ਪੁਸ਼ਪ ਪ੍ਰੇਮੀ ਵੀ ਰਹੇ ਹਨ ਪੰਜਾਬੀ ਲੋਕ

ਡਾ. ਆਸਾ ਸਿੰਘ ਘੁੰਮਣ
ਨਡਾਲਾ (ਕਪੂਰਥਲਾ)
ਫੋਨ: 91-97798-53245
ਕਿਸੇ ਕੌਮ ਦਾ ਬੁਨਿਆਦੀ ਸੁਭਾਅ ਉਸ ਦੇ ਵਸੇਬੇ ਵਾਲੇ ਖਿੱਤੇ ਦੇ ਭੁਗੋਲਿਕ, ਰਾਜਨੀਤਕ ਅਤੇ ਵਾਤਾਵਰਣਕ ਹਾਲਾਤ ਦੀ ਉਪਜ ਹੁੰਦਾ ਹੈ। ਇਨ੍ਹਾਂ ਹਾਲਾਤ ਦੇ ਪ੍ਰਭਾਵ ਸਦਕਾ ਉਸ ਵਿਸ਼ੇਸ਼ ਖਿੱਤੇ ਵਿਚ ਰਹਿਣ ਵਾਲੇ ਲੋਕਾਂ ਵਿਚ ਕੁਝ ਖਾਸ ਰੰਗਤ ਦੇ ਗੁਣ ਏਨੇ ਭਾਰੂ ਹੋ ਜਾਂਦੇ ਹਨ ਕਿ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਤੋਂ ਅਜਿਹੇ ਸੁਭਾਅ ਦੀ ਉਮੀਦ ਸਹਿਜ ਭਾ ਹੀ ਕਰਨ ਲੱਗਦੀਆਂ ਹਨ। ਕਿਸੇ ਜੱਟ ਦਾ ਤੰਗ ਦਿਲ ਹੋਣਾ ਜਾਂ ਅੱਛਾ ਮਹਿਮਾਨ ਨਿਵਾਜ਼ ਨਾ ਹੋਣਾ; ਕਿਸੇ ਸਿੰਘ-ਖਾਲਸੇ ਦਾ ਡਰਪੋਕ ਹੋਣਾ; ਕਿਸੇ ਪੇਂਡੂ ਪੰਜਾਬੀ ਦਾ ਬੇ-ਅਣਖਾ ਹੋਣਾ ਬੜੀ ਮਿਹਣੇ ਵਾਲੀ ਅਤੇ ਅਲੋਕਾਰੀ ਗੱਲ ਮੰਨੀ ਜਾਵੇਗੀ।

ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਰਹੀਆਂ ਹਨ। ਉਨ੍ਹਾਂ ਦਾ ਕਾਰੋਬਾਰ ਵੀ ਮੁੱਖ ਤੌਰ ‘ਤੇ ਖੇਤੀ ਬਾੜੀ ਰਿਹਾ ਹੈ, ਜਿਸ ਨੂੰ ਕਾਮਯਾਬੀ ਨਾਲ ਨਿਭਾਉਣ ਲਈ ਸਰੀਰਕ ਬਹੁ-ਬਲ ਦੀ ਲੋੜ ਹੁੰਦੀ ਹੈ। ਬਤੌਰ ਕਿਸਾਨ ਅਤੇ ਜਵਾਨ ਪੂਰਾ ਨਿਭਣ ਲਈ ਵੱਖਰੀ ਕਿਸਮ ਦੀ ਸੂਰਬੀਰਤਾ ਦੀ ਲੋੜ ਹੁੰਦੀ ਹੈ। ਸਤਾਰ੍ਹਵੀਂ ਸਦੀ ਵਿਚ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀਆਂ ਨੂੰ ਬਾਹਰੀ ਧਾੜਵੀਆਂ ਦਾ ਹਿੱਕ ਤਾਣ ਕੇ ਮੁਕਾਬਲਾ ਕਰਨ ਹਿੱਤ ਉਨ੍ਹਾਂ ਨੂੰ ਸ਼ਸਤਰਧਾਰੀ ਬਣਾ ਦਿੱਤਾ ਤਾਂ ਜ਼ਾਹਰਾ ਤੌਰ ‘ਤੇ ਇਹ ਗੱਲ ਸਾਹਮਣੇ ਆਉਣ ਲੱਗੀ ਕਿ ਪੰਜਾਬੀ ਇੱਕ ਮਾਰਸ਼ਲ ਕੌਮ ਹਨ। ਇਨ੍ਹਾਂ ਦਾ ਧਰਮ ਵੀ ਅਤੇ ਕਾਰੋਬਾਰ ਵੀ ਕਰੜੀਆਂ ਭਾਵਨਾਵਾਂ ਨਾਲ ਸਬੰਧਿਤ ਹੈ।
ਇਸ ਕਰਕੇ ਇਹ ਸਮਝਿਆ ਜਾਣ ਲੱਗਾ ਕਿ ਜਿਵੇਂ ਇਨ੍ਹਾਂ ਦਾ ਬਾਰੀਕੀ ਅਤੇ ਸੂਖਮਤਾ ਨਾਲ ਕੋਈ ਵਾਹ-ਵਾਸਤਾ ਨਹੀਂ। ਸਗੋਂ ਅਸਲੀਅਤ ਤਾਂ ਇਹ ਹੈ ਕਿ ਇਸ ਕੌਮ ਦੀ ਮਾਨਸਿਕਤਾ ਵਿਚ ਵੀ ਸੂਖਮਤਾ ਅਤੇ ਸੁਹਜ ਵਿਛਿਆ ਪਿਆ ਹੈ। ਜੇ ਲੋਕ-ਸਾਹਿਤ ਜਾਂ ਦੂਸਰੇ ਸਾਹਿਤ ਨੂੰ ਮਾਨਸਿਕ ਦਰਪਣ ਮੰਨ ਲਈਏ ਤਾਂ ਇਹ ਗੱਲ ਭਲੀ-ਭਾਂਤ ਸਥਾਪਤ ਹੋ ਜਾਂਦੀ ਹੈ।
ਪੰਜਾਬੀ ਲੋਕ-ਗੀਤਾਂ ਤੋਂ ਸਾਫ ਜਾਹਰ ਹੈ ਕਿ ਪੰਜਾਬੀਆਂ, ਖਾਸ ਕਰ ਪੰਜਾਬਣਾਂ ਵਿਚ ਨਾਜ਼ੁਕਤਾ, ਸੂਖਮਤਾ, ਸੁਹਜ, ਕੋਮਲਤਾ ਅਤੇ ਜਵਾਨੀ ਦੇ ਪ੍ਰਤੀਕ ਫੁੱਲਾਂ ਪ੍ਰਤੀ ਅਥਾਹ ਮੋਹ-ਪਿਆਰ ਹੈ। ਇਹ ਸੱਚ ਹੈ ਕਿ ਪੰਜਾਬ ਫੁੱਲਾਂ ਦੀ ਧਰਤੀ ਨਹੀਂ ਸਗੋਂ ਇਹ ਤਾਂ ਹਰੀ ਭਰੀ ਬਨਸਪਤੀ ਦਾ ਜ਼ਰਖੇਜ਼ ਜ਼ਮੀਂ-ਟੋਟਾ ਹੈ। ਇਹ ਤਾਂ ਅਜੋਕੇ ਸਮਿਆਂ ਵਿਚ ਹੀ ਵਿਸ਼ਵੀਕਰਨ ਰਾਹੀਂ ਪੰਜਾਬ ਵਿਚ ਡੇਲੀਆ, ਗੁਲਦਾਊਦੀ, ਗਲੇਡੀਅਸ, ਟਿਊਲਿੱਪ, ਫਾਇਰ ਬਾਲ, ਪੇਂਜੀ ਆਦਿ ਦੇ ਵੱਡੇ ਫੁੱਲ ਸਾਡੇ ਵਿਹੜਿਆਂ ਤੇ ਬਗੀਚਿਆਂ ਦੇ ਸ਼ਿੰਗਾਰ ਬਣੇ ਹਨ।
ਪੰਜਾਬ ਦੀ ਧਰਤੀ ਨੂੰ ਜਿਹੜੇ ਰੁੱਖ ਮਿਲੇ ਹਨ, ਉਨ੍ਹਾਂ ਨੂੰ ਵੱਡ-ਅਕਾਰੀ ਫੁੱਲ ਨਹੀਂ ਲੱਗਦੇ; ਕਈਆਂ ਨੂੰ ਤਾਂ ਬਿਲਕੁਲ ਹੀ ਨਹੀਂ ਲੱਗਦੇ; ਜੋ ਲੱਗਦੇ ਵੀ ਹਨ, ਉਹ ਵੀ ਕੇਵਲ ਤੀਖਣ ਨੀਝ ਵਾਲਿਆਂ ਦੀ ਨਜ਼ਰੇ ਹੀ ਚੜ੍ਹਦੇ ਹਨ। ਰੁੱਖਾਂ ਤੋਂ ਬਿਨਾ ਸਾਲ ਭਰ ਪੈਦਾ ਕੀਤੀਆਂ ਜਾਂਦੀਆਂ ਫਸਲਾਂ ਵਿਚੋਂ ਕੁਝ ਫਸਲਾਂ ਹੀ ਫੁੱਲਾਂ ‘ਤੇ ਆਉਂਦੀਆਂ ਹਨ। ਕੁਦਰਤੀ ਪੈਦਾ ਹੁੰਦੀ ਬਨਸਪਤੀ ਦਾ ਵੀ ਇਹੀ ਹਿਸਾਬ ਹੁੰਦਾ ਹੈ। ਇਸ ਵਿਚ ਵੀ ਜੋ ਫੁੱਲ ਨਜ਼ਰੇ ਪੈਂਦੇ ਹਨ, ਛੁਟੇਰੇ ਅਕਾਰ ਦੇ ਹੀ ਮਿਲਦੇ ਹਨ। ਇਸ ਸਭ ਕਾਸੇ ਦੇ ਬਾਵਜੂਦ ਜੇ ਕਿਸੇ ਕੌਮ ਦੇ ਲੋਕ-ਗੀਤਾਂ ਵਿਚ ਫੁੱਲਾਂ ਦਾ ਖਾਸਾ ਜ਼ਿਕਰ ਆ ਜਾਵੇ ਤਾਂ ਮੰਨ ਲੈਣਾ ਚਾਹੀਦਾ ਹੈ ਕਿ ਉਸ ਕੌਮ ਦੇ ਮੁਢਲੇ ਸੁਭਾਅ ਵਿਚ ਕੁਦਰਤ ਦੇ ਸੁਹੱਪਣ ਨਾਲ ਪਿਆਰ ਹੈ, ਮੋਹ ਹੈ।
ਹੋਰ ਭਾਸ਼ਾਵਾਂ ਦੇ ਸਾਹਿਤ ਵਾਂਗ ਹੀ ਪੰਜਾਬੀ ਲੋਕ-ਗੀਤਾਂ ਵਿਚ ਵੀ ਫੁੱਲਾਂ ਨੂੰ ਕੋਮਲ ਭਾਵਨਾਵਾਂ ਅਤੇ ਥੋੜ-ਚਿਰੇ ਜੀਵਨ ਦਾ ਪ੍ਰਤੀਕ ਮੰਨਿਆ ਗਿਆ ਹੈ। ਜੇ ਅੰਗਰੇਜ਼ ਕਵੀ ਰੌਬਰਟ ਹੈਰਿਕ ਡੈਫੋਡਿੱਲ ਫੁੱਲਾਂ ਦੀ ਅਲਪ-ਜ਼ਿੰਦਗੀ ਬਾਰੇ ਅਫਸੋਸ ਕਰਦਾ ਹੈ ਤਾਂ ਪੰਜਾਬੀ ਲੋਕ-ਕਵੀ ਇਸ ਤੋਂ ਵੀ ਅੱਗੇ ਨਿਕਲ ਗਿਆ ਹੈ:
ਧਨ ਮਾਲ ਫੁੱਲਾਂ ਦੀਆਂ ਵਾੜੀਆਂ
ਸਦਾ ਨੀ ਆਬਾਦ ਰਹਿਣੀਆਂ।
ਪੰਜਾਬ ਵਿਚ ਰੁੱਤਾਂ ਦੇ ਚੱਕਰ ਵਿਚ ਗਰਮੀ, ਸਰਦੀ, ਬਸੰਤ, ਬਰਸਾਤ, ਪਤਝੜ ਦੇ ਮੌਸਮ ਆਉਂਦੇ ਹਨ, ਪਰ ਸਭ ਤੋਂ ਪਿਆਰੀ ਰੁੱਤ ਬਸੰਤ ਗਿਣੀ ਜਾਂਦੀ ਹੈ, ਜੋ ਫਲਗੁਣ (ਫੱਗਣ) ਵਿਚ ਵਿਦਮਾਨ ਹੁੰਦੀ ਹੈ। ਚੰਡੀਗੜ੍ਹ ਵਿਚ ਮਨਾਇਆ ਜਾਂਦਾ ਰੋਜ਼ ਫੈਸਟੀਵਲ ਤਾਂ ਅਜੋਕੇ ਸਮੇਂ ਦੀ ਗੱਲ ਹੈ, ਬਸੰਤ ਤਾਂ ਪੰਜਾਬ ਵਿਚ ਸਦੀਆਂ ਤੋਂ ਮਨਾਈ ਜਾਂਦੀ ਰਹੀ ਹੈ।
ਇਸ ਸਬੰਧੀ ਗੁਰੂ-ਕਵੀ ਸ੍ਰੀ ਗੁਰੁ ਨਾਨਕ ਦੇਵ ਜੀ ਵੀ ਕਹਿ ਉਠਦੇ ਹਨ:
ਚੇਤ ਬਸੰਤ ਭਲਾ ਭਵਰ ਸੁਹਾਵੜੇ॥
ਬਨ ਫੂਲੇ ਮੰਝ ਬਾਰਿ ਮੈ ਪਿਰ ਘਰਿ ਬਾਹੁੜੈ॥
ਖੇਤਾਂ ਵਿਚ ਖਿੜੇ ਫੁੱਲਾਂ ਬਾਰੇ ਪੰਜਾਬੀ ਲੋਕ ਗੀਤਾਂ ਵਿਚ ਵਿਸ਼ੇਸ਼ ਜ਼ਿਕਰ ਹੈ:
ਸਰ੍ਹੋਂ ਨੂੰ ਤਾਂ ਫੁੱਲ ਲੱਗ ਜਾਂਦੇ
ਛੋਲਿਆਂ ਨੂੰ ਪਏ ਪਟਾਕਾ।
ਸ਼ੌਂਕ ਨਾਲ ਜੱਟ ਗਿੱਧਾ ਪਾਉਂਦੇ
ਰੱਬ ਸਭਨਾਂ ਦਾ ਰਾਖਾ।
ਬਸੰਤੀ ਫੁੱਲਾ ਵੇ, ਆ ਕੇ ਦੇ ਜਾ ਝਾਕਾ।
ਪੰਜਾਬ ਵਿਚ ਬਾਗ ਲਾਉਣ ਦਾ ਰਿਵਾਜ ਵੀ ਬਹੁਤ ਪੁਰਾਣਾ ਰਿਹਾ ਹੈ। ਬਾਗ ਜਿੱਥੇ ਵੱਡੇ ਕਿਸਾਨ ਦੀ ਸਰਦਾਰੀ ਦਾ ਪ੍ਰਤੀਕ ਸੀ, ਉਥੇ ਬਾਗ ਗਰਮੀ ਵਿਚ ਛਾਂ ਦੇਣ ਦੀ ਵੱਡੀ ਸਹੂਲਤ ਬਣਦਾ ਸੀ ਅਤੇ ਵਾਤਾਵਰਣ ਦਾ ਸੰਤੁਲਨ ਕਾਇਮ ਰੱਖਣ ਵਿਚ ਵੱਡਾ ਯੋਗਦਾਨ ਪਾਉਂਦਾ ਸੀ। ਇਨ੍ਹਾਂ ਬਾਗਾਂ ਵਿਚ ਫਲ ਵਾਲੇ ਰੁੱਖ ਵੀ ਹੁੰਦੇ ਸਨ, ਪਰ ਯਕੀਨਨ ਫੁੱਲਾਂ ਦੇ ਬੂਟੇ ਵੀ ਹੁੰਦੇ ਸਨ। ਪੰਜਾਬਣ ਨੂੰ ਆਪਣੇ ਮਾਹੀ ਨਾਲੋਂ ਬਾਬਲ ਜਾਂ ਵੀਰੇ ਦੇ ਲੁਆਏ ਬਾਗ ਦਾ ਵਧੇਰੇ ਮਾਣ ਹੁੰਦਾ ਸੀ:
ਬਾਬਲ ਸਾਡੇ ਬਾਗ ਲੁਆਇਆ
ਵਿਚ ਚੰਬਾ ਤੇ ਮਰੂਆ
ਮਾਂ ਮੇਰੀ ਮਾਲਣ ਫੁੱਲ ਪਈ ਚੁਣਦੀ,
ਵੀਰ ਤਾਂ ਬੂਟਾ ਹਰਿਆ।
ਬਹਾਰ ਦਾ ਮੌਸਮ ਆਉਣ ਨਾਲ ਬਾਗ ਦਾ ਖੁਸ਼ੀਆਂ-ਖੇੜਿਆਂ ਭਰਿਆ ਮਾਹੌਲ ਵੇਖਣ ਲਾਇਕ ਹੁੰਦਾ ਸੀ। ਹਰੇ-ਹਰੇ ਪੱਤੇ ਤੇ ਫਿਰ ਉਨ੍ਹਾਂ ਪੱਤਿਆਂ ਵਿਚੋਂ ਨਿਕਲਦੇ ਰੰਗ-ਬਰੰਗੇ ਫੁੱਲ ਅਜਬ ਨਜ਼ਾਰਾ ਪੇਸ਼ ਕਰਦੇ ਸਨ। ਕੋਈ ਪੰਜਾਬਣ ਇਸ ਤੋਂ ਕਿਵੇਂ ਨਿਰਲੇਪ ਰਹਿ ਸਕਦੀ ਹੈ। ਭਾਵੇਂ ਪੰਜਾਬਣਾਂ ਵਿਚ ਜੂੜੇ ਜਾਂ ਵਾਲਾਂ ਵਿਚ ਫੁੱਲ ਸਜਾਉਣ ਦਾ ਰਿਵਾਜ ਨਹੀਂ ਰਿਹਾ, ਪਰ ਕਿਸੇ ਫੁੱਲ ਨੂੰ ਐਵੇਂ ਹੀ ਵਾਲਾਂ ਵਿਚ ਟੁੰਗਣ ਲਈ ਕਿਸੇ ਫੁੱਲਾਂ ਲੱਦੇ ਰੁੱਖ ਜਾਂ ਟਾਹਣੀ ਨਾਲ ਸੰਵਾਦ ਰਚਾ ਲੈਣ ਵਿਚ ਕੀ ਹਰਜ਼ ਹੈ?
ਹਰੀਏ ਹਰੀਏ ਡੇਕੇ ਨੀ ਫੁੱਲ ਦੇ ਦੇ,
ਅੱਜ ਮੈਂ ਜਾਣਾ ਪੇਕੇ ਨੀ ਫੁੱਲ ਦੇ ਦੇ।
ਦੁਨੀਆਂ ਦੀਆਂ ਹੋਰ ਕੌਮਾਂ ਵਾਂਗ ਪੰਜਾਬੀਆਂ ਵਿਚ ਫੁੱਲਾਂ ਦਾ ਸਬੰਧ ਸੇਜ ਨਾਲ ਵੀ ਰਿਹਾ ਹੈ। ਸ਼ਾਦੀ ਮੌਕੇ ਫੁੱਲਾਂ ਦੀ ਮਹਾਨਤਾ ਰਹੀ ਹੈ। ਇਸ ਮੌਕੇ ਫੁੱਲ ਵੀ ਅਜਿਹੇ ਚੁਣੇ ਜਾਂਦੇ ਹਨ, ਜੋ ਮਹਿਕਾਂ ਛੱਡਦੇ ਹੋਣ; ਮਾਹੌਲ ਨੂੰ ਵਿਸਮਾਦੀ ਕਰ ਦੇਣ ਅਤੇ ਕਿਸੇ ਨਿਵੇਕਲੇ ਆਲਮ ਵਿਚ ਲੈ ਜਾਣ। ਹੈਰਾਨੀ ਹੁੰਦੀ ਹੈ ਕਿ ਸਾਇੰਸ ਦੀ ਇੱਕ ਆਧੁਨਿਕ ਖੋਜ ਅਨੁਸਾਰ ਖੁਸ਼ਬੂ ਆਦਮੀ ਦੀ ਤੰਤਰ-ਪ੍ਰਣਾਲੀ ‘ਤੇ ਅਜਿਹਾ ਅਸਰ ਕਰਦੀ ਹੈ ਕਿ ਆਦਮੀ ਦੀ ਔਰਤ ਦੀ ਸੁੰਦਰਤਾ ਪਰਖਣ ਦੀ ਸ਼ਕਤੀ ਘੱਟ ਜਾਂਦੀ ਹੈ। ਖੈਰ! ਸਿਹਰੇ ਦੇ ਫੁੱਲ ਸਜਾਉਣ ਲਈ ਮਾਲਣ ਬੁਲਾਈ ਜਾਂਦੀ ਹੈ। ਸਿਹਰੇ ਲਈ ਆਮ ਤੌਰ ‘ਤੇ ਖੁਸ਼ਬੂ ਵੰਡਦੀਆਂ ਕਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਵਿਦੇਸ਼ੀ ਫੁੱਲ ਡੇਲੀਆ, ਗੁਲਸ਼ਰਫੀ, ਗੁਲਦੌਦੀ ਵਗੈਰਾ ਸਾਰੇ ਮਹਿਕ-ਰਹਿਤ ਫੁੱਲ ਹਨ, ਜਦੋਂ ਕਿ ਪਰੰਪਰਾਗਤ ਪੰਜਾਬੀ ਫੁੱਲ ਮਹਿਕਾਂ ਮੱਤੇ ਹਨ। ਪੁਰਾਤਨ ਸਮੇਂ ਤੋਂ ਹੀ ਪੰਜਾਬ ਵਿਚ ਬਰਾਤੀ ਗਲ ਵਿਚ ਹਾਰ ਪਾਉਂਦੇ ਰਹੇ ਹਨ:
ਚਲੋ ਭਰਾਵੋ ਜੰਜ ਚੜ੍ਹ ਚੱਲੀਏ
ਮੈਂ ਬੰਨ੍ਹ ਲਾਂ ਸ਼ਗਨਾਂ ਦੇ ਸਿਹਰੇ।
ਗਲ ‘ਚ ਪਾ ਲਓ ਹਾਰ ਭਰਾਵੋ
ਬਾਗਾਂ ‘ਚ ਫੁੱਲ ਬਥੇਰੇ।
ਵਾਰਸ ਸ਼ਾਹ ਦੀ ਹੀਰ ਵਿਚ ਵੀ ਖੇੜਿਆਂ ਦੀ ਬਰਾਤ ਵਿਚ ਵੀ ਅਜਿਹਾ ਹੀ ਜ਼ਿਕਰ ਹੈ:
ਕੇਸਰ ਭਿੰਨੜੇ ਪੱਗਾਂ ਦੇ ਪੇਚ ਬੱਧੇ,
ਵਿਚ ਕਲਗੀਆ ਜਗਾਂ ਲਗਾਇ ਕੇ ਜੀ।
ਸਿਹਰੇ ਫੁੱਲਾਂ ਦੇ ਤੁਰਿਆਂ ਨਾਲ ਲਟਕਣ
ਟਕੇ ਦਿੱਤੇ ਨੀ ਲੱਖ ਲੁਟਾਇਕੇ ਜੀ।
ਪਲੰਘੇ ਬੈਠਾ ਲਾੜਾ ਵੀ ਆਪਣੇ ਨਵੇਂ ਬਣੇ ਸੱਸ-ਸਹੁਰੇ ਦੀ ਤਸ਼ਬੀਹ ਫੁੱਲਾਂ ਨਾਲ ਹੀ ਕਰਦਾ ਹੈ:
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਬੂਟੀ
ਸਹੁਰਾ ਫੁੱਲ ਗੁਲਾਬ ਦਾ,
ਸੱਸ ਚੰਬੇ ਦੀ ਬੂਟੀ।
ਉਧਰੋਂ ਕਿਸੇ ਵਿਯੋਗੀ ਨੂੰ ਡੋਲੇ ਪੈ ਕੇ ਜਾਣ ਵਾਲੀ ਲਈ ਸੁੰਦਰਤਾ ਦੀ ਤਸ਼ਬੀਹ ਲਈ ਨਰਮੇ ਜਾਂ ਸਰੋਂ ਦੇ ਫੁੱਲ ਤੋਂ ਵੱਡੀ ਕੋਈ ਹੋਰ ਚੀਜ਼ ਨਹੀਂ ਲੱਭਦੀ:
ਹੀਰਿਆ ਹਰਨਾਂ ਬਾਗੀਂ ਚਰਨਾਂ
ਬਾਗੀਂ ਪੱਤਰ ਸਾਵੇ
ਸਰਸੋਂ (ਨਰਮੇ) ਦੇ ਫੁੱਲ ਵਰਗੀ
ਤੁਰ ਗਈ ਅੱਜ ਮੁਕਲਾਵੇ।
ਜਿੱਥੇ ਫੁੱਲ ਪਿਆਰ ਦਾ ਇਜ਼ਹਾਰ ਕਰਨ ਲਈ ਸਦੀਆਂ ਤੋਂ ਭਾਵਨਾਵਾਂ ਦਾ ਵਾਹਕ ਰਿਹਾ ਹੈ, ਉਥੇ ਮੰਦਿਰਾਂ-ਗੁਰਦੁਆਰਿਆਂ ਵਿਚ ਆਪਣੇ ਇਸ਼ਟ ਅੱਗੇ ਫੁੱਲ ਚੜ੍ਹਾਉਣ ਦਾ ਰਿਵਾਜ ਵੀ ਸਦੀਆਂ ਪੁਰਾਣਾ ਹੈ। ਹੋਰ ਤਾਂ ਹੋਰ ਮਰਨ ਉਪਰੰਤ ਵੀ ਵੱਡੇ ਲੋਕਾਂ ਨੂੰ ਆਖਰੀ ਸਲਾਮ ਦੇਣ ਮੌਕੇ ਪੁਸ਼ਪ-ਮਾਲਾ ਚੜ੍ਹਾਉਣ ਦਾ ਰਿਵਾਜ ਵੀ ਬਹੁਤ ਪੁਰਾਣਾ ਹੈ।