ਪੰਜਾਬ ਲੋਕ ਸਭਿਆਚਾਰਕ ਮੰਚ ਦਾ ਹੋਕਾ

ਡਾ. ਸਾਹਿਬ ਸਿੰਘ
‘ਲੋਕ ਹੀ ਸਭ ਤੋਂ ਵੱਡੀ ਤਾਕਤ ਹਨ’।
ਇਹ ਬੜੀ ਦਿਲਕਸ਼ ਟਿੱਪਣੀ ਹੈ। ਹਰ ਸਿਆਸੀ ਪਾਰਟੀ ਮੰਚ ਤੋਂ ਇਹ ਲੱਡੂ ਦਰਸ਼ਕਾਂ-ਸਰੋਤਿਆਂ ਵਲ ਸੁੱਟਦੀ ਹੈ ਅਤੇ ਲੋਕ ਉਸ ਲੱਡੂ ਦੀ ਬੂੰਦੀ ਚੁਗਣ ਲਈ ਆਪਣੀਆਂ ਪੱਗਾਂ ਵੀ ਲੁਹਾ ਬੈਠਦੇ ਹਨ ਪਰ ਸਮਝਦੇ ਇਹੀ ਹਨ ਕਿ ਜਿਵੇਂ ਅਸੀਂ ਹੀ ਹਾਂ ਸਭ ਕੁਝ। ਉਹ ਅਵਾਮ ਨੂੰ ਟਿੱਚ ਸਮਝ ਕੇ ਹੀ ਸਿਆਸਤ ਦੀ ਪਹਿਲੀ ਪੌੜੀ ਚੜ੍ਹਦੇ ਹਨ।

ਅਜਿਹੇ ਹਾਲਾਤ ਵਿਚ ਕਲਾ ਦੀ ਕੀ ਭੂਮਿਕਾ ਹੈ? ਉਹ ਲੋਕਾਂ ਨਾਲ ਕਿਵੇਂ ਜੁੜੇ ਤੇ ਫਿਰ ਕਿਵੇਂ ਨਿਰੰਤਰ ਜੁੜੀ ਰਹੇ? ਇਹ ਸਵਾਲ ਅਵਾਮੀ ਰੰਗਮੰਚ ਦਾ ਮੁੱਢ ਹੈ। ਅਵਾਮ ਜਾਣੀ ਲੋਕ ਜਿਥੇ ਕਲਾ ਦੇ ਫਿਕਰਾਂ ‘ਚ ਅਹਿਮ ਸਥਾਨ ਬਣਾਈ ਰੱਖੇਗਾ, ਉਥੇ ਅਵਾਮੀ ਰੰਗਮੰਚ ਜਿੰਦਾ ਰਹੇਗਾ। ਪੰਜਾਬ ਇਸ ਗੱਲ ਤੋਂ ਤਸੱਲੀ ਦਾ ਸਾਹ ਲੈ ਸਕਦਾ ਹੈ ਕਿ ਭਾਵੇਂ ‘ਇਪਟਾ’ (ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ) ਆਪਣੇ ਮੂਲ ਰੂਪ ਵਿਚ ਨਾ ਸਹੀ ਪਰ ਅਵਾਮੀ ਰੰਗਮੰਚ ਅੱਜ ਵੀ ਜਿੰਦਾ ਹੈ। ਇਹ ਇਪਟਾ ਦੀਆਂ ਸੀਮਾਵਾਂ ‘ਚੋਂ ਬਾਹਰ ਵੀ ਨਿਕਲਿਆ ਹੈ ਤੇ ਵਧੇਰੇ ਮੋਕਲਾ ਮੰਚ ਸਿਰਜਣ ‘ਚ ਕਾਮਯਾਬ ਵੀ ਹੋਇਆ ਹੈ।
ਅੱਜ ਅਵਾਮੀ ਰੰਗਮੰਚ ਗਰੀਬ ਬਸਤੀਆਂ, ਵਿਹੜਿਆਂ, ਝੁੱਗੀਆਂ, ਦਾਣਾ-ਮੰਡੀਆਂ ‘ਚ ਬੈਠੇ ਮਿਹਨਤਕਸ਼ ਲੋਕਾਂ ਦੇ ਫਿਕਰਾਂ ਦੀ ਪੰਡ ਆਪਣੇ ਸਿਰ ਚੁੱਕ ਹਰ ਚੁਣੌਤੀ ਦਾ ਸਾਹਮਣਾ ਕਰਦਾ ਹੈ, ਮੁਸ਼ਕਿਲਾਂ ਨੂੰ ਵੰਗਾਰਦਾ ਹੈ ਤੇ ਅਣਸੁਖਾਵੇਂ, ਅਸਹਿਣਸ਼ੀਲ ਮਾਹੌਲ ਅੰਦਰ ਸਾਹ ਲੈਣ ਲਈ ਆਕਸੀਜਨ ਬਣ ਪਹੁੰਚਦਾ ਹੈ। ਅਵਾਮੀ ਰੰਗਮੰਚ ਨੇ ਆਪਣੀ ਮੜ੍ਹਕ ਤੇ ਬੜ੍ਹਕ ਬਰਕਰਾਰ ਰੱਖੀ ਹੈ। ਇਸ ਦਾ ਨਿਸ਼ਾਨਾ ਸਪਸ਼ਟ ਹੈ, ਕਲਾਕਾਰ ਆਪਣੀ ਕਲਾ ਦਾ ਵੀ ਖਿਆਲ ਰੱਖੇ ਤੇ ਲੋਕਾਂ ਦੇ ਹਾਣ ਦੀ ਗੱਲ ਵੀ ਕਰੇ। ਪੰਜਾਬ ਦੇ ਅਵਾਮੀ ਰੰਗਮੰਚ ਅੰਦਰ 37 ਕੁ ਸਾਲ ਪਹਿਲਾਂ ਸ਼ਾਨਦਾਰ ਤੇ ਜਾਨਦਾਰ ਘਟਨਾ ਵਾਪਰੀ।
14 ਮਾਰਚ, 1982 ਨੂੰ ਲੁਧਿਆਣਾ ਲਾਗੇ ਪੈਂਦੇ ਪਿੰਡ ਨਸਰਾਲੀ ਵਿਚ ਕਲਾਕਾਰ, ਬੁੱਧੀਜੀਵੀ, ਲੇਖਕ ਤੇ ਸੰਘਰਸ਼ਸ਼ੀਲ ਕਾਮੇ ਇਕੱਤਰ ਹੋਏ। ਇਹ ਸੱਦਾ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਅਤੇ ਪੰਜਾਬ ਨਾਟਕ ਕਲਾ ਕੇਂਦਰ ਵਲੋਂ ਸੀ; ਫਿਕਰ ਸੀ ਭੜਕਾਊ-ਅਸ਼ਲੀਲ, ਲੋਕ-ਦੋਖੀ ਸਭਿਆਚਾਰ ਦੇ ਮੁਕਾਬਲੇ ਬਦਲ ਸਿਰਜਣ ਦਾ। ਫਿਕਰ ਇਹ ਵੀ ਸੀ ਕਿ ਅਜਿਹੀ ਸੰਸਥਾ ਦਾ ਨਿਰਮਾਣ ਕੀਤਾ ਜਾਵੇ ਜਿਥੇ ਕਿਸੇ ਵਿਸ਼ੇਸ਼ ਸਿਆਸੀ ਸੁਰ ਦਾ ਅਲਾਪ ਨਾ ਹੋਵੇ ਸਗੋਂ ਸੌ ਤਰ੍ਹਾਂ ਦੇ ਫੁੱਲ ਖਿੜਨ ਲਈ ਬਗੀਚੀ ਤਿਆਰ ਕੀਤੀ ਜਾਵੇ। ਨਾਲ ਹੀ ਇਹ ਪਹਿਰਾ ਦਿੱਤਾ ਜਾਵੇ ਕਿ ਪਿਛਾਂਹ ਖਿੱਚੂ ਮੌਕਾਪ੍ਰਸਤ, ਡੰਗ-ਟਪਾਊ ਪਹੁੰਚ ਦਾ ਮੁਕਾਬਲਾ ਡਟ ਕੇ ਕੀਤਾ ਜਾਵੇ।
ਰੰਗਕਰਮੀਆਂ, ਗੀਤਕਾਰਾਂ, ਗਾਇਕਾਂ, ਕਵੀਆਂ ਤੇ ਵਾਰਤਕ ਲੇਖਕਾਂ ਨੂੰ ਸੱਦਾ ਗਿਆ। ਸਿਲਸਿਲਾ ਚੱਲਦਾ ਰਿਹਾ ਤੇ ਅਖੀਰ 20 ਜੁਲਾਈ, 1982 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਮਾਹਿਲ ਗਹਿਲਾਂ ਵਿਖੇ ਪਹਿਲੀ ਕਨਵੈਨਸ਼ਨ ਹੋਈ, ਇਥੇ ਵਿਧੀ-ਵਿਧਾਨ ਘੜਿਆ ਗਿਆ, ਐਲਾਨਨਾਮਾ ਜਾਰੀ ਹੋਇਆ ਤੇ ਸਮੇਂ ਦੀ ਨਬਜ਼ ਨੂੰ ਪਛਾਣਨ ਲਈ ਸੰਸਥਾ ਦਾ ਨਾਮ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਰੱਖਿਆ। ਇਸ ਦੇ ਬਾਨੀ ਪ੍ਰਧਾਨ ਬਣੇ ਮਸ਼ਹੂਰ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਤੇ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਜੁਜ਼ੀਨ ਪੋਤੀਓ ਦੇ ਕੌਮਾਂਤਰੀ ਗੀਤ ਦਾ ਪੰਜਾਬੀ ਤਰਜਮਾ ਕਰਨ ਵਾਲੇ ਡਾ. ਸੁਖਪਾਲ ਨੇ ਸੰਭਾਲੀ। ਪਲਸ ਮੰਚ ਅਜਿਹਾ ਧੁਰਾ ਬਣ ਗਿਆ ਜਿਸ ਦੁਆਲੇ ਅੱਡ-ਅੱਡ ਥਾਵਾਂ ‘ਤੇ ਕਾਰਜਸ਼ੀਲ ਰੰਗਕਰਮੀ ਜੁੜਦੇ ਗਏ। ਫਿਰ ਇਕ ਸਮਾਂ ਆਇਆ ਜਦੋਂ ਚਾਰੇ ਪਾਸੇ ਪਲਸ ਮੰਚ ਦਾ ਨਗਾਰਾ ਵੱਜ ਉਠਿਆ।
ਪੰਜਾਬ ਦੀ ਅਵਾਮ ਪਹਿਲੀ ਮਈ ਨੂੰ ਪੰਜਾਬੀ ਭਵਨ, ਲੁਧਿਆਣਾ ਅਤੇ 25 ਜਨਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਹੀਰਾਂ ਘੱਤ ਕੇ ਜਾਣ ਲੱਗ ਪਿਆ। ਰੰਗਕਰਮੀ ਆਪਣੇ ਸਾਲਾਨਾ ਕੈਲੰਡਰ ਵਿਚ ਇਨ੍ਹਾਂ ਤਰੀਕਾਂ ਉਤੇ ਵਿਸ਼ੇਸ਼ ਨਿਸ਼ਾਨ ਲਾਉਣ ਲੱਗ ਪਏ। ਹਰ ਗਰੁੱਪ ਨੂੰ ਚਾਅ ਹੁੰਦਾ ਕਿ ਪਹਿਲੀ ਮਈ ਅਤੇ 25 ਜਨਵਰੀ ਨੂੰ ਕਿਹੜਾ ਨਵਾਂ ਨਾਟਕ ਤੇ ਕਿਹੜੇ ਨਵੇਂ ਗੀਤ ਜਾਂ ਐਕਸ਼ਨ ਗੀਤ ਲੋਕਾਂ ਦੀ ਕਚਹਿਰੀ ‘ਚ ਪੇਸ਼ ਕਰਨੇ ਹਨ; ਲੋਕ ਟਰਾਲੀਆਂ, ਟੈਂਪੂ, ਬੱਸਾਂ ਭਰ-ਭਰ ਕੇ ਪਹੁੰਚਦੇ ਤੇ ਸਾਰੀ-ਸਾਰੀ ਰਾਤ ਨਾਟਕਾਂ ਅਤੇ ਗੀਤਾਂ ਦਾ ਪ੍ਰਵਾਹ ਚੱਲਦਾ।
ਇਨ੍ਹਾਂ ਵੱਡੇ ਮੇਲਿਆਂ ਦੇ ਅਸਰ ਨਾਲ ਫਿਰ ਇਸ ਰਾਂਗਲੇ ਰੁੱਖ ਦੀਆਂ ਕਰੂਬਲਾਂ ਫੁੱਟਣ ਲੱਗੀਆਂ ਅਤੇ ਟਹਿਣੀਆਂ ਬਣਨ ਲੱਗੀਆਂ। ਪਿੰਡਾਂ ਦੇ ਉਦਮੀ ਨੌਜਵਾਨ, ਸਿਰ ਜੋੜ ਕੇ ਬੈਠੇ ਤੇ ਉਨ੍ਹਾਂ ਆਪੋ-ਆਪਣੇ ਇਲਾਕਿਆਂ ‘ਚ ਨਾਟਕ ਮੇਲੇ ਵਿਉਂਤਣੇ ਆਰੰਭ ਕਰ ਦਿੱਤੇ। ਮਾਝਾ, ਮਾਲਵਾ, ਦੁਆਬਾ ਦੇ ਪਿੰਡਾਂ ‘ਚ ਨਵੀਂ ਚੇਤਨਾ, ਨਵੀਂ ਸਮਝ ਵਿਕਸਤ ਹੋਣ ਲੱਗੀ। ਹਰ ਸਾਲ ਜੁਲਾਈ ਮਹੀਨੇ ਡਾ. ਸੁਰਿੰਦਰ ਹੇਮਜਯੋਤੀ ਦੀ ਯਾਦ ਅੰਦਰ ਸਾਹਿਤਕ ਸਮਾਗਮ ਰਚਾਇਆ ਜਾਂਦਾ ਹੈ। ਪਲਸ ਮੰਚ ਨੇ ਇਹ ਜ਼ਿੰਮੇਵਾਰੀ ਲਈ ਕਿ ਜਦੋਂ ਲੋਕ-ਦੋਖੀ ਤਾਕਤਾਂ ਅਵਾਮ ਦੇ ਬੁਨਿਆਦੀ ਹੱਕਾਂ ਨੂੰ ਦਬਾਉਣ, ਉਨ੍ਹਾਂ ਨੂੰ ਨਪੀੜਨ ਦੇ ਰਾਹ ਪੈਣ ਤਾਂ ਕਲਾਕਾਰ ਆਪਣੀ ਆਵਾਜ਼ ਬੁਲੰਦ ਕਰਨ। 1984 ਵਿਚ ਦਿੱਲੀ ਅੰਦਰ ਮਨੁੱਖਤਾ ਦਾ ਘਾਣ ਹੋਇਆ ਤਾਂ ਡਾ. ਆਤਮਜੀਤ ਦਾ ਨਾਟਕ ‘ਸੀਣਾ’ ਆਪਣਾ ਸੁਨੇਹਾ ਲੈ ਕੇ ਪਹੁੰਚਿਆ। ਪੰਜਾਬ ਦੀ ਫਿਜ਼ਾ ਅੰਦਰ ਜਦੋਂ ਪਹਿਨਣ, ਵਿਚਰਨ ਦੇ ਮਾਮਲੇ ‘ਚ ਕੋਡ ਜਾਰੀ ਹੋਣ ਲੱਗੇ ਤਾਂ ਗੁਰਸ਼ਰਨ ਸਿੰਘ ‘ਮੁਨਸ਼ੀ ਖਾਨ’ ਨਾਟਕ ਲੈ ਕੇ ਮੰਚ ਤੋਂ ਗਰਜੇ। ਪੰਜਾਬ ਦੀ ਕਿਸਾਨੀ ਖ਼ੁਦਕੁਸ਼ੀਆਂ ਦੇ ਰਾਹ ਪਈ ਤਾਂ ਇਸ ਮੰਚ ਤੋਂ ‘ਇਕੋ ਰਾਹ ਸਵੱਲੜਾ’ ਦਾ ਪੈਗਾਮ ਦਿੱਤਾ ਗਿਆ।
ਅਵਾਮੀ ਰੰਗਮੰਚ ਨੇ ਅਨੇਕਾਂ ਪੈੜਾਂ ਪਾਈਆਂ, ਦੋ ਵਿਲੱਖਣ ਪੈੜਾਂ ਸਾਂਝੀਆਂ ਕਰਾਂਗਾ। ਗੁਰਸ਼ਰਨ ਸਿੰਘ ਇਕ ਪਿੰਡ ਨਾਟਕ ਖੇਡਣ ਗਏ ਤਾਂ ਦਰਸ਼ਕਾਂ ਵਿਚ ਕੋਈ ਔਰਤ ਨਹੀਂ ਸੀ। ਉਨ੍ਹਾਂ ਨਾਟਕ ਖੇਡਣ ਤੋਂ ਇਨਕਾਰ ਕਰ ਦਿੱਤਾ ਕਿ ਮੇਰੀਆਂ ਧੀਆਂ-ਭੈਣਾਂ ਆ ਕੇ ਪੰਡਾਲ ‘ਚ ਬੈਠਣਗੀਆਂ ਤਾਂ ਨਾਟਕ ਹੋਵੇਗਾ। ਅੱਜ ਇਹ ਸੁਭਾਵਿਕ ਵਰਤਾਓ ਬਣ ਗਿਆ ਹੈ ਕਿ ਜਿਥੇ ਨਾਟਕ ਔਰਤਾਂ ਦੀ ਗਿਣਤੀ 50 ਫੀਸਦੀ ਤੋਂ ਘੱਟ ਨਹੀਂ ਹੁੰਦੀ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਹੜੇ ਅੰਦਰ ਨੁੱਕੜ ਨਾਟਕ ਪੇਸ਼ ਹੋਇਆ ‘ਸਮਾਜ’। ਨਾਟਕ ਨੇ ਸਵਾਲ ਉਠਾਇਆ ਕਿ ਜੰਮਣ ਪੀੜਾਂ ਸਹਿਣ ਵਾਲੀ ਅਤੇ ਬੱਚੇ ਦਾ ਗੂੰਹ-ਮੂਤ ਚੁੱਕਣ ਵਾਲੀ ਮਾਂ ਦਾ ਨਾਮ ਬੱਚੇ ਦੇ ਨਾਮ ਨਾਲ ਕਿਉਂ ਨਹੀ ਲਿਖਿਆ ਜਾਂਦਾ। ਕੁਝ ਹੀ ਅਰਸੇ ਬਾਅਦ ਸਿੱਖਿਆ ਬੋਰਡ ਵਲੋਂ ਜਾਰੀ ਕੀਤੇ ਜਾਣ ਵਾਲੇ ਸਰਟੀਫਿਕੇਟਾਂ ਅੰਦਰ ਮਾਂ-ਬਾਪ ਦੋਵਾਂ ਦਾ ਨਾਮ ਦਰਜ ਹੋਣ ਲੱਗ ਪਿਆ। 37 ਸਾਲ ਬਾਅਦ ਵੀ ਇਸ ਵਾਰ ਪਹਿਲੀ ਮਈ ਨੂੰ ਲੋਕਾਂ ਦਾ ਭਰਵਾਂ ਇਕੱਠ ਤੇ ਕਿਤਾਬਾਂ, ਰਸਾਲਿਆਂ, ਨਾਟਕਾਂ ਦੀ ਭਰਪੂਰ ਸਰਗਰਮੀ ਹੋਣਾ ਸੁਖਦ ਅਹਿਸਾਸ ਪੈਦਾ ਕਰਦਾ ਹੈ। ਲੰਬੇ ਸਫਰ ਤੋਂ ਬਾਅਦ ਘਾਟਾਂ, ਕਮਜ਼ੋਰੀਆਂ ਵੀ ਪੈਦਾ ਹੁੰਦੀਆਂ ਹਨ ਪਰ ਨਿਰੰਤਰ ਚਲਦੇ ਰਹਿਣਾ ਹੀ ਜਿੰਦਾ ਰਹਿਣ ਦੀ ਨਿਸ਼ਾਨੀ ਹੈ। ਅੱਜ ਜਦੋਂ ਮੁਲਕ ਦੀ ਬਗੀਚੀ ਨੂੰ ਇਕ ਰੰਗ ਵਿਚ ਰੰਗਣ ਦਾ ਅਭਿਆਸ ਚੱਲ ਰਿਹਾ ਹੈ, ਉਦੋਂ ਅਵਾਮੀ ਰੰਗਮੰਚ ਦੀ ਲੋੜ ਅਤੇ ਸਾਰਥਿਕਤਾ ਵਧ ਜਾਂਦੀ ਹੈ ਤੇ ਪਲਸ ਮੰਚ ਦੀ ਜ਼ਿੰਮੇਵਾਰੀ ਵੀ।