ਦਰਦ-ਵੰਝਲੀ ਦੀ ਹੂਕ

ਇਹ ਹੂਕ ਮੇਰੀ ਹੀ ਨਹੀਂ, ਅਸਾਂ ਸਭ ਪਰਦੇਸੀਆਂ ਦੀ ਹੈ, ਜੋ ਆਪਣੇ ਪਿਆਰਿਆਂ ਨੂੰ ਆਖਰੀ ਵਕਤ ਮਿਲਣ ਲਈ ਵਤਨ ਪਰਤਦੇ ਨੇ ਅਤੇ ਉਨ੍ਹਾਂ ਦੀ ਰਾਖ ਨੂੰ ਵਗਦੇ ਪਾਣੀਆਂ ਦੇ ਨਾਮ ਕਰ, ਖਾਲੀ ਹੱਥ ਪਰਦੇਸੀਂ ਆਲ੍ਹਣਿਆਂ ਨੂੰ ਉਡਾਰੀ ਭਰਦੇ ਨੇ। ਕਈ ਤਾਂ ਅਰਥੀ ਨੂੰ ਮੋਢਾ ਦੇਣ ਤੋਂ ਵੀ ਵਿਰਵੇ ਰਹਿ ਜਾਂਦੇ ਨੇ, ਜਦ ਕਿ ਕੁਝ ਸਿਵਿਆਂ ਦੀ ਰਾਖ ਫਰੋਲਣ ਜਾਂ ਸਿਵਿਆਂ ਦੇ ਰੁੱਖ ਥੱਲੇ ਬੈਠ, ਆਪਣਿਆਂ ਦੇ ਕੀਰਨੇ ਮਨ-ਜੂਹ ਵਿਚ ਪਾਉਂਦੇ, ਦਰਦ-ਵੰਝਲੀ ਵਿਚ ਸਾਹ ਭਰਨ ਜੋਗੇ ਹੀ ਰਹਿ ਜਾਂਦੇ।

ਡਾ. ਗੁਰਬਖਸ਼ ਸਿੰਘ ਭੰਡਾਲ

ਨਿੱਤਨੇਮ ਵਾਂਗ ਸਵੇਰ ਦੀ ਚਾਹ ਪੀਂਦਿਆਂ ਬਾਪ ਨਾਲ ਫੋਨ ‘ਤੇ ਗੱਲ ਕਰਦਾ ਹਾਂ-ਲਵੇਰੀ ਗਾਂ ਦੀਆਂ, ਮੌਸਮ ਦੀਆਂ, ਬਾਰਸ਼ ਦੀਆਂ, ਫਸਲ ਦੀਆਂ, ਪਿੰਡ ਦੀਆਂ ਅਤੇ ਆਲੇ-ਦੁਆਲੇ ਦੀਆਂ। ਫਿਕਰਮੰਦੀ ਜਾਹਰ ਕਰਦਾ ਹਾਂ ਕਿ ਸਾਈਕਲ ‘ਤੇ ਸਾਝਰੇ ਹੀ ਤਿੰਨ ਕਿਲੋਮੀਟਰ ਦੂਰ ਗੁਰਦੁਆਰੇ ਨਾ ਜਾਇਆ ਕਰੋ। ਟਰੈਫਿਕ ਬਹੁਤ ਹੈ। ਕਾਰਾਂ, ਮੋਟਰਾਂ ਵਾਲੇ ਸਾਈਕਲ ਵਾਲਿਆਂ ਨੂੰ ਤਾਂ ਬੰਦੇ ਹੀ ਨਹੀਂ ਸਮਝਦੇ, ਪਰ ਉਹ ਬਜਿੱਦ ਨੇ, ਸਾਈਕਲ ‘ਤੇ ਨਿੱਤਨੇਮ ਵਾਂਗ ਗੁਰਦੁਆਰੇ ਜਾਣ ਲਈ। ਆਖਰ ਮੈਂ ਹਾਰ ਮੰਨ ਵਾਅਦਾ ਲੈਂਦਾ ਹਾਂ ਕਿ ਉਹ ਸਵੇਰੇ ਜਲਦੀ ਨਾ ਜਾਣ। ਵਾਅਦਾ ਕਰਦਾ ਹਾਂ ਕਿ ਮਈ ਵਿਚ ਆਵਾਂਗਾ ਅਤੇ ਤਿੰਨ ਕੁ ਮਹੀਨੇ ਇੰਡੀਆ ਰਹਾਂਗਾ।
ਜ਼ਿੰਦਗੀ ਦੀ ਢਲਦੀ ਸ਼ਾਮ ‘ਚ ਬਾਪ ਨਾਲ ਕੁਝ ਪਲ ਬਿਤਾਉਣ ਦੀ ਤਮੰਨਾ ਤਾਂ ਸੀ ਪਰ ਇਸ ਨੂੰ ਪੂਰੀ ਕਰਨ ਵੰਨੀਂ ਪਤਨੀ ਨੇ ਤੋਰਿਆ, ਜਦ ਇਕ ਦਿਨ ਕਹਿਣ ਲੱਗੀ, “ਤੁਸੀਂ 16 ਸਾਲ ਦੀ ਉਮਰੇ ਘਰੋਂ ਨਿਕਲ ਗਏ ਸੀ ਉਚੇਰੀ ਪੜ੍ਹਾਈ ਲਈ। ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਕੀਤੀ। 30 ਸਾਲ ਤੱਕ ਕਾਲਜਾਂ ‘ਚ ਪੜ੍ਹਾ ਕੇ ਰਿਟਾਇਰ ਵੀ ਹੋ ਗਏ। ਤੁਹਾਡਾ ਕਦੇ ਜੀਅ ਨਹੀਂ ਕਰਦਾ ਕਿ ਕੁਝ ਸਮਾਂ ਆਪਣੇ ਬਾਪ ਨਾਲ ਵੀ ਬਿਤਾਇਆ ਜਾਵੇ? ਉਹ ਤਾਂ ਦਰਿਆਵੇ ਕੰਢੀਂ ਰੁੱਖੜਾ ਨੇ, ਪਤਾ ਨਹੀਂ ਕਦ ਵਹਿ ਜਾਣ?”
ਮੈਂ ਆਪਣੇ ਆਪ ਨੂੰ ਕੋਸਦਾ, ਪਤਨੀ ਨਾਲ ਵਾਅਦਾ ਕਰਦਾ ਹਾਂ ਕਿ ਇਨ੍ਹਾਂ ਗਰਮੀਆਂ ਵਿਚ ਤਿੰਨ ਮਹੀਨੇ ਬਾਪ ਨਾਲ ਬਿਤਾਉਣੇ ਹਨ। ਜਦ ਇਸ ਬਾਰੇ ਬਾਪ ਨੂੰ ਪਤਾ ਲੱਗਾ ਤਾਂ ਕਹਿਣ ਲੱਗੇ, ਫਿਰ ਤਾਂ ਡੇਢ ਮਹੀਨੇ ਬਾਅਦ ਤੁਸੀਂ ਆ ਹੀ ਜਾਣਾ। ਮਨ ਵਿਚ ਸੀ ਕਿ ਉਨ੍ਹਾਂ ਦੇ ਜੀਵਨ-ਸੰਘਰਸ਼ ਦੀਆਂ ਉਹ ਪਰਤਾਂ ਫਰੋਲਣ ਦੀ ਕੋਸ਼ਿਸ਼ ਕਰਾਂਗਾ, ਜੋ ਮੈਨੂੰ ਨਹੀਂ ਪਤਾ। ਉਨ੍ਹਾਂ ਪਲਾਂ ਨੂੰ ਮੁੜ ਜਿਉਂਦੇ ਕਰਾਂਗਾ, ਜੋ ਬਾਪ ਦੇ ਚੇਤਿਆਂ ‘ਚੋਂ ਕਿਰਨ ਲੱਗ ਪਏ ਨੇ। ਆਸ ਸੀ ਕਿ ਬਾਪ ਦੇ ਨੈਣਾਂ ਵਿਚ ਹੁਲਾਸ ਅਤੇ ਆਸ ਦੀ ਕਿਣਮਿਣ ਨੂੰ ਨਿਹਾਰਾਂਗਾ, ਜੋ ਅਕਸਰ ਵਿਦੇਸ਼ ਤੋਂ ਪਰਤਣ ‘ਤੇ ਉਨ੍ਹਾਂ ਦੇ ਦੀਦਿਆਂ ਵਿਚ ਤਾਰੀ ਹੁੰਦੀ। ਉਮੀਦ ਸੀ ਕਿ ਮਿਲਣੀ ਵਿਚੋਂ ਬਹੁਤ ਸਾਰੇ ਮਾਣਕ-ਮੋਤੀ ਮੇਰਾ ਹਾਸਲ ਬਣਨਗੇ, ਜਿਨ੍ਹਾਂ ਦੀ ਚਮਕ ਵਿਚੋਂ ਜ਼ਿੰਦਗੀ ਦੇ ਹਨੇਰੇ ਰਾਹਾਂ ਨੂੰ ਰੁਸ਼ਨਾਇਆ ਜਾ ਸਕਦਾ ਏ। ਆਪਣਿਆਂ ਦੀ ਖੁਦਗਰਜ਼ੀ ਕਾਰਨ, ਉਨ੍ਹਾਂ ਦੀਆਂ ਅਪੂਰਨ ਆਸਾਂ, ਤਿੜਕੀਆਂ ਰੀਝਾਂ ਅਤੇ ਤੋੜੇ ਵਾਅਦਿਆਂ ਦੀ ਤਫਸੀਲ ਪਤਾ ਕਰਾਂਗਾ।
ਪਰ ਆਸ ਨੂੰ ਚਿਤਵਣ ਅਤੇ ਪੂਰੀ ਹੋਣ ਵਿਚ ਬਹੁਤ ਫਰਕ ਹੁੰਦਾ। ਇਹੋ ਮੇਰੇ ਨਾਲ ਵਾਪਰਿਆ ਜਦ ਦੂਜੇ ਦਿਨ ਸਵੇਰੇ ਛੋਟੇ ਭਰਾ ਦਾ ਫੋਨ ਆਇਆ ਕਿ ਭਾਪਾ ਜੀ ਦੇ ਦਿਮਾਗ ਦੀ ਨਾੜੀ ਫੱਟ ਗਈ ਹੈ। ਉਹ ਬੋਲ ਨਹੀਂ ਸਕਦੇ। ਅੱਖਾਂ ਵੀ ਕਦੇ ਕਦਾਈਂ ਹੀ ਖੋਲ੍ਹਦੇ ਨੇ। ਹੁਣ ਉਨ੍ਹਾਂ ਨੂੰ ਜਲੰਧਰ ਲੈ ਕੇ ਜਾ ਰਹੇ ਹਾਂ। ਕਿਆਮਤ ਟੁੱਟ ਪਈ ਮੇਰੇ ‘ਤੇ। ਸੁਪਨਿਆਂ ਦੇ ਤਿੜਕਣ ਦੀ ਆਹਟ। ਇਸ ਆਹਟ ਵਿਚੋਂ ਖੁਦ ਨੂੰ ਸੰਭਾਲਣ ਅਤੇ ਜਲਦੀ ਤੋਂ ਜਲਦੀ ਬਾਪ ਨੂੰ ਮਿਲਣ ਦੀ ਕਾਹਲ। ਸਵੇਰੇ ਸੱਤ ਵਜੇ ਪਤਾ ਲੱਗਾ ਅਤੇ 12 ਵਜੇ ਇੰਡੀਆ ਨੂੰ ਫਲਾਈਟ ਲੈਣ ਲਈ ਏਅਰਪੋਰਟ ‘ਤੇ ਪਹੁੰਚ ਗਏ। ਇਕ ਪਲ ਵਿਚ ਹੀ ਸਮਾਂ ਕਿਹੜੀ ਕਰਵਟ ਲੈ ਲਵੇ, ਕੋਈ ਨਹੀਂ ਜਾਣਦਾ। ਇਸ ਅਗਿਆਨ ਵਿਚ ਹੀ ਸਭ ਤੋਂ ਵੱਡੀ ਸੱਚਾਈ ਛੁਪੀ ਹੋਈ ਹੈ ਕਿ ਪਲ ਦਾ ਨਹੀਂ ਵਿਸਾਹ ਕੋਈ। ਜੋ ਕਰਨਾ ਚਾਹੁੰਦੇ ਹੋ, ਹੁਣ ਕਰੋ। ਪਿਛੋਂ ਤਾਂ ਪਛਤਾਵਾ ਹੀ ਪੱਲੇ ਰਹਿ ਜਾਂਦਾ। ਬਹੁਤ ਕੁਝ ਅਣਕਿਹਾ ਹੀ ਰਹਿ ਜਾਂਦਾ, ਜੋ ਅਸੀਂ ਆਪਣੇ ਪਿਆਰਿਆਂ ਨੂੰ ਕਹਿਣਾ, ਸੁਣਨਾ, ਦੇਖਣਾ, ਦੱਸਣਾ ਜਾਂ ਸਮਝਾਉਣਾ ਹੁੰਦਾ। ਆਪਸੀ ਰੋਸੇ/ਰੰਜਿਸ਼ਾਂ ਦੂਰ ਕਰਨ ਲਈ ਉਦਮ ਕਰਨੇ ਹੁੰਦੇ। ਇਸ ਨੂੰ ਉਸੇ ਪਲ ਕਰੋ। ਅੱਜ ਨੂੰ ਕਦੇ ਵੀ ਭਲਕ ਨਾ ਬਣਨ ਦੇਵੋ।
ਕੈਨੇਡਾ ਤੋਂ ਵੀ ਛੋਟੀ ਭੈਣ ਦਾ, ਫਲਾਈਟ ਲੈਣ ਅਤੇ ਦਿਲੀ ਤੋਂ ਇਕੱਠੇ ਜਾਣ ਦਾ ਫੋਨ ਆ ਗਿਆ। ਵੱਡੀ ਬੇਟੀ ਆਪਣੇ ਦਾਦੇ ਨਾਲ ਇੰਨੀ ਜ਼ਿਆਦਾ ਮੋਹ ਦੀਆਂ ਤੰਦਾਂ ਵਿਚ ਬੱਝੀ ਕਿ ਉਹ ਵੀ ਨਾਲ ਜਾਣ ਲਈ ਬਜਿੱਦ। ਸਿਰਫ ਇਕ ਹਫਤੇ ਲਈ ਹੀ ਨਾਲ ਤੁਰ ਪਈ ਜਿਵੇਂ ਕਪੂਰਥਲੇ ਤੋਂ ਚੰਡੀਗੜ੍ਹ ਜਾਣਾ ਹੋਵੇ। ਇਉਂ ਲੱਗੇ ਜਿਉਂ ਸਮਾਂ ਰੁਕ ਗਿਆ ਹੋਵੇ। ਹਜ਼ਾਰ ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਚੱਲਣ ਵਾਲਾ ਜਹਾਜ ਵੀ ਖੜੋਤਾ ਨਜ਼ਰ ਆਵੇ।
ਮਨ ਦੀ ਕੇਹੀ ਅਵੱਸਥਾ ਕਿ ਹਵਾਈ ਸਫ਼ਰ ਨੂੰ ਮਾਣਨ ਵਾਲੇ ਪਲਾਂ ਵਿਚ ਵੀ ਮਨ ਉਕਤਾਇਆ, ਬਾਹਰ ਨਿਕਲ, ਉਡ ਕੇ ਬਾਪ ਕੋਲ ਪਹੁੰਚਣ ਲਈ ਉਤਾਵਲਾ। ਭਾਣਾ ਵਾਪਰਨ ਦਾ ਡਰ ਕਿ ਸ਼ਾਇਦ ਫੋਨ ਵਿਚ ਕੁਝ ਓਹਲਾ ਰੱਖਿਆ ਹੋਵੇ? ਹੁਣ ਪਤਾ ਨਹੀਂ ਕੀ ਹੋ ਗਿਆ ਹੋਣੈ? ਮਨ, ਮਾੜੇ ਵਿਚਾਰਾਂ ਅਤੇ ਢਹਿੰਦੀਆਂ ਕਲਾਂ ਵਿਚੋਂ ਨਿਕਲਣ ਦੀ ਥਾਂ ਇਸ ਵਿਚ ਹੋਰ ਡੂੰਘਾ ਧੱਸਦਾ ਜਾ ਰਿਹਾ ਸੀ। ਇਸੇ ਉਧੇੜ-ਬੁਣ ਵਾਲੀ ਮਾਨਸਿਕਤਾ ਵਿਚ ਬਹੁਤ ਔਖਾ ਸੀ ਅਮਰੀਕਾ ਤੋਂ ਜਲੰਧਰ ਦੇ ਹਸਪਤਾਲ ਵਿਚ ਪਹੁੰਚਣਾ।
ਹਸਪਤਾਲ ਦੇ ਆਈ. ਸੀ. ਯੂ. ਵਿਚ ਜਿੰ.ਦਗੀ ਦਾ ਮੁਹਰੈਲ ਤੇ ਸ਼ਾਹ-ਅਸਵਾਰ, ਬੇਸੁੱਧ ਹੋਇਆ ਬੈਡ ‘ਤੇ ਲੇਟਿਆ, ਡਾਕਟਰਾਂ ਤੇ ਨਰਸਾਂ ਦੇ ਜੰਮਘਟੇ ‘ਚ ਜ਼ਿੰਦਗੀ ਨੂੰ ਜਿਉਣ ਅਤੇ ਮੌਤ ਨੂੰ ਹਰਾਉਣ ਲਈ ਪੂਰੀ ਵਾਹ ਲਾ ਰਿਹਾ ਸੀ। ਆਪਣੇ ਪਰਿਵਾਰ ਦੇ ਪਰਦੇਸ ਤੋਂ ਪਰਤਣ ‘ਤੇ ਹਰ ਇਕ ਨੂੰ ਸੀਨੇ ਨਾਲ ਲਾ ਕੇ ਅਸ਼ੀਰਵਾਦ ਦੇਣ, ਚਾਵਾਂ-ਰੱਤਾ ਮਾਹੌਲ ਸਿਰਜਣ ਅਤੇ ਖੁਸ਼ੀ ਵਿਚ ਖੀਵਾ ਹੋਣ ਵਾਲਾ ਬਾਪ, ਇਸ ਗੱਲੋਂ ਬੇਖਬਰ ਕਿ ਉਨ੍ਹਾਂ ਦੇ ਵੱਡੇ ਪੁੱਤ-ਨੂੰਹ, ਧੀ ਅਤੇ ਪਲੇਠੀ ਪੋਤਰੀ ਵਿਦੇਸ਼ ਤੋਂ ਉਡ ਕੇ ਆ ਗਏ ਹਨ। ਖੱਬਾ ਪਾਸਾ ਬਿਲਕੁਲ ਨਿਰਜਿੰਦ। ਆਲੇ-ਦੁਆਲੇ ‘ਚ ਪਸਰੀ ਮੂਕ ਚੁੱਪ। ਸਿਸਕੀਆਂ ਦੀ ਰੂਹ ਛਾਲੋ-ਛਾਲੀ। ਬੱਚਿਆਂ ਦੀਆਂ ਭਾਵਨਾਵਾਂ, ਬਾਪ ਦੀ ਰੂਹ ਤੀਕ ਪਹੁੰਚਣ ਤੋਂ ਅਸਮਰਥ। ਬੇਹੋਸ਼ੀ (ਕੋਮਾ) ਵਿਚ ਪਏ ਬਾਪ ਨੇ ਕਿਵੇਂ ਪੁੱਛਣਾ ਕਿ ਕਿਵੇਂ ਰਿਹਾ ਸਫਰ? ਕਿੰਜ ਅਸੀਸਾਂ ਦੇਣੀਆਂ? ਕਿੰਜ ਪੋਤਰੀ ਦੇ ਬੱਚਿਆਂ ਦੀਆਂ ਤੋਤਲੀਆਂ ਗੱਲਾਂ ਸੁਣ ਕੇ ਖੁਸ਼ ਹੋਣਾ? ਬਹੁਤ ਹਾਕਾਂ ਮਾਰੀਆਂ ਉਨ੍ਹਾਂ ਨੂੰ ਬੁਲਾਉਣ ਲਈ, ਪਰ ਬੇਸੁੱਧ ਬਾਪ ਕਿਵੇਂ ਆਪਣੀਆਂ ਆਂਦਰਾਂ ਤੋਂ ਮਨਫੀ ਹੁੰਦਾ ਏ, ਇਹ ਇਸ ਮੌਕੇ ਸਭ ਤੋਂ ਵੱਡਾ ਸੱਚ ਸੀ। ਅਸੀਂ ਇਸ ਸੱਚਾਈ ਤੋਂ ਮੁਨਕਰ ਹੋ, ਉਸ ਦੀ ਅਵਾਜ਼ ਸੁਣਨ ਲਈ ਹੱਠ ਕਰਦੇ ਰਹੇ। ਦੀਦਿਆਂ ਦੀ ਚਮਕ ਦੇਖਣ ਲਈ ਅੱਖਾਂ ਖੋਲ੍ਹਣ ਲਈ ਲਿਲਕੜੀਆਂ ਕੱਢਦੇ ਰਹੇ। ਸਾਡੀਆਂ ਕੋਸ਼ਿਸ਼ਾਂ ਆਖਰ ਨੂੰ ਬੇਆਸ ਹੋ ਗਈਆਂ।
ਸਾਡੇ ਸਾਹਮਣੇ ਸੀ ਟੀਕੇ ਲਵਾਉਣ ਤੋਂ ਨਾਬਰ ਬਾਪ, ਸੂਈਆਂ ਨਾਲ ਵਿੰਨਿਆ, ਸਾਹਾਂ ਦੀ ਟੁੱਟਦੀ ਤੰਦ ਨੂੰ ਜੋੜਨ ਲਈ ਪੂਰੀ ਵਾਹ ਲਾ ਰਿਹਾ। ਯਾਦ ਆਇਆ ਕਿ ‘ਕੇਰਾਂ ਬਾਪ ਦੀ ਖੱਬੀ ਲੱਤ ‘ਤੇ ਹਲ ਦਾ ਚੌਅ ਵੱਜਣ ਕਾਰਨ, ਦਸ ਇੰਚ ਲੰਬਾ ਤੇ ਦੋ ਇੰਚ ਡੂੰਘਾ ਜਖ਼ਮ ਹੋ ਗਿਆ। ਸਾਫੇ ਨਾਲ ਲੱਤ ਨੂੰ ਬੰਨ ਜਦ ਡਾਕਟਰ ਕੋਲ ਆਏ ਤਾਂ ਉਹ ਕਹਿੰਦਾ ਟਾਂਕੇ ਲੱਗਣਗੇ। ਬੇਹੋਸ਼ੀ ਦਾ ਟੀਕਾ ਲਾ ਦਿੰਦਾ ਹਾਂ, ਪਰ ਬਾਪ ਨੇ ਟੀਕੇ ਤੋਂ ਮਨ੍ਹਾਂ ਕਰਕੇ, ਬਿਨਾ ਟੀਕੇ ਤੋਂ ਟਾਂਕੇ ਲਵਾਏ ਅਤੇ ਦੋ ਤਿੰਨ ਦਿਨ ਬਾਅਦ ਪਹਿਲਾਂ ਵਾਂਗ ਹੀ ਹਲ ਵਾਹ ਰਹੇ ਸਨ।
ਆਈ. ਸੀ. ਯੂ. ਦਾ ਚੁੱਪ-ਵਾਤਾਵਰਣ। ਮੌਤ ਨਾਲ ਜੂਝ ਰਹੀਆਂ ਜਿੰਦਾਂ ਅਤੇ ਉਨ੍ਹਾਂ ਵਿਚ ਮੇਰਾ ਬਾਪ ਵੀ ਜੀਵਨ-ਮੌਤ ਦੀ ਲੜਾਈ ਲੜ ਰਿਹਾ। ਅੱਖਾਂ ਵਿਚ ਨਮੀ। ਇਸ ਨਮੀ ਵਿਚ ਇਕ ਹਿਰਖ, ਦਰਦ, ਪੀੜਾ ਅਤੇ ਪੀੜਾ ਵਿਚੋਂ ਉਭਰਨ ਦੀ ਨਹੀਂ ਸੀ ਉਘਸੁਘ। ਦਿਮਾਗ ਦੀ ਨਾੜੀ ਫਟਣ ਕਾਰਨ ਬੇਸੁੱਧ ਪਿਆ ਬਾਪ, ਮੇਰੇ ਲਈ ਦੇਖਣਾ, ਖੁਦ ਤੋਂ ਬੇ-ਮੁੱਖਤਾ ਅਤੇ ਬੇ-ਯਕੀਨੀ ਸੀ। ਸਾਰੀ ਉਮਰ ਗੋਲੀ ਖਾਣ ਤੋਂ ਪ੍ਰਹੇਜ਼ ਕਰਨ ਵਾਲੇ ਅਤੇ ਸਾਈਕਲ ਨੂੰ ਆਖਰੀ ਪਲ ਤੀਕ ਹਮਸਫਰ ਸਮਝਣ ਵਾਲੇ ਬਾਪ ਨੂੰ ਇਹ ਬਿਮਾਰੀ ਇੰਜ ਘੇਰ ਲਵੇਗੀ, ਸੋਚ ਕੇ ਹੀ ਮਨ ਦੀ ਉਥਲ-ਪੁਥਲ ਵਿਚ ਗਵਾਚ ਜਾਂਦਾ ਹਾਂ।
ਮਨ ਬੀਤੇ ਦੀਆਂ ਪਰਤਾਂ ਦੇ ਸਫ਼ੇ ਉਲੱਥਦਾ, ਬਹੁਤ ਕੁਝ ਇਨ੍ਹਾਂ ਵਿਚੋਂ ਪੜ੍ਹਨ ਅਤੇ ਇਸ ‘ਚੋਂ ਖੁਦ ਨੂੰ ਸਮਝਣ ਲਈ ਮਨ-ਬੀਹੀ ‘ਤੇ ਦਸਤਕ ਦਿੰਦਾ ਹਾਂ। ਇਕ ਦਮ ਮੇਰੀ ਨਿਗਾਹ ਸੱਜੇ ਹੱਥ ਦੀਆਂ ਦੋਹਾਂ ਉਂਗਲਾਂ ‘ਤੇ ਜਾਂਦੀ ਹੈ, ਜੋ ਡਾਕਟਰਾਂ ਨੇ ਪੱਟੀ ਨਾਲ ਬੰਨੀਆਂ ਹੋਈਆਂ ਨੇ। ਸੋਚਦਾਂ ਸ਼ਾਇਦ ਕੋਈ ਜਖਮ ਹੋਵੇ। ਪਤਾ ਲੱਗਾ ਕਿ ਬਾਪ ਦੇ ਹੱਥ ਨੂੰ ਕੰਟਰੋਲ ਕਰਨ ਲਈ ਇਸ ਪੱਟੀ ਰਾਹੀਂ ਇਕ ਰੱਸੀ ਪਾ ਕੇ ਬੈਡ ਨਾਲ ਬੰਨ੍ਹਿਆ ਗਿਆ ਸੀ ਤਾਂ ਕਿ ਉਹ ਲੱਗੀ ਹੋਈ ਆਕਸੀਜਨ ਜਾਂ ਖਾਣੇ ਲਈ ਨੱਕ ‘ਚ ਪਾਈ ਨਾਲੀ ਨੂੰ ਬੇਹੋਸ਼ੀ ਵਿਚ ਲਾਹ ਨਾ ਦੇਵੇ।
ਪਰਿਵਾਰ ਨੂੰ ਹੱਥਾਂ ਨਾਲ ਦੁਆਵਾਂ ਤੇ ਅਸੀਸਾਂ ਵੰਡਣ ਵਾਲੇ ਅਤੇ ਛਾਂਵਾਂ ਦਾ ਨਿਉਂਦਾ ਦੇਣ ਵਾਲੇ ਬਾਪ ਦੀਆਂ ਉਂਗਲਾਂ ਦਾ ਬੱਝੇ ਹੋਣਾ, ਮਨ ਨੂੰ ਮਾਯੂਸ ਕਰ ਗਿਆ। ਨਰਸ ਦੀ ਸਲਾਹ ਨਾਲ, ਮੈਂ ਸੱਜੇ ਹੱਥ ਦੀਆਂ ਦੋਹਾਂ ਉਂਗਲਾਂ ‘ਤੇ ਬੱਝੀ ਪੱਟੀ ਨੂੰ ਖੋਲ੍ਹਦਾ ਹਾਂ। ਉਂਗਲਾਂ ‘ਤੇ ਪਈਆਂ ਚੀਂਘਾਂ ਨੂੰ ਹੱਥਾਂ ਨਾਲ ਮਿਟਾਉਂਦਾ, ਖੁਦ ਵਿਚੋਂ ਖੁਦ ਹੀ ਮਨਫੀ ਹੋ ਜਾਨਾਂ। ਹੰਝੂਆਂ ਨਾਲ ਭਰ ਜਾਂਦੇ ਨੇ ਨੈਣ।
ਇਨ੍ਹਾਂ ਉਂਗਲਾਂ ਨੂੰ ਫੜ ਕੇ ਮੇਰੇ ਨਿੱਕੇ ਨਿੱਕੇ ਹੱਥਾਂ ਨੇ ਤੁਰਨਾ ਸਿੱਖਿਆ ਸੀ ਅਤੇ ਇਸ ਨੇ ਪੈਰਾਂ ਦੇ ਨਾਂਵੇਂ ਸਫਰ ਦਾ ਸਿਰਨਾਵਾਂ ਖੁਣਿਆ ਸੀ। ਇਨ੍ਹਾਂ ਉਂਗਲਾਂ ਦਾ ਆਸਰਾ, ਹੁਣ ਵੀ ਮੇਰੇ ਰਾਹਾਂ ਵਿਚ ਆਈਆਂ ਮੁਸ਼ਕਿਲਾਂ ਨੂੰ ਹੱਲ ਕਰਨ ਅਤੇ ਮਜਬੂਤੀ ਨਾਲ ਖੜ੍ਹੇ ਰਹਿਣ ਲਈ ਮੂਲ ਆਧਾਰ ਏ। ਇਹ ਉਂਗਲੀ ਫੜ ਕੇ ਪਹਿਲਾ ਕਦਮ ਪੁਟਣ ਲੱਗਿਆਂ ਬਾਪ ਨੇ ਹੱਲਾ-ਸ਼ੇਰੀ ਦਿਤੀ ਸੀ, ਜੋ ਮੇਰਾ ਹਾਸਲ ਬਣ ਮਲੂਕ ਮਨ ਵਿਚ ਸਦਾ ਲਈ ਖੁਣੀ ਗਈ। ਬਾਪ ਦੀ ਹੱਲਾਸ਼ੇਰੀ ਨੂੰ ਨਿਹਾਰਦੀਆਂ ਉਨ੍ਹਾਂ ਮਾਸੂਮ ਅੱਖਾਂ ਨੂੰ ਹੁਣ ਵੀ ਮਹਿਸੂਸ ਕਰਦਾ, ਬਚਪਨੇ ਵਿਚ ਪੁੱਟੇ ਪਹਿਲੇ ਕਦਮ ਨੂੰ ਸਿਜਦਾ ਕਰਦਾਂ। ਇਸ ਉਂਗਲ ਨੂੰ ਘੁੱਟ ਕੇ ਫੜ ਰਿਹਾੜ ਕੀਤੀ ਹੋਵੇਗੀ ਅਤੇ ਬਾਪ ਨੇ ਮੇਰੀ ਜਿੱਦ-ਪੂਰਤੀ ਨੂੰ ਆਪਣਾ ਮਾਣ ਸਮਝਿਆ ਹੋਵੇਗਾ। ਪਰ ਮੇਰੇ ਬਾਪ ਦੀ ਦਿਆਲਤਾ ਦਾ ਬਿਰਖ ਤਾਂ ਹੁਣ ਤੀਕ ਵੀ ਲਹਿਰਾਉਂਦਾ, ਮੇਰੀ ਜੀਵਨ-ਝੋਲੀ ਵਿਚ ਨਿਆਮਤਾਂ ਦੇ ਫਲ ਪਾਉਂਦਾ ਏ। ਇਸ ਉਂਗਲ ਨੂੰ ਫੜ ਕੇ ਮੈਂ ਖੇਤਾਂ ਵੰਨੀਂ ਜਾਂਦੇ ਬਾਪ ਨਾਲ ਜਾਣ ਦੀ ਜਿੱਦ ਜਰੂਰ ਕੀਤੀ ਹੋਵੇਗੀ, ਪਰ ਬਾਪ ਦੀ ਪਲੋਸਣੀ ਨੇ ਮੇਰੀ ਜਿੱਦ ਨੂੰ ਮੋਮ ਵਾਂਗ ਪਿਘਲਾ ਦਿਤਾ ਹੋਵੇਗਾ। ਜ਼ਿੰਦਗੀ ਵਿਚ ਹਾਰ ਨਾ ਮੰਨਣ ਵਾਲਾ ਅਤੇ ਹਰ ਔਕੜ ਨੂੰ ਮੂਹਰੇ ਹੋ ਕੇ ਟੱਕਰਨ ਵਾਲਾ ਬਾਪ ਆਖਰ ਨੂੰ ਸਮੇਂ ਹੱਥੋਂ ਹਾਰ, ਮੇਰੇ ਸਾਹਵੇਂ ਬੇਬਸੀ ਵਿਚ ਬੈਡ ‘ਤੇ ਬੈਡ ਬਣਿਆ ਪਿਆ ਏ।
ਇਨ੍ਹਾਂ ਉਂਗਲਾਂ ਨਾਲ ਮੇਰੀ ਉਂਗਲ ਫੜ੍ਹ ਮੇਰਾ ਬਾਪ ਮੈਨੂੰ ਸਕੂਲ ਲੈ ਕੇ ਗਿਆ ਹੋਵੇਗਾ। ਮੇਰਾ ਜਨਮ ਵਾਢੀ ਤੋਂ ਕੁਝ ਦਿਨ ਪਹਿਲਾਂ ਕਹਿ, ਅੱਖਰ-ਰਾਹੇ ਤੋਰਨ ਦਾ ਸਬੱਬ ਬਣਿਆ ਹੋਵੇਗਾ।
ਬਾਪ ਦੀਆਂ ਇਨ੍ਹਾਂ ਉਂਗਲਾਂ ਸਦਕਾ ਹੀ ਮੇਰੀਆਂ ਉਂਗਲਾਂ ਨੇ ਕਲਮ ਨੂੰ ਆਪਣਾ ਅਕੀਦਾ ਬਣਾ, ਕਲਮ-ਕਿਰਤੀ ਬਣਨ ਦਾ ਉਦਮ ਕੀਤਾ, ਜਿਸ ਵਿਚ ਬਾਪ ਦੀ ਹਰ ਮੋੜ ‘ਤੇ ਦਿਤੀ ਹੱਲਾਸ਼ੇਰੀ ਮੇਰਾ ਹਾਸਲ ਰਿਹਾ। ਇਹ ਕਲਮ ਹੀ ਪੂਰਨਿਆਂ ‘ਤੇ ਲਿਖਦੀ ਲਿਖਦੀ ਹੌਲੀ ਹੌਲੀ ਅੱਖਰਾਂ ਦੀ ਤਾਸੀਰ ਅਤੇ ਤਰਤੀਬ ਨੂੰ ਪਛਾਣ ਕੇ, ਪੂਰਨੇ ਪਾਉਣ ਜੋਗੀ ਹੋ ਗਈ। ਹਰਫਾਂ ਰਾਹੀਂ ਗਿਆਨ-ਜੋਤ ਨੂੰ ਮਸਤਕ ਵਿਚ ਉਤਾਰਨਾ ਅਤੇ ਫਿਰ ਇਸ ਗਿਆਨ-ਚਾਨਣ ਨੂੰ ਵੰਡਣ ਦਾ ਧਰਮ ਤਾਂ ਬਾਪ ਦੀ ਉਂਗਲੀ ਦਾ ਕਰਜ਼ਾ ਮੋੜਨ ਦਾ ਨਿਗੂਣਾ ਜਿਹਾ ਉਦਮ ਏ, ਜੋ ਹੁਣ ਤੀਕ ਨਿਭਾ ਰਿਹਾ ਹਾਂ।
ਸੱਜੇ ਹੱਥ ਦੀਆਂ ਇਨ੍ਹਾਂ ਉਂਗਲਾਂ ਨੇ ਹੀ ਕਣਕ/ਮੱਕੀ ਨੂੰ ਕੇਰਨ ਦਾ ਗੁਣ ਦੱਸਦਿਆਂ, ਹਲ ਵਾਹੁੰਦਿਆਂ, ਪੋਰ ਨਾਲ ਬੀਜ ਕੇਰਨ ਦਾ ਮੀਰੀ ਗੁਣ ਮੇਰੇ ਜ਼ਿਹਨ ਵਿਚ ਧਰਿਆ। ਬਾਪ ਦੀਆਂ ਪੈੜਾਂ ਵਿਚ ਨਿੱਕੇ ਨਿੱਕੇ ਪੈਰ ਧਰਨ ਵਾਲੇ, ਹੌਲੀ ਹੌਲੀ ਆਪ ਬਾਪ ਬਣ ਕੇ ਨਵੀਆਂ ਪੈੜਾਂ ਸਿਰਜਣ ਜੋਗੇ ਹੋ ਜਾਂਦੇ ਨੇ, ਪਰ ਬੱਚੇ ਦੀਆਂ ਪੈੜਾਂ ਹਮੇਸ਼ਾ ਆਪਣੇ ਬਾਪ ਤੋਂ ਨਿਗੂਣੀਆਂ ਹੁੰਦੀਆਂ ਨੇ। ਦਰਅਸਲ ਕੋਈ ਵੀ ਬੱਚਾ, ਬਾਪ ਦੀਆਂ ਪੈੜਾਂ ਦੇ ਮੇਚ ਆ ਹੀ ਨਹੀਂ ਸਕਦਾ।
ਇਹ ਉਂਗਲਾਂ ਅਜਿਹੀਆਂ ਉਂਗਲਾਂ ਸਨ, ਜੋ ਜੀਵਨ-ਦਾਤੀਆਂ ਬਣ ਕੇ ਬਖਸ਼ਿਸ਼ਾਂ ਕਰਦੀਆਂ ਸਨ। ਜਦ ਇਨ੍ਹਾਂ ਨੂੰ ਅਹਿਲ ਪਈਆਂ ਦੇਖਦਾ ਹਾਂ ਤਾਂ ਉਂਗਲਾਂ ਦੇ ਸਫਰ ਦੀ ਸੰਪੂਰਨਤਾ ‘ਤੇ ਜਿਥੇ ਹੁਲਾਸ ਹੈ, ਉਥੇ ਮਾਣ ਭਰਿਆ ਅਹਿਸਾਸ ਵੀ ਮਨ ਵਿਚ ਪੈਦਾ ਹੁੰਦਾ ਕਿ ਇਨ੍ਹਾਂ ਉਂਗਲਾਂ ਨੇ ਕਰਾਮਾਤੀ ਸਮਿਆਂ ਦੀ ਸਿਰਜਣਾ ਕੀਤੀ।
ਇਹ ਉਂਗਲਾਂ ਰਾਹ-ਦਸੇਰਾ, ਮੰਜਿਲਾਂ ਦਾ ਸਿਰਨਾਵਾਂ। ਬਾਪ ਨਾਲ ਮੇਲੇ ਵਿਚ ਜਾਣ ਸਮੇਂ ਇਨ੍ਹਾਂ ਉਂਗਲਾਂ ਨੂੰ ਘੁਟ ਕੇ ਫੜਨ ਦਾ ਚੇਤਾ ਅਜਿਹੀ ਅਮਿਟ ਛਾਪ ਹੈ ਕਿ ਕਪਟੀ ਦੁਨੀਆਂ ਦੀ ਬੇਇਤਬਾਰੀ, ਬਦ-ਇਖਲਾਕੀ, ਬੇਈਮਾਨੀ ਅਤੇ ਰਿਸ਼ਤਿਆਂ ਵਿਚਲੇ ਗੰਧਲੇਪਣ ਦੇ ਦੌਰ ਵਿਚ ਵੀ ਜੀਵਨ ਦੀਆਂ ਕਦਰਾਂ-ਕੀਮਤਾਂ ਦੀ ਉਂਗਲ ਛੱਡਣ ਦੀ ਕਦੇ ਵੀ ਕੁਤਾਹੀ ਨਹੀਂ ਕੀਤੀ। ਬਾਪ ਦੀਆਂ ਇਹ ਉਂਗਲਾਂ ਸਰਬੱਤ ਦੇ ਭਲੇ ਦਾ ਮੀਰੀ ਗੁਣ ਬਣ ਕੇ ਮੇਰੇ ਰਾਹਾਂ ਨੂੰ ਰੁਸ਼ਨਾ ਰਹੀਆਂ ਨੇ।
ਇਨ੍ਹਾਂ ਉਂਗਲਾਂ ਨੇ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਅਤੇ ਅਗਾਂਹ ਉਨ੍ਹਾਂ ਦੇ ਬੱਚਿਆਂ ਦੀ ਛੋਹ ਮਾਣੀ। ਇਸ ਛੋਹ ਵਿਚਲੇ ਅਹਿਸਾਸ ਅਤੇ ਘੁੱਟਣ ਦੀ ਨਿੱਘ-ਮਿਲਣੀ ਦਾ ਅਜਿਹਾ ਆਲਮ ਸੀ ਕਿ ਬਾਪ, ਵੱਡੇ ਪਰਿਵਾਰ ਦਾ ਹਰਦਿਲ ਅਜੀਜ਼ ਸੀ। ਇਨ੍ਹਾਂ ਉਂਗਲਾਂ ਨਾਲ ਹੀ ਉਹ ਬੱਚਿਆਂ ਦੇ ਸਿਰਾਂ ਨੂੰ ਪਲੋਸਦਾ ਰਿਹਾ! ਦੁਆਵਾਂ ਦਿੰਦਿਆਂ ਲੰਮੇਰੀ, ਸਿਹਤਮੰਦ ਅਤੇ ਚੰਗੇਰੀ ਉਮਰ ਦੀ ਅਸੀਸ ਨਾਲ ਨਿਵਾਜ਼ਦਾ ਰਿਹਾ।
ਉਮਰ ਦੇ ਆਖਰੀ ਪੜਾਅ ‘ਤੇ ਉਸ ਨੇ ਆਪਣਾ ਸਾਰਥਕ ਰੁਝੇਵਾਂ ਪੈਦਾ ਕਰ ਲਿਆ ਸੀ। ਪਿੰਡ ਤੋਂ ਤਿੰਨ ਕਿਲੋਮੀਟਰ ਦੂਰ ਹਰ ਰੋਜ਼ ਗੁਰਦੁਆਰੇ ਸਾਈਕਲ ‘ਤੇ ਜਾਣਾ, ਕੁਝ ਸਮਾਂ ਪ੍ਰਸ਼ਾਦ ਦੀ ਸੇਵਾ ਕਰਨੀ ਅਤੇ ਫਿਰ ਵਾਪਸ ਪਿੰਡ ਨੂੰ ਪਰਤ ਆਉਣਾ। ਦਿਮਾਗ ਦੀ ਨਾਲੀ ਫੱਟਣ ਵਾਲੇ ਦਿਨ ਵੀ ਉਸ ਨੇ ਆਪਣਾ ਇਹ ਨਿਤਨੇਮ ਨਿਭਾਇਆ। ਉਨ੍ਹਾਂ ਦੀਆਂ ਇਹ ਉਂਗਲਾਂ ਪ੍ਰਸ਼ਾਦ ਵੰਡ ਕੇ, ਗੁਰੂ ਰੂਪੀ ਅਸੀਸ ਤੇ ਮਿਹਰ, ਹਰ ਅਭਿਲਾਸ਼ੀ ਨੂੰ ਦਿੰਦੀਆਂ ਰਹੀਆਂ।
ਬਾਪ ਦੀਆਂ ਇਨ੍ਹਾਂ ਉਂਗਲਾਂ ਦੇ ਗੱਲ੍ਹਾਂ ‘ਤੇ ਪਏ ਨਿਸ਼ਾਨ ਵੀ ਯਾਦ ਆਉਂਦੇ ਨੇ, ਜਦ ਗਲਤੀਆਂ ਤੇ ਕੁਤਾਹੀਆਂ ਨੂੰ ਨਾ-ਮਨਜੂ.ਰ ਕਰਨ ਵਾਲੇ ਬਾਪ ਦੀ ਵਾਰ ਵਾਰ ਅਵੱਗਿਆ, ਉਂਗਲਾਂ ਦੇ ਨਿਸ਼ਾਨ ਉਕਰਨ ਤੀਕ ਫੈਲ ਗਈ। ਭਾਵੇਂ ਉਨ੍ਹਾਂ ਦੇ ਦੀਦਿਆਂ ਵਿਚ ਪਛਤਾਵੇ ਦੀ ਨਮੀ ਬਹੁਤ ਜਲਦੀ ਤਰਦੀ ਸੀ, ਪਰ ਉਹ ਆਪਣੇ ਬੱਚਿਆਂ ਨੂੰ ਦੁਨਿਆਵੀ ਅਲਾਮਤਾਂ ਤੋਂ ਦੂਰ ਰੱਖ, ਮਿਹਨਤੀ, ਮਾਣ-ਮੱਤੇ, ਮੁੜ੍ਹਕੇ ਦੇ ਮੋਤੀ ਅਤੇ ਮੁਸ਼ੱਕਤ ਦਾ ਮਾਣ ਬਣਾਉਣ ਲਈ ਫਿਕਰਮੰਦ ਸਨ।
ਯਾਦ ਆਉਂਦਾ ਹੈ, ਪ੍ਰੈਪ ਵਿਚੋਂ ਫੇਲ੍ਹ ਹੋਣਾ। ਬਾਪ ਦੇ ਸੁਪਨੇ ਦੇ ਤਿੜਕਣ ਦੀ ਅਵਾਜ਼ ਹੁਣ ਵੀ ਕੰਨੀਂ ਗੂੰਜਦੀ ਏ। ਦਿਸਦਾ ਏ, ਉਸ ਦੀ ਅੱਖ ਵਿਚ ਲਟਕਿਆ ਹੰਝੂ, ਜੋ ਗੱਲ੍ਹਾਂ ‘ਤੇ ਪਈਆਂ ਲਾਸਾਂ ਨਾਲੋਂ ਵੀ ਡੂੰਘਾ ਨਿਸ਼ਾਨ ਮੇਰੇ ਮਨ ਵਿਚ ਉਕਰ ਗਿਆ ਸੀ। ਬਾਪ ਦੇ ਨੈਣੀਂ ਲਟਕਦਾ ਉਹ ਹੰਝੂ ਮੇਰੇ ਦੀਦਿਆਂ ਵਿਚ ਉਚੇਰੇ ਦਿਸਹੱਦਿਆਂ ਦਾ ਸਿਰਨਾਵਾਂ ਖੁਣਦਾ ਰਿਹਾ ਅਤੇ ਬਾਪ ਦੀ ਹੱਲਾਸ਼ੇਰੀ ਸੁਪਨ-ਪੂਰਤੀ ਲਈ ਪ੍ਰੇਰਦੀ ਰਹੀ।
ਬਾਪ ਦੀਆਂ ਇਹ ਉਂਗਲਾਂ ਭਾਵੇਂ ਕਲਮ ਤੋਂ ਵਿਰਵੀਆਂ ਰਹਿ ਗਈਆਂ, ਪਰ ਕਰਮ ਦੀਆਂ ਧਨੀ, ਕਿਰਤ ਦਾ ਮਾਣ ਅਤੇ ਸੁਚੱਜ ਦਾ ਸਿਖਰ ਉਨ੍ਹਾਂ ਦਾ ਹਾਸਲ ਸੀ। ਇਨ੍ਹਾਂ ਉਂਗਲਾਂ ਨੇ ਸਾਰੇ ਬੱਚਿਆਂ ਨੂੰ ਕਲਮ ਦੇ ਰਾਹੀਂ ਤੋਰਿਆ। ਉਹ ਜਾਣਦੇ ਸਨ ਕਿ ਕਲਮ-ਜੋਤ ਹੀ ਜੀਵਨ-ਨਾਦ ਦਾ ਆਧਾਰ ਏ।
ਇਨ੍ਹਾਂ ਉਂਗਲਾਂ ਰਾਹੀਂ ਜਦ ਹੱਥ ਨੇ ਪਰਾਣੀ ਫੜੀ ਤਾਂ ਹਲ ਨੇ ਬੰਜਰ ਧਰਤ ਨੂੰ ਭਾਗ ਲਾਏ। ਚੋਅ ਸਾਹਮਣੇ ਆਈਆਂ ਢੀਮਾਂ ਨੂੰ ਪਰਾਣੀ ਨਾਲ ਹਟਾ, ਬਲਦਾਂ ਦੀ ਤੋਰ ਨੂੰ ਸੁਖਾਵਾਂ ਬਣਾ, ਹਲ ਵਾਹੁੰਦਿਆਂ ਅੱਡੀਆਂ ਨਾਲ ਢੀਮਾਂ ਵੀ ਫੇਂਹਦਾ ਰਿਹਾ। ਉਹ ਇਕੋ ਵੇਲੇ ਕਈ ਕੰਮ ਕਰਦਾ। ਇਕੱਲਾ ਹੁੰਦਿਆਂ ਵੀ ਬਹੁਲਤਾ ਦਾ ਬਿੰਬ ਬਣ ਮਨੁੱਖੀ ਸਮਰੱਥਾ ਨੂੰ ਨਵੀਆਂ ਤਰਜ਼ੀਹਾਂ ਅਤੇ ਤਰਤੀਬਾਂ ਦੇਣ ਦੇ ਕਾਬਲ ਹੋਇਆ।
ਹਰ ਕੰਮ ਨੂੰ ਤੁੱਛ ਸਮਝਣ ਵਾਲੀਆਂ ਇਹ ਉਂਗਲਾਂ ਹੁਣ ਹਿੱਲਣ ਤੋਂ ਵੀ ਮੁਥਾਜ। ਮੂੰਹ ਵਿਚ ਪਾਈ ਹੋਈ ਨਾਲੀ ਰਾਹੀਂ ਤਰਲ ਖੁਰਾਕ ਵਿਚੋਂ ਜਿਉਣ-ਸ਼ਕਤੀ ਪ੍ਰਾਪਤ ਕਰਨ ਵਾਲੇ ਬਾਪ ਦੀਆਂ ਇਹ ਉਂਗਲਾਂ ਆਪਣੀ ਬੇਲੋੜਤਾ ‘ਤੇ ਝੂਰ ਰਹੀਆਂ। ਜਦ ਉਂਗਲਾਂ ਬੁਰਕੀ ਤੋੜਨ ਤੋਂ ਲਾਚਾਰ ਹੋ ਜਾਣ ਤਾਂ ਮੂੰਹ ਵਿਚ ਬੁਰਕੀ ਪਾਉਣ ਦੀ ਕਿਵੇਂ ਆਸ ਲਾਈ ਜਾ ਸਕਦੀ ਹੈ? ਅਜਿਹੇ ਮੌਕੇ ‘ਤੇ ਬੱਚਿਆਂ ਦੀਆਂ ਉਂਗਲਾਂ, ਬਾਪ ਦੀਆਂ ਉਂਗਲਾਂ ਦਾ ਰੂਪ ਵਟਾ, ਉਸ ਦੀ ਹਰ ਕ੍ਰਿਆ ਦਾ ਸੁਰ ਤਾਲ ਅਤੇ ਸੁਚੱਜ ਦਾ ਸੁੱਚਮ ਹੁੰਦੀਆਂ। ਬੱਚਿਆਂ ਦੀ ਨਿਗਰਾਨੀ ਹੇਠ, ਬਾਪ ਪਿੱਛਲ-ਖੁਰੀ ਤੁਰਨ ਲਈ ਕਾਹਲਾ ਅਤੇ ਮਜ਼ਬੂਰ।
ਬਾਪ ਦੀਆਂ ਉਂਗਲਾਂ ਨੂੰ ਆਪਣੇ ਸੋਹਲ ਹੱਥਾਂ ਵਿਚ ਪਲੋਸਦਾ, ਇਨ੍ਹਾਂ ਦੇ ਖੁਰਦਰੇਪਣ ਵਿਚੋਂ ਉਸ ਮੁਲਾਇਮੀ ਨੂੰ ਚੇਤੇ ਕਰਦਾ ਹਾਂ ਜੋ ਬਾਪ ਆਪਣੇ ਬੱਚਿਆਂ ਅਤੇ ਉਨ੍ਹਾਂ ਦੇ ਬੱਚਿਆਂ ਦੇ ਨਾਂ ਕਰਦਾ ਸੀ। ਉਨ੍ਹਾਂ ਲਈ ਦੁਆਵਾਂ ਕਰਦਾ ਸੀ। ਉਨ੍ਹਾਂ ਦੀਆਂ ਆਸਾਂ ਦੀ ਪੂਰਤੀ ‘ਚੋਂ ਆਪਣੀ ਪੂਰਨਤਾ ਕਿਆਸਦਾ ਸੀ। ਕਈ ਵਾਰ ਬਾਪ ਆਪਣਿਆਂ ਦੀ ਬੇਖੁਦੀ ‘ਤੇ ਤਿਲ ਤਿਲ ਵੀ ਮਰਦਾ ਸੀ। ਉਂਗਲਾਂ ਦਾ ਇਹ ਖੁਰਦਰਾਪਣ, ਅਜਿਹੀ ਇਬਾਦਤ ਜੋ ਕਰਤਾਰੀ ਝਲਕਾਰਾ ਬਣ, ਜੀਵਨ ਰੁਸ਼ਨਾਉਂਦੀ ਅਤੇ ਮਨੁੱਖ ਨੂੰ ਜਿਉਣਾ ਸਿੱਖਾਉਂਦੀ। ਕੰਪਿਊਟਰ ਯੁੱਗ ਦੇ ਵਾਸੀ ਇਸ ਖੁਰਦਰੇਪਣ ਦੀ ਖੁਦਦਾਰੀ ਨੂੰ ਕਿੰਜ ਸਮਝਣਗੇ ਕਿ ਖੁਰਦਰਾਪਣ ਹੀ ਅਕਸਰ ਹੱਥਾਂ ਦੀਆਂ ਲਕੀਰਾਂ ਹੁੰਦੀਆਂ, ਜਿਨ੍ਹਾਂ ਵਿਚੋਂ ਜੀਵਨ ਦੀ ਅਮੀਰੀ ਦ੍ਰਿਸ਼ਟਮਾਨ ਹੁੰਦੀ।
ਉਂਗਲਾਂ ਦਾ ਸਫਰ, ਕੀਰਤੀਆਂ, ਕਾਰਨਾਮਿਆਂ ਅਤੇ ਕਾਮਯਾਬੀਆਂ ਤੋਂ ਬਾਅਦ ਹੁਣ ਕਬਰ ਬਣਨ ਲਈ ਕਾਹਲਾ। ਪਰ ਇਨ੍ਹਾਂ ਦੀ ਮਿਕਨਾਤੀਸੀ ਛੋਹ ਅਤੇ ਅਹਿਸਾਸ, ਜੀਵਨ ਦੀ ਅਨੰਤ ਸੰਭਾਵਨਾ ਅਤੇ ਸਮਰੱਥਾ ਦੀ ਨਿਸ਼ਾਨਦੇਹੀ। ਇਹ ਹੀ ਹੈ ਮੇਰੇ ਜੀਵਨ ਦਾ ਸ਼ਰਫ।
ਬਾਪ ਦੀਆਂ ਇਨ੍ਹਾਂ ਉਂਗਲਾਂ ‘ਚੋਂ ਬੀਤੇ ਦੀਆਂ ਪਰਤਾਂ ਫਰੋਲਦਾ, ਆਪਣੇ ਆਪ ਵਿਚ ਗੁੰਮ, ਹੰਝੂਆਂ ਦੀ ਇਨਾਇਤ, ਬਿਮਾਰ ਬਾਪ ਨੂੰ ਅਕੀਦਤ ਵਜੋਂ ਭੇਟ ਕਰ ਜਦ ਆਈ. ਸੀ. ਯੂ. ਵਿਚੋਂ ਬਾਹਰ ਨਿਕਲਦਾ ਹਾਂ ਤਾਂ ਅੱਖਾਂ ਵਿਚ ਹੰਝੂਆਂ ਦੀ ਨੈਂਅ ਬੇਕਾਬੂ ਹੋ ਕੇ ਯਾਦਾਂ ਨੂੰ ਆਪਣੇ ਵਿਚ ਸਮੇਟਣ ਲਈ ਕਾਹਲੀ। ਪਰ ਹੰਝੂਆਂ ਨੂੰ ਕਿਵੇਂ ਸਮਝਾਵਾਂ ਕਿ ਦਿਲ ‘ਤੇ ਉਕਰੀਆਂ ਯਾਦਾਂ ਆਖਰੀ ਸਾਹ ਤੀਕ ਸਾਥ ਨਿਭਾਉਣ ਦਾ ਧਰਮ ਨਿਭਾਉਂਦੀਆਂ ਨੇ। ਬਾਪ ਦੀ ਬੁਲੰਦੀ ਨੂੰ ਆਪਣੇ ਦੀਦਿਆਂ ਵਿਚ ਪੜ੍ਹਨ ਅਤੇ ਇਨ੍ਹਾਂ ਦੇ ਹਾਣ ਦਾ ਹੋਣ ਦੀ ਤਮੰਨਾ ਵਿਚੋਂ ਜਦ ਤੁਸੀਂ ਜ਼ਿੰਦਗੀ ਨੂੰ ਨਵੇਂ ਅਰਥ ਦੇਣ ਅਤੇ ਇਸ ਦੀ ਤਾਮੀਰਦਾਰੀ ਕਰਨ ਲਈ ਉਦਮ ਦਾ ਸਬੱਬ ਬਣਦੇ ਹੋ ਤਾਂ ਅਚੇਤ ਰੂਪ ਵਿਚ ਤੁਸੀਂ ਬਾਪ ਦੇ ਸਫਰ ਦਾ ਅਗਲਾ ਪੜਾਅ ਹੀ ਹੁੰਦੇ ਹੋ। ਇਸ ਅਗਲੇ ਪੜਾਅ ਲਈ ਮੈਂ ਨਿੱਸਲ ਤੇ ਜਿੰਦਹੀਣ ਹੋਏ ਆਪੇ ਨੂੰ ਸੰਭਾਲਦਾ, ਭਵਿੱਖ ਦੀ ਕੁੱਖ ਵਿਚ ਉਗਮ ਰਹੇ ਸੂਰਜ ਨੂੰ ਨਿਹਾਰਦਾ ਹਾਂ, ਜੋ ਹੌਲੀ ਹੌਲੀ ਬਾਪ ਦਾ ਰੂਪ ਧਾਰ, ਮੇਰੇ ਚੌਫੇਰੇ ਫੈਲ ਜਾਂਦਾ ਹੈ।
ਕਦੇ ਵੀ ਟਿੱਕ ਨਾ ਬਹਿਣ ਵਾਲਾ, ਸਦਾ ਬੇ-ਅਰਾਮਾ ਅਤੇ ਕੁਝ ਨਾ ਕੁਝ ਕਰਦੇ ਰਹਿਣ ਵਾਲਾ ਬਾਪ, ਸਮਾਂ-ਸਾਰਥਕਤਾ ਦਾ ਸੁਗਮ ਸੁਨੇਹਾ, ਅਚਨਚੇਤੀ ਦਿਮਾਗ ਦੀ ਨਾੜੀ ਫਟਣ ਕਾਰਨ ਅਹਿਲ ਪਿਆ ਹੈ। ਉਸ ਵੰਨੀਂ ਦੇਖਦਿਆਂ ਹਰਫ-ਤੜਫਣੀ ਬੇਕਾਬੂ ਹੋ ਕੇ ਵਰਕਿਆਂ ‘ਤੇ ਫੈਲਦੀ ਏ,
ਬਾਪ, ਬੈਡ ‘ਤੇ ਅਹਿਲ ਪਿਆ
ਬੇਸੁਰਤੀ ਤੇ ਬੇ-ਹਰਕਤਾ ‘ਚ ਸਿਮਟੀ
ਉਸ ਦੇ ਮਨ ਦੀ ਇਬਾਰਤ
ਮੇਰੀ ਇਬਾਦਤ ਬਣ ਰਹੀ ਹੈ
ਬੰਦ ਅੱਖਾਂ, ਹੁੰਗਾਰੇ ਰਹਿਤ ਚਿਹਰਾ
ਖਿੱਚ ਕੇ ਲਏ ਜਾ ਰਹੇ ਸਾਹ
ਮੇਰੀ ਪੀੜਾ ਬਣ ਹਰਫਾਂ ਨੂੰ ਸਿੰਮਣ ਲਾਉਂਦੇ
ਮੂਕ-ਵੇਦਨਾ ਦਾ ਵਹਿਣ
ਅਤੇ ਨੈਣਾਂ ‘ਚ ਤਰਦਾ ਖਲਾਅ

ਬੱਚਿਆਂ ਦੀ ਉਂਗਲ ਫੜ ਕੇ
ਮਾਰਗ-ਦਰਸ਼ਨ ਕਰਨ ਵਾਲੇ ਹੱਥ
ਹਿੱਲਣ ਤੋਂ ਮੁਥਾਜ
ਮੰਨਤਾਂ ਪੂਰੀਆਂ ਕਰਨ ਵਾਲੀਆਂ ਹੱਥ ਦੀਆਂ ਲਕੀਰਾਂ
ਮਿਟਣ ਲਈ ਕਾਹਲੀਆਂ
ਇਨ੍ਹਾਂ ‘ਚੋਂ ਉਗੀ ਕਿਸਮਤ ਵੀ
ਬੇਬਸੀ ਦੇ ਆਲਮ ਦਾ ਸ਼ਿਕਾਰ
ਬੋਰੀ ਦਾ ਕਲਾਵਾ ਭਰ ਕੇ ਪਿੱਠ ‘ਤੇ ਧਰ
ਚੁਬਾਰੇ ਦੀਆਂ ਪੌੜੀਆਂ ਉਤਰਨ ਵਾਲਾ ਬਾਪ
ਮੰਜੇ ਤੋਂ ਹੇਠਾਂ ਪੈਰ ਧਰਨ ਲਈ ਲਾਚਾਰ
ਹੁਣ ਤਾਂ ਸਿਰਫ ਮੰਜੇ ਨਾਲ ਮੰਜਾ ਹੈ ਬਾਪ
ਬਾਪ ਦੀਆਂ ਬਾਹਾਂ ਤੇ ਲੱਤਾਂ ਦੀ ਬੇਜੋੜ ਤਾਕਤ
ਦੇ ਗਈ ਹੈ ਬੇਦਾਵਾ
ਉਹ ਸਾਹਾਂ ਦੀ ਧੌਂਕਣੀ ‘ਚੋਂ
ਸਾਹਾਂ ਦੀ ਖਿਸਕਦੀ ਕੰਨੀ ਫੜਨ ਲਈ
ਸਾਹੋ-ਸਾਹੀ ਹੋਇਆ
ਮੇਰੇ ਅੰਤਰੀਵ ਨੂੰ ਛਿੱਲਦਾ ਮੈਨੂੰ ਹਲੂਣਦਾ ਏ,
“ਤੇਰੇ ਲਈ ਛਾਂ ਬਣ ਰਾਹਾਂ ‘ਚੋਂ ਕੰਡੇ ਚੁੱਗ
ਕਾਲੀਆਂ ਰਾਤਾਂ ‘ਚ ਜੁਗਨ-ਜੋਤ ਬਣ
ਰਾਹਾਂ ਦੀ ਨਿਸ਼ਾਨਦੇਹੀ ਕਰਦਾ
ਤੈਨੂੰ ਸੁਪਨਿਆਂ ਦੀ ਸਿਰਜਣਾ,
ਸਫਲਤਾ ਤੇ ਸਲਾਮਤੀ ਦੇ ਮਾਰਗੀਂ ਤੋਰਦਾ ਰਿਹਾ
ਮੇਰੇ ਸੁਪਨੇ ਦਾ ਸੱਚ ਬਣਨ ਵਾਲਿਆ!
ਮੇਰੀ ਪੀੜਾ ਹਰਨ ਦੀ ਦਵਾ ਤਾਂ ਬਣ।”
ਪਰ, ਮੈਂ ਲਾਚਾਰ, ਬੇਬੱਸ, ਹੀਣਾ
ਬਾਪ ਦੀ ਪੈਂਦੇ ਬੈਠਾ
ਦੁਆ ਕਰਨ ਜੋਗਾ ਹੀ ਰਹਿ ਗਿਆ ਹਾਂ
ਮੈਂ ਸਭ ਕੁਝ ਹੁੰਦਿਆਂ ਵੀ
ਕੁਝ ਨਹੀਂ ਕਰ ਸਕਦਾ
ਅਤੇ ਬਾਪ ਕੁਝ ਨਾ ਵੀ ਹੁੰਦਿਆਂ
ਸਭ ਕੁਝ ਕਰਨ ਦੇ ਸਮਰੱਥ ਸੀ
ਬਾਪ ਦੀ ਅਸੀਮ ਸਮਰੱਥਾ
ਮੈਨੂੰ ਮੇਰੀ ਔਕਾਤ ਦਿਖਾ
ਹੀਣ-ਭਾਵਨਾ ਨਾਲ ਭਰ ਗਈ
ਤੇ ਮੈਂ ਮੁਆਫੀ ਮੰਗਦਿਆਂ ਕੂਕਦਾ ਹਾਂ,
“ਐ ਬਾਪ! ਮੁਆਫ ਕਰੀਂ
ਮੇਰੀਆਂ ਕੁਤਾਹੀਆਂ, ਕਮੀਨਗੀਆਂ,
ਕਰਤੂਤਾਂ ਅਤੇ ਕੋਝੀਆਂ ਹਰਕਤਾਂ ਨੂੰ
ਬਖਸ਼ ਦੇਵੀਂ
ਮੇਰੀ ਨਲਾਇਕੀ ਤੇ ਨਾ-ਅਹਿਲੀਅਤ ਨੂੰ
ਗਲਤੀਆਂ, ਗੁਨਾਹਾਂ ਤੇ ਗੈਰ-ਜਿੰਮੇਵਾਰੀਆਂ ਨੂੰ
ਰੋਸਿਆਂ ਅਤੇ ਰੰਜਿਸ਼ਾਂ ਨੂੰ
ਅਸੀਸ ਦੇਵੀਂ ਕਿ ਜੀਵਨ-ਸਫਰ ‘ਤੇ
ਥਿੜਕਣ ਨਾ ਪੈਰ, ਡੋਲੇ ਨਾ ਤਰਲ-ਮਨ
ਸਿਮਟੇ ਨਾ ਸੁਗਮ-ਸੋਚ
ਅਤੇ ਤੇਰੇ ਰਾਹਾਂ ਦੀ ਧੂੜ
ਮੇਰੇ ਧੰਨਭਾਗ ਬਣੀ ਰਹੇ।
ਬਾਪ ਦੇ ਕੋਲ ਬੈਠਾ ਹਰ ਦਮ ਬਾਪ ਵੰਨੀਂ ਦੇਖਦਾ ਰਹਿੰਦਾ ਹਾਂ। ਉਸ ਦੀ ਲਾਚਾਰਗੀ ਦੇਖ ਕੇ ਕਈ ਵਾਰ ਸੋਚਦਾਂ, ਪਤਾ ਨਹੀਂ ਬਾਪ ਕਿਹੜੀ ਸਮਾਧੀ ਵਿਚ ਹੈ? ਮਨ ਬਹੁਤ ਕੁਝ ਸੋਚਦਾ ਹੈ;
ਅੰਤਰੀਵ ‘ਚ ਉਤਰਿਆ ਬਾਪ
ਦੁਨੀਆਂ ਦੇ ਸ਼ੋਰਗੁਲ ਤੋਂ ਦੂਰ
ਮਨ-ਵਹਿਣਾਂ ‘ਚ ਵਹਿੰਦਾ
ਅਚੇਤ ਰੂਪ ‘ਚ ਸੋਚਦਾ ਤਾਂ ਜਰੂਰ ਹੋਵੇਗਾ
ਕਿ ਪਾਪ ਤਾਂ ਕੀਤਾ ਨਹੀਂ, ਪਰ
ਕਿਰਤ-ਕਮਾਈ ਦੀ ਕੀਰਤੀ
ਕਰੁਣਾ ਕਿਉਂ ਬਣ ਗਈ?
ਨੰਗੇ ਪੈਰਾਂ ਦੇ ਸਫਰ ‘ਚ
ਕੰਡੇ ਕਿਉਂ ਉਗ ਆਏ?
ਸੋਚ-ਪਾਕੀਜ਼ਗੀ ਦੀ ਜੂਹੇ
ਗੰਧਲਾਪਣ ਕਿਥੋਂ ਅਇਆ?
ਸਰਬੱਤ ਦੇ ਭਲੇ ਦੀ ਲੋਚਾ
ਖੁਦਗਰਜੀ ਦੀ ਕਾਂਗਿਆਰੀ ਕਿਵੇਂ ਬਣ ਗਈ?
ਚੋਰੀ ਪੱਠੇ ਨਾ ਵੱਢਣ ਵਾਲਾ ਕਰਮ-ਧਰਮ
ਕੂੜ-ਅੰਧਿਆਰ ‘ਚ ਕਿਸ ਨੇ ਲਪੇਟਿਆ?
ਫੁੱਲ-ਪੱਤੀਆਂ ਦੀ ਛੋਹ ‘ਚੋਂ
ਦਰਦ ਕਿਆਸਣ ਵਾਲਾ
ਪੀੜ-ਕੰਡਿਆਂ ‘ਚ
ਕਿਉਂ ਪਰੋਇਆ ਗਿਆ?

ਪੀੜ ਦਾ ਦਰਿਆ ਪੀਂਦਿਆਂ
ਸੋਚਦਾ ਤਾਂ ਜਰੂਰ ਹੋਊ ਕਿ
ਇਹ ਦਰਿਆ ਬਰੇਤਾ ਕਦੋਂ ਬਣੂ?
ਕਦ ਇਸ ਦੇ ਕੰਢਿਆਂ ‘ਚ
ਸੁਖ-ਰੂਪੀ ਅੰਮ੍ਰਿਤਧਾਰਾ ਵਹੇਗੀ?
ਇਸ ਦਰਦ, ਬੇਬਸੀ, ਲਾਚਾਰਗੀ
ਅਤੇ ਨਿਰਭਰਤਾ ਤੋਂ ਕਦ ਮਿਲੇਗੀ ਨਿਜ਼ਾਤ?
ਤੇ ਮਸਤਕ-ਬਨੇਰੇ ‘ਤੇ ਉਤਰੇਗੀ
ਤ੍ਰੇਲ ਭਿਜੀ ਪ੍ਰਭਾਤ?
ਕਦ ਮਿਲੇਗਾ ਪੈਰਾਂ ਨੂੰ ਸਫਰ
ਬਾਹਾਂ ਨੂੰ ਹੁਲਾਰ, ਦੀਦਿਆਂ ਨੂੰ ਦੀਦਾਰ
ਬੁੱਲਾਂ ਨੂੰ ਬੋਲ, ਅਹਿਸਾਸਾਂ ‘ਚ ਕੰਬਣੀ
ਭਾਵਾਂ ‘ਚ ਖੁਸ਼ਬੋ, ਸੁਪਨਿਆਂ ਨੂੰ ਪਰਵਾਜ਼
ਅਤੇ ਗੁੰਮਨਾਮੀ ਨੂੰ ਧਰਵਾਸ?
ਮੁਕੇਗਾ ਕਦ ਇਹ ਕਾਲੀ ਰੁੱਤ ਦਾ ਬਨਵਾਸ?
ਲੋੜਾਂ, ਥੋੜਾਂ ਨੂੰ ਪੁਗਾਉਣ ਤੋਂ ਅਸਮਰਥ
ਕਦ ਮਨਪਸੰਦੀ ਨੂੰ ਜਾਹਰ ਕਰੇਗਾ?
ਬਲਹੀਣਤਾ ‘ਚੋਂ ਉਡਾਣ ਭਰੇਗਾ?
ਅੰਬਰ ਦਾ ਕਲਾਵਾ ਭਰੇਗਾ?
ਅਤੇ ਫਿਰ ਪਹਿਲਾਂ ਵਾਂਗ ਹੀ
ਜੀਵਨ-ਨਿਆਮਤਾਂ ਨੂੰ ਮਾਣਦਾ
ਜ਼ਿੰਦਗੀ ਨੂੰ ਜ਼ਿੰਦਾਬਾਦ ਕਹੇਗਾ।
ਬਾਪ ਕੋਲ ਬੈਠਿਆਂ, ਬਹੁਤ ਕੁਝ ਯਾਦ-ਸਰਵਰ ਵਿਚ ਤਾਰੀਆਂ ਲਾਉਂਦਾ। ਯਾਦਾਂ ਦੇ ਨਿਰੰਤਰ ਪ੍ਰਵਾਹ ਵਿਚ ਜ਼ਿੰਦਗੀ ਨੂੰ ਨਵੀਆਂ ਤਰਕੀਬਾਂ ਅਤੇ ਤਰਜ਼ੀਹਾਂ ਨਾਲ ਨਵੀਨਤਮ ਬੁਲੰਦੀਆਂ ਦੇਣ ਤੋਂ ਪਹਿਲਾਂ ਦੇ ਪਲ, ਬਾਪ ਨਾਲ ਬੀਤੇ ਨਿੱਘੇ ਪਲਾਂ ਦੀ ਪਟਾਰੀ ਹਰਫ ਸਾਧਨਾ ਬਣ ਜਾਂਦੀ;
ਬਾਪ ਦੇ ਸਿਰ੍ਹਾਣੇ ਬੈਠਿਆਂ
ਯਾਦ ਆਉਂਦਾ ਹੈ
ਬਾਪ ਦੀਆਂ ਲੱਤਾਂ ਨਾਲ ਪਾਈ ਕੁਰੰਗੜੀ
ਖੂਹ ਨੂੰ ਜਾਣ ਦੀ ਜਿੱਦ
ਬਾਪ ਦਾ ਲਾਡ ਨਾਲ ਵਰਚਾਉਣਾ
ਅਤੇ ਹੌਲੀ ਜਿਹੇ ਲੱਤਾਂ ਨੂੰ ਛੁਡਾ
ਪੱਠੇ ਲੈਣ ਲਈ ਖੇਤਾਂ ਨੂੰ ਤੁਰ ਜਾਣਾ।

ਚੇਤੇ ਆਉਂਦਾ ਹੈ ਬਾਪ ਦੀ ਉਂਗਲ ਪਕੜਨਾ
ਪਹਿਲਾ ਪੱਬ ਧਰਨਾ
ਤੇ ਪਹਿਲਾ ਸਾਬਤ ਕਦਮ ਧਰਨ ‘ਤੇ
ਖੁਸ਼ੀ ‘ਚ ਮਾਰੀ ਕਿਲਕਾਰੀ
ਅਤੇ ਬਾਪ ਦੇ ਚਿਹਰੇ ਦਾ ਜਲਾਲ

ਸਿਮਰਤੀਆਂ ‘ਚ ਵੱਸਦਾ ਹੈ
ਬਾਪ ਦੀ ਛਾਂ ‘ਚ ਤੁਰਦਿਆਂ
ਪੈੜਾਂ ‘ਤੇ ਪੈਰ ਧਰਨ ਦੀ ਅਧੂਰੀ ਕੋਸ਼ਿਸ਼ ‘ਚ
ਕੋਮਲ ਸਾਹਾਂ ਦਾ ਹਫ ਜਾਣਾ
ਬਾਪ ਦਾ ਰੁਕਣਾ
ਅਤੇ ਨਾਲ ਤੁਰੇ ਆਉਣ ਦੀ ਤਾਕੀਦ ਕਰਨਾ
ਪਰ, ਉਮਰਾਂ ਹੀ ਤਾਂ ਬੀਤ ਜਾਂਦੀਆਂ ਨੇ
ਬਾਪ ਦੀ ਪੈੜ ਬਣਦਿਆਂ।

ਬੜਾ ਚੇਤਾ ਆਉਂਦਾ, ਨਿਕੜੇ ਜਿਹੇ ਪੈਰਾਂ ‘ਚ
ਬਾਪ ਦੀ ਜੁੱਤੀ ਨੂੰ ਅੜਾਉਣਾ
ਤੁਰਨ ਦੀ ਕੋਸ਼ਿਸ਼ ‘ਚ ਡਿੱਗ ਪੈਣਾ
ਬਾਪ ਵਲੋਂ ਮਿੱਟੀ ਝਾੜ
ਦੁਬਾਰਾ ਤੁਰਨ ਦੀ ਹੱਲਾਸ਼ੇਰੀ ਦੇਣਾ
ਪਰ ਸਮਾਂ ਤਾਂ ਲੱਗਦਾ ਹੀ ਹੈ
ਬੇਟੇ ਦੇ ਪੈਰਾਂ ਨੂੰ
ਬਾਪ ਦੀ ਜੁੱਤੀ ਦੇ ਮੇਚ ਆਉਂਦਿਆਂ।

ਕੱਲ ਦੀ ਤਾਂ ਗੱਲ ਹੈ
ਜਦ ਦੁਪਹਿਰ ਨੂੰ ਖੂਹ ‘ਤੇ ਜਾਂਦਿਆਂ
ਧੁੱਦਲ ਉਡਾਉਂਦੇ ਨੂੰ ਝਿੜਕਿਆ ਸੀ
ਤੇ ਗਿੱਲੇ ਪਰਨੇ ਦੀ ਛਾਂ ਕਰਕੇ
ਵਗਦੀ ਲੂਅ ਤੋਂ ਬਚਾਇਆ ਸੀ।

ਯਾਦ ਹੈ, ਬਾਪ ਦਾ ਬਲੂੰਗੜੇ ਜਿਹੇ ਨੂੰ
ਗੱਡੇ ‘ਤੇ ਬਿਠਾਉਣਾ
ਖੂਹ/ਖਰਾਸ ਦੀ ਗਾਡੀ ‘ਤੇ ਬੈਠਾ ਕੇ
ਜੋਗ ਨੂੰ ਹਿੱਕਣ ਲਾਉਣਾ, ਫਲ੍ਹੇ ਵਾਹੁਣਾ
ਅਤੇ ਬਾਪ ਦੇ ਨੈਣਾਂ ਵਿਚ ਸੂਰਜ ਉਗਾਉਣਾ।

ਅੱਜ ਵੀ ਯਾਦ ਹੈ ਬਾਪ ਦਾ ਸਿਖਾਇਆ
ਆੜ੍ਹ ਨੂੰ ਘੜਨਾ, ਖੇਤ-ਖੂੰਜਿਆਂ ਨੂੰ ਗੁੱਡਣਾ
ਤੱਤੇ ਪਾਣੀਆਂ ‘ਚ ਝੋਨਾ ਲਾਉਣਾ
ਰੁੱਖ ਛਾਂਗਣੇ
ਤੂਤ ਦੀਆਂ ਛਿੱਟੀਆਂ ਦੀ ਟੋਕਰੀ ਬਣਾਉਣਾ
ਮੁੰਜ/ਸਨੂਕੜੇ ਦੇ ਰੱਸੇ ਵੱਟਣਾ
ਅਤੇ ਖੇਤੀ ਦੀਆਂ ਬਾਰੀਕੀਆਂ
ਜੋ ਜੀਵਨ-ਖੇਤੀ ਲਈ ਬਹੁਤ ਕਾਰਗਰ ਰਹੀਆਂ।

ਯਾਦ ਹੀ ਤਾਂ ਹੈ, ਬਾਪ ਨਾਲ ਕੱਦ ਮੇਚਦਿਆਂ
ਉਸ ਦੇ ਦੀਦਿਆਂ ‘ਚ ਛਲਕਦੀ
ਅਸੀਮਤ ਖੁਸ਼ੀ ਨੂੰ ਨਿਹਾਰਨਾ
ਔਲਾਦ ਦੀ ਖੁਸ਼ੀ ਲਈ
ਬਾਪ ਦਾ ਆਪਾ ਵਾਰਨਾ
ਅਤੇ ਬੱਚਿਆਂ ਦੀਆਂ ਬਲਾਵਾਂ ਉਤਾਰਨਾ।

ਯਾਦਾਂ ਦੀ ਬੀਹੀ ‘ਚ ਘੁੰਮਦਿਆਂ ਵੀ
ਹਰ ਵੇਲੇ ਧਿਆਨ
ਬਾਪ ਦੀ ਸਾਹ ਵਰੋਲਦੀ
ਜਿੰਦ ਦੁਆਲੇ ਹੀ ਰਹਿੰਦਾ
ਜੋ ਜ਼ਿੰਦਗੀ ਭਰ, ਹਰ ਮੈਦਾਨ ਜਿੱਤਦਾ ਰਿਹਾ
ਮੈਨੂੰ ਯਕੀਨ ਹੈ ਕਿ
ਉਸ ਨੇ ਮੌਤ ਨੂੰ ਹਰਾ ਕੇ
ਜੀਵਨ ਦੀ ਬਾਜ਼ੀ
ਆਖਰ ਨੂੰ ਜਿੱਤਣੀ ਹੀ ਹੈ।
ਬਾਪ ਦਾ ਚਿਹਰਾ ਨਿਹਾਰਦਾ ਰਹਿੰਦਾ ਹਾਂ ਅਤੇ ਉਸ ਦੇ ਭਾਵਨਾਵਾਂ ਰਹਿਤ ਚਿਹਰੇ ‘ਤੇ ਕਦੇ ਕਦਾਈਂ ਭਾਵਨਾਵਾਂ ਦੀ ਕਰੁੰਬਲ ਫੁੱਟਦੀ ਏ। ਇਸ ਕਰੁੰਬਲ ਵਿਚੋਂ ਹੀ ਹਰਫਾਂ ਨੂੰ ਆਪਣੀ ਨਿਗੂਣਤਾ ਦਾ ਅਹਿਸਾਸ ਹੋਰ ਵੀ ਸ਼ਿਦਤ ਨਾਲ ਮਹਿਸੂਸ ਹੁੰਦਾ,
ਕਦੇ ਕਦਾਈਂ ਬਾਪ ਦੀ ਅੱਖ ਸਿੰਮਦੀ
ਹੱਥ ‘ਚ ਫੜਿਆ ਉਸ ਦਾ ਸੱਜਾ ਹੱਥ
ਹਰਕਤ ਵਿਚ ਆਉਂਦਾ
ਛੋਹ ਦਾ ਅਹਿਸਾਸ ਉਪਜਾਉਂਦਾ
ਮਨ-ਰੂਹ ‘ਚ ਕੰਬਣੀ ਪੈਦਾ ਕਰਦਾ
ਪਤਾ ਨਹੀਂ
ਉਹ ਅਚੇਤ/ਸੁਚੇਤ ਰੂਪ ਵਿਚ ਕੀ ਸੋਚਦਾ
ਆਪਣੇ ਬਾਰੇ, ਆਰ-ਪਰਿਵਾਰ ਬਾਰੇ
ਜਾਂ ਭਰਮ-ਭੁਲੇਖੇ ‘ਚ ਉਲਝੇ ਸੰਸਾਰ ਬਾਰੇ
ਅਚਿੰਤੇ ਪਈ ਦੁੱਖਾਂ ਦੀ ਮਾਰ ਬਾਰੇ
ਆਪਣੀ ਬੇ-ਹਰਕਤ ਖੱਬੀ ਬਾਂਹ ਤੇ ਲੱਤ ਬਾਰੇ
ਜਾਂ ਨੱਕ ‘ਚ ਪਾਈ ਅੱਖਰਦੀ ਨਾਲੀ ਬਾਰੇ
ਬਾਂਹ ‘ਤੇ ਲੱਗੀ ਸਰਿੰਜ ਬਾਰੇ
ਸੂਈਆਂ ਨਾਲ ਵਿੰਨੀਆਂ ਬਾਹਾਂ ਬਾਰੇ
ਉਂਗਲਾਂ ਬੰਨ੍ਹ ਕੇ
ਹਿੱਲਣੋਂ ਹੀਣੀ ਕੀਤੀ ਸੱਜੀ ਬਾਂਹ ਬਾਰੇ
ਮੀਲਾਂ ਬੱਧੀ ਸਾਈਕਲ ਚਲਾ ਕੇ ਵੀ
ਅਣਥੱਕ ਰਹਿਣ ਵਾਲੀਆਂ
ਨਿਸਲ ਹੋ ਗਈਆਂ ਨਿੱਗਰ ਲੱਤਾਂ ਬਾਰੇ
ਜਿਨ੍ਹਾਂ ਲਈ ਕੋਹਾਂ ਦਾ ਪੈਂਡਾ
ਘੜੀ ਕੁ ਦਾ ਹੀ ਹੁੰਦਾ ਸੀ।

ਮਨ ਵਿਚ ਪਤਾ ਨਹੀਂ ਕੀ ਆਉਂਦਾ ਹੋਊ
ਧੀਆਂ ਵਰਗੀਆਂ ਨੂੰਹਾਂ ਬਾਰੇ
ਪੁੱਤਾਂ ਵਰਗੇ ਨਾਮ ਲੈ ਕੇ ਬੁਲਾਉਣ ਵਾਲੀਆਂ ਪੋਤੀਆਂ ਬਾਰੇ
ਪੁੱਤਰਾਂ ਦੀ ਪ੍ਰਤੀਬੱਧਤਾ ਬਾਰੇ
ਸੁਖੀ ਵੱਸਦੇ ਪਰਿਵਾਰ ਦੀ ਸ਼ੁਕਰਗੁਜਾਰੀ ਬਾਰੇ
ਆਪਣੇ ਲੰਮੇਰੇ ਜੀਵਨ ਦੀ ਭਰਪੂਰਤਾ ਬਾਰੇ
ਸਰਬ-ਸੁਖਨ ਪ੍ਰਾਪਤੀ ਬਾਰੇ
ਰੱਬ ਦੇ ਦਰ ਨਤਮਸਤਕ ਹੋਣ ਤੋਂ ਖੁੰਝਣ ਬਾਰੇ
ਲਵੇਰੀ ਗਾਂ ਦੇ ਪੱਠੇ ਤੇ ਪਾਣੀ ਬਾਰੇ
ਬੀਜੇ ਹੋਏ ਗੰਢੇ ਤੇ ਲਸਣ ਬਾਰੇ
ਜਾਂ ਹਵੇਲੀ ‘ਚ ਪਾਣੀ ਖੁਣੋਂ ਸੁੱਕ ਰਹੀ ਸਬਜ਼ੀ ਬਾਰੇ।

ਪਤਾ ਨਹੀਂ, ਉਹ ਕੀ ਤੋਂ ਕੀ ਸੋਚਦਾ
ਕਿਹੜੇ ਅੰਬਰ ਤੇ ਪਤਾਲ ਗਾਹ ਆਉਂਦਾ ਹੋਵੇਗਾ
ਮੈਂ ਤਾਂ ਸਿਰਫ ਅੱਖਾਂ ਵਿਚ ਤਰਲਤਾ
ਅਤੇ ਉਸ ਦੇ ਹੱਥਾਂ ਵਿਚਲੀ ਅਸਾਵੀਂ ਹਰਕਤ ‘ਚੋਂ
ਕਿਆਸ ਹੀ ਲਾਉਣ ਜੋਗਾ ਹਾਂ
ਮਨ ਦੀਆਂ ਅਸੀਮਤ ਪਰਤਾਂ
ਇਨ੍ਹਾਂ ਪਰਤਾਂ ਦੀ ਨਿਸ਼ਾਨਦੇਹੀ ਕਿੰਜ ਕਰਾਂ?
ਖਾਸ ਕਰਕੇ ਜਦ ਇਹ ਬੇਸੁੱਧ ਬਾਪ ਦੇ ਮਨ ਦੀਆਂ ਪਰਤਾਂ ਹੋਣ। ਸਾਹ ਹੀ ਚੱਲ ਰਹੇ ਨੇ। ਬਾਪ ਨੂੰ ਨਹੀਂ ਪਤਾ ਕਿ ਮੇਰਾ ਪਰਦੇਸੀ ਪੁੱਤ, ਨੂੰਹ, ਧੀ ਅਤੇ ਪਲੇਠੀ ਪੋਤੀ ਉਡ ਕੇ ਪ੍ਰਦੇਸ ਤੋਂ ਪਹੁੰਚ ਗਏ ਨੇ। ਅੱਖਾਂ ਨਹੀਂ ਖੋਲ੍ਹਦਾ। ਫਿਰ ਕੌਣ ਪਛਾਣੇ ਤੇ ਕਿਹੜਾ ਹੁੰਗਾਰਾ ਦੇਵੇ? ਜਿਸ ਆਸ ਵਿਚ ਪਰਦੇਸ ਦਾ ਸਫਰ ਸਦੀਆਂ ਲੰਮੇਰਾ ਹੋ ਗਿਆ ਸੀ, ਉਸ ਸਫਰ ਦੀ ਥਕਾਨ ਮਣਾਂ-ਮੂੰਹੀਂ ਹੋ ਗਈ ਪਰ ਬਾਪ ਦਾ ਜੀਅ ਭਰ ਕੇ ਆਪਣੀ ਔਲਾਦ ਨੂੰ ਨਿਹਾਰਨਾ ਵੀ ਨਸੀਬ ਨਾ ਹੋਇਆ। ਹਰਫ, ਸਿਸਕੀਆਂ ਬਣ ਕੇ ਕਾਗਜ ਨੂੰ ਭਿਉਣ ਲੱਗੇ,
ਨਬਜ਼ ਦਾ ਚਲਣਾ
ਸਾਹਾਂ ਦਾ ਨਿਰੰਤਰ ਆਣਾ-ਜਾਣਾ
ਨੱਕ ਰਾਹੀਂ ਜਾਂਦੀ ਤਰਲ ਖੁਰਾਕ
ਗੁਲੂਕੋਜ਼. ਦੀ ਤਿੱਪ ਤਿੱਪ
ਸੱਜੇ ਹੱਥ ਦਾ ਹਿੱਲਣਾ
ਕਦੇ ਕਦਾਈਂ ਅੱਖ ਦਾ ਝਪਕਣਾ
ਜੀਵਨ ਨਹੀਂ ਹੁੰਦਾ।

ਜੀਵਨ ‘ਚ ਤਾਂ ਸਾਹ ਧੜਕਦੇ ਨੇ
ਅੱਖਾਂ ਸੁਪਨੇ ਲੈਂਦੀਆਂ
ਬਾਤਾਂ ਪਾਈਆਂ ਜਾਂਦੀਆਂ
ਹਾਕ ਤੇ ਹੁੰਗਾਰਾ ਸੁਣਦੇ
ਸਾਹਮਣਿਆਂ ਦੇ ਬਿੰਬ
ਅੰਤਰੀਵ ‘ਚ ਉਤਰਦੇ
ਬੋਲਾਂ ਨਾਲ ਹਵਾ ਰੁਮਕਦੀ
ਹਰਫ ਪਰਵਾਜ਼ ਭਰਦੇ
ਲਫਜ਼ਾਂ ਵਿਚ ਮਿਠਾਸ ਘੁਲਦੀ
ਦਿਲ ਦੀਆਂ ਗੱਲਾਂ ਸਾਂਝੀਆਂ ਹੁੰਦੀਆਂ
ਅਤੇ ਰੂਹ-ਰੱਜ ਨੂੰ
ਨਵੀਂ ਦਸ਼ਾ ਤੇ ਦਿਸ਼ਾ ਮਿਲਦੀ।

ਜਾਗਦੀ ਜਿੰਦ ‘ਚ
ਜਿੰ.ਦਗੀ ਦੇ ਅਰਥਾਂ ਦੀ ਨਿਸ਼ਾਨਦੇਹੀ
ਹੋਠਾਂ ‘ਚ ਬੋਲ-ਪੁੰਗਾਰੇ
ਜਿਨ੍ਹਾਂ ਦੀ ਕੋਮਲ ਛੋਹ ਬਣਦੀ
ਜੀਵਨੀ-ਕੋਮਲਤਾ ਦੀ ਧਰਾਤਲ
ਹੱਥ-ਕੁਰੰਗੜੀ
ਰਿਸ਼ਤਿਆਂ ਦੀ ਪਕੜ
ਸਬੰਧ-ਸਦੀਵਤਾ
ਤੇ ਸਪਰਸ਼-ਸੰਗੀਤ
ਸਾਹਾਂ ਨੂੰ ਸਮਤੋਰ ਬਖਸ਼
ਜੀਵਨ-ਮੀਰੀ ਦਾ ਗੁਣ ਬਣਦੇ
ਹੱਥ ਫੜ ਕੇ ਤੁਰਨ ਦੀ ਜਾਚ
ਅਦਾ-ਅਦਾਇਗੀ ਬਣਦੀ
ਹੱਥ, ਹੱਥਾਂ ਨਾਲ ਮਿਲ ਕੇ
ਹਲੀਮੀ ਤੇ ਅਸੀਸ ਦਿੰਦੇ
ਅਰਦਾਸ ਕਰਦੇ
ਤੇ ਊਣੀ ਜ਼ਿੰਦਗੀ ‘ਚ ਧਰਵਾਸ ਧਰਦੇ।

ਹੱਥ ‘ਚੋਂ ਹੱਥ ਛੁਟਦਾ ਤਾਂ
ਜੀਵਨ-ਨੀਰਸਤਾ, ਵਿਛੋੜਾ-ਵਿਗੋਚਾ
ਵਕਤ ਨੂੰ ਵਖਤ ਬਣਾਉਂਦਾ
ਜੀਵਨ ਤਾਂ ਹੁੰਦਾ, ਭਾਵਾਂ ਦਾ ਤੇਜ-ਤੱਪ
ਅਹਿਸਾਸਾਂ ਦੀ ਅਰਾਧਨਾ
ਪਿਆਰ-ਗੁਲਜ਼ਾਰ, ਮੋਹ-ਅੰਜ਼ਾਨ
ਜੋ ਆਲੇ-ਦੁਆਲੇ ‘ਚ ਤਾਰੀ ਹੋ
ਸਾਹਾਂ ਨੂੰ ਔਤਰ ਜਾਣ ਤੋਂ ਹੋੜਦੀ।

ਜਿੰ.ਦਗੀ ਦੀ ਖੂਬਸੂਰਤੀ
ਖੂਬਸੂਰਤ ਜੀਣ-ਥੀਣ ‘ਚ ਹੁੰਦੀ
ਜੋ ਬਾਪ ਕੋਲੋਂ ਰੁੱਸ ਕੇ
ਕਰੂਪਤਾ ਦਾ ਕਹਿਰ ਬਣ ਚੁਕੀ ਏ
ਇਹ ਜਿਉਣਾ, ਜਿਉਣਾ ਨਹੀਂ
ਸਾਹ-ਸੰਤਾਪ ਹੁੰਦਾ।

ਬਾਪ, ਅਜਿਹਾ ਤਾਂ ਨਹੀਂ ਸੀ ਜਿਉਣਾ ਚਾਹੁੰਦਾ
ਜਿਸ ਤਰ੍ਹਾਂ ਦਾ ਅੱਜ
ਜਿਉਣ ਲਈ ਮਜਬੂਰ ਏ।

ਐ ਖੁਦਾ! ਬਾਪ ਦੀ ਪੀੜਾਂ ਸਾਹਵੇਂ
ਪੁੱਤ ਦੀ ਬੇਬੱਸੀ ਨੂੰ ਅਰਥਹੀਣ ਨਾ ਕਰ।

ਜੀਅ ਕਰਦਾ ਕੁਝ ਤਾਂ ਅਜਿਹਾ ਕਰਾਂ
ਬਾਪ ਦੇ ਅਹਿਸਾਨਾਂ ਦਾ ਕਰਜ਼ ਉਤਾਰਾਂ
ਉਸ ਦੀਆਂ ਦੁਆਵਾਂ ਦਾ ਮੁੱਲ ਮੋੜਾਂ
ਉਸ ਦੇ ਹਿੱਸੇ ਦਾ ਪੀੜ-ਸਾਗਰ ਪੀਵਾਂ
ਅਤੇ ਉਸ ਦੀ ਤਲੀ ‘ਤੇ
ਸੁੱਚੇ ਸਾਹਾਂ ਦੀ ਰੁਮਕਣੀ ਧਰਾਂ।

ਪਰ, ਮੈਂ ਬੇਬੱਸ, ਬੇਸੁੱਧ ਪਏ
ਬਾਪ ਦੇ ਸਾਹਾਂ ਦੀ ਗਿਣਤੀ ਕਰਦਾ
ਆਪਣੇ ਸਾਹ ਵੀ ਭੁੱਲਣ ਲੱਗ ਪਿਆਂ।

ਸੱਚੀਂ! ਕਿੰਨਾ ਨਿਕੰਮਾ ਤੇ ਅਰਥਹੀਣ ਹਾਂ
ਬਾਪ ਕੋਲ ਬੈਠਾ ਮੈਂ।
ਮੇਰੇ ਲਈ ਬਹੁਤ ਔਖਾ ਹੈ, ਬਾਪ ਦੀ ਅੱਖ ਖੁੱਲ੍ਹਣ ਤੇ ਬੋਲਣ ਲਈ ਉਸ ਦੇ ਮੂੰਹ ਵਿਚੋਂ ਹੁੰਦੀ ਹਰਕਤ ਨੂੰ ਉਲਥਾਉਣਾ। ਕਿਹੜੇ ਬੋਲਾਂ ਕਿਆਸਾਂ, ਕਿਹੜੀਆਂ ਬੰਨਾਂ ਧਰਵਾਸਾਂ ਅਤੇ ਡਿਗਦੇ ਮਨ ਨੂੰ ਕਿਹੜੀਆ ਬੰਨ੍ਹਾਵਾਂ ਆਸਾਂ ਕਿ ਬਾਪ ਦੀ ਸਿਹਤਮੰਦੀ ਦਾ ਸੱਚ, ਮੇਰੀ ਸੋਚ ਦਾ ਹਾਸਲ ਬਣ ਜਾਵੇ। ਪਰ ਭਵਿੱਖੀ ਡਰ ਪ੍ਰਤੱਖ ਨਜ਼ਰ ਆਉਂਦਾ ਹੈ। ਅੱਖਾਂ ਦੀਆਂ ਪਲਕਾਂ ਦਾ ਹਿੱਲਣਾ, ਮੇਰੇ ਮਨ ਵਿਚ ਘਬਰਾਹਟ ਪੈਦਾ ਕਰਦਾ ਕਿ ਉਹ ਕੀ ਦੇਖਣਾ ਚਾਹੁੰਦਾ ਏ? ਉਸ ਦੀਆਂ ਅੱਖਾਂ ਵਿਚ ਕਿਹੜੇ ਬਿੰਬਾਂ ਨੂੰ ਵਾਰ ਵਾਰ ਦੇਖਣ ਦੀ ਤਮੰਨਾ ਏ?
ਬਹੁਤ ਕੋਸ਼ਿਸ਼ ਕਰਦਾ ਹਾਂ ਬਾਪ ਦੀ ਮਾਨਸਿਕਤਾ ਪੜ੍ਹਨ ਦੀ। ਪਰ ਜਦ ਕਦੇ-ਕਦਾਈਂ ਉਸ ਦੀ ਅੱਖ ਸਿੰਮਦੀ ਹੈ ਤਾਂ ਬਾਪ ਦੇ ਮਨ ਵਿਚ ਪੈਦਾ ਹੋਈ ਭਾਵੁਕਤਾ ਮੇਰੇ ਦੀਦਿਆਂ ਨੂੰ ਸਿਸਕਣ ਲਾ ਦਿੰਦੀ ਹੈ। ਪਤਾ ਨਹੀਂ ਬਾਪ ਦੇ ਮਨ ਵਿਚ ਕੀ ਆਇਆ ਹੋਵੇਗਾ ਕਿ ਉਹ ਬੇ-ਹਰਕਤ ਤੇ ਬੇ-ਜੁਬਾਨ, ਅੱਥਰੂਆਂ ਰਾਹੀਂ ਆਪਣੀ ਵੇਦਨਾ ਪ੍ਰਗਟਾ ਰਿਹਾ ਏ ਅਤੇ ਇਹ ਵੇਦਨਾ ਮੇਰੇ ਮਨ ਨੂੰ ਪਿਘਲਾਉਂਦੀ, ਜਿਸਮ ਨੂੰ ਤਰਲ ਕਰਦੀ ਏ। ਤ੍ਰਾਸਦੀ ਦਾ ਸਾਹਮਣਾ ਕਰਦਿਆਂ, ਬਹੁਤ ਹੀ ਬੇਬੱਸ ਤੇ ਕਰਮਹੀਣ ਹੈ ਕਿਉਂਕਿ ਕੁਦਰਤ ਅੱਗੇ ਕਿਸੇ ਦਾ ਜੋ.ਰ ਨਹੀਂ। ਸਿਰਫ ਬੇਬਸੀ ਵਿਚ ਆਪਣੇ ਆਪ ਨੂੰ ਕੋਸਦਾ, ਕੁਝ ਚੰਗੇਰਾ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਰਾਤ-ਦਿਨ ਬਾਪ ਦੀ ਤੰਦਰੁਸਤੀ ਦੀ ਆਸ ਨੂੰ ਬੇਆਸ ਹੋਣ ਤੋਂ ਬਚਾਈ ਰੱਖਦਾ ਹਾਂ। ਦੇਖੋ! ਇਹ ਆਸ ਪੂਰੀ ਕਦੋਂ ਹੁੰਦੀ ਆ ਜਾਂ ਨਹੀਂ।
(ਚਲਦਾ)