ਚੰਡੀਗੜ੍ਹ: ਸਾਕਾ ਨੀਲਾ ਤਾਰਾ ਦੇ 35 ਸਾਲ ਬੀਤ ਜਾਣ ‘ਤੇ ਵੀ ਪੰਜਾਬ ‘ਚ 1978 ਤੋਂ 1993 ਤੱਕ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਕੋਈ ਅਧਿਕਾਰਤ ਰਿਕਾਰਡ ਨਹੀਂ ਹੈ। ਪੰਜਾਬ ਪੁਲਿਸ ਕੋਲ ਵੀ ਅਜਿਹੇ ਅੰਕੜੇ ਨਹੀਂ ਹਨ ਜਿਨ੍ਹਾਂ ਤੋਂ ਪਤਾ ਲੱਗ ਸਕੇ ਕਿ ਪੰਜਾਬ ਦੇ ਖੂਨੀ ਦੌਰ ਨੇ ਕਿੰਨੇ ਲੋਕਾਂ ਦੀ ਜਾਨ ਦੀ ਬਲੀ ਲਈ।
ਆਰ.ਟੀ.ਆਈ. ਐਕਟਿਵਿਸਟ ਪਰਵਿੰਦਰ ਸਿੰਘ ਕਿੱਤਣਾ ਵੱਲੋਂ ਸੂਚਨਾ ਅਧਿਕਾਰ ਕਾਨੂੰਨ ਦੀ ਵਰਤੋਂ ਕਰਕੇ ਪੰਜਾਬ ‘ਚ 1 ਅਪ੍ਰੈਲ 1978 ਤੋਂ 31 ਮਈ 1984 (ਨਿਰੰਕਾਰੀ ਕਾਂਡ ਤੋਂ ਲੈ ਕੇ ਸਾਕਾ ਨੀਲਾ ਤਾਰਾ ਹੋਣ ਤੋਂ ਇਕ ਦਿਨ ਪਹਿਲਾਂ ਤੱਕ) ਅਤੇ ਫਿਰ 1993 ਤੱਕ ਮਾਰੇ ਗਏ ਆਮ ਲੋਕਾਂ, ਖਾੜਕੂਆਂ, ਪੁਲਿਸ ਅਤੇ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਗਿਣਤੀ ਸਾਹਮਣੇ ਲਿਆਉਣ ਲਈ ਕੀਤੇ ਗਏ ਯਤਨਾਂ ਨੂੰ ਵੀ ਬੂਰ ਨਹੀਂ ਪਿਆ। ਪਰਵਿੰਦਰ ਸਿੰਘ ਕਿੱਤਣਾ ਨੇ ਦੱਸਿਆ ਕਿ ਉਸ ਵੱਲੋਂ ਡਾਇਰੈਕਟਰ ਜਨਰਲ ਆਫ ਪੁਲਿਸ ਅਤੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਤੋਂ ਸੂਚਨਾ ਅਧਿਕਾਰ ਤਹਿਤ 1978 ਤੋਂ 1993 ਤੱਕ ਪੰਜਾਬ ‘ਚ ਖਾੜਕੂਆਂ/ ਅਤਿਵਾਦੀਆਂ ਹੱਥੋਂ ਮਾਰੇ ਗਏ ਲੋਕਾਂ ਦੀ ਗਿਣਤੀ ਹਰੇਕ ਸਾਲ ਦੀ ਅਲੱਗ-ਅਲੱਗ ਮੰਗੀ ਸੀ। ਉਸ ਸਮੇਂ ਦੌਰਾਨ ਫ਼ੌਜ, ਸੁਰੱਖਿਆ ਦਸਤਿਆਂ ਅਤੇ ਪੰਜਾਬ ਪੁਲਿਸ ਦੁਆਰਾ ਮਾਰੇ ਗਏ ਖਾੜਕੂਆਂ/ਅਤਿਵਾਦੀਆਂ ਦੀ ਸੂਚੀ, ਪੁਲਿਸ ਮੁਕਾਬਲਿਆਂ ‘ਚ ਮਾਰੇ ਗਏ ਵਿਅਕਤੀਆਂ/ ਖਾੜਕੂਆਂ ਦੀ ਗਿਣਤੀ, ਉਕਤ ਸਮੇਂ ਦੌਰਾਨ ਲਾਪਤਾ ਹੋਏ ਵਿਅਕਤੀਆਂ ਦੀ ਸੂਚੀ ਅਤੇ ਗਿਣਤੀ ਅਤੇ ਬਰਾਮਦ ਹੋਈਆਂ ਅਣਪਛਾਤੀਆਂ ਲਾਸ਼ਾਂ ਦੀ ਗਿਣਤੀ ਵੀ ਮੰਗੀ ਗਈ ਸੀ। ਇਸ ਬਾਰੇ ਬਹੁਤੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੇ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਪਰਵਿੰਦਰ ਸਿੰਘ ਵਲੋਂ ਪੰਜਾਬ ਰਾਜ ਸੂਚਨਾ ਅਧਿਕਾਰ ਕਮਿਸ਼ਨ ਦੇ ਚਾਰ ਜ਼ਿਲ੍ਹਾ ਮੁਖੀਆਂ ਦੇ ਦਫਤਰਾਂ ਖਿਲਾਫ ਸ਼ਿਕਾਇਤ ਕੀਤੀ ਗਈ ਤਾਂ ਦੋ ਕਮਿਸ਼ਨਰਾਂ ਨੇ ਸੂਚਨਾ ਨਾ ਦੇਣ ਨੂੰ ਉਚਿਤ ਦੱਸਿਆ। ਇਕ ਕਮਿਸ਼ਨਰ ਨੇ ਸਿਰਫ ਮ੍ਰਿਤਕਾਂ ਦੀ ਗਿਣਤੀ ਦੱਸਣ ਨੂੰ ਕਹਿ ਦਿੱਤਾ ਅਤੇ ਚੌਥੇ ਕਮਿਸ਼ਨਰ ਨੇ ਕੇਸ ਦੁਬਾਰਾ ਵਿਚਾਰਨ ਲਈ ਸਬੰਧਿਤ ਦਫਤਰ ਨੂੰ ਹੀ ਭੇਜ ਦਿੱਤਾ ਸੀ। ਹਾਲਾਂਕਿ ਅੰਮ੍ਰਿਤਸਰ ਦਿਹਾਤੀ ਅਤੇ ਗੁਰਦਾਸਪੁਰ ਦੇ ਪੁਲਿਸ ਮੁਖੀਆਂ ਨੇ ਸੂਚਨਾ ਉਪਲਬਧ ਕਰਵਾ ਦਿੱਤੀ ਸੀ, ਜਿਸ ਮੁਤਾਬਿਕ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ‘ਚ 1978 ਤੋਂ 1993 ਤੱਕ 166 ਆਮ ਨਾਗਰਿਕ ਤੇ 24 ਖਾੜਕੂ ਮਾਰੇ ਗਏ ਸਨ। ਦੱਸਣਯੋਗ ਹੈ ਕਿ ਅੰਮ੍ਰਿਤਸਰ ਸ਼ਹਿਰ ਅਤੇ ਇਸ ਦੇ ਨਾਲ ਲੱਗਦਾ ਇਲਾਕਾ ਹੁਣ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਧੀਨ ਆ ਚੁੱਕਾ ਹੈ, ਇੱਥੋਂ ਦੀ ਸੂਚਨਾ ਨਹੀਂ ਮਿਲ ਸਕੀ। ਗੁਰਦਾਸਪੁਰ ਜ਼ਿਲ੍ਹੇ ‘ਚ 1 ਅਪ੍ਰੈਲ 1978 ਤੋਂ 31 ਮਈ 1984 ਤੱਕ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਤੱਕ 31 ਵਿਅਕਤੀ ਖਾੜਕੂਆਂ ਹੱਥੋਂ ਮਾਰੇ ਗਏ ਸਨ।
ਅਗਲੇ ਸਾਲਾਂ ਦੀ ਸੂਚਨਾ ਪੁਲਿਸ ਵੱਲੋਂ ਨਹੀਂ ਦਿੱਤੀ ਗਈ। ਪਰਵਿੰਦਰ ਸਿੰਘ ਕਿੱਤਣਾ ਦਾ ਕਹਿਣਾ ਹੈ ਕਿ ਸੂਚਨਾ ਮੰਗਣ ਦਾ ਮਕਸਦ ਇਹ ਸੱਚ ਸਾਹਮਣੇ ਲਿਆਉਣਾ ਸੀ ਕਿ ਅਸਲ ‘ਚ ਦਹਿਸ਼ਤ ਦੇ ਦੌਰ ਦੌਰਾਨ ਕਿੰਨੇ ਲੋਕ ਮਾਰੇ ਗਏ ਸਨ, ਕਿਉਂਕਿ ਅੱਜ ਤੱਕ ਲੋਕ ਆਪੋ ਆਪਣੀ ਗਿਣਤੀ ਦੱਸ ਰਹੇ ਹਨ। ਪੰਜਾਬ ‘ਚ ਮਾਰੇ ਗਏ ਲੋਕਾਂ ਦੀ ਗਿਣਤੀ ਸਬੰਧੀ ਅਧਿਕਾਰਤ ਤੌਰ ‘ਤੇ ਅੰਕੜੇ ਦੱਸਣੇ ਚਾਹੀਦੇ ਹਨ ਤਾਂ ਜੋ ਅਸਲ ਸਥਿਤੀ ਸਪੱਸ਼ਟ ਹੋ ਸਕੇ।