ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਦੀ ਹੋਈ ਬੈਠਕ ‘ਚ ਪਟਿਆਲਾ ਵਿਖੇ ਪੰਜਾਬ ਸਪੋਰਟਸ ਯੂਨੀਵਰਸਿਟੀ ਦੀ ਸਥਾਪਤੀ ਨੂੰ ਪ੍ਰਵਾਨਗੀ ਦਿੰਦਿਆਂ ਪੰਜਾਬ ਸਪੋਰਟਸ ਯੂਨੀਵਰਸਿਟੀ ਆਰਡੀਨੈਂਸ 2019 ਨੂੰ ਮਨਜ਼ੂਰ ਕਰਕੇ ਯੂਨੀਵਰਸਿਟੀ ਦੀ ਸਥਾਪਨਾ ਲਈ ਰਾਹ ਪੱਧਰਾ ਕਰ ਦਿੱਤਾ। ਆਰਡੀਨੈਂਸ ਜਾਰੀ ਹੋਣ ਨਾਲ ਹੁਣ ਯੂਨੀਵਰਸਿਟੀ ਦੀ ਸਥਾਪਨਾ ਦੇ ਨਾਲ-ਨਾਲ ਯੂਨੀਵਰਸਿਟੀ ਦੇ ਚਾਂਸਲਰ ਅਤੇ ਦੂਜੇ ਵਿਭਾਗ ਆਦਿ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਮੰਤਰੀ ਮੰਡਲ ਵਲੋਂ ਮੋਹਾਲੀ ਵਿਖੇ ਮੈਡੀਕਲ ਕਾਲਜ ਦੀ ਸਥਾਪਨਾ ਲਈ 994 ਅਸਾਮੀਆਂ ਸਿਰਜਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਉਕਤ ਕਾਲਜ ਲਈ 23 ਏਕੜ ਜ਼ਮੀਨ ਪ੍ਰਾਪਤ ਕਰ ਲਈ ਗਈ ਹੈ ਅਤੇ ਇਸ ਕਾਲਜ ‘ਚ 100 ਐਮ.ਬੀ.ਬੀ.ਐਸ਼ ਦੀਆਂ ਸੀਟਾਂ ਰੱਖੀਆਂ ਜਾਣਗੀਆਂ।
ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਕਤ ਅਸਾਮੀਆਂ ਸਿਰਜਣ ਨਾਲ ਪਹਿਲੇ ਸਾਲ 25 ਕਰੋੜ ਅਤੇ 5ਵੇਂ ਸਾਲ ਤੱਕ 41 ਕਰੋੜ ਦਾ ਖਜਾਨੇ ‘ਤੇ ਵਾਧੂ ਬੋਝ ਪਵੇਗਾ ਅਤੇ ਇਸ ਕਾਲਜ ਲਈ ਕੇਂਦਰ ਵਲੋਂ 60 ਫੀਸਦੀ ਅਤੇ ਸੂਬਾ ਸਰਕਾਰ ਵਲੋਂ 40 ਫੀਸਦੀ ਗ੍ਰਾਂਟ ਦਿੱਤੀ ਜਾਵੇਗੀ, ਜਦੋਂਕਿ ਪ੍ਰੋਜੈਕਟ ‘ਤੇ ਕੁੱਲ ਖਰਚਾ 189 ਕਰੋੜ ਦਾ ਹੋਵੇਗਾ ਅਤੇ ਭਾਰਤ ਸਰਕਾਰ ਵਲੋਂ ਆਪਣੇ ਹਿੱਸੇ ‘ਚੋਂ 102 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਮੰਤਰੀ ਮੰਡਲ ਵਲੋਂ ਪ੍ਰਾਈਵੇਟ ਮੈਡੀਕਲ ਸੰਸਥਾਵਾਂ ਦੇ ਫੀਸ ਢਾਂਚੇ ਅਤੇ ਦੂਜੀਆਂ ਸਮੱਸਿਆਵਾਂ ਨੂੰ ਘੋਖਣ ਲਈ ਬ੍ਰਹਮ ਮਹਿੰਦਰਾ, ਮਨਪ੍ਰੀਤ ਸਿੰਘ ਬਾਦਲ ਅਤੇ ਚਰਨਜੀਤ ਸਿੰਘ ਚੰਨੀ ‘ਤੇ ਅਧਾਰਿਤ 3 ਮੈਂਬਰੀ ਕਮੇਟੀ ਦੇ ਗਠਨ ਦਾ ਫੈਸਲਾ ਕੀਤਾ ਗਿਆ। ਉਕਤ ਕਮੇਟੀ ਰਾਜ ਦੀਆਂ ਨਿੱਜੀ ਖੇਤਰ ਦੀਆਂ ਮੈਡੀਕਲ ਸੰਸਥਾਵਾਂ ਦੇ ਫੀਸ ਢਾਂਚੇ ਨੂੰ ਤਰਕਸੰਗਤ ਕਰਨ ਅਤੇ ਇਨ੍ਹਾਂ ਸੰਸਥਾਵਾਂ ਦੇ ਕੰਮ ਕਾਜ ਵਿਚ ਸੁਧਾਰ ਲਿਆਉਣ ਲਈ ਸੁਝਾਅ ਦੇਵੇਗੀ। ਮੰਤਰੀ ਮੰਡਲ ਵਲੋਂ ਪੰਜਾਬ ਦੇ ਹੁਨਰ ਵਿਕਾਸ ਮਿਸ਼ਨ ਦਾ ਰਾਜ ਦੇ ਰੁਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ‘ਚ ਰਲੇਵਾਂ ਕਰਨ ਸਬੰਧੀ ਤਜਵੀਜ਼ ਨੂੰ ਵੀ ਪ੍ਰਵਾਨਗੀ ਦਿੱਤੀ।
ਮੁੱਖ ਮੰਤਰੀ ਵੱਲੋਂ ਰਾਜ ‘ਚ ਰੁਜ਼ਗਾਰ ਉਤਪਤੀ ਅਤੇ ਰੁਜ਼ਗਾਰ ‘ਚ ਸਿਖਲਾਈ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਵਿਭਾਗ ਨੂੰ ਮਜ਼ਬੂਤ ਕੀਤੇ ਜਾਣ ‘ਤੇ ਜ਼ੋਰ ਦਿੱਤਾ ਗਿਆ ਤਾਂ ਜੋ ਘਰ-ਘਰ ਰੁਜ਼ਗਾਰ ਮਿਸ਼ਨ ਦੇ ਪ੍ਰੋਗਰਾਮ ਨੂੰ ਪੂਰੀ ਕਾਮਯਾਬੀ ਮਿਲ ਸਕੇ। ਮੰਤਰੀ ਮੰਡਲ ਨੇ ਰਾਜ ਵਿਚ ਵਿਕਾਸ ਦੀ ਰਫਤਾਰ ਨੂੰ ਤੇਜ ਕਰਨ ਅਤੇ ਮੁਲਾਜ਼ਮਾਂ ਦੀ ਅਖੰਡਤਾ ਅਤੇ ਕਾਰਗੁਜ਼ਾਰੀ ਸਬੰਧੀ ਮਾਪਦੰਡ ਨਿਰਧਾਰਤ ਕਰਨ ਦਾ ਵੀ ਫੈਸਲਾ ਲਿਆ। ਇਹ ਵੀ ਫੈਸਲਾ ਲਿਆ ਕਿ ਵੱਖ-ਵੱਖ ਵਿਭਾਗ ਮਿਥੇ ਟੀਚਿਆਂ ਅਨੁਸਾਰ ਕੰਮ ਕਰਨਗੇ ਅਤੇ ਵਿਕਾਸ ਦੇ ਟੀਚਿਆਂ ਲਈ 4 ਸਾਲਾ ਰਾਜਨੀਤਕ ਕਾਰਜ ਯੋਜਨਾ ਨਿਰਧਾਰਤ ਹੋਵੇਗੀ।