ਗੁਰਬਚਨ ਸਿੰਘ
ਫੋਨ: 91-98156-98451
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਗੁਰੂ ਨਾਨਕ ਸਿੱਖ ਸਟੱਡੀਜ਼ ਵਿਭਾਗ ਵਲੋਂ ਲੰਘੀ 23 ਮਈ ਨੂੰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੀ ਸਰਬਵਿਆਪਕਤਾ ਬਾਰੇ ਡਾ. ਸਵਰਾਜ ਸਿੰਘ ਦਾ ਲੈਕਚਰ ਕਰਵਾਇਆ ਗਿਆ। ਲੈਕਚਰ ਤੋਂ ਬਾਅਦ ਡਾ. ਸਵਰਾਜ ਸਿੰਘ ਦੀ ਪੁਸਤਕ ‘ਸੰਸਾਰੀਕਰਨ ਦੇ ਦੌਰ ਵਿਚ ਪੂਰਬ ਅਤੇ ਸਿੱਖ ਵਿਚਾਰਧਾਰਾ ਦੀ ਸਾਰਥਕਤਾ’ ਬਾਰੇ ਮੈਨੂੰ ਆਪਣੇ ਵਿਚਾਰ ਦੱਸਣ ਲਈ ਕਿਹਾ ਗਿਆ। ਉਂਜ ਬੜੇ ਉਸਾਰੂ ਮਾਹੌਲ ਵਿਚ ਹੋਈ ਇਸ ਚਰਚਾ ਦਾ ਇਕ ਦਿਲਚਸਪ ਪਹਿਲੂ ਇਹ ਸੀ ਕਿ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਨਾਲ ਤਿੰਨ ਸਾਮੀ ਧਰਮਾਂ-ਯਹੂਦੀਅਤ, ਇਸਾਈਅਤ ਤੇ ਇਸਲਾਮ ਵਿਚ ਚਲੀ ਆ ਰਹੀ ਬਾਬਾ ਆਦਮ ਦੀ ਬਣੀ ਮਿਥ ਦਾ ਖੰਡਨ ਕੀਤਾ ਤਾਂ ਮੈਥੋਂ
ਪਿਛੋਂ ਬੋਲੇ ਗੁਰੂ ਨਾਨਕ ਸਿੱਖ ਸਟੱਡੀਜ਼ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਦਰਸ਼ਨ ਸਿੰਘ ਨੇ ਇਹ ਕਹਿ ਕੇ ਬਜੁਰਗਾਨਾ ਸੁਝਾਅ ਦਿਤਾ ਕਿ ਸਾਨੂੰ ਅਜਿਹੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ, ਜਿਨ੍ਹਾਂ ਨਾਲ ਦੂਜੇ ਧਰਮਾਂ ਦੇ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਪੁੱਜੇ। ਉਨ੍ਹਾਂ ਦੇ ਇਸ ਸੁਝਾਅ ਦਾ ਮੰਤਵ ਕੋਈ ਵੀ ਹੋਵੇ, ਪਰ ਉਸੇ ਦਿਨ ਦਾ ਇਹ ਸੁਆਲ ਮੇਰੇ ਮਨ ਵਿਚ ਅਟਕਿਆ ਹੋਇਆ ਹੈ ਕਿ ਕੀ ਹੋਰਨਾਂ ਲੋਕਾਂ ਦੇ ਜਜ਼ਬਾਤ ਦਾ ਖਿਆਲ ਰਖਦਿਆਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸੱਚ ਨੂੰ ਬਿਆਨ ਨਹੀਂ ਕਰਨਾ ਚਾਹੀਦਾ?
ਗੁਰੂ ਗ੍ਰੰਥ ਸਾਹਿਬ ਦਾ ਹਵਾਲਾ ਹੈ,
ਸਤਰਿ ਸੈਇ ਸਲਾਰ ਹੈ ਜਾ ਕੇ॥
ਸਵਾ ਲਾਖੁ ਪੈਕਾਬਰ ਤਾ ਕੇ॥
ਸੇਖ ਜੁ ਕਹੀਅਹਿ ਕੋਟਿ ਅਠਾਸੀ॥
ਛਪਨ ਕੋਟਿ ਜਾ ਕੇ ਖੇਲ ਖਾਸੀ॥੧॥
ਮੋ ਗਰੀਬ ਕੀ ਕੋ ਗੁਜਰਾਵੈ॥
