ਆਦਿ ਬੀੜ ਕਿਵੇਂ ਬਣੀ-ਕਿਸ਼ਤ ਪੰਜਵੀਂ ਅਤੇ ਆਖਰੀ

ਕਸ਼ਮੀਰਾ ਸਿੰਘ
ਫੋਨ: 801-414-0171
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਚਹੁੰਆਂ ਕਿਸ਼ਤਾਂ ਵਿਚ ਦਿੱਤੇ ਵਿਚਾਰਾਂ ਦਾ ਸਾਰ: ਗੁਰੂ ਨਾਨਕ ਦੇਵ ਜੀ ਨੇ ਆਪਣੀ ਅਤੇ ਭਗਤਾਂ ਦੀ ਬਾਣੀ ਉਤਾਰੇ ਕਰ ਕੇ ਆਪਣੇ ਕੋਲ ਰੱਖੀ। ਬਾਣੀ ਦਾ ਇਹ ਮਹਾਨ ਵਿਰਸਾ ਦੂਜੇ ਗੁਰੂ ਨੂੰ ਗੁਰਗੱਦੀ ਦੇਣ ਸਮੇਂ ਸੌਂਪ ਦਿੱਤਾ।

ਫਿਰ ਦੂਜੇ ਗੁਰੂ ਜੀ ਨੇ ਆਪਣੀ ਰਚੀ ਬਾਣੀ ਸਮੇਤ ਬਾਣੀ ਦਾ ਸਾਰਾ ਖਜਾਨਾ ਤੀਜੇ ਗੁਰੂ ਜੀ ਨੂੰ ਗੁਰਗੱਦੀ ਦੇਣ ਸਮੇਂ ਸੌਂਪ ਦਿੱਤਾ ਅਤੇ ਇਸੇ ਤਰ੍ਹਾਂ ਬਾਣੀ ਦਾ ਇਹ ਸਾਰਾ ਖਜਾਨਾ ਤੀਜੇ ਅਤੇ ਚੌਥੇ ਗੁਰੂ ਪਾਤਿਸ਼ਾਹਾਂ ਦੀ ਬਾਣੀ ਸਮੇਤ ਪੰਜਵੇਂ ਗੁਰੂ ਜੀ ਕੋਲ ਪਹੁੰਚ ਚੁਕਾ ਸੀ। ਪੰਚਮ ਪਾਤਿਸ਼ਾਹ ਕੋਲ ਉਨ੍ਹਾਂ ਦੀ ਆਪਣੀ ਰਚੀ ਬਾਣੀ ਸਮੇਤ 20 ਬਾਣੀਕਾਰਾਂ ਦੀ ਬਾਣੀ ਹੋ ਗਈ ਸੀ, ਜਿਸ ਵਿਚ ਆਪਣੇ ਸਮਕਾਲੀ 11 ਭੱਟਾਂ, ਸਮਕਾਲੀ ਰਬਾਬੀਆਂ ਸੱਤੇ ਤੇ ਬਲਵੰਡ ਅਤੇ ਤੀਜੇ ਗੁਰੂ ਜੀ ਦੇ ਪੜਪੋਤੇ ਭਾਈ ਸੁੰਦਰ ਦੀ ਬਾਣੀ ਸ਼ਾਮਲ ਕਰ ਕੇ 34 ਬਾਣੀਕਾਰਾਂ ਦੀ ਮਿੱਠੀ ਬਾਣੀ ਨਾਲ ‘ਆਦਿ ਬੀੜ’ ਜਾਂ ‘ਪੋਥੀ’ ਸਾਹਿਬ ਦਾ ਸੰਕਲਨ ਕੀਤਾ। (ਗੁਰੂ ਗ੍ਰੰਥ ਸਾਹਿਬ ਵਿਚ 35 ਬਾਣੀਕਾਰ ਹਨ, 36 ਨਹੀਂ। ਭਾਈ ਮਰਦਾਨਾ ਜੀ ਦੀ ਕੋਈ ਬਾਣੀ ਨਹੀਂ ਹੈ ਜਿਸ ਨੂੰ ਕਈਆਂ ਨੇ, ਗੁਰਬਾਣੀ ਵਿਚ ਵਰਤੇ ਮਰਦਾਨਾ ਨਾਂ ਤੋਂ ਟਪਲਾ ਖਾ ਕੇ, ਉਨ੍ਹਾਂ ਨੂੰ ਬਾਣੀਕਾਰ ਮੰਨ ਲਿਆ ਹੈ। ਜਿਵੇਂ ਭਾਈ ਲਾਲੋ ਜੀ ਦਾ ਨਾਂ ਵਰਤਿਆ ਹੈ, ਇਵੇਂ ਭਾਈ ਮਰਦਾਨਾ ਜੀ ਨੂੰ ਉਸ ਦਾ ਨਾਂ ਵਰਤ ਕੇ ਭਾਈ ਲਾਲੋ ਜੀ ਵਾਂਗ ਅਮਰ ਕਰ ਦਿੱਤਾ ਗਿਆ ਹੈ।)
ਪੰਜਵੇਂ ਗੁਰੂ ਜੀ ਵਲੋਂ ਬਾਣੀ ਦੀ ਪ੍ਰਾਪਤੀ ਲਈ ਸੁਨੇਹੇ ਭੇਜਣ ਦੀਆਂ, ਭਾਈ ਮੋਹਨ ਤੋਂ ਉਸ ਦੀਆਂ ਸਿਫਤਾਂ ਕਰ ਕੇ ਬਾਣੀ ਲੈਣ ਦੀਆਂ, ਫਰਜ਼ੀ ਨਾਂ ਭਾਈ ਬਖਤੇ ਵਲੋਂ ਬਹੁਤ ਭਾਰਾ ਪੋਥਾ ਲਿਆਉਣ ਦੀਆਂ, ਕਵੀਆਂ ਵਲੋਂ ਲਿਖੀਆਂ ਕਹਾਣੀਆਂ ਝੂਠੀਆਂ ਅਤੇ ਬਾਣੀ ਦੀ ਕੀਮਤ ਨੂੰ ਜ਼ੀਰੋ ਬਣਾਉਣ ਵਾਲੀਆਂ ਹਨ। ਸੱਚ ਅਤੇ ਝੂਠ ਦਾ ਨਿਤਾਰਾ ਗੁਰੂ ਗ੍ਰੰਥ ਸਾਹਿਬ ਵਿਚੋਂ ਪ੍ਰਮਾਣ ਦੇ ਕੇ ਕੀਤਾ ਗਿਆ ਹੈ।
ਇਸ ਕਿਸ਼ਤ ਵਿਚ ਵਿਚਾਰ ਕੀਤੀ ਜਾਵੇਗੀ ਕਿ ਆਦਿ ਬੀੜ ਦੀ ਜਿਲਦ ਕਿੱਥੇ ਬੰਨ੍ਹੀ ਗਈ ਸੀ?
(A) ‘ਗੁਰ ਬਿਲਾਸ ਪਾਤਿਸ਼ਾਹੀ ਛੇਵੀਂ’ ਦੇ ਲਿਖਾਰੀ ਦੀ ਸੋਚ: ਲਿਖਾਰੀ ਦੇ ਗੁਰਬਿਲਾਸ ਵਿਚ ਲਿਖੇ ਜਿਲਦ ਬੰਨ੍ਹਣ ਬਾਰੇ ਵਿਚਾਰਾਂ ਦਾ ਸਾਰ ਇਸ ਤਰ੍ਹਾਂ ਹੈ,
1. ਸਾਰੀ ਬਾਣੀ ਲਿਖੀ ਜਾਣ ‘ਤੇ ਭਾਈ ਬੰਨੋ ਨੂੰ ਗੁਰੂ ਜੀ ਨੇ ਲਾਹੌਰ ਜਾ ਕੇ ਜਿਲਦ ਬੰਨਾਉਣ ਲਈ ਆਗਿਆ ਦਿੱਤੀ।
2. ਭਾਈ ਬੰਨੋ ਨੇ ਮੰਗ ਕੀਤੀ ਕਿ ਇੱਕ ਰਾਤ ਆਦਿ ਬੀੜ ਦੇ ਦਰਸ਼ਨ ਮਾਂਗਟ ਦੀਆਂ ਸੰਗਤਾਂ ਨੂੰ ਕਰਵਾਉਣ ਲਈ ਉਥੇ ਬੀੜ ਲੈ ਜਾਣ ਦੀ ਆਗਿਆ ਵੀ ਦਿਓ ਅਤੇ ਆਗਿਆ ਮਿਲ ਗਈ।
3. ਭਾਈ ਬੰਨੋ ਦੇ ਮਨ ਵਿਚ ਖਿਆਲ ਆਇਆ ਕਿ ਮਾਂਗਟ ਰਹਿਣ ਦਾ ਇੱਕ ਦਿਨ ਦਾ ਇਕਰਾਰ ਮਿਲਿਆ ਹੈ, ਪਰ ਰਸਤੇ ਵਿਚ ਲਗਦੇ ਦਿਨਾਂ ਦਾ ਕੋਈ ਜ਼ਿਕਰ ਨਹੀਂ ਹੋਇਆ।
4. ਭਾਈ ਬੰਨੋ ਨੇ ਰਸਤੇ ਵਿਚ ਆਉਂਦਿਆਂ-ਜਾਂਦਿਆਂ ਬੀੜ ਦਾ ਇੱਕ ਉਤਾਰਾ ਕਰਨ ਲਈ ਲਿਖਾਰੀ ਨਾਲ ਲੈ ਲਏ ਅਤੇ ਪੰਜ-ਪੰਜ ਕੋਹ ‘ਤੇ ਪੜਾਅ ਕਰ ਕੇ ਬੀੜ ਦਾ ਉਤਾਰਾ ਕਰਵਾਉਂਦਾ ਰਿਹਾ।
5. ਮਾਂਗਟ ਤੋਂ ਵਾਪਸੀ ਸਮੇਂ ਲਾਹੌਰ ਤਕ ਉਤਾਰਾ ਮੁਕੰਮਲ ਕਰ ਲਿਆ।
6. ਭਾਈ ਬੰਨੋ ਨੇ ਲਾਹੌਰ ਤੋਂ ਦੋਹਾਂ ਬੀੜਾਂ ਦੀਆਂ ਜਿਲਦਾਂ ਬੰਨਵਾ ਲਈਆਂ ਅਤੇ ਵਾਪਸ ਅੰਮ੍ਰਿਤਸਰ ਆ ਗਿਆ।
7. ਗੁਰਬਿਲਾਸ ਅਨੁਸਾਰ ਭਾਈ ਬੰਨੋ ਨੂੰ ਇਸ ਕਾਰਜ ਲਈ 35 ਦਿਨ ਲੱਗ ਗਏ।
ਉਪਰੋਕਤ ਲਿਖਤ ਤੋਂ ਸਿੱਟਾ: ਅੰਮ੍ਰਿਤਸਰ ਵਿਚ ਕੋਈ ਜਿਲਦ-ਸਾਜ਼ ਨਹੀਂ ਸੀ, ਜੋ ਹੈਰਾਨ ਕਰਨ ਵਾਲੀ ਗੱਲ ਹੈ। ਗੁਰੂ ਜੀ ਕੋਲ ਮਾਇਆ ਦੀ ਕੋਈ ਘਾਟ ਨਹੀਂ ਸੀ। ਉਹ ਲਾਹੌਰ ਤੋਂ ਕੋਈ ਵਧੀਆ ਜਿਲਦ-ਸਾਜ਼ ਅੰਮ੍ਰਿਤਸਰ ਵੀ ਮੰਗਵਾ ਸਕਦੇ ਸਨ, ਪਰ ਅੰਮ੍ਰਿਤਸਰ ਵਿਚ ਜਿਲਦ-ਸਾਜ਼ਾਂ ਦੀ ਕਮੀ ਨਹੀਂ ਸੀ। ਭਾਈ ਬੰਨੋ ਨੇ ਗੁਰੂ ਜੀ ਦੀ ਆਗਿਆ ਤੋਂ ਬਿਨਾ ਹੀ ਉਤਾਰਾ ਕਰਵਾ ਲਿਆ, ਜੋ ਗੁਰੂ ਜੀ ਦੀ ਨਿਰਾਦਰੀ ਹੈ। ਪੰਜਵੇਂ ਗੁਰੂ ਜੀ ਨੇ 34 ਬਾਣੀਕਾਰਾਂ ਦੀ ਕੀਤੀ ਕਮਾਈ ਨੂੰ ਖਤਰੇ ਵਿਚ ਪਾ ਦਿੱਤਾ, ਕਿਉਂਕਿ ਰਸਤੇ ਵਿਚ ਕੋਈ ਵੀ ਦੁਰਘਟਨਾ ਵਾਪਰ ਸਕਦੀ ਸੀ; ਪਰ ਗੁਰੂ ਜੀ ਅਜਿਹਾ ਕਦੇ ਵੀ ਸੋਚ ਹੀ ਨਹੀਂ ਸੀ ਸਕਦੇ ਕਿ ਸਿੱਖੀ ਦੇ ਇਸ ਮਹਾਨ ਕੀਮਤੀ ਵਿਰਸੇ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਵੇ, ਕਿਉਂਕਿ ਗੁਰਬਾਣੀ ਦੀ ਤਾਲੀਮ ਦੇ ਬਹੁਤ ਦੁਸ਼ਮਣ ਬਣ ਚੁਕੇ ਸਨ, ਜਿਨ੍ਹਾਂ ਲਈ ਬੀੜ ਨੂੰ ਸਿੱਖੀ ਵਿਚੋਂ ਲਾਂਭੇ ਕਰਨਾ ਬਹੁਤ ਸੌਖਾ ਸੀ। ਗੁਰੂ ਜੀ ਤਾਂ ਇੱਕ ਨਿਮਖ ਭਰ ਲਈ ਵੀ ਬਾਣੀ ਨੂੰ ਦੂਰ ਨਹੀਂ ਸਨ ਕਰ ਸਕਦੇ ਤਾਂ ਉਨ੍ਹਾਂ ਬੀੜ ਤੋਂ ਬਿਨਾ ਦਿਨ ਕਿਵੇਂ ਬਿਤਾਏ ਹੋਣਗੇ? ਜਿਲਦ ਬੰਨਵਾਉਣ ਦੀ ਸੇਵਾ ਜੋ ਭਾਈ ਗੁਰਦਾਸ ਜੀ ਕਰਵਾ ਸਕਦੇ ਸਨ, ਉਹ ਕੋਈ ਹੋਰ ਨਹੀਂ ਸੀ ਕਰਵਾ ਸਕਦਾ। ਕਿਹਾ ਜਾ ਸਕਦਾ ਹੈ ਕਿ ਜਿਲਦ ਬੰਨਵਾਉਣ ਲਈ ਬੀੜ ਭਾਈ ਬੰਨੋ ਨੂੰ ਨਹੀਂ ਸੀ ਦਿੱਤੀ ਜਾ ਸਕਦੀ ਅਤੇ ਗੁਰਬਿਲਾਸ ਦੇ ਲਿਖਾਰੀ ਵਲੋਂ ਘੜੀ ਭਾਈ ਬੰਨੋ ਵਾਲੀ ਕਹਾਣੀ ਝੂਠੀ ਹੈ।
ਕਹਾਣੀ ਦੇ ਝੂਠੀ ਹੋਣ ਦਾ ਹੋਰ ਕਾਰਨ: ਜੇ ਭਾਈ ਬੰਨੋ ਭਾਦਰੋਂ ਵਦੀ 10 ਨੂੰ ਤੁਰ ਕੇ 35 ਦਿਨਾਂ ਬਾਅਦ ਵਾਪਸ ਅੰਮ੍ਰਿਤਸਰ ਪੁੱਜਾ ਤਾਂ ਫਿਰ ਬੀੜ ਦਾ ਪਹਿਲਾ ਪ੍ਰਕਾਸ਼ ਭਾਦੋਂ ਸੁਦੀ ਏਕਮ ਨੂੰ ਹੋ ਹੀ ਨਹੀਂ ਸਕਦਾ, ਉਸ ਦੀ ਵਾਪਸੀ ਦਾ ਸਮਾਂ ਤਾਂ ਅੱਸੂ ਸੁਦੀ ਏਕਮ ਤੋਂ ਵੀ ਅਗਾਂਹ ਟੱਪ ਗਿਆ।
(ਅ) ‘ਸੂਰਜ ਪ੍ਰਕਾਸ਼’ ਦੇ ਕਰਤਾ ਭਾਈ ਸੰਤੋਖ ਸਿੰਘ ਦੀ ਸੋਚ:
1. ਬੀੜ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿਚ ਕਰ ਦਿੱਤਾ ਗਿਆ ਸੀ।
2. ਮਾਂਗਟ ਦੀਆਂ ਸੰਗਤਾਂ ਨਾਲ ਭਾਈ ਬੰਨੋ ਦਰਸ਼ਨ ਲਈ ਆਇਆ ਅਤੇ ਵਾਪਸੀ ਸਮੇਂ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਕੁਝ ਦਿਨਾਂ ਲਈ ਬੀੜ ਮੰਗਵੀਂ ਦੇ ਦੇਣ ਤਾਂ ਜੋ ਮਾਂਗਟ ਦੀਆਂ ਹੋਰ ਸੰਗਤਾਂ ਨੂੰ ਦਰਸ਼ਨ ਕਰਵਾਏ ਜਾ ਸਕਣ। ਗੁਰੂ ਜੀ ਮੰਨ ਗਏ ਅਤੇ ਇੱਕ ਰਾਤ ਹੀ ਮਾਂਗਟ ਰਹਿਣ ਲਈ ਹੁਕਮ ਕੀਤਾ।
3. ਭਾਈ ਬੰਨੋ ਨੇ ਆਪ ਹੀ ਬੀੜ ਦਾ ਉਤਾਰਾ ਕਰਨ ਦਾ ਖਿਆਲ ਬਣਾਇਆ ਅਤੇ ਰੋਜ਼ ਦਾ ਇੱਕ ਕੋਹ ਪੈਂਡਾ ਚੱਲਦਾ ਤੇ ਪੜਾਅ ਕਰ ਕੇ ਉਤਾਰਾ ਵੀ ਕਰਵਾਉਂਦਾ। ਮਾਂਗਟ ਪਹੁੰਚਦਿਆਂ ਅੱਧੀ ਬੀੜ ਦਾ ਉਤਾਰਾ ਹੋ ਗਿਆ।
ਵਿਚਾਰ: 1. ਪਹਿਲੀ ਗੱਲ ਤਾਂ ਇਹ ਹੈ ਕਿ ਬੀੜ ਨੂੰ ਦਰਬਾਰ ਸਾਹਿਬ ਤੋਂ ਬਾਹਰ ਲੈ ਜਾਣ ਦੀ ਕੋਈ ਤੁਕ ਨਹੀਂ ਬਣਦੀ ਕਿਉਂਕਿ ਦੂਰ ਦੀਆਂ ਸੰਗਤਾਂ ਅੰਮ੍ਰਿਤਸਰ ਆ ਕੇ ਵੀ ਦਰਸ਼ਨ ਕਰ ਸਕਦੀਆਂ ਸਨ ਅਤੇ ਬੀੜ ਨੂੰ ਥਾਂ-ਥਾਂ ਘੁਮਾਉਣ ਦੀ ਕੋਈ ਲੋੜ ਨਹੀਂ ਬਣਦੀ।
ਕਵੀ ਸੰਤੋਖ ਸਿੰਘ ਦੀ ਇਹ ਮਨਘੜਤ ਅਤੇ ਕੋਝੀ ਸੋਚ ਹੈ।
2. ਬੀੜ ਨੂੰ ਥਾਂ ਥਾਂ ਲੈ ਕੇ ਜਾਣਾ ਦੁਸ਼ਮਣਾਂ ਦੇ ਵਾਰ ਤੋਂ ਕਿਸੇ ਤਰ੍ਹਾਂ ਵੀ ਸੁਰੱਖਿਅਤ ਨਹੀਂ ਸੀ, ਕਿਉਂਕਿ ਬੀੜ ਦੀ ਤਾਲੀਮ ਬਹੁਤ ਸਾਰੇ ਲੋਕਾਂ ਨੂੰ ਚੁਭਦੀ ਸੀ। ਕਵੀ ਦੀ ਇਹ ਬਹੁਤ ਘਟੀਆ ਸੋਚ ਹੈ ਕਿ ਬੀੜ ਮਾਂਗਟ ਭੇਜੀ ਗਈ ਸੀ।
3. ਕਵੀ ਸੰਤੋਖ ਸਿੰਘ ਦੀ ਗੱਲ ਮੰਨੀਏ ਤਾਂ ਅੰਮ੍ਰਿਤਸਰੋਂ ਮਾਂਗਟ 100 ਕੋਹ ਜਾਣ ਅਤੇ 100 ਕੋਹ ਆਉਣ ਵਿਚ 200 ਦਿਨ ਲੱਗੇ ਕਿਉਂਕਿ ਇੱਕ ਕੋਹ ਹੀ ਰੋਜ਼ ਦਾ ਪੈਂਡਾ ਕਰਨਾ ਸੀ। ਭਾਵ ਦਰਬਾਰ ਸਾਹਿਬ ਵਿਚ ਬੀੜ ਦੇ ਪ੍ਰਕਾਸ਼ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ 7 ਮਹੀਨੇ ਨਿਰਾਸ਼ ਹੋ ਕੇ ਮੁੜਦੀਆਂ ਰਹੀਆਂ, ਜੋ ਅਣਹੋਣੀ ਗੱਲ ਹੈ।
4. ਗੁਰੂ ਜੀ ਤਾਂ ਗੁਰਬਾਣੀ ਨੂੰ ਇੱਕ ਨਿਮਖ ਵੀ ਦੂਰ ਨਹੀਂ ਸਨ ਕਰਦੇ, ਤਾਂ ਉਹ 7 ਮਹੀਨੇ ਇਸ ਮਹਾਨ ਖਜਾਨੇ ਤੋਂ ਬਿਨਾ ਕਿਵੇਂ ਰਹਿ ਸਕੇ? ਕਵੀ ਦੀ ਇਹ ਕਹਾਣੀ ਝੂਠੀ ਅਤੇ ਮਨਘੜਤ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕਵੀ ਨੂੰ ਗੁਰਬਾਣੀ ਦੀ ਅਸਲ ਕੀਮਤ ਦਾ ਕੋਈ ਨਹੀਂ ਪਤਾ ਸੀ।
5. ਕੀ ਭਾਈ ਬੰਨੋ ਤੋਂ ਬਿਨਾ ਜੇ ਕਿਸੇ ਹੋਰ ਸਿੱਖ ਨੇ ਆਪਣੇ ਇਲਾਕੇ ਵਿਚ ਬੀੜ ਲੈ ਜਾਣ ਲਈ ਗੁਰੂ ਜੀ ਨੂੰ ਬੇਨਤੀ ਕੀਤੀ ਹੋਵੇਗੀ ਤਾਂ ਗੁਰੂ ਜੀ ਨੇ ਨਾਂਹ ਕਰ ਕੇ ਸਿੱਖ ਨੂੰ ਨਾਰਾਜ਼ ਕਰ ਲਿਆ ਹੋਵੇਗਾ? ਭਾਈ ਬੰਨੋ ਵਲੋਂ ਬੀੜ ਲੈ ਜਾਣ ਦੀ ਗੁਰਬਿਲਾਸ ਵਾਲੀ ਝੂਠੀ ਕਹਾਣੀ ਹੀ ਕਵੀ ਸੰਤੋਖ ਸਿੰਘ ਵਲੋਂ ਕੁਝ ਫੇਰ-ਬਦਲ ਕਰ ਕੇ ਦੁਹਰਾਈ ਗਈ ਹੈ, ਜੋ ਕਵੀ ਦੀ ਸਿਆਣਪ ਨਹੀਂ ਕਹੀ ਜਾ ਸਕਦੀ।
5. ਕਵੀ ਸੰਤੋਖ ਸਿੰਘ ਅਨੁਸਾਰ ਬੀੜ ਦੇ ਉਤਾਰੇ ਨੂੰ 7 ਮਹੀਨੇ ਲੱਗਣ ਨਾਲ ਉਤਾਰਾ ਖਤਮ ਹੋਣ ਦਾ ਸਮਾਂ ਚੇਤ, ਸੰਮਤ 1662 ਬਣਦਾ ਹੈ। ਇਹ ਝੂਠ ਹੈ, ਕਿਉਂਕਿ ਭਾਈ ਬੰਨੋ ਵਾਲੀ ਬੀੜ ਵਿਚ ਹੀ ਉਤਾਰਾ ਖਤਮ ਹੋਣ ਦੀ ਤਾਰੀਖ ਅੱਸੂ ਵਦੀ 1 ਸੰਮਤ 1661 ਲਿਖੀ ਹੋਈ ਹੈ।
(e) ਗਿਆਨੀ ਗਿਆਨ ਸਿੰਘ ਨੇ ਤਵਾਰੀਖ ਗੁਰੂ ਖਾਲਸਾ ਵਿਚ ਕੀ ਲਿਖਿਆ ਹੈ?
ਇਸ ਕਵੀ ਨੇ ਵੀ ਗੁਰਬਿਲਾਸ ਵਾਲੀ ਸਾਖੀ ਹੀ ਦੁਹਰਾਈ ਹੈ ਅਤੇ ਆਪਣਾ ਦਿਮਾਗ ਵਰਤ ਕੇ ਕੋਈ ਪੁਣ-ਛਾਣ ਨਹੀਂ ਕੀਤੀ।
ਜਿਲਦ ਕਿੱਥੇ ਬੰਨੀ ਗਈ?
ਜਿਲਦ ਬੰਨਣ ਲਈ ਬੀੜ ਅੰਮ੍ਰਿਤਸਰ ਤੋਂ ਕਿਤੇ ਬਾਹਰ ਨਹੀਂ ਭੇਜੀ ਗਈ। ਆਦਿ ਬੀੜ ਦੀ ਜਿਲਦ ਅੰਮ੍ਰਿਤਸਰ ਵਿਚ ਹੀ ਭਾਈ ਗੁਰਦਾਸ ਜੀ ਦੀ ਦੇਖ-ਰੇਖ ਹੇਠ ਬੰਨਾਈ ਗਈ ਸੀ। ਭਾਈ ਗੁਰਦਾਸ ਜੀ ਨੇ ਬੀੜ ਦੀ ਲਿਖਾਈ ਭਾਦਉਂ ਵਦੀ ਏਕਮ ਸੰਮਤ 1661 ਨੂੰ ਮੁਕਾ ਲਈ ਸੀ। ਫਿਰ ਤਤਕਰਾ ਲਿਖਣ ਲਈ 10 ਕੁ ਦਿਨ ਜ਼ਰੂਰ ਲੱਗ ਗਏ ਹੋਣਗੇ। ਬਾਕੀ ਦੇ 4 ਦਿਨ ਜਿਲਦ ਬੰਨਣ ਅਤੇ ਸੁਕਾਉਣ ਨੂੰ ਲੱਗ ਗਏ ਅਤੇ ਭਾਦਉਂ ਸੁਦੀ ਏਕਮ ਨੂੰ ਦਰਬਾਰ ਸਾਹਿਬ ਵਿਚ ਆਦਿ ਬੀੜ ਦਾ ਪ੍ਰਕਾਸ਼ ਕਰ ਦਿੱਤਾ ਗਿਆ ਸੀ।
ਨੋਟ: ਲੇਖ ਲੜੀ ਲਈ ਵਿਚਾਰਾਂ ਦਾ ਆਧਾਰ ਪ੍ਰੋ. ਸਾਹਿਬ ਸਿੰਘ ਦੀ ਖੋਜ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਬਣਾਇਆ ਗਿਆ ਹੈ।
(ਸਮਾਪਤ)