ਤਰਨਤਾਰਨ: ਪੰਜਾਬ ‘ਚ ਵੱਡੇ ਪੱਧਰ ਤੇ ਫੈਲੇ ਗੈਂਗਸਟਰਾਂ ਅਤੇ ਤਸਕਰਾਂ ਦੀਆਂ ਜੜ੍ਹਾਂ ਇੰਨੀਆਂ ਮਜ਼ਬੂਤ ਹੋ ਚੁੱਕੀਆਂ ਹਨ ਕਿ ਜੇਲ੍ਹਾਂ ‘ਚ ਬੰਦ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਉਹ ਨਿਸ਼ਾਨੇ ‘ਤੇ ਲੈ ਰਹੇ ਹਨ, ਜਿਨ੍ਹਾਂ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਡਿਊਟੀਆਂ ਦੌਰਾਨ ਉਨ੍ਹਾਂ ਖਿਲਾਫ ਕੇਸ ਦਰਜ ਕੀਤੇ ਸਨ।
ਸਰਹੱਦੀ ਜ਼ਿਲ੍ਹਾ ਤਰਨ ਤਾਰਨ ‘ਚ ਸੀ.ਆਈ.ਏ. ਸਟਾਫ ‘ਚ ਤਾਇਨਾਤ ਰਹੇ ਚਰਚਿਤ ਪੰਜਾਬ ਪੁਲਿਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਦੀ ਜਾਨ ਨੂੰ ਖਤਰਾ ਦੱਸਦਿਆਂ ਪੰਜਾਬ ਦੇ ਖੁਫੀਆ ਵਿਭਾਗ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਨੇ ਏ.ਡੀ.ਜੀ.ਪੀ. ਜੇਲ੍ਹਾਂ, ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕਮਿਸ਼ਨਰਾਂ, ਐਸ਼ਐਸ਼ਪੀਜ਼. ਨੂੰ ਪੱਤਰ ਜਾਰੀ ਕਰਕੇ ਖਤਰਨਾਕ ਅਪਰਾਧੀ ਰਾਜਾ ਕੰਦੋਲਾ ਅਤੇ ਨਾਮੀ ਗੈਂਗਸਟਰਾਂ ਪਾਸੋਂ ਜਾਨ ਦਾ ਸਖਤ ਖਤਰਾ ਹੋਣ ਸਬੰਧੀ ਕਿਹਾ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ ਇਸ ਸਾਬਕਾ ਪੁਲਿਸ ਅਧਿਕਾਰੀ ਦੇ ਜੇਲ੍ਹ ਅੰਦਰ ਅਤੇ ਬਾਹਰ ਹੋਣ ਸਮੇਂ ਉਸ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ। ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਦੇ ਤਰਨ ਤਾਰਨ ਸੀ.ਆਈ.ਏ. ਸਟਾਫ ਦੇ ਇੰਚਾਰਜ ਹੋਣ ਸਮੇਂ ਉਨ੍ਹਾਂ ਨੇ ਬਹੁਤ ਵੱਡੇ-ਵੱਡੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਨ੍ਹਾਂ ਪਾਸੋਂ ਬਹੁਤ ਹੀ ਵੱਡੀ ਮਾਤਰਾ ‘ਚ ਹੈਰੋਇਨ ਵਰਗੇ ਨਸ਼ਿਆਂ ਦੇ ਨਾਲ-ਨਾਲ ਵਿਦੇਸ਼ੀ ਹਥਿਆਰ ਵੀ ਬਰਾਮਦ ਕੀਤੇ ਸਨ। ਤਰਨਤਾਰਨ ਦੀਆਂ ਅਦਾਲਤਾਂ ‘ਚੋਂ ਤਿੰਨ ਨਾਮੀ ਤਸਕਰਾਂ ਦੇ ਬਾਇੱਜ਼ਤ ਬਰੀ ਹੋਣ ਦੇ ਫੈਸਲੇ ਤੋਂ ਬਾਅਦ ਐਸ਼ਟੀ.ਐਫ਼ ਮੋਹਾਲੀ ਵੱਲੋਂ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਐਸ਼ਟੀ.ਐਫ਼ ਵਲੋਂ ਇੰਸ: ਇੰਦਰਜੀਤ ਪਾਸੋਂ ਹਥਿਆਰ, ਨਸ਼ੀਲੇ ਪਦਾਰਥ ਅਤੇ ਹੋਰ ਇਤਰਾਜ਼ਯੋਗ ਸਾਮਾਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਸੀ।
ਸਾਲ 2017 ਤੋਂ ਇੰਦਰਜੀਤ ਸਿੰਘ ਪਟਿਆਲਾ ਦੀ ਹਾਈ ਸਕਿਉਰਿਟੀ ਜੇਲ੍ਹ ‘ਚ ਬੰਦ ਸਨ ਪਰ ਅਚਾਨਕ ਖੁਫੀਆ ਵਿਭਾਗ ਵੱਲੋਂ ਉਨ੍ਹਾਂ ਨੂੰ ਨਾਮੀ ਗੈਂਗਸਟਰ ਰਾਜਾ ਕੰਦੋਲਾ ਅਤੇ ਹੋਰ ਨਾਮੀ ਗੈਂਗਸਟਰਾਂ ਤੋਂ ਜੇਲ੍ਹ ‘ਚ ਖਤਰਾ ਹੋਣ ਤੋਂ ਬਾਅਦ ਰੋਪੜ ਜੇਲ੍ਹ ‘ਚ ਬਦਲ ਦਿੱਤਾ ਗਿਆ ਅਤੇ ਅਦਾਲਤ ‘ਚ ਜਾਣ ਸਮੇਂ ਉਨ੍ਹਾਂ ਦੀ ਸਖਤ ਸੁਰੱਖਿਆ ਦੇ ਇੰਤਜ਼ਾਮ ਹੋਣ ਵਾਲੇ ਵੀ ਸਬੰਧਿਤ ਪੁਲਿਸ ਮੁਖੀਆਂ ਨੂੰ ਕੀਤੇ ਜਾਣ ਬਾਰੇ ਵੀ ਕਿਹਾ ਹੈ। ਇਸ ਸਬੰਧੀ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਦੀ ਪਤਨੀ ਮਨਿੰਦਰ ਕੌਰ ਅਤੇ ਉਨ੍ਹਾਂ ਦੇ ਜਵਾਈ ਡਾ. ਨਿਤਿਨ ਛਾਬੜਾ ਨੇ ਦੱਸਿਆ ਕਿ ਇੰਦਰਜੀਤ ਸਿੰਘ ਨੇ ਡਿਊਟੀ ਦੌਰਾਨ ਪੰਜਾਬ ਦੇ ਨਾਮੀ ਗੈਂਗਸਟਰਾਂ ਅਤੇ ਤਸਕਰਾਂ ਖਿਲਾਫ ਵੱਡੀਆਂ ਕਾਰਵਾਈਆਂ ਕੀਤੀਆਂ ਅਤੇ ਸਿਆਸੀ ਦਖਲਅੰਦਾਜ਼ੀ ਦੀ ਵੀ ਪ੍ਰਵਾਹ ਨਹੀਂ ਕੀਤੀ ਅਤੇ ਆਪਣੀ ਡਿਊਟੀ ਬਹੁਤ ਸਹੀ ਢੰਗ ਨਾਲ ਨਿਭਾਈ। ਮਨਿੰਦਰ ਕੌਰ ਨੇ ਕਿਹਾ ਕਿ ਕੁਝ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਰਾਜ ਉਨ੍ਹਾਂ ਦੇ ਪਤੀ ਕੋਲ ਹਨ, ਜਿਸ ਕਰਕੇ ਪੁਲਿਸ ਇਨ੍ਹਾਂ ਪਾਸੋਂ ਇੰਦਰਜੀਤ ਸਿੰਘ ਦੀ ਜਾਨ ਨੂੰ ਖਤਰਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦੀ ਹਾਈ ਸਕਿਉਰਿਟੀ ਜੇਲ੍ਹ ‘ਚ ਬਹੁਤ ਹੀ ਪੁਲਿਸ ਅਧਿਕਾਰੀ ਵੱਖ-ਵੱਖ ਮਾਮਲਿਆਂ ‘ਚ ਬੰਦ ਹਨ।
ਜੇਲ੍ਹ ‘ਚ ਬੰਦ ਪੁਲਿਸ ਅਧਿਕਾਰੀਆਂ ਦੀ ਸੁਰੱਖਿਆ ਲਈ ਵੱਖਰਾ ਸੈੱਲ ਬਣਿਆ ਹੋਇਆ ਹੈ। ਉਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਇੰਨੀ ਵੱਡੀ ਸੁਰੱਖਿਅਤ ਜੇਲ੍ਹ ‘ਚੋਂ ਉਨ੍ਹਾਂ ਦੇ ਪਤੀ ਨੂੰ ਸਾਧਾਰਨ ਜੇਲ੍ਹ ਰੋਪੜ ‘ਚ ਕਿਉਂ ਭੇਜਿਆ ਗਿਆ ਹੈ, ਜਿੱਥੇ ਕਈ ਤਸਕਰ, ਗੈਂਗਸਟਰ ਅਤੇ ਅਪਰਾਧਿਕ ਪਿਛੋਕੜ ਲੋਕ ਬੰਦ ਹਨ। ਇਸ ਜੇਲ੍ਹ ‘ਚ ਆਉਣ ਤੋਂ ਬਾਅਦ ਉਨ੍ਹਾਂ ਦੇ ਪਤੀ ਨਾਲ ਇਨ੍ਹਾਂ ਲੋਕਾਂ ਨੇ ਹੱਥੋਪਾਈ ਹੋਣ ਦੀ ਕੋਸ਼ਿਸ਼ ਵੀ ਕੀਤੀ। ਮਨਿੰਦਰ ਕੌਰ ਨੇ ਕਿਹਾ ਕਿ ਜੇਕਰ ਖੁਫੀਆ ਵਿਭਾਗ ਨੂੰ ਇੰਦਰਜੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਦੀ ਜਾਨ ਨੂੰ ਗੈਂਗਸਟਰਾਂ ਤੇ ਤਸਕਰਾਂ ਤੋਂ ਖਤਰਾ ਹੈ ਤਾਂ ਫਿਰ ਪਟਿਆਲਾ ਦੀ ਵੱਡੀ ਸੁਰੱਖਿਅਤ ਜੇਲ੍ਹ ਤੋਂ ਬਦਲ ਕੇ ਸਾਧਾਰਨ ਜੇਲ੍ਹ ਰੋਪੜ ਵਿਚ ਲਿਆਉਣਾ ਇਹ ਗੱਲ ਦਰਸਾਉਂਦਾ ਹੈ ਕਿ ਉਸ ਦੇ ਪਤੀ ਨਾਲ ਕੋਈ ਅਣਸੁਖਾਵੀਂ ਦੁਰਘਟਨਾ ਵਾਪਰ ਸਕਦੀ ਹੈ। ਇਸ ਸਬੰਧੀ ਉਹ ਪੰਜਾਬ ਦੇ ਡੀ.ਜੀ.ਪੀ. ਜੇਲ੍ਹਾਂ ਨੂੰ ਮਿਲ ਆਏ ਹਨ, ਪਰ ਅਜੇ ਤੱਕ ਉਨ੍ਹਾਂ ਨੂੰ ਇਸ ਜੇਲ੍ਹ ਤੋਂ ਸੁਰੱਖਿਆ ਜੇਲ੍ਹ ‘ਚ ਨਹੀਂ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਉਸ ਦੇ ਪਤੀ ਨਾਲ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦੀ ਜ਼ਿੰਮੇਵਾਰ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਸਰਕਾਰ ਦੀ ਹੋਵੇਗੀ।