ਮਜਲਸਿ ਦੂਰਿ ਮਹਲੁ ਕੋ ਪਾਵੈ॥੧॥ ਰਹਾਉ॥
ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ॥
ਉਨਿ ਭੀ ਭਿਸਤਿ ਘਨੇਰੀ ਪਾਈ॥੨॥
ਸਭੁ ਕੋਈ ਚਲਨ ਕਹਤ ਹੈ ਊਹਾਂ॥
ਨਾ ਜਾਨਉ ਬੈਕੁੰਠੁ ਹੈ ਕਹਾਂ॥੧॥ ਰਹਾਉ॥
ਆਪ ਆਪ ਕਾ ਮਰਮੁ ਨ ਜਾਨਾਂ॥
ਬਾਤਨ ਹੀ ਬੈਕੁੰਠੁ ਬਖਾਨਾਂ॥੧॥
ਜਬ ਲਗੁ ਮਨ ਬੈਕੁੰਠ ਕੀ ਆਸ॥
ਤਬ ਲਗੁ ਨਾਹੀ ਚਰਨ ਨਿਵਾਸ॥੨॥
ਖਾਈ ਕੋਟੁ ਨ ਪਰਲ ਪਗਾਰਾ॥
ਨਾ ਜਾਨਉ ਬੈਕੁੰਠ ਦੁਆਰਾ॥੩॥
ਕਹਿ ਕਮੀਰ ਅਬ ਕਹੀਐ ਕਾਹਿ॥
ਸਾਧਸੰਗਤਿ ਬੈਕੁੰਠੈ ਆਹਿ॥ (ਪੰਨਾ 1161)
ਬਾਬਾ ਆਦਮ ਅਤੇ ਨਰਕ-ਸੁਰਗ ਦੇ ਸਮੁੱਚੇ ਵਰਤਾਰੇ ਦਾ ਖੰਡਨ ਕਰਦਿਆਂ ਭਗਤ ਕਬੀਰ ਜੀ ਬੰਦੇ ਨੂੰ ਇਹ ਆਤਮਕ ਗਿਆਨ ਦੇ ਰਹੇ ਹਨ ਕਿ ਜਿਸ ਖੁਦਾ ਦੇ ਸੱਤ ਹਜ਼ਾਰ ਫਰਿਸ਼ਤੇ ਦੱਸੇ ਜਾਂਦੇ ਹਨ, ਸਵਾ ਲਖ ਪੈਗੰਬਰ ਕਹੇ ਜਾਂਦੇ ਹਨ, ਜਿਸ ਦੇ ਦਰ ‘ਤੇ ਖੜ੍ਹੇ ਅਠਾਸੀ ਕਰੋੜ ਸ਼ੇਖ ਅਤੇ ਛਪੰਜਾ ਕਰੋੜ ਸ਼ਰਧਾਲੂ ਦੱਸੇ ਜਾਂਦੇ ਹਨ, ਉਥੇ ਭਲਾ ਮੇਰੇ ਵਰਗੇ ਕਿਸੇ ਗਰੀਬ ਬੰਦੇ ਦੀ ਕੀ ਪਹੁੰਚ ਹੋਣੀ ਹੈ? ਸੱਤ ਅਸਮਾਨ ਦੂਰ ਉਸ ਦੇ ਮਹਿਲ ਤੱਕ ਮੇਰੀ ਕੀ ਰਸਾਈ ਹੋਣੀ ਹੈ?
ਕਿਹਾ ਜਾਂਦਾ ਹੈ ਕਿ ਬਾਬਾ ਆਦਮ ਨੂੰ ਕੁਝ ਚਿਰ ਲਈ ਬਹਿਸ਼ਤ ਨਸੀਬ ਹੋਈ ਸੀ, ਪਰ ਆਖਿਰ ਉਸ ਨੂੰ ਵੀ ਉਥੋਂ ਕੱਢ ਦਿਤਾ ਗਿਆ ਸੀ। ਗੁਰਮਤਿ ਦੀ ਇਹ ਪੜਚੋਲ ਸਿਰਫ ਯਹੂਦੀਅਤ, ਇਸਾਈਅਤ ਜਾਂ ਇਸਲਾਮ ਤਕ ਸੀਮਤ ਨਹੀਂ ਸਗੋਂ ਬ੍ਰਾਹਮਣਵਾਦ ਦੀ ਇਸ ਧਾਰਨਾ ਦਾ ਵੀ ਗੁਰਮਤਿ ਓਨੀ ਹੀ ਦ੍ਰਿੜ੍ਹਤਾ ਨਾਲ ਖੰਡਨ ਕਰਦੀ ਹੈ ਕਿ ਹਰ ਕੋਈ ਬੈਕੁੰਠ ਭਾਵ ਸਵਰਗ ਵਿਚ ਜਾਣਾ ਚਾਹੁੰਦਾ ਹੈ, ਪਰ ਕਿਸੇ ਨੂੰ ਨਹੀਂ ਪਤਾ ਕਿ ਇਹ ਸਵਰਗ ਹੈ ਕਿਥੇ?
ਭਗਤ ਕਬੀਰ ਜੀ ਵਿਅੰਗਮਈ ਭਾਸ਼ਾ ਵਿਚ ਬਚਨ ਕਰਦੇ ਹਨ ਕਿ ਆਪਣੇ ਮਨ ਅੰਦਰਲੇ ਭੇਦ ਦਾ ਤਾਂ ਪਤਾ ਨਹੀਂ, ਪਰ ਗੱਲਬਾਤ ਵਿਚ ਬੈਕੁੰਠ ਦਾ ਵਿਖਿਆਨ ਹੋ ਰਿਹਾ ਹੈ। ਗੁਰਮਤਿ ਅਨੁਸਾਰ ਜਦੋਂ ਤਕ ਬੰਦੇ ਦੇ ਮਨ ਵਿਚ ਕਿਸੇ ਸਵਰਗ ਦੀ ਆਸ ਬਣੀ ਰਹਿੰਦੀ ਹੈ, ਉਦੋਂ ਤਕ ਉਸ ਦਾ ਖੁਦਾ ਦੇ ਚਰਨਾਂ ਵਿਚ ਨਿਵਾਸ ਨਹੀਂ ਹੋ ਸਕਦਾ; ਕਿਉਂਕਿ ਉਦੋਂ ਤਕ ਉਸ ਨੂੰ ਆਪਣੀ ਕੁਦਰਤੀ ਹੋਂਦ ਦਾ ਅਹਿਸਾਸ ਨਹੀਂ ਹੁੰਦਾ ਅਤੇ ਉਸ ਨੂੰ ਇਹ ਪਤਾ ਨਹੀਂ ਲਗਦਾ ਕਿ ਰਬ ਉਸ ਦੇ ਆਪਣੇ ਹੀ ਮਨ ਵਿਚ ਬਣੇ ਸੰਕਲਪ ਦੀ ਉਪਜ ਹੈ। ਭਗਤ ਕਬੀਰ ਜੀ ਨਰਕ-ਸੁਰਗ ਦੀ ਇਸ ਸਾਰੀ ਚਰਚਾ ਬਾਰੇ ਵਿਅੰਗਮਈ ਟਿੱਪਣੀ ਕਰਦਿਆਂ ਬਚਨ ਕਰਦੇ ਹਨ ਕਿ ਕਿਸੇ ਖਾਈ, ਕਿਲੇ, ਸ਼ਹਿਰ ਜਾਂ ਉਸ ਕਿਲੇ ਨੂੰ ਜਾਣ ਵਾਲੇ ਕਿਸੇ ਰਸਤੇ ਦਾ ਤਾਂ ਪਤਾ ਨਹੀਂ ਤੇ ਨਾ ਹੀ ਇਹ ਪਤਾ ਹੈ ਕਿ ਬੈਕੁੰਠ ਹੈ ਕਿਥੇ? ਪਰ ਐਵੇਂ ਗੱਲੀਬਾਤੀਂ ਸਾਰੀ ਚਰਚਾ ਕੀਤੀ ਜਾ ਰਹੀ ਹੈ। ਭਗਤ ਕਬੀਰ ਜੀ ਦੇ ਬਚਨ ਹਨ ਕਿ ਹੁਣ ਕਿਸੇ ਨੂੰ ਕੀ ਦੱਸੀਏ ਕਿ ਇਹ ਬੈਕੁੰਠ ਅਸਲ ਵਿਚ ਸਾਧ-ਸੰਗਤ ਵਿਚ ਹੀ ਪ੍ਰਾਪਤ ਹੁੰਦਾ ਹੈ।
ਕਵਨੁ ਨਰਕੁ ਕਵਨੁ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ॥
ਹਮ ਕਾਹੂੰ ਕੀ ਕਾਣਿ ਨ ਕਢਤੇ ਅਪਨੇ ਗੁਰਪ੍ਰਸਾਦੇ॥ (ਪੰਨਾ 969)
ਭਗਤ ਕਬੀਰ ਜੀ ਨਰਕ-ਸੁਰਗ ਦੀ ਸਾਰੀ ਚਰਚਾ ਨੂੰ ਸਪਸ਼ਟ ਸ਼ਬਦਾਂ ਵਿਚ ਨਕਾਰਦਿਆਂ ਬਚਨ ਕਰਦੇ ਹਨ ਕਿ ਸੰਤਾਂ ਨੇ ਨਰਕ-ਸੁਰਗ ਦੇ ਸਾਰੇ ਵਰਤਾਰੇ ਦਾ ਹੀ ਖੰਡਨ ਕਰ ਦਿੱਤਾ ਹੈ ਅਤੇ ਹੁਣ ਉਹ ਆਪਣੇ ਗੁਰੂ ਵਲੋਂ ਦਿਤੇ ਆਤਮਿਕ ਗਿਆਨ ਦੀ ਰੋਸ਼ਨੀ ਵਿਚ ਨਰਕ-ਸੁਰਗ ਦੀ ਕੋਈ ਪ੍ਰਵਾਹ ਨਹੀਂ ਕਰਦੇ।
ਮੈਂ ਗੁਰੂ ਗ੍ਰੰਥ ਸਾਹਿਬ ਦਾ ਦੂਜਾ ਹਵਾਲਾ ਇਹ ਦਿੱਤਾ ਸੀ,
ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ॥
ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ॥
ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ॥
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ॥ (ਪੰਨਾ 466)
ਗੁਰਮਤਿ ਨੇ ਇਸਲਾਮ ਰਾਹੀਂ ਉਪਰੋਕਤ ਤਿੰਨਾਂ ਧਰਮਾਂ ਦੇ ਇਸ ਭਰਮਜਾਲ ਦਾ ਵੀ ਬੜੀ ਦ੍ਰਿੜਤਾ ਨਾਲ ਖੰਡਨ ਕੀਤਾ ਹੈ ਕਿ ਮਰਨ ਤੋਂ ਬਾਅਦ ਪੁਨਰ ਜਾਗਰਣ ਦੇ ਦਿਨ ਰਬ ਸਾਰਿਆਂ ਨੂੰ ਉਨ੍ਹਾਂ ਦੇ ਕੀਤੇ ਕਰਮਾਂ ਅਨੁਸਾਰ ਸਵਰਗ-ਨਰਕ ਦੇਵੇਗਾ। ਗੁਰਮਤਿ ਦੱਸ ਰਹੀ ਹੈ ਕਿ ਦੱਬੇ ਮੁਰਦਿਆਂ ਦੀ ਮਿੱਟੀ ਤਾਂ ਘੁਮਿਆਰ ਦੇ ਘੜੇ ਭਾਂਡਿਆਂ ਵਿਚ ਲੱਗ ਗਈ ਹੈ, ਜੋ ਅੱਗ ਦੇ ਅੰਗਿਆਰਾਂ ਉਤੇ ਪੱਕ ਕੇ ਅਤੇ ਹੌਲੀ-ਹੌਲੀ ਵਰਤੋਂ ਵਿਚ ਆ ਕੇ ਟੁਟ-ਭਜ ਗਏ ਹਨ। ਗੁਰੂ ਸਾਹਿਬ ਦੇ ਬਚਨ ਹਨ ਕਿ ਕੁਦਰਤ ਦੇ ਕਣ-ਕਣ ਵਿਚੋਂ ਪ੍ਰਗਟ ਹੁੰਦੇ ਜਿਸ ਕਰਤਾ ਨੇ ਇਹ ਸਾਰਾ ਕੁਝ ਸਿਰਜਿਆ ਹੈ, ਉਹ ਹੀ ਇਨ੍ਹਾਂ ਮੁਰਦਿਆਂ ਦੀ ਹੋਣੀ ਜਾਣਦਾ ਹੈ, ਬਾਕੀ ਸਾਰੇ ਕਿਆਫੇ ਫਜ਼ੂਲ ਹਨ।
ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿਚ ਜੈਨ ਮਤਿ, ਬੁਧ ਮਤਿ ਦੀਆਂ ਸ਼ਾਖਾਵਾਂ ਨਾਥ ਮਤਿ, ਜੋਗ ਮਤਿ, ਸਿਧ ਮਤਿ, ਬ੍ਰਾਹਮਣ ਮਤਿ, ਕਰਮਕਾਂਡੀ ਹਿੰਦੂ ਮਤਿ ਦੀ ਬੜੀ ਤਿੱਖੀ ਪੜਚੋਲ ਕੀਤੀ ਗਈ ਹੈ। ਗੁਰਮਤਿ ਨੇ ਨਾ ਸਿਰਫ ਸਮੁੱਚੀ ਵੈਦਿਕ ਫਿਲਾਸਫੀ ਦੀ, ਸਗੋਂ ਇਸਲਾਮ ਰਾਹੀਂ ਪੱਛਮ ਦੇ ਸਾਰੇ ਧਰਮਾਂ ਵਿਚਲੀ ਫਿਲਾਸਫੀ ਦੀ ਵੀ ਪੜਚੋਲ ਕੀਤੀ ਹੈ। ਹੁਣ ਜੇ ਹੋਰਨਾਂ ਲੋਕਾਂ ਦੇ ਜਜ਼ਬਿਆਂ ਨੂੰ ਧਿਆਨ ਵਿਚ ਰੱਖ ਕੇ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਵਿਚ ਵਿਕਸਿਤ ਹੋਏ ਨਵੇਂ ਸੱਚ ਨੂੰ ਪ੍ਰਗਟ ਨਹੀਂ ਕੀਤਾ ਜਾਏਗਾ ਤਾਂ ਫਿਲਾਸਫੀ ਦੇ ਗਿਆਨ ਦੀ ਨਿਰੰਤਰਤਾ ਨੂੰ ਅਣਗੌਲਿਆਂ ਕਰਕੇ ਅਸੀਂ ਨਵੇਂ ਸੱਚ ਤਕ ਕਿਵੇਂ ਪਹੁੰਚਾਂਗੇ? ਦਰਅਸਲ ਇਹੀ ਝਿਜਕ ਹੈ, ਜਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਦੇ ਨਵੇਂ ਸੱਚ ਨੂੰ ਪ੍ਰਗਟ ਹੋਣ ਤੋਂ ਰੋਕਿਆ ਹੋਇਆ ਹੈ।
ਗੁਰਮਤਿ ਨੇ ਆਪਣੇ ਗਿਆਨ ਦਾ ਅਰੰਭ ਵੈਦਿਕ ਫਿਲਾਸਫੀ ਦੇ ਮੁੱਢ ਤੋਂ ਤੁਰੇ ਆ ਰਹੇ ਦੋ ਸੰਕਲਪਾਂ ‘ਬ੍ਰਹਮ’ ਅਤੇ ‘ਸੰਸਾਰ’ ਦੇ ਰਿਸ਼ਤੇ ਨੂੰ ਸਪਸ਼ਟ ਕਰਨ ਤੋਂ ਕੀਤਾ ਹੈ। “ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥” (ਪੰਨਾ 335) ਗੁਰਮਤਿ ਨੇ ‘ਬ੍ਰਹਮ’ ਅਤੇ ‘ਸੰਸਾਰ’ ਦੇ ਆਪਸੀ ਰਿਸ਼ਤੇ ਨੂੰ ਸਪਸ਼ਟ ਕਰਦਿਆਂ ਬ੍ਰਾਹਮਣੀ ‘ਭਗਤੀ’ ਦੇ ਸੰਕਲਪ ਨੂੰ ਵੀ ਨਵੇਂ ਭਾਵ ਅਰਥ ਦਿੱਤੇ ਹਨ। ਬ੍ਰਾਹਮਣ ਮਤਿ (ਸ਼ੰਕਰਾਚਾਰੀਆ) ਇਹ ਮੰਨ ਕੇ ਚਲਦਾ ਹੈ ਕਿ ਇਹ ‘ਸੰਸਾਰ’ ਮਿਥਿਆ ਹੈ। ਇਕ ਮਨੁੱਖ ਨੇ ਜਦੋਂ ਆਪਣੀ ਸੀਮਤ ਉਮਰ ਭੋਗ ਕੇ ਮਰ ਹੀ ਜਾਣਾ ਹੈ ਤਾਂ ਇਹ ਦਿਸ ਰਿਹਾ ‘ਸੰਸਾਰ’ ਮਾਇਆ ਭਾਵ ਇਕ ਛਲਾਵਾ ਹੈ, ਪਰ ਗੁਰਮਤਿ ਨੇ ਬ੍ਰਾਹਮਣ ਮਤਿ ਦੀ ਇਸ ਧਾਰਨਾ ਦਾ ਪੂਰਨ ਰੂਪ ਵਿਚ ਖੰਡਨ ਕੀਤਾ ਹੈ। ਗੁਰਮਤਿ ਨੇ ਇਹ ਬੁਲੰਦ ਐਲਾਨ ਕੀਤਾ ਹੈ ਕਿ ਇਹ ਦ੍ਰਿਸ਼ਟੀਗੋਚਰ ਹੁੰਦਾ ‘ਸੰਸਾਰ’ ਤੇ ਅੰਤਹੀਣ ਅਦ੍ਰਿਸ਼ਟ ‘ਬ੍ਰਹਮ’ ਭਾਵ ਇਹ ਅਸੀਮ ਬ੍ਰਹਿਮੰਡੀ ਵਿਸਥਾਰ ਇਕ ਹੈ। ਇਹ ਮਨੁੱਖੀ ਮਨ ਦੀ ਕੋਰੀ ਕਲਪਨਾ ਨਹੀਂ, ਸਗੋਂ ਇਕ ਹਕੀਕਤ ਹੈ। ਇਹ ਏਕੋ (ੴ ) ਭਾਵ ਇਕ ਹੈ। ਜਿਹੜਾ ਕਰਤਾਰੀ ਹਸਤੀ ਕਰਤਾ ਦੇ ਰੂਪ ਵਿਚ ਨਿਰਭਓ ਨਿਰਵੈਰ ਕਿਸੇ ਸਮੇਂ ਦੀ ਸੀਮਾ ਵਿਚ ਨਾ ਬੱਝਣ ਵਾਲਾ ਅਕਾਲ, ਸਾਕਾਰ ਰੂਪ ਅਤੇ ਕਿਸੇ ਜੂਨ ਵਿਚ ਨਾ ਆਉਣ ਵਾਲਾ ਸਵੈ ਤੋਂ ਵਿਕਸਿਤ ਹੋਣ ਵਾਲਾ ਸੱਚ ਹੈ ਅਤੇ ਇਸ ਦ੍ਰਿਸ਼ਟੀਗੋਚਰ ਹੁੰਦੇ ਸੰਸਾਰ ਵਿਚ ਵਸਦੀ ਸਮੂਹ ਜੀਵਾਂ ਦੀ ਜ਼ਿੰਦਗੀ ਇਸ ਸੱਚ ਦਾ ਪ੍ਰਗਟ ਰੂਪ ਹੈ।
ਬ੍ਰਾਹਮਣ ਮਤਿ ਦੀ ਦੂਜੀ ਵੱਡੀ ਧਾਰਨਾ ਭਗਤੀ ਦਾ ਸੰਕਲਪ ਹੈ। ਭਗਤੀ ਦੇ ਇਸ ਸੰਕਲਪ ਅਨੁਸਾਰ ਵੱਖ ਵੱਖ ਤਰ੍ਹਾਂ ਦੇ ਕਰਮਕਾਂਡ ਦੇ ਰੂਪ ਵਿਚ ਅਨੇਕਾਂ ਅਵਤਾਰਾਂ, ਮਨ-ਕਲਪਿਤ ਦੇਵੀ ਦੇਵਤਿਆਂ ਤੇ ਪਸੂ ਪੰਛੀਆਂ ਦੀਆਂ ਮੂਰਤੀਆਂ ਦੀ ਪੂਜਾ ਕਰਨ ਅਤੇ ਉਨ੍ਹਾਂ ਦੇ ਨਾਂ ਨੂੰ ਵਾਰ-ਵਾਰ ਜਪਣ ਦੀ ਤਾਕੀਦ ਕੀਤੀ ਗਈ ਹੈ। ਗੁਰਮਤਿ ਬ੍ਰਾਹਮਣ ਮਤਿ ਦੀ ਭਗਤੀ ਦੀ ਇਸ ਧਾਰਨਾ ਦਾ ਵੀ ਪੂਰਨ ਰੂਪ ਵਿਚ ਖੰਡਨ ਕਰਦੀ ਹੈ ਅਤੇ ਮਨੁੱਖ ਨੂੰ ਇਕੋ ਉਕਤ ਹੋਂਦ ਰੂਪੀ ਸੱਚ ਨੂੰ ਜਪਣ ਭਾਵ ਆਪਣੀ ਸੋਚ ਤੇ ਆਪਣੇ ਮਨ ਵਿਚ ਵਸਾਉਣ ਦੀ ਚੇਤਨਾ ਦਿੰਦੀ ਹੈ। ਜਪੁ ਉਸ ਨੂੰ, ਜੋ ਆਦਿ ਸੱਚ ਹੈ। ਜੁਗਾਦਿ ਸੱਚ ਹੈ। ਹੁਣ ਵੀ ਸੱਚ ਹੈ ਅਤੇ ਜਿਹੜਾ ਭਵਿਖ ਵਿਚ ਵੀ ਸੱਚ ਹੋਵੇਗਾ। ਜਪੁ ਉਸ ਨੂੰ, ਜਿਸ ਦੀ ਸ਼ਨਾਖਤ ਕੁਦਰਤ ਵਿਚੋਂ ਹੁੰਦੀ ਹੈ, “ਨਾਨਕ ਸਚੁ ਦਾਤਾਰੁ ਸਿਨਾਖਤੁ ਕੁਦਰਤੀ॥” (ਪੰਨਾ 141) ਗੁਰਮਤਿ ਅਨੁਸਾਰ ਇਹ ਸਮੁੱਚਾ ਅੰਤਹੀਣ ਬ੍ਰਹਿਮੰਡੀ ਵਿਸਥਾਰ ‘ਏਕੋ’ (ੴ ) ਭਾਵ ‘ਬ੍ਰਹਮ’-ਇਹ ਦ੍ਰਿਸ਼ਟੀਗੋਚਰ ਹੁੰਦਾ ‘ਸੰਸਾਰ’, ਜਿਸ ਦਾ ਇਕ ਅੰਸ਼ ਹੈ, ਆਪਣੇ ਹੀ ਨਿਸ਼ਚਿਤ ਨੇਮਾਂ ਅਨੁਸਾਰ ਗਤੀਸ਼ੀਲ ਹੈ।
ਵੈਦਿਕ ਧਾਰਨਾ ਅਨੁਸਾਰ ਸਮੁੱਚੀ ਸੰਸਾਰ ਫਿਲਾਸਫੀ ਦਾ ਜਨਮ ਓਮ ਤੋਂ ਹੋਇਆ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਆਦਿ ਮਾਨਵ ਨੇ ਜਦੋਂ ਪਸੂ ਦੀ ਪੱਧਰ ਤੋਂ ਉਪਰ ਉਠ ਕੇ ਮਨੁੱਖੀ ਹੋਂਦ ਧਾਰਨ ਕੀਤੀ ਤੇ ਉਸ ਨੇ ਕਿਸੇ ਦੂਜੇ ਮਨੁੱਖ ਨਾਲ ਆਪਣੀ ਜਜ਼ਬਾਤੀ ਹੋਂਦ ਪ੍ਰਗਟ ਕਰਨ ਲਈ ਖੁਸ਼ੀ, ਗਮੀ ਜਾਂ ਉਸ ਦਾ ਧਿਆਨ ਆਪਣੇ ਵੱਲ ਖਿਚਣ ਲਈ ਜਿਹੜੀ ਪਹਿਲੀ ਹੂਕ, ਕੂਕ ਜਾਂ ਚੀਕ ਮਾਰੀ, ਉਹ ‘ਓਮ’ ਦੀ ਧੁਨੀ ਸੀ। ਇਸ ਓਮ ਦੀ ਧੁਨੀ ਦਾ ਮਨੁੱਖ ਦੇ ਆਪਣੇ ਸਰੀਰੀ ਮਨ ਵਿਚ ਹੋਇਆ ਪਹਿਲਾ ਅਨੁਭਵ ਅਤੇ ਇਸ ਦਾ ਦਿਮਾਗ ਅੰਦਰ ਪ੍ਰਗਟ ਹੋਇਆ ਅੱਖਰੀ ਰੂਪ ਮੁਢਲਾ ਸ਼ਬਦ ਸੀ, ਜਿਸ ਤੋਂ ਸਾਰੇ ਗਿਆਨ ਦਾ ਪਸਾਰਾ ਹੋਇਆ ਮੰਨਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਇਸ ਓਮ+ਆਕਾਰ (ਓਅੰਕਾਰ) ਅੱਖਰ ਨਾਲ ਅੰਕ ਗਣਿਤ ਦਾ ‘ਇਕ’ ਲਾ ਕੇ ਇਸ ਨੂੰ ੴ (ਏਕੋ) ਦੇ ਰੂਪ ਵਿਚ ਚਿੰਨ੍ਹਤ ਕੀਤਾ ਹੈ। ਇਸ ਅੰਤਹੀਣ ਬ੍ਰਹਿਮੰਡੀ ਪਸਾਰੇ ਨੂੰ ਇਕ ਦਾ ਵਿਸਥਾਰ ਦੱਸ ਕੇ ਇਸ ਦੀ ਵਰਤੋਂ ਬ੍ਰਹਮ ਦੇ ਅੰਤਹੀਣ ਆਕਾਰ (ਵਜੂਦ) ਨੂੰ ਪ੍ਰਗਟ ਕਰਨ ਵਾਲੇ ਇਕ ਚਿੰਨ੍ਹ ਵਜੋਂ ਕੀਤੀ ਹੈ।
ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ॥ (ਪੰਨਾ 846)
ਬ੍ਰਹਮ ਬਿੰਦ ਤੇ ਸਭ ਓਪਤਿ ਹੋਈ॥ (ਪੰਨਾ 1127)
ਜਦੋਂ ਏਕੁ ਏਕੁ ਦਾ ਵਿਖਿਆਨ ਕਰੀਦਾ ਹੈ ਤਾਂ ਬ੍ਰਹਮ ਹੀ ਦਿਸਦਾ ਹੈ ਅਤੇ ਬ੍ਰਹਮ ਹੀ ਸੁਣੀਂਦਾ ਹੈ। ਇਹ ਸਾਰੀ ਉਤਪਤੀ ਬ੍ਰਹਮ ਦਾ ਹੀ ਅੰਸ਼ ਹੈ। ਭਾਵ ਆਪਣੇ ਆਲੇ ਦੁਆਲੇ ਚਾਰ-ਚੁਫੇਰੇ ਦਿਸ ਰਿਹਾ ਇਹ ਅਸੀਮ ਬ੍ਰਹਿਮੰਡੀ ਪਸਾਰਾ ਏਕੋ ਹੈ ਅਤੇ ਇਹੀ ਬ੍ਰਹਮ ਹੈ। ਬੇਸ਼ਕ ਗੁਰਮਤਿ ਬ੍ਰਾਹਮਣ ਮਤਿ ਦੀ ਕਲਪਨਾ ਵਿਚ ਵਸੇ ‘ਬ੍ਰਹਮ’ ਦੇ ਵਿਅਕਤੀ ਰੂਪ ਬ੍ਰਹਮਾ ਦੀ ਕਿਸੇ ਵੀ ਹੋਂਦ ਤੋਂ ਇਨਕਾਰੀ ਹੈ, “ਬ੍ਰਹਮਾ ਬਿਸਨੁ ਮਹੇਸ ਨ ਕੋਈ॥ ਅਵਰ ਨ ਦੀਸੈ ਏਕੋ ਸੋਈ॥ (ਪੰਨਾ 1035) ਬ੍ਰਹਮਾ ਵਿਸ਼ਨੂੰ ਅਤੇ ਮਹੇਸ਼ ਦੀ ਕੋਈ ਹੋਂਦ ਨਹੀਂ। ਸਭ ਥਾਂ ਇਸ ਏਕੋ ਦਾ ਹੀ ਪਸਾਰਾ ਹੈ। ਗੁਰਮਤਿ ਸੁਆਲ ਕਰਦੀ ਹੈ,
ਬ੍ਰਹਮਾ ਬਡਾ ਕਿ ਜਾਸ ਉਪਾਇਆ॥ (ਪੰਨਾ 331)
ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ॥ (ਪੰਨਾ 559)
ਬ੍ਰਹਮੈ ਵਡਾ ਕਹਾਇ ਅੰਤ ਨ ਪਾਇਆ॥ (ਪੰਨਾ 1279)
ਬ੍ਰਹਮੈ ਇੰਦ੍ਰਿ ਮਹੇਸਿ ਨ ਜਾਨੀ॥ (ਪੰਨਾ 1032)
ਬ੍ਰਹਮਾ ਵੱਡਾ ਹੈ ਜਾਂ ਜਿਸ ਬ੍ਰਹਮ ਤੋਂ ਸਾਰਿਆਂ ਦੀ ਉਤਪਤੀ ਹੋਈ ਹੈ, ਉਹ ਵੱਡਾ ਹੈ। ਗੁਰਮਤਿ ਇਹ ਵੀ ਦੱਸਦੀ ਹੈ ਕਿ ਬ੍ਰਹਮਾ ਦੇ ਨਾਂ ਉਤੇ ਦਿੱਤਾ ਜਾਂਦਾ ਕਥਿਤ ਵੇਦਾਂ ਦਾ ਸਾਰਾ ਗਿਆਨ ਮੋਹ ਮਾਇਆ ਦਾ ਪਸਾਰਾ ਭਾਵ ਮਨ-ਕਲਪਿਤ ਹੈ। ਗੁਰਮਤਿ ਇਹ ਵੀ ਦਸਦੀ ਹੈ ਕਿ ਬ੍ਰਹਮਾ ਆਪਣੇ ਆਪ ਨੂੰ ਵੱਡਾ ਕਹਾਉਂਦਾ ਹੈ, ਪਰ ਉਹ ਬ੍ਰਹਮ ਦਾ ਅੰਤ ਨਹੀਂ ਪਾ ਸਕਿਆ। ਬ੍ਰਹਮਾ, ਇੰਦਰ ਤੇ ਮਹੇਸ਼ ਨੂੰ ਬ੍ਰਹਮ ਦਾ ਕੋਈ ਗਿਆਨ ਨਹੀਂ। ਗੁਰਮਤਿ ਬ੍ਰਹਮ ਦੀ ਹੋਂਦ ਨੂੰ ਹਕੀਕੀ ਮੰਨਦੀ ਹੈ, ਜਦੋਂ ਕਿ ਬ੍ਰਹਮਾ ਦੀ ਸਿਰਜਕ ਹੋਂਦ ਦਾ ਖੰਡਨ ਕਰਦੀ ਹੈ; ਬੇਸ਼ਕ ਬ੍ਰਾਹਮਣ ਮਤਿ ਦਾ ਸਾਰਾ ਢਾਂਚਾ ਹੀ ‘ਬ੍ਰਹਮਾ ਬਿਸਨ ਮਹੇਸ਼’ ਦੀ ਹੋਂਦ ‘ਤੇ ਖੜ੍ਹਾ ਹੈ। ਇਨ੍ਹਾਂ ਤਿੰਨਾਂ ਦੀ ਹੋਂਦ ਤੋਂ ਇਨਕਾਰੀ ਹੋਣ ਨਾਲ ਇਹ ਸਾਰਾ ਕਲਪਿਤ ਢਾਂਚਾ ਹੀ ਚਰਮਰਾ ਜਾਂਦਾ ਹੈ।
ਫਿਲਾਸਫੀ ਦੇ ਵਿਕਾਸ ਦੀਆਂ ਦੋ ਧਾਰਾਵਾਂ ਹਨ-ਪਹਿਲੀ ਧਰਮ ਦੀ ਧਾਰਾ ਹੈ ਅਤੇ ਦੂਜੀ ਭੌਤਿਕਵਾਦੀ ਗਿਆਨ ਦੀ। ਇਹ ਦੋਵੇਂ ਧਾਰਾਵਾਂ ਇਕ-ਦੂਜੀ ਨੂੰ ਪ੍ਰਭਾਵਿਤ ਤੇ ਇਕ ਦੂਜੇ ਨੂੰ ਵਿਕਸਿਤ ਕਰਦੀਆਂ ਆ ਰਹੀਆਂ ਹਨ। ਧਰਮ ਦੇ ਤਿੰਨ ਪੱਖ ਹਨ। ਮਨੁੱਖ ਦਾ ਕੁਦਰਤ ਨਾਲ ਰਿਸ਼ਤਾ ਭਾਵ ਫਿਲਾਸਫੀ, ਮਨੁੱਖੀ ਸਦਾਚਾਰ ਤੇ ਕਰਮਕਾਂਡ। ਹਰੇਕ ਧਰਮ ਦਾ ਕਰਮਕਾਂਡ ਵਖ-ਵਖ ਹੈ, ਪਰ ਸਾਰੇ ਧਰਮਾਂ ਵਿਚ ਫਿਲਾਸਫੀ ਤੇ ਸਦਾਚਾਰ ਦੀ ਸਾਂਝ ਹੈ। ਕਿਉਂਕਿ ਫਿਲਾਸਫੀ ਦਾ ਗਿਆਨ ਨਿਰੰਤਰਤਾ ਵਿਚ ਵਿਕਸਿਤ ਹੋਇਆ ਹੈ, ਇਸ ਲਈ ਸਾਰੇ ਧਰਮ ਇਕ-ਦੂਜੇ ਤੋਂ ਟੁੱਟ ਕੇ ਨਹੀਂ, ਸਗੋਂ ਇਕ-ਦੂਜੇ ਦੀ ਨਿਰੰਤਰਤਾ ਵਿਚ ਵਿਕਸਿਤ ਹੋਏ ਹਨ। ਧਰਮਾਂ ਦੇ ਕਰਮਕਾਂਡੀ ਪੱਖ ਨੂੰ ਲੈ ਕੇ ਇਨ੍ਹਾਂ ਦੇ ਵਖਰੇਵੇਂ ਲੱਭਣ ਦੀ ਥਾਂ ਇਨ੍ਹਾਂ ਵਿਚਲੀ ਫਿਲਾਸਫੀ ਤੇ ਸਦਾਚਾਰ ਦੀ ਸਾਂਝ ਲੱਭਣ ਦੀ ਲੋੜ ਹੈ।
ਗੁਰਮਤਿ ਦਾ ਤਤ (ਗਿਆਨ) ਸਮਝਣ ਲਈ ਸਾਨੂੰ ਪੱਛਮੀ ਸੋਚ ਦੇ ਚੌਖਟੇ ਵਿਚੋਂ ਬਾਹਰ ਨਿਕਲਣ ਦੀ ਲੋੜ ਹੈ। ਪੱਛਮੀ ਸੋਚ ਦੇ ਚੌਖਟੇ ਵਿਚੋਂ ਬਾਹਰ ਨਿਕਲ ਕੇ ਹੀ ਅਸੀਂ ਬੁਨਿਆਦੀ ਸੱਚ ਦੀ ਥਾਹ ਪਾ ਸਕਦੇ ਹਾਂ। ਮਨੁੱਖੀ ਜੀਵਨ ਇਕ ਸਾਲਮ ਹਸਤੀ ਹੈ। ਇਕ ਮਨੁੱਖ ਆਪਣਾ ਸਹਿਜ ਜੀਵਨ ਜਿਉਂਦਿਆਂ ਇਕੋ ਵੇਲੇ ਧਾਰਮਿਕ, ਸਮਾਜੀ ਤੇ ਰਾਜਸੀ ਕਰਮ ਵਿਚ ਹਿੱਸਾ ਲੈ ਰਿਹਾ ਹੁੰਦਾ ਹੈ। ਮਨੁੱਖੀ ਹਸਤੀ ਦੇ ਪੂਰਨ ਵਿਕਾਸ ਲਈ ਸਮਾਜੀ ਜ਼ਿੰਦਗੀ ਜਿਉਣੀ ਮਨੁੱਖ ਦੀ ਹੋਣੀ ਹੈ। ਮਨੁੱਖੀ ਤੇ ਸਮਾਜੀ ਜੀਵਨ ਵਿਚੋਂ ਪੈਦਾ ਹੁੰਦੀਆਂ ਸਾਰੀਆਂ ਮੁਸ਼ਕਿਲਾਂ ਤੇ ਚੁਣੌਤੀਆਂ ਦਾ ਟਾਕਰਾ ਕਰਨਾ ਮਨੁੱਖ ਦੀ ਮਜਬੂਰੀ ਹੈ। ਗੁਰਮਤਿ ਸਿਰਫ ਵਿਅਕਤੀ ਦੇ ਨਿਜੀ ਚਰਿਤਰ ਨੂੰ ਬਦਲਣ ਦੀ ਗੱਲ ਨਹੀਂ ਕਰਦੀ, ਸਗੋਂ ਮਨੁੱਖ ਦੇ ਸਮਾਜੀ ਤੇ ਰਾਜਸੀ ਚੌਗਿਰਦੇ ਨੂੰ ਬਦਲਣ ਲਈ ਯਤਨਸ਼ੀਲ ਹੋਣ ਲਈ ਵੀ ਪ੍ਰੇਰਦੀ ਹੈ। ਮਨੁੱਖ ਦਾ ਚੌਗਿਰਦਾ ਉਸ ਦੇ ਕਿਰਦਾਰ ਦੀ ਉਸਾਰੀ ਵਿਚ ਫੈਸਲਾਕੁਨ ਰੋਲ ਨਿਭਾਉਂਦਾ ਹੈ। ਮਨੁੱਖੀ ਤੇ ਸਮਾਜੀ ਚੌਗਿਰਦੇ ਨੂੰ ਬਦਲ ਕੇ ਹੀ ਮਨੁੱਖ ਅਤੇ ਸਮਾਜ ਦੀ ਪੂਰਨ ਕਾਇਆ ਕਲਪ ਕੀਤੀ ਜਾ ਸਕਦੀ ਹੈ।