ਕੋਟਕਪੂਰਾ ਕਾਂਡ: ਪੰਜ ਪੁਲਿਸ ਅਫਸਰਾਂ ਖਿਲਾਫ ਕੇਸ ਚਲਾਉਣ ਲਈ ਹਰੀ ਝੰਡੀ

ਫਰੀਦਕੋਟ: ਕੋਟਕਪੂਰਾ ਗੋਲੀ ਕਾਂਡ ਵਿਚ ਜਾਂਚ ਟੀਮ ਵੱਲੋਂ ਦੋਸ਼ੀਆਂ ਵਜੋਂ ਨਾਮਜ਼ਦ ਕੀਤੇ ਗਏ ਪੰਜ ਪੁਲਿਸ ਅਧਿਕਾਰੀਆਂ ਖਿਲਾਫ ਪੰਜਾਬ ਦੇ ਗ੍ਰਹਿ ਵਿਭਾਗ ਨੇ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਨਿਯਮਾਂ ਮੁਤਾਬਕ ਸਰਕਾਰੀ ਅਧਿਕਾਰੀਆਂ ਖਿਲਾਫ ਮੁਕੱਦਮਾ ਚਲਾਉਣ ਤੋਂ ਪਹਿਲਾਂ ਸਬੰਧਤ ਵਿਭਾਗ ਦੀ ਮਨਜ਼ੂਰੀ ਲਾਜ਼ਮੀ ਸੀ ਅਤੇ ਗ੍ਰਹਿ ਵਿਭਾਗ ਨੇ ਇਕ ਦਿਨ ਪਹਿਲਾਂ ਹੀ ਵਿਸ਼ੇਸ਼ ਜਾਂਚ ਟੀਮ ਨੂੰ ਇਹ ਮਨਜ਼ੂਰੀ ਦੇ ਦਿੱਤੀ ਸੀ।

ਜਾਂਚ ਟੀਮ ਨੇ ਗ੍ਰਹਿ ਵਿਭਾਗ ਦਾ ਹੁਕਮ ਅਦਾਲਤ ਨੂੰ ਸੌਂਪ ਦਿੱਤਾ। ਗ੍ਰਹਿ ਵਿਭਾਗ ਨੇ ਪੰਜਾਬ ਦੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐਸ਼ਐਸ਼ਪੀ. ਚਰਨਜੀਤ ਸ਼ਰਮਾ, ਐਸ਼ਪੀ. ਪਰਮਜੀਤ ਸਿੰਘ ਪੰਨੂ, ਐਸ਼ਪੀ. ਬਲਜੀਤ ਸਿੰਘ ਸਿੱਧੂ ਅਤੇ ਐਸ਼ਐਚ.ਓ. ਗੁਰਦੀਪ ਸਿੰਘ ਪੰਧੇਰ ਖਿਲਾਫ ਮੁਕੱਦਮਾ ਚਲਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਜਾਂਚ ਟੀਮ ਨੇ ਇਹ ਮਨਜ਼ੂਰੀ ਡੀ.ਜੀ.ਪੀ. ਦਫਤਰ ਰਾਹੀਂ ਗ੍ਰਹਿ ਵਿਭਾਗ ਤੋਂ ਹਾਸਲ ਕੀਤੀ ਹੈ। ਮਨਜ਼ੂਰੀ ਪੱਤਰ ਵਿਚ ਲਿਖਿਆ ਹੈ ਕਿ ਜਾਂਚ ਟੀਮ ਵੱਲੋਂ ਹੁਣ ਤੱਕ ਕੀਤੀ ਗਈ ਪੜਤਾਲ ਤੋਂ ਗ੍ਰਹਿ ਵਿਭਾਗ ਇਸ ਗੱਲੋਂ ਸੰਤੁਸ਼ਟ ਹੈ ਕਿ ਉਕਤ ਪੁਲਿਸ ਅਫਸਰਾਂ ਖਿਲਾਫ ਮੁਕੱਦਮਾ ਚਲਾਉਣ ਲਈ ਜਾਂਚ ਟੀਮ ਨੇ ਲੋੜੀਂਦੇ ਸਬੂਤ ਤੇ ਗਵਾਹ ਰਿਕਾਰਡ ‘ਤੇ ਲਿਆਂਦੇ ਹਨ।
ਇਸ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ ਵੱਲੋਂ ਦੋਸ਼ੀ ਨਾਮਜ਼ਦ ਕੀਤੇ ਗਏ ਐਸ਼ਪੀ. ਪਰਮਜੀਤ ਸਿੰਘ ਪੰਨੂ ਨੂੰ ਸਥਾਨਕ ਸੈਸ਼ਨ ਜੱਜ ਹਰਪਾਲ ਸਿੰਘ ਨੇ ਪੇਸ਼ਗੀ ਜ਼ਮਾਨਤ ਦੇਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਇਸ ਮਾਮਲੇ ਵਿਚ ਸਿਟੀ ਕੋਟਕਪੂਰਾ ਦੇ ਸਾਬਕਾ ਐਸ਼ਐਚ.ਓ ਗੁਰਦੀਪ ਸਿੰਘ ਪੰਧੇਰ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਜਦੋਂ ਕਿ ਕੋਟਕਪੂਰਾ ਦੇ ਸਾਬਕਾ ਡੀ.ਐਸ਼ਪੀ. ਬਲਜੀਤ ਸਿੰਘ ਸਿੱਧੂ ਦੀ ਜ਼ਮਾਨਤ ‘ਤੇ ਸੁਣਵਾਈ 10 ਜੂਨ ਤੱਕ ਮੁਲਤਵੀ ਕਰ ਦਿੱਤੀ। ਜਾਂਚ ਟੀਮ ਵੱਲੋਂ ਚਲਾਨ ਪੇਸ਼ ਕਰਨ ਤੋਂ ਬਾਅਦ ਸਾਬਕਾ ਐਸ਼ਐਸ਼ਪੀ. ਚਰਨਜੀਤ ਸ਼ਰਮਾ ਇਲਾਕਾ ਮੈਜਿਸਟਰੇਟ ਏਕਤਾ ਉੱਪਲ ਦੀ ਅਦਾਲਤ ਵਿਚ ਪੇਸ਼ ਹੋਏ।
____________________________________
ਸਿੱਖ ਕਤਲੇਆਮ: 12 ਦੋਸ਼ੀਆਂ ਵਿਰੁੱਧ ਦੋਸ਼ ਤੈਅ
ਨਵੀਂ ਦਿੱਲੀ: 1984 ਦੇ ਸਿੱਖ ਕਤਲੇਆਮ ਵਿਚ ਪਰਿਵਾਰ ਦੇ ਸੱਤ ਜੀਅ ਗੁਆ ਚੁੱਕੇ ਸਰਦੂਲ ਸਿੰਘ ਨੂੰ ਉਦੋਂ ਨਿਆਂ ਮਿਲਣ ਦੀ ਆਸ ਬੱਝੀ ਹੈ ਜਦੋਂ ਕੜਕੜਡੂਮਾ ਅਦਾਲਤ ਨੇ 12 ਦੋਸ਼ੀਆਂ ਖਿਲਾਫ ਦੋਸ਼ ਤੈਅ ਕੀਤੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਜੱਜ ਜਗਦੀਸ਼ ਕੁਮਾਰ ਦੀ ਕੜਕੜਡੂਮਾ ਅਦਾਲਤ ਵੱਲੋਂ 1984 ਦੇ ਸਿੱਖ ਕਤਲੇਆਮ ਦੌਰਾਨ ਪਰਿਵਾਰ ਦੇ ਸੱਤ ਜੀਆਂ ਦੇ ਕਤਲ ਦੇ ਦੋਸ਼ ਹੇਠ 12 ਜਣਿਆਂ ਖਿਲਾਫ ਦੋਸ਼ ਤੈਅ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਨਾਲ ਪਰਿਵਾਰ ਦੇ ਇਕੋ-ਇਕ ਬਚੇ ਮੈਂਬਰ ਸਰਦੂਲ ਸਿੰਘ ਨੂੰ 35 ਸਾਲਾਂ ਬਾਅਦ ਇਨਸਾਫ ਮਿਲਣ ਦੀ ਆਸ ਬੱਝੀ ਹੈ।
ਕੇਸ ਦਾ ਵੇਰਵਾ ਦਿੰਦਿਆਂ ਸ੍ਰੀ ਕਾਹਲੋਂ ਨੇ ਦੱਸਿਆ ਕਿ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 1984 ਵਿਚ ਦਿੱਲੀ ‘ਚ ਹੋਏ ਸਿੱਖ ਕਤਲੇਆਮ ਦੌਰਾਨ ਯਮੁਨਾਪਾਰ ਛੱਜੂ ਕਲੋਨੀ ਦੇ ਬਾਬਰਪੁਰ, ਸ਼ਾਹਦਰਾ ਇਲਾਕੇ ਵਿਚ ਸਰਦੂਲ ਸਿੰਘ ਦੇ ਪਰਿਵਾਰ ਦੇ ਸੱਤ ਜੀਆਂ, ਜਿਨ੍ਹਾਂ ਵਿਚ ਉਸ ਦੇ ਮਾਪੇ, ਭਰਾ ਅਤੇ ਚਾਰ ਭੈਣਾਂ ਸ਼ਾਮਲ ਸਨ, ਨੂੰ ਮਿੱਟੀ ਦਾ ਤੇਲ ਪਾ ਕੇ ਜਿਊਂਦਾ ਸਾੜ ਦਿੱਤਾ ਗਿਆ ਸੀ। ਇਸ ਘਟਨਾ ਦੌਰਾਨ ਸਰਦੂਲ ਸਿੰਘ ਨੇ ਭੱਜ ਕੇ ਪੁਰਾਣੀ ਇਮਾਰਤ ਵਿਚ ਲੁਕ ਕੇ ਆਪਣੀ ਜਾਨ ਬਚਾਈ ਸੀ। ਉਨ੍ਹਾਂ ਦੱਸਿਆ ਕਿ ਸਰਦੂਲ ਸਿੰਘ 12 ਨਵੰਬਰ 1984 ਨੂੰ ਥਾਣਾ ਸ਼ਾਹਦਰਾ ਵਿਚ ਸ਼ਿਕਾਇਤ ਦਰਜ ਕਰਵਾਉਣ ਲਈ ਗਿਆ ਸੀ ਪਰ ਉਥੋਂ ਦੇ ਐੱਸ਼ਆਈ. ਤੁਲਸੀ ਰਾਮ ਨੇ ਕਥਿਤ ਦੋਸ਼ੀਆਂ ਵਰਿੰਦਰ ਸਿੰਘ ਅਤੇ ਹੋਰਾਂ ਨੂੰ ਥਾਣੇ ਬੁਲਾਇਆ ਤਾਂ ਵਰਿੰਦਰ ਕੋਲ ਹਥਿਆਰ ਸੀ। ਮੁਲਜ਼ਮਾਂ ਨੇ ਐਸ਼ਆਈ. ਨਾਲ ਮਿਲ ਕੇ ਸਰਦੂਲ ਸਿੰਘ ਨੂੰ ਧਮਕਾ ਕੇ ਦਸਤਖਤ ਕਰਵਾ ਲਏ ਸਨ ਕਿ ਉਸ ਦੀ ਕੋਈ ਸ਼ਿਕਾਇਤ ਨਹੀਂ ਹੈ।
ਇਸ ਤੋਂ ਬਾਅਦ 19 ਸਤੰਬਰ 1985 ਵਿਚ ਸਰਦੂਲ ਸਿੰਘ ਨੇ ਜਸਟਿਸ ਰੰਗਾਨਾਥ ਕਮਿਸ਼ਨ ਕੋਲ ਆਪਣਾ ਹਲਫੀਆ ਬਿਆਨ ਦਿੱਤਾ ਸੀ, ਜਿਸ ਤਹਿਤ ਕਮਿਸ਼ਨ ਦੀ ਸਿਫਾਰਸ਼ ‘ਤੇ 1991 ਵਿਚ 12 ਕਥਿਤ ਦੋਸ਼ੀਆਂ ਵਿਰੁੱਧ ਐਫ਼ਆਈ.ਆਰ. ਦਰਜ ਹੋਈ ਸੀ। ਇਸ ਦੇ ਬਾਵਜੂਦ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਕੀਤੀ ਗਈ ਸੀ। ਇਥੋਂ ਤੱਕ ਕਿ ਪੁਲਿਸ ਨੇ ਚਲਾਨ ਵੀ ਪੇਸ਼ ਨਹੀਂ ਕੀਤਾ ਸੀ। ਸ੍ਰੀ ਕਾਹਲੋਂ ਨੇ ਦੱਸਿਆ ਕਿ 2015 ਵਿਚ ਕੇਂਦਰ ਸਰਕਾਰ ਵੱਲੋਂ ਬਣਾਈ ਐਸ਼ਆਈ.ਟੀ. ਨੇ ਜਾਂਚ ਦੌਰਾਨ ਇਨ੍ਹਾਂ ਕਾਤਲਾਂ ਵਿਰੁੱਧ ਚਲਾਨ ਪੇਸ਼ ਕਰਵਾ ਕੇ ਕਾਰਵਾਈ ਵਿਚ ਤੇਜ਼ੀ ਲਿਆਂਦੀ, ਜਿਸ ਕਾਰਨ ਦੋਸ਼ੀਆਂ ਵਿਰੁਧ ਦੋਸ਼ ਤੈਅ ਹੋਏ ਹਨ ਅਤੇ 35 ਸਾਲਾਂ ਬਾਅਦ ਨਿਆਂ ਮਿਲਣ ਦੀ ਆਸ ਬੱਝੀ ਹੈ। ਕੇਸ ਦੀ ਅਗਲੀ ਸੁਣਵਾਈ 29, 30 ਅਤੇ 31 ਅਗਸਤ ਨੂੰ ਹੋਵੇਗੀ।