤਾ ਕਰਨ ਦੇ ਸੀ.ਬੀ.ਆਈ. ਦੇ ਮਾਮਲੇ ‘ਚ ਪੁਲਿਸ ਅਧਿਕਾਰੀਆਂ ਨੂੰ ਵੱਡਾ ਝਟਕਾ ਦਿੰਦਿਆਂ ਹੁਕਮ ਜਾਰੀ ਕੀਤੇ ਹਨ ਕਿ ਪੁਲਿਸ ਕਰਮਚਾਰੀ ਕਾਨੂੰਨੀ ਪ੍ਰਕਿਰਿਆ ‘ਚ ਗਲਤ ਢੰਗ ਅਪਣਾ ਕੇ ਇਸ ਕੇਸ ਨੂੰ ਲੰਮਾ ਖਿੱਚ ਰਹੇ ਹਨ।
ਪੁਲਿਸ ਅਧਿਕਾਰੀਆਂ ਖਿਲਾਫ ਸੀ.ਬੀ.ਆਈ. ਵੱਲੋਂ ਦਰਜ ਕੀਤੇ ਇਸ ਕੇਸ ਨੂੰ ਖਾਰਜ ਕਰਵਾਉਣ ਲਈ ਉਸ ਸਮੇਂ ਦੇ ਡੀ.ਐਸ਼ਪੀ. ਗੁਰਮੀਤ ਸਿੰਘ ਤੇ ਹੋਰਨਾਂ ਵੱਲੋਂ ਪਾਈ ਗਈ ਰਿੱਟ ਨੂੰ ਖਾਰਜ ਕਰਦਿਆਂ ਅਹਿਮ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ‘ਚ 20 ਸਾਲ ਹੋਣ ‘ਤੇ ਵੀ ਹੇਠਲੀਆਂ ਅਦਾਲਤਾਂ ‘ਚ ਕੇਸ ਦੀ ਸੁਣਵਾਈ ਨਾ ਹੋਣ ‘ਤੇ ਹੈਰਾਨੀ ਪ੍ਰਗਟ ਕਰਦਿਆਂ ਸੀ.ਬੀ.ਆਈ. ਅਦਾਲਤ ਨੂੰ ਹਦਾਇਤ ਕੀਤੀ ਹੈ ਕਿ ਇਸ ਮਾਮਲੇ ਦੀ ਰੋਜ਼ਾਨਾ ਸੁਣਵਾਈ ਕਰੇ ਅਤੇ ਕੋਸ਼ਿਸ਼ ਕੀਤੀ ਜਾਵੇ ਕਿ ਇਸ ਅਹਿਮ ਕੇਸ ਦਾ ਫੈਸਲਾ 8 ਮਹੀਨੇ ‘ਚ ਕਰ ਦਿੱਤਾ ਜਾਵੇ। ਸੁਪਰੀਮ ਕੋਰਟ ਨੇ ਆਪਣੇ ਫੈਸਲੇ ‘ਚ ਇਸ ਤੱਥ ਨੂੰ ਬਹੁਤ ਹੈਰਾਨੀਜਨਕ ਦੱਸਿਆ ਕਿ ਪਿਛਲੇ 20 ਸਾਲ ‘ਚ ਸਿਰਫ ਕੇਸ ਨੂੰ ਖਤਮ ਕਰਵਾਉਣ ਲਈ ਹੀ ਪੁਲਿਸ ਅਧਿਕਾਰੀਆਂ ਵੱਲੋਂ ਪਟੀਸ਼ਨਾਂ ਪਾਈਆਂ ਜਾ ਰਹੀਆਂ ਹਨ, ਜਿਸ ਦਾ ਮਕਸਦ ਸਿਰਫ ਕੇਸ ਨੂੰ ਲਮਕਾਉਣਾ ਹੈ।
ਸੁਪਰੀਮ ਕੋਰਟ ਨੇ ਆਪਣੇ ਫੈਸਲੇ ‘ਚ ਕਿਹਾ ਕਿ ਇਸ ਕੇਸ ਦੀ ਸੁਣਵਾਈ ਦੌਰਾਨ ਕੇਸ ‘ਚ ਨਾਮਜ਼ਦ ਵਿਅਕਤੀਆਂ ਦੀ ਕਿਸੇ ਵੀ ਪਟੀਸ਼ਨ ‘ਤੇ ਸਟੇਅ ਨਾ ਦਿੱਤਾ ਜਾਵੇ। ਸੁਪਰੀਮ ਕੋਰਟ ਦੇ ਜਸਟਿਸ ਅਰੁਣ ਮਿਸ਼ਰਾ ਅਤੇ ਜਸਟਿਸ ਨਵੀਨ ਸਿਨਹਾ ਦੇ ਆਧਾਰਿਤ ਬੈਂਚ ਨੇ ਹੁਕਮ ਜਾਰੀ ਕਰਦਿਆਂ ਇਸ ਫੈਸਲੇ ਦੀ ਕਾਪੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਸੀ.ਬੀ.ਆਈ. ਦੀ ਅਦਾਲਤ ਨੂੰ ਵੀ ਭੇਜ ਕੇ ਇਸ ਕੇਸ ਦੀ ਰੋਜ਼ਾਨਾ ਸੁਣਵਾਈ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ‘ਤੇ ਸੀ.ਬੀ.ਆਈ. ਦੀ ਅਦਾਲਤ ਮੋਹਾਲੀ ਵਲੋਂ ਦੋ ਜੁਲਾਈ ਤੋਂ ਲਗਾਤਾਰ ਕੇਸ ਦੀ ਸੁਣਵਾਈ ਕੀਤੇ ਜਾਣ ਦੀਆਂ ਤਰੀਕਾਂ ਵੀ ਜਾਰੀ ਕਰ ਦਿੱਤੀਆਂ ਹਨ। ਸੀ.ਬੀ.ਆਈ. ਵਲੋਂ ਇਸ ਕੇਸ ‘ਚ ਦਰਜਨ ਦੇ ਕਰੀਬ ਪੁਲਿਸ ਮੁਲਾਜ਼ਮਾਂ ਖਿਲਾਫ ਕੇਸ ਦਰਜ ਕਰਕੇ ਉਸ ਦਾ ਚਲਾਣ ਸੀ.ਬੀ.ਆਈ. ਦੀ ਅਦਾਲਤ ‘ਚ ਪੇਸ਼ ਕਰ ਦਿੱਤਾ ਗਿਆ ਸੀ ਪਰ ਸਾਲ 2000 ਤੋਂ 2016 ਤੱਕ ਹਾਈਕੋਰਟ ਤੇ ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ‘ਚ ਨਾਮਜ਼ਦ ਪੁਲਿਸ ਮੁਲਾਜ਼ਮਾਂ ਦੀਆਂ ਪਟੀਸ਼ਨਾਂ ‘ਤੇ ਸਟੇਅ ਹੋਣ ਕਰਕੇ ਕੋਈ ਸੁਣਵਾਈ ਨਹੀਂ ਹੋ ਸਕੀ ਤੇ ਇਹ ਕੇਸ ਤਰੀਕਾਂ ਤੱਕ ਹੀ ਸੀਮਤ ਰਹਿ ਗਿਆ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ 6 ਜੂਨ ਨੂੰ ਸੀ.ਬੀ.ਆਈ. ਅਦਾਲਤ ‘ਚ ਇਸ ਕੇਸ ਦੀ ਫਿਰ ਤੋਂ ਸੁਣਵਾਈ ਸ਼ੁਰੂ ਹੋਈ ਤੇ ਬਾਬਾ ਚਰਨ ਸਿੰਘ ਕਾਰ ਸੇਵਾ ਵਾਲਿਆਂ ਦੀ ਪਤਨੀ ਸੁਰਜੀਤ ਕੌਰ ਦੀ ਇਸ ਕੇਸ ‘ਚ ਅਦਾਲਤ ਨੇ ਗਵਾਹੀ ਦੇ ਬਿਆਨ ਕਲਮਬਦ ਕੀਤੇ ਹਨ।
ਇਸ ਸਬੰਧੀ ਭਾਈ ਸਤਨਾਮ ਸਿੰਘ ਕੰਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਾੜਕੂਵਾਦ ਦੇ ਸਮੇਂ ਅਗਸਤ 1992 ‘ਚ ਉਸ ਦੇ ਚਾਚਾ ਕੇਸਰ ਸਿੰਘ ਨੂੰ ਤਰਨ ਤਾਰਨ ਪੁਲਿਸ ਵਲੋਂ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ। ਫਿਰ ਉਸ ਦੇ ਦੂਸਰੇ ਚਾਚਾ ਗੁਰਦੇਵ ਸਿੰਘ ਨੂੰ ਉੱਤਰ ਪ੍ਰਦੇਸ਼ ਤੋਂ ਅਤੇ ਉਸ ਦੇ ਪਿਤਾ ਮੇਜਾ ਸਿੰਘ ਨੂੰ ਗੇਟ ਦੀ ਕਾਰ ਸੇਵਾ ਕਰਦਿਆਂ ਪੁਲਿਸ ਨੇ ਚੁੱਕ ਲਿਆ। ਪੁਲਿਸ ਵੱਲੋਂ ਬਾਬਾ ਚਰਨ ਸਿੰਘ ਕਾਰ ਸੇਵਾ ਵਾਲਿਆਂ ਨੂੰ ਪੇਸ਼ ਕਰਵਾਉਣ ਲਈ ਉਨ੍ਹਾਂ ਦੇ ਪਰਿਵਾਰ ਉੱਪਰ ਦਬਾਅ ਬਣਾਇਆ ਗਿਆ ਅਤੇ ਉਸ ਦੇ ਪਿਤਾ ਅਤੇ ਚਾਚਿਆਂ ਉੱਪਰ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਬਾਅਦ ਉਸ ਸਮੇਂ ਦੇ ਐਸ਼ਪੀ. ਆਪ੍ਰੇਸ਼ਨ ਰਹੇ ਖੂਬੀ ਰਾਮ ਅਤੇ ਉਸ ਦੇ ਪੀ.ਏ. ਸੁਖਦੇਵ ਰਾਜ ਜੋਸ਼ੀ ਅਤੇ ਹੋਰਨਾਂ ਨੇ ਬਾਬਾ ਚਰਨ ਸਿੰਘ ਦੇ ਸਾਲੇ ਗੁਰਮੇਜ ਸਿੰਘ ਅਤੇ ਉਸ ਦੇ ਲੜਕੇ ਬਲਵਿੰਦਰ ਸਿੰਘ ਨੂੰ ਪਿੰਡ ਸਖੀਰੇ ਤੋਂ ਚੁੱਕ ਲਿਆ।
ਭਾਈ ਸਤਨਾਮ ਸਿੰਘ ਕੰਡਾ ਅਨੁਸਾਰ ਤਰਨਤਾਰਨ ਪੁਲਿਸ ਵਲੋਂ ਸੀ.ਆਈ.ਏ. ਸਟਾਫ ਅਤੇ ਹੋਰਨਾਂ ਥਾਣਿਆਂ ‘ਚ ਸਾਰਿਆਂ ਨੂੰ ਰੱਖ ਕੇ ਤਸ਼ੱਦਦ ਜਾਰੀ ਰੱਖਿਆ। ਉਨ੍ਹਾਂ ਇਹ ਵੀ ਦੱਸਿਆ ਕਿ ਅਪ੍ਰੈਲ 1993 ‘ਚ ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ ਜੋ ਕਿ ਕਰੀਬ 35 ਗੁਰਦੁਆਰਿਆਂ ਦੀ ਸੇਵਾ ਕਰ ਰਹੇ ਸਨ ਨੂੰ ਆਖਰ ਪੁਲਿਸ ਕੋਲ ਪੇਸ਼ ਕਰਵਾਉਣ ਜਾਂਦੇ ਸਮੇਂ ਪੁਲਿਸ ਨੇ ਤਰਨ ਤਾਰਨ ਦੀਆਂ ਰਸੂਲਪੁਰ ਨਹਿਰਾਂ ਤੋਂ ਚੁੱਕ ਲਿਆ। ਪੁਲਿਸ ਵੱਲੋਂ ਬਾਬਾ ਚਰਨ ਸਿੰਘ, ਉਨ੍ਹਾਂ ਦੇ ਭਰਾ ਕੇਸਰ ਸਿੰਘ, ਬਾਬਾ ਮੇਜਾ ਸਿੰਘ, ਗੁਰਦੇਵ ਸਿੰਘ, ਗੁਰਮੇਜ ਸਿੰਘ ਅਤੇ ਗੁਰਮੇਜ ਸਿੰਘ ਦੇ ਲੜਕੇ ਬਲਵਿੰਦਰ ਸਿੰਘ ਨੂੰ ਭਾਰੀ ਤਸ਼ੱਦਦ ਕਰਕੇ ਮਾਰ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਖ਼ੁਰਦ ਬੁਰਦ ਕਰ ਦਿੱਤਾ ਗਿਆ।
ਸੀ.ਬੀ.ਆਈ. ਵੱਲੋਂ ਇਸ ਮਾਮਲੇ ਵਿਚ ਦੋ ਮਈ 1997 ਨੂੰ ਕੇਸ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਸੀ ਅਤੇ ਉਸ ਸਮੇਂ ਦੇ ਤਰਨ ਤਾਰਨ ਦੇ ਐਸ਼ਐਸ਼ਪੀ. ਅਜੀਤ ਸਿੰਘ ਸੰਧੂ, ਡੀ.ਐਸ਼ਪੀ. ਗੁਰਮੀਤ ਸਿੰਘ ਰੰਧਾਵਾ, ਇੰਸ: ਸੂਬਾ ਸਿੰਘ ਸਰਹੰਦ, ਏ.ਐਸ਼ਆਈ. ਸੂਬਾ ਸਿੰਘ, ਸੁਖਦੇਵ ਰਾਜ ਜੋਸ਼ੀ ਸਮੇਤ ਹੋਰ ਪੁਲਿਸ ਅਧਿਕਾਰੀਆਂ ਦੇ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਪਰ ਪੁਲਿਸ ਅਧਿਕਾਰੀਆਂ ਵੱਲੋਂ ਸੁਣਵਾਈ ਰੋਕਣ ਲਈ ਅਦਾਲਤਾਂ ਵਿਚ ਇਸ ਕੇਸ ਨੂੰ ਖਾਰਜ ਕਰਨ ਦੀਆਂ ਰਿੱਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਇਹ ਕੇਸ ਦੀ ਸੁਣਵਾਈ ਪਿਛਲੇ 20 ਸਾਲਾਂ ਤੋਂ ਵੱਧ ਸਮੇਂ ਦੌਰਾਨ ਰੁਕੀ ਹੋਈ ਹੈ। ਉਧਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਅਫਸੋਸ ਜ਼ਰੂਰ ਹੈ ਕਿ ਦੇਸ਼ ਦੀ ਨਿਆਂਪਾਲਿਕਾ ਵਲੋਂ ਇਸ ਅਹਿਮ ਕੇਸ ਬਾਰੇ ਦਿੱਤਾ ਗਿਆ ਫੈਸਲਾ ਦੇਰ ਨਾਲ ਹੋਇਆ ਹੈ ਅਤੇ ਇਸ ਸਮੇਂ ਦੌਰਾਨ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਪੁਲਿਸ ਮੁਲਾਜ਼ਮ ਆਪਣੀ ਨੌਕਰੀਆਂ ਦੌਰਾਨ ਤਰੱਕੀਆਂ ਤੇ ਮੈਡਲਾਂ ਦਾ ਅਨੰਦ ਮਾਣਦੇ ਰਹੇ ਤੇ ਇਨਸਾਫ ਦਾ ਰਾਹ ਦੇਖਦਿਆਂ ਕਈ ਉਨ੍ਹਾਂ ਦੇ ਪਰਿਵਾਰਕ ਮੈਂਬਰ ਰੱਬ ਨੂੰ ਵੀ ਪਿਆਰੇ ਹੋ ਗਏ। ਭਾਈ ਸਤਨਾਮ ਸਿੰਘ ਕੰਡਾ ਨੇ ਇਹ ਵੀ ਕਿਹਾ ਕਿ ਪੁਲਿਸ ਵਲੋਂ ਇਸ ਕੇਸ ਸਬੰਧੀ ਹਰ ਤਰ੍ਹਾਂ ਦੇ ਹਥਕੰਡੇ ਅਪਣਾਏ ਜਾ ਰਹੇ ਹਨ।