ਸਰਕਾਰਾਂ ਦੀ ਨਾਲਾਇਕੀ ਕਾਰਨ ਦਰਿਆਵਾਂ ਦੀ ਧਰਤੀ ਉਤੇ ਪਿਆ ਸੋਕਾ

ਰੋਜ਼ ਹਜ਼ਾਰਾਂ ਕਿਊਸਿਕ ਪਾਣੀ ਬੇਰੋਕ ਜਾ ਰਿਹਾ ਹੈ ਪਾਕਿਸਤਾਨ
ਚੰਡੀਗੜ੍ਹ: ਪਾਕਿਸਤਾਨ ਨੂੰ ਪਾਣੀ ਨਾ ਦੇਣ ਦਾ ਦਾਅਵਾ ਕਰਨ ਵਾਲੇ ਕੇਂਦਰੀ ਮੰਤਰੀਆਂ ਦੇ ਹੁਕਮਾਂ ਦੇ ਉਲਟ ਪਾਣੀ ਜਮ੍ਹਾ ਰੱਖਣ ਵਾਲੇ ਡੈਮ ਨੱਕੋ-ਨੱਕ ਭਰਨ ਦਾ ਫਾਇਦਾ ਪੰਜਾਬ ਦੇ ਕਿਸਾਨਾਂ ਨੂੰ ਨਾ ਦੇ ਕੇ ਹਜ਼ਾਰਾਂ ਕਿਊਸਿਕ ਪਾਣੀ ਹਰ ਰੋਜ਼ ਪਾਕਿਸਤਾਨ ਭੇਜਿਆ ਜਾ ਰਿਹਾ ਹੈ।

ਪੰਜਾਬ ‘ਚ 55 ਹਜ਼ਾਰ ਹੈਕਟੇਅਰ ਕਿੰਨੂ ਦੇ ਬਾਗਾਂ ਹੇਠਲਾ ਰਕਬਾ ਤੇ 4 ਲੱਖ ਹੈਕਟੇਅਰ ਨਰਮੇ ਹੇਠਲਾ ਰਕਬਾ ਪਾਣੀ ਦੀ ਘਾਟ ਕਾਰਨ ਸੜ ਸੁੱਕ ਰਿਹਾ ਹੈ। ਸਰਕਾਰਾਂ ਦੀ ਉਕਤ ਯੋਜਨਾ ਲੋਕਾਂ ਦੀ ਸਮਝੋ ਬਾਹਰ ਹੈ ਕਿ ਪੰਜਾਬ ਦਾ ਕਿਸਾਨ ਪਾਣੀ ਨੂੰ ਤਰਸ ਰਿਹਾ ਹੈ ਪਰ ਸਰਕਾਰ ਕੁਝ ਦਿਨਾਂ ਤੋਂ ਲੱਖਾਂ ਕਿਊਸਿਕ ਪਾਣੀ ਰੋਜ਼ਾਨਾ ਬੇਰੋਕ-ਟੋਕ ਪਾਕਿਸਤਾਨ ਵੱਲ ਭੇਜ ਰਹੀ ਹੈ, ਜਿਸ ਨੂੰ ਲੈ ਕੇ ਪੰਜਾਬ ਦਾ ਕਿਸਾਨ ਪਰੇਸ਼ਾਨੀ ਦੇ ਆਲਮ ‘ਚ ਹੈ। ਦੱਸਣਯੋਗ ਹੈ ਕਿ ਪਹਾੜੀ ਖੇਤਰ ‘ਚ ਭਾਰੀ ਬਾਰਸ਼ਾਂ ਤੇ ਅਤਿ ਦੀ ਪੈ ਰਹੀ ਗਰਮੀ ਕਾਰਨ ਗਲੇਸ਼ੀਅਰ ਪਿਘਲਣ ਕਾਰਨ ਡੈਮਾਂ ‘ਚ ਪਾਣੀ ਦਾ ਪੱਧਰ ਦਿਨੋ-ਦਿਨ ਵਧ ਰਿਹਾ ਹੈ। 1690 ਫੁੱਟ ਤੱਕ ਪਾਣੀ ਦੀ ਸਮਰੱਥਾ ਰੱਖਣ ਵਾਲੇ ਭਾਖੜਾ ਡੈਮ ‘ਚ ਪਾਣੀ ਦਾ ਪੱਧਰ 1610.98 ਫੁੱਟ ਨਾਪਿਆ ਗਿਆ, ਜਿਥੇ ਪਹਾੜਾਂ ‘ਚੋਂ 27760 ਕਿਊਸਿਕ ਪਾਣੀ ਦੀ ਆਮਦ ਸੀ, ਜਿਥੋਂ ਕਰੀਬ 35 ਹਜ਼ਾਰ ਕਿਊਸਿਕ ਪਾਣੀ ਹੇਠਾਂ ਛੱਡਿਆ ਗਿਆ।
1423 ਫੁੱਟ ਤੱਕ ਪਾਣੀ ਜਮ੍ਹਾ ਰੱਖਣ ਦੀ ਸਮਰੱਥਾ ਵਾਲੇ ਪੌਂਗ ਡੈਮ ‘ਚ ਪਾਣੀ ਦਾ ਪੱਧਰ 1333.70 ਫੁੱਟ ਨਾਪਿਆ ਗਿਆ, ਜਿਥੇ 3393 ਕਿਊਸਿਕ ਪਾਣੀ ਆ ਰਿਹਾ ਸੀ ਤੇ 8004 ਕਿਊਸਿਕ ਹੇਠਾਂ ਛੱਡਿਆ ਜਾ ਰਿਹਾ ਸੀ। ਰਣਜੀਤ ਸਾਗਰ ਡੈਮ ‘ਤੇ ਪਾਣੀ ਦਾ ਪੱਧਰ 514.95 ਮੀਟਰ ਨਾਪਿਆ ਗਿਆ, ਜਿਥੇ ਪਾਣੀ ਦੀ ਆਮਦ 9653 ਕਿਊਸਿਕ ਅਤੇ 15773 ਕਿਊਸਿਕ ਹੇਠਾਂ ਛੱਡਿਆ ਜਾ ਰਿਹਾ ਸੀ। ਰੋਪੜ ਹੈੱਡ ਵਰਕਸ ‘ਤੇ ਪਾਣੀ ਦੀ ਆਮਦ 20720 ਕਿਊਸਿਕ ਸੀ, ਜਿਥੋਂ ਹੇਠਾਂ 15420 ਕਿਊਸਿਕ ਪਾਣੀ ਛੱਡਿਆ ਗਿਆ। ਹਰੀਕੇ ਹੈੱਡ ਵਰਕਸ ‘ਤੇ ਬਿਆਸ ਅਤੇ ਸਤਲੁਜ ਦਰਿਆਵਾਂ ਰਾਹੀਂ 33134 ਕਿਊਸਿਕ ਪਾਣੀ ਦੀ ਆਮਦ ਨਾਪੀ ਗਈ, ਜਿਥੋਂ ਇੰਦਰਾ ਗਾਂਧੀ ਅਤੇ ਫਿਰੋਜ਼ਪੁਰ ਫੀਡਰ ਨਹਿਰ ‘ਚ ਪਾਣੀ ਛੱਡਣ ਤੋਂ ਇਲਾਵਾ 13999 ਕਿਊਸਿਕ ਪਾਣੀ ਸਤਲੁਜ ਦਰਿਆ ‘ਚ ਹੇਠਾਂ ਵੱਲ ਛੱਡਿਆ ਗਿਆ। ਹੁਸੈਨੀਵਾਲਾ ਹੈੱਡ ਵਰਕਸ ਉਤੇ ਪਹੁੰਚ ਰਿਹਾ 14 ਹਜ਼ਾਰ ਦੇ ਕਰੀਬ ਕਿਊਸਿਕ ਪਾਣੀ ਨੂੰ ਸਾਂਭਣ ਦੀ ਸਿੰਚਾਈ ਵਿਭਾਗ ਕੋਲ ਸਮਰੱਥਾ ਨਾ ਹੋਣ ਕਰਕੇ ਅਤੇ ਨਹਿਰਾਂ ਦੀ ਬੰਦੀ ਹੋਣ ਕਰਕੇ ਸਾਰਾ ਪਾਣੀ ਪਾਕਿਸਤਾਨ ਵੱਲ ਪਿਛਲੇ ਕੁਝ ਦਿਨਾਂ ਤੋਂ ਦਿਨ-ਰਾਤ ਭੇਜਿਆ ਜਾ ਰਿਹਾ ਹੈ, ਜਿਸ ਦਾ ਸਿੱਧਾ ਨੁਕਸਾਨ ਮਾਲਵੇ ਦੇ ਨਰਮਾ, ਬਾਗਾਂ ਆਦਿ ਫਲੀਦਾਰ ਫਸਲਾਂ ਹੇਠਾਂ ਰਕਬਾ ਲਿਆਉਣ ਵਾਲੇ ਹਜ਼ਾਰਾਂ ਕਿਸਾਨਾਂ ਤੋਂ ਇਲਾਵਾ ਲੱਖਾਂ ਏਕੜ ਰਕਬੇ ‘ਚ ਝੋਨਾ ਲਗਾਉਣ ਦੀ ਤਿਆਰੀ ਕਰੀ ਬੈਠੇ ਲੱਖਾਂ ਕਿਸਾਨਾਂ ਨੂੰ ਹੈ, ਜਿਨ੍ਹਾਂ ਨੂੰ 13 ਜੂਨ ਤੋਂ ਬਾਅਦ ਲੱਖਾਂ ਰੁਪਏ ਦਾ ਡੀਜ਼ਲ ਫੂਕ ਧਰਤੀ ਹੇਠੋਂ ਪਾਣੀ ਕੱਢ ਖੇਤ ਸਿੰਜਣੇ ਪੈਣੇ ਹਨ।
ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪੁੱਜਦਾ ਕਰਨ ਲਈ ਕੱਢੀਆਂ ਗਈਆਂ ਨਹਿਰਾਂ ਤੇ ਵਾਧੂ ਪਾਣੀ ਦੀ ਮਾਰ ਤੋਂ ਬਚਾਉਣ ਲਈ ਕੱਢੇ ਗਏ ਸੇਮ ਨਾਲਿਆਂ ਦੀ ਸਫਾਈ ਦਾ ਪੰਜਾਬ ਸਰਕਾਰ ਦੇ ਸਿੰਚਾਈ ਵਿਭਾਗ ਨੇ ਉੱਕਾ ਫਿਕਰ ਨਹੀਂ ਕੀਤਾ। ਉਕਤ ਕੰਮ ਹੁਣ ਪੰਚਾਇਤਾਂ ਰਾਹੀਂ ਮਨਰੇਗਾ ਮਜ਼ਦੂਰਾਂ ਹਵਾਲੇ ਕੀਤਾ ਹੋਇਆ ਹੋਣ ਕਰਕੇ ਝੋਨਾ ਲਗਾਏ ਜਾਣ ਦੀ ਸਰਕਾਰ ਵੱਲੋਂ ਤੈਅ ਕੀਤੀ ਤਰੀਕ 13 ਜੂਨ ਸਿਰ ‘ਤੇ ਆ ਜਾਣ ਦੇ ਬਾਵਜੂਦ ਵੀ ਬਹੁਤੇ ਮਾਈਨਰਾਂ ਦੀ ਮੁਕੰਮਲ ਸਫਾਈ ਨਹੀਂ ਹੋਈ। ਹੋਰ ਤਾਂ ਹੋਰ ਹੁਸੈਨੀਵਾਲਾ ਹੈੱਡ ਵਰਕਸ ‘ਤੇ ਪਾਣੀ ਜਮ੍ਹਾ ਕਰਕੇ ਉਥੋਂ ਨਿਕਲਦੀਆਂ ਗੰਗ ਕੈਨਾਲ ਅਤੇ ਈਸਟਰਨ ਮੰਡਲ ਫਿਰੋਜ਼ਪੁਰ ਨਹਿਰਾਂ ਦੀ ਵੀ ਮੁਕੰਮਲ ਮੁਰੰਮਤ ਨਹੀਂ ਕੀਤੀ ਗਈ। ਗੰਗ ਕੈਨਾਲ ਜਿਸ ਦਾ ਪਾਣੀ ਰਾਜਸਥਾਨ ਤੱਕ ਜਾਂਦਾ ਹੈ, ਅੰਦਰ ਵੱਡੇ ਪੱਧਰ ‘ਤੇ ਕਲਾਲੀ ਭਰੀ ਪਈ ਹੈ, ਜਿਸ ਦੀ ਸਫਾਈ ਕਰਵਾਉਣਾ ਕੰਮ ਸਿੰਚਾਈ ਵਿਭਾਗ ਦਾ ਹੈ। ਹੋਰ ਤਾਂ ਹੋਰ ਹਰੀਕੇ ਹੈੱਡ ਵਰਕਸ ਤੋਂ ਨਿਕਲਦੀਆਂ ਇੰਦਰਾ ਗਾਂਧੀ ਫੀਡਰ, ਸਰਹੰਦ ਕੈਨਾਲ, ਫਿਰੋਜ਼ਪੁਰ ਫੀਡਰ ਨਹਿਰ ਜੋ 30 ਹਜ਼ਾਰ ਕਿਊਸਿਕ ਪਾਣੀ ਲਿਜਾਉਣ ਦੀ ਸਮਰੱਥਾ ਰੱਖਦੀਆਂ ਹਨ, ਦੀ ਪਟੜੀ ਖਸਤਾ, ਨਹਿਰਾਂ ਦੀਆਂ ਦੀਵਾਰਾਂ ਟੁੱਟੀਆਂ, ਉਪਰੋਂ ਝਾੜ ਬੂਟ ਨਹਿਰ ‘ਚ ਵੱਡੀ ਪੱਧਰ ‘ਤੇ ਉੱਗੇ ਹੋਣ ਕਰਕੇ ਮਸਾਂ 1800 ਕਿਊਸਿਕ ਪਾਣੀ ਹੀ ਲਿਜਾ ਰਹੀਆਂ ਹਨ, ਜੋ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਹਜ਼ਾਰਾਂ ਕਿਸਾਨਾਂ ਦੇ ਹੱਕਾਂ ‘ਤੇ ਡਾਕਾ ਹੈ।
_________________________
ਹਜ਼ਾਰ ਏਕੜ ਰਕਬੇ ਨੂੰ ਮਾਈਕਰੋ ਸਿੰਜਾਈ ਹੇਠ ਲਿਆਏਗਾ ਪੰਜਾਬ
ਚੰਡੀਗੜ੍ਹ: ਪਾਣੀ ਪ੍ਰਬੰਧਨ ਦੇ ਟੀਚੇ ਵਜੋਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਉਹ ਮੌਜੂਦਾ ਸੀਜ਼ਨ ਵਿਚ ਹਜ਼ਾਰ ਏਕੜ ਵਿਚ ਲੱਗੀ ਮੱਕੀ ਲਈ ਮਾਈਕਰੋ-ਸਿੰਜਾਈ ਦਾ ਪ੍ਰਚਾਰ ਪਾਸਾਰ ਕਰੇਗੀ। ਸਾਲ 2019 ਵਿਚ ਸਰਕਾਰ ਨੇ ਡੇਢ ਲੱਖ ਹੈਕਟੇਅਰ ਰਕਬੇ ਨੂੰ ਇਸ ਤਕਨੀਕ ਨਾਲ ਸਿੰਜਣ ਦਾ ਫੈਸਲਾ ਕੀਤਾ ਹੈ। ਇਸ ਰਕਬੇ ਵਿਚੋਂ ਹਜ਼ਾਰ ਏਕੜ ਵਿਚ ਲੱਗੀ ਮੱਕੀ ਦੀ ਮਾਈਕਰੋ ਸਿੰਜਾਈ ਕੀਤੀ ਜਾਵੇਗੀ। ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕੇ.ਐੱਸ਼ਪੰਨੂ ਨੇ ਕਿਹਾ ਕਿ 900 ਏਕੜ ਲਈ ਜ਼ਮੀਨ ਅਧਾਰਿਤ ਡਰਿੱਪ ਪ੍ਰਣਾਲੀ ਨਾਲ ਸਿੰਜਾਈ ਹੋਵੇਗੀ ਜਦੋਂਕਿ ਬਾਕੀ ਬਚਦੇ ਰਕਬੇ ਲਈ ਸਬ ਸਰਫੇਸ ਅਧਾਰਿਤ ਡਰਿੱਪ ਪ੍ਰਣਾਲੀ ਇਸਤੇਮਾਲ ਵਿਚ ਲਿਆਂਦੀ ਜਾਵੇਗੀ। ਮਿੱਟੀ ਬਾਰੇ ਪ੍ਰਮੁੱਖ ਮੁੱਖ ਕੰਜ਼ਰਵੇਟਰ ਧਰਮਿੰਦਰ ਕੁਮਾਰ ਨੇ ਕਿਹਾ ਕਿ ਡਰਿੱਪ ਸਿੰਜਾਈ ਤਕਨੀਕ ਨਾਲ ਨਾ ਸਿਰਫ ਪਾਣੀ ਬਚਾਉਣ ਵਿਚ ਮਦਦ ਮਿਲੇਗੀ ਬਲਕਿ ਫਸਲ ਦਾ ਝਾੜ ਵੀ ਵਧੇਗਾ। ਪੰਜਾਬ ਖੇਤੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਕਿਹਾ ਕਿ ਉਨ੍ਹਾਂ ਮੱਕੀ-ਕਣਕ-ਮੂੰਗ ਦੇ ਚੱਕਰ ਦੌਰਾਨ ਸਬ-ਸਰਫੇਸ ਡਰਿੱਪ ਸਿੰਜਾਈ ਤਕਨੀਕ ਦਾ ਸਫਲ ਤਜਰਬਾ ਕੀਤਾ ਸੀ ਤੇ ਇਸ ਨੂੰ ਵੱਡੇ ਪੱਧਰ ‘ਤੇ ਪ੍ਰਮੋਟ ਕਰਨ ਦੀ ਲੋੜ ਹੈ।