ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਲੱਖਾਂ ਦੇ ਹਿਸਾਬ ਨਾਲ ਪ੍ਰਤੀ ਮਹੀਨਾ ਤਨਖ਼ਾਹ ਲੈਣ ਵਾਲੇ ਸੀਨੀਅਰ ਅਧਿਕਾਰੀਆਂ ਪ੍ਰਤੀ ਵੀ ‘ਜੀ ਹਜ਼ੂਰੀ’ ਵਾਲੀ ਨੀਤੀ ਅਪਣਾਈ ਜਾਂਦੀ ਹੈ। ਇਹੀ ਕਾਰਨ ਹੈ ਕਿ ਸੂਬੇ ਵਿਚ ਇਕ ਤੋਂ ਵੱਧ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ ਸਾਂਭਣ ਵਾਲੇ ਅਧਿਕਾਰੀਆਂ ਦੇ ਨਾਲ-ਨਾਲ ਅਜਿਹੇ ‘ਲਾਡਲੇ ਅਫਸਰ’ ਵੀ ਹਨ ਜੋ ਬਿਨਾਂ ਕਿਸੇ ਕੰਮਕਾਜ ਤੋਂ ਸਰਕਾਰੀ ਖ਼ਜ਼ਾਨੇ ਦੇ ਹਿੱਸੇਦਾਰ ਬਣੇ ਬੈਠੇ ਹਨ। ਸਰਕਾਰ ਦੀ ਇਸ ਮੇਹਰਬਾਨੀ ਦਾ ਅਜਿਹੇ ਅਧਿਕਾਰੀ ਰੱਜ ਕੇ ਫ਼ਾਇਦਾ ਉਠਾ ਰਹੇ ਹਨ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਕਾਡਰ ਦੇ ਕਈ ਆਈæਏæਐਸ ਅਫਸਰ ਅਜਿਹੇ ਹਨ ਜਿਨ੍ਹਾਂ ਦਾ ਕੰਮਕਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਸੰਦ ਨਹੀਂ ਤੇ ਕਈ ਅਫਸਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਨਾ ਪਸੰਦੀਦਾ ਸੂਚੀ ਵਿਚ ਸ਼ਾਮਲ ਹਨ। ਮਹੱਤਵਪੂਰਨ ਤੱਥ ਇਹ ਹੈ ਕਿ ਪ੍ਰਮੁੱਖ ਸਕੱਤਰ ਦੇ ਰੈਂਕ ਤੱਕ ਪਹੁੰਚੇ ਆਈæਏæਐਸ ਅਧਿਕਾਰੀ ਦੀ ਪ੍ਰਤੀ ਮਹੀਨਾ ਤਨਖਾਹ ਤਕਰੀਬਨ 1 ਲੱਖ ਰੁਪਏ ਹੈ। ਇਸ ਤੋਂ ਬਿਨਾਂ ਇਕ ਅਧਿਕਾਰੀ ਨੂੰ ਏਅਰ ਕੰਡੀਸ਼ਨਰ ਦਫ਼ਤਰ, ਦਫ਼ਤਰੀ ਅਮਲਾ, ਕਾਰ ਤੇ ਚੰਡੀਗੜ੍ਹ ਵਿਚ ਰਿਹਾਇਸ਼ ਦੀ ਸਹੂਲਤ ਵੀ ਹੈ। ਇਸ ਤਰ੍ਹਾਂ ਇਕ ਅਧਿਕਾਰੀ ਦੋ ਲੱਖ ਰੁਪਏ ਤੋਂ ਵੱਧ ਦੀਆਂ ਸਹੂਲਤਾਂ ਸਰਕਾਰ ਤੋਂ ਪ੍ਰਤੀ ਮਹੀਨਾ ਲੈਂਦਾ ਹੈ ਪਰ ਸਰਕਾਰ ਕਈ ਅਫਸਰਾਂ ਤੋਂ ਕੰਮ ਲੈਣ ਲਈ ਰਾਜ਼ੀ ਨਹੀਂ ਹੈ। ਪੰਜਾਬ ਸਰਕਾਰ ਵਿਚ ਜਿਨ੍ਹਾਂ ਅਫਸਰਾਂ ਦੀ ਪਿਛਲੇ 6 ਸਾਲਾਂ ਤੋਂ ਚਾਂਦੀ ਮੰਨੀ ਜਾਂਦੀ ਹੈ ਉਨ੍ਹਾਂ ਵਿਚ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗਗਨਦੀਪ ਸਿੰਘ ਬਰਾੜ ਨੂੰ ਡਾਇਰੈਕਟਰ ਸ਼ਹਿਰੀ ਹਵਾਬਾਜ਼ੀ ਤੇ ਸਕੱਤਰ ਦਿਹਾਤੀ ਵਿਕਾਸ ਬੋਰਡ ਲਾਇਆ ਹੋਇਆ ਹੈ। ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸੰਤੋਸ਼ ਕੁਮਾਰ ਸੰਧੂ ਜਿਨ੍ਹਾਂ ਕੋਲ ਵਿੱਤੀ ਕਮਿਸ਼ਨਰ (ਸਹਿਕਾਰਤਾ) ਦਾ ਵਿਭਾਗ ਵੀ ਹੈ। ਵਿੱਤੀ ਕਮਿਸ਼ਨਰ (ਮਾਲ) ਨਵਰੀਤ ਸਿੰਘ ਕੰਗ ਨੂੰ ਲੋਕ ਸੰਪਰਕ ਵਿਭਾਗ ਦਾ ਵਾਧੂ ਚਾਰਜ ਦਿੱਤਾ ਹੋਇਆ ਹੈ। ਵਿੱਤੀ ਕਮਿਸ਼ਨਰ (ਵਿਕਾਸ) ਸੁਰੇਸ਼ ਕੁਮਾਰ ਦਿਹਾਤੀ ਜਲ ਸਪਲਾਈ ਵਿਭਾਗ ਦਾ ਕੰਮ ਦੇਖਦੇ ਹਨ। ਵਿੱਤ ਕਮਿਸ਼ਨਰ (ਕਰ ਤੇ ਆਬਕਾਰੀ) ਡੀæਪੀæ ਰੈਡੀ ਪ੍ਰਮੁੱਖ ਸਕੱਤਰ (ਵਿੱਤ) ਵੀ ਹਨ। ਸਕੱਤਰ (ਬਿਜਲੀ) ਅਨਿਰੁਧ ਤਿਵਾੜੀ ਨੂੰ ਸਾਇੰਸ ਤਕਨਾਲੋਜੀ ਤੇ ਵਾਤਾਵਰਨ ਵਿਭਾਗ ਦਾ ਕੰਮ ਦਿੱਤਾ ਗਿਆ ਹੈ। ਪ੍ਰਮੁੱਖ ਸਕੱਤਰ (ਸ਼ਹਿਰੀ ਵਿਕਾਸ) ਏæ ਵੇਣੂ ਪ੍ਰਸ਼ਾਦ ਨੂੰ ਸਕੱਤਰ ਸ਼ਹਿਰੀ ਹਵਾਬਾਜ਼ੀ ਵਿਭਾਗ, ਪ੍ਰਮੁੱਖ ਸਕੱਤਰ (ਸਿਹਤ ਤੇ ਪਰਿਵਾਰ) ਭਲਾਈ ਵਿੰਨੀ ਮਹਾਜਨ ਨੂੰ ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਦਾ ਕੰਮ, ਸਕੱਤਰ (ਪ੍ਰਸੋਨਲ) ਸਰਵਜੀਤ ਸਿੰਘ ਨੂੰ ਵੀ ਕਈ ਵਾਧੂ ਵਿਭਾਗਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਤਾਇਨਾਤ ਸਕੱਤਰ ਪੱਧਰ ਤੇ ਦੋ ਅਫਸਰਾਂ ਪੀæਐਸ਼ ਔਜਲਾ ਨੂੰ ਸਕੱਤਰ ਲੋਕ ਨਿਰਮਾਣ ਵਿਭਾਗ ਤੇ ਮਨਵੇਸ਼ ਸਿੱਧੂ ਨੂੰ ਪੂਡਾ ਦਾ ਮੁੱਖ ਪ੍ਰਸ਼ਾਸਕ ਲਾਇਆ ਹੋਇਆ ਹੈ।
ਹੁਸਨ ਲਾਲ ਸਕੱਤਰ ਸਮਾਜਕ ਸੁਰੱਖਿਆ ਹੋਣ ਦੇ ਨਾਲ ਪੰਜਾਬ ਸਿਹਤ ਨਿਗਮ ਦੇ ਐਮæਡੀæਵੀ ਹਨ, ਮੁੱਖ ਮੰਤਰੀ ਦੇ ਦੋ ਵਿਸ਼ੇਸ਼ ਪ੍ਰਮੁੱਖ ਸਕੱਤਰ ਕੇæਜੇæਐਸ ਚੀਮਾ ਤੇ ਗੁਰਕੀਰਤ ਕਿਰਪਾਲ ਵੀ ਇਸੇ ਸੂਚੀ ਵਿਚ ਸ਼ਾਮਲ ਹਨ। ਪੰਜਾਬ ਸਰਕਾਰ ਨੇ 4 ਅਫਸਰਾਂ ਨੂੰ ਤਾਂ ਇਕ ਤਰ੍ਹਾਂ ਨਾਲ ਕੋਈ ਕੰਮ ਹੀ ਨਹੀਂ ਦਿੱਤਾ। ਸੀਨੀਅਰ ਆਈæਏæਐਸ ਹਿਮੰਤ ਸਿੰਘ ਮਹਿਲਾ ਕਮਿਸ਼ਨ ਦੇ ਸਕੱਤਰ, ਸੀæਐਸ ਸ੍ਰੀਵਾਸਤਵਾ ਨੂੰ ਪ੍ਰਮੁੱਖ ਸਕੱਤਰ ਲੋਕ ਪਾਲ, ਸੁਜਾਤਾ ਦਾਸ ਨੂੰ ਟ੍ਰਿਬਿਊਨਲ ਦੀ ਮੁਖੀ ਤੇ ਬੀæ ਸਰਕਾਰ ਕੋਲ ਵੀ ਕੋਈ ਖਾਸ ਕੰਮ ਨਹੀਂ ਹੈ। ਕਿਰਪਾ ਸ਼ੰਕਰ ਸਿਰੋਜ ਕਈ ਸਾਲਾਂ ਤੋਂ ਮੈਗਸੀਪਾ ਵਿਚ ਤਾਇਨਾਤ ਹਨ। ਜਿਨ੍ਹਾਂ ਅਫਸਰਾਂ ਕੋਲ ਬਹੁਤ ਘੱਟ ਕੰਮ ਮੰਨਿਆ ਜਾਂਦਾ ਹੈ ਉਨ੍ਹਾਂ ਵਿਚ ਆਈæਏæਐਸ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਸਰਵੇਸ਼ ਕੌਸ਼ਲ ਨੂੰ ਪ੍ਰਮੁੱਖ ਸਕੱਤਰ ਸੁਤੰਤਰਤਾ ਸੰਗਰਾਮੀਏ, ਵਿਸ਼ਵਾਜੀਤ ਖੰਨਾ ਨੂੰ ਸਾਬਕਾ ਸੈਨਿਕਾਂ ਦੀ ਭਲਾਈ ਵਿਭਾਗ, ਟੀæਆਰæ ਸਾਰੰਗਲ ਨੂੰ ਚੋਣਾਂ, ਆਰæਸੀ ਨਈਅਰ ਨੂੰ ਪੈਨਸ਼ਨ ਤੇ ਸ਼ਿਕਾਇਤ ਨਿਵਾਰਨ, ਰੌਸ਼ਨ ਸੰਕਾਰੀਆ ਨੂੰ ਸੰਸਦੀ ਮਾਮਲੇ ਵਿਭਾਗ ਦਿੱਤਾ ਹੋਇਆ ਹੈ। ਵਿਜੇ ਕੁਮਾਰ ਜੰਜੂਆ ਤੇ ਡਾæ ਅਰਵਿੰਦਰ ਸਿੰਘ ਵੀ ਇਸ ਤਰ੍ਹਾਂ ਦੇ ਵਿਭਾਗਾਂ ਵਿਚ ਹੀ ਲੱਗੇ ਹੋਏ ਹਨ। ਖੁੱਡੇ ਲਾਈਨ ਲੱਗੇ ਅਫਸਰਾਂ ਵਿਚੋਂ ਬਹੁਤ ਘੱਟ ਹੀ ਆਪਣੇ ਦਫ਼ਤਰਾਂ ਵਿਚ ਦੇਖੇ ਜਾਂਦੇ ਹਨ। ਜਿਹੜੇ ਅਫਸਰ ਆਉਂਦੇ ਵੀ ਹਨ ਉਹ ਸਕੱਤਰੇਤ ਦੀ ਮੁਫ਼ਤ ਦੀ ਚਾਹ ਤੇ ਸਮੋਸਿਆਂ ਦਾ ਆਨੰਦ ਜ਼ਿਆਦਾ ਲੈਂਦੇ ਹਨ।
Leave a Reply