ਗੁਰਮਤਾ ਬਨਾਮ ਸਰਬਤ-ਖਾਲਸਾ ਦੇ ਸਮਕਾਲੀ-ਸਰੋਕਾਰ

ਪ੍ਰੋæ ਬਲਕਾਰ ਸਿੰਘ
ਕਿਸੇ ਵੀ ਸਿੱਖ-ਸਮਕਾਲ ਦੇ ਸਰੋਕਾਰਾਂ ਨੂੰ ਸਮਝਣ ਲਈ ਗੁਰੂ ਜੋਤਿ ਅਤੇ ਗੁਰੂ ਜੁਗਤਿ ਨੂੰ ਸਮਝਣ ਦੀ ਲੋੜ ਹੈ ਅਤੇ ਇਸੇ ਰੌਸ਼ਨੀ ਵਿਚ ਕਿਸੇ ਕਿਸਮ ਦੀ ਸਰੋਕਾਰ-ਸਥਾਪਤੀ ਦੀ ਵੀ ਲੋੜ ਹੈ। ਗੁਰੂ ਜੋਤਿ ਅਤੇ ਗੁਰੂ ਜੁਗਤਿ, ਇੱਕੋ ਹੀ ਗੁਰੂ-ਸਿੱਕੇ ਦੇ ਦੋ ਪਾਸੇ ਹਨ। ਇਸ ਦ੍ਰਿਸ਼ਟੀ ਤੋਂ ਸਿੱਖ-ਗੁਰੂਤਵ ਦੀਆਂ ਤਿੰਨ ਪਰਤਾਂ-ਜੋਤਿ ਗੁਰੂ (ਦਸ ਗੁਰੂ ਸਾਹਿਬਾਨ), ਸ਼ਬਦ ਗੁਰੂ (ਸ੍ਰੀ ਗੁਰੂ ਗ੍ਰੰਥ ਸਾਹਿਬ ਅਰਥਾਤ ਗ੍ਰੰਥ) ਅਤੇ ਗੁਰੂ ਖਾਲਸਾ (ਪੰਥ), ਇਸੇ ਹੀ ਕ੍ਰਮ ਵਿਚ ਸਿਧਾਂਤ, ਪਰੰਪਰਾ ਅਤੇ ਇਤਿਹਾਸ ਰਾਹੀਂ ਸਾਹਮਣੇ ਆਉਂਦੇ ਰਹੇ ਹਨ ਅਤੇ ਪ੍ਰਵਾਨਗੀ ਪ੍ਰਾਪਤ ਕਰਦੇ ਰਹੇ ਹਨ। ਇਸ ਪ੍ਰਸੰਗ ਵਿਚ ਗੁਰਮਤਾ ਅਤੇ ਖਾਲਸਾ ਅਰਥਾਤ ਸਰਬਤ ਖਾਲਸਾ, ਇਕ ਦੂਜੇ ਨਾਲ ਇੱਕ ਦੂਜੇ ਦੇ ਪੂਰਕ ਵਜੋਂ ਜੁੜੇ ਹੋਏ ਹਨ ਅਤੇ ਜੁੜੇ ਰਹਿਣੇ ਚਾਹੀਦੇ ਹਨ। ਇਨ੍ਹਾਂ ਦੋਹਾਂ ਦੇ ਇਕਹਿਰੇ ਪ੍ਰਸੰਗ ਪ੍ਰਾਪਤ ਹੋਣ ਦੇ ਬਾਵਜੂਦ, ਇਨ੍ਹਾਂ ਦੋਹਾਂ ਨੂੰ ਇਕ ਦੂਜੇ ਦੀ ਇਕਹਿਰੀ ਸਰਦਾਰੀ ਵਾਸਤੇ ਵਰਤਣ ਦੇ ਨਤੀਜੇ ਮਾੜੇ ਹੀ ਨਿਕਲਦੇ ਰਹੇ ਹਨ। ਅਜਿਹੀ ਸਥਿਤੀ ਨੂੰ, ਕਿਸੇ ਇੱਕ ਦੀ ਕੀਮਤ ‘ਤੇ ਦੂਜੇ ਵੱਲੋਂ ਕੀਤੀ ਗਈ ਸਿਆਸਤ ਕਿਹਾ ਜਾ ਸਕਦਾ ਹੈ। ਇਸੇ ਨੂੰ ਇਕਹਿਰੀ ਪਰਤ ਕਿਹਾ ਜਾ ਰਿਹਾ ਹੈ। ਇਸ ਦੇ ਬਾਵਜੂਦ ਇਨ੍ਹਾਂ ਦੋਹਾਂ ਦਾ ਇਕੱਠਾ ਜਾਂ ਇਕਹਿਰਾ ਪ੍ਰਗਟਾਵਾ ਕਿਸੇ ਵੀ ਸਮਕਾਲ ਤੋਂ ਪ੍ਰਭਾਵਿਤ ਵੀ ਹੁੰਦਾ ਰਿਹਾ ਹੈ ਅਤੇ ਹਰ ਸਮਕਾਲ ਨੂੰ ਪ੍ਰਭਾਵਿਤ ਵੀ ਕਰਦਾ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਸਿੱਖ ਯਾਦ ਵਿਚ ਗੁਰਮਤੇ ਦੀ ਪਹਿਲਤਾਜ਼ਗੀ ਬਾਰੇ ਅਸਪਸ਼ਟਤਾ ਤਾਂ ਹੋ ਸਕਦੀ ਹੈ ਪਰ ਕੋਈ ਦੁਬਿਧਾ ਨਹੀਂ ਹੈ। ਜੇ ਕਿਤੇ ਕਿਸੇ ਵੀ ਕਾਰਨ ਅਜਿਹਾ ਹੈ ਵੀ, ਤਾਂ ਵੀ ਇਸ ਨੂੰ ਵਿਅਕਤੀਗਤ ਧਾਰਨਾ ਵਜੋਂ ਹੀ ਵੇਖੇ ਜਾਣ ਦੀ ਲੋੜ ਹੈ। ਸਰਬਤ ਖਾਲਸਾ ਦੇ ਪ੍ਰਸੰਗ ਵਿਚ ਮੰਤਵ-ਸਿਧੀ ਲਈ ਪ੍ਰਗਟ ਰਾਏ ਵਾਲੇ ਗਰੁਪ ਨੂੰ ਸਰਬਤ ਖਾਲਸਾ ਨਹੀਂ ਕਿਹਾ ਜਾ ਸਕਦਾ। ਇਹੋ ਜਿਹੇ ਗਰੁਪ ਦੇ ਫੈਸਲੇ ਨੂੰ ‘ਗੁਰਮਤਾ’ ਵੀ ਨਹੀਂ ਕਿਹਾ ਜਾ ਸਕਦਾ। ਗੁਰਮਤਾ, ਅਸਲ ਵਿਚ ਗ੍ਰੰਥ, ਪੰਥ ਅਤੇ ਗੁਰਦੁਆਰੇ ਨਾਲ ਜੁੜਿਆ ਹੋਇਆ ਹੋਣ ਕਰਕੇ ਸਿੱਖ ਭਾਈਚਾਰੇ ਦੀ ਸੁਤੇ-ਸਹਿਮਤੀ ਵਿਚ ਸ਼ਾਮਲ ਹੋ ਗਿਆ ਹੈ। ਇਸ ਕਰਕੇ ਗੁਰਮਤਾ ਉਹ ਹੈ, ਜਿਸ ਵਿਚ ਗੁਰੂ ਦੀ ਸਹਿਮਤੀ, ਗੁਰੂ ਪੰਥ ਦੀ ਮਰਜੀ ਸ਼ਾਮਲ ਹੋਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਕਿਸੇ ਵੀ ਮਤੇ ਨੂੰ ਪਕਾਉਣ (ਵਿਚਾਰ-ਚਰਚਾ) ਦੀ ਸੰਗਤੀ ਵਿਧੀ ਨੂੰ ਹੀ ਗੁਰਮਤਾ ਕੀਤਾ ਜਾਂਦਾ ਰਿਹਾ ਹੈ। ਇਸ ਬਾਰੇ ਸਿੱਖ ਸਾਹਿਤ ਵਿਚ ਟਿਪਣੀਨੁਮਾ ਹਵਾਲੇ ਤਾਂ ਮਿਲਦੇ ਹਨ ਪਰ ਅਕਾਦਮਿਕ ਪ੍ਰਸੰਗ ਵਿਚ ਕਿੰਤੂ ਮੁਕਤ ਸਥਾਪਤੀ ਮੇਰੇ ਪੜ੍ਹਨ ਵਿਚ ਨਹੀਂ ਆਈ। ਭਾਈ ਕਾਨ੍ਹ ਸਿੰਘ ਨਾਭਾ ਦੀ ਵਿਆਖਿਆ ਅਨੁਸਾਰ ‘ਗੁਰੁਮਤਾ’ ‘ਸਿੱਖ ਧਰਮ ਦੀ ਪਾਬੰਦੀ ਵਿਚ ਕੀਤਾ ਹੋਇਆ ਮਸ਼ਵਰਾ ਅਤੇ ਫੈਸਲਾ, ਜੋ ਸਭ ਨੂੰ ਮੰਨਣਯੋਗ ਹੈ’ (ਗੁਰੁਮਤ ਮਾਰਤੰਡ ਭਾਗ ਪਹਿਲਾ, ਪੰਨਾ 395)।  ਇਸੇ ਭਾਵਨਾ ਨੂੰ ਇਤਿਹਾਸਕ ਪ੍ਰਸੰਗ ਵਿਚ ਭਾਈ ਨਾਭਾ ਨੇ ਮਹਾਨ ਕੋਸ਼ (ਪੰਨਾ 420-21) ਵਿਚ ਇਸ ਪ੍ਰਕਾਰ ਦਰਜ ਕੀਤਾ ਹੈ, “ਸੰਗਯਾ-ਗੁਰੁਮਤ ਅਨੁਸਾਰ ਕੀਤਾ ਹੋਇਆ ਮੰਤ੍ਰ।
ਪੁਰਾਣੇ ਸਿੰਘ ਸੰਸਾਰ ਅਤੇ ਧਰਮ ਦੇ ਕੰਮ ਅਰੰਭ ਕਰਨ ਤੋਂ ਪਹਿਲਾਂ ਦੀਵਾਨ ਵਿਚ ਸਲਾਹ ਕਰਦੇ ਸਨ, ਜੋ ਗੁਰੂ ਨਿਯਮਾਂ ਅਨੁਸਾਰ ਸਾਰੇ ਦੀਵਾਨ ਦੀ ਸੰਮਤੀ ਹੁੰਦੀ, ਉਸ ਦਾ ਨਾਉਂ ‘ਗੁਰੁਮਤਾ’ ਕਿਹਾ ਜਾਂਦਾ। ਜੋ ਗੁਰੁਮਤੇ ਦੇ ਵਿਰੁਧ ਕੋਈ ਕਰਮ ਕਰੇ ਉਹ ਤਨਖਾਹੀਆ ਹੁੰਦਾ ਸੀ। ਖਾਲਸੇ ਦੇ ਗੁਰੁਮਤੇ ਅਕਾਲ ਬੁੰਗਾ ਸਾਹਿਬ ਦੇ ਦੀਵਾਨ ਵਿਚ ਖਾਸ ਕਰਕੇ ਅਤੇ ਹੋਲੇ ਮਹੱਲੇ ਦੇ ਸਮੇਂ ਤਖਤ ਕੇਸਗੜ੍ਹ ਹੋਇਆ ਕਰਦੇ ਸਨ। ਗੁਰੁਮਤੇ ਲਈ ਜਾਤੀ ਵੈਰ ਵਿਰੋਧ ਦੂਰ ਕਰਕੇ ਸਿੰਘ ਦੀਵਾਨ ਵਿਚ ਬੈਠਿਆ ਕਰਦੇ ਸਨ। ਭਾਈ ਦਯਾ ਸਿੰਘ ਨੇ ਆਪਣੇ ‘ਰਹਿਤਨਾਮਾ’ ਵਿਚ ਦਰਜ ਕੀਤਾ ਹੈ ਕਿ ‘ਪਾਂਚ ਸਿੰਘ ਮਿਲਕਰ ਰਹਤ ਬਿਬੇਕ ਕਾ ਗੁਰੁਮਤਾ ਕਰੇਂ।’ ਗੁਰਮਤੇ ਨੂੰ ਪੰਥਕ ਇਕੱਠ ਵਿਚ ਸਾਂਝੀ-ਸਮਝ ‘ਤੇ ਪਹੁੰਚਣ ਲਈ ਕੀਤੀ ਗਈ ਚਰਚਾ ਦੇ ਅਰਥਾਂ ਵਿਚ ਵੀ ਵਰਤਿਆ ਜਾਂਦਾ ਰਿਹਾ ਹੈ। ਸਿਰਦਾਰ ਕਪੂਰ ਸਿੰਘ ਨੇ ਸਿੱਖ-ਅਰਦਾਸ ਦੇ ਹਵਾਲੇ ਨਾਲ ‘ਸਰਬਤ ਖਾਲਸਾ’ ਅਤੇ ਸਮੂਹ ਖਾਲਸਾ ਵਿਚ ਫਰਕ ਦਰਸਾਉਂਦਿਆਂ, ਪਹਿਲੇ ਨੂੰ ਮਾਨਵਤਾ ਅਰਥਾਤ ਸਿੱਖ ਸਮੂਹ ਨਾਲ ਜੋੜਿਆ ਹੈ ਅਤੇ ਦੂਜੇ ਨੂੰ ਸਿੰਘ ਸਮੂਹ ਨਾਲ ਜੋੜਿਆ ਹੈ। ਸ਼ ਹਰਜਿੰਦਰ ਸਿੰਘ ਦਿਲਗੀਰ ਨੇ ਗੁਰਮਤਾ, ਮਤਾ ਅਤੇ ਹੁਕਮਨਾਮਾ ਬਾਰੇ ਜ਼ਿਕਰ ਕਰਦਿਆਂ ਪਹਿਲੇ ਗੁਰਮਤੇ ਉਹ ਮੰਨੇ ਹਨ, ਜਿਹੜੇ ਦਸਮ ਪਾਤਸ਼ਾਹ ਨਾਲ ਸਬੰਧਤ ਸਨ ਅਤੇ ਅਨੰਦਪੁਰ ਸਾਹਿਬ ਨੂੰ ਛੱਡਣ ਅਤੇ ਚਮਕੌਰ ਦੀ ਗੜ੍ਹੀ ਨੂੰ ਛੱਡਣ ਵਾਸਤੇ ਕੀਤੇ ਗਏ ਸਨ। ਪਰ ਉਸ ਨੇ ਆਪਣੀ ਧਾਰਨਾ ਦੀ ਪੁਸ਼ਟੀ ਵਿਚ ਕੋਈ ਹਵਾਲਾ ਨਹੀਂ ਦਿੱਤਾ। ਸ਼ ਸ਼ਮਸ਼ੇਰ ਸਿੰਘ ਅਸ਼ੋਕ ਨੇ ਆਪਣੇ ਇਕ ਲੇਖ ‘ਗੁਰਮਤਿ ਵਿਚ ਪੰਚ ਪ੍ਰਧਾਨੀ ਸਿਧਾਂਤ’ (ਸਿੰਘ ਸਭਾ ਪਤ੍ਰਿਕਾ ਦਾ ਪੰਥਕ ਵਿਚਾਰ ਸੰਮੇਲਨ ਅੰਕ, ਜੂਨ 1976) ਵਿਚ ਗੁਰਮਤੇ ਦੀ ਰੀਤ ਦਸਮ ਪਾਤਸ਼ਾਹ ਹਜ਼ੂਰ ਵੱਲੋਂ ਚਲਾਈ ਹੋਈ ਮੰਨੀ ਹੈ। ਮੁੱਢ ਵਿਚ ਇਹ ਦਰਪੇਸ਼ ਸਮੱਸਿਆਵਾਂ ਨਾਲ ਨਜਿੱਠਨ ਲਈ ਸਾਂਝੀ-ਸਮਝ ਵਾਲੀ ਗੁਰਮਤਿ ਰੀਤ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ (1709-1799) ‘ਪੰਚਾਇਤੀ ਅਸੂਲਾਂ’ ਦੇ ਮੁਤਾਬਿਕ ‘ਗੁਰਮਤੇ’ ਦੀ ਇਸ ਸੁਨਹਿਰੀ ਪਰੰਪਰਾ ਤੋਂ ਗੁਰੂ ਖਾਲਸੇ ਨੂੰ ਹਮੇਸ਼ਾ ਅਗਵਾਈ ਮਿਲਦੀ ਰਹਿਣ ਕਾਰਨ ਹਰ ਮੈਦਾਨ ਉਸ ਦੀ ਫਤਿਹ ਹੁੰਦੀ ਰਹੀ। ਸ਼ ਅਸ਼ੋਕ ਨੂੰ ਇਹ ਦੁੱਖ ਹੈ ਕਿ ਪਹਿਲਾਂ ਡੋਗਰੇ ਭਰਾਵਾਂ ਦੀ ਆਪਾਧਾਪੀ ਕਾਰਨ ਗੁਰਮਤੇ ਦੀ ਪਰੰਪਰਾ ਨੂੰ ਕੁਝ ਸੱਟ ਵੱਜੀ ਤੇ ਸਿੱਖ ਰਾਜ ਪਿੱਛੋਂ ਅੰਗ੍ਰੇਜ਼ੀ ਰਾਜ ਸਮੇਂ ਪੱਛਮੀ ਸਭਿਅਤਾ ਦੇ ਪ੍ਰਭਾਵ ਹੇਠ ਜਦ ਸਰਬਸੰਮਤੀ ਨਾਲ ਪਾਸ ਹੋਣ ਵਾਲੇ ‘ਗੁਰਮਤੇ’ ਦੀ ਥਾਂ ‘ਬਹੁ-ਸੰਮਤੀ ਦੇ ਮਤਿਆਂ’ ਨੇ ਲੈ ਲਈ ਤਾਂ ਪੰਥਕ ਦੁਫੇੜ ਵਿਚ ਜੋ ਵਾਧਾ ਹੋਇਆ, ਉਸ ਦੀ ਮਿਸਾਲ ਪੂਰੀ ਤਰ੍ਹਾਂ ਸਰਬਤ ਖਾਲਸੇ ਦੇ ਸਾਹਮਣੇ ਹੈ। ਅੱਜ ਵੀ ਅਸੀਂ ਇਸੇ ਸਥਿਤੀ ਵਿਚ ਹਾਂ। ਇਹ ਸਥਿਤੀ ਧਰਮ ਉਤੇ ਸਿਆਸਤ ਦਾ ਕਬਜ਼ਾ ਹੋ ਜਾਣ ਨਾਲ ਸਬੰਧਤ ਹੈ।  ਇਸ ਦਾ ਕਾਰਨ ਮਰਹੂਮ ਪ੍ਰੋæ ਹਰਬੰਸ ਸਿੰਘ ਦੇ ਸ਼ਬਦਾਂ ਵਿਚ ‘ਸਗਲ ਰੋਗ ਦੀ ਜੜ੍ਹ ਗੁਰਦੁਆਰਾ ਐਕਟ ਹੈ। ਅਖੀਰ ਇਕ ਦਿਨ ਪੰਥ ਨੂੰ ਇਹ ਛਡਣਾ ਹੀ ਪੈਣਾ ਹੈ। ਜਿੰਨੀ ਛੇਤੀ ਇਹ ਹੋ ਸਕੇ ਉਨਾ ਹੀ ਚੰਗਾ ਹੈ।’
ਇਸ ਨਾਲ ਇਹ ਨੁਕਤਾ ਸਥਾਪਤ ਹੋ ਜਾਂਦਾ ਹੈ ਕਿ ਗੁਰਮਤੇ ਦੀ ਸੰਸਥਾ ਜਿਨ੍ਹਾਂ ਹਾਲਾਤ ਵਿਚ ਪੈਦਾ ਹੋਈ ਸੀ, ਉਹ ਹਾਲਾਤ ਹੀ ਬਦਲ ਗਏ ਹਨ। ਇਸ ਕਰਕੇ ਗੁਰਮਤੇ ਦੀ ਸੰਸਥਾ ਦੇ ਇਤਿਹਾਸ ਦੀ ਨਿਰੰਤਰਤਾ ਵਿਚ ਸੋਚਣ ਅਤੇ ਸਮਝਣ ਦੀ ਥਾਂ ਤੇ ਵਰਤਮਾਨ ਦੁਸ਼ਵਾਰੀਆਂ ਦੇ ਪ੍ਰਸੰਗ ਵਿਚ ਸੋਚੇ ਤੇ ਸਮਝੇ ਜਾਣ ਦੀ ਲੋੜ ਹੈ। ਅਜਿਹਾ ਕਰਦਿਆਂ ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਸਿੱਖ ਭਾਈਚਾਰੇ ਦੇ ਪ੍ਰਸੰਗ ਵਿਚ ਘੱਟਗਿਣਤੀ ਵਰਗ ਦੀਆਂ ਖੁਨਾਮੀਆਂ ਦੀ ਸਜ਼ਾ ਸਾਰੇ ਪੰਥ ਨੂੰ ਭੁਗਤਣੀ ਪੈਂਦੀ ਰਹੀ ਹੈ? ਇਹ ਉਹੋ ਜਿਹੀ ਸਥਿਤੀ ਹੀ ਹੈ, ਜਿਸ ਵਿਚ ‘ਕੁਝ ਪਲਾਂ’ ਦੀ ਸਜ਼ਾ, ‘ਸਦੀਆਂ’ ਨੂੰ ਭੁਗਤਣੀ ਪੈਂਦੀ ਹੈ।
ਅਕਾਦਮਿਕ ਪ੍ਰਸੰਗ ਵਿਚ ਗੁਰਮਤੇ ਦੇ ਵਰਤਮਾਨ ਨੂੰ ਸਮਝਣ ਲਈ ਇਹ ਸਮਝਣਾ ਪਵੇਗਾ ਕਿ ਡਾæ ਮੈਕਲੋਡ ਨੇ ‘ਗੁਰਮਤਾ’ ਦੇ ਅਰਥ ਗੁਰੂ ਦਾ ਮਨ ਜਾਂ ਚਾਹਤ ਅਤੇ ਅਕਾਲ ਪੁਰਖ ਦੀ ਇੱਛਾ ਕਰਦਿਆਂ ਇਹ ਵੀ ਪ੍ਰਵਾਨ ਕਰ ਲਿਆ ਹੈ ਕਿ ‘ਗੁਰਮਤਾ’, ਸਿੱਖਾਂ ਦੇ ਇਕੱਠ ਵਿਚ ਕੀਤਾ ਗਿਆ ਫੈਸਲਾ ਹੈ ਜਾਂ ਸਰਬਤ ਖਾਲਸੇ ਦਾ ਮਤਾ ਹੈ।  ਮੈਕਲੋਡ ਦੀਆਂ ਧਾਰਨਾਵਾਂ ਵਿਚੋਂ ਸਿੱਖ ਰੰਗ ਅਤੇ ਸੁਹਿਰਦਤਾ ਮਨਫੀ ਹੋਣ ਕਰਕੇ ਵਿੱਥ ਤੋਂ ਕੀਤੀਆਂ ਟਿਪਣੀਆਂ ਨੂੰ ਅਪ੍ਰਵਾਨ ਤਾਂ ਕੀਤਾ ਜਾ ਸਕਦਾ ਹੈ ਪਰ ਇਨ੍ਹਾਂ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ? ਜੇ ਮੈਕਲੋਡ ਨੂੰ ਇਕ ਖਾਸ ਸਮੇਂ ਜਾਂ ਹਾਲਾਤ ਵਿਚ ਗੁਰਦੁਆਰਿਆਂ ਦਾ ਉਦਾਸੀ-ਪ੍ਰਬੰਧ, ਗੈਰਖਾਲਸਾ-ਸਿੱਖਾਂ ਦਾ ਪ੍ਰਬੰਧ ਲਗਦਾ ਹੈ ਤਾਂ ਇਸ ਤੋਂ ਗੈਰਖਾਲਸਾ-ਪ੍ਰਬੰਧ ਦੀਆਂ ਸੰਭਾਵਨਾਵਾਂ ਪ੍ਰਤੀ ਤਾਂ ਸੁਚੇਤ ਹੋਇਆ ਹੀ ਜਾ ਸਕਦਾ ਹੈ? ਗੁਰਮਤੇ ਨੂੰ ਜੇ ਉਹ ਸੰਗਤ, ਖਾਲਸਾ ਅਤੇ ਜਥੇ ਦੇ ਰੂਪ ਵਿਚ ਸਿਆਸਤ ਦੇ ਹੱਕ ਵਿਚ ਭੁਗਤਦਾ ਸਮਝਦਾ ਹੈ ਤਾਂ ਵੀ ਇਸ ਤੋਂ ਗੁਰਮਤੇ ਦੀ ਸਿਆਸਤ ਵਾਸਤੇ ਤਾਂ ਸੁਚੇਤ ਹੋਇਆ ਹੀ ਜਾ ਸਕਦਾ ਹੈ? ਇਸ ਨਾਲ ਇਥੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਸ ‘ਗੁਰਮਤੇ’ ਦੀ ਸੰਸਥਾ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਰਕਾਰ-ਖਾਲਸਾ ਤੱਕ ਪਹੁੰਚਾਇਆ ਸੀ, ਉਸੇ ‘ਗੁਰਮਤੇ’ ਦਾ ਰਾਹ ਉਸ ਨੇ ਕਿਉਂ ਰੋਕ ਦਿੱਤਾ ਸੀ? ਸਪਸ਼ਟ ਹੈ ਕਿ ‘ਗੁਰਮਤੇ’ ਦੀ ਸੰਸਥਾ, ਸਿੱਖ-ਸਿਆਸਤ ਨੂੰ ਕਦੇ ਰਾਸ ਨਹੀਂ ਆਈ? ਇਸ ਦੇ ਬਾਵਜੂਦ ਗੁਰਮਤੇ ਦੀ ਸੰਸਥਾ ਨੂੰ ਸਿੱਖ ਸਿਆਸਤ ਨਾਲ ਹੀ ਜੋੜ ਕੇ ਵੇਖਿਆ ਜਾਂਦਾ ਰਿਹਾ ਹੈ। ਹਾਲਾਂਕਿ ਭਾਈ ਦਯਾ ਸਿੰਘ ਦੇ ਰਹਿਤਨਾਮੇ ਵਿਚ ਲਿਖਿਆ ਹੋਇਆ ਹੈ, ‘ਪਾਂਚ ਸਿੰਘ ਮਿਲਕਰ ਰਹਿਤ ਬਿਬੇਕ ਦਾ ਗੁਰਮਤਾ ਕਰੇਂ।’ ‘ਪਾਂਚ ਸਿੰਘ’ ਦੇ ਅਰਥ, ਪੰਜ ਤਖਤਾਂ ਦੇ ‘ਜਥੇਦਾਰਾਂ’ ਤੱਕ ਮਹਿਦੂਦ ਹੋ ਗਏ ਹਨ ਅਤੇ ‘ਰਹਿਤ ਬਿਬੇਕ’ ਦੀ ਥਾਂ ‘ਹੁਕਮਨਾਮੇ’ ਜਾਰੀ ਹੋਣ ਲੱਗ ਪਏ ਹਨ। ਸ਼ ਰਤਨ ਸਿੰਘ ਭੰਗੂ ਦੇ ‘ਪੰਥ ਪ੍ਰਕਾਸ਼’ ਵਿਚ ਦਰਜ ਹੈ ਕਿ ਜਥੇਦਾਰ ਸਭ ਪੰਥ ਦੀ ਰਾਏ ਲੈ ਕੇ ਪੰਜ ਪਿਆਰਿਆਂ ਦੇ ਹੁਕਮ ਨਾਲ ਫੈਸਲਾ ਦੀਵਾਨ ਵਿਚ ਸਭ ਨੂੰ ਸੁਣਾ ਦਿੰਦਾ ਸੀ। ਇਕੱਲੇ ਜਥੇਦਾਰ ਨੂੰ ਫੈਸਲਾ ਕਰਨ ਦਾ ਅਖਤਿਆਰ ਨਹੀਂ ਸੀ,
ਕਾਮ ਪਰਤ ਥਾ ਜੌ ਕਛੁ ਕਬਹੀ
‘ਕਰਤ ਗੁਰਮਤਾ’ ਮਿਲਕਰ ਸਭਹੀ।
ਜਥੇਦਾਰ ਜੋ ਕੁਛ ਕਹਿ ਦੇਤਾ
ਸੋਈ ਪੰਥ ਮਾਨ ਸਭ ਲੇਤਾ।
ਜਿੰਨੀ ਕੁ ਸਪਸ਼ਟਤਾ ਤੇ ਵਚਨਬੱਧਤਾ ਨਾਲ ਵਾਰਸ-ਸਮਝ ਬਣੇਗੀ, ਉਸ ਹੱਦ ਤੱਕ ਹੀ ਗੈਰਸਿੱਖ ਲੇਖਕ ਸਿੱਖ ਸੰਸਥਾਵਾਂ ਦੀ ਪਹਿਲਤਾਜ਼ਗੀ ਨੂੰ ਸਮਝ ਸਕਣਗੇ। ਪਹਿਲਾਂ ਮੈਲਕਮ ਨੇ ਗੁਰਮਤੇ ਬਾਰੇ ਅਖੀਂ ਡਿੱਠੇ ਵੇਰਵੇ ਵਾਂਗ ‘ਗੁਰਮਤੇ’ ਨੂੰ ਇਤਿਹਾਸਕ ਪ੍ਰਸੰਗ ਵਿਚ ਹੀ ਵੇਖਿਆ ਹੈ ਅਤੇ ਨਤੀਜਾ ਇਹੀ ਕੱਢਿਆ ਹੈ ਕਿ ‘ਗੁਰਮਤੇ’ ਵੇਲੇ ਗੁਰੂ ਨੂੰ ਹਾਜ਼ਰ ਸਮਝ ਕੇ ਅਤੇ ਵਿਅਕਤੀਗਤ ਵਿਤਕਰਿਆਂ ਤੋਂ ਉਪਰ ਉਠ ਕੇ ਸਾਂਝੀ ਰਾਏ ਬਣਾਈ ਜਾਂਦੀ ਸੀ। ਉਹ ਇਸ ਨੂੰ ਬੇਮਤਲਬੀ ਦੇਸ਼ ਭਗਤੀ ਕਹਿੰਦਾ ਹੈ। ਮੈਕਾਲਫ ਅਤੇ ਵਿਲਸਨ ਨੇ ਵੀ ਇਸੇ ਧਾਰਨਾ ਨੂੰ ਪ੍ਰਵਾਨ ਕੀਤਾ ਹੈ। ਹਾਲਾਂਕਿ ਜੇ ਕਿਧਰੇ ਅਜਿਹਾ ਵਾਪਰ ਵੀ ਗਿਆ ਸੀ ਤਾਂ ਵੀ ਇਸ ਨੂੰ ਸਿੱਖ ਸਿਧਾਂਤ ਨਹੀਂ ਕਿਹਾ ਜਾ ਸਕਦਾ। ਮੈਕਲੋਡ ਨੇ ਤਾਂ ਗੁਰਮਤੇ ਦੇ ਅਰਥ ਪ੍ਰਚਲਿਤ ਅਰਥਾਂ ਮੁਤਾਬਿਕ ਗੁਰੂ ਦੀ ਮਰਜੀ ਕਰਕੇ ਵੀ, ਸਿੱਖ ਅਤੇ ਸਿੰਘ ਸ਼ਬਦਾਂ ਨੂੰ ਲੈ ਕੇ ਖਾਲਸਾ ਸਿੱਖ ਅਤੇ ਗੈਰਖਾਲਸਾ ਸਿੱਖ ਦੀਆਂ ਕੋਟੀਆਂ ਬਣਾ ਲਈਆਂ ਹਨ। ਡਾæ ਜਗਤਾਰ ਸਿੰਘ ਗਰੇਵਾਲ ਨੇ ਇਸ ਨੂੰ ਸਿੱਖ ਖਾਲਸਾ ਅਤੇ ਸਿੰਘ ਖਾਲਸਾ ਵਜੋਂ ਸਿੱਖ ਪ੍ਰਸੰਗ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੱਥ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿੱਖ ਰਾਜ ਵੇਲੇ ਗੁਰਮਤੇ ਦੀ ਲੋਕਤੰਤਰੀ ਭਾਵਨਾ ਦੀ ਥਾਂ ਇਕਹਿਰੇ ਕਬਜ਼ੇ ਵਾਲਾ ਜਗੀਰਦਾਰੀ ਸੁਭਾਅ ਭਾਰੂ ਹੋ ਗਿਆ ਸੀ। ਇਸ ਨਾਲ ਗੁਰਮਤੇ ਦੀ ਸੰਸਥਾ ਦਾ ਰਾਹ ਰੁਕਿਆ ਸੀ; ਪਰ ਸਿੱਖ ਸੰਸਥਾਵਾਂ ਅਤੇ ਸਿੱਖ ਪਰਿਵਾਰ ਖੁਸ਼ਹਾਲੀ ਦੇ ਰਾਹ ਪੈ ਗਏ ਸਨ।
ਧਰਮ ਦੇ ਪ੍ਰਸੰਗ ਵਿਚ ਸਿਧਾਂਤ ਅਤੇ ਅਮਲ ਵਿਚ ਤਣਾਉ, ਮਾਨਵ ਮਾਨਸਿਕਤਾ ਦਾ ਕੁਦਰਤੀ ਵਰਤਾਰਾ ਹੈ। ਆਧੁਨਿਕਤਾ ਦਾ ਮੰਤਰ, ਬਹੁਲਵਾਦ ਹੋ ਜਾਣ ਕਰਕੇ ਅਤੇ ਆਲਮੀ ਪ੍ਰਸੰਗ ਵਿਚ ਲੋਕਤੰਤਰੀ ਸਿਆਸਤ ਦਾ ਬੋਲਬਾਲਾ ਹੋ ਜਾਣ ਕਰਕੇ 21ਵੀਂ ਸਦੀ ਦਾ ਰੋਲ ਮਾਡਲ ਧਰਮੀ ਦੀ ਥਾਂ ਸਿਆਸਤਦਾਨ ਹੋ ਗਿਆ ਹੈ। ਦੁਨੀਆਂ ਦੇ ਵੱਡੇ ਧਰਮਾਂ-ਈਸਾਈਅਤ, ਇਸਲਾਮ ਅਤੇ ਹਿੰਦੂ ਵਿਚ ਤਾਂ ਪਹਿਲਾਂ ਹੀ ਧਰਮ ਅਤੇ ਦੁਨੀਆਂਦਾਰੀ ਨੂੰ ਸਮਾਨੰਤਰਤਾ ਵਿਚ ਰੱਖਣ ਕਰਕੇ ਆਮ ਆਦਮੀ ਨੂੰ ਦੁਨੀਆਂਦਾਰੀ ਦਾ ਰੋਲ ਮਾਡਲ ਸਿਆਸੀ ਅਤੇ ਧਰਮ ਦਾ ਰੋਲ ਮਾਡਲ ਤਿਆਗਵਾਦੀ ਮੰਨਣਾ ਪੈ ਰਿਹਾ ਸੀ। ਇਨ੍ਹਾਂ ਧਰਮਾਂ ਨਾਲ ਜੁੜੇ ਹੋਏ ਆਮ ਆਦਮੀ ਲਈ ਇਹ ਤਸਲੀਮ ਕਰਨਾ ਸੌਖਾ ਹੈ ਕਿ ਸਿਆਸਤ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ ਅਤੇ ਧਰਮ ਨੂੰ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਹੈ। ਸਿਆਸਤ ਨੂੰ ਸਦਾ ਹੀ ਇਹ ਵੰਡ ਠੀਕ ਬੈਠਦੀ ਰਹੀ ਹੈ ਅਤੇ ਧਰਮ ਨੂੰ ਸਦਾ ਹੀ ਇਸ ਵੰਡ ਦਾ ਨੁਕਸਾਨ ਹੁੰਦਾ ਰਿਹਾ ਹੈ। ਇਹ ਗੱਲ ਜਾਂ ਨੁਕਤਾ ਗੁਰੂ ਨਾਨਕ ਦੇਵ ਦੇ ਸਾਹਮਣੇ ਸੀ ਅਤੇ ਇਸ ਨੂੰ ਗੁਰੂ ਨਾਨਕ ਦੇਵ ‘ਵਾਰ ਮਾਝ ਕੀ’ ਵਿਚ ਬਾਕੀ ਸਮਕਾਲੀ ਸਰੋਕਾਰਾਂ ਵਾਂਗ ਲੈਂਦਿਆਂ ਦੋ ਸਮਾਨੰਤਰ ਸਮਾਜਿਕ ਕੋਟੀਆ ਵਾਂਗ ਵੀ ਲੈਂਦੇ ਹਨ,
ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ॥æææ
ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ॥
ਸੈਸਾਰੀ ਆਪਿ ਖੁਆਇਅਨੁ ਜਿਨੀ
ਕੂੜੁ ਬੋਲਿ ਬੋਲਿ ਬਿਖੁ ਖਾਇਆ॥ (ਪੰਨਾ 145)
ੴ ਦੇ ਮੁਦੱਈਆਂ ਨੂੰ ਅਜਿਹੀ ਦੋਹਰੀ ਸਮਾਜਿਕਤਾ ਤੋਂ ਮੁਕਤ ਕਰਨ ਦੀ ਲਹਿਰ ਹੀ ‘ਸਿੱਖੀ’ ਅਖਵਾਈ ਹੈ। ‘ਮੇਲਿਅਨੁ’ ਅਤੇ ‘ਖੁਆਇਅਨੁ’, ਇਕ ਦੂਜੇ ਨੂੰ ਫੇਲ੍ਹ ਕਰਨ ਦੀ ਸਥਿਤੀ ਵਿਚੋਂ ਕੱਢ ਕੇ, ਇਕ ਦੂਜੇ ਦੇ ਸਹਾਇਕ ਹੋ ਕੇ ਚੱਲਣ ਦੀ ਵਿਧੀ ਹੀ ‘ਗੁਰਮਤਿ’ ਅਖਵਾਈ ਹੈ। ਗੁਰਮਤਿ ਦਾ ਅਗਵਾਈ ਸ੍ਰੋਤ ਗੁਰੂ ਸਾਹਿਬਾਨ ਵੇਲੇ (1469-1708) ਵੀ ‘ਬਾਣੀ’ ਸੀ ਅਤੇ ‘ਗੁਰੂ ਮਾਨਿਓ ਗ੍ਰੰਥ’ ਦੇ ਗੁਰੂ ਹੁਕਮ ਅਨੁਸਾਰ ਸਦਾ ਵਾਸਤੇ ‘ਬਾਣੀ’ ਹੋ ਗਿਆ ਹੈ। ਕਿਸੇ ਵੀ ਸਮਕਾਲ ਨਾਲ ਨਜਿੱਠਦਿਆਂ, ਜਿਹੜੇ ਫੈਸਲੇ ਗ੍ਰੰਥ ਅਤੇ ਪੰਥ ਦੀ ਅਗਵਾਈ ਵਿਚ ਲਏ ਜਾਂਦੇ ਰਹੇ ਹਨ, ਉਨ੍ਹਾਂ ਨੂੰ ਸਿੱਖ ਭਾਈਚਾਰੇ ਨੇ ਪ੍ਰਾਲਬਧ ਅਤੇ ਹੋਣੀ ਵਾਂਗ ਵੀ ਹੰਢਾਇਆ ਹੈ। ਮਿਸਲਾਂ ਦਾ ਸਮਾਂ, ਗ੍ਰੰਥ ਦੀ ਅਗਵਾਈ ਵਿਚ ਹੋਣ ਕਰਕੇ, ਪੰਥਕਤਾ ਨੂੰ ਮਜ਼ਬੂਤ ਕਰਦਾ ਰਿਹਾ ਹੈ। ਇਹ ਮਜ਼ਬੂਤੀ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਖੁਰਦੀ ਨਜ਼ਰ ਆ ਜਾਂਦੀ ਹੈ। ਇਸ ਵਿਚੋਂ ਨਿਕਲਣ ਦੀ ਲਹਿਰ, ‘ਸਿੰਘ ਸਭਾ ਲਹਿਰ’ ਅਖਵਾਈ ਸੀ। ਇਸ ਲਹਿਰ ਦੀਆਂ ਸਾਰੀਆਂ ਪ੍ਰਾਪਤੀਆਂ, ‘ਗ੍ਰੰਥ ਅਤੇ ਪੰਥ’ ਦੀ ਅਗਵਾਈ ਵਿਚ ਚਲਣ ਦਾ ਸਿੱਟਾ ਹਨ। ਪਰ ਇਸ ਵਿਚੋਂ ਨਿਕਲੀ ਹੋਈ ਸਿਆਸਤ ਦਾ ਲੇਖਾ ਜੋਖਾ ਗੰਭੀਰਤਾ ਨਾਲ ਕੀਤੇ ਜਾਣ ਦੀ ਲੋੜ ਹੈ। ਅਜਿਹਾ ਕਰਦੇ ਵਕਤ ਇਹ ਧਿਆਨ ਵਿਚ ਰੱਖੇ ਜਾਣ ਦੀ ਲੋੜ ਹੈ ਕਿ ਅੰਗ੍ਰਜ਼ਾਂ ਦੀ ਕੂਟਨੀਤਕ ਸਿਆਸਤ, ਗ਼ਦਰੀਆਂ ਅਤੇ ਬੱਬਰਾਂ ਦੀਆਂ ਆਪਾ ਵਾਰੂ ਕੋਸ਼ਿਸ਼ਾਂ ਅਤੇ 1925 ਦਾ ਗੁਰਦੁਆਰਾ ਐਕਟ ਆਦਿ ਨੇ ਕੀ ਭੂਮਿਕਾ ਨਿਭਾਈ ਹੈ? ਜਿਹੜੇ ਵੀ ਧਰਮ, ਉਤਮਤਾ ਦਾ ਸ਼ਿਕਾਰ ਹੋ ਜਾਣ ਜਾਂ ਸਵੈ-ਚੌਧਰ ਦਾ ਸ਼ਿਕਾਰ ਹੋ ਜਾਣ, ਉਹ ਧਰਮ ਨੂੰ ਇਕ ਪਾਸੇ ਅਧਿਆਤਮਿਕਤਾ ਨਾਲੋਂ ਤੋੜਦੇ ਹਨ ਅਤੇ ਦੂਜੇ ਪਾਸੇ ਸਿਆਸੀ ਸਰਦਾਰੀ ਵੱਲ ਧੱਕ ਦਿੰਦੇ ਹਨ। ਧਰਮ ਦੇ ਹਵਾਲੇ ਨਾਲ ਇਹ ਸਥਾਪਤ ਹੋ ਚੁੱਕਾ ਹੈ ਕਿ ਈਸਾਈਅਤ ਦੀ ਉਤਮਤਾ ਨੂੰ ਈਸਾਈਆਂ ਦੀ ਸਿਆਸਤ ਨੇ, ਮੁਸਲਮਾਨਾਂ ਦੀ ਉਤਮਤਾ ਨੂੰ ਮੁਸਲਮਾਨਾਂ ਦੀ ਸਿਆਸਤ ਨੇ ਅਤੇ ਹਿੰਦੂਆਂ ਦੀ ਉਤਮਤਾ (ਅੱਜ ਕਲ ਹਿੰਦੂਤਵ) ਹਿੰਦੂਆਂ ਦੀ ਸਿਆਸਤ ਨੇ ਸ਼ਹਿ ਵੀ ਦਿੱਤੀ ਹੈ, ਵਰਤਿਆ ਵੀ ਹੈ ਅਤੇ ਕੱਟੜਤਾ ਵੱਲ ਧੱਕਿਆ ਵੀ ਹੈ। ਧਰਮ, ਜਦੋਂ ਵੀ ਆਪਸੀ ਝਗੜਿਆਂ ਦਾ ਕਾਰਨ ਬਣਿਆ ਹੈ, ਧਰਮ ਦੀ ਸਿਆਸਤ ਕਰਕੇ ਹੀ ਬਣਿਆ ਹੈ। ਗੁਰਮਤਿ ਵਿਚੋਂ ਬੰਦੇ ਦੀ ਸਰਦਾਰੀ ਨੂੰ ਮਨਫੀ ਕਰਕੇ ਅਤੇ ਸ਼ਬਦ ਗੁਰੂ ਦੀ ਅਗਵਾਈ ਸਥਾਪਤ ਕਰਕੇ, ਸਿੱਖ ਧਰਮ ਨੂੰ ਸਿਆਸਤ ਮੁਕਤ ਕਰ ਦਿੱਤਾ ਗਿਆ ਸੀ। ਇਸ ਗੁਰਮਤਿ ਧਾਰਨਾ ਨੂੰ ਛੇਵੇਂ ਪਾਤਸ਼ਾਹ ਹਜ਼ੂਰ ਨੇ ‘ਮੀਰੀ ਪੀਰੀ’ ਰਾਹੀਂ ਲਾਗੂ ਵੀ ਕਰ ਦਿੱਤਾ ਸੀ। ਇਸ ਨਾਲ ਇਹ ਸੱਚ ਸਾਹਮਣੇ ਆ ਗਿਆ ਸੀ ਕਿ ਧਰਮ, ਆਮ ਆਦਮੀ ਦੀ ਧਰੋਹਰ ਹੈ ਅਤੇ ਸਿਆਸਤ ਖਾਸ ਬੰਦਿਆਂ ਦੀ ਖੇਡ ਜਾਂ ਕਲਾਕਾਰੀ ਹੈ। ਪਰ 21ਵੀਂ ਸਦੀ ਤੱਕ ਪਹੁੰਚਦਿਆਂ ਪਹੁੰਚਦਿਆਂ ਸਿੱਖ ਭਾਈਚਾਰਾ ਉਪਰੋਕਤ ਤਿੰਨਾਂ ਭਾਈਚਾਰਿਆਂ ਵਾਂਗ ਸਿਆਸਤ ਦੀ ਅਗਵਾਈ ਵਿਚ ਧਰਮ ਕਮਾਉਣ ਦੇ ਰਾਹ ਪੈ ਗਿਆ ਹੈ। ਇਸ ਨਾਲ ਧਰਮਨੁਮਾ ਸਿਆਸਤ ਅਤੇ ਸਿਆਸਤਨੁਮਾ ਧਰਮ ਦਾ ਰਾਹ ਪੱਧਰਾ ਹੋ ਗਿਆ ਹੈ।
ਗੁਰਮਤੇ ਨੂੰ ਪੰਥ ਦੀ ਸਾਂਝੀ ਸਮਝ ਦੇ ਮਤੇ ਵਜੋਂ ਲਾਗੂ ਕੀਤਾ ਗਿਆ ਸੀ ਅਤੇ ਗੁਰਮਤੇ ਤੱਕ ਪਹੁੰਚਣ ਲਈ ‘ਸਰਬਤ ਖਾਲਸਾ’ ਦੀ ਵਰਤੋਂ ਹੁੰਦੀ ਰਹੀ ਹੈ। ਇਸ ਨਾਲ ਨਿੱਜੀ ਅਤੇ ਕਬੀਲਾ ਵਖਰੇਵਿਆਂ ਨੂੰ ਮੁੱਖ ਧਾਰਾ ਹੋ ਜਾਣ ਦਾ ਮੌਕਾ ਮਿਲਿਆ ਸੀ। ਇਸ ਦਾ ਰਾਹ ਰੋਕਣ ਦੀ ਲੋੜ ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਨੂੰ ਪਈ ਸੀ। ਸ਼੍ਰੋਮਣੀ ਕਮੇਟੀ ਨੂੰ ‘ਸਰਬਤ ਖਾਲਸਾ’ ਦਾ ਬਦਲ ਸਮਝ ਲਏ ਜਾਣ ਨਾਲ ‘ਗੁਰਮਤੇ’ ਨੂੰ ਆਰਕਾਈਵਲ ਲੋੜ ਬਣਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਗੁਰਮਤੇ ਦੀ ਸਿਆਸਤ ਤਾਂ ਹੁੰਦੀ ਰਹੀ ਹੈ, ਪਰ ਗੁਰਮਤਾ ਨਹੀਂ ਹੋਇਆ? ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਸਪਸ਼ਟ ਹੋਣਾ ਚਾਹੀਦਾ ਹੈ ਕਿ ਗੁਰਮਤੇ ਦੀ ਸਿਆਸਤ ਅਤੇ ਗੁਰਮਤੇ ਨੂੰ ਆਮ ਸਿੱਖ ਦੀ ਹਿੱਸੇਦਾਰੀ ਦੇ ਮਾਧਿਅਮ ਅਰਥਾਤ ਵਸੀਲੇ ਵਿਚੋਂ ਕਿਸ ਬਾਰੇ ਗੱਲ ਕਰਨਾ ਚਾਹੁੰਦੇ ਹਾਂ? ਗੁਰਮਤੇ ਦੀ ਸਿਆਸਤ ਬਾਰੇ ਇੰਨਾ ਹੀ ਕਹਿਣਾ ਹੈ ਕਿ ਹਰ ਰੰਗ ਦੀ ਸਿੱਖ ਸਿਆਸਤ ਦੇ ਪ੍ਰਤੀਨਿਧਾਂ ਨੇ ਗੁਰਮਤੇ ਦੀ ਸਾਖ ਨੂੰ ਮਧੋਲਣ ਵਿਚ ਹਿੱਸਾ ਪਾਇਆ ਹੈ। ਗੁਰਮਤਾ, ਪੰਥਕ-ਸੁਰ ਵਿਚ ਮਤਾ ਪਕਾਉਣ ਦੀ ਭਾਵਨਾ ਵਿਚ ਸਾਹਮਣੇ ਆਉਂਦਾ ਰਿਹਾ ਸੀ। ਸਿੱਖ ਸਿਆਸਤਦਾਨ ਨੇ ਸਿਆਸੀ ਸਹੂਲਤ ਮੁਤਾਬਿਕ ਕੀਤੇ ਮਤੇ ਨੂੰ ਗੁਰਮਤਾ ਬਣਾਉਣ ਦੀ ਸਿਆਸਤ ਲਗਾਤਾਰ ਕੀਤੀ ਹੈ। ਇਸ ਨਾਲ ਗੁਰਮਤੇ ਦਾ ਪ੍ਰਸੰਗ ਗੁਆਚਿਆ ਹੈ ਅਤੇ ਇਸ ਦੀ ਸਥਾਪਤੀ ਵਾਸਤੇ, ਇਸ ਨੂੰ ਸਿਆਸੀ-ਅਪਹਰਣ ਦੀਆਂ ਸੰਭਾਵਨਾਵਾਂ ਤੋਂ ਮੁਕਤ ਸਮਝ ਕੇ ਗੱਲ ਕੀਤੇ ਜਾਣ ਦੀ ਲੋੜ ਹੈ।

Be the first to comment

Leave a Reply

Your email address will not be published